ਅਭੈ ਸਿੰਘ
ਬੀਤੇ ਕੁਝ ਸਮੇਂ ਵਿਚ ‘ਅਤਿਵਾਦ’ ਦਾ ਸ਼ਬਦ ਵਾਰ ਵਾਰ ਇਸਤੇਮਾਲ ਕੀਤਾ ਜਾਂਦਾ ਰਿਹਾ ਤੇ ਇਸ ਢੰਗ ਨਾਲ ਕੀਤਾ ਜਾਂਦਾ ਰਿਹਾ ਕਿ ਇਸ ਦੇ ਅਰਥ ਹੀ ਗੁੰਝਲਦਾਰ ਬਣ ਜਾਂਦੇ ਹਨ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਦਾ ਪੂਨੇ ਵਿਚ ਹੋਣ ਵਾਲੀ ਕੌਮਾਂਤਰੀ ਮੀਟਿੰਗ ਵਿਚ ਆਉਣਾ ਭਾਰਤ ਵਾਸਤੇ ਹਰ ਲਿਹਾਜ਼ ਨਾਲ ਚੰਗੀ ਖ਼ਬਰ ਸੀ ਪਰ ਭਾਰਤ ਸਰਕਾਰ ਨੇ ਪੂਰੀ ਤਰ੍ਹਾਂ ਮੱਥੇ ਵੱਟ ਪਾ ਕੇ ਮੇਜ਼ਬਾਨੀ ਕੀਤੀ। ਸਾਡੇ ਵਿਦੇਸ਼ ਮੰਤਰੀ ਨੇ ਬਿਆਨ ਦਿੱਤਾ ਕਿ ਅਤਿਵਾਦ ਦੇ ਸਾਜਿ਼ਸ਼ਘਾੜੇ ਤੇ ਅਤਿਵਾਦ ਤੋਂ ਪੀੜਤ ਲੋਕ ਇਕੱਠੇ ਨਹੀਂ ਬੈਠ ਸਕਦੇ।
ਉਧਰ ਬਿਲਾਵਲ ਭੁੱਟੋ ਦਾ ਕਹਿਣਾ ਸੀ ਕਿ ਉਸ ਦਾ ਮੁਲਕ ਵੀ ਅਤਿਵਾਦ ਤੋਂ ਪੀੜਤ ਹੈ ਅਤੇ ਉਹਨਾਂ ਦੀ ਫੌਜ ਬਲੋਚਿਸਤਾਨ, ਸਿੰਧ ਤੇ ਪਖਤੂਨ ਵਿਚ ਹਾਜ਼ਾਰਾਂ ਜਾਨਾਂ ਗਵਾ ਚੁਕੀ ਹੈ। ਉਸ ਦਾ ਕਹਿਣਾ ਸੀ ਕਿ ਉਹ ਤਾਂ ਜਾਤੀ ਤੌਰ ‘ਤੇ ਵੀ ਅਤਿਵਾਦ ਤੋਂ ਪੀੜਤ ਬੰਦਾ ਹੈ। ਉਸ ਦਾ ਇਸ਼ਾਰਾ ਸੀ ਕਿ ਉਸ ਦੀ ਆਪਣੀ ਮਾਤਾ ਬੇਨਜ਼ੀਰ ਭੁੱਟੋ ਵੀ ਤਾਂ ਅਤਿਵਾਦੀ ਹਮਲੇ ਦਾ ਹੀ ਸ਼ਿਕਾਰ ਹੋਈ ਸੀ। ਇਸ ਦੇ ਪ੍ਰਤੀਕਰਮ ਵਜੋਂ ਭਾਰਤ ਦਾ ਮੀਡੀਆ ਇਹ ਕਹਿੰਦਾ ਰਿਹਾ ਕਿ ਪਾਕਿਸਤਾਨ ਵਾਸਤੇ ਦੋ ਕਿਸਮ ਦੇ ਅਤਿਵਾਦ ਹਨ, ਇਕ ਚੰਗਾ ਅਤਿਵਾਦ ਤੇ ਇਕ ਮੰਦਾ ਅਤਿਵਾਦ। ਜੰਮੂ ਕਸ਼ਮੀਰ ਦਾ ਅਤਿਵਾਦ ਉਹਨਾਂ ਦਾ ਪਸੰਦੀਦਾ ਹੈ, ਚੰਗਾ ਹੈ ਪਰ ਬਲੋਚਿਸਤਾਨ ਦਾ ਅਤਿਵਾਦ ਉਹਨਾਂ ਨੂੰ ਦੁਖਦਾ ਹੈ ਤੇ ਇਸ ਨੂੰ ਉਹ ਮੰਦਾ ਸਮਝਦੇ ਹਨ।
ਬਿਲਾਵਲ ਭੁੱਟੋ ਕੋਈ ਪ੍ਰੋੜ ਸਿਆਸਤਦਾਨ ਨਹੀਂ ਪਰ ਉਹ ਜਿੰਨੀ ਦੇਰ ਭਾਰਤ ਅੰਦਰ ਰਿਹਾ, ਉਸ ਦਾ ਹਲੀਮੀ ਭਰਿਆ ਸਲੀਕਾ ਰਿਹਾ। ਇਕ ਪ੍ਰੈੱਸ ਇੰਟਰਵਿਊ ਵਿਚ ਉਹ ਬਹੁਤ ਨਪੇ ਤੁਲੇ ਸ਼ਬਦਾਂ ਦਾ ਇਸਤੇਮਾਲ ਕਰਦਾ ਰਿਹਾ; ਦੂਸਰੀ ਤਰਫ਼ ਇਕ ਟੀਵੀ ਬਹਿਸ ਮੌਕੇ ਸਾਡੇ ਇਕ ਚੈਨਲ ਦੀ ਸੰਚਾਲਕਾ ਇਸ ਤਰ੍ਹਾਂ ਸਵਾਲ ਕਰ ਰਹੀ ਸੀ ਜਿਵੇਂ ਸਕੂਲ ਦੀ ਅਧਿਆਪਕਾ ਆਪਣੇ ਕਿਸੇ ਵਿਦਿਆਰਥੀ ਨਾਲ ਕਰ ਰਹੀ ਹੋਵੇ। ਉਸ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਤੋਂ ਦੋ ਟੁੱਕ ਜਵਾਬ ਮੰਗਿਆ ਕਿ ਪਹਿਲਾਂ ਇਹ ਦੱਸਿਆ ਜਾਵੇ ਕਿ ਉਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਕਦੋਂ ਖਾਲੀ ਕਰ ਰਹੇ ਹਨ। ਹਾਲਾਂਕਿ ਪਾਕਿਸਤਾਨ ਅੱਗੇ ਅਜਿਹੀ ਮੰਗ ਜਾਂ ਸ਼ਰਤ ਭਾਰਤ ਸਰਕਾਰ ਨੇ ਵੀ ਅਜੇ ਤੱਕ ਨਹੀਂ ਰੱਖੀ। ਦੋਵੇਂ ਸਰਕਾਰਾਂ ਵੱਚਨਬੱਧ ਹਨ ਕਿ ਅਸੀਂ ਜੰਮੂ ਤੇ ਕਸ਼ਮੀਰ ਦਾ ਮਸਲਾ ਆਪਸੀ ਗੱਲਬਾਤ ਰਾਹੀਂ ਹੱਲ ਕਰਾਂਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਦੀ ਫਸੀਲ ਤੋਂ ਕਿਹਾ ਸੀ ਕਿ ਪਾਕਿਸਤਾਨ ਵਿਚ ਬਲੋਚਿਸਤਾਨ, ਸਿੰਧ ਤੇ ਪਖਤੂਨਖਵਾ ਦੇ ਲੋਕ ਆਪਣੀ ਆਜ਼ਾਦੀ ਵਾਸਤੇ ਸੰਘਰਸ਼ ਕਰ ਰਹੇ ਹਨ ਤੇ ਉਥੇ ਦੀ ਫੌਜ ਉਹਨਾਂ ਨੂੰ ਗੋਲੀਆਂ ਨਾਲ ਭੁੰਨ ਰਹੀ ਹੈ। ਅਗਲੇ ਹੀ ਦਿਨ ਲੰਡਨ ਬੈਠੇ ਬਲੋਚਿਸਤਾਨ ਦੇ ਵੱਖਵਾਦੀ ਲੀਡਰਾਂ ਨੇ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਤੇ ਤਾਲਮੇਲ ਦੀ ਤਜਵੀਜ਼ ਰੱਖੀ। ਹੁਣ ਸਵਾਲ ਇਹ ਹੈ ਕਿ ਜੋ ਵੀ ਬਲੋਚਿਸਤਾਨ ਵਿਚ ਸੰਘਰਸ਼ ਹੋ ਰਿਹਾ ਹੈ, ਉਥੇ ਕੋਈ ਸੱਤਿਆਗ੍ਰਹਿ, ਧਰਨੇ ਜਾਂ ਭੁੱਖ ਹੜਤਾਲਾਂ ਨਹੀਂ ਹੋ ਰਹੀਆਂ, ਉਥੇ ਬੰਦੂਕਾਂ ਵਰਤੀਆਂ ਜਾ ਰਹੀਆਂ ਹਨ। ਉਹ ਪਾਕਿਸਤਾਨ ਦੇ ਫੌਜੀਆਂ, ਸਿਆਸਤਦਾਨਾਂ ਤੇ ਹੋਰਨਾਂ ਦੇ ਕਤਲ ਕਰਦੇ ਹਨ ਤੇ ਖੁਦ ਵੀ ਕਤਲ ਹੁੰਦੇ ਰਹਿੰਦੇ ਹਨ। ਉਹ ਆਜ਼ਾਦੀ ਘੁਲਾਟੀਏ ਹਨ, ਮੁਜਾਹਿਦ ਹਨ, ਜਾਂ ਵੱਖਵਾਦੀ ਤੇ ਜਾਂ ਅਤਿਵਾਦੀ, ਅੱਜ ਦਾ ਇਹ ਸਿਧਾਂਤਕ ਵਿਸ਼ਾ ਬਣਦਾ ਜਾ ਰਿਹਾ ਹੈ।
ਬਲੋਚਿਸਤਾਨ ਦਾ ਹਥਿਆਰਬੰਦ ਵਿਰੋਧ ਵਾਕਿਆ ਹੀ ਪਾਕਿਸਤਾਨ ਵਾਸਤੇ ਭਾਰੀ ਮੁਸੀਬਤ ਹੈ, ਹੁਣ ਤਹਿਰੀਕੇ-ਤਾਲਿਬਾਨ ਪਾਕਿਸਤਾਨ ਵੀ ਸਰਗਰਮ ਹੋ ਰਿਹਾ ਹੈ। ਪਾਕਿਸਤਾਨ ਦੇ ਹਾਕਮ ਲਗਾਤਾਰ ਇਹ ਇਲਜ਼ਾਮ ਲਗਾਉਂਦੇ ਆਏ ਹਨ ਕਿ ਇਹ ਸਭ ਕੁਝ ਭਾਰਤ ਦੀ ਸ਼ਹਿ ਤੇ ਇਮਦਾਦ ਨਾਲ ਹੋ ਰਿਹਾ ਹੈ ਤੇ ਇਸ ਵਾਸਤੇ ਉਹ ਕੁਲਭੂਸ਼ਨ ਯਾਦਵ ਨੂੰ ਸਬੂਤ ਵਜੋਂ ਪੇਸ਼ ਕਰਦੇ ਹਨ। ਉਧਰ ਭਾਰਤ ਦਾ ਕਹਿਣਾ ਹੈ ਕਿ ਪਾਕਿਸਤਾਨ ਕਸ਼ਮੀਰ ਵਿਚ ਅਤਿਵਾਦ ਦੀਆਂ ਕਾਰਵਾਈਆਂ ਚਲਾ ਰਿਹਾ ਹੈ। ਇਸ ਨੂੰ ਪਾਕਿਸਤਾਨ ਦੀ ਤਰਫ਼ ਤੋਂ ਭਾਰਤ ਦੇ ਖਿਲਾਫ਼ ਚਲਾਈ ਜਾ ਰਹੀ ਅਸਿੱਧੀ ਜੰਗ ਵੀ ਕਿਹਾ ਜਾਂਦਾ ਹੈ। ਦੋਵੇਂ ਮੁਲਕ ਅਜਿਹੇ ਇਲਜ਼ਾਮਾਤ ਤੋਂ ਇਨਕਾਰੀ ਹਨ।
ਭਾਰਤ ਬਲੋਚਿਸਤਾਨ ਨੂੰ ਭਾਵੇਂ ਪਾਕਿਸਤਾਨ ਦਾ ਹਿੱਸਾ ਤਸਲੀਮ ਕਰਦਾ ਹੈ ਤੇ ਉਸ ਉਪਰ ਕਿਸੇ ਕਿਸਮ ਦਾ ਆਪਣਾ ਦਾਅਵਾ ਨਹੀਂ ਪਰ ਉਥੇ ਵਾਪਰੀ ਕਿਸੇ ਵੱਡੀ ਅਤਿਵਾਦੀ ਘਟਨਾ ਉਪਰ ਨਿੰਦਾ ਜਾਂ ਦੁੱਖ ਦਾ ਇਜ਼ਹਾਰ ਨਹੀਂ ਕੀਤਾ ਜਾਂਦਾ। ਇਸੇ ਤਰ੍ਹਾਂ ਪਾਕਿਸਤਾਨ ਵੀ ਜੰਮੂ ਕਸ਼ਮੀਰ ਵਿਚ ਵਾਪਰੀ ਅਜਿਹੀ ਘਟਨਾ ਉਪਰ ਅਫ਼ਸੋਸ ਦਾ ਪ੍ਰਗਟਾਵਾ ਨਹੀਂ ਕਰਦਾ। ਇਥੋਂ ਤੱਕ ਕਿ ਜਦੋਂ ਉੜੀ ਵਿਚ 11 ਭਾਰਤੀ ਫੌਜੀ ਮਾਰੇ ਗਏ ਸਨ ਤਾਂ ਨਵਾਜ਼ ਸ਼ਰੀਫ਼ ਨੇ ਪੁੱਛੇ ਜਾਣ ‘ਤੇ ਵੀ ਕਿਹਾ ਸੀ ਕਿ ਉਥੇ ਤਾਂ ਭਾਰਤ ਦੀ ਫੌਜ ਦੇ ਜਾਣ ਦਾ ਕੰਮ ਹੀ ਕੋਈ ਨਹੀਂ ਤੇ ਜੇ ਲੋਕਾਂ ਨੂੰ ਦਬਾਉਣ ਵਾਸਤੇ ਫੌਜ ਜਾਏਗੀ ਤਾਂ ਉਹ ਮੁਕਾਬਲਾ ਤਾਂ ਕਰਨਗੇ ਹੀ। ਸਿਰਫ਼ ਪੁਲਵਾਮਾ ਕਾਂਡ ਮਗਰੋਂ ਹੀ ਪਹਿਲੀ ਵਾਰ ਪਾਕਿਸਤਾਨ ਦੇ ਕਿਸੇ ਪ੍ਰਧਾਨ ਮੰਤਰੀ ਨੇ ਦੁੱਖ ਦਾ ਇਜ਼ਹਾਰ ਕੀਤਾ ਸੀ।
ਜੰਮੂ ਕਸ਼ਮੀਰ ਦੇ ਸਾਬਕਾ ਗਵਰਨਰ ਮਲਿਕ ਨੇ ਪੁਲਵਾਮਾ ਦੇ ਬਹੁਤ ਖੁਲਾਸੇ ਕੀਤੇ ਪਰ ਅਜੇ ਵੀ ਬਹੁਤ ਕੁਝ ਜਾਣਨਾ ਬਾਕੀ ਹੈ ਜੋ ਰਹੱਸ ਹੀ ਬਣਿਆ ਰਿਹਾ ਹੈ। ਗਵਰਨਰ ਨੇ ਵੀ ਕਿਹਾ ਕਿ ਸਾਢੇ ਤਿੰਨ ਕੁਇੰਟਲ ਦਾ ਬਾਰੂਦ ਪਾਕਿਸਤਾਨ ਦੇ ਸਿੱਧੇ ਰੋਲ ਬਿਨਾ ਨਹੀਂ ਪਹੁੰਚ ਸਕਦਾ ਸੀ। ਸਵਾਲ ਇਹ ਕਿ ਇਤਨਾ ਭਾਰੀ ਸਾਮਾਨ ਆਖਰ ਤਾਂ ਕਿਸੇ ਗੱਡੀ ਰਾਹੀਂ ਹੀ ਆ ਸਕਦਾ ਸੀ। ਜੇ ਕਈ ਬੰਦੇ ਥੈਲਿਆਂ ਵਿਚ ਪਾ ਕੇ ਲਿਆਏ ਹੋਣਗੇ ਤਾਂ ਅਜਿਹੇ ਸੰਭਾਵੀ ਰਸਤੇ ਦੀ ਕੋਈ ਨਿਸ਼ਾਨਦੇਹੀ ਨਹੀਂ ਕੀਤੀ ਜਾ ਸਕੀ। ਸਭ ਜਾਣਦੇ ਹਾਂ ਕਿ ਕੰਟਰੋਲ ਰੇਖਾ ਉਪਰ ਬਿਲਕੁਲ ਅਜਿਹੀ ਹਾਲਤ ਹੈ ਜਿਸ ਨੂੰ ਕਿਹਾ ਜਾਂਦਾ ਹੈ ਕਿ ਚਿੜੀ ਨਹੀਂ ਫੜਕ ਸਕਦੀ।
ਜਦੋਂ ਪਰਵੇਜ਼ ਮੁਸ਼ੱਰਫ ਆਗਰਾ ਮੀਟਿੰਗ ਵਾਸਤੇ ਆਇਆ ਸੀ ਤਾਂ ਉਸ ਕੋਲ ਸਾਡੇ ਪੱਤਰਕਾਰਾਂ ਨੇ ਗਿਲਾ ਕੀਤਾ ਕਿ ਪਾਕਿਸਤਾਨ ਦੀ ਤਰਫ਼ ਤੋਂ ਦਹਿਸ਼ਤਗਰਦਾਂ ਦੀ ਦਖਲ ਅੰਦਾਜ਼ੀ ਹੁੰਦੀ ਹੈ। ਉਸ ਦਾ ਜਵਾਬ ਸੀ ਕਿ ਫਿਰ ਤੁਹਾਡੀ ਸੱਤ ਲੱਖ ਫੌਜ ਉਥੇ ਕੀ ਕਰਦੀ ਹੈ। ਅੱਜ ਫਿਰ ਸਾਨੂੰ ਸੋਚਣਾ ਪੈ ਸਕਦਾ ਹੈ ਕਿ 8 ਲੱਖ ਫੌਜ, ਭਾਰਤ ਦੀ ਕੁੱਲ ਫੌਜ ਦਾ ਤੀਜਾ ਹਿੱਸਾ, ਕਸ਼ਮੀਰੀ ਵਿਚ ਤਾਇਨਾਤ ਹੈ, ਫਿਰ ਵੀ ਦੂਸਰੇ ਮੁਲਕ ਤੋਂ ਸਾਢੇ ਤਿੰਨ ਕੁਇੰਟਲ ਦਾ ਵਜ਼ਨ ਅੰਦਰ ਆ ਸਕਦਾ ਹੈ ਤਾਂ ਫੌਜ ਦੀ ਜ਼ਰੂਰਤ ਹੈ ਵੀ ਕਿ ਨਹੀਂ। ਸ਼ੁਰੂ ਸ਼ੁਰੂ ਵਿਚ ਖਬਰਾਂ ਸਨ ਕਿ ਸੜਕ ਬਣਾਉਣ ਦੇ ਕੰਮ ਵਿਚ ਪਹਾੜ ਦੀਆਂ ਚੱਟਾਨਾਂ ਤੋੜਨ ਵਾਸਤੇ ਵਰਤੇ ਜਾਂਦੇ ਬਰੂਦ ਨੂੰ ਇਕੱਠਾ ਕੀਤਾ ਗਿਆ, ਕੁਝ ਛਾਪੇ ਵੀ ਪਏ ਸਨ, ਫਿਰ ਉਹ ਖ਼ਬਰਾਂ ਵੀ ਗਾਇਬ ਹੋ ਗਈਆਂ।
ਇਹ ਠੀਕ ਹੈ ਕਿ ਅਤਿਵਾਦ ਭਾਰਤ ਵਾਸਤੇ ਗੰਭੀਰ ਸਮੱਸਿਆ ਹੈ। ਇਹ ਜੰਮੂ ਕਸ਼ਮੀਰ ਵਿਚ ਵੀ ਹੈ, ਅਸਾਮ, ਮਨੀਪੁਰ ਤੇ ਕਈ ਪੂਰਬੀ ਪ੍ਰਾਂਤਾਂ ਵਿਚ ਵੀ, ਇਹ ਛੱਤੀਸਗੜ੍ਹ ਤੇ ਝਾਰਖੰਡ ਵਿਚ ਵੀ ਹੈ। ਜੇ ਅਤਿਵਾਦ ਕਿਸੇ ਗੁਆਂਢੀ ਮੁਲਕ ਦੀ ਮਦਦ ਤੋਂ ਬਿਨਾ ਨਹੀਂ ਹੋ ਸਕਦਾ ਤਾਂ ਇਹਨਾਂ ਸਥਾਨਾਂ ਵਿਚ ਕਿਹੜੇ ਮੁਲਕ ਦੀ ਮਦਦ ਹੈ, ਅਸਾਂ ਕਦੇ ਨਹੀਂ ਸੁਣਿਆ। ਤੇ ਫਿਰ ਬਲੋਚਿਸਤਾਨ ਤੇ ਪਖ਼ਤੂਨਖਵਾ ਵਿਚਲਾ ਅਤਿਵਾਦ ਜਾਂ ਮੋਦੀ ਜੀ ਦੇ ਲਫ਼ਜ਼ਾਂ ਮੁਤਾਬਕ ਆਜ਼ਾਦੀ ਦਾ ਸੰਘਰਸ਼ ਕਿਸ ਮੁਲਕ ਦੀ ਮਦਦ ਨਾਲ ਚੱਲ ਰਿਹਾ ਹੋਵੇਗਾ।
ਅਤਿਵਾਦ ਦੀ ਪਰਿਭਾਸ਼ਾ ਕਈ ਪਾਸਿਉਂ ਪੇਚੀਦਾ ਹੋ ਰਹੀ ਹੈ। ਪਾਕਿਸਤਾਨ ਦੀ ਵਰਤਮਾਨ ਹਕੂਮਤ ਨੇ ਇਮਰਾਨ ਖਾਨ ਨੂੰ ਅਤਿਵਾਦੀ ਐਲਾਨ ਦਿੱਤਾ ਹੈ। ਉਸ ਉਪਰ ਇਹ ਇਲਜ਼ਾਮ ਲਗਾਇਆ ਹੈ ਕਿ ਉਸ ਨੇ ਲਾਹੌਰ ਵਿਚਲੇ ਆਪਣੇ ਘਰ ਵਿਚ ਅਤਿਵਾਦੀ ਛੁਪਾ ਰੱਖੇ ਹਨ। ਹੁਣ ਹੋ ਸਕਦਾ ਹੈ ਕਿ ਉਸ ਨੇ ਘਰ ਵਿਚ ਕੁਝ ਸਮਰਥਕਾਂ ਦਾ ਡੇਰਾ ਰੱਖਿਆ ਹੋਵੇ, ਹੋ ਸਕਦਾ ਹੈ ਕਿ ਉਹਨਾਂ ਪਾਸ ਹਥਿਆਰ ਵੀ ਹੋਣ, ਉਹ ਗੁੰਡਾ ਅਨਸਰ ਹੋਵੇ ਪਰ ਕੀ ਅਸੀਂ ਸਭਨਾ ਵਾਸਤੇ ਅਤਿਵਾਦੀ ਦਾ ਸ਼ਬਦ ਇਸਤੇਮਾਲ ਕਰਿਆ ਕਰਾਂਗੇ।
ਕਰਨਾਟਕ ਦੀਆਂ ਵਿਧਾਨ ਸਭਾ ਚੋਣਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰ ਵਾਰ ਕਾਂਗਰਸ ਉਪਰ ਇਲਜ਼ਾਮ ਲਗਾਇਆ ਕਿ ਉਹ ਵੋਟਾਂ ਖਾਤਰ ਅਤਿਵਾਦ ਪ੍ਰਤੀ ਨਰਮ ਰਵੱਈਆ ਅਖਤਿਆਰ ਕਰਦੀ ਆਈ ਹੈ। ਸਵਾਲ ਹੈ ਕਿ ਕੀ ਸੱਚਮੁੱਚ ਅਤਿਵਾਦ ਪ੍ਰਤੀ ਨਰਮ ਰਵੱਈਏ ਨਾਲ ਕਿਸੇ ਰਾਜਨੀਤਕ ਪਾਰਟੀ ਦੀ ਵੋਟ ਵਧ ਸਕਦੀ ਹੈ। ਅਤਿਵਾਦ ਗੰਭੀਰ ਮਾਮਲਾ ਹੈ, ਪ੍ਰਧਾਨ ਮੰਤਰੀ ਵੱਲੋਂ ਇਸ ਦੀ ਪੂਰੀ ਵਜਾਹਤ ਹੋਣੀ ਚਾਹੀਦੀ ਸੀ ਕਿ ਕਿਸ ਤਰ੍ਹਾਂ ਦਾ ਨਰਮ ਰਵੱਈਆ ਹੈ ਤੇ ਕਿਸ ਤਰ੍ਹਾਂ ਦਾ ਰਵੱਈਆ ਹੋਣਾ ਚਾਹੀਦਾ ਹੈ। ਉਹਨਾਂ ਦਾ ਇਕ ਹੋਰ ਹੈਰਾਨੀ ਵਾਲਾ ਬਿਆਨ ਰਾਜਸਥਾਨ ਬਾਰੇ ਆਇਆ ਕਿ ਉਥੋਂ ਦੀ ਸਰਕਾਰ ਅਤਿਵਾਦ ਪ੍ਰਤੀ ਨਰਮ ਰਵੱਈਆ ਅਪਣਾ ਰਹੀ ਹੈ। ਲੋਕ ਹੈਰਾਨ ਹਨ ਕਿ ਰਾਜਸਥਾਨ ਵਿਚ ਕਿਸ ਤਰ੍ਹਾਂ ਦੀ ਹੈ ਅਤਿਵਾਦ ਦੀ ਸਮੱਸਿਆ।
ਅਤਿਵਾਦ ਪ੍ਰਤੀ ਕਿਸੇ ਕਿਸਮ ਦੇ ਅਖੌਤੀ ਨਰਮ ਰਵੱਈਏ ਦਾ ਮਕਸਦ ਤਾਂ ਵੋਟਾਂ ਹਾਸਿਲ ਕਰਨਾ ਨਹੀਂ ਹੋ ਸਕਦਾ ਪਰ ਸਖਤ ਰਵੱਈਏ ਦੇ ਡਰਾਮੇ ਪਿੱਛੇ ਜ਼ਰੂਰ ਵੋਟ ਰਾਜਨੀਤੀ ਕੰਮ ਕਰਦੀ ਸੀ। ਇਕ ਦਿਨ ਅਚਾਨਕ ਟੀਵੀ ਚੈਨਲਾਂ ਉਪਰੋਂ ਖਬਰ ਦਿੱਤੀ ਜਾ ਰਹੀ ਸੀ ਕਿ ਭਾਰਤ ਦੇ ਸੁਰੱਖਿਆ ਦਸਤਿਆਂ ਨੇ ਪਾਕਿਸਤਾਨ ਦੇ ਖੇਤਰ ਦੇ ਅੰਦਰ ਜਾ ਕੇ ਸਰਜੀਕਲ ਅਟੈਕ ਕੀਤਾ ਹੈ। ਚੈਨਲਾਂ ਦੇ ਐਂਕਰ ਸਾਹੋ ਸਾਹ ਹੋ ਰਹੇ ਸਨ ਕਿ ਦੇਖੋ ਪਹਿਲੀ ਵਾਰ ਐੱਲਓਸੀ ਦੇ ਪਾਰ ਜਾ ਕੇ ਅਤਿਵਾਦੀ ਟਿਕਾਣਿਆਂ ਉਪਰ ਹਮਲੇ ਕੀਤੇ ਹਨ। ਉਦੋਂ ਵੀ ਇਕ ਪੁਖਤਾ ਗਿਣਤੀ ਦੱਸੀ ਗਈ ਕਿ ਅਠੱਤੀ ਅਤਿਵਾਦੀ ਮਾਰੇ ਗਏ। ਤੀਹ, ਚਾਲੀ ਜਾਂ ਪੰਜਾਹ ਦੇ ਲਗਭਗ ਨਹੀਂ, 38 ਦੀ ਗਿਣਤੀ ਦੱਸੀ ਗਈ ਜਿਵੇਂ ਲਾਈਨ ਵਿਚ ਖੜ੍ਹੇ ਕਰ ਕੇ ਗਿਣਤੀ ਕੀਤੀ ਹੋਵੇ। ਪਾਕਿਸਤਾਨ ਨੇ ਅਜਿਹੇ ਕਿਸੇ ਹਮਲੇ ਤੋਂ ਹੀ ਇਨਕਾਰ ਕੀਤਾ ਸੀ।
ਮੰਨਿਆ ਜਾ ਸਕਦਾ ਹੈ ਕਿ ਸਰਜੀਕਲ ਅਟੈਕ ਵਰਗਾ ਕੁਝ ਹੋਇਆ ਹੋਵੇਗਾ ਪਰ ਇਸ ਦਾ ਨਤੀਜਾ ਕੀ ਹੋਇਆ। ਕਸ਼ਮੀਰ ਦਾ ਸਭ ਤੋਂ ਦੁਖਦਾਈ ਅਤਿਵਾਦੀ ਹਮਲਾ ਉਸ ਤੋਂ ਬਾਅਦ ਹੀ ਪੁਲਵਾਮਾ ਵਿਚ ਹੋਇਆ। ਇਸ ਨੂੰ 2019 ਦੀਆਂ ਚੋਣਾਂ ਵਾਸਤੇ ਵਰਦਾਨ ਸਮਝਿਆ ਤੇ ਬਾਲਾਕੋਟ ਕੀਤਾ। ਇਕ ਵਾਰ ਫਿਰ ਟੀਵੀ ਚੈਨਲਾਂ ਉਪਰ ਲਲਕਾਰੇ ਮਾਰੇ ਗਏ, ਬੱਕਰੇ ਬੁਲਾਏ ਗਏ। ਪਹਿਲੀਆਂ ਖ਼ਬਰਾਂ ਕਿ 350 ਅਤਿਵਾਦੀ ਮਾਰੇ ਗਏ, ਫਿਰ ਸਾਡੇ ਗ੍ਰਹਿ ਮੰਤਰੀ ਨੇ ਇਹ ਗਿਣਤੀ 250 ਦੱਸੀ। ਏਅਰ ਚੀਫ ਨੇ ਦੱਸਿਆ ਕਿ ਉਹਨਾਂ ਦਾ ਕੰਮ ਟਾਰਗੈਟ ਨੂੰ ਖ਼ਤਮ ਕਰਨਾ ਸੀ, ਉਥੇ ਕਿੰਨੇ ਮਰੇ, ਕੋਈ ਮਰਿਆ ਵੀ ਕਿ ਨਹੀਂ, ਉਹਨਾਂ ਨੂੰ ਕੋਈ ਅੰਦਾਜ਼ਾ ਨਹੀਂ। ਜੋ ਵੀ ਹੋਵੇ, ਇਸ ਦਾ ਨਤੀਜਾ ਚੋਣਾਂ ਵਿਚ ਮਿਲਿਆ ਤਾਂ ਹੋ ਸਕਦਾ ਹੈ ਪਰ ਅਤਿਵਾਦ ਦੇ ਫਰੰਟ ‘ਤੇ ਨਹੀਂ। ਉਸ ਤੋਂ ਬਾਅਦ ਵੀ ਜੰਮੂ ਕਸ਼ਮੀਰ ਵਿਚ ਦੁਖਦਾਈ ਵਾਕਿਆ ਹੋ ਚੁਕੇ ਹਨ। ਅਤਿਵਾਦ ਦੀ ਹੀ ਤਰ੍ਹਾਂ ਇਸ ਪ੍ਰਤੀ ਨਰਮ ਤੇ ਸਖ਼ਤ ਰਵੱਈਏ ਦੇ ਅਰਥ ਵੀ ਧੁੰਦਲੇ ਹਨ।
ਸੰਪਰਕ: 98783-75903