ਪੜ੍ਹਦਿਆਂ ਸੁਣਦਿਆਂ

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਸੁਰਿੰਦਰ ਸਿੰਘ ਤੇਜ

ਸੁਰਿੰਦਰ ਸਿੰਘ ਤੇਜ

ਘਟਨਾ ਵੀਹ ਕੁ ਸਾਲ ਪੁਰਾਣੀ ਹੈ। ਇਕ ਅਮਰੀਕੀ ਪੱਤਰਕਾਰ ਤਤਕਾਲੀ ਵਿਦੇਸ਼ ਰਾਜ ਮੰਤਰੀ ਕੁੰਵਰ ਨਟਵਰ ਸਿੰਘ ਨਾਲ ਮੁਲਾਕਾਤ ਕਰਨ ਲਈ ਉਨ੍ਹਾਂ ਦੇ ਦਫ਼ਤਰ ਪਹੁੰਚਿਆ। ਉਸ ਦਾ ਪਹਿਲਾ ਹੀ ਸਵਾਲ ਸੀ ਕਿ ਭਾਰਤ, ਆਕਾਰ ਪੱਖੋਂ ਅਮਰੀਕਾ ਦਾ ਤੀਜਾ ਹਿੱਸਾ ਵੀ ਨਹੀਂ ਬਣਦਾ, ਫਿਰ ਵੀ ਇਸ ਦੀ ਵਸੋਂ ਅਮਰੀਕੀ ਵਸੋਂ ਤੋਂ ਪੰਜ ਗੁਣਾ ਵੱਧ ਕਿਉਂ ਹੈ। ਨਟਵਰ ਸਿੰਘ ਆਪਣੀ ਕੁਰਸੀ ਤੋਂ ਉੱਠੇ। ਕੰਧ ਉੱਤੇ ਲੱਗੇ ਭਾਰਤ ਦੇ ਵੱਡੇ ਸਾਰੇ ਨਕਸ਼ੇ ’ਤੇ ਹਿਮਾਲੀਆ ਪਰਬਤ ਉੱਪਰ ਆਪਣੀ ਪੈਨਸਿਲ ਦੀ ਨੋਕ ਰੱਖ ਕੇ ਬੋਲੇ: ਇਹਦੇ ਕਾਰਨ। ਫਿਰ ਆਪਣੀ ਸੀਟ ’ਤੇ ਪਰਤ ਕੇ ਉਹ ਕਹਿਣ ਲੱਗੇ: ਹਿਮਾਲੀਆ ਦੇ ਸਾਡੇ ਵਾਲੇ ਪਾਸੇ ਤਾਂ ਵਸੋਂ ਜ਼ਿਆਦਾ ਹੈ ਹੀ, ਦੂਜੇ ਪਾਸੇ ਵੀ ਘੱਟ ਨਹੀਂ। ਪੱਤਰਕਾਰ ਦੇ ਚਿਹਰੇ ’ਤੇ ਉੱਭਰੇ ਸਵਾਲੀਆ ਸ਼ਿਕਨਾਂ ਨੂੰ ਦੇਖ ਕੇ ਉਨ੍ਹਾਂ ਨੇ ਸਮਝਾਇਆ ਕਿ ਹਿਮਾਲੀਆ ਨਾ ਸਿਰਫ਼ ਭਾਰਤ ਵਾਲੇ ਪਾਸੇ ਪਾਣੀ ਤੇ ਪੌਸ਼ਟਿਕ ਮਿੱਟੀ ਲਗਾਤਾਰ ਪ੍ਰਦਾਨ ਕਰਦਾ ਆਇਆ ਹੈ ਬਲਕਿ ਅਜਿਹੀ ਬਖ਼ਸ਼ਿਸ਼ ਉਸ ਨੇ ਚੀਨ ਵਾਲੇ ਪਾਸੇ ਵੀ ਕੀਤੀ ਹੋਈ ਹੈ। ਦੋਵੇਂ ਪਾਸੇ ਦਸ ਹਜ਼ਾਰ ਵਰ੍ਹਿਆਂ ਤੋਂ ਵੱਧ ਸਮੇਂ ਤੋਂ ਖੇਤੀ ਹੁੰਦੀ ਆ ਰਹੀ ਹੈ। ਇਸ ਦੇ ਬਾਵਜੂਦ ਹਿਮਾਲੀਆ ਦੀ ਮਿਹਰ ਸਦਕਾ ਜ਼ਮੀਨ ਅਜੇ ਵੀ ਜ਼ਰਖ਼ੇਜ਼ ਹੈ। ਅਜਿਹਾ ਵਰਦਾਨ ਦੁਨੀਆਂ ਦੇ ਕਿਸੇ ਵੀ ਹੋਰ ਖਿੱਤੇ ਨੂੰ ਨਹੀਂ ਮਿਲਿਆ। ਜਦੋਂ ਪੇਟ ਭਰਨ ਵਿਚ ਕੋਈ ਦਿੱਕਤ ਨਾ ਹੁੰਦੀ ਹੋਵੇ ਤਾਂ ਇਨਸਾਨ ਨੂੰ ਬੱਚੇ ਪੈਦਾ ਕਰਨ ਵਿਚ ਵੀ ਦਿੱਕਤ ਨਹੀਂ ਹੁੰਦੀ। ਇਹੀ ਕਾਰਨ ਹੈ ਕਿ ਦੁਨੀਆਂ ਦੀ ਤਕਰੀਬਨ ਅੱਧੀ ਵਸੋਂ ਹਿਮਾਲੀਆ ਦੇ ਦੋਹੀਂ ਪਾਸੀ ਸਥਿਤ ਛੇ ਮੁਲਕਾਂ ਵਿਚ ਵਸੀ ਹੋਈ ਹੈ।

ਇਹ ਘਟਨਾ ਭਾਵੇਂ ਪੱਤਰਕਾਰ ਐੱਡ ਡੱਗਲਸ ਦੀ ਕਿਤਾਬ ‘ਹਿਮਾਲਾਯਾ: ਏ ਹਿਊਮਨ ਹਿਸਟਰੀ’ (ਹਿਮਾਲੀਆ ਤੇ ਮਾਨਵੀ ਇਤਿਹਾਸ; ਪੈਂਗੁਇਨ ਰੈਂਡਮ ਹਾਊਸ; 581 ਪੰਨੇ; 799 ਰੁਪਏ) ਦਾ ਹਿੱਸਾ ਨਹੀਂ, ਪਰ ਇਸ ਤੋਂ ਵੀ ਕਿਤੇ ਵੱਧ ਸੁਆਦਲੇ ਕਿੱਸਿਆਂ ਅਤੇ ਗਿਆਨਵਰਧਕ ਤੱਤਾਂ-ਤੱਥਾਂ ਨਾਲ ਇਹ ਕਿਤਾਬ ਲਬਰੇਜ਼ ਹੈ। ਪੱਤਰਕਾਰੀ ਤੋਂ ਇਲਾਵਾ ਡੱਗਲਸ ਨੂੰ ਪਰਬਤਾਰੋਹਣ ਨਾਲ ਵੀ ਅੰਤਾਂ ਦਾ ਮੋਹ ਹੈ। ਇਸ ਸੁਮੇਲ ਦੇ ਜ਼ਰੀਏ ਉਹ ਪਰਬਤਾਂ, ਵਣ-ਪ੍ਰਾਣੀਆਂ ਤੇ ਸਭਿਅਤਾਵਾਂ ਨਾਲ ਸਬੰਧਤ ਅੱਧੀ ਦਰਜਨ ਤੋਂ ਵੱਧ ਕਿਤਾਬਾਂ ਸਿਰਜ ਚੁੱਕਾ ਹੈ। ਇਨ੍ਹਾਂ ਵਿਚ ਦੋ ਨਾਵਲ ਵੀ ਸ਼ਾਮਲ ਹਨ। ਉਹ 40 ਤੋਂ ਵੱਧ ਵਾਰ ਹਿਮਾਲੀਆ ਖਿੱਤੇ ਦਾ ਭ੍ਰਮਣ ਕਰ ਚੁੱਕਿਆ ਹੈ। ਅਜਿਹਾ ਕਰਨ ਲਈ ਉਸ ਨੇ ਖ਼ਤਰੇ ਵੀ ਸਹੇੜੇ, ਕੁਝ ਵੱਡੀਆਂ ਸਿਰਦਰਦੀਆਂ ਵੀ ਮੁੱਲ ਲਈਆਂ, ਦੋ ਕੁ ਵਾਰ ਹੱਡੀਆਂ ਵੀ ਤੁੜਵਾਈਆਂ। ਤੱਥ ਖੋਜਣ, ਉਨ੍ਹਾਂ ਪਿਛਲੇ ਭੇਤ ਲੱਭਣ ਅਤੇ ਫਿਰ ਇਨ੍ਹਾਂ ਭੇਤਾਂ ਦੀ ਪੜਚੋਲ ਤੇ ਵਿਆਖਿਆ ਕਰਨ ਉੱਤੇ ਉਸ ਦੀ ਮੁਹਾਰਤ ਹੈ। ਇਸੇ ਮੁਹਾਰਤ ਦਾ ਪ੍ਰਤੀਫਲ ਹੈ ਹਿਮਾਲੀਆ ਦਾ ਮਾਨਵੀ ਇਤਿਹਾਸ। ਇਸ ਦੇ ਕਥਾਨਕ ਦਾ ਕੈਨਵਸ ਬੜਾ ਵਿਸ਼ਾਲ ਹੈ: ਹਿਮਾਲੀਆ ਦੇ ਆਸ-ਪਾਸ ਵਸੇ ਲੋਕਾਂ ਦੇ ਮੁੱਢ-ਕਦੀਮ ਦੇ ਇਤਿਹਾਸ, ਸਭਿਅਤਾਵਾਂ ਦੇ ਵਿਕਾਸ, ਢੰਗਾਂ ਅਤੇ ਸਾਹਸੀ ਕਾਰਨਾਮਿਆਂ ਦੀ ਸ਼ਿੱਦਤ ਤੇ ਤਰਤੀਬ ਨੂੰ ਬਿਆਨ ਕਰਨ ਵਾਲਾ। ਇਹੋ ਵਿਸ਼ਾ-ਵਸਤੂ ਤੇ ਸਮਤੋਲ ਇਸ ਕਿਤਾਬ ਨੂੰ ਹਿਮਾਲੀਆ ਬਾਰੇ ਹੋਰਨਾਂ ਕਿਤਾਬਾਂ ਤੋਂ ਵਿਲੱਖਣ ਬਣਾਉਂਦਾ ਹੈ।

ਡੱਗਲਸ ਦਾ ਹਿਮਾਲੀਆ, ਪੱਛਮ ਵਿਚ ਹਿੰਦੂਕੁਸ਼ ਦੇ ਗੁਆਂਢ ਤੋਂ ਸ਼ੁਰੂ ਹੋ ਕੇ ਪੂਰਬ ਵਿਚ ਅਰੁਣਾਚਲ ਪਹੁੰਚ ਕੇ ਨਹੀਂ ਮੁੱਕਦਾ। ਉਸ ਮੁਤਾਬਿਕ ਹਿੰਦੂਕੁਸ਼, ਕਰਾਕੁਰਮ, ਸੁਲੇਮਾਨ ਅਤੇ (ਜੇਡ ਵਰਗੇ ਕੀਮਤੀ ਹਰੇ ਪੱਥਰ ਨਾਲ ਲੈਸ) ਖ਼ੁਨਲੁਨ ਪਰਬਤੀ ਲੜੀਆਂ ਤੋਂ ਇਲਾਵਾ ਸਮੁੱਚਾ ਤਿੱਬਤੀ ਪਠਾਰ ਅਤੇ ਪੂਰਬ ਵਿਚ ਮਿਆਂਮਾਰ ਤੱਕ ਪੁੱਜਦੀਆਂ ਅਰਾਕਾਨ ਪਹਾੜੀਆਂ ਹਿਮਾਲੀਆ ਦਾ ਹੀ ਹਿੱਸਾ ਹਨ। ਹਿਮਾਲੀਆ ਨੇ ਨਾ ਸਿਰਫ਼ ਸਮੁੱਚੇ ਏਸ਼ੀਆ ਦੀ ਭੂਗੋਲਿਕ ਤੇ ਵਸੋਂ ਸਬੰਧੀ ਬਣਤਰ ਨੂੰ ਪ੍ਰਭਾਵਿਤ ਕੀਤਾ ਹੈ ਸਗੋਂ ਇਸ ਉਪਰਲੀਆਂ ਮੌਸਮੀ ਤਬਦੀਲੀਆਂ ਹਜ਼ਾਰਾਂ ਮੀਲ ਵਸੇ ਕੈਨੇਡਾ ਉੱਤੇ ਵੀ ਅਸਰਅੰਦਾਜ਼ ਹੁੰਦੀਆਂ ਹਨ। ਇਹ ਪਰਬਤਮਾਲਾ ਆਪਣੀ ਉਚਾਈ ਸਦਕਾ ਜਿੱਥੇ ਆਪਣੀਆਂ ਢਲਾਣਾਂ ਅਤੇ ਉਨ੍ਹਾਂ ਤੋਂ ਹੇਠਲੇ ਇਲਾਕਿਆਂ ਵਿਚ ਵਸੇ ਮੁਲਕਾਂ ਵਾਸਤੇ ਸਰਹੱਦੀ ਢਾਲ ਸਾਬਤ ਹੁੰਦੀ ਆਈ ਹੈ, ਉੱਥੇ ਦੋਸਤੀਆਂ, ਦੁਸ਼ਮਣੀਆਂ ਤੇ ਦੁਸ਼ਵਾਰੀਆਂ ਦੀ ਵਜ੍ਹਾ ਵੀ ਬਣਦੀ ਰਹੀ ਹੈ। ਦੋ ਵੱਡੇ ਮੁਲਕ ਇਸ ਦੀਆਂ ਨਿਆਮਤਾਂ ਨੂੰ ਆਪਣੇ ਕਾਬੂ ਵਿਚ ਰੱਖਣ ਖ਼ਾਤਿਰ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਪ੍ਰਾਚੀਨ ਸਮਿਆਂ ਵਿਚ ਅਜਿਹੀ ਜ਼ੋਰਾਵਰੀ ਦਿਖਾਉਣੀ ਕਾਫ਼ੀ ਮੁਸ਼ਕਿਲ ਸੀ, ਪਰ ਅਜੋਕੇ ਸਮਿਆਂ ਦੀ ਵਿਗਿਆਨਕ ਪ੍ਰਗਤੀ ਨੇ ਉਚੇਰੀਆਂ ਚੋਟੀਆਂ ਦੇ ਅੰਦਰੋਂ ਵੀ ਸੰਨ੍ਹ ਲਾਉਣੀ ਮੁਮਕਿਨ ਬਣਾ ਦਿੱਤੀ ਹੈ। ਡੱਗਲਸ ਨੇ ਤਿੱਬਤ ਦੇ ਮਹੱਤਵ ਉੱਤੇ ਉਚੇਚੇ ਤੌਰ ਉੱਤੇ ਜ਼ੋਰ ਦਿੱਤਾ ਹੈ। ਉਸ ਮੁਤਾਬਿਕ ਤਿੱਬਤ ਕਈ ਸਦੀਆਂ ਤੱਕ ਅੰਦਰੂਨੀ ਏਸ਼ੀਆ ਲਈ ਵੱਡਾ ਵਪਾਰਕ ਤੇ ਸੱਭਿਆਚਾਰਕ ਕੇਂਦਰ ਬਣਿਆ ਰਿਹਾ। ਇਸ ਨੇ ਚੀਨੀ ਸਭਿਅਤਾ ਉੱਤੇ ਵੀ ਅਸਰ ਪਾਇਆ ਅਤੇ ਭਾਰਤੀ ਸਭਿਅਤਾ ਉੱਤੇ ਵੀ। ਇਹ ਹਜ਼ਾਰਾਂ ਫੁੱਟ ਉੱਚੀ ਖ਼ੁਸ਼ਕ ਪਠਾਰ ਨਹੀਂ, ਬਲਕਿ ਹਿਮਾਲੀਆ ਦਾ ਉਹ ਹਿੱਸਾ ਹੈ ਜਿਸ ਨੇ ਇਨਸਾਨ ਨੂੰ ਕਠਿਨਾਈਆਂ ਝੱਲਣ ਅਤੇ ਔਕੜਾਂ ਉਪਰ ਕਾਬੂ ਪਾਉਣ ਦੀ ਸਮਰੱਥਾ ਨਾਲ ਲਗਾਤਾਰ ਲੈਸ ਕੀਤਾ। ਭੂਗੋਲਿਕ ਤੌਰ ’ਤੇ ਵੀ ਇਹ ਹਿਮਾਲੀਆ ਨੂੰ ਸਥਿਰਤਾ ਪ੍ਰਦਾਨ ਕਰਦਾ ਆਇਆ ਹੈ।

ਡੱਗਲਸ ਮੁਤਾਬਿਕ ਹਿਮਾਲੀਆ ਲੜੀ ਸਾਡੀ ਧਰਤੀ ਦੀ ਉਮਰ ਪੱਖੋਂ ਸਭ ਤੋਂ ਛੋਟੀ ਪਰਬਤਮਾਲਾ ਹੋਣ ਦੇ ਬਾਵਜੂਦ ਪੰਜ ਕਰੋੜ ਵਰ੍ਹਿਆਂ ਤੋਂ ਵੱਧ ਸਮਾਂ ਪਹਿਲਾਂ ਵਜੂਦ ਵਿਚ ਆਉਣੀ ਸ਼ੁਰੂ ਹੋਈ। ਦੁਨੀਆਂ ਦਾ ਇਕ-ਤਿਹਾਈ ਵਣ ਜੀਵਨ ਅਜੇ ਵੀ ਇਸ ਉਪਰ ਪੂਰੀ ਤਰ੍ਹਾਂ ਨਿਰਭਰ ਹੈ। ਇਸ ਦੇ ਵਜੂਦ ਦੇ ਮੁੱਢ ਤੋਂ ਲੈ ਕੇ ਐਵਰੈਸਟ ਚੋਟੀ ਦੀ ਪੈਮਾਇਸ਼ ਅਤੇ ਫਿਰ ਇਸ ਚੋਟੀ ਨੂੰ ਸਰ ਕਰਨ ਦੇ ਜਨੂਨ ਨਾਲ ਜੁੜੀਆਂ ਦਾਸਤਾਨਾਂ ਇਸ ਕਿਤਾਬ ਵਿਚ ਸੰਮਿਲਿਤ ਹਨ। ਦੰਦ ਕਥਾਵਾਂ ਦਾ ਭੰਡਾਰ ਰਿਹਾ ਹੈ ਇਹ ਪਹਾੜੀ ਖਿੱਤਾ। ਇਨ੍ਹਾਂ ਦੀ ਪੁਣਛਾਣ ਅਤੇ ਇਤਿਹਾਸ ਤੇ ਮਿਥਿਹਾਸ ਨੂੰ ਅਲਹਿਦਾ ਕਰਨ ਦਾ ਕੰਮ ਵੀ ਕੀਤਾ ਹੈ ਡੱਗਲਸ ਨੇ। ਇਹ ਦੱਸਦਾ ਹੈ ਕਿ ਤਿੱਬਤ ਨਾਲ ਯੂਰੋਪੀਅਨਾਂ ਦੀ ਸਾਂਝ ਬੋਧ ਧਰਮ ਕਾਰਨ ਨਹੀਂ ਪਈ ਸਗੋਂ ਕਸਤੂਰੀ ਦੀ ਮਹਿਕ ਕਾਰਨ ਪਈ। ਕਸਤੂਰੀ ਵਾਲੇ ਇਤਰ-ਫੁਲੇਲਾਂ ਦੇ ਸਰੋਤਾਂ ਤੱਕ ਪੁੱਜਣ ਦੀ ਲਾਲਸਾ, ਯੂਰੋਪੀਅਨਾਂ ਨੂੰ ਤਿੱਬਤ ਤੱਕ ਲਿਆਉਂਦੀ ਰਹੀ। ਪਹਿਲ ਸਾਲ 1600 ਵਿਚ ਇਕ ਆਰਮੀਨਿਆਈ ਵਪਾਰੀ ਨੇ ਕੀਤੀ। ਇਸ ਮਗਰੋਂ ਫਰਾਂਸੀਸੀ ਤੇ ਡੱਚ ਕਾਰੋਬਾਰੀ ਪਹੁੰਚੇ। ਫਿਰ ਬ੍ਰਿਟਿਸ਼। ਭਾਰਤੀ ਉਪ ਮਹਾਂਦੀਪ ਉੱਪਰ ਕਬਜ਼ੇ ਮਗਰੋਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਡਾਇਰੈਕਟਰਾਂ ਨੂੰ ਤਿੱਬਤ ਹਥਿਆਉਣ ਅਤੇ ਕਸਤੂਰੀ ਹਿਰਨਾਂ ਦੀ ਪਾਲਤੂਆਂ ਵਜੋਂ ਪੈਦਾਇਸ਼ ਕਰਨ ਦਾ ਵਿਚਾਰ ਸੁੱਝਿਆ ਜ਼ਰੂਰ ਸੀ, ਪਰ ਇਸ ਕਾਰਜ ਨਾਲ ਜੁੜੀਆਂ ਤਕਨੀਕੀ ਤੇ ਮਾਇਕ ਪੇਚੀਦਗੀਆਂ ਨੇ ਮਨਸੂਬਾ ਸਿਰੇ ਨਹੀਂ ਚੜ੍ਹਨ ਦਿੱਤਾ। ਬ੍ਰਿਟਿਸ਼-ਭਾਰਤ ਦੇ ਦੋ ਅਧਿਕਾਰੀਆਂ- ਸਰ ਸਿਡਨੀ ਬਰਾਰਡ ਅਤੇ ਸਰ ਹੈਨਰੀ ਹੇਅਡਨ ਵੱਲੋਂ ਹਿਮਾਲੀਆ ਦੇ ਸੁਭਾਅ ਤੇ ਬਣਤਰ ਸਮਝਣ-ਸਮਝਾਉਣ ਲਈ ਨਿਭਾਏ ਰੋਲ ਅਤੇ ਚੀਨ ਵਿਚੋਂ ਚਾਹ-ਪੱਤੀ ਦੇ ਪੌਦੇ ਚੁਰਾ ਕੇ ਲਿਆਉਣ ਤੇ ਉਨ੍ਹਾਂ ਦੀ ਮਦਦ ਨਾਲ ਭਾਰਤ ਦੇ ਉੱਤਰ-ਪੂਰਬੀ ਖਿੱਤੇ ਨੂੰ ਚਾਹ ਬਾਗ਼ਾਂ ਦੇ ਖਿੱਤੇ ਵਜੋਂ ਬਦਲਣ ਦਾ ਕਥਾਨਕ ਵੀ ਇਸ ਕਿਤਾਬ ਦਾ ਹਿੱਸਾ ਹੈ। ਕਿਤਾਬ, ਹਿਮਾਲੀਆ ਦੀਆਂ ਨਿਆਮਤਾਂ ਦੇ ਸ਼ੋਸ਼ਣ ਦੀ ਕਹਾਣੀ ਵੀ ਕਹਿੰਦੀ ਹੈ। ਇਸੇ ਕਹਾਣੀ ਵਿਚ ਇਹ ਸਬਕ ਵੀ ਛੁਪਿਆ ਹੋਇਆ ਹੈ ਕਿ ਹਿਮਾਲੀਆ ਅਤਿ-ਮਿਹਰਬਾਨ ਹੋਣ ਦੇ ਬਾਵਜੂਦ ਇਨਸਾਨ-ਰੂਪੀ ਹੈਵਾਨਾਂ ਉੱਤੇ ਕਹਿਰ ਕਿਉਂ ਤੇ ਕਿਵੇਂ ਢਾਹੁੰਦਾ ਆਇਆ ਹੈ। ਬੜਾ ਸਲੀਕੇਦਾਰ ਹੈ ਇਹ ਸਬਕ।

* * *

ਕਰਨਲ ਬਲਬੀਰ ਸਿੰਘ ਸਰਾਂ ਵੱਲੋਂ ਪੰਜਾਬੀ ਵਿਚ ਫ਼ੌਜੀ ਇਤਿਹਾਸ ਕਲਮਬੰਦ ਕਰਨ ਦੀ ਘਾਲਣਾ ਜਾਰੀ ਹੈ। ‘ਸਿੱਖ ਪਾਇਨੀਅਰਜ਼ ਤੋਂ ਕਾਲੀਧਾਰ ਪਲਟਨ: ਬਹਾਦਰੀ ਤੇ ਕੁਰਬਾਨੀ ਦੀ ਗਾਥਾ’ (ਸਵੈ-ਪ੍ਰਕਾਸ਼ਿਤ; 254 ਪੰਨੇ; 400 ਰੁਪਏ) ਉਨ੍ਹਾਂ ਦੀ ਚੌਥੀ, ਪਰ ਫ਼ੌਜੀ ਇਤਿਹਾਸ ਨਾਲ ਜੁੜੀ ਤੀਜੀ ਕਿਤਾਬ ਹੈ। ਇਹ ਕਿਤਾਬ ਉਨ੍ਹਾਂ ਵੱਲੋਂ ਆਪਣੀ ਪਹਿਲੀ ਪਲਟਨ- 6 ਸਿੱਖ ਲਾਈਟ ਇਨਫੈਂਟਰੀ (6 ਸਿੱਖ ਐਲਆਈ) ਦੀ ਸੂਰਬੀਰਤਾ ਤੇ ਕਰਤੱਵ-ਨਿਸ਼ਠਾ ਨੂੰ ਅਕੀਦਤ ਹੈ। 6 ਸਿੱਖ ਐਲਆਈ ਨੂੰ ਕਾਲੀਧਾਰ ਪਲਟਨ ਵਜੋਂ ਜਾਣਿਆ ਜਾਂਦਾ ਹੈ। 1965 ਵਿਚ ਇਸ ਨੇ ਛੰਭ ਸੈਕਟਰ ਦੇ ਕਾਲੀਧਾਰ ਜੰਗੀ ਅਖਾੜੇ ਵਿਚ ਹਾਰੀ ਬਾਜ਼ੀ ਜਿੱਤੀ ਸੀ। ਉਸ ਲੜਾਈ ਨੂੰ ਵੱਡੇ ਜੰਗੀ ਕਾਰਨਾਮੇ ਵਜੋਂ ਮਾਨਤਾ ਮਿਲੀ। ਇਸ ਤਰ੍ਹਾਂ ਇਹ ਵੀਰ-ਗਾਥਾ ਇਸ ਪਲਟਨ ਦੀ ਪੱਕੀ ਪਛਾਣ ਬਣ ਗਈ। ਸਿੱਖ ਰਾਜ ਦੇ ਬ੍ਰਿਟਿਸ਼ ਭਾਰਤ ਵਿਚ ਰਲੇਵੇਂ ਮਗਰੋਂ ਅੰਗਰੇਜ਼ਾਂ ਨੇ ਸਿੱਖ ਪਾਇਨੀਅਰਜ਼ ਨਾਮੀ ਬਟਾਲੀਅਨ ਕਾਇਮ ਕੀਤੀ ਸੀ। 6 ਸਿੱਖ ਲਾਈਟ ਇਨਫੈਂਟਰੀ ਇਸੇ ਪੁਰਖੇ ਦੀ ਇਕ ਜਾਨਸ਼ੀਨ ਹੈ।

ਯੁੱਧ-ਭੂਮੀ ਵਿਚ ਸੂਰਮਗਤੀ ਦੀਆਂ ਨਵੀਆਂ ਮਿਸਾਲਾਂ ਕਾਇਮ ਕਰਨ ਪੱਖੋਂ ਪੰਜਾਬੀ ਹਮੇਸ਼ਾ ਹੀ ਮਸ਼ਹੂਰ ਰਹੇ ਹਨ। ਅਫ਼ੋਸਸਨਾਕ ਪੱਖ ਇਕੋ ਰਿਹਾ ਕਿ ਇਨ੍ਹਾਂ ਮਿਸਾਲਾਂ ਨੂੰ ਸੁਹਜਮਈ ਢੰਗ ਨਾਲ ਭਾਰਤੀ ਭਾਸ਼ਾਵਾਂ, ਖ਼ਾਸ ਕਰਕੇ ਪੰਜਾਬੀ ਵਿਚ ਲਿਖਣ ਵੱਲ ਕਦੇ ਵੀ ਉਚੇਚਾ ਧਿਆਨ ਨਹੀਂ ਦਿੱਤਾ ਗਿਆ। ਲਿਹਾਜ਼ਾ, ਜੋ ਕੰਮ ਰੱਖਿਆ ਮੰਤਰਾਲੇ ਜਾਂ ਪੰਜਾਬ ਸਰਕਾਰ ਨੂੰ ਕਰਨਾ ਚਾਹੀਦਾ ਸੀ, ਉਹ ਕਰਨਲ ਸਰਾਂ ਵਰਗੇ ਸਿਦਕਵਾਨ ਪੱਲਿਓਂ ਪੈਸੇ ਖ਼ਰਚ ਕੇ ਕਰਦੇ ਆ ਰਹੇ ਹਨ। ਕਰਨਲ ਸਰਾਂ ਦੀ ਲੇਖਣੀ ਵਿਚ ਅਲਫ਼ਾਜ਼ੀ ਜਾਂ ਅਲੰਕਾਰਕ ਫੁਲਾਵਟ ਨਹੀਂ, ਆਪਣੀ ਗੱਲ ਸਰਲ ਤੇ ਸਹਿਜ ਨਾਲ ਸਮਝਾਉਣ ਦਾ ਸਲੀਕਾ ਮੌਜੂਦ ਹੈ। ਹਰ ਨਵੀਂ ਕਿਤਾਬ ਵਿਚ ਇਹ ਸਲੀਕਾ ਵੱਧ ਉਭਰਵੇਂ ਢੰਗ ਨਾਲ ਸਾਹਮਣੇ ਆ ਰਿਹਾ ਹੈ। ‘ਸਿੱਖ ਪਾਇਨੀਅਰਜ਼ ਤੋਂ ਕਾਲੀਧਾਰ ਪਲਟਨ’ ਅਜਿਹੀ ਪ੍ਰਗਤੀ ਤੇ ਮਸ਼ੱਕਤ ਦੀ ਉਮਦਾ ਮਿਸਾਲ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਵਿਧਾਇਕ ਤੇ ਵਜ਼ੀਰ ਹੋਏ ਮਿਹਣੋਂ ਮਿਹਣੀ

ਵਿਧਾਇਕ ਤੇ ਵਜ਼ੀਰ ਹੋਏ ਮਿਹਣੋਂ ਮਿਹਣੀ

* ਮੁੱਖ ਮੰਤਰੀ ਅੱਜ ਦੇਣਗੇ ਬਹਿਸ ਦਾ ਜਵਾਬ * ਸ਼੍ਰੋਮਣੀ ਅਕਾਲੀ ਦਲ ਤੇ ‘ਆ...

ਕਿਸਾਨੀ ਸੰਘਰਸ਼ ’ਚ ਯੋਗਦਾਨ ਲਈ ਬੰਗਾਲ ਨੂੰ ਸੱਦਾ

ਕਿਸਾਨੀ ਸੰਘਰਸ਼ ’ਚ ਯੋਗਦਾਨ ਲਈ ਬੰਗਾਲ ਨੂੰ ਸੱਦਾ

ਪੱਛਮੀ ਬੰਗਾਲ ਦੇ ਲੇਖਕਾਂ, ਕਵੀਆਂ, ਕਿਸਾਨਾਂ ਤੇ ਵਿਦਿਆਰਥੀ ਕਾਰਕੁਨਾਂ ਵ...

ਸ਼ਹਿਰ

View All