ਕਥਾ ਪ੍ਰਵਾਹ

ਪੌਦਿਆਂ ਵਾਂਗ ਉੱਗੇ ਜਿਸਮ

ਪੌਦਿਆਂ ਵਾਂਗ ਉੱਗੇ ਜਿਸਮ

ਜਸਬੀਰ ਭੁੱਲਰ

ਜਸਬੀਰ ਭੁੱਲਰ

ਸੁਪਨਿਆਂ ਵਾਲੀਆਂ ਅੱਖਾਂ ਉਸ ਜਦ ਕਦੀ ਵੀ ਤੱਕੀਆਂ ਸਨ, ਬੜੀਆਂ ਉਦਾਸ ਤੱਕੀਆਂ ਸਨ।

...ਪਰ ਉਹ ਤਾਂ ਬਦਨਸੀਬ ਹੀ ਰਿਹਾ। ਸੁਪਨਿਆਂ ਦੇ ਅੱਖਾਂ ਵਿਚ ਘਰ ਬਣਾਉਣ ਤੱਕ ਦੀ ਨੌਬਤ ਹੀ ਨਾ ਆਈ। ਉਸ ਦੇ ਸੁਪਨੇ ਤਾਂ ਜਦ ਵੀ ਜੰਮੇ ਮੋਏ ਹੋਏ ਜੰਮੇ। ਸਾਰੇ ਸੁਪਨਿਆਂ ਦੀਆਂ ਮੜ੍ਹੀਆਂ ਉਸ ਆਪਣੇ ਧੁਰ ਅੰਦਰ ਬਣਾ ਲਈਆਂ ਸਨ। ਹੁਣ ਵਾਲੀ ਖ਼ਬਰ ਸ਼ਾਇਦ ਉਹਦੀ ਉਮਰ ਦੀ ਆਖ਼ਰੀ ਉਦਾਸ ਖ਼ਬਰ ਸੀ। ਇਸ ਪਿੱਛੋਂ ਸ਼ਾਇਦ ਕੋਈ ਵੀ ਖ਼ਬਰ ਉਹਨੂੰ ਉਦਾਸ ਨਹੀਂ ਸੀ ਲੱਗਣੀ। ਉਸ ਇਸ ਗੱਲ ਵਿਚੋਂ ਤਸੱਲੀ ਲੱਭਣ ਦਾ ਨਿਸਫਲ ਜਿਹਾ ਯਤਨ ਕੀਤਾ ਤੇ ਹਾਦਸੇ ਦੀ ਖ਼ਬਰ ਅੱਖਾਂ ਵਿਚ ਭਰ ਕੇ ਪਹਾੜ ਦੇ ਪੈਰਾਂ ਵੱਲ ਨੂੰ ਜਾਂਦੀ ਸੜਕ ਵੱਲ ਤੱਕਿਆ।

ਸੰਘਣੇ ਜੰਗਲ ਨੂੰ ਚੀਰ ਕੇ ਲੰਘਦੀ ਸੜਕ ਦੀ ਲੀਕ ਕਿਸੇ ਵਿਧਵਾ ਦੀ ਮਾਂਗ ਵਾਂਗ ਬੜੀ ਸੁੰਞੀ ਸੀ। ਨਜ਼ਰਾਂ ਦੀ ਮਾਰ ਤੱਕ ਫੈਲਿਆ ਜੰਗਲ ਹਰੇ ਰੰਗ ਦੇ ਪੋਚੇ ਤੋਂ ਵੱਧ ਕੁਝ ਨਹੀਂ ਸੀ ਜਾਪਦਾ। ਪੈ ਰਹੀ ਫੁਹਾਰ ਕਾਰਨ ਰੁੱਖਾਂ ਦੇ ਪੱਤਿਆਂ ਤੋਂ ਪਾਣੀ ਲਗਾਤਾਰ ਟਪ ਟਪ ਕਰਕੇ ਡਿੱਗ ਰਿਹਾ ਸੀ, ਕਿਸੇ ਕੁੜੀ ਦੇ ਪਹਿਲੇ ਹਾਦਸੇ ਤੋਂ ਪਿੱਛੋਂ ਵਹਿਣ ਵਾਲੇ ਅੱਥਰੂਆਂ ਵਾਂਗ। ਰੁੱਖਾਂ ਦੇ ਪੈਰਾਂ ਹੇਠ ਵਿਛੀ ਦਲਦਲ ਦੂਜੀ ਵੱਡੀ ਜੰਗ ਦੇ ਇਤਿਹਾਸ ਦਾ ਫੁੱਟ ਨੋਟ ਸੀ। ਅਨੇਕ ਫ਼ੌਜੀ ਇਸ ਦਲਦਲ ਵਿਚ ਦਫ਼ਨ ਹੋ ਗਏ ਸਨ, ਪਰ ਮੀਲਾਂ ਤੱਕ ਫੈਲੀ ਕਬਰ ’ਤੇ ਅਜੇ ਤੱਕ ਵੀ ਕੋਈ ਕਤਬਾ ਨਹੀਂ ਸੀ।

ਦਲਦਲ ਦੇ ਚਿਹਰੇ ’ਤੇ ਲਿਖੇ ਮਰਸੀਏ ਕੌਣ ਪੜ੍ਹਦਾ?

ਉਸ ਬਰਸਾਤੀ ਦਾ ਉਪਰਲਾ ਬੀੜਾ ਬੰਦ ਕਰਕੇ ਕਾਲਰ ਉਤਾਂਹ ਚੁੱਕ ਲਏ। ਮਿੰਨ੍ਹੀ ਮਿੰਨ੍ਹੀ ਫੁਹਾਰ ਕਿਣ ਮਿਣ ਬਣ ਗਈ।

ਉਸ ਜੰਗਲ ਵਾਲੇ ਪਾਸੇ ਪਿੱਠ ਕਰ ਲਈ, ਪਰ ਜੰਗਲ ਤਾਂ ਚੁਫੇਰੇ ਸੀ। ਉਹ ਦਲਦਲੀ ਜ਼ਮੀਨ ਹੁੰਦਾ ਤਾਂ ਰੁੱਖਾਂ ਦੇ ਪਰਛਾਵੇਂ ਹੇਠ ਮੂੰਹ ਲੁਕਾ ਲੈਂਦਾ, ਪਰ ਉਹ ਤਾਂ ਪੱਤਿਆਂ ਟਾਹਣੀਆਂ ਤੋਂ ਵਿਰਵਾ ਤਣਾ ਸੀ। ਉਸ ਦੇ ਸਿਰ ਉੱਤੇ ਕੋਈ ਛਾਂ ਨਹੀਂ ਸੀ, ਕੋਈ ਉਹਲਾ ਨਹੀਂ ਸੀ।

ਉਹ ਆਪਣੇ ਸਿਰ ਦੀ ਛਾਂ ਦਾ ਕਾਤਲ ਸੀ ਸ਼ਾਇਦ, ਪਰ ਕਿਸੇ ਰੁੱਖ ਨੇ ਆਪਣੀ ਛਾਂ ਵੀ ਕਦੀ ਖ਼ੁਦ ਛਾਂਗੀ ਹੈ ਭਲਾ? ਇਹ ਤਾਂ ਸੂਬੇਦਾਰ ਪਿਆਰਾ ਸਿੰਘ ਦੀ ਆਪਣੀ ਅਦਾਲਤ ਸੀ ਜਿੱਥੇ ਫ਼ੈਸਲੇ ਤੋਂ ਪਿੱਛੋਂ ਕਲਮ ਨੇ ਕਦੀ ਨਿੱਬ ਨਹੀਂ ਸੀ ਭੰਨੀ। ਇਹ ਤਾਂ ਪਿਤਾ ਪੁਰਖੀ ਸੀ ਜੀਹਨੂੰ ਹੱਥਾਂ ’ਤੇ ਚੁੱਕਣਾ ਹੀ ਬਣਦਾ ਸੀ। ਉਹਦੇ ਦੋਹਾਂ ਪੁੱਤਾਂ ਨੇ ਤਾਂ ਹਰ ਹਾਲਤ ਵਿਚ ਫ਼ੌਜੀ ਹੀ ਬਣਨਾ ਸੀ। ਸ਼ੇਰ ਸਿੰਘ ਤੇ ਪਰਗਟ ਸਿੰਘ ਦਾ ਭਰਤੀ ਹੋਣਾ ਉਹਦੇ ਲਈ ਜਿਊਂਦਿਆਂ ’ਚ ਹੋ ਜਾਣ ਵਰਗੀ ਗੱਲ ਸੀ।

ਉਹਦੇ ਸੁਪਨੇ ਤਾਂ ਰੁਤਬੇ ਵਾਲੇ ਦੇ ਪੈੜੇ ਤੋਂ ਪਿੱਛੋਂ ਬਰਫ਼ ਬਣਨਾ ਸ਼ੁਰੂ ਹੋਏ ਸਨ। ਇਹ ਤਾਂ ਉਸੇ ਆਗੂ ਦੇ ਬੋਲਾਂ ਦਾ ਡੰਗ ਸੀ ਜੋ ਉਸ ਨੂੰ ਜਿਊਣ ਨਹੀਂ ਸੀ ਦੇ ਰਿਹਾ।

ਉਹ, ਜੋ ਫ਼ੌਜ ਬਾਰੇ ਕੁਝ ਨਹੀਂ ਸੀ ਜਾਣਦਾ, ਅਗਲੀਆਂ ਪਿੱਕਟਾਂ ਦਾ ਮੁਆਇਨਾ ਕਰਕੇ ਹਿਫਾਜ਼ਤੀ ਗਾਰਦ ਦੇ ਜੁਆਨਾਂ ਵੱਲ ਆ ਗਿਆ, ‘‘ਕਿਆ ਨਾਮ ਹੈ ਆਪ ਕਾ?’’

‘‘ਸਰ, ਨਾਇਬ ਸੂਬੇਦਾਰ ਪਿਆਰਾ ਸਿੰਘ,’’ ਉਸ ਸਾਵਧਾਨ ਹੁੰਦਿਆਂ ਜਵਾਬ ਦਿੱਤਾ ਸੀ।

‘‘ਹੂੰ!’’ ਉਸ ਲੰਮਾ ਸਾਹ ਲਿਆ, ‘‘ਕਿਤਨੀ ਤਨਖ਼ਾਹ ਮਿਲ ਜਾਤੀ ਹੈ ਆਪ ਕੋ?’’

‘‘ਯਹੀ ਕੋਈ ... ਬਸ ਸਾਹਬ, ਗੁਜ਼ਾਰਾ ਹੋ ਜਾਤਾ ਹੈ।’’

‘‘ਅਰੇ ਯਹ ਤਨਖ਼ਾਹ ਤੋਂ ਮੁਫ਼ਤ ਕੀ ਹੈ। ਸਰਕਾਰੀ ਰਾਸ਼ਨ ਖਾਤੇ ਹੋ, ਕਰਨੇ ਕੋ ਕੁਛ ਕਾਮ ਨਹੀਂ। ਯਹ ਤਨਖ਼ਾਹ ਤੋ ਬਹੁਤ ਹੈ ਮੇਰੇ ਭਾਈ!’’ ਉਸ ਆਖਿਆ ਤੇ ਮੁਸਕਰਾ ਕੇ ਉਹਦੇ ਮੋਢੇ ’ਤੇ ਹੱਥ ਰੱਖ ਦਿੱਤਾ।

ਕਲਿਕ!... ਕਲਿਕ!... ਕੈਮਰੇ ਹਰਕਤ ਵਿਚ ਆ ਗਏ।

ਅਗਲੇਰੇ ਹਫ਼ਤੇ ਸੈਨਿਕ ਰਸਾਲੇ ਦੇ ਮੁੱਖ ਪੰਨੇ ’ਤੇ ਉਹੀ ਤਸਵੀਰ ਸੀ। ਤਸਵੀਰ ਦੇ ਚਿਹਰੇ ’ਤੇ ਉਹੀ ਪ੍ਰਭਾਵ ਸੀ, ਪਰ ਤਸਵੀਰ ਦੇ ਥੱਲੇ ਲਿਖੀ ਇਬਾਰਤ ਕੁਝ ਹੋਰ ਦੱਸਦੀ ਸੀ।

* * *

ਪਤਾ ਨਹੀਂ ਸੇਹ ਦਾ ਤੱਕਲਾ ਕੀਹਨੇ ਗੱਡਿਆ ਸੀ। ਕੁਝ ਮਹੀਨੇ ਪਿੱਛੋਂ ਹੀ ਸੂਹੇ ਫੁੱਲ ਅੰਗਿਆਰ ਬਣ ਗਏ।

ਅੰਗਿਆਰਾਂ ਤੋਂ ਅੱਗ ਭੰਬਾਕਿਆਂ ਨਾਲ ਬਲਣ ਲੱਗ ਪਈ, ਪਰ ਪੱਥਰ ਫੇਰ ਵੀ ਨਹੀਂ ਪਿਘਲੇ। ਇਕ ਦਿਨ ਪਿਆਰਾ ਸਿੰਘ ਦੀਆਂ ਅੱਖਾਂ ਪਿਘਲ ਗਈਆਂ। ਇਸ ਅੱਗ ਵਿਚ ਅਨੇਕ ਵਜੂਦ ਝੁਲਸ ਗਏ ਸਨ ਤੇ ਇਨ੍ਹਾਂ ਵਿਚ ਹੀ ਕੋਲੇ ਹੋ ਗਿਆ ਸੀ ਉਹਦੇ ਆਪਣੇ ਦਿਲ ਦਾ ਇਕ ਟੁਕੜਾ। ਖ਼ਬਰ ਉਹਦੇ ਘਰ ਬਾਅਦ ਵਿਚ ਪਹੁੰਚਣੀ ਸੀ, ਉਹਦੀ ਪਲਟਨ ਵਿਚ ਪਹਿਲਾਂ ਪਹੁੰਚ ਗਈ।

ਉਹਦਾ ਪੁੱਤਰ ਸਿਪਾਹੀ ਸ਼ੇਰ ਸਿੰਘ ਇਕ ਬਹਾਦਰ ਦੀ ਮੌਤ ਮੋਇਆ ਸੀ, ਪਰ ਜ਼ਰੂਰੀ ਨਹੀਂ ਕਿ ਮਾਣ ਕਰ ਸਕਣ ਵਾਲੀ ਗੱਲ ਖ਼ੁਸ਼ ਕਰ ਸਕਣ ਵਾਲੀ ਵੀ ਹੋਵੇ। ਆਪਣੇ ਕਮਾਂਡਿੰਗ ਅਫ਼ਸਰ ਤੋਂ ਹਮਦਰਦੀ ਦੇ ਕੁਝ ਬੋਲ ਲੈ ਕੇ ਉਹ ਲੂਰ੍ਹੀਆਂ ਲੈਂਦੀ ਮਮਤਾ ਦੇ ਪਿੰਡ ਛੁੱਟੀ ਤੁਰ ਗਿਆ ਸੀ।

* * *

ਉਸ ਦਾ ਸਾਮਾਨ ਟਰੱਕ ਵਿਚ ਰੱਖਿਆ ਜਾ ਚੁੱਕਾ ਸੀ। ਉਸ ਦੇ ਬੈਟਮੈਨ ਨੇ ਉਹਨੂੰ ਟਰੱਕ ਵਿਚ ਬੈਠਣ ਲਈ ਆਖਿਆ। ਪਿੱਠੂ ਲਾ ਕੇ ਅੱਸੀ ਅੱਸੀ ਮੀਲ ਦੀ ਰੂਟ ਮਾਰਚ ਵਿਚ ਸਭ ਤੋਂ ਅੱਗੇ ਆਉਣ ਵਾਲੇ ਸੂਬੇਦਾਰ ਪਿਆਰਾ ਸਿੰਘ ਨੂੰ ਜਾਪਿਆ... ਟਰੱਕ ਤੱਕ ਪਹੁੰਚਣ ਲਈ ਉਸ ਨੂੰ ਸਹਾਰੇ ਦੀ ਜ਼ਰੂਰਤ ਹੈ।

ਉਸ ਦਾ ਛੁੱਟੀ ਜਾਣ ਦਾ ਚਾਅ ਸਦਾ ਲਈ ਕਲਰਾਇਆ ਗਿਆ ਸੀ।

ਸਿਪਾਹੀ ਸ਼ੇਰ ਸਿੰਘ ਨਹੀਂ ਸੀ ਰਿਹਾ। ਇਹ ਉਸ ਖੇਡ ਦਾ ਹਿੱਸਾ ਸੀ ਜੋ ਉਨ੍ਹਾਂ ਦਾ ਖਾਨਦਾਨ ਖੇਡਦਾ ਆਇਆ ਸੀ।

ਸਿਪਾਹੀ ਸ਼ੇਰ ਸਿੰਘ ਦੀ ਪਲਟਨ ਨੇ ਹਮਦਰਦੀ ਦੀ ਚਿੱਠੀ ਸੂਬੇਦਾਰ ਪਿਆਰਾ ਸਿੰਘ ਦੇ ਨਾਮ ਭੇਜੀ ਸੀ। ਕੁਝ ਰੁਪਏ ਵੀ ਉਸ ਟੁਕੜੀ ਹੱਥ ਭੇਜੇ ਸਨ ਜੋ ਸ਼ੇਰ ਸਿੰਘ ਦੇ ਫੁੱਲ ਲੈ ਕੇ ਆਈ ਸੀ, ਪਰ ਉਨ੍ਹਾਂ ਰੁਪਈਆਂ ਨਾਲ ਸ਼ੇਰ ਸਿੰਘ ਵਾਪਸ ਨਹੀਂ ਸੀ ਆ ਸਕਦਾ। ਮਰਨ ਵਾਲੇ ਦੀ ਸੱਜ ਵਿਆਹੀ ਨੇ ਚੂੜੀਆਂ ਤੋੜ ਦਿੱਤੀਆਂ ਸਨ।

ਪਿਆਰਾ ਸਿੰਘ ਨੇ ਆਪਣੀ ਨੂੰਹ ਵੱਲ ਤੱਕਣਾ ਚਾਹਿਆ, ਪਰ ਨਹੀਂ ਤੱਕ ਸਕਿਆ। ਸਰਨੀ ਦੀਆਂ ਅੱਖਾਂ ਦੇ ਸੁਪਨੇ ਉਹਦੀਆਂ ਅੱਖਾਂ ਦੇ ਪਾਣੀ ਵਿਚ ਵਗ ਗਏ ਸਨ। ਸੇਆਂ ਦਾ ਰੰਗ ਉਹਦੇ ਚਿਹਰੇ ’ਤੇ ਜ਼ਰਦ ਹੋ ਗਿਆ ਸੀ।

ਸੂਬੇਦਾਰ ਪਿਆਰਾ ਸਿੰਘ ਤਾਂ ਖ਼ੁਦ ਸਰਨੀ ਦੀ ਚੁੱਪ ਦਾ ਮੁਜਰਿਮ ਸੀ ਉਹ ਬਾਕੀਆਂ ਨੂੰ ਕੀ ਦਿਲਾਸਾ ਦਿੰਦਾ! ਈਸ਼ਰ ਕੌਰ ਤਾਂ ਪਿੱਟ ਪਿੱਟ ਨੀਲੀ ਹੋ ਗਈ ਸੀ। ਮਮਤਾ ਨੂੰ ਤਾਂ ਦੰਦਲਾਂ ਪੈ ਪੈ ਜਾਂਦੀਆਂ ਸਨ। ਉਹ ਚੁੱਪ ਬੈਠਾ, ਗੋਡਿਆਂ ’ਚ ਸਿਰ ਸੁੱਟੀ ਅਲਾਹੁਣੀਆਂ ਸੁਣਦਾ ਰਿਹਾ... ਚੜ੍ਹਿਆ ਕੂੜ ਕੜਾਵਾਂ ਮਾਂ ਦਾ ਚੰਦ ਛਿਪਿਆ।

...ਤੇ ਹੁਣ, ਜਦੋਂ ਉਸ ਮੁਫ਼ਤ ਦੇ ਰਾਸ਼ਨ ਦੀ ਬਹੁਤ ਕੀਮਤ ਤਾਰ ਦਿੱਤੀ ਸੀ ਤਾਂ ਉਹਦਾ ਜੀਅ ਕੀਤਾ... ਉਹ ਉਸੇ ਨੇਤਾ ਨੂੰ ਹਲੂਣ ਕੇ ਪੁੱਛੇ, ‘‘ਹੁਣ ਬਕਾਇਆ ਕਿੱਦਾਂ ਤਾਰੇਂਗਾ?’’

...ਤੇ ਇਕ ਦਿਨ ਉਹੀ ਨੇਤਾ ਬਕਾਇਆ ਤਾਰਨ ਆ ਗਏ। ਸੂਬੇਦਾਰ ਪਿਆਰਾ ਸਿੰਘ ਨੇ ਹੈਰਾਨੀ ਨਾਲ ਤੱਕਿਆ... ਸ਼ਾਇਦ ਉਹੀ ਸਨ... ਵੱਡੇ ਸਾਰੇ ਸਿਰ ਉੱਤੇ ਨਿੱਕੀ ਜਿਹੀ ਟੋਪੀ... ਛਾਤੀ ਦੀ ਚੌੜਾਈ ਨਾਲੋਂ ਢਿੱਡ ਦਾ ਫੇਰ ਜ਼ਿਆਦਾ... ਪ੍ਰਭਾਵ ਲੁਕਾਉਣ ਦੇ ਯਤਨ ਵਿਚ ਸੁਕੜੀਆਂ ਅੱਖਾਂ ਤੇ...।

ਸ਼ੋਕ ਸਭਾ ਵਿਚ ਸਾਰਾ ਪਿੰਡ ਸ਼ਾਮਲ ਸੀ। ਲਾਗੇ ਚਾਗੇ ਦੇ ਪਿੰਡਾਂ ਤੋਂ ਵੀ ਲੋਕ ਆਏ ਸਨ। ਭਾਸ਼ਨਾਂ ਵਿਚ ਸਿਪਾਹੀ ਸ਼ੇਰ ਸਿੰਘ ਦੀ ਬਹਾਦਰੀ ਦਾ ਚਰਚਾ ਘੱਟ ਤੇ ਆਗੂ ਦੀ ਮਹਾਨਤਾ ਦੇ ਚਿੱਠੇ ਜ਼ਿਆਦਾ ਪੜ੍ਹੇ ਗਏ। ਸਰਨੀ ਨੂੰ ਉਹਦਾ ਪਤੀ ਵਾਪਸ ਨਹੀਂ ਸੀ ਕੀਤਾ ਜਾ ਸਕਦਾ। ਨੇਤਾ ਨੇ ਭਰੀ ਸਭਾ ਵਿਚ ਆਪਣੇ ਹੱਥੀਂ ਉਹਨੂੰ ਸਿਲਾਈ ਮਸ਼ੀਨ ਦੇ ਦਿੱਤੀ।

ਸ਼ਾਇਦ ਇਹੀ ਬਕਾਇਆ ਬਣਦਾ ਸੀ।

ਉਨ੍ਹਾਂ ਦੇ ਪਿੰਡ ਨੂੰ ਆਉਂਦੀ ਪਹੁੰਚ ਸੜਕ ਦਾ ਨਾਂ ਕੁਝ ਹੋਰ ਸੀ, ਪਰ ਉਸ ਦਿਨ ਉਸ ਸੜਕ ਦਾ ਨਾਂ ਸੂਬੇਦਾਰ ਪਿਆਰਾ ਸਿੰਘ ਦੇ ਸ਼ਹੀਦ ਪੁੱਤਰ ਦੇ ਨਾਂ ’ਤੇ ਰੱਖ ਦਿੱਤਾ ਗਿਆ।

* * *

ਸਿਪਾਹੀ ਪਰਗਟ ਸਿੰਘ ਸ਼ੇਰ ਸਿੰਘ ਤੋਂ ਦੋ ਵਰ੍ਹੇ ਹੀ ਛੋਟਾ ਸੀ। ਭਾਈਚਾਰਾ ਇਕੱਠਾ ਹੋਇਆ ਤੇ ਸਰਨੀ ’ਤੇ ਚਾਦਰ ਪੈ ਗਈ।

ਕਦੀ ਰੰਡੀ, ਕਦੀ ਸੁਹਾਗਣ... ਇਕ ਵਾਰ ਚੂੜੀਆਂ ਤੋੜ ਕੇ ਉਸ ਫੇਰ ਪਾ ਲਈਆਂ।

ਪਤਾ ਨਹੀਂ ਸੂਬੇਦਾਰ ਪਿਆਰਾ ਸਿੰਘ ਦੇ ਖ਼ੁਦ ਦੇ ਸੰਸੇ ਸਨ ਜਾਂ ਸਰਨੀ ਦੀਆਂ ਅੱਖਾਂ ਵਿਚ ਬੇਪ੍ਰਤੀਤੀ ਸੀ। ਉਹਨੇ ਹੱਥਾਂ ਦੀਆਂ ਚੂੜੀਆਂ ਵੱਲ ਤੱਕਿਆ ਤੇ ਭੁੱਬੀਂ ਰੋ ਪਈ। ਪਿਆਰਾ ਸਿੰਘ ਨੇ ਅੱਗੇ ਹੋ ਕੇ ਨੂੰਹ ਦਾ ਸਿਰ ਪਲੋਸਣਾ ਚਾਹਿਆ, ਪਰ ਉਹਦੇ ਤੇ ਸਰਨੀ ਵਿਚਕਾਰ ਲੋਹੇ ਦੀ ਚਾਦਰ ਸੀ। ਉਹ ਘਬਰਾ ਕੇ ਕੋਠੇ ’ਤੇ ਜਾ ਚੜ੍ਹਿਆ। ਉਹਦੀਆਂ ਨਜ਼ਰਾਂ ਸਾਹਵੇਂ ਸ਼ਹੀਦ ਸਿਪਾਹੀ ਸ਼ੇਰ ਸਿੰਘ ਰੋਡ ਵਿਛੀ ਹੋਈ ਸੀ ਜੋ ਉਂਜ ਦੀ ਉਂਜ ਹੀ ਧੂੜ ਉਡਾ ਰਹੀ ਸੀ, ਜਿੱਥੇ ਬਾਰਸ਼ਾਂ ਦੇ ਦਿਨੀਂ ਗੱਡੇ ਹੁਣ ਵੀ ਫਸ ਜਾਂਦੇ ਸਨ।

* * *

ਟਰੱਕ ਵਲ ਵਲੇਵੇਂ ਖਾਂਦੀ ਸੜਕ ਰਾਹ ਤੁਰ ਪਿਆ, ਪਰ ਸੂਬੇਦਾਰ ਪਿਆਰਾ ਸਿੰਘ ਦੀ ਸੋਚ ਕਾਂ ਉਡਾਰੀ ਲਾ ਕੇ ਪਿੰਡ ਦੀ ਜੂਹ ਤੱਕ ਪਹੁੰਚ ਗਈ। ਅਗਾਂਹ ਪੈਰ ਪੁੱਟਣ ਲੱਗਿਆਂ ਉਹਦੀ ਸੋਚ ਦੇ ਪੈਰੀਂ ਸੰਗਲ ਪੈ ਗਏ। ਉਹ ਸਾਬਤ ਕਦਮੀਂ ਕਿਵੇਂ ਆਪਣੇ ਪਿੰਡ ਦੀ ਪੱਤੀ ਗਾਹਵੇ। ਉਹ ਕਿਵੇਂ ਟੱਪੇ ਆਪਣੇ ਘਰ ਦੀਆਂ ਬਰੂਹਾਂ? ਉਹ ਜਾਣਦਾ ਸੀ... ਸਰਦਲ ’ਤੇ ਚੋਏ ਤੇਲ ਦੇ ਨਿਸ਼ਾਨ ਅਜੇ ਬਾਕੀ ਸਨ।

ਉਂਜ ਤਾਂ ਹਰ ਫ਼ੌਜੀ ਦੀ ਧੌਣ ਹੀ ਆਰੀ ’ਤੇ ਹੁੰਦੀ ਹੈ, ਪਰ ਜਿਨ੍ਹਾਂ ਧੌਣਾਂ ’ਤੇ ਇਸ ਵਾਰ ਇਹ ਚੱਲੀ ਸੀ ਉਨ੍ਹਾਂ ਵਿਚੋਂ ਇਕ ਸਿਪਾਹੀ ਪਰਗਟ ਸਿੰਘ ਵੀ ਸੀ। ਸੀਮਾ ’ਤੇ ਲੱਗਣ ਵਾਲੇ ਲਾਂਬੂਆਂ ਨੇ ਇਕਹੱਤਰ ਦਾ ਵਰ੍ਹਾ ਉਡੀਕਿਆ ਸੀ ਤੇ ਇਕਹੱਤਰ ਦੇ ਵਰ੍ਹੇ ਨੇ ਪਰਗਟ ਸਿੰਘ ਨੂੰ।

ਦੋ ਜੁਆਨ ਪੁੱਤਰਾਂ ਨੂੰ ਜੰਗ ਵਿਚ ਗਵਾਉਣ ਵਾਲੇ ਬਾਪ ਦੇ ਮਨ ਦੀ ਹਾਲਤ ਉਹਦਾ ਕਮਾਂਡਿੰਗ ਅਫ਼ਸਰ ਸਮਝ ਸਕਦਾ ਸੀ। ਉਸ ਨੇ ਸੂਬੇਦਾਰ ਪਿਆਰਾ ਸਿੰਘ ਦੇ ਨਾਲ ਉਚੇਚੇ ਦੋ ਜੁਆਨ ਭੇਜੇ ਸਨ ਤਾਂ ਕਿ ਉਹਨੂੰ ਚੰਗੀ ਤਰ੍ਹਾਂ ਗੱਡੀ ਬਿਠਾ ਆਉਣ।

ਉਹਦੇ ਪਹੁੰਚਣ ’ਤੇ ਸਰਨੀ ਇਕ ਵਾਰ ਫੇਰ ਚੂੜੀਆਂ ਤੋੜੇਗੀ। ਪਿਛਲੀ ਵਾਰ ਉਸ ਨੇ ਛੇ ਵਰ੍ਹੇ ਪਹਿਲਾਂ ਤੋੜੀਆਂ ਸਨ ਤੇ ਪੰਜ ਵਰ੍ਹੇ ਉਸ ਫੇਰ ਪਾਈ ਰੱਖੀਆਂ ਸਨ। ਪੰਜ ਵਰ੍ਹਿਆਂ ਵਿਚ ਸਿਰਫ਼ ਅੱਠ ਮਹੀਨੇ ਉਹ ਸੁਹਾਗਣ ਰਹੀ ਸੀ ਤੇ ਚਾਰ ਵਰ੍ਹੇ ਚਾਰ ਮਹੀਨੇ ਵਿਧਵਾ। ਆਖ਼ਰੀ ਵਰ੍ਹੇ ਤਾਂ ਪਰਗਟ ਸਿੰਘ ਨੂੰ ਦੋ ਮਹੀਨਿਆਂ ਦੀ ਛੁੱਟੀ ਵੀ ਨਹੀਂ ਸੀ ਮਿਲ ਸਕੀ।

ਉਹ ਈਸ਼ਰ ਕੌਰ ਨੂੰ ਕਿਸ ਤਰ੍ਹਾਂ ਦੱਸੇਗਾ ਕਿ ਉਸ ਦਾ ਦੂਜਾ ਪੁੱਤਰ ਵੀ ਸੂਬੇਦਾਰੀ ਤੋਂ ਪਹਿਲਾਂ ਹੀ ਪੈਨਸ਼ਨ ਪਾ ਗਿਆ ਹੈ। ਉਸ ਦੀ ਤੱਕਣੀ ਵਿਚ ਭਸਮ ਹੋ ਜਾਣ ਤੋਂ ਤਾਂ ਇਹੀ ਚੰਗਾ ਹੈ ਕਿ ਟਰੱਕ ਕਿਸੇ ਖੱਡ ਵਿਚ ਡਿੱਗ ਪਵੇ ਤੇ ਉਹ ਦੂਰ ਵਾਦੀ ਵੱਲ ਮਾਸ ਦਾ ਲੋਥੜਾ ਬਣ ਕੇ ਪਹੁੰਚ ਜਾਵੇ।

ਪਰ ਟਰੱਕ ਨੇ ਤਾਂ ਅੰਨ੍ਹੇ ਮੋੜਾਂ ਨੂੰ ਵੀ ਨਹੀਂ ਸੀ ਗੌਲਿਆ।

ਹੁਣ ਤਾਂ ਉਸ ਨੇ ਪਿੰਡ ਪਹੁੰਚਣਾ ਹੀ ਸੀ। ਮੁਰੱਬੇਬੰਦੀ ਵਿਚ ਪਹਿਲੇ ਰਾਹ ਦੀ ਹੋਂਦ ਮੁੱਕ ਗਈ ਸੀ। ਨਵੀਂ ਸੜਕ ਦਾ ਅਜੇ ਕੋਈ ਨਾਂ ਨਹੀਂ ਸੀ ਰੱਖਿਆ ਗਿਆ। ਸ਼ਾਇਦ ਉਹਦੇ ਪੁੱਤਰ ਦੇ ਨਾਂ ’ਤੇ ਹੋ ਜਾਵੇਗਾ। ਕਿਸੇ ਵੀ ਤੀਜੀ ਸੜਕ ਦੇ ਬਣਨ ਦੀ ਹੁਣ ਕੋਈ ਸੰਭਾਵਨਾ ਨਹੀਂ ਸੀ ਤੇ ਸੂਬੇਦਾਰ ਪਿਆਰਾ ਸਿੰਘ ਦਾ ਵੀ ਕੋਈ ਤੀਜਾ ਪੁੱਤਰ ਨਹੀਂ ਸੀ।

* * *

ਡਰਾਈਵਰ ਨੇ ਟਰੱਕ ਹੌਲੀ ਕੀਤਾ ਤੇ ਫਿਰ ਸੜਕ ਦੇ ਇਕ ਪਾਸੇ ਕਰਕੇ ਖੜ੍ਹਾ ਕਰ ਦਿੱਤਾ। ਸੂਬੇਦਾਰ ਪਿਆਰਾ ਸਿੰਘ ਬੇਧਿਆਨਾ ਜਿਹਾ ਟਰੱਕ ’ਚੋਂ ਉਤਰਿਆ ਤੇ ਆਪਣੀ ਪੀੜ ਵਿਚ ਗੁੰਮ ਸੁੰਮ ਕਬਰਾਂ ਵੱਲ ਤੁਰ ਪਿਆ।

ਮੀਂਹ ਥੰਮ ਚੁੱਕਿਆ ਸੀ।

ਪਹਾੜਾਂ ਤੋਂ ਉਤਰ ਕੇ ਸਾਰੇ ਰਾਹ ਇੱਥੇ ਮਿਲਦੇ ਹਨ। ਛੁੱਟੀ ਜਾਂਦੇ ਫ਼ੌਜੀ ਆਪਣੇ ਭਾਈਚਾਰੇ ਦੀ ਯਾਦਗਾਰ ਨੂੰ ਸਲਾਮ ਕਹਿ ਕੇ ਅੱਗੇ ਤੁਰਦੇ ਹਨ। ਦੂਜੀ ਵੱਡੀ ਜੰਗ ਵਿਚ ਮੋਇਆਂ ਦੀ ਇਕ ਕਬਰਗਾਹ ਇੱਥੇ ਵੀ ਹੈ। ਸ਼ਾਇਦ ਕੀਰਨਿਆਂ ਦਾ ਸੇਕ ਹੋਵੇਗਾ ਜਾਂ ਆਹਾਂ ਦੀ ਤਪਸ਼, ਸਰਦੀ ਦੇ ਮੌਸਮ ਵਿਚ ਵੀ ਉਹਨੂੰ ਹੁੰਮਸ ਜਿਹਾ ਜਾਪਿਆ।

ਕਬਰਾਂ ਦੂਰ ਤੱਕ ਫੈਲੀਆਂ ਹੋਈਆਂ ਸਨ।

ਕਬਰਾਂ ’ਤੇ ਅਨੇਕ ਨਾਮ ਉੱਕਰੇ ਹੋਏ ਸਨ, ਪਰ ਕਬਰਾਂ ’ਤੇ ਉੱਕਰੇ ਹੋਏ ਨਾਮ ਵਿਅਕਤੀ ਨਹੀਂ ਸਨ। ਕਬਰਾਂ ’ਤੇ ਉਕਰੇ ਹੋਏ ਨਾਮ ਇਤਿਹਾਸ ਵੀ ਨਹੀਂ ਸਨ। ਉਹ ਅਣਗੌਲੇ ਸਨ ਜੋ ਪੌਦਿਆਂ ਵਾਂਗ ਉੱਗੇ ਤੇ ਕੱਟੇ ਗਏ। ਕਬਰਾਂ ’ਤੇ ਲਿਖੇ ਹੋਏ ਨਾਮ ਜਿਵੇਂ ਪੌਦਿਆਂ ਦੇ ਨਾਮ ਸਨ। ਅਰਥ ਰਹਿਤ ਸਨ ਉਹ ਨਾਮ। ਉਹ ਨਾਮ ਹੁਣ ਜਜ਼ਬਾਤ ਦੀਆਂ ਪੰਡਾਂ ’ਤੇ ਨਾਮ ਨਹੀਂ ਸਨ।

ਸੂਬੇਦਾਰ ਪਿਆਰਾ ਸਿੰਘ ਮੜ੍ਹੀਆਂ ਦੇ ਵਿਚਕਾਰ ਖਲੋਤਾ ਮੜ੍ਹੀਆਂ ਵੱਲ ਵੇਖਦਾ ਰਿਹਾ। ਕਬਰਾਂ ’ਤੇ ਉਕਰੇ ਹੋਏ ਨਾਮ ਵਕਤ ਦੇ ਚਿਹਰੇ ’ਤੇ ਉਕਰੇ ਹੋਏ ਨਾਮ ਵੀ ਅਸਲੋਂ ਨਹੀਂ ਸਨ, ਪਰ ਉਹ ਆਪਣੇ ਧੁਰ ਅੰਦਰ ਬਣੀ ਸੁਪਨਿਆਂ ਦੀ ਮੜ੍ਹੀ ਵੱਲੋਂ ਬੇਧਿਆਨਾ ਹੋਣਾ ਚਾਹੁੰਦਾ ਸੀ। ਉਹ ਮੜ੍ਹੀਆਂ ’ਤੇ ਲਿਖੇ ਹੋਏ ਨਾਮ ਪੜ੍ਹਨ ਲੱਗ ਪਿਆ।

ਥੱਕ ਕੇ ਉਹ ਕਿਸੇ ਸਿਪਾਹੀ ਮਾਈਕਲ ਦੀ ਕਬਰ ਦੇ ਪੈਰਾਂ ਵੰਨੀਂ ਬੈਠ ਗਿਆ।

ਜੰਗਬੰਦੀ ਦਾ ਐਲਾਨ ਹੋ ਚੁੱਕਾ ਸੀ। ਕਈ ਸੋਗੀ ਖ਼ਬਰਾਂ ਘਰਾਂ ਨੂੰ ਹੁਣ ਤੁਰੀਆਂ ਸਨ। ਸੰਸਿਆਂ ਦੀਆਂ ਪਰਤਾਂ ਹੇਠੋਂ ਅਲਾਹੁਣੀਆਂ ਦੇ ਬੋਲ ਹੌਲੀ ਹੌਲੀ ਕਈ ਘਰਾਂ ਵਿਚ ਜਾਗ ਪਏ ਸਨ। ਉਸ ਦਾ ਜੀਅ ਕੀਤਾ, ਇਨ੍ਹਾਂ ਕਬਰਾਂ ਵਿਚੋਂ ਇਕ ਕਬਰ ਉਹ ਖ਼ੁਦ ਬਣ ਜਾਵੇ ਤੇ ਜਾਂ ਕਿਸੇ ਵੀ ਕਬਰ ਵਾਂਗ ਇਨ੍ਹਾਂ ਕਬਰਾਂ ਵਿਚ ਬੈਠਾ ਰਹੇ। ਇੱਥੇ ਸਰਕਾਰੀ ਰਾਸ਼ਨ ਖਾਣ ਵਾਲੇ ਅਣਗਿਣਤ ‘ਮੁਫ਼ਤਖੋਰੇ’ ਦਫ਼ਨ ਸਨ। ਇਹੀ ਉਸ ਦਾ ਭਾਈਚਾਰਾ ਸੀ। ਇੱਥੇ ਬੜੀ ਸ਼ਾਂਤੀ ਸੀ। ਇੱਥੋਂ ਦੀ ਹਵਾ ਵਿਚ ਬੜੀ ਤਾਜ਼ਗੀ ਸੀ। ਬਾਹਰ ਤਾਂ ਬੋਲਾਂ ਦੇ ਡੰਗ ਸਨ ਜੋ ਉਸ ਨੂੰ ਮੁਫ਼ਤਖੋਰਾ ਕਹਿ ਕਹਿ ਕੇ ਮਾਰ ਦੇਣਗੇ।

ਜੇ ਉਹ ਤੁਰਦਾ ਤਾਂ ਉਸ ਨੂੰ ਉਸ ਚਿੱਠੀ ਦੀ ਖ਼ਬਰ ਨਾਲ ਲੈ ਕੇ ਤੁਰਨਾ ਹੀ ਪੈਣਾ ਸੀ ਜੋ ਉਸ ਨੇ ਬੜੀ ਤ੍ਰਬਕ ਕੇ ਫੜੀ ਸੀ, ਪਰ ਉਸ ਨੂੰ ਤੁਰਨਾ ਹੀ ਪੈਣਾ ਸੀ। ਉਸ ਦੇ ਪਿੰਡ ਦੀ ਬੇਨਾਮ ਸੜਕ ਆਪਣਾ ਨਾਮ ਉਡੀਕਦੀ ਸੀ। ਉਹਨੂੰ ਤੁਰਨਾ ਹੀ ਪੈਣਾ ਸੀ, ਨਹੀਂ ਤਾਂ ਪੁੱਤਰ ਦੀ ਮੌਤ ਦੀ ਖ਼ਬਰ ਨੂੰਹ ਤੱਕ ਪਹੁੰਚਣ ਤੋਂ ਬਿਨਾਂ ਮਹਿਜ਼ ਖ਼ਬਰ ਹੀ ਰਹਿਣੀ ਸੀ। ਉਹਨੂੰ ਤੁਰਨਾ ਹੀ ਪੈਣਾ ਸੀ, ਨਹੀਂ ਤਾਂ ਸਰਨੀ ਸਾਬਤ ਚੂੜੀਆਂ ਨਾਲ ਆਪਣੇ ਆਪ ਨੂੰ ਸੁਹਾਗਣ ਹੀ ਸਮਝਦੀ ਰਹੇਗੀ। ਉਹਨੂੰ ਤੁਰਨਾ ਹੀ ਪੈਣਾ ਸੀ, ਨਹੀਂ ਤਾਂ ਈਸ਼ਰ ਕੌਰ ਨੂੰਹ ਦੀ ਕੁੱਖ ਹਰੀ ਹੋਣ ਦੇ ਸੁਪਨੇ ਸਜਾਈ ਪਰਗਟ ਸਿੰਘ ਨੂੰ ਉਡੀਕਦੀ ਰਹੇਗੀ। ਉਹਨੂੰ ਤੁਰਨਾ ਹੀ ਪੈਣਾ ਸੀ, ਨਹੀਂ ਤਾਂ ਕਿਸੇ ਨੂੰ ਦੂਜੀ ਮਸ਼ੀਨ ਭੇਟ ਕਰਨ ਦਾ ਚਿੱਤ ਚੇਤਾ ਵੀ ਨਹੀਂ ਆਵੇਗਾ। ...ਪਰ ਉਹ ਦੋ ਸਿਲਾਈ ਮਸ਼ੀਨਾਂ ਕੀ ਕਰਨਗੇ? ਅਜੀਬ ਸੁਆਲ ਸੀ ਇਹ।

ਉਸ ਆਪਣੀਆਂ ਭਰੀਆਂ ਅੱਖਾਂ ਪੂੰਝ ਕੇ ਸਿਰ ਉਸ ਕਬਰ ’ਤੇ ਰੱਖ ਦਿੱਤਾ ਜੋ ਸਿਪਾਹੀ ਪਰਗਟ ਸਿੰਘ ਦੀ ਨਹੀਂ ਸੀ। ਉਹ ਸਵੇਰ ਤੋਂ ਹੀ ਹੌਸਲੇ ਵਿਚ ਹੋਣ ਦਾ ਵਿਖਾਵਾ ਕਰ ਰਿਹਾ ਸੀ, ਪਰ ਏਸ ਇਕੱਲ ਵਿਚ ਉਸ ਦੇ ਜ਼ਬਤ ਦੀ ਕੰਧ ਢਹਿ ਗਈ ਸੀ। ਉਹ ਉਸੇ ਕਬਰ ’ਤੇ ਸਿਰ ਰੱਖੀ ਬੜੀ ਦੇਰ ਭੁੱਬੀਂ ਰੋਂਦਾ ਰਿਹਾ।

ਪੈਰਾਂ ਦੀ ਬਿੜਕ ਸੁਣ ਕੇ ਉਸ ਸਿਰ ਚੁੱਕਿਆ।

ਉਸ ਨੂੰ ਬੁਲਾਉਣ ਆਇਆ ਜੁਆਨ ਝਕਦਾ ਝਕਦਾ ਬੋਲਿਆ, ‘‘ਸਾਹਬ, ਅਗਲੇ ਪਾਸੇ ਵੇਲੇ ਸਿਰ ਨਹੀਂ ਪਹੁੰਚਿਆ ਜਾਣਾ, ਜੇ ਤੁਸੀਂ ਹੁਣ...।’’

ਉੱਠਣ ਲੱਗਿਆਂ ਉਸ ਹੱਥ ਗੋਡਿਆਂ ’ਤੇ ਧਰ ਲਏ। ਉਸ ਨੂੰ ਜਾਪਿਆ, ਉਹ ਬਹੁਤ ਕਮਜ਼ੋਰ ਹੋ ਗਿਆ ਹੈ। ਉਸ ਦੀ ਕਮਰ ਝੁਕ ਗਈ ਹੈ। ਉਸ ਦੀਆਂ ਅੱਖਾਂ ਵਿਚ ਬੁਢੇਪਾ ਉਤਰ ਆਇਆ ਹੈ।

ਉਸ ਦੀ ਨਜ਼ਰ ਕਬਰ ਦੇ ਕਤਬੇ ’ਤੇ ਅਟਕ ਗਈ। ਲਿਖਿਆ ਸੀ, ‘‘...ਗੁੱਡ ਨਾਈਟ ਡੈਡੀ!’’

ਖਲੋਤੀ ਹਵਾ ਅਚਨਚੇਤ ਚੱਲਣ ਲੱਗ ਪਈ। ਹਵਾ ਦੀ ਸ਼ਾਂ ਸ਼ਾਂ ਵਿਚ ਜਾਣੇ ਪਛਾਣੇ ਬੋਲਾਂ ਦਾ ਬੋਝ ਸੀ, ‘‘...ਗੁੱਡ ਨਾਈਟ! ...ਗੁੱਡ ਨਾਈਟ!’’

ਕਬਰਾਂ ਵਿਚਕਾਰ ਬਣੀ ਬੁਰਜੀ ਦੇ ਸਾਹਮਣੇ ਖਲੋ ਕੇ ਉਸ ਹਰ ਵਾਰ ਤਣ ਕੇ ਸਲੂਟ ਦਿੱਤਾ ਸੀ। ਉਦਾਸੀ ਰੰਗੇ ਪੱਥਰ ’ਤੇ ਖੁਣੀ ਇਬਾਰਤ ਤਾਂ ਉਸ ਨੇ ਪਹਿਲਾਂ ਵੀ ਕਈ ਵਾਰ ਖੜ੍ਹੀ ਸੀ, ਪਰ ਇਸ ਵਾਰ ਉਸ ਅਰਥਾਂ ਨੂੰ ਪੜ੍ਹਿਆ, ‘‘ਜਦੋਂ ਤੁਸੀਂ ਘਰ ਜਾਉ ਤਾਂ ਉਨ੍ਹਾਂ ਨੂੰ ਸਾਡੇ ਬਾਰੇ ਦੱਸਿਉ ਤੇ ਆਖਿਉ ਕਿ ਅਸੀਂ ਉਨ੍ਹਾਂ ਦੇ ਭਲਕ ਲਈ ਆਪਣੇ ਅੱਜ ਦੀ ਕੁਰਬਾਨੀ ਦਿੱਤੀ ਹੈ।’’

ਉਹ ਬਹੁਤ ਸਨ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਨਹੀਂ ਸੀ ਆਉਣੀ, ਪਰ ਅੱਖਰ ਤਾਂ ਪੱਥਰ ’ਤੇ ਖੁਣੇ ਹੋਏ ਸਨ। ਉਹ ਉਨ੍ਹਾਂ ਨੂੰ ਮੇਟ ਨਹੀਂ ਸੀ ਸਕਦਾ। ਉਹ, ਜੋ ਸਰਹੱਦ ਦਾ ਉੱਚਾ ਬੁਰਜ ਸੀ, ਕੱਲ੍ਹੀ ਕਾਰੀ ਗੋਲੀ ਉਹਦੀ ਮੌਤ ਨਹੀਂ ਸੀ। ਉਹ, ਜੋ ਬੋਲਾਂ ਨਾਲ ਤਿੜਕ ਜਾਂਦਾ ਸੀ, ਉਹਦਾ ਖ਼ੁਦ ਨੂੰ ਹਾਥੀਆਂ ਦਾ ਕਾਫ਼ਲਾ ਮਿੱਥ ਕੇ ਹੀ ਤੁਰਨਾ ਬਣਦਾ ਸੀ। ਉਸ ਨੂੰ ਇਕ ਸਿਪਾਹੀ ਦੀ ਮੌਤ ਦੀ ਖ਼ਬਰ ਵੀ ਇਕ ਸਿਪਾਹੀ ਵਾਂਗ ਹੀ ਲੈ ਕੇ ਜਾਣੀ ਚਾਹੀਦੀ ਸੀ। ਉਹ ਇਕ ਪੁਰਾਣਾ ਸਿਪਾਹੀ ਸੀ। ਉਸ ਦੇ ਤਜ਼ਰਬੇ ਵਿਚ ਬੀਤੇ ਵਰ੍ਹਿਆਂ ਦੀ ਸਿਖਲਾਈ ਸ਼ਾਮਲ ਸੀ। ਲਹੂ ਨਾਲ ਲੇਥੂ ਪੇਥੂ ਹੋਇਆ ਤਿੰਨਾਂ ਲੜਾਈਆਂ ਦਾ ਇਤਿਹਾਸ ਉਹਦੇ ਮੱਥੇ ਵਿਚ ਸੀ। ਅਣਗੌਲਿਆਂ ਦੇ ਅਣਗਿਣਤ ਚਿਹਰੇ ਸਨ ਜੋ ਉਹਦੇ ਆਪਣੇ ਲਹੂ ਨਾਲ ਰਲਗੱਡ ਹੋ ਰਹੇ ਸਨ।

ਫ਼ੌਜੀ ਕਦੇ ਬੁੱਢੇ ਨਹੀਂ ਹੁੰਦੇ।

ਫ਼ੌਜੀ ਕਦੇ ਕਮਰ ਝੁਕਾਉਣੀ ਨਹੀਂ ਸਿੱਖਦੇ।

ਉਸ ਆਪਣੀ ਕਮਰ ਸਿੱਧੀ ਤਾਣ ਲਈ ਤੇ ਚਿਹਰੇ ਤੋਂ ਵਾਧੂ ਜੰਮੇ ਵਰ੍ਹੇ ਪੂੰਝ ਦਿੱਤੇ।

ਉਸ ਭਾਈਚਾਰੇ ਵਾਲੇ ਮੋਇਆਂ ਨੂੰ ਸਲਾਮ ਆਖੀ ਤੇ ਆ ਕੇ ਟਰੱਕ ਵਿਚ ਬੈਠ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All