ਅਮਰਜੀਤ ਸਿੰਘ ਮਾਨ
ਜਦੋਂ ਮਾਸੀ ਦਾ ਫੋਨ ਸੁਣਿਆ ਮੈਂ ਸੁੰਨ ਹੋ ਗਿਆ। ਗੱਲ ਪੂਰੀ ਵੀ ਨਹੀਂ ਸੁਣੀ ਗਈ। ਅੱਖਾਂ ਅੱਗੇ ਹਨੇਰਾ ਆਉਣ ਲੱਗ ਪਿਆ ਜਿਵੇਂ ਚੱਕਰ ਆ ਰਿਹਾ ਹੋਵੇ। ਕੰਨ ਨਾਲੋਂ ਮੋਬਾਈਲ ਪਾਸੇ ਕਰਦਿਆਂ ਕਾਹਲੀ ਨਾਲ ਕੰਧ ਨੂੰ ਹੱਥ ਪੈ ਗਿਆ ਅਤੇ ਡਿੱਗਣ ਤੋਂ ਬਚਾਅ ਹੋ ਗਿਆ।
ਡੈਡੀ ਨੂੰ ਗੱਲ ਪਤਾ ਲੱਗੀ। ਉਹ ਹਰਖਦਿਆਂ ਬੋਲਿਆ ਸੀ, ‘‘ਲੈ’ਲੋ ਜਹਾਜੀਂ ਝੂਟੇ… ਹੋਰ ਕਰੋ ਮਨਮਾਨੀਆਂ… ਉਦੋਂ ਤਾਂ ਦੋਏ ਮਾਂ-ਪੁੱਤ ਇੱਕੋ ਲੱਤ ’ਤੇ ਗਏ… ਅਖੇ…।’’ ਉਸ ਤੋਂ ਗੱਲ ਪੂਰੀ ਨਾ ਹੋਈ। ਹੋਰ ਕੁਝ ਉਸ ਤੋਂ ਬੋਲਿਆ ਹੀ ਨਾ ਗਿਆ।
ਮੰਮੀ ਕੋਲ ਕੋਈ ਜਵਾਬ ਨਹੀਂ ਸੀ। ਕੁਰਸੀ ’ਤੇ ਬੈਠੀ ਨੇ ਵੀ ਹੇਠਾਂ-ਉੱਤੇ ਕਰਕੇ ਦੋਵੇਂ ਹੱਥਾਂ ਨਾਲ ਢਿੱਡ ਫੜ੍ਹ ਰੱਖਿਆ ਸੀ। ਉਹਦਾ ਵਿਚਾਰੀ ਦਾ ਕੀ ਕਸੂਰ ਸੀ। ਮੇਰੇ ਮਗਰ ਲੱਗ ਕੇ ਪੁੱਤਰ ਮੋਹ ’ਚ ਫਸੀ ਹੋਈ ਨੇ ਡੈਡੀ ਦੀ ਇੱਕ ਨਹੀਂ ਚੱਲਣ ਦਿੱਤੀ ਸੀ।
ਅੱਜ ਮੈਨੂੰ ਲੱਗ ਰਿਹਾ ਸੀ ਜਿਵੇਂ ਸਾਰਾ ਕਸੂਰ ਮੇਰਾ ਹੀ ਹੋਵੇ। ਹੋਵੇ ਕੀ… ਕਸੂਰ ਮੇਰਾ ਹੀ ਸੀ। ਮੈਂ ਹੀ ਜ਼ਿਆਦਾ ਜ਼ਿੱਦ ਕੀਤੀ ਸੀ।
…ਮੈੈਂ ਬਾਰ੍ਹਵੀਂ ਕਰਨ ਤੋਂ ਬਾਅਦ ਕਾਲਜ ਦਾਖ਼ਲਾ ਲੈ ਲਿਆ ਸੀ। ਮੰਮੀ ਡੈਡੀ ਸ਼ਹਿਰ ਦੇ ਚੰਗੇ ਕਾਲਜ ’ਚ ਦਾਖ਼ਲਾ ਮਿਲ ਜਾਣ ’ਤੇ ਪੂਰੇ ਖ਼ੁਸ਼ ਸਨ। ਬੀ.ਏ. ਦਾ ਪਹਿਲਾ ਸਮੈਸਟਰ ਚਾਈਂ-ਚਾਈਂ ਪੂਰਾ ਹੋ ਗਿਆ ਸੀ। ਨੰਬਰ ਵੀ ਠੀਕ-ਠਾਕ ਆ ਗਏ ਸੀ। ਦੂਜੇ ਸਮੈਸਟਰ ਵੇਲੇ ਨਾਲ ਪੜ੍ਹਦੇ ਕਈ ਮੁੰਡੇ ਬੀ.ਏ. ਛੱਡ ਆਈਲੈਟਸ ਕਰਨ ਲੱਗ ਪਏ ਸਨ। ਇੱਕ ਵਾਰ ਕਾਲਜ ਆਏ ਤਾਂ ਕੰਟੀਨ ’ਤੇ ਬੈਠਿਆਂ ਆਈਲੈਟਸ ਅਤੇ ਬੀ.ਏ. ਦੀਆਂ ਗੱਲਾਂ ਚੱਲ ਪਈਆਂ।
‘‘ਐਥੇ ਕੀ ਐ ਯਾਰ… ਆਈਲਸ ਕਰਕੇ ਕੈਨੇਡਾ ਜਾਵਾਂਗੇ… ਵਧੀਆ ਸ਼ੁੱਧ ਵਾਤਾਵਰਨ… ਚੰਗਾ ਸਿਸਟਮ… ਕੰਮ ਦੀ ਕਦਰ ਅਤੇ ਮਿਹਨਤ ਦਾ ਪੂਰਾ ਮੁੱਲ।’’ ਬੰਟੀ ਬੋਲਿਆ ਸੀ।
ਜਦੋਂ ਉਸ ਨੇ ਕਨੇਡਾ ਦੀ ਥਾਂ ‘ਕੈਨੇਡਾ’ ਕਿਹਾ ਸੀ ਤਾਂ ਮੈਂ ਉਸ ਦੇ ਮੂੰਹ ਵੱਲ ਵੇਖਦਾ ਹੀ ਰਹਿ ਗਿਆ ਅਤੇ ਆਪਣੇ ਮਨ ਹੀ ਮਨ ਉਸ ਵਾਂਗ ‘ਕੈਨੇਡਾ’ ਕਹਿਣ ਦੀ ਕੋਸ਼ਿਸ਼ ਕੀਤੀ ਸੀ।
‘‘ਬੱਸ ’ਕੇਰਾਂ ਬੈਂਡ ਸਿਕਸ ਪੱਲਸ ਆ ਜਾਣ… ਜਹਾਜ਼ ਜਾ ਫੜ੍ਹਨੈਂ ਬਰੈਂਪਟਨ ਜਾਂ ਟੋਰੰਟੋ ਦਾ।’’ ਬੰਟੀ ਨੇ ਹੱਥ ਦਾ ਜਹਾਜ਼ ਬਣਾ ‘‘ਛੂੰਅ…ਅ…ਅ…’’ ਕਹਿੰਦਿਆਂ ਉਸ ਦੀ ਤਾਈਦ ਕਰ ਦਿੱਤੀ ਸੀ।
‘‘ਆਪਾਂ ਤਾਂ ਬਾਈ ’ਕੇਰਾਂ ਐਥੇ ਈ ਬੀ.ਏ. ਕਰਾਂਗੇ… ’ਗਾਹਾਂ ਦਾ ਫੇਰ ਸੋਚਿਆ ਜਾਊ,’’ ਮਨਦੀਪ ਕੱਪ ’ਚੋਂ ਚਾਹ ਦੀ ਚੁਸਕੀ ਭਰਦਾ ਬੋਲਿਆ ਸੀ।
‘‘ਐਥੋਂ ਆਲੀ ਬੀ.ਏ. ਦਾ ਕੀ ਫੈਦਾ… ਬੰਟੀ ਦੱਸੀਂ ਇਨ੍ਹਾਂ ਨੂੰ।’’ ਇਹ ਕਹਿ ਕੇ ਮੁਸਕਰਾਉਂਦਿਆਂ ਬਿੱਟੂ ਨੇ ਪਲੇਟ ਵਿੱਚ ਪਏ ਬਰੈੱਡ ਨਾਲੋਂ ਇੱਕ ਪੀਸ ਤੋੜ ਲਿਆ ਸੀ।
‘‘ਊਂਅ… ਹਾਂ… ਬੀ.ਏ. ਦਾ ਫ਼ਾਇਦਾ…’’ ਪੁੜਪੜੀ ’ਤੇ ਉਂਗਲ ਰੱਖ ਕੇ ਸੋਚਣ ਦੀ ਕੋਸ਼ਿਸ਼ ਕਰਨ ਦੀ ਐਕਟਿੰਗ ਕਰਦਾ ਉਹ ਬੋਲਿਆ, ‘‘ਬਈ ਜਿਵੇਂ ਬੰਦੇ ਦੇ ਮਰਨ ਤੋਂ ਬਾਅਦ ਅਰਦਾਸ ਕਰਨ ਨਾਲ ਆਤਮਾ ਨੂੰ ਸ਼ਾਂਤੀ ਮਿਲ ਜਾਂਦੀ ਐ… ਬੱਸ ਓਵੇਂ ਬਾਰ੍ਹਵੀਂ ਕਰਨ ਮਗਰੋਂ ਬੀ.ਏ. ਕਰਨ ਨਾਲ ਮਨ ਨੂੰ ਸ਼ਾਂਤੀ ’ਜੀ ਮਿਲ ਜਾਂਦੀ ਐ।’’ ਬੰਟੀ ਦੇ ਛਲਕੇ ਹਾਸੇ ਨਾਲ ਸਾਰਿਆਂ ਦੇ ਕੱਪਾਂ ਵਿਚਲੀ ਚਾਹ ਵੀ ਛਲਕ ਪਈ ਸੀ।
ਬੰਟੀ ਦੇ ਸੁਣਾਏ ਚੁਟਕਲੇ ਵਾਲੀ ਚਿੱਪ ਮੇਰੇ ਦਿਮਾਗ਼ ਵਿੱਚ ਫਿੱਟ ਹੋ ਗਈ ਸੀ। ਇਹੀ ਕੁਝ ਮੈਂ ਘਰੇ ਜਾ ਕੇ ਮੰਮੀ ਨੂੰ ਸੁਣਾ ਦਿੱਤਾ ਸੀ।
‘‘ਹਾਏ… ਹਾਏ… ਨਾ ਮੇਰਾ ਪੁੱਤ… ਐਥੇ ਆਪਣੇ ਕੋਲ ਕੀ ਘਾਟ ਐ? ਸੁੱਖ ਨਾਲ ਸਾਰਾ ਕੁਸ਼ ਐ ਰੱਬ ਦਾ ਦਿੱਤਾ ਹੋਇਆ। ਹੈਂਅ?’’ ਮੰਮੀ ਮੈਨੂੰ ਮੋਢਿਆਂ ਤੋਂ ਘੁੱਟ ਕੇ ਫੜ੍ਹਦੀ ਜਿਵੇਂ ਕੁਰਲਾ ਉੱਠੀ ਸੀ।
ਤੇ ਮੈਂ ਜ਼ਿੱਦ ਵਿੱਚ ਆ ਕੇ ਆਥਣ ਵਾਲੇ ਖਾਣੇ ਦੇ ਥਾਲ ਨੂੰ ਛੂਹਿਆ ਤੱਕ ਨਹੀਂ ਸੀ।
ਤੇ ਦੂਜੇ ਦਿਨ ਸਵੇਰ ਵਾਲੀ ਰੋਟੀ ਮਾਂ ਨੇ ਮੇਰੀ ਹਮਾਇਤ ’ਚ ਜ਼ਿੱਦ ਕਰਕੇ ਪਕਾਈ ਹੀ ਨਹੀਂ ਸੀ।
ਅੱਕ ਚੱਬਣਾ ਸੌਖਾ ਨਹੀਂ ਹੁੰਦਾ। ਪਰ ਮੇਰੀ ਤੇ ਮੰਮੀ ਦੀ ਜ਼ਿੱਦ ਕਰਕੇ ਮੁਨਕਰ ਹੁੰਦੇ ਡੈਡੀ ਨੇ ਹਾਮੀ ਭਰਨ ਵਾਲਾ ਅੱਕ ਚੱਬ ਲਿਆ ਸੀ।
ਆਈਲੈਟਸ ਸੈਂਟਰ ਦਾ ਕਿੱਟ ਬੈਗ ਮੇਰੇ ਮੋਢੇ ’ਤੇ ਆ ਪਿਆ। ਦੋ ਮਹੀਨਿਆਂ ਮਗਰੋਂ ਮੇਰੇ ਦਿੱਤੇ ਟੈਸਟ ਦਾ ਰਿਜ਼ਲਟ ਚਾਰ ਬੈਂਡ ਆ ਗਿਆ ਸੀ।
ਮੇਰਾ ਬਾਰ੍ਹਵੀਂ ਤੱਕ ਸਰਕਾਰੀ ਸਕੂਲਾਂ ਦੇ ਪੰਜਾਬੀ ਮੀਡੀਅਮ ਵਾਲੀ ਪੜ੍ਹਾਈ ਕਾਰਨ ਅੰਗਰੇਜ਼ੀ ’ਚ ਤੰਗ ਹੋਇਆ ਹੱਥ ਖੁੱਲ੍ਹ ਹੀ ਨਹੀਂ ਸਕਿਆ ਸੀ। ਤਿੰਨ ਵਾਰ ਦਿੱਤੇ ਆਈਲੈਟਸ ਟੈਸਟ ਵਿੱਚੋਂ ਬੈਂਡ ਸਾਢੇ ਚਾਰ ਤੋਂ ਵੱਧ ਨਹੀਂ ਆ ਸਕੇ।
ਅੰਗਰੇਜ਼ੀ ਤੋਂ ਤੰਗ ਹੋਏ ਮੇਰੇ ਹੱਥ ਖੜ੍ਹੇ ਹੋ ਗਏ ਸਨ।
ਬੀ.ਏ. ਤਾਂ ਕਦੋਂ ਦੀ ਪਿੱਛੇ ਛੁੱਟ ਗਈ ਸੀ। ਸੈਂਟਰ ਦੇ ਟ੍ਰੇਨਰਾਂ ਦੀਆਂ ਗੱਲਾਂ ਦਾ ਅਸਰ ਅਜਿਹਾ ਹੋਇਆ ਕਿ ਪੰਜਾਬ ਰਹਿਣਾ ਤਾਂ ਕਾਲੇ ਪਾਣੀ ਦੀ ਸਜ਼ਾ ਕੱਟਣ ਬਰਾਬਰ ਲੱਗ ਰਿਹਾ ਸੀ। ਸੌਖਾ ਸਾਹ ਤਾਂ ਕਨੇਡਾ ਦੀ ਧਰਤੀ ਤੋਂ ਉਰ੍ਹਾਂ ਆ ਹੀ ਨਹੀਂ ਸਕਦਾ ਸੀ। ਬੱਸ ਜਿਉਣਾ ਸੀ ਤਾਂ ਕੈਨੇਡਾ ਜਾ ਕੇ ਹੀ ਜਿਉਣਾ ਸੀ… ਨਹੀਂ ਤਾਂ ਮਰਨਾ ਮਨਜ਼ੂਰ ਐ।
ਕੀ ਕੀਤਾ ਜਾਵੇ… ਸੋਚਦਿਆਂ ਰਾਤਾਂ ਬਿਨਾਂ ਨੀਂਦ ਤੋਂ ਲੰਘਣ ਲੱਗ ਪਈਆਂ ਸਨ। ਦਿਨ ਬੁਝੇ-ਬੁਝੇ ਅਜੀਤ ਰੋਡ ਦੇ ਆਈਲਸ ਸੈਂਟਰਾਂ ਵਿਚਾਲੇ ਬੀਤਣ ਲੱਗ ਪਏ ਸਨ। ਮੈਨੂੰ ਕੁਝ ਸਮਝ ਨਹੀਂ ਸੀ ਆਉਂਦੀ… …ਕੀ ਬਣੂੰ?
‘‘ਏਦਾਂ ਕਰ…’’ ਇੱਕ ਦਿਨ ਇੱਕ ਦੋਸਤ ਨੇ ਕੈਨੇਡਾ ਪਹੁੰਚਣ ਦਾ ਜਲੇਬੀਦਾਰ ਰਾਹ ਦੱਸਦਿਆਂ ਗੱਲ ਛੇੜੀ, ‘‘…ਕੋਈ ਕੁੜੀ ਭਾਲ ਸਿਕਸ ਪਲੱਸ ਬੈਂਡਾਂ ਵਾਲੀ… ਕੁੜੀਆਂ ਇੰਟੈਲੀਜੈਂਟ ਹੁੰਦੀਐਂ… ਬੈਂਡ ਆ ਜਾਂਦੇ ਨੇ… ਪਰ ਕਈ ਵਾਰ ਘਰਦਿਆਂ ਕੋਲ ਬਾਹਰ ਭੇਜਣ ਅਤੇ ਪੜ੍ਹਾਉਣ ਲਈ ਪੈਸੇ ਨਹੀਂ ਹੁੰਦੇ। ਤੂੰ ਉਹਨੂੰ ਵਿਆਹ ਵਾਸਤੇ ਪਰਪੋਜ਼ ਕਰਦੇ। ਖਰਚਾ ਤੇਰਾ ਤੇ ਪੀ.ਆਰ. ਵਾਈਫ ਅਪਣੇ ਹਸਬੈਂਡ ਨੂੰ ਸਪੌਂਸਰ ਕਰ ਦੇਊ।’’
ਮੇਰੀਆਂ ਬੁਝੀਆਂ ਅੱਖਾਂ ਵਿੱਚ ਸੁਪਨਾ ਪੂਰਾ ਹੋਣ ਦੀ ਚਮਕ ਆ ਗਈ ਸੀ।
ਉਸ ਦਿਨ ਘਰ ਵਿੱਚ ਮੰਮੀ-ਡੈਡੀ ਦੀ ਪੂਰੀ ਬਹਿਸ ਹੋਈ ਸੀ।
‘‘ਮੇਰਾ ਬਾਪੂ ਸਾਢੇ ਅੱਠ ਕਿੱਲੇ ਛੱਡ ਕੇ ਗਿਆ ਸੀ… ਉਹਨੇ ਛੇ ਤੋਂ ਬਣਾਏ ਸੀ ਸਾਢੇ ਅੱਠ… ਮੈਂ ਦਿਨ-ਰਾਤ ਕਮਾਇਐ… ਕਾਲਾ ਬਲਦ ਬਣਕੇ… ਦਸ ਬਣਾ ਲਏ… ਥੋਡੇ ’ਸਾਬ ਨਾਲ ਤਾਂ ਦੋ ਕਿੱਲੇ ਬੈਅ ਕਰਨੇ ਪੈਣੇ ਨੇ… ਬੈਅਖਤੀਆ ਹੋ ਕੇ ਮੇਰੇ ਕੋਲੋਂ ਤਾਂ ਨ੍ਹੀਂ ਸੱਥ ’ਚ ਖੜ੍ਹਿਆ ਜਾਣਾ।’’ ਡੈਡੀ ਆਵਦੀ ਥਾਂ ਸਹੀ ਸੀ।
‘‘ਨਾ ਕਿੱਲੇ ਬਣਾਏ ਕੀਹਦੇ ਵਾਸਤੇ ਸੀ…? ਲੋੜ ਵੇਲੇ ਕੰਮ ਆਉਣ ਵਾਸਤੇ ਈ ਨਾ… ਹੈਂਅ…।’’ ਮੇਰੀ ਥਾਂ ’ਤੇ ਮੰਮੀ ਨੇ ਸਟੈਂਡ ਲੈ ਲਿਆ ਸੀ, ‘‘…ਜੀਹਦੀ ਖ਼ਾਤਰ ਬਣਾਏ ਸੀ …ਉਹਦੀ ਖ਼ਾਤਰ ਈ ਬੈਅ ਕਰਨੇ ਐ …ਇਹ ਕੋਈ ਸੱਤ ਬਿਗਾਨਾ ਤਾਂ ਨੀਂ। ਲੋਕ ਐਬਾਂ-ਵੈਲਾਂ ’ਚ ਗਾਲੀ ਜਾਂਦੇ ਐ ਜਮੀਨਾਂ …ਹੈਂਅ।’’
‘‘ਜੇ ਮੈਂ ਅਬਰੌਡ ਨਾ ਜਾ ਸਕਿਆ… ਮੈਨੂੰ ਜੰਮਿਆ ਈ ਨਾ ਸਮਝਿਓ।’’ ਡੈਡੀ ਨੂੰ ਢਿੱਲਾ ਹੁੰਦਾ ਵੇਖ ਕੇ ਮੈਂ ਅਪਣੇ ਵੱਲੋਂ ਵੀ ਗਰਮ ਹੋ ਚੁੱਕੇ ਲੋਹੇ ’ਤੇ ਸੱਟ ਮਾਰ ਦਿੱਤੀ ਸੀ।
ਡੈਡੀ ਹੌਲੀ ਜਿਹੀ ‘‘ਦੇਖਲੋ ਫੇਰ’’ ਕਹਿੰਦਿਆਂ ਘਰੋਂ ਬਾਹਰ ਚਲਿਆ ਗਿਆ ਸੀ। ਮੈਂ ਮੰਮੀ ਨੂੰ ਘੁੱਟ ਕੇ ਜੱਫੀ ਪਾ ਲਈ ਸੀ।
ਹਫ਼ਤੇ ਬਾਅਦ ਵੱਡੇ ਅਖ਼ਬਾਰ ਵਿੱਚ ਘੱਟ ਤੋਂ ਘੱਟ ਸ਼ਬਦਾਂ ਵਿੱਚ ਇਸ਼ਤਿਹਾਰ ਛਪਿਆ ਸੀ। ਕੰਨਿਆ ਦੀ ਲੋੜ: ਆਈਲੈਟਸ 6+ ਬੈਂਡ ਵਾਲੀ। ਕੈਨੇਡਾ ਭੇਜਣ, ਪੜ੍ਹਾਈ, ਰਿਹਾਇਸ਼ ਦਾ ਸਾਰਾ ਖ਼ਰਚਾ ਲੜਕਾ ਪਰਿਵਾਰ ਵੱਲੋਂ। ਚਾਹਵਾਨ ਸੱਜਣ ਸੰਪਰਕ ਕਰਨ। ਮੋਬਾਈਲ ਨੰਬਰ…।
ਸ਼ਾਮ ਤੱਕ ਹੀ ਦਰਜਨਾਂ ਫੋਨ ਕਾਲਾਂ ਮੰਮੀ ਦੇ ਮੋਬਾਈਲ ’ਤੇ ਆ ਗਈਆਂ ਸਨ।
ਦੋ ਹਫ਼ਤਿਆਂ ਦਾ ਸਮਾਂ ਵੀ ਨਹੀਂ ਲੱਗਿਆ ਸੀ ਜਦੋਂ ਮੇਰੀ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਲੱਗਦੀ ਮਾਸੀ ਦੀ ਕਿਸੇ ਹੋਰ ਦੂਰ ਦੀ ਰਿਸ਼ਤੇਦਾਰੀ ਵਿਚਲੀ ਕੁੜੀ ਰਮਨ ਨਾਲ ਮੇਰੀ ਮੰਗਣੀ ਹੋ ਗਈ ਸੀ।
ਰਮਨ ਨੇ ਸੀ.ਬੀ.ਐੱਸ.ਈ. ਵਿੱਚ ਬਾਰ੍ਹਵੀਂ ਕੀਤੀ ਹੋਈ ਸੀ। ਬਾਰ੍ਹਵੀਂ ਦੀ ਸਾਇੰਸ ਸਟਰੀਮ ਵਿੱਚੋਂ ਨੰਬਰ ਵੀ ਨੱਬੇ ਪ੍ਰਸੈਂਟ ਸਨ ਅਤੇ ਨਾਲ ਹੀ ਉਹ ਆਈਲੈਟਸ ਲਈ ਦਿੱਤੇ ਪਹਿਲੇ ਹੀ ਟੈਸਟ ਵਿੱਚੋਂ ਸੈਵਨ ਪੱਲਸ ਬੈਂਡ ਲੈ ਗਈ ਸੀ। ਮੈਨੂੰ ਆਪਣੇ ਸੁਪਨਿਆਂ ਦੀ ਰਾਜਕੁਮਾਰੀ ਮਿਲ ਗਈ ਸੀ ਜਿਸ ਨੇ ਮੈਨੂੰ ਏਅਰ ਕੈਨੇਡਾ ਦਾ ਜਹਾਜ਼ ਚੜ੍ਹਾ ਕੇ ਉੱਥੋਂ ਦੇ ਕਿਸੇ ਵੱਡੇ ਸ਼ਹਿਰ ਵਿੱਚ ਲੈਂਡ ਕਰਵਾ ਹੀ ਲੈਣਾ ਸੀ ਜਿੱਥੇ ਸ਼ੁੱਧ ਵਾਤਾਵਰਨ ਵਿੱਚ ਮੈਨੂੰ ਸੁੁਖ ਦਾ ਸਾਹ ਨਸੀਬ ਹੋਣਾ ਸੀ।
ਸਾਡਾ ਵਿਆਹ ਹੋ ਗਿਆ ਸੀ। ਗਿਣਵੇਂ ਦਿਨਾਂ ਵਿੱਚ ਹੀ ਅਸੀਂ ਫੀਸਾਂ ਵਗੈਰਾ ਜਮ੍ਹਾਂ ਕਰਵਾ ਦਿੱਤੀਆਂ ਸਨ ਅਤੇ ਛੇਤੀ ਹੀ ਵੀਜ਼ਾ ਲੱਗ ਜਾਣ ਦਾ ਮੈਨੂੰ ਵਿਆਹ ਹੋਣ ਤੋਂ ਵੀ ਵੱਧ ਚਾਅ ਚੜ੍ਹਿਆ ਹੋਇਆ ਸੀ। ਮੈਂ ਤੇ ਮੰਮੀ ਜਿਵੇਂ ਖ਼ੁਸ਼ੀ ਵਿੱਚ ਪਾਗਲ ਹੋਏ ਰਿਸ਼ਤੇਦਾਰਾਂ ਅਤੇ ਦੋਸਤਾਂ-ਮਿੱਤਰਾਂ ਨੂੰ ਸੁਨੇਹੇ ਦੇ ਰਹੇ ਸੀ। ਕਿਸੇ ਨੂੰ ਕਾਲ ਕਰਕੇ ਕਿਸੇ ਨੂੰ ਵੱਟਸਐਪ ਰਾਹੀਂ।
ਪਰ ਡੈਡੀ ਉਦਾਸ ਹੋ ਗਿਆ ਸੀ। ਉਸ ਨੂੰ ਆਪਣੀ ਅਤੇ ਆਪਣੇ ਪਿਓ-ਦਾਦੇ ਵਾਲੀ ਮਿੱਟੀ ਦੀ ਢੇਰੀ ਖੁਰ ਜਾਣ ਦਾ ਅਫ਼ਸੋਸ ਹੋ ਰਿਹਾ ਸੀ।
‘‘ਜ਼ਮੀਨਾਂ ਨੂੰ ਕੀਹਨੈ ਪੁੱਛਣੈਂ ਅੰਕਲ… ਐਥੇ ਈ ਪਈਆਂ ਰਹਿ ਜਾਣਗੀਆਂ… ਪੰਜਾਬ ਤਾਂ ਸਾਰਾ ਉੱਠ-ਉੱਠ ਅਬਰੌਡ ਜਾ ਰਿਹੈ।’’ ਕੈਨੇਡਾ ਤੋਂ ਪੀ.ਆਰ. ਆਇਆ ਗੈਰੀ ਡੈਡੀ ਨਾਲ ਗੱਲਾਂ ਕਰ ਰਿਹਾ ਸੀ।
‘‘ਜਦੋਂ ਕੋਈ ਐਹੋ ’ਜੀਆਂ ਗੱਲਾਂ ਕਰਦੈ… ਕਾਲਜਾ ਥੱਲੇ ’ਜੇ ਜਾਂਦੈ… ਰੁੱਗ ਨਿਕਲਦੇ ਐ ਜਿਵੇਂ… ਪਰ ਤੁਸੀਂ ਇਹ ਗੱਲਾਂ ਨੀਂ ਸਮਝ ਸਕਦੇ… ਇਨ੍ਹਾਂ ਨੂੰ ਤਾਂ ਕੋਈ ਮਿੱਟੀ ਦਾ ਪੁੱਤ ਈ ਸਮਝ ਸਕਦੈ।’’ ਅੰਤਰ ਮਨ ਤੋਂ ਪੀੜੋ-ਪੀੜ ਹੋਇਆ ਡੈਡੀ ਬੋਲਿਆ ਸੀ।
‘‘ਜਮੀਨਾਂ ਦੀ ਗੱਲ ਛੱਡ ਯਾਰ… ਕੋਈ ਉਧਰਲੀ ਗੱਲ ਸੁਣਾ!’’ ਇੰਸਟਾਗ੍ਰਾਮ ’ਤੇ ਆਨਲਾਈਨ ਹੋਇਆ ਬੈਠਾ ਵੀ ਮੇਰਾ ਮਨ ਕੈਨੇਡਾ-ਕੈਨੇਡਾ ਕਰੀ ਜਾ ਰਿਹਾ ਸੀ।
ਡੈਡੀ ਤੋਂ ਸਾਡੇ ਕੋਲ ਬੈਠਿਆ ਨਹੀਂ ਗਿਆ। ਔਖ ਜਿਹੀ ਮੰਨਦਾ ਉਹ ਉੱਠ ਕੇ ਤੁਰ ਗਿਆ ਸੀ।
ਗੈਰੀ ਤੋਂ ਕਿੰਨਾ ਹੀ ਸਮਾਂ ਕੈਨੇਡਾ ਬਾਰੇ, ਉੱਥੋਂ ਦੇ ਵਾਤਾਵਰਨ ਬਾਰੇ, ਬਰਫ਼ਾਂ-ਬਰਸਾਤਾਂ ਬਾਰੇ, ਜੌਬਾਂ ਬਾਰੇ, ਖਾਣ-ਪੀਣ ਬਾਰੇ ਪੁੱਛਦਾ ਰਿਹਾ ਸੀ ਤੇ ਮੈਂ ਖ਼ਿਆਲਾਂ-ਖ਼ਿਆਲਾਂ ਵਿੱਚ ਹੀ ਕੈਨੇਡਾ ਪਹੁੰਚ ਗਿਆ ਸੀ।
…ਮੈਂ ਤੇ ਰਮਨ ਕੈਨੇਡਾ ਵਿੱਚ ਸੈਟਲ ਹੋ ਗਏ ਹਾਂ। ਆਪਣਾ ਘਰ ਬਣਾ ਲਿਆ ਹੈ। ਰਮਨ ਆਪਣੀ ਗੱਡੀ ਵਿੱਚ ਜੌਬ ’ਤੇ ਜਾਂਦੀ ਹੈ। ਮੇਰੇ ਕੋਲ ਜੌਬ ’ਤੇ ਜਾਣ ਲਈ ਆਪਣੀ ਵੱਖਰੀ ਗੱਡੀ ਖੜ੍ਹੀ ਹੈ। ਬੱਚਿਆਂ ਦੀ ਸੰਭਾਲ ਲਈ ਮੰਮੀ ਨੂੰ ਵੀ ਕੈਨੇਡਾ ਬੁਲਾ ਲਿਆ ਹੈ। ਬੱਚੇ ਸੰਭਾਲਦੀ ਮੰਮੀ ਲੋਕਾਂ ਦੇ ਕੱਪੜੇ ਵੀ ਸਿਲਾਈ ਕਰੀ ਜਾਂਦੀ ਹੈ। ਡਾਲਰ ਜਿਵੇਂ ਮੀਂਹ ਵਾਂਗ ਨਹੀਂ ਸਗੋਂ ਗੜਿਆਂ ਵਾਂਗ ਵਰ੍ਹ ਰਹੇ ਹਨ ਤੇ ਮੈਂ ਇਕੱਠੇ ਕਰ ਕਰ ਪੰਜਾਬ ਆਪਣੇ ਪਿੰਡ ਭੇਜ ਰਿਹਾ ਹਾਂ। ਡੈਡੀ ਇਨ੍ਹਾਂ ਡਾਲਰਾਂ ਦੇ ਰੁਪਏ ਬਣਾ-ਬਣਾ ਪਿੰਡ ਵਿੱਚ ਵਿਹਲੀਆਂ ਹੋ ਰਹੀਆਂ ਜ਼ਮੀਨਾਂ ਨੂੰ ਖਰੀਦ ਰਿਹਾ ਹੈ।
‘‘ਚਾਹ ਪੀ ਲੈ… ਜਮਾਂ ਪਾਣੀ ਬਣ’ਗੀ।’’ ਮੰਮੀ ਦੇ ਉੱਚੇ ਬੋਲਾਂ ਨਾਲ ਮੇਰੀ ਸੁਰਤੀ ਟੁੱਟ ਗਈ ਸੀ।
ਰਮਨ ਦਾ ਕੈਨੈਡਾ ਵਿੱਚ ਜੀਅ ਲੱਗ ਗਿਆ ਸੀ। ਮਾਸੀ ਨੇ ਉਸ ਨੂੰ ਆਪਣੀ ਬੇਸਮੈਂਟ ਕਿਰਾਏ ’ਤੇ ਦੇ ਰੱਖੀ ਸੀ। ਸਾਡੀ ਰੋਜ਼ਾਨਾ ਫੋਨ ’ਤੇ ਵੀਡੀਓ ਕਾਲਿੰਗ ਹੁੰਦੀ। ਵੱਟਸਐਪ ਸਟੇਟਸ ਤਾਂ ਜਿਵੇਂ ਉਹ ਮੇਰੇ ਵਾਸਤੇ ਚੁਣ ਕੇ ਹੀ ਲਾਉਂਦੀ… ਤੇ ਡੀ.ਪੀ. ਵੀ ਉਹ ਸਾਡੀ ਪ੍ਰੀਵੈਂਡਿੰਗ ਦੀ ਸ਼ੂਟ ਵਾਲੇ ਪੋਜ਼ਾਂ ਵਿੱਚੋਂ ਬਦਲ-ਬਦਲ ਕੇ ਲਾਉਂਦੀ ਜਿਨ੍ਹਾਂ ਨੂੰ ਵੇਖਦਿਆਂ ਮੈਨੂੰ ਖ਼ੁਮਾਰੀ ਚੜ੍ਹੀ ਰਹਿੰਦੀ।
ਰਮਨ ਨੂੰ ਕੈਨੇਡਾ ਗਈ ਨੂੰ ਡੇਢ ਕੁ ਮਹੀਨਾ ਹੋਇਆ ਸੀ ਜਦੋਂ ਉਸ ਨੇ ਮੈਨੂੰ ਆਪਣੇ ਪ੍ਰੈਗਨੈਂਟ ਹੋਣ ਬਾਰੇ ਦੱਸਿਆ ਸੀ। ਮੈਂ ਪੱਥਰ ਹੋ ਗਿਆ ਸੀ। ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਖ਼ੁਸ਼ੀ ਮਨਾਵਾਂ ਕਿ ਅਫ਼ਸੋਸ। ਫੇਰ ਵੀ ‘‘ਸਿੱਧਰੀ… ਜਮ੍ਹਾਂ ਅਕਲ ਨ੍ਹੀਂ’’ ਕਹਿ ਕੇ ਆਪਣੇ ਮਨ ਨੂੰ ਧਰਵਾਸ ਦੇਣ ਦਾ ਯਤਨ ਕੀਤਾ ਸੀ। ਮੈਨੂੰ ਲੱਗਿਆ ਜਿਵੇਂ ਉਹ ਦੁਨੀਆ ਦਾ ਪਹਿਲਾ ਕੇਸ ਹੋਵੇਗਾ ਜਦੋਂ ਪੀ.ਆਰ. ਹੋਣ ਤੋਂ ਪਹਿਲਾਂ ਕੋਈ ਕੁੜੀ ਪ੍ਰੈਗਨੈਂਟ ਹੋਈ ਹੋਵੇਗੀ!
ਫੇਰ ਮੰਮੀ ਡੈਡੀ ਕੋਲ ਗੱਲ ਚੱਲੀ ਸੀ, ਉੱਧਰ ਰਮਨ ਦੀ ਮੰਮੀ ਕੋਲ ਵੀ। ਦੋਵੇਂ ਕੁੜਮਣੀਆਂ ਨੇ ਆਪਸ ਵਿੱਚ ਸਲਾਹ ਕਰਕੇ ਰਮਨ ਨੂੰ ਕਿਸੇ ਤਰ੍ਹਾਂ ਵੀ ਅਬਾਰਸ਼ਨ ਨਾ ਕਰਾਉਣ ਬਾਰੇ ਤਾੜਨਾ ਕੀਤੀ ਸੀ। ਮਾਸੀ ਨੂੰ ਵੀ ਉਸ ਦਾ ਖ਼ਾਸ ਖ਼ਿਆਲ ਰੱਖਣ ਬਾਰੇ ਦੋਵਾਂ ਨੇ ਕਹਿ ਦਿੱਤਾ ਸੀ।
ਮੈਨੂੰ ਰਮਨ ਦਾ ਫ਼ਿਕਰ ਹੋਣ ਲੱਗ ਪਿਆ ਸੀ। ਉਸ ਤੋਂ ਜ਼ਿਆਦਾ ਆਪਣੇ ਕੈਨੇਡਾ ਪਹੁੰਚਣ ਦਾ ਸੁਫ਼ਨਾ ਚੂਰ-ਚੂਰ ਹੁੰਦਾ ਹੁੰਦਾ ਦਿਖਾਈ ਦਿੰਦਾ ਸੀ। ਮੈਨੂੰ ਨਹੀਂ ਪਤਾ ਸੀ ਕਿ ਕੈਨੇਡਾ ਦਾ ਕਾਨੂੰਨ ਪ੍ਰੈਗਨੈਂਟ ਸਟੂਡੈਂਟ ਬਾਰੇ ਕੀ ਕਹਿੰਦਾ ਹੈ? ਇਹ ਜਾਨਣ ਲਈ ਮੈਂ ਗੈਰੀ ਨੂੰ ਵੱਟਸਐਪ ਕਾਲ ਕੀਤੀ ਸੀ।
‘‘ਡਲਿਵਰੀ ਤਾਂ ਕਿਤੋਂ ਦਾ ਵੀ ਕਾਨੂੰਨ ਨਹੀਂ ਰੋਕ ਸਕਦਾ!’’ ਮੇਰਾ ਅਟਪਟਾ ਸਵਾਲ ਸੁਣ ਕੇ ਗੈਰੀ ਦਾ ਦਿੱਤਾ ਜਵਾਬ ਵੀ ਮੈਨੂੰ ਅਟਪਟਾ ਲੱਗਿਆ ਸੀ।
‘‘ਨਹੀਂ ਯਾਰ ਤੂੰ ਸਮਝਿਆ ਨੀਂ।’’ ਕਹਿੰਦਿਆਂ ਮੈਂ ਸਾਰਾ ਵਿਸਤਾਰ ਉਹਦੇ ਸਾਹਮਣੇ ਖੋਲ੍ਹ ਕੇ ਰੱਖ ਦਿੱਤਾ ਸੀ।
‘‘ਅੱਛਿਆ… ਮੇਰੇ ਖਿਆਲ ’ਚ ਤਾਂ ਇਹੀ ਹੋ ਸਕਦੈ ਕਿ ਡਿਲਵਰੀ ਕੈਨੇਡਾ ਹੀ ਹੋਵੇ… ਬੇਬੀ ਬੌਰਨ ਪੀ.ਆਰ. ਹੋਵੇਗਾ… ਰਹੀ ਗੱਲ ਉਨ੍ਹਾਂ ਦੀ ਕੇਅਰ ਦੀ… ਆਂਟੀ ਵਿਜ਼ਟਰ ਵੀਜ਼ਾ ਲੈ ਕੇ ਰਮਨ ਕੋਲ ਰਹਿ ਸਕਦੀ ਐ।’’
ਗੈਰੀ ਨਾਲ ਗੱਲ ਕਰਕੇ ਮੇਰਾ ਕੈਨੇਡਾ ਜਾਣ ਦਾ ਸੁਪਨਾ ਟੁੱਟਣੋਂ ਬਚ ਗਿਆ ਸੀ। ਵਿਜ਼ਟਰ ਵੀਜ਼ੇ ’ਤੇ ਕੈਨੇਡਾ ਗਈ ਮੰਮੀ ਚਾਰ ਮਹੀਨਿਆਂ ਦੀ ਪੋਤੀ ਨੂੰ ਲੈ ਕੇ ਰਾਜਾਸਾਂਸੀ ਹਵਾਈ ਅੱਡੇ ’ਤੇ ਲੈਂਡ ਕਰ ਗਈ ਸੀ। ਉਨ੍ਹਾਂ ਨੂੰ ਅੱਗਿਓਂ ਲੈਣ ਗਿਆ ਮੈਂ ਹਰਿਮੰਦਰ ਸਾਹਿਬ ਸ਼ੁਕਰਾਨਾ ਕਰ ਆਇਆ ਸੀ।
ਰਮਨ ਦੀ ਪੜ੍ਹਾਈ ਫੇਰ ਸ਼ੁਰੂ ਹੋ ਗਈ ਸੀ।
ਹਫ਼ਤਿਆਂ-ਮਹੀਨਿਆਂ ਦੇ ਹਿਸਾਬ ਨਾਲ ਵੱਡੀ ਹੁੰਦੀ ਜਮਾਂਦਰੂ ਪੀ.ਆਰ. ਕੈਨੇਡਾ ‘ਲੋਗੜੀ’ ਸਾਡੇ ਨਾਲ ਪਰਚ ਗਈ ਸੀ। ‘ਲੋਗੜੀ’ ਉਹਦਾ ਨਾਮ ਐਵੇਂ ਨਹੀਂ ਪੈ ਗਿਆ ਸੀ… ਉਹ ਸੀ ਹੀ ਲੋਗੜ ਵਰਗੀ… ਜਮ੍ਹਾਂ ਰੂੰ ਦਾ ਟੁੱਕੜਾ… ਚਿੱਟਾ… ਚਿੱਟਾ। ਉਸ ਦਾ ਅਸਲੀ ਨਾਮ ਮਨਰੀਤ ਕੌਰ ਕੋਈ ਨਹੀਂ ਲੈਂਦਾ ਸੀ।
ਰਮਨ ਮੈਨੂੰ ਫੋਨ ਕਰਦੀ। ਵੀਡੀਓ ਕਾਲ ’ਤੇ ਲੋਗੜੀ ਨੂੰ ਪਿਆਰ ਕਰਨ ਦਾ ਯਤਨ ਕਰਦੀ ਉਹ ਭਾਵੁਕ ਹੋ ਜਾਂਦੀ ਸੀ। ਅਜੀਬ ਪਿਆਰ ਸੀ- ਆਨਲਾਈਨ… ਜਿਸ ਦੀ ਲੋਗੜੀ ਨੂੰ ਸਮਝ ਨਹੀਂ ਲੱਗਦੀ ਸੀ।
ਕਾਲ ਚੱਕਰ ਅਪਣੀ ਚਾਲ ਘੁੰਮਦਾ ਰਹਿੰਦਾ ਹੈ ਤੇ ਇਹ ਘੁੰਮ ਵੀ ਰਿਹਾ ਸੀ ਬੇਰੋਕ।
ਰਮਨ ਦੀ ਪੜ੍ਹਾਈ, ਰਿਹਾਇਸ਼ ਤੇ ਖਾਣ-ਪੀਣ, ਪਹਿਨਣ ਦਾ ਖਰਚਾ ਪੂਰਾ ਕਰਦੀ ਬਾਪੂ ਦੀ ਜ਼ਮੀਨ ਦੀ ਵੱਟ ਰਮਨ ਦੇ ਹਰੇਕ ਸਮੈਸਟਰ ਦੇ ਹਿਸਾਬ ਨਾਲ ਪਿੱਛੇ ਹਟ ਜਾਂਦੀ। ਲੰਬੜਦਾਰਾਂ ਦਾ ਰਕਬਾ ਬਾਪੂ ਦੀ ਜ਼ਮੀਨ ਨੂੰ ਕਨਾਲਾਂ ਦੇ ਹਿਸਾਬ ਨਾਲ ਆਪਣੇ ਵਿੱਚ ਰਲਾ ਲੈਂਦਾ ਸੀ।
ਮੇਰਾ ਕੈਨੇਡਾ ਜਾਣ ਦਾ ਸੁਪਨਾ ਪੂਰਾ ਹੋਣ ਦਾ ਸਮਾਂ ਵੀ ਨੇੜੇ ਆ ਰਿਹਾ ਸੀ। ਰਮਨ ਦੀ ਪੀ.ਆਰ. ਫਾਈਲ ਲੱਗ ਚੁੱਕੀ ਸੀ। ਏਧਰ ਪੁਲੀਸ ਵੈਰੀਫਿਕੇਸ਼ਨ ਵੀ ਪੂਰੀ ਹੋ ਚੁੱਕੀ ਸੀ। ਬਸ ਕੁਝ ਦਿਨਾਂ ਜਾਂ ਹਫ਼ਤਿਆਂ ਤੱਕ ਉਹ ਘੜੀ ਆਉਣ ਵਾਲੀ ਸੀ ਜਿਸ ਨਾਲ ਮੇਰਾ ਸੁਪਨਾ ਪੂਰਾ ਹੋ ਜਾਣਾ ਸੀ। ਉੱਧਰ ਰਮਨ ਪੀ.ਆਰ. ਹੋਈ ਨਹੀਂ ਤੇ ਏਧਰ ਮੇਰੇ ਕੈਨੇਡਾ ਜਾਣ ਦੇ ਕਾਗਜ਼ ਬਣਨ ਲੱਗਣੇ ਸਨ। ਖ਼ੁਸ਼ ਹੋਏ ਦੇ ਮੇਰੇ ਪੈਰ ਭੁੰਜੇ ਲੱਗਣੋਂ ਹਟਦੇ ਜਾਂਦੇ ਸਨ।
ਉਤਸ਼ਾਹਿਤ ਹੋਇਆ ਮੈਂ ਰਮਨ ਨੂੰ ਦਿਨ ਵਿੱਚ ਦੋ-ਤਿੰਨ ਵਾਰ ਫੋਨ ਕਰਦਾ। ਕਈ ਵਾਰ ਤਾਂ ਉਹ ਫੋਨ ਉਠਾਉਂਦੀ ਹੀ ਨਾ। ਜੇ ਉਹ ਕੋਈ ਗੱਲ ਕਰਦੀ ਵੀ ਤਾਂ ਮੈਨੂੰ ਲੱਗਦਾ ਜਿਵੇਂ ਉਹ ਗੱਲ ਦਿਲੋਂ ਨਾ ਕਰਦੀ ਹੋਵੇ… ਜਿਵੇਂ ਮੈਨੂੰ ਇਗਨੋਰ ਕਰ ਰਹੀ ਹੋਵੇ! ਮੈਨੂੰ ਓਪਰਾ-ਓਪਰਾ ਜਿਹਾ ਮਹਿਸੂਸ ਹੋਣ ਲੱਗ ਪੈਂਦਾ।
ਅਖੀਰ ਸੋਚਦਾ ‘ਇਕੇਰਾਂ ਕੈਨੇਡਾ ਜਾ ਲੈਂਡ ਹੋਵਾਂ…ਰਮਨ ਦੇ ਸਾਰੇ ਉਲਾਂਭੇ ਲਾਹ ਦਿਆਂਗਾ।’
ਬਸ ਰਮਨ ਵੱਲੋਂ ਸਪੌਂਸਰ ਕਰ ਦੇਣ ਦੀ ਕਸਰ ਬਾਕੀ ਸੀ ਜਿਸ ਦਾ ਫੋਨ ਅੱਜ ਭਲਕ ਆਉਣ ਵਾਲਾ ਹੀ ਸੀ।
…ਪਰ ਹੁਣ ਮਾਸੀ ਦੇ ਆਏ ਫੋਨ ਨੇ ਮੇਰੇ ਪੈਰੋਂ ਜ਼ਮੀਨ ਖਿੱਚ ਲਈ ਸੀ। ‘‘ਤਿੰਨ ਦਿਨ ਹੋ’ਗੇ ਰਮਨ ਘਰ ਨ੍ਹੀਂ ਮੁੜੀ… ਨਾ ਫੋਨ ਕਨਟੈਕਟ ਹੁੰਦੈ… ਸਾਨੂੰ ਲੱਗਦੈ ਜਿਵੇਂ…’’ ਮਾਸੀ ਨੇ ਗੱਲ ਪੂਰੀ ਨਾ ਕੀਤੀ… ਅੱਧ ਵਿਚਾਲੇ ਰੋਕ ਲਈ।
ਪਰ ਮੈਂ ‘‘ਸਾਨੂੰ ਲੱਗਦੈ’’ ਦਾ ਮਤਲਬ ਸਮਝ ਗਿਆ ਸੀ। ‘‘ਸਾਨੂੰ ਲੱਗਦੈ’’ ਦਾ ਮਤਲਬ ਆਪਣੇ ਕਿਸੇ ਬੁਆਏ ਫਰੈਂਡ ਨਾਲ…।’’
ਮੇਰੀਆਂ ਅੱਖਾਂ ਅੱਗੇ ਹਨੇਰਾ ਆ ਰਿਹਾ ਸੀ… ਜਿਵੇਂ ਚੱਕਰ ਆ ਰਿਹਾ ਹੋਵੇ। ਕੰਨ ਕੋਲੋਂ ਮੋਬਾਈਲ ਪਾਸੇ ਕਰਦਿਆਂ ਕਾਹਲੀ ਨਾਲ ਕੰਧ ਨੂੰ ਹੱਥ ਪੈ ਗਿਆ ਤੇ ਡਿੱਗਣੋਂ ਬਚਾਅ ਹੋ ਗਿਆ। ਕੁਰਸੀ ’ਤੇ ਬੈਠਦੇ ਦੇ ਹੱਥੋਂ ਮੰਮੀ ਨੇ ਮੋਬਾਈਲ ਫੜ੍ਹ ਅਪਣੇ ਕੰਨ ਨਾਲ ਲਾ ਲਿਆ।
* * *
‘‘ਮੇਰੇ ਆਖੇ ਲੱਗੋਂ… ਕੇਸ ਕਰ ਦੀਏ… ਆਖਰ ਸਾਡੀ ਸਿਹਰਿਆਂ ਨਾਲ ਵਿਆਹੀ ਵਰੀ ਨੂੰਹ ਐਂ… ਜਿਸ ਨੇ ਸਾਡੇ ਨਾਲ ਠੱਗੀ ਮਾਰੀ ਐ।’’ ਮੰਮੀ ਗੈਰੀ ਤੋਂ ਲਈ ਸਲਾਹ ਸਹਾਰੇ ਡੈਡੀ ਨਾਲ ਗੱਲ ਕਰ ਰਹੀ ਸੀ… ਪਰ ਡੈਡੀ ਚੁੱਪ ਸੀ। ਉਹ ਇੱਕ ਟਕ ਮੰਮੀ ਵੱਲ ਵੇਖੀ ਜਾ ਰਿਹਾ ਸੀ। ਮੰਮੀ ਬੋਲੀ ਗਈ, ‘‘ਗੈਰੀ ਦੱਸਦਾ ਸੀ… ਕੇਸ ਤਾਂ ਆਪਣੇ ਏਧਰ ਹੀ ਫਾਈਲ ਹੋ’ਜੂ… ਆਪੇ ਐਧਰਲੀ ਪੁਲਸ ਉੱਧਰ ਦੀ ਪੁਲਸ ਨਾਲ ਰਲ ਕੇ ਕਾਰਵਾਈ ਕਰੂ…।’’
‘‘ਕਦੇ ਮੂੰਹ ਵੇਖਿਐ ਏਦੂੰ ਪਹਿਲਾਂ ਥਾਣੇ-ਕਚਹਿਰੀ ਦਾ?’’ ਡੈਡੀ ਦੇ ਬਰਦਾਸ਼ਤ ਦੀ ਹੱਦ ਮੁੱਕ ਗਈ ਸੀ। ਉਹ ਉੱਚੀ ਬੋਲਿਆ, ‘‘ਜਿੰਨੀ ਛੇਤੀ ਗੱਲ ਕਰ’ਤੀ… ਆਈਂ ਹੋ’ਜੂ ਸਾਰਾ ਕੁਛ? ਹੁਣ ਤਾਂ ਲੰਬੜਦਾਰ ਵੀ ਹੱਥ ਖੜ੍ਹੇ ਕਰਦੇ ਜਾਂਦੇ ਨੇ…।’’
ਉਹ ਦੋਵੇਂ ਬਹਿਸ ਰਹੇ ਹਨ।
ਪਰ ਮੇਰਾ ਧਿਆਨ ਉਨ੍ਹਾਂ ਦੀਆਂ ਗੱਲਾਂ ਵੱਲੋਂ ਹੱਟ ਗਿਆ। ਮੇਰੇ ਸਾਹਮਣੇ ਲੋਗੜੀ ਐ… ਮੇਰੀ ਧੀ ਬੌਰਨ ਪੀ.ਆਰ. ਕੈਨੇਡਾ। ਉਹ ਵਰਾਂਡੇ ਵਿੱਚ ਖਿਡਾਉਣੇ ਜਹਾਜ਼ ਨਾਲ ਖੇਡ ਰਹੀ ਹੈ। ਮੇਰੇ ਦੇਖਦੇ-ਦੇਖਦੇ ਖਿਡਾਉਣਾ ਜਹਾਜ਼ ਏਅਰ ਕੈਨੇਡਾ ਦੀ ਫਲਾਈਟ ਵਿੱਚ ਵਟ ਗਿਆ ਤੇ ਲੋਗੜੀ ਮੇਰਾ ਹੱਥ ਫੜ੍ਹ ਕੇ ਇਸ ਫਲਾਈਟ ਵੱਲ ਲਈ ਜਾ ਰਹੀ ਹੈ।
ਸੰਪਰਕ: 94634-45092