DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੰਨ ਭੰਡਾਰ ਭਰਨ ਵਾਲੇ ਅੰਨਦਾਤੇ ਦਾ ਬੋਝਾ ਖਾਲੀ..!

ਪੰਜਾਬ ਦੀਆਂ ਮੰਡੀਆਂ ਅਨਾਜ ਨਾਲ ਭਰੀਆਂ ਹੋਈਆਂ ਹਨ। ਅਜਿਹੇ ਹਾਲਾਤ ਵਿੱਚ ਦੇਸ਼ ਦਾ ਢਿੱਡ ਭਰਨ ਵਾਲੇ ਅੰਨਦਾਤੇ ਦੀ ਹਾਲਤ ਬੇਹੱਦ ਤਰਸਯੋਗ ਹੈ। ਪਹਿਲਾਂ ਕੁਦਰਤ ਦੀ ਕਰੋਪੀ ਅਤੇ ਹੁਣ ਸਰਕਾਰਾਂ ਦੀ ਬੇਰੁਖ਼ੀ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਕਿਸਾਨਾਂ ਨਾਲ...

  • fb
  • twitter
  • whatsapp
  • whatsapp
Advertisement
ਪੰਜਾਬ ਦੀਆਂ ਮੰਡੀਆਂ ਅਨਾਜ ਨਾਲ ਭਰੀਆਂ ਹੋਈਆਂ ਹਨ। ਅਜਿਹੇ ਹਾਲਾਤ ਵਿੱਚ ਦੇਸ਼ ਦਾ ਢਿੱਡ ਭਰਨ ਵਾਲੇ ਅੰਨਦਾਤੇ ਦੀ ਹਾਲਤ ਬੇਹੱਦ ਤਰਸਯੋਗ ਹੈ। ਪਹਿਲਾਂ ਕੁਦਰਤ ਦੀ ਕਰੋਪੀ ਅਤੇ ਹੁਣ ਸਰਕਾਰਾਂ ਦੀ ਬੇਰੁਖ਼ੀ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਕਿਸਾਨਾਂ ਨਾਲ ਰੱਬ ਹੀ ਰੁੱਸ ਗਿਆ ਹੋਵੇ। ਪਿਛਲੇ ਦਿਨੀਂ ਆਏ ਹੜ੍ਹਾਂ ਕਾਰਨ ਮਾਝਾ ਖੇਤਰ ਦੇ ਉਪਜਾਊ ਖੇਤ ਰੇਤ ਨਾਲ ਭਰ ਗਏ ਸਨ, ਜਿਨ੍ਹਾਂ ਨੂੰ ਮੁੜ ਖੇਤੀ ਯੋਗ ਬਣਾਉਣ ਲਈ ਪਤਾ ਨਹੀਂ ਕਿੰਨਾ ਸਮਾਂ ਲੱਗੇਗਾ। ਸਾਉਣੀ ਦੀ ਫ਼ਸਲ ਦੇ ਵੱਡੇ ਨੁਕਸਾਨ ਤੋਂ ਬਾਅਦ ਕਿਸਾਨਾਂ ਨੂੰ ਹਾੜ੍ਹੀ ਦੀ ਫ਼ਸਲ ਤੋਂ ਬਹੁਤ ਉਮੀਦਾਂ ਸਨ। ਇਸ ਵਾਰ ਖੇਤਾਂ ਵਿੱਚ ਖੜ੍ਹੀ ਕਣਕ ਦੀ ਫ਼ਸਲ ਬਹੁਤ ਸ਼ਾਨਦਾਰ ਲੱਗ ਰਹੀ ਸੀ। ਬੰਪਰ ਪੈਦਾਵਾਰ ਦੇ ਸੁਪਨੇ ਦੇਖਦਿਆਂ ਮਿਹਨਤੀ ਕਿਸਾਨਾਂ ਨੇ ਆਉਣ ਵਾਲੇ ਸਮੇਂ ਲਈ ਜ਼ਮੀਨਾਂ ਠੇਕੇ ’ਤੇ ਲੈਣ ਵਾਸਤੇ ਸਾਈਆਂ (ਬਿਆਨੇ) ਤੱਕ ਵੀ ਦੇ ਦਿੱਤੀਆਂ ਸਨ, ਪਰ ਕਿਸੇ ਨੂੰ ਕੀ ਪਤਾ ਸੀ ਕਿ ਇਸ ਸੁਨਹਿਰੀ ਫ਼ਸਲ ’ਤੇ ਕੁਦਰਤ ਦਾ ਕਹਿਰ ਵਰ੍ਹ ਜਾਵੇਗਾ। ਬੇਮੌਸਮੀ ਬਾਰਸ਼ ਅਤੇ ਗੜਿਆਂ ਨੇ ਕਣਕ ਨੂੰ ਧਰਤੀ ’ਤੇ ਵਿਛਾ ਦਿੱਤਾ। ਕਣਕ ਦੀਆਂ ਬੱਲੀਆਂ ਟੁੱਟ ਗਈਆਂ ਅਤੇ ਇਸ ਮਾਰ ਨੇ ਕਿਸਾਨਾਂ ਦੇ ਅਰਮਾਨ ਚਕਨਾਚੂਰ ਕਰ ਦਿੱਤੇ ਹਨ। ਮੀਂਹ ਕਾਰਨ ਡਿੱਗੀ ਹੋਈ ਕਣਕ ਨੂੰ ਵੱਢਣ ਲਈ ਕੰਬਾਈਨ ਮਾਲਕਾਂ ਨੇ ਰੇਟ ਦੁੱਗਣੇ ਕਰ ਦਿੱਤੇ ਅਤੇ ਮਸ਼ੀਨਰੀ ਦੇ ਡੀਜ਼ਲ ਦਾ ਖ਼ਰਚਾ ਵੀ ਦੁੱਗਣਾ ਹੋ ਗਿਆ। ਕਿਸਾਨਾਂ ਨੇ ਬੜੀ ਮੁਸ਼ਕਿਲ ਨਾਲ ਦਾਣਾ-ਦਾਣਾ ਇਕੱਠਾ ਕਰ ਕੇ ਮੰਡੀਆਂ ਵਿੱਚ ਢੇਰੀ ਕਰ ਦਿੱਤਾ।

ਦੁਨੀਆ ਵਿੱਚ ਹਰ ਚੀਜ਼ ਦਾ ਮੁੱਲ ਉਸ ਦਾ ਮਾਲਕ ਖ਼ੁਦ ਤੈਅ ਕਰਦਾ ਹੈ, ਪਰ ਕਿਸਾਨ ਦੀ ਫ਼ਸਲ ਦਾ ਮੁੱਲ ਹਮੇਸ਼ਾ ਵਪਾਰੀਆਂ ਦੇ ਰਹਿਮੋ-ਕਰਮ ’ਤੇ ਨਿਰਭਰ ਕਰਦਾ ਹੈ। ਇੱਥੋਂ ਤੱਕ ਕਿ ਸਰਕਾਰਾਂ ਨੇ ਵੀ ਕਣਕ ਖ਼ਰੀਦਣ ਤੋਂ ਟਾਲ-ਮਟੋਲ ਕਰਨੀ ਸ਼ੁਰੂ ਕਰ ਦਿੱਤੀ। ਪਿਛਲੇ ਵੀਹ ਦਿਨਾਂ ਤੋਂ ਮੰਡੀਆਂ ਵਿੱਚ ਰੁਲ ਰਹੇ ਕਿਸਾਨ ਭੁੱਬਾਂ ਮਾਰ ਕੇ ਰੋਣ ਲਈ ਮਜਬੂਰ ਹਨ। ਉਹ ਸੋਚਦੇ ਹਨ ਕਿ ਇਹ ਕੁਦਰਤੀ ਕਹਿਰ ਵਾਪਰਨ ਵਿੱਚ ਉਨ੍ਹਾਂ ਦਾ ਤਾਂ ਕੋਈ ਕਸੂਰ ਨਹੀਂ, ਪਰ ਸਭ ਤੋਂ ਵੱਧ ਮੁਸ਼ਕਲ ਹਾਲਾਤ ਨਾਲ ਉਨ੍ਹਾਂ ਨੂੰ ਹੀ ਸਿੱਝਣਾ ਪੈ ਰਿਹਾ ਹੈ। ਇੱਕ ਦੌਰ ਉਹ ਵੀ ਸੀ ਜਦੋਂ ਦੇਸ਼ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਪੰਜਾਬ ਦੇ ਕਿਸਾਨਾਂ ’ਤੇ ਮਾਣ ਹੈ, ਜਿਨ੍ਹਾਂ ਨੇ ਭਾਰਤ ਦੇ ਅੰਨ ਦੇ ਭੰਡਾਰ ਭਰ ਦਿੱਤੇ ਹਨ ਅਤੇ ਹੁਣ ਸਾਨੂੰ ਵਿਦੇਸ਼ੀ ਤਾਕਤਾਂ ਅੱਗੇ ਹੱਥ ਅੱਡਣ ਦੀ ਲੋੜ ਨਹੀਂ ਰਹੀ। ਉਨ੍ਹਾਂ ਨੇ ਇਸ ਦਾ ਪੂਰਾ ਸਿਹਰਾ ਪੰਜਾਬੀ ਕਿਸਾਨਾਂ ਦੇ ਸਿਰ ਬੰਨ੍ਹਿਆ ਸੀ। ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਨੇ ਕਣਕ ਅਤੇ ਝੋਨੇ ਦੀ ਰਿਕਾਰਡ ਪੈਦਾਵਾਰ ਕਰ ਕੇ ਦੇਸ਼ ਦੇ ਅੰਨ ਭੰਡਾਰ ਤਾਂ ਜ਼ਰੂਰ ਭਰ ਦਿੱਤੇ, ਪਰ ਅਜਿਹਾ ਕਰਦਿਆਂ ਪੰਜਾਬ ਦੇ ਕਿਸਾਨਾਂ ਨੇ ਆਪਣੀ ਹੱਸਦੀ-ਵੱਸਦੀ ਧਰਤੀ ਨੂੰ ਬੰਜਰ ਬਣਾ ਲਿਆ। ਪੰਜਾਬ ਦਾ ਪੌਣ-ਪਾਣੀ ਭਾਵੇਂ ਖ਼ਰਾਬ ਹੋ ਗਿਆ, ਪਰ ਇੱਥੋਂ ਦੇ ਅੰਨਦਾਤੇ ਨੇ ਕਦੇ ਦੇਸ਼ ਦਾ ਸਿਰ ਨੀਵਾਂ ਨਹੀਂ ਹੋਣ ਦਿੱਤਾ। ਹੁਣ ਜਦੋਂ ਅੱਜ ਪੰਜਾਬ ਸਿਰ ਬਿਪਤਾ ਆਣ ਪਈ ਹੈ ਤਾਂ ਕੇਂਦਰੀ ਏਜੰਸੀਆਂ ਸਾਡੀ ਸੋਨੇ ਰੰਗੀ ਕਣਕ ਨੂੰ ‘ਬਦਰੰਗ’ ਕਹਿ ਕੇ ਖ਼ਰੀਦਣ ਤੋਂ ਪਾਸਾ ਵੱਟ ਰਹੀਆਂ ਹਨ। ਮੈਨੂੰ ਚੰਗੀ ਤਰ੍ਹਾਂ ਚੇਤੇ ਹੈ ਕਿ ਸਾਲ 1997-98 ਵਿੱਚ ਵੀ ਅਜਿਹੇ ਹੀ ਹਾਲਾਤ ਬਣੇ ਸਨ। ਉਸ ਸਮੇਂ ਮੌਸਮ ਦੀ ਮਾਰ ਕਾਰਨ ਝੋਨੇ ਦੀ ਫ਼ਸਲ ਦੇ ਦਾਣੇ ਕਾਲੇ ਪੈ ਗਏ ਸਨ। ਸਰਕਾਰੀ ਏਜੰਸੀਆਂ ਫ਼ਸਲ ਖ਼ਰੀਦ ਨਹੀਂ ਰਹੀਆਂ ਸਨ ਅਤੇ ਕਿਸਾਨ ਮਹੀਨਾ-ਮਹੀਨਾ ਮੰਡੀਆਂ ਵਿੱਚ ਰੁਲਣ ਲਈ ਮਜਬੂਰ ਸਨ। ਸਾਡਾ ਗੁਆਂਢੀ ਬਜ਼ੁਰਗ ਕਿਸਾਨ ਮੰਡੀ ਵਿੱਚ ਹੀ ਆਪਣੀ ਫ਼ਸਲ ਦੀ ਰਾਖੀ ਕਰਦਾ ਹੋਇਆ ਪ੍ਰਾਣ ਤਿਆਗ ਗਿਆ ਸੀ। ਉਸ ਸਾਲ ਲੋਕਾਂ ਨੇ ਮੰਡੀਆਂ ਵਿੱਚ ਹੀ ਕਾਲੀ ਦੀਵਾਲੀ ਮਨਾਈ ਸੀ। ਕਿਸਾਨਾਂ ਦੀ ਉਸ ਦੁਰਦਸ਼ਾ ਨੂੰ ਦੇਖ ਕੇ ਪੰਜਾਬ ਦੇ ਮਰਹੂਮ ਸ਼ਾਇਰ ਸੁਰਜੀਤ ਪਾਤਰ ਨੇ ਇੱਕ ਗ਼ਜ਼ਲ ਲਿਖੀ ਸੀ, ਜਿਸ ਵਿੱਚ ਉਸ ਸਮੇਂ ਦੇ ਅਧਿਕਾਰੀ ’ਤੇ ਤਨਜ਼ ਕਰਦਿਆਂ ਲਿਖਿਆ ਸੀ:

Advertisement

ਕੀ ਹੋਇਆ ਭੂਰੇ ਲਾਲਾ,

Advertisement

ਸਾਡੇ ਦਾਣੇ ਕਾਲੇ ਹਨ,

ਤੁਹਾਡੇ ਅਫ਼ਸਰ ਵੀ ਤਾਂ..?

ਅੱਜ ਇੱਕ ਵਾਰ ਫਿਰ ਮੰਡੀਆਂ ਵਿੱਚ ਰੁਲ ਰਹੇ ਕਿਸਾਨਾਂ ਅਤੇ ਉਨ੍ਹਾਂ ਦੇ ਸੋਨੇ ਵਰਗੇ ਅਨਾਜ ਦੀ ਬੇਕਦਰੀ ਦੇਖ ਕੇ ਪਾਤਰ ਹੋਰਾਂ ਦੀ ਬਹੁਤ ਯਾਦ ਆ ਰਹੀ ਹੈ। ਜੇ ਉਹ ਅੱਜ ਜਿਊਂਦੇ ਹੁੰਦੇ ਤਾਂ ਅੰਨਦਾਤੇ ਦੇ ਇਨ੍ਹਾਂ ਹੰਝੂਆਂ ਨੂੰ ਆਪਣੀ ਕਲਮ ਵਿੱਚ ਪਰੋ ਕੇ ਕਿਸਾਨੀ ਦੇ ਦਰਦ ਨੂੰ ਜ਼ਰੂਰ ਬਿਆਨ ਕਰਦੇ। ਕਦੇ ਸੋਚਿਆ ਵੀ ਨਹੀਂ ਸੀ ਕਿ ਕਣਕ ਖ਼ਰੀਦਣ ਵੇਲੇ ਸਰਕਾਰਾਂ ਇਸ ਤਰ੍ਹਾਂ ਟਾਲ-ਮਟੋਲ ਕਰਨਗੀਆਂ। ਅੱਜ ਇੰਝ ਮਹਿਸੂਸ ਹੋ ਰਿਹਾ ਹੈ ਜਿਵੇਂ ਕੇਂਦਰ ਸਰਕਾਰ ਅਤੇ ਕਾਰਪੋਰੇਟ ਵਪਾਰੀ ਵਰਗ ਕਿਸਾਨਾਂ ਨੂੰ ਇਹ ਅਹਿਸਾਸ ਕਰਵਾ ਰਿਹਾ ਹੋਵੇ ਕਿ ‘ਤੁਸੀਂ ਦਿੱਲੀ ਵਿੱਚ ਧਰਨੇ ਲਾਏ ਅਤੇ ਕਾਨੂੰਨ ਵਾਪਸ ਕਰਵਾਏ, ਪਰ ਤੁਹਾਡੀ ਜ਼ਿੰਦਗੀ ਸਾਡੇ ਰਹਿਮੋ-ਕਰਮ ’ਤੇ ਹੀ ਹੈ ਅਤੇ ਅਸੀਂ ਹੀ ਤੁਹਾਡਾ ਭਵਿੱਖ ਤੈਅ ਕਰਨਾ ਹੈ।’

ਅੱਜ ਭਾਰਤਮਾਲਾ ਵਰਗੇ ਵੱਡੇ ਪ੍ਰਾਜੈਕਟਾਂ ਤਹਿਤ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ, ਪਰ ਖ਼ਦਸ਼ਾ ਇਹ ਹੈ ਕਿ ਇਹ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ’ਤੇ ਵਪਾਰੀ ਵਰਗ ਦਾ ਕਬਜ਼ਾ ਕਰਵਾਉਣ ਅਤੇ ਕੈਮੀਕਲ ਫੈਕਟਰੀਆਂ ਲਾਉਣ ਦੀ ਤਿਆਰੀ ਹੈ। ਸਰਕਾਰਾਂ ਦੇ ਰਵੱਈਏ ਤੋਂ ਲੱਗਦਾ ਹੈ ਕਿ ਹੁਣ ਉਨ੍ਹਾਂ ਨੂੰ ਪੰਜਾਬ ਦੇ ਅਨਾਜ ਦੀ ਲੋੜ ਨਹੀਂ ਰਹੀ। ਵਿਦੇਸ਼ੀ ਕਾਰਪੋਰੇਟ ਕੰਪਨੀਆਂ ਅੱਜ ਪੰਜਾਬ ਦੀ ਕਿਸਾਨੀ ਦੇ ਸੁਨਹਿਰੀ ਭਵਿੱਖ ਨੂੰ ਨਿਗਲਣ ਲਈ ਤਿਆਰ ਖੜ੍ਹੇ ਹਨ।

ਕਿਸਾਨ ਵਿਚਾਰਾ ਹਰ ਵੇਲੇ ਇਹੀ ਸੋਚਦਾ ਰਹਿੰਦਾ ਹੈ ਕਿ ਸਿਰ ’ਤੇ ਚੜ੍ਹੇ ਕਰਜ਼ੇ ਦੇ ਜਾਲ ਨੂੰ ਕਿਸ ਤਰ੍ਹਾਂ ਤੋੜਿਆ ਜਾਵੇ। ਬੈਂਕਾਂ ਅਤੇ ਆੜ੍ਹਤੀਆਂ ਦਾ ਵਿਆਜ ਅਤੇ ਉਮਰ ਨਾਲ ਸਿਰ ਤੋਂ ਉੱਚੀਆਂ ਹੁੰਦੀਆਂ ਧੀਆਂ ਦੇ ਵਿਆਹਾਂ ਦਾ ਬੋਝ ਉਸ ਨੂੰ ਲਗਾਤਾਰ ਸਤਾਉਂਦਾ ਹੈ। ਖ਼ਰਚੇ ਲਗਾਤਾਰ ਵਧ ਰਹੇ ਹਨ ਅਤੇ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ।

ਪੰਜਾਬੀਆਂ ਨੂੰ ਇੱਕ ਵਾਰ ਫਿਰ ਤਕੜੇ ਹੋਣਾ ਪੈਣਾ ਹੈ ਅਤੇ ਆਪਣੇ ਹੱਕਾਂ ਲਈ ਸੰਘਰਸ਼ ਦੀ ਰਾਹ ਫੜਨੀ ਪੈਣੀ ਹੈ। ਪੰਜਾਬ ਦੇ ਵਾਰਿਸ ਅੱਜ ਬੇਹੱਦ ਔਖੇ ਸਮੇਂ ਵਿੱਚੋਂ ਲੰਘ ਰਹੇ ਹਨ, ਪਰ ਗੁਰੂਆਂ-ਪੀਰਾਂ ਦੀ ਇਸ ਪਵਿੱਤਰ ਧਰਤੀ ’ਤੇ ਜਿੰਨੀਆਂ ਮਰਜ਼ੀ ਹਨੇਰੀਆਂ ਅਤੇ ਝੱਖੜ ਝੁੱਲਣ, ਪੰਜਾਬ ਹਮੇਸ਼ਾ ਅਡੋਲ ਰਹੇਗਾ।

ਅੱਜ ਦੇ ਸਮੇਂ ਦੀ ਵੱਡੀ ਲੋੜ ਇਹ ਹੈ ਕਿ ਸਾਡੇ ਕਿਸਾਨ ਵੀਰ ਹੁਣ ਰਸਾਇਣਾਂ ਦੀ ਅੰਨ੍ਹੇਵਾਹ ਵਰਤੋਂ ਛੱਡ ਕੇ ਕੁਦਰਤੀ ਖੇਤੀ ਵੱਲ ਮੁੜਨ ਤਾਂ ਜੋ ਉਹ ਸਿਹਤਮੰਦ ਅਤੇ ਚੰਗਾ ਜੀਵਨ ਜਿਊਂ ਸਕਣ। ਹੁਣ ਸਾਨੂੰ ਸਿਰਫ਼ ਵੱਧ ਝਾੜ ਜਾਂ ਅੰਨ੍ਹੇਵਾਹ ਪੈਦਾਵਾਰ ਦੀ ਲੋੜ ਨਹੀਂ ਹੈ। ਅੱਜ ਸਾਨੂੰ ਬਾਬਾ ਨਾਨਕ ਦੇ ਮਹਾਨ ਸਿਧਾਂਤ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਉੱਤੇ ਸੱਚੇ ਮਨੋਂ ਚੱਲਣ ਦੀ ਜ਼ਰੂਰਤ ਹੈ। ਜ਼ਿੰਦਗੀ ਵਿੱਚ ਚੰਗਾ ਅਤੇ ਮਾੜਾ ਸਮਾਂ ਆਉਂਦਾ-ਜਾਂਦਾ ਰਹਿੰਦਾ ਹੈ ਅਤੇ ਇਹ ਦਿਨ ਵੀ ਜ਼ਰੂਰ ਬਦਲਣਗੇ। ਇਸੇ ਉਮੀਦ ਨੂੰ ਬਿਆਨ ਕਰਦਿਆਂ ਸੁਰਜੀਤ ਪਾਤਰ ਨੇ ਸੱਚ ਹੀ ਲਿਖਿਆ ਹੈ:

ਜੇ ਆਈ ਪੱਤਝੜ ਤਾਂ ਫੇਰ ਕੀ ਹੈ

ਤੂੰ ਅਗਲੀ ਰੁੱਤ ’ਚ ਯਕੀਨ ਰੱਖੀਂ

ਮੈਂ ਲੱਭ ਕੇ ਕਿਤਿਓਂ ਲਿਆਉਨਾ ਕਲਮਾਂ

ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ..!

ਸੰਪਰਕ: 98781-97000

Advertisement
×