ਪ੍ਰਿੰ. ਸਰਵਣ ਸਿੰਘ
ਦੁਨੀਆ ਦਾ ਕੋਈ ਹੋਰ ਪਿੰਡ ਨਹੀਂ ਹੋਵੇਗਾ ਜਿਥੇ ਸੰਸਾਰਪੁਰ ਵਾਂਗ 14 ਓਲੰਪੀਅਨ ਹਾਕੀ ਖਿਡਾਰੀਆਂ ਦੇ ਜੱਦੀ ਘਰ 100 ਮੀਟਰ ਦੇ ਘੇਰੇ ਵਿਚ ਹੋਣ। ਸੰਸਾਰਪੁਰ ਦੀ ਇਕ ਬੀਹੀ ਹੈ ਜਿਥੋਂ ਇੱਟ ਪੁੱਟਿਆਂ ਹਾਕੀ ਖਿਡਾਰੀ ਨਿਕਲਦਾ! ਸੰਸਾਰਪੁਰ ਦੇ ਜੰਮਪਲ ਪ੍ਰੋਫ਼ੈਸਰ ਪੋਪਿੰਦਰ ਸਿੰਘ ਕੁਲਾਰ ਦੀ ਪੁਸਤਕ ‘ਹਾਕੀ ਦਾ ਘਰ ਸੰਸਾਰਪੁਰ’ ਉਸ ਦੇ ਪੀਐੱਚਡੀ ਦੇ ਖੋਜ ਪ੍ਰਬੰਧ ਉਤੇ ਆਧਾਰਿਤ ਹੈ। ਅੰਗਰੇਜ਼ੀ ਵਿਚ ਇਸ ਦਾ ਨਾਮ ‘ਐਜੂਕੇਸ਼ਨਲ ਐਂਡ ਸੋਸ਼ੀਓ-ਕਲਚਰਲ ਈਥੋਜ਼ ਆਫ਼ ਸਪੋਰਟਸ, ਐਨ ਇੰਡੀਅਨ ਐਕਸਪੀਰੀਐਂਸ ਇਨ ਸੰਸਾਰਪੁਰ’ ਹੈ। 2006 ਵਿਚ ਅੰਗਰੇਜ਼ੀ ਵਿਚ ਛਾਪਣ ਪਿੱਛੋਂ ਪੰਜਾਬੀ ਵਿਚ ਲਿਖੀ ਇਹ ਕਿਤਾਬ ਪੰਜਾਬੀ ਖੇਡ ਸਾਹਿਤ ਦੀ ਖੋਜ ਭਰਪੂਰ ਪੁਸਤਕ ਹੈ। ਇਹ ਪੁਸਤਕ 2010 ਵਿਚ ਪੀਪੀ ਪਬਲੀਕੇਸ਼ਨ ਦਿੱਲੀ ਨੇ ਛਾਪੀ ਸੀ।
ਸੰਸਾਰਪੁਰ ਹਾਕੀ ਦਾ ਮੱਕਾ, ਹਾਕੀ ਦਾ ਤੀਰਥ, ਹਾਕੀ ਦਾ ਘਰ, ਹਾਕੀ ਦਾ ਬਾਗ਼ ਬਗੀਚਾ, ਕੁਝ ਵੀ ਕਹਿ ਸਕਦੇ ਹਾਂ। ਇਸ ਦੀ ਮਿੱਟੀ ਹੋਰਨਾਂ ਫਸਲਾਂ ਵਾਂਗ ਹਾਕੀ ਖਿਡਾਰੀਆਂ ਦੀਆਂ ਫਸਲਾਂ ਵੀ ਪੈਦਾ ਕਰਦੀ ਰਹੀ ਹੈ। ਇਸ ਪਿੰਡ ਦੇ ਸੈਆਂ ਖਿਡਾਰੀ ਦੇਸ਼ ਵਿਦੇਸ਼ ਹਾਕੀ ਮੈਦਾਨਾਂ ਵਿਚ ਪੈੜਾਂ ਕਰ ਚੁੱਕੇ ਹਨ। ਕਿਹਾ ਜਾਂਦਾ ਹੈ, ਸੰਸਾਰਪੁਰ ਵਿਚ ਜਿਹੜਾ ਬੱਚਾ ਜਨਮ ਲੈਂਦਾ, ਉਹਦਾ ਪਹਿਲਾ ਰੋਣਾ ਹਾਕੀ ਦੀ ਸਟਿਕ ਲੈਣ ਲਈ ਹੀ ਹੁੰਦੈ। ਲਤੀਫ਼ਾ ਬਣ ਗਿਆ ਕਿ ਉਥੇ ਬੱਚਾ ਜੰਮਦਾ ਹੀ ਤਦ ਹੈ, ਜੇ ਉਹਦੇ ਹੱਥ ਹਾਕੀ ਫੜਾਈ ਜਾਵੇ! ਮਾਵਾਂ ਆਪਣੇ ਬੱਚਿਆਂ ਨੂੰ ਦੁੱਧ ਚੁੰਘਾਉਣ ਤੋਂ ਪਹਿਲਾਂ ਉਨ੍ਹਾਂ ਦਾ ਮੂੰਹ ਹਾਕੀ ਗਰਾਊਂਡ ਵੱਲ ਕਰ ਕੇ ਮੱਥਾ ਟਿਕਾਉਂਦੀਆਂ ਪਰ ਇਹ ਪਹਿਲਾਂ ਦੀਆਂ ਗੱਲਾਂ ਹਨ। 1976 ਤੋਂ ਬਾਅਦ ਸ਼ਾਇਦ ਹੀ ਕੋਈ ਸੰਸਾਰਪੁਰੀਆ ਹਾਕੀ ਦਾ ਓਲੰਪੀਅਨ ਬਣਿਆ ਹੋਵੇ!
ਦੁਨੀਆ ਦਾ ਕੋਈ ਹੋਰ ਪਿੰਡ ਨਹੀਂ ਹੋਵੇਗਾ ਜਿਥੇ ਸੰਸਾਰਪੁਰ ਵਾਂਗ 14 ਓਲੰਪੀਅਨ ਹਾਕੀ ਖਿਡਾਰੀਆਂ ਦੇ ਜੱਦੀ ਘਰ 100 ਮੀਟਰ ਦੇ ਘੇਰੇ ਵਿਚ ਹੋਣ। ਸੰਸਾਰਪੁਰ ਦੀ ਇਕ ਬੀਹੀ ਹੈ ਜਿਥੋਂ ਇੱਟ ਪੁੱਟਿਆਂ ਹਾਕੀ ਖਿਡਾਰੀ ਨਿਕਲਦਾ! ਇਸ ਬੀਹੀ ਦੇ ਜੰਮਪਲਾਂ ਨੇ ਓਲੰਪਿਕ ਖੇਡਾਂ ਵਿਚੋਂ 8 ਸੋਨੇ, 1 ਚਾਂਦੀ ਤੇ 6 ਤਾਂਬੇ ਦੇ ਤਗ਼ਮੇ ਜਿੱਤੇ ਹਨ। 5 ਅਰਜਨਾ ਅਵਾਰਡ ਤੇ ਦੋ ਪਦਮਸ੍ਰੀ ਪੁਰਸਕਾਰ ਪ੍ਰਾਪਤ ਕੀਤੇ ਹਨ। 1 ਚਾਂਦੀ ਤੇ 3 ਸੋਨ ਤਗ਼ਮੇ ਤਾਂ ਇਕੱਲੇ ਊਧਮ ਸਿੰਘ ‘ਊਧੀ’ ਦੇ ਹੀ ਹਨ। ਪੰਜਾਬ ਤੇ ਭਾਰਤ ਦੇ ਵਿਰਾਸਤ ਵਿਭਾਗਾਂ ਨੂੰ ਸੰਸਾਰਪੁਰ ਦੀ ਇਹ ਬੀਹੀ ‘ਖੇਡ ਵਿਰਾਸਤ’ ਵਜੋਂ ਸਿ਼ੰਗਾਰਨੀ ਤੇ ਸੰਭਾਲਣੀ ਚਾਹੀਦੀ ਹੈ।
ਸੰਸਾਰਪੁਰ ਦੇ ਜੰਮਪਲ ਪ੍ਰੋਫ਼ੈਸਰ ਪੋਪਿੰਦਰ ਸਿੰਘ ਕੁਲਾਰ ਦੀ ਪੁਸਤਕ ‘ਹਾਕੀ ਦਾ ਘਰ ਸੰਸਾਰਪੁਰ’ ਉਸ ਦੇ ਪੀਐੱਚਡੀ ਦੇ ਖੋਜ ਪ੍ਰਬੰਧ ਉਤੇ ਆਧਾਰਿਤ ਹੈ। ਅੰਗਰੇਜ਼ੀ ਵਿਚ ਇਸ ਦਾ ਨਾਮ ‘ਐਜੂਕੇਸ਼ਨਲ ਐਂਡ ਸੋਸ਼ੀਓ-ਕਲਚਰਲ ਈਥੋਜ਼ ਆਫ਼ ਸਪੋਰਟਸ, ਐਨ ਇੰਡੀਅਨ ਐਕਸਪੀਰੀਐਂਸ ਇਨ ਸੰਸਾਰਪੁਰ’ ਹੈ। 2006 ਵਿਚ ਅੰਗਰੇਜ਼ੀ ਵਿਚ ਛਾਪਣ ਪਿੱਛੋਂ ਪੰਜਾਬੀ ਵਿਚ ਲਿਖੀ ਇਹ ਕਿਤਾਬ ਪੰਜਾਬੀ ਖੇਡ ਸਾਹਿਤ ਦੀ ਖੋਜ ਭਰਪੂਰ ਪੁਸਤਕ ਹੈ। ਇਹ ਪੁਸਤਕ 2010 ਵਿਚ ਪੀਪੀ ਪਬਲੀਕੇਸ਼ਨ ਦਿੱਲੀ ਨੇ ਛਾਪੀ ਸੀ। ਇਸ ਦੇ ਪਹਿਲੇ ਪੰਨੇ ਉਤੇ ਓਲੰਪਿਕ ਹਾਕੀ ਟੀਮਾਂ ਦੇ ਦੋ ਵਾਰ ਕਪਤਾਨ ਰਹੇ ਪਰਗਟ ਸਿੰਘ ਨੇ ‘ਪੇਸ਼ਕਸ਼’ ਸਿਰਲੇਖ ਹੇਠ ਲਿਖਿਆ:
ਮੈਨੂੰ ਬਹੁਤ ਖ਼ੁਸ਼ੀ ਤੇ ਮਾਣ ਹੈ ਕਿ ‘ਹਾਕੀ ਦੇ ਮੱਕੇ ਸੰਸਾਰਪੁਰ’ ਤੇ ਲਿਖੀ ਕਿਤਾਬ ਪੇਸ਼ ਕਰ ਰਿਹਾ ਹਾਂ। ਦੁਨੀਆ `ਚ ਹਾਕੀ ਦੇ ਖੇਤਰ ਵਿਚ ਐਸੀ ਕੋਈ ਜਗ੍ਹਾ ਨਹੀਂ ਜਿਸ ਨੇ ਏਨੇ ਆਲ੍ਹਾ ਦਰਜੇ ਦੇ ਖਿਡਾਰੀ ਪੈਦਾ ਕੀਤੇ ਹੋਣ। ‘ਹਾਕੀ ਦਾ ਘਰ ਸੰਸਾਰਪੁਰ’ ਕਿਤਾਬ `ਚ ਸੰਸਾਰਪੁਰ ਦੇ ਕਲਾਤਮਕ ਹਾਕੀ ਖਿਡਾਰੀਆਂ ਦੇ ਮਾਂ-ਬਾਪ, ਅਧਿਆਪਕਾਂ, ਰਿਸ਼ਤੇਦਾਰਾਂ, ਦੋਸਤਾਂ ਤੇ ਕੋਚਾਂ ਬਾਰੇ ਵਰਣਨ ਕਰਨ ਦਾ ਅਨੋਖਾ ਤਰੀਕਾ ਹੈ। ਇਹ ਪੁਸਤਕ ਸਿਰਫ਼ ਹਾਕੀ ਵਾਲਿਆਂ ਲਈ ਹੀ ਨਹੀਂ ਬਲਕਿ ਸਿੱਖਿਆ ਦੇ ਹਰ ਖੇਤਰ ਚ ਖਰੀ ਉਤਰੇਗੀ। ਇਹ ਹਾਕੀ ਅਤੇ ਪਿੰਡ ਦੀ ਇਤਿਹਾਸਕ ਕਿਤਾਬ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਤੇ ਲਾਇਬ੍ਰੇਰੀਆਂ ਚ ਜ਼ਰੂਰ ਹੋਣੀ ਚਾਹੀਦੀ ਹੈ। ਇਸ ਦਾ ਲੇਖਕ ਖ਼ੁਦ ਹਾਕੀ ਖਿਡਾਰੀ, ਕੋਚ, ਪ੍ਰਬੰਧਕ, ਆਯੋਜਕ, ਹਾਕੀ ਦਾ ਖੋਜੀ ਤੇ ਲਿਖਾਰੀ ਰਿਹਾ ਹੈ ਅਤੇ ਇਸ ਕਿਤਾਬ ਚ ਉਸ ਦੀ ਮਿਹਨਤ ਤੇ ਇਮਾਨਦਾਰੀ ਦੀ ਝਲਕ ਸਾਫ਼ ਨਜ਼ਰ ਆਉਂਦੀ ਹੈ। ਇਸ ਲਈ ਇਹ ਅਨੋਖੀ ਕਿਤਾਬ ਸਭਨਾਂ ਲਈ ਹੈ।
ਮੁਖਬੰਦ ਚ ਪੋਪਿੰਦਰ ਸਿੰਘ ਕੁਲਾਰ ਨੇ ਲਿਖਿਆ- ਇਸ ਕਿਤਾਬ ਦੇ ਛਪਣ ਨਾਲ ਹਾਕੀ ਦੇ ਖੋਜ ਸਕਾਲਰਾਂ ਨੂੰ ਕਾਫੀ ਮਦਦ ਮਿਲੇਗੀ। ਇਸ ਵਿਚਲੀਆਂ ਜਿ਼ਆਦਾਤਰ ਜਾਣਕਾਰੀਆਂ, ਬਜ਼ੁਰਗਾਂ ਤੇ ਹਾਕੀ ਖਿਡਾਰੀਆਂ ਦੀ ਜ਼ਬਾਨੀ, ਖਿਡਾਰੀਆਂ ਦੇ ਪਰਿਵਾਰਾਂ, ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਤੋਂ ਮਿਲੀਆਂ ਹਨ। ਅਸੀਂ ਓਲੰਪੀਅਨ ਹਾਕੀ ਖਿਡਾਰੀ ਊਧਮ ਸਿੰਘ ਕੁਲਾਰ, ਗੁਰਦੇਵ ਸਿੰਘ ਕੁਲਾਰ, ਦਰਸ਼ਨ ਸਿੰਘ ਕੁਲਾਰ, ਜਗਜੀਤ ਸਿੰਘ ਕੁਲਾਰ, ਬਲਬੀਰ ਸਿੰਘ ਕੁਲਾਰ (ਪੁਲੀਸ), ਬਲਬੀਰ ਸਿੰਘ ਕੁਲਾਰ (ਸਰਵਿਸਿਜ਼), ਤਰਸੇਮ ਸਿੰਘ ਕੁਲਾਰ, ਅਜੀਤਪਾਲ ਸਿੰਘ ਕੁਲਾਰ, ਹਰਦੇਵ ਸਿੰਘ ਕੁਲਾਰ, ਜਗਜੀਤ ਸਿੰਘ ਕੁਲਾਰ (ਕੀਨੀਆ), ਹਰਵਿੰਦਰ ਸਿੰਘ ਕੁਲਾਰ, ਬਿੰਦੀ ਕੁਲਾਰ, ਪਿੰਡ ਦੇ ਕੌਮੀ ਤੇ ਕੌਮਾਂਤਰੀ ਹਾਕੀ ਖਿਡਾਰੀ ਤੇ ਹੋਰ ਅਨੇਕਾਂ ਉੱਘੇ ਖਿਡਾਰੀਆਂ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣਾ ਬਹੁਮੁੱਲਾ ਸਮਾਂ ਦੇ ਕੇ ਤੱਥਾਂ ਦੀ ਸਮੱਗਰੀ ਇਕੱਠੀ ਕਰਵਾਉਣ ਵਿਚ ਮਦਦ ਕੀਤੀ। ਉਨ੍ਹਾਂ ਦੀ ਬਦੌਲਤ ਇਹ ਇਤਿਹਾਸਕ ਤੱਥਾਂ ਵਾਲੀ ਕਿਤਾਬ ਹਾਕੀ ਪ੍ਰੇਮੀਆਂ ਅੱਗੇ ਆ ਸਕੀ ਹੈ।
ਡਾ. ਪੋਪਿੰਦਰ ਸਿੰਘ ਕੁਲਾਰ ਜਾਮੀਆ ਮਿਲੀਆ ਇਸਲਾਮੀਆ, ਦਿੱਲੀ ਦੇ ਸਰੀਰਕ ਸਿੱਖਿਆ ਵਿਭਾਗ ਵਿਚੋਂ ਪ੍ਰੋਫ਼ੈਸਰ ਦੇ ਅਹੁਦੇ ਤੋਂ ਰਿਟਾਇਰ ਹੋਇਆ ਹੈ। ਅੱਜ ਕੱਲ੍ਹ ਉਹ ਪਰਿਵਾਰ ਸਮੇਤ ਆਪਣੇ ਪਿੰਡ ਸੰਸਾਰਪੁਰ ਵਿਚ ਰਹਿ ਰਿਹਾ ਹੈ। ਉਸ ਦਾ ਇਕ ਪੁੱਤਰ ਤੇ ਇਕ ਧੀ ਹੈ ਅਤੇ ਪਤਨੀ ਅਧਿਆਪਕਾ ਵਜੋਂ ਰਿਟਾਇਰ ਹੋ ਚੁੱਕੀ ਹੈ। ਉਹ ਆਪਣਾ ਵਿਹਲਾ ਸਮਾਂ ਪਿੰਡ ਦੇ ਹਾਕੀ ਗਰਾਊਂਡ ਨੂੰ ਦੇ ਰਿਹਾ ਹੈ। ਉਸ ਨੂੰ ਘਰਦੇ ਪੋਪਿੰਦਰ ਦੀ ਥਾਂ ‘ਪਿੰਦਰ’ ਤੇ ਪਿੰਡ ਦੇ ਬੰਦੇ ‘ਪਿੰਦਾ’ ਕਹਿੰਦੇ ਰਹੇ। ਓਲੰਪੀਅਨ ਊਧਮ ਸਿੰਘ ‘ਭਿੰਦਾ’ ਕਹਿੰਦਾ ਸੀ ਤੇ ਓਲੰਪੀਅਨ ਜਗਜੀਤ ਜੱਗਾ ਉਸ ਨੂੰ ਪਿਆਰ ਨਾਲ ‘ਪਿੰਦਰਜੀਤ’ ਕਹਿ ਕੇ ਬੁਲਾਉਂਦਾ ਸੀ। ਉਸ ਦੇ ਵਿਦਿਆਰਥੀ ‘ਪੋਪੀ ਸਰ’ ਅਤੇ ਯੂਨੀਵਰਸਿਟੀ ਦੇ ਕੁਲੀਗ ‘ਪੋਪ’ ਕਹਿ ਕੇ ਸੰਬੋਧਨ ਕਰਦੇ ਸਨ। ਉਸ ਦਾ ਜਨਮ ਸੂਬੇਦਾਰ ਗੱਜਣ ਸਿੰਘ ਕੁਲਾਰ ਅਤੇ ਦਰਬਾਰ ਕੌਰ ਦੇ ਘਰ ਸੰਸਾਰਪੁਰ ਵਿਚ ਹੋਇਆ ਸੀ। ਸਰਟੀਫਿਕੇਟ ਉਤੇ ਉਸ ਦੀ ਜਨਮ ਤਾਰੀਖ ਭਾਰਤ ਦੇ ਆਜ਼ਾਦੀ ਦਿਵਸ ਵਾਲੀ 15 ਅਗਸਤ 1947 ਲਿਖੀ ਹੋਈ ਹੈ। ਉਹ ਹਾਸੇ-ਹਾਸੇ ਵਿਚ ਆਪਣੇ ਜਨਮ ਦਿਨ ਦੀ ਵਾਰਤਾ ਇੰਜ ਸੁਣਾਉਂਦੈ:
ਉਦੋਂ ਹਰ ਜੋੜੇ ਦੇ ਪੰਜ ਸੱਤ ਬੱਚੇ ਜੰਮਦੇ ਸਨ। ਕਈਆਂ ਦੇ ਏਦੂੰ ਵੀ ਵੱਧ। ਉਹ ਕੀਹਦੀਆਂ ਕੀਹਦੀਆਂ ਜਨਮ ਤਰੀਕਾਂ ਯਾਦ ਰੱਖਦੇ? ਜਿ਼ਆਦਾਤਰ ਮਾਪੇ ਅਨਪੜ੍ਹ ਹੁੰਦੇ ਸਨ। ਬਹੁਤੇ ਮਾਪੇ ਇਸ ਤਰ੍ਹਾਂ ਯਾਦ ਰੱਖਦੇ… ਓਦੋਂ ਭਾਦੋਂ ਦਾ ਮਹੀਨਾ ਸੀ, ਬੁੱਧਵਾਰ ਦਾ ਦਿਨ ਸੀ, ਉਸ ਦਿਨ ਫਲਾਣੇ ਦਾ ਵਿਆਹ ਸੀ ਜਾਂ ਆਪਣੀ ਬੂਰੀ ਮੱਝ ਨੇ ਕੱਟੀ ਦਿੱਤੀ ਸੀ। ਲਓ ਫੜ ਲਓ ਬੂਰੀ ਮੱਝ ਦੀ ਪੂਛ! ਉਹ ਲਿਖਦੈ: ਮੇਰੇ ਨਾਲ ਵੀ ਇਸ ਤਰ੍ਹਾਂ ਹੀ ਵਾਪਰਿਆ। ਮੇਰੀ ਮਾਂ ਮੈਨੂੰ ਕਹਿੰਦੀ ਹੁੰਦੀ ਸੀ, ਤੂੰ ਰੌਲਿ਼ਆਂ `ਚ ਭਾਦੋਂ ਦੇ ਮਹੀਨੇ ਬੁੱਧਵਾਰ ਨੂੰ ਜੰਮਿਆ ਸੀ। ਮੈਂ ਮਾਂ ਨੂੰ ਪੁੱਛਣਾ ਭੁੱਲ ਗਿਆ ਕਿ ਭਾਦੋਂ ਦਾ ਕਿੰਨਵਾਂ ਦਿਨ ਸੀ? ਸਾਡੇ ਗੁਆਂਢੀਆਂ ਦੇ ਸੁਨਿਆਰੇ ਦਾ ਸੱਤ ਮੈਨੂੰ ਪਿੰਡ ਦੇ ਪ੍ਰਾਇਮਰੀ ਸਕੂਲ ਚ ਦਾਖਲ ਕਰਾਉਣ ਗਿਆ ਸੀ ਜਿਥੇ ਸਕੂਲ ਵਾਲਿਆਂ ਨੇ ਆਪ ਹੀ ਮੇਰੀ ਜਨਮ ਤਾਰੀਖ ਆਜ਼ਾਦੀ ਦੀ ਲਿਖ ਕੇ ਮੈਨੂੰ ਦਾਖਲ ਕਰ ਲਿਆ ਸੀ। ਮੈਂ ਜਾਮੀਆ ਮਿਲੀਆ ਚ ਪੜ੍ਹਾਉਣ ਲੱਗਾ ਤਾਂ ਯਾਰ ਦੋਸਤ ਤੇ ਵਿਦਿਆਰਥੀ ਮੈਨੂੰ 15 ਅਗਸਤ ਦੇ ਦਿਨ ਜਨਮ ਦਿਨ ਦੀ ਵਧਾਈ ਦਿੰਦੇ ਤਾਂ ਮੈਂ ਕਬੂਲ ਨਾ ਕਰਦਾ ਕਿਉਂਕਿ ਮੈਨੂੰ ਸਹੀ ਜਨਮ ਤਾਰੀਕ ਦਾ ਪਤਾ ਹੀ ਨਹੀਂ ਸੀ।
ਫਿਰ ਜਦ ਮੈਂ ਪ੍ਰੋਫ਼ੈਸਰ ਬਣਿਆ ਤਾਂ ਮੈਨੂੰ ਖਿ਼ਆਲ ਆਇਆ ਕਿ ਮੈਂ ਆਪਣੇ ਪਿੰਡ ਦੀ ਹਾਕੀ ਤੇ ਪੀਐੱਚਡੀ ਕੀਤੀ ਹੈ, ਕਿਉਂ ਨਾ ਆਪਣੇ ਜਨਮ ਦਿਨ ਦੀ ਖੋਜ ਕਰਾਂ? ਭਾਦੋਂ ਦਾ ਮਹੀਨਾ ਆਮ ਕਰ ਕੇ 15-16 ਅਗਸਤ ਤੋਂ 15-16 ਸਤੰਬਰ ਤਕ ਹੁੰਦਾ ਹੈ। ਇਸ ਦਾ ਮਤਲਬ ਇਨ੍ਹਾਂ ਦਿਨਾਂ ਵਿਚ ਹੀ ਮੈਂ ਜੰਮਿਆ ਸੀ। ਮੈਨੂੰ ਆਂਢ-ਗੁਆਂਢ ਤੋਂ ਪਤਾ ਲੱਗਾ ਕਿ ਬਾਬੂ ਮੋਹਨ ਸਿੰਘ ਦੀ ਮਾਂ ਉਸ ਦਿਨ ਪੂਰੀ ਹੋਈ ਸੀ ਜਿੱਦਣ ਮੈਂ ਪੈਦਾ ਹੋਇਆ ਸੀ। ਬੀਬੀ ਜੋਗਿੰਦਰ ਕੌਰ ਤੋਂ ਪਤਾ ਲੱਗਾ ਕਿ ਉਹ ਉਸ ਸਾਲ 20 ਜੁਲਾਈ ਨੂੰ ਪੂਰੇ ਹੋਏ ਸਨ। ਫਿਰ ਮੇਰੇ ਪੁੱਤਰ ਪੁਸ਼ਪਿੰਦਰ ਸਿੰਘ ਨੇ 1947 ਦੇ ਭਾਦੋਂ ਮਹੀਨੇ ਦੇ ਬੁੱਧਵਾਰ ਲੱਭੇ। ਉਹ13 ਅਗਸਤ, 20 ਅਗਸਤ, 27 ਅਗਸਤ, 3 ਸਤੰਬਰ ਤੇ 10 ਸਤੰਬਰ ਦੇ ਨਿਕਲੇ। ਸਮਝ ਨਾ ਆਵੇ ਕਿ ਕਿਹੜੇ ਬੁੱਧਵਾਰ ਦੀ ਤਰੀਕ ਨੂੰ ਸਹੀ ਜਨਮ ਦਿਨ ਮੰਨਿਆ ਜਾਵੇ? ਇਕ ਹੋਰ ਪਤਾ ਲੱਗਾ ਕਿ ਹੁਕਮ ਸਿੰਘ ਦਾ ਦੋਹਤਾ, ਜਿਹੜਾ ਮੇਰਾ ਸਿਰਨਾਵੀਆਂ ਹੀ ਸੀ, ਉਸੇ ਦਿਨ ਪੈਦਾ ਹੋਇਆ ਸੀ। ਮੈਂ ਉਹਦੇ ਮਾਮਾ ਜੀ ਅਨੂਪ ਸਿੰਘ ਨੂੰ ਕਿਹਾ ਕਿ ਤੁਸੀਂ ਉਸ ਦਾ ਜਨਮ ਦਿਨ ਪਤਾ ਕਰ ਕੇ ਦੱਸਣਾ। ਉਹਦੇ ਜਨਮ ਦਿਨ ਦਾ ਵੀ ਅਜੇ ਤਕ ਪੱਕਾ ਪਤਾ ਨਹੀਂ ਲੱਗਾ ਪਰ ਮੇਰੀ ਖੋਜ ਅਜੇ ਵੀ ਚੱਲ ਰਹੀ ਹੈ ਕਿ ਮੈਂ ਕਿਸ ਦਿਨ ਪੈਦਾ ਹੋਇਆ? 15 ਅਗਸਤ ਭਾਰਤ ਦਾ ਆਜ਼ਾਦੀ ਦਿਵਸ ਹੋਣ ਕਰਕੇ ਹਾਲ ਦੀ ਘੜੀ ਹਰ ਸਾਲ ਮੇਰਾ ਜਨਮ ਦਿਨ ਝੂੰਗੇ ਵਿਚ ਹੀ ਮਨਾ ਲਿਆ ਜਾਂਦੈ!
ਉਸ ਨੇ ਆਪਣੇ ਪਰਿਵਾਰ ਬਾਰੇ ਲਿਖਿਆ: ਮੈਂ ਹਾਕੀ ਨਾਲ ਗੂੜ੍ਹਾ ਪਿਆਰ ਕਰਨ ਵਾਲੇ ਫੌਜੀ ਪਰਿਵਾਰ `ਚ ਪੈਦਾ ਹੋਇਆ। ਮੇਰੇ ਦਾਦਾ ਜੀ ਹਵਾਲਦਾਰ ਜਗਤ ਸਿੰਘ ਕੁਲਾਰ, ਪੁੱਤਰ ਫਤਿਹ ਸਿੰਘ ਕੁਲਾਰ, ਪੁੱਤਰ ਬਹਾਦੁਰ ਸਿੰਘ ਕੁਲਾਰ ਨੇ ਪਹਿਲੀ ਸੰਸਾਰ ਜੰਗ ਵਿਚ ਹਿੱਸਾ ਲਿਆ ਤੇ ਹਾਕੀ ਦੇ ਜਾਦੂਗਰ ਧਿਆਨ ਚੰਦ ਨਾਲ ਹਾਕੀ ਖੇਡੀ। ਮੇਰੀ ਮਾਂ ਬੀਬੀ ਦਰਬਾਰ ਕੌਰ ਹੀਰ 1913 ਵਿਚ ਮਾਂਡਲੇ ਬਰਮਾ `ਚ ਪੈਦਾ ਹੋਈ। ਉਹ ਪਾਲਾ ਸਿੰਘ ਹੀਰ ਪਿੰਡ ਰਾਜੋਵਾਲ ਜਿ਼ਲ੍ਹਾ ਹੁਸਿ਼ਆਰਪੁਰ ਦੀ ਇਕਲੌਤੀ ਧੀ ਸੀ ਜਿਸ ਨੂੰ ਬਚਪਨ ਵਿਚ ਤੈਰਾਕੀ ਦਾ ਸ਼ੌਕ ਸੀ। ਸਾਡੇ ਪਿਤਾ ਜੀ ਦੇ ਦੋ ਧੀਆਂ ਤੇ ਤਿੰਨ ਪੁੱਤਰ ਹਨ। ਸਭ ਤੋਂ ਵੱਡੀ ਪ੍ਰਿੰਸੀਪਲ ਮਨਦੀਸ਼ ਕੌਰ ਪਤਨੀ ਪ੍ਰੀਤਮ ਸਿੰਘ ਬੈਂਸ (ਸਾਬਕਾ ਡਾਇਰੈਕਟਰ ਸਰੀਰਕ ਸਿੱਖਿਆ, ਦਿੱਲੀ ਯੂਨੀਵਰਸਿਟੀ), ਦੂਸਰੀ ਧੀ ਪ੍ਰਕਾਸ਼ ਕੌਰ ਪਤਨੀ ਰਤਨ ਸਿੰਘ ਔਲਖ (ਇੰਗਲੈਂਡ ਨਿਵਾਸੀ), ਵੱਡੇ ਪੁੱਤਰ ਕਰਨਲ ਪ੍ਰੀਤਮ ਸਿੰਘ ਕੁਲਾਰ ਜਿਨ੍ਹਾਂ ਨੇ 1971 ਦੀ ਬੰਗਲਾਦੇਸ਼ ਜੰਗ `ਚ ਹਿੱਸਾ ਲਿਆ, ਦੂਜਾ ਪੁੱਤਰ ਕਰਨਲ ਬਲਬੀਰ ਸਿੰਘ ਕੁਲਾਰ ਅਰਜਨਾ ਅਵਾਰਡੀ ਜਿਨ੍ਹਾਂ ਨੇ 1968 ਦੀ ਓਲੰਪਿਕ ਚੋਂ ਕਾਂਸੀ ਦਾ ਤਗ਼ਮਾ ਜਿੱਤਿਆ ਤੇ ਸਭ ਤੋਂ ਛੋਟਾ ਪੁੱਤਰ ਲੇਖਕ ਖ਼ੁਦ ਜੋ ਬਾਕੀ ਪਰਿਵਾਰ ਦੇ ਮੈਂਬਰਾਂ ਵਾਂਗ ਫੌਜ `ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨੀ ਚਾਹੁੰਦਾ ਸੀ ਪਰ ਵੱਡੇ ਭਰਾ ਕਰਨਲ ਪ੍ਰੀਤਮ ਸਿੰਘ ਕੁਲਾਰ ਦੇ ਜ਼ੋਰ ਦੇਣ ਤੇ ਆਪਣਾ ਫੌਜੀ ਤੇ ਹਾਕੀ ਕੈਰੀਅਰ ਬਦਲ ਕੇ ਸਿੱਖਿਆ ਦੇ ਖੇਤਰ ਵੱਲ ਰੁਖ਼ ਕਰ ਲਿਆ।
‘ਹਾਕੀ ਦਾ ਘਰ ਸੰਸਾਰਪੁਰ’ ਦੇ ਹਾਕੀ ਦੀ ਇਲੈਵਨ ਵਾਂਗ ਗਿਆਰਾਂ ਕਾਂਡ ਹਨ। ਪਹਿਲੇ ਕਾਂਡ ਵਿਚ ਹਾਕੀ ਦੇ ਘਰ ਸੰਸਾਰਪੁਰ, ਸੰਸਾਰਪੁਰ ਕਦ ਹੋਂਦ ਵਿਚ ਆਇਆ, ਸੰਸਾਰਪੁਰ `ਚ ਹਾਕੀ ਕਿਸ ਨੇ ਸ਼ੁਰੂ ਕੀਤੀ ਤੇ ਸੰਸਾਰਪੁਰ ਦੇ ਇਤਿਹਾਸਕ ਗਰਾਊਂਡ ਬਾਰੇ ਜਾਣਕਾਰੀ ਦਿੱਤੀ ਹੈ। ਦੂਜੇ ਕਾਂਡ ਵਿਚ ਸੰਸਾਰਪੁਰ ਦੇ ਹਾਕੀ `ਚ ਉੱਚੇ ਉੱਠਣ ਦੇ ਕਾਰਨ, ਸੰਸਾਰਪੁਰ ਹਾਕੀ ਐਸੋਸੀਏਸ਼ਨ ਦਾ ਵਡਮੁੱਲਾ ਯੋਗਦਾਨ, ਸੰਸਾਰਪੁਰੀਆਂ ਦੇ ਘਰ ਦਿਆਂ ਦਾ ਯੋਗਦਾਨ, ਸੰਸਾਰਪੁਰ ਦੇ ਕੁਝ ਪਰਿਵਾਰਾਂ ਦਾ ਵਿਸ਼ੇਸ਼ ਯੋਗਦਾਨ, ਸੰਸਾਰਪੁਰ ਦੇ ਹਾਕੀ ਖਿਡਾਰੀਆਂ ਦੀ ਪਹਿਲੀ ਸਫਲਤਾ, ਸੰਸਾਰਪੁਰ ਹਾਕੀ ਦੇ ਤਿੰਨ ਦੌਰ, ਸੰਸਾਰਪੁਰੀਆਂ ਨੂੰ ਹਾਕੀ ਵਿਰਾਸਤ ਵਿਚ ਮਿਲੀ, ਸੰਸਾਰਪੁਰ ਟੀਮ ਦਾ ਬੈਟਨ ਕੱਪ ਵਿਚ ਹਿੱਸਾ ਲੈਣਾ, ਸੰਸਾਰਪੁਰ ਵਿਚ ਹਾਕੀ ਟੂਰਨਾਮੈਂਟਾਂ ਦਾ ਯੋਗਦਾਨ, ਸੰਸਾਰਪੁਰੀਆਂ ਦਾ ਇਕ ਦੂਜੇ ਦੀ ਮਦਦ ਕਰਨ ਦਾ ਅਨੋਖਾ ਢੰਗ, ਸੰਸਾਰਪੁਰੀਏ ਪਿੰਡ ਦੀ ਟੀਮ ਵੱਲੋਂ ਖੇਡਣਾ ਫਖ਼ਰ ਮਹਿਸੂਸ ਕਰਦੇ, ਸੰਸਾਰਪੁਰੀਆਂ ਦਾ ਮਕਸਦ ਕੁਝ ਕਰ ਕੇ ਦਿਖਾਈਏ, ਸੰਸਾਰਪੁਰੀਆਂ ਦਾ ਆਤਮ ਵਿਸ਼ਵਾਸ, ਸੰਸਾਰਪੁਰੀਏ ਐਂਟਰੀ ਲਗਾ ਕੇ ਖੇਡਦੇ, ਸੰਸਾਰਪੁਰੀਆਂ ਦੀ ਹਾਕੀ ਕਰਕੇ ਆਰਥਿਕ ਹਾਲਤ ਵਿਚ ਸੁਧਾਰ ਅਤੇ ਸੰਸਾਰਪੁਰ ਲਾਗੇ ਸਕੂਲਾਂ ਕਾਲਜਾਂ ਦਾ ਹੋਣਾ। ਸੰਸਾਰਪੁਰ ਦੇ ਅਧਿਆਪਕਾਂ ਦਾ ਯੋਗਦਾਨ, ਸੰਸਾਰਪੁਰ ਲਾਗੇ ਸਕੂਲਾਂ ਦੀਆਂ ਗਰਾਊਂਡਾਂ ਉਤੇ ਟੂਰਨਾਮੈਂਟ, ਸੰਸਾਰਪੁਰ ਕੁਦਰਤੀ ਸੋਹਣੀ ਥਾਂ ਤੇ ਮੌਜੂਦ, ਸੰਸਾਰਪੁਰ ਦਾ ਜਲੰਧਰ ਛਾਉਣੀ ਲਾਗੇ ਹੋਣਾ, ਸੰਸਾਰਪੁਰ ਲਈ ਪਰੇਡ ਗਰਾਊਂਡ ਵਰਦਾਨ ਸਿੱਧ ਹੋਈ, ਸੰਸਾਰਪੁਰੀਆਂ ਦੀ ਹਾਕੀ ਵਿਚ ਅਨੋਖੀ ਪ੍ਰੈਕਟਿਸ, ਸੰਸਾਰਪੁਰੀਆਂ ਦੇ ਹਾਕੀ ਖਿਡਾਰੀਆਂ ਦੀ ਅਨੋਖੀ ਕਲਾ, ਸੰਸਾਰਪੁਰੀਆਂ ਦੇ ਨਿਰਾਲੇ ਸ਼ੌਕ ਅਤੇ ਸੰਸਾਰਪੁਰ ਚ ਵਿਦੇਸ਼ੀ ਟੀਮਾਂ ਦਾ ਖੇਡਣਾ।
ਤੀਜੇ ਕਾਂਡ ਵਿਚ ਸੰਸਾਰਪੁਰ ਦੇ ਖਿਡਾਰੀਆਂ ਦਾ ਵਿਸ਼ਾਲ ਇਕੱਠ, ਸੰਸਾਰਪੁਰ ਦੇ ਅਲੱਗ ਅਲੱਗ ਗੋਤਾਂ ਦੇ ਖਿਡਾਰੀਆਂ ਦਾ ਵਧੀਆ ਟੀਮਾਂ ਵਿਚ ਪ੍ਰਦਰਸ਼ਨ, ਸੰਸਾਰਪੁਰ ਦੇ ਕੁਲਾਰਾਂ ਦਾ ਫੈਮਲੀ ਟ੍ਰੀ ਅਤੇ ਸੰਸਾਰਪੁਰ ਦੇ ਕੁਝ ਹੋਰ ਗੋਤਾਂ ਦੇ ਫੈਮਲੀ ਟ੍ਰੀ। ਚੌਥੇ ਕਾਂਡ ਵਿਚ ਸੰਸਾਰਪੁਰ ਦੇ ਓਲੰਪੀਅਨ, ਕੌਮਾਂਤਰੀ ਖਿਡਾਰੀ, ਨੈਸ਼ਨਲ, ਮਿਲਟਰੀ, ਯੂਨੀਵਰਸਿਟੀ ਅਤੇ ਕਾਲਜ ਦੇ ਉੱਘੇ ਖਿਡਾਰੀ। ਇਹ ਕਾਂਡ ਬੜਾ ਵੇਰਵੇ ਭਰਪੂਰ ਹੈ। ਇਸ ਵਿਚ ਤਿੰਨ ਸੌ ਤੋਂ ਵੱਧ ਖਿਡਾਰੀਆਂ ਦਾ ਵੇਰਵਾ ਹੈ। ਪੰਜਵਾਂ ਕਾਂਡ ਸੰਸਾਰਪੁਰੀ ਖਿਡਾਰੀਆਂ ਦੇ ਪਹਿਲੇ ਕਦਮ ਨਾਲ ਸੰਬੰਧਿਤ ਹੈ। ਛੇਵੇਂ ਕਾਂਡ ਦਾ ਨਾਂ ‘ਸੰਸਾਰਪੁਰ ਚ ਰਹਿ ਕੇ ਰਿਸ਼ਤੇਦਾਰਾਂ ਤੇ ਕਿਰਾਏਦਾਰਾਂ ਨੇ ਹਾਕੀ ਸਿੱਖੀ’ ਰੱਖਿਆ ਹੈ। ਸੱਤਵਾਂ ਕਾਂਡ ਹਾਕੀ ਦੇ ਜਾਦੂਗਰ ਧਿਆਨ ਚੰਦ ਦਾ ਸੰਸਾਰਪੁਰ ਨਾਲ ਗੂੜ੍ਹਾ ਰਿਸ਼ਤਾ ਦਰਸਾਉਂਦਾ ਹੈ। ਧਿਆਨ ਚੰਦ ਖ਼ੁਦ ਉਸ ਬੀਹੀ ਦਾ ਗੇੜਾ ਮਾਰ ਗਏ ਸਨ ਜਿਸ `ਚੋਂ 14 ਓਲੰਪੀਅਨ ਨਿਕਲੇ। ਅੱਠਵਾਂ ਕਾਂਡ ਸੰਸਾਰਪੁਰੀਆਂ ਦੇ ਹਾਕੀ ਤੋਂ ਇਲਾਵਾ ਹੋਰ ਖੇਡਾਂ ਨਾਲ ਸ਼ੌਕ ਬਾਰੇ ਹੈ। ਨੌਵੇਂ ਕਾਂਡ ਵਿਚ ਸੰਸਾਰਪੁਰ ਚ ਆਈ ਹਾਕੀ ਦੀ ਗਿਰਾਵਟ ਦੇ ਕਾਰਨ ਬਿਆਨ ਕੀਤੇ ਹਨ। ਇਹ ਵਾਕਿਆ ਹੀ ਚਿੰਤਾ ਦਾ ਵਿਸ਼ਾ ਹੈ ਕਿ ਚਾਰ ਦਹਾਕਿਆਂ ਤੋਂ ਕੋਈ ਸੰਸਾਰਪੁਰੀਆ ਭਾਰਤੀ ਓਲੰਪਿਕ ਹਾਕੀ ਟੀਮ ਵਿਚ ਥਾਂ ਨਹੀਂ ਬਣਾ ਸਕਿਆ। ਦਸਵਾਂ ਕਾਂਡ ਹਾਕੀ ਦੀ ਨਰਸਰੀ ਸੰਸਾਰਪੁਰ ਨੂੰ ਸਿੰਜਣ ਦੀ ਲੋੜ ਬਾਰੇ ਹੈ ਅਤੇ ਅਖ਼ੀਰਲੇ ਕਾਂਡ ਵਿਚ ਲੇਖਕ ਨੇ ਆਪਣਾ ਪਰਿਵਾਰਕ ਪਿਛੋਕੜ ਦੱਸਦਿਆਂ ਆਪਣੀਆਂ ਦਿਲਚਸਪ ਹੱਡਬੀਤੀਆਂ ਬਿਆਨ ਕੀਤੀਆਂ ਹਨ:
ਜੀਵਨ ਦਾ ਸੁਨਹਿਰਾ ਸਫ਼ਰ
ਜੇਕਰ ਤੁਸੀਂ ਬਚਪਨ ਤੋਂ ਕੰਮ ਕਰਨ ਦੀ ਆਦਤ ਪਾ ਲਵੋ ਤਾਂ ਉਹ ਤੁਹਾਡੀ ਜਿ਼ੰਦਗੀ `ਚ ਸੋਨੇ `ਤੇ ਸੁਹਾਗਾ ਸਾਬਤ ਹੋਵੇਗੀ ਕਿਉਂਕਿ ਜਿ਼ੰਦਗੀ `ਚ ਕਿਸੇ ਵੀ ਸਮੇਂ ਆਪਣੇ ਹੱਥੀਂ ਕੰਮ ਕਰਨਾ ਪੈ ਸਕਦਾ ਹੈ। ਮੈਨੂੰ ਬਚਪਨ ਤੋਂ ਕਾਲਜ ਪੜ੍ਹਨ ਤਕ ਘਰ ਦੇ ਬਹੁਤ ਕੰਮ ਕਰਨੇ ਪਏ ਕਿਉਂਕਿ ਮੈਂ ਘਰ `ਚ ਸਭ ਤੋਂ ਛੋਟਾ ਸੀ। ਭੈਣਾਂ ਵੱਡੀਆਂ ਸਨ, ਉਨ੍ਹਾਂ ਦੀ ਸ਼ਾਦੀ ਹੋ ਗਈ, ਦੋਨੋਂ ਭਰਾ ਫੌਜ ਵਿਚ ਭਰਤੀ ਹੋ ਗਏ, ਪਿਤਾ ਜੀ ਅਜੇ ਨੌਕਰੀ ਕਰਦੇ ਸਨ। ਮੈਂ ਤੇ ਮੇਰੀ ਮਾਂ ਹੀ ਘਰ `ਚ ਇਕੱਲੇ ਸਾਂ। ਮਾਂ ਦੀ ਸਿਹਤ ਠੀਕ ਨਾ ਹੋਣ ਕਰਕੇ ਮੈਂ ਮਾਂ ਨਾਲ ਹਰ ਕੰਮ `ਚ ਹੱਥ ਵਟਾਉਂਦਾ ਸੀ। ਮੇਰਾ ਹਰ ਰੋਜ਼ ਦੇ ਕੰਮਾਂ ਦਾ ਵੇਰਵਾ ਇਸ ਤਰ੍ਹਾ ਸੀ: ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਦੁੱਧ ਰਿੜਕਣਾ, ਫੇਰ ਕੂੜਾ ਕਰਕਟ ਸੂਰਜ ਚੜ੍ਹਨ ਤੋਂ ਪਹਿਲਾਂ ਬਾਹਰ ਹਵੇਲੀ ਵਿਚ ਸੁੱਟਣ ਜਾਣਾ, ਲੋਕਾਂ ਕਹਿਣਾ ਕਿ ਇਹ ਦਰਬਾਰ ਕੌਰ ਦਾ ਮੁੰਡਾ ਨਹੀਂ, ਕੁੜੀ ਹੈ। ਹਵੇਲੀ ਪਸ਼ੂਆਂ ਦਾ ਗੋਹਾ ਸੁੱਟਣਾ, ਫਿਰ ਪੱਠੇ ਲੈਣ ਸੂਜੀ ਵਾਲੇ ਖੂਹ `ਤੇ ਜਾਣਾ ਜੋ ਘਰੋਂ ਦੋ ਕਿਲੋਮੀਟਰ ਦੂਰ ਸੀ। ਆਪ ਪੱਠੇ ਵੱਢਣੇ, ਆਪੇ ਸਿਰ `ਤੇ ਚੁੱਕਣੇ, ਨੰਗੇ ਪੈਰੀਂ ਹਵੇਲੀ ਲਿਆਣੇ ਤੇ ਚਾਰੇ ਵਾਲੀ ਮਸ਼ੀਨ `ਤੇ ਕੁਤਰਨੇ। ਦਾਤੀ ਨਾਲ ਉਂਗਲਾਂ `ਤੇ ਪਏ ਨਿਸ਼ਾਨ ਅਜੇ ਵੀ ਦਿਸਦੇ ਹਨ। ਫਿਰ ਘਰ ਦੀ ਸਫਾਈ ਤੇ ਬਰਤਨਾਂ ਦੀ ਮੰਜਾਈ ਕਰ ਕੇ ਦੌੜ ਕੇ ਪਹਿਲਾਂ ਸਕੂਲ ਤੇ ਫੇਰ ਕਾਲਜ ਜਾਣਾ। ਰੋਜ਼ ਹਾਕੀ ਖੇਡਣੀ ਤੇ ਘਰ ਆ ਕੇ ਪਸ਼ੂਆਂ ਦੀਆਂ ਖੁਰਲੀਆਂ ਭਰਨੀਆਂ। ਜੇ ਰਾਤ ਨੂੰ ਬਾਰਸ਼ ਆ ਜਾਵੇ ਤਾਂ ਮਾਂ ਨੇ ਕਹਿਣਾ ਪਸ਼ੂ ਅੰਦਰ ਕਰ ਲੈ, ਜੇ ਮੀਂਹ ਹਟ ਜਾਣਾ ਤਾਂ ਕਹਿਣਾ ਪਸ਼ੂ ਬਾਹਰ ਕੱਢ ਲੈ। ਛੁੱਟੀ ਵਾਲੇ ਦਿਨ ਵਾਧੂ ਦੇ ਕੰਮ ਕਰਨੇ। ਅੱਜ ਤਕ ਆਪਣੇ ਕਪੜੇ ਖ਼ੁਦ ਧੋਂਦਾ ਹਾਂ। ਜਦੋਂ ਅਸੀਂ ਪਰੇਡ ਗਰਾਊਂਡ ਜਾਂ ਖੇਤਾਂ ਬੰਨਿਆਂ ਤੋਂ ਘਾਹ ਖੋਤ ਕੇ ਲਿਆਉਂਦੇ ਸੀ ਤਾਂ ਮਾਂ ਬਹੁਤ ਖ਼ੁਸ਼ ਹੁੰਦੀ ਸੀ। ਮੈਂ ਪਸ਼ੂਆਂ ਨੂੰ ਬਾਹਰ ਵੀ ਚਾਰ ਲਿਆਉਂਦਾ ਸੀ ਤੇ ਕਈ ਵਾਰ ਮੱਝ ਤੇ ਬੈਠ ਕੇ ਢੋਲੇ ਦੀਆਂ ਲਾ ਲੈਂਦਾ ਸੀ। ਰਾਤ ਤਕ ਏਨਾ ਥੱਕ ਜਾਂਦਾ ਸੀ ਕਿ ਮੰਜੇ ਤੇ ਪੈਂਦਿਆਂ ਈ ਗੂੜ੍ਹੀ ਨੀਂਦ ਆ ਜਾਂਦੀ ਸੀ। ਉਹ ਦਿਨ ਕਿੰਨੇ ਚੰਗੇ ਹੁੰਦੇ ਸਨ!
ਮਾਂ ਨੇ ਮੇਰਾ ਪੋਂਖਾ ਲੈਂਦੇ ਰਹਿਣਾ
1960 ਦੇ ਆਸ ਪਾਸ ਬੜਾ ਦਿਲਚਸਪ ਵਾਕਿਆ ਹੋਇਆ। ਸਾਡੀ ਮਾਂ ਨੇ ਸਾਡੇ ਘਰ ਨਾਲ ਲਗਦੇ ‘ਭੋਲੀ’ ਕੇ ਘਰ ਦੁੱਧ ਕੜ੍ਹਨ ਵਾਸਤੇ ਭੜੋਲੀ ਬਣਾਈ ਹੋਈ ਸੀ। ਉਸ ਵਿਚ ਸਾਰਾ ਦਿਨ ਦੁੱਧ ਕੜ੍ਹਦਾ ਰਹਿੰਦਾ ਸੀ। ਮਾਂ ਨੇ ਹਰ ਰੋਜ਼ ਈ ਕਹਿਣਾ, ਪਤਾ ਨੀ ਕੀ ਗੱਲ ਐ, ਮੱਖਣ ਬਹੁਤ ਘੱਟ ਆਉਂਦੈ। ਉਸ ਨੇ ਮੈਨੂੰ ਤੜਕਸਾਰ ਉਠਾ ਕੇ ਕਹਿਣਾ ਕਿ ਤੇਰਾ ਪੋਂਖਾ ਬਹੁਤ ਚੰਗਾ ਹੈ, ਤੂੰ ਦੁੱਧ ਵਾਲੀ ਮਧਾਣੀ ਕੋਲ ਖੜ੍ਹਾ ਹੋ ਕੇ ਪੋਂਖਾ ਦੇਹ। ਮੈਂ ਅੱਖਾਂ ਮਲ਼ਦੇ ਮਲ਼ਦੇ ਸੁੱਤ-ਉਣੀਂਦੇ ਮਧਾਣੀ ਲਾਗੇ ਖਲੋ ਜਾਣਾ ਪਰ ਮੱਖਣ ਫੇਰ ਵੀ ਘੱਟ ਆਵੇ। ਮਾਂ ਨੇ ਲਵੇਰਿਆਂ ਨੂੰ ਵੰਡ, ਸੌਂਫ ਤੇ ਗੁੜ ਚਾਰਨ ਲੱਗ ਜਾਣਾ, ਬਈ ਕਿਤੇ ਬਿਮਾਰ ਨਾ ਹੋਣ। ਕਾਫੀ ਦੇਰ ਬਾਅਦ ਭੋਲੀ ਕੇ ਸੀਤੇ-ਜਗਰੀ ਹੋਰਾਂ ਨੇ ਦੱਸਿਆ ਕਿ ਅਸੀਂ ਕਣਕ ਦੇ ਨਾੜ ਦੀਆਂ ਨਲਪੀਆਂ ਬਣਾ ਕੇ ਤੁਹਾਡਾ ਕੜ੍ਹਿਆ ਦੁੱਧ ਪੀ ਜਾਂਦੇ ਸੀ ਤੇ ਮਲਾਈ ਨੂੰ ਵੀ ਦਾਅ ਲਾ ਜਾਂਦੇ ਸੀ। ਪੂਰੀ ਮਲਾਈ ਨਹੀਂ ਸੀ ਖਾਂਦੇ ਬਈ ਤੇਰੀ ਮਾਂ ਨੂੰ ਪਤਾ ਨਾ ਲੱਗ ਜਾਵੇ। ਹੋਰ ਨਾ ਕਿਤੇ ਉਹ ਸਾਡੇ ਘਰ ਦੁੱਧ ਕਾੜ੍ਹਨਾ ਰੱਖਣੋਂ ਹਟ ਜਾਵੇ, ਬਈ ਏਥੇ ਸੀਤੇ-ਜਗਰੀ ਵਰਗੇ ਬਿੱਲੇ ਦਾਅ ਲਾਉਂਦੇ ਆ। ਤਦੇ ਅਸੀਂ ਹਾਕੀ ਖੇਡਦਿਆਂ ਅਸੀਂ ਤੈਨੂੰ ਡਾਹੀ ਨਾ ਸੀ ਦਿੰਦੇ। ਮੈਂ ਉਨ੍ਹਾਂ ਨੂੰ ਕਿਹਾ, ਤੁਸੀਂ ਸਾਡਾ ਕੜ੍ਹਿਆ ਦੁੱਧ ਪੀ ਪੀ ਕੇ ਤਕੜੇ ਹੋ ਗਏ ਤੇ ਅਸੀਂ ਮਾੜੇ ਰਹਿ ਗਏ। ਮਾਂ ਸਾਡੇ ਪੋਂਖੇ ਲੈਂਦੀ ਹੀ ਰਹਿਗੀ ਜਦ ਕਿ ਤੁਸੀਂ ਲਵੇਰਾ ਵੀ ਨਹੀਂ ਸੀ ਰੱਖਦੇ। ਉਸ ਵੇਲੇ ਲੋਕ ਕਿੰਨੇ ਭੋਲ਼ੇ ਸਨ! ਦੁੱਧ ਉਹ ਵੀ ਘਰੋਂ ਬਾਹਰ ਕੜ੍ਹਨਾਂ ਰੱਖ ਦਿੰਦੇ! ਸੀਤੇ-ਜਗਰੀ ਹੋਰੀਂ ਮੁਫ਼ਤ ਦਾ ਦੁੱਧ ਡੀਕ ਕੇ ਸਿਹਤਾਂ ਨਾ ਬਣਾਉਂਦੇ ਤਾਂ ਹੋਰ ਕੀ ਬਣਾਉਂਦੇ?
ਜਿ਼ੰਦਗੀ ਦਾ ਪਾਸਾ ਪਲਟ ਗਿਆ
1968 ਦਾ ਵਾਕਿਆ ਹੈ ਜਿਸ ਨੇ ਮੇਰੀ ਜਿ਼ੰਦਗੀ ਵਿਚ ਨਵਾਂ ਮੋੜ ਲਿਆਂਦਾ। ਮੈਂ ਲੁਹਾਰ ਪਰਤਾਪਪੁਰੇ ਆਪਣੀ ਗਾਂ ਨੂੰ ਨਵੇਂ ਦੁੱਧ ਕਰਾਉਣ ਗਿਆ। ਨਕੋਦਰ ਵਾਲੀ ਰੇਲਵੇ ਲਾਈਨ ਦੇ ਫਾਟਕ ਲਾਗੇ ਸਾਡੇ ਪਿੰਡ ਦੇ ਖਿਡਾਰੀ ‘ਕੈਨੀ’ ਤੇ ‘ਰਾਜਨ’ ਦੀ ਆਵਾਜ਼ ਮੇਰੇ ਕੰਨੀ ਪਈ, ‘ਓਏ ਪਿੰਦੇ, ਤੂੰ ਪਾਸ ਹੋ ਗਿਆ, ਅੱਜ ਸ਼ਾਮ ਨੂੰ ਆਪਣਾ ਇੰਟਰ ਕਾਲਜ ਦਾ ਮੈਚ ਐ। ਹੁਣ ਤੇਰਾ ਖੇਡਣ ਦਾ ਸਾਲ ਬਣ ਗਿਆ।’ ਇਹ ਸੁਣ ਕੇ ਗਾਂ ਮੇਰੇ ਹੱਥੋਂ ਛੁੱਟ ਗਈ ਤੇ ਦੌੜ ਪਈ। ਉਹ ਸੀਨ ਅੱਜ ਤਕ ਮੇਰੀਆਂ ਅੱਖਾਂ ਅੱਗੇ ਐ। ਉਸ ਵੇਲੇ ਮੈਂ ਬੀਏ ਪਾਰਟ ਵਨ ਵਿਚ ਸੀ। ਇਹ ਉਹ ਜਮਾਤ ਸੀ ਜਿਸ ਵਿਚ ਸੰਸਾਰਪੁਰੀਆਂ ਦੀਆਂ ਬ੍ਰੇਕਾਂ ਲੱਗੀਆਂ ਰਹਿੰਦੀਆਂ। ਸੰਸਾਰਪੁਰੀਏ ਜਿੰਨੇ ਹਾਕੀ ਖੇਡਣ `ਚ ਤਕੜੇ ਸਨ, ਓਨੇ ਈ ਪੜ੍ਹਾਈ `ਚ ਮਾੜੇ ਸਨ। ਮਾਪੇ ਪੜ੍ਹਾਈ `ਚ ਫੇਲ੍ਹ ਹੁੰਦੇ ਆਪਣੇ ਮੁੰਡਿਆਂ ਨੂੰ ਕਹਿੰਦੇ, ‘ਜੇ ਪੜ੍ਹ ਨੀ ਹੁੰਦਾ ਤਾਂ ‘ਊਧੀ’ ਓ ਬਣ-ਜੋ।’ ਮੈਂ ਫੇਲ੍ਹ ਹੁੰਦਾ ਹੁੰਦਾ ਪਾਸ ਹੋ ਗਿਆ ਸਾਂ, ਇਸੇ ਕਰਕੇ ‘ਊਧੀ’ ਨਾ ਬਣ ਸਕਿਆ। ਫੇਲ੍ਹ ਹੋ ਜਾਂਦਾ ਤਾਂ ਸੰਭਵ ਸੀ ਬੀਐੱਸਐੱਫ ਦਾ ਕਮਾਂਡੈਂਟ ਬਣ ਕੇ ਰਿਟਾਇਰ ਹੁੰਦਾ! ਹੋਰਨਾਂ ਸੰਸਾਰਪੁਰੀਆਂ ਤੇ ਵੱਡੇ ਭਰਾ ਬਲਬੀਰ ਵਾਂਗ ਓਲੰਪੀਅਨ ਬਣਦਾ। ਉਦਣ ਪਾਸ ਹੋਣ ਦੀ ਖ਼ਬਰ ਨਾਲ ਗਾਂ ਨੇ ਤਾਂ ਹੱਥੋਂ ਛੁੱਟਣਾ ਹੀ ਸੀ, ਮੇਰੀ ਜਿ਼ੰਦਗੀ ਦਾ ਵੀ ਪਾਸਾ ਪਲਟ ਗਿਆ ਤੇ ਮੈਂ ਪ੍ਰੋਫ਼ੈਸਰ ਬਣਨ ਦੇ ਰਾਹ ਪੈ ਗਿਆ। ਇਉਂ ਸੰਸਾਰਪੁਰ ਦੀ ਹਾਕੀ `ਤੇ ਪੀਐੱਚਡੀ ਕਰਨ ਦਾ ਮੌਕਾ ਵੀ ਮਿਲ ਗਿਆ।
ਹਾਕੀ ਦਾ ਬਾਬਾ ਬੋਹੜ ਊਧਮ ਸਿੰਘ
1982 ਵਿਚ ਪੰਜਾਬੀ ਯੂਨੀਵਰਸਿਟੀ ਨੇ ਮੇਰੀ ਪੁਸਤਕ ‘ਪੰਜਾਬੀ ਖਿਡਾਰੀ’ ਪ੍ਰਕਾਸਿ਼ਤ ਕੀਤੀ ਸੀ ਜਿਸ ਦਾ ਅੰਗਰੇਜ਼ੀ ਅਨੁਵਾਦ ਵੀ ਛਪਿਆ। ਉਸ ਵਿਚਲਾ ਪਹਿਲਾ ਸ਼ਬਦ ਚਿੱਤਰ ਊਧਮ ਸਿੰਘ ਦਾ ਹੈ: ਊਧਮ ਸਿੰਘ ਨੇ ਦੁਨੀਆ ਵਿਚ ਸਭ ਤੋਂ ਬਹੁਤੀ ਹਾਕੀ ਖੇਡੀ ਹੈ। ਉਸ ਨੂੰ ਹਾਕੀ ਫੜਿਆਂ ਚਾਲੀ ਸਾਲ ਹੋ ਗਏ ਹਨ। ਇਨ੍ਹਾਂ ਚਾਲੀ ਸਾਲਾਂ `ਚ ਲਗਭਗ ਪੈਂਤੀ ਸਾਲ ਉਹ ਸਰਗਰਮ ਹਾਕੀ ਖੇਡਿਆ। ਉਹ ਛੋਟੇ ਕੱਦ ਦਾ ਵੱਡਾ ਖਿਡਾਰੀ ਹੈ ਜੀਹਨੇ ਦਰਜਨਾਂ ਦੇਸ਼ਾਂ ਦੇ ਸੈਂਕੜੇ ਮੈਦਾਨਾਂ ਵਿਚ ਆਪਣੀ ਖੇਡ ਦੇ ਜੌਹਰ ਦਿਖਾਏ ਹਨ। ਉਹ ਪੰਜ ਉਲੰਪਿਕਸ ਖੇਡਣ ਲਈ ਚੁਣਿਆ ਗਿਆ ਸੀ ਪਰ ਪਹਿਲੀ ਵਾਰ ਉਂਗਲਾਂ ਟੁੱਟ ਜਾਣ ਕਾਰਨ ਚਾਰ ਉਲੰਪਿਕਸ ਖੇਡ ਸਕਿਆ। ਮੈਲਬਰਨ ਦੀਆਂ ਓਲੰਪਿਕ ਖੇਡਾਂ ਚ ਉਹਨੇ ਪੰਦਰਾਂ ਗੋਲ ਕਰਨ ਦਾ ਰਿਕਾਰਡ ਰੱਖਿਆ। ਉਸ ਨੇ ਓਲੰਪਿਕ ਖੇਡਾਂ `ਚੋਂ ਇਕ ਚਾਂਦੀ ਤੇ ਤਿੰਨ ਸੋਨੇ ਦੇ ਤਗ਼ਮੇ ਜਿੱਤੇ ਜੋ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ਵਿਚ ਦਰਜ ਹਨ। ਵੀਹ ਸਾਲ ਉਹ ਪੰਜਾਬ ਦੀਆਂ ਟੀਮਾਂ ਦੀ ਨੁਮਾਇੰਦਗੀ ਕਰਦਾ ਰਿਹਾ। ਉਮਰ ਦੇ ਪੰਜਾਹਵੇਂ ਸਾਲ ਚ ਉਹ ਦਿੱਲੀ ਦਾ ਨਹਿਰੂ ਹਾਕੀ ਟੂਰਨਾਮੈਂਟ ਖੇਡਿਆ ਤੇ ਉਨ੍ਹਾਂ ਦੀ ਟੀਮ ਗੱਜ ਵੱਜ ਕੇ ਜੇਤੂ ਰਹੀ। ਉਹਨੇ ਆਪਣੇ ਹਾਣੀਆਂ ਨਾਲ ਤਾਂ ਖੇਡਣਾ ਹੀ ਸੀ, ਉਨ੍ਹਾਂ ਦੇ ਪੁੱਤਰਾਂ ਨਾਲ ਵੀ ਖੇਡਿਆ ਤੇ ਪੋਤਿਆਂ ਨੂੰ ਵੀ ਡਾਜਾਂ ਮਾਰ ਰਿਹੈ!
ਪੁਸਤਕ ‘ਹਾਕੀ ਦਾ ਘਰ ਸੰਸਾਰਪੁਰ’ ਲਿਖਣ ਵਿਚ ਊਧਮ ਸਿੰਘ ਨੇ ਲੇਖਕ ਨੂੰ ਬਹੁਤ ਸਹਿਯੋਗ ਦਿੱਤਾ ਸੀ। ਪੋਪਿੰਦਰ ਸਿੰਘ ਲਿਖਦੈ: 15 ਮਾਰਚ 2000 ਦਿਨ ਬੁੱਧਵਾਰ ਨੂੰ ਸਰਦਾਰ ਊਧਮ ਸਿੰਘ ਦੀ ਮੌਤ ਤੋਂ ਅੱਠ ਦਿਨ ਪਹਿਲਾਂ ਰਾਜਿੰਦਰ ਸਿੰਘ ਜੋ ਡੀਏਵੀ ਕਾਲਜ ਜਲੰਧਰ ਵਿਚ ਕੋਚ ਸਨ, ਸਰਦਾਰ ਜੀ ਨੂੰ ਜਲੰਧਰ ਦੂਰਦਰਸ਼ਨ `ਚ ਇੰਟਰਵਿਊ ਵਾਸਤੇ ਸੱਦਣ ਸੰਸਾਰਪੁਰ ਦੀ ਹਾਕੀ ਗਰਾਊਂਡ `ਚ ਆਏ। ਸਰਦਾਰ ਜੀ ਨੇ ਮੈਨੂੰ ਘਰੋਂ ਬੁਲਾਇਆ ਤੇ ਹਾਕੀ ਗਰਾਊਂਡ ਤੇ ਹਾਕੀ ਗੋਲਾਂ ਦਰਮਿਆਨ ਉਨ੍ਹਾਂ ਨੂੰ ਮਿਲਾਉਂਦੇ ਕਿਹਾ, “ਭਿੰਦਾ ਚੰਗਾ ਖਿਡਾਰੀ ਸੀ। ਜੇ ਸਾਡੇ ਕੋਲ ਬੀਐੱਸਐੱਫ `ਚ ਆ ਜਾਂਦਾ ਤਾਂ ਇਸ ਨੇ ਦੋ ਓਲੰਪਿਕ ਖੇਡ ਜਾਣਾ ਸੀ ਤੇ ਕਮਾਂਡੈਂਟ ਬਣ ਜਾਣਾ ਸੀ ਪਰ ਇਸ ਨੇ ਲਾਈਨ ਬਦਲ ਲਈ। ਸਰਦਾਰ ਜੀ ਨੇ ਰਜਿੰਦਰ ਸਿੰਘ ਨੂੰ ਕਿਹਾ ਕਿ ਭਿੰਦਾ ਵੀ ਮੇਰੇ ਨਾਲ ਇੰਟਰਵਿਊ ਚ ਆਵੇਗਾ। 18 ਮਾਰਚ 2000 ਨੂੰ ਉਹ ਮੈਨੂੰ ਆਪਣੇ ਪੁਰਾਣੇ ਸਕੂਟਰ ਤੇ ਬਿਠਾ ਕੇ ਜਲੰਧਰ ਦੂਰਦਰਸ਼ਨ ਵੱਲ ਚੱਲ ਪਏ। ਅਚਾਨਕ ਉਨ੍ਹਾਂ ਨੇ ਜਲੰਧਰ ਛਾਉਣੀ ਵਾਲੇ ਰਸਤੇ ਤੋਂ ਬੀਐੱਸਐੱਫ ਦੇ ਗੇਟ ਵੱਲ ਸਕੂਟਰ ਮੋੜ ਲਿਆ। ਮੈਂ ਕਿਹਾ, ਸਰਦਾਰ ਜੀ ਆਪਾਂ ਤਾਂ ਦੂਰਦਰਸ਼ਨ ਵੱਲ ਜਾਣਾ ਹੈ, ਤੁਸੀਂ ਏਧਰ ਸਕੂਟਰ ਕਿਉਂ ਮੋੜ ਲਿਆ? ਉਨ੍ਹਾਂ ਨੇ ਕਿਹਾ, ਮੇਰਾ ਹਾਕੀ ਦੀ ਗਰਾਊਂਡ ਤੇ ਦਫਤਰ ਦੇਖਣ ਨੂੰ ਜੀਅ ਕਰਦਾ, ਜਿਥੇ ਮੈਂ ਜਿ਼ੰਦਗੀ ਦਾ ਬਹੁਤਾ ਸਮਾਂ ਬਤੀਤ ਕੀਤਾ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਇਹ ਉਨ੍ਹਾਂ ਦੇ ਜੀਵਨ ਦੀ ਆਖ਼ਰੀ ਫੇਰੀ ਸੀ। 23 ਮਾਰਚ ਨੂੰ ਸ਼ਹੀਦ ਭਗਤ ਅਤੇ ਕਵੀ ਪਾਸ਼ ਦੀ ਬਰਸੀ ਵਾਲੇ ਦਿਨ ਉਹ ਚੜ੍ਹਾਈ ਕਰ ਗਏ। ਪਿੱਛੇ ਉਹਦੀਆਂ ਤੇ ਸੰਸਾਰਪੁਰ ਦੀਆਂ ਗੱਲਾਂ ਰਹਿ ਗਈਆਂ ਹਨ ਜੋ ਇਸ ਪੁਸਤਕ `ਚੋਂ ਪੜ੍ਹੀਆਂ ਜਾ ਸਕਦੀਆਂ ਹਨ।
ਸੰਪਰਕ: principalsarwansingh@gmail.com