DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਇਤਿਹਾਸ ਦੇ ਪੰਨਿਆਂ ’ਚੋਂ ਮਨਫ਼ੀ ਕੁਠਾਲੇ ਦਾ ਖ਼ੂਨੀ ਸਾਕਾ

ਗ਼ੁਲਾਮ ਭਾਰਤ ਵਿੱਚ ਅੰਗਰੇਜ਼ ਹੁਕਮਰਾਨਾਂ ਨੇ ਦੇਸੀ ਰਾਜੇ-ਮਹਾਰਾਜਿਆਂ ਅਤੇ ਨਵਾਬਾਂ ਨੂੰ ਆਪਣੇ ਅਧੀਨ ਕਰਕੇ ਭਾਰਤੀ ਲੋਕਾਂ ਦੀ ਅੰਨ੍ਹੀ ਲੁੱਟ ਕੀਤੀ। ਇਸ ਰਿਆਸਤੀ ਰਾਜ ਪ੍ਰਬੰਧ ਅੰਦਰ ਆਪਣੇ ਅੰਗਰੇਜ਼ ਮਾਲਕਾਂ ਨੂੰ ਖ਼ੁਸ਼ ਕਰਨ ਲਈ ਇਨ੍ਹਾਂ ਰਾਜਿਆਂ ਤੇ ਨਵਾਬਾਂ ਨੇ ਹਰ ਤਰ੍ਹਾਂ ਦੀ...

  • fb
  • twitter
  • whatsapp
  • whatsapp
featured-img featured-img
ਗੋਲੀਆਂ ਦੇ ਨਿਸ਼ਾਨ ਸਾਂਭੀ ਖੜ੍ਹਾ ਪਿੰਡ ਕੁਠਾਲੇ ਦਾ ਸ਼ਹੀਦੀ ਦਰਵਾਜ਼ਾ।
Advertisement

ਗ਼ੁਲਾਮ ਭਾਰਤ ਵਿੱਚ ਅੰਗਰੇਜ਼ ਹੁਕਮਰਾਨਾਂ ਨੇ ਦੇਸੀ ਰਾਜੇ-ਮਹਾਰਾਜਿਆਂ ਅਤੇ ਨਵਾਬਾਂ ਨੂੰ ਆਪਣੇ ਅਧੀਨ ਕਰਕੇ ਭਾਰਤੀ ਲੋਕਾਂ ਦੀ ਅੰਨ੍ਹੀ ਲੁੱਟ ਕੀਤੀ। ਇਸ ਰਿਆਸਤੀ ਰਾਜ ਪ੍ਰਬੰਧ ਅੰਦਰ ਆਪਣੇ ਅੰਗਰੇਜ਼ ਮਾਲਕਾਂ ਨੂੰ ਖ਼ੁਸ਼ ਕਰਨ ਲਈ ਇਨ੍ਹਾਂ ਰਾਜਿਆਂ ਤੇ ਨਵਾਬਾਂ ਨੇ ਹਰ ਤਰ੍ਹਾਂ ਦੀ ਜਨਤਕ ਬਗ਼ਾਵਤ ਨੂੰ ਬੜੀ ਹੀ ਬੇਰਹਿਮੀ ਨਾਲ ਕੁਚਲਿਆ। ਰਿਆਸਤਾਂ ਵਿੱਚੋਂ ਮਾਲੇਰਕੋਟਲਾ ਦੇ ਨਵਾਬ ਦੇ ਜ਼ੁਲਮਾਂ ਦੀਆਂ ਕਹਾਣੀਆਂ ਭਾਵੇਂ ਆਜ਼ਾਦੀ ਸੰਗਰਾਮ ਦੇ ਕਿਸੇ ਇਤਿਹਾਸ ਦਾ ਉੱਘੜਵਾਂ ਹਿੱਸਾ ਨਹੀਂ ਬਣ ਸਕੀਆਂ ਪਰ ਇਸ ਰਿਆਸਤ ਦੇ ਪਿੰਡ ਕੁਠਾਲਾ ਦੀਆਂ ਕੰਧਾਂ ਤੇ ਦਰਵਾਜ਼ਿਆਂ ’ਤੇ ਲੱਗੇ ਗੋਲੀਆਂ ਦੇ ਨਿਸ਼ਾਨ ਅੱਜ ਵੀ ਨਵਾਬੀ ਜ਼ੁਲਮਾਂ ਦੀਆਂ ਦਰਦਨਾਕ ਯਾਦਾਂ ਨੂੰ ਬਿਆਨ ਕਰ ਰਹੇ ਹਨ। ਜਦੋਂ ਬਜਬਜ ਘਾਟ, ਜੈਤੋ, ਗੰਗਸਰ, ਨਨਕਾਣਾ ਸਾਹਿਬ ਅਤੇ ਜਲ੍ਹਿਆਂਵਾਲੇ ਬਾਗ਼ ਦੇ ਖ਼ੂਨੀ ਸਾਕਿਆਂ ਨੇ ਲੋਕਾਂ ਨੂੰ ਭੈਭੀਤ ਕਰ ਰੱਖਿਆ ਸੀ ਤਾਂ ਸੇਵਾ ਸਿੰਘ ਠੀਕਰੀਵਾਲਾ ਨੇ ਰਿਆਸਤੀ ਕਿਸਾਨ ਘੋਲਾਂ ਨੂੰ ਨਵੀਂ ਸੇਧ ਦਿੱਤੀ। ਮਾਲੇਰਕੋਟਲਾ ਦੇ ਨਵਾਬ ਸਰ ਅਹਿਮਦ ਅਲੀ ਖ਼ਾਨ ਨੇ ਆਪਣੇ ਅੰਗਰੇਜ਼ ਮਾਲਕਾਂ ਨੂੰ ਖ਼ੁਸ਼ ਕਰਨ ਲਈ ਰਿਆਸਤ ਦੇ ਕਿਰਤੀਆਂ ਸਿਰ ਟੈਕਸਾਂ ਦਾ ਵਾਧੂ ਬੋਝ ਲੱਦ ਦਿੱਤਾ।

ਬੇਸ਼ੱਕ ਸਿੱਖ ਇਤਿਹਾਸਕਾਰ ਸਰਹਿੰਦ ਸਾਕੇ ਵਿੱਚ ਨਵਾਬ ਮਾਲੇਰਕੋਟਲਾ ਵੱਲੋਂ ਹਾਅ ਦਾ ਨਾਅਰਾ ਮਾਰਨ ਦੇ ਅਹਿਸਾਨ ਵਜੋਂ ਗੱਦੀ-ਨਸ਼ੀਨ ਨਵਾਬਾਂ ਦੇ ਜ਼ੁਲਮਾਂ ਤੋਂ ਅੱਖਾਂ ਮੀਟਦੇ ਰਹੇ ਪਰੰਤੂ ਮਾਲੇਰਕੋਟਲਾ ਰਿਆਸਤ ਦੇ ਲੋਕ ਅੱਜ ਵੀ ਨਵਾਬੀ ਜ਼ੁਲਮਾਂ ਨੂੰ ਯਾਦ ਕਰਕੇ ਕੰਬ ਉੱਠਦੇ ਹਨ। ਨਵਾਬੀ ਕਾਨੂੰਨ ਮੁਤਾਬਿਕ ਕੋਈ ਵੀ ਕਿਸਾਨ ਜ਼ਮੀਨ ਦਾ ਮਾਲਕ ਨਹੀਂ ਸੀ। ਨਵਾਬ ਰਿਆਸਤ ਦੀ ਜ਼ਮੀਨ ਦਾ ‘ਮਾਲਕ ਆਲ੍ਹਾ’ ਸੀ ਅਤੇ ਹਲ਼-ਵਾਹਕ ਕਿਸਾਨ ‘ਅਦਨਾ ਮਾਲਕ’ ਮੰਨਿਆ ਜਾਂਦਾ ਸੀ। ਹਰ ਤਰ੍ਹਾਂ ਦੀ ਜਾਇਦਾਦ ਵੇਚਣ ਤੋਂ ਪਹਿਲਾਂ ਨਵਾਬ ਦੀ ਮਨਜ਼ੂਰੀ ਲਾਜ਼ਮੀ ਸੀ। ਵੇਚੀ ਗਈ ਜਾਇਦਾਦ ਦੀ ਵੱਟਤ ਵਿੱਚੋਂ ਅੱਧਾ ਹਿੱਸਾ ਨਵਾਬੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਉਣਾ ਪੈਂਦਾ ਸੀ। ਧੱਕੇ ਨਾਲ ਫ਼ੌਜ ਵਿੱਚ ਭਰਤੀ ਕੀਤੇ ਪੇਂਡੂ ਨੌਜਵਾਨਾਂ ਦੇ ਜੰਗ ਵਿੱਚ ਮਾਰੇ ਜਾਣ ਪਿੱਛੋਂ ਉਨ੍ਹਾਂ ਦੀਆਂ ਜਾਇਦਾਦਾਂ ਲਾਵਾਰਿਸ ਕਰਾਰ ਦੇ ਕੇ ਨਿਲਾਮ ਕਰ ਦਿੱਤੀਆਂ ਜਾਂਦੀਆਂ। ਜ਼ੈਲਦਾਰੀਆਂ ਤੇ ਨੰਬਰਦਾਰੀਆਂ ਸ਼ਰੇਆਮ ਬੋਲੀ ਕਰਕੇ ਵੇਚੀਆਂ ਜਾਂਦੀਆਂ। ਨਵਾਬ ਦੀਆਂ ਨਿੱਤ ਰੋਜ਼ ਦੀਆਂ ਧੱਕੇਸ਼ਾਹੀਆਂ ਨੇ ਕਿਸਾਨਾਂ ਨੂੰ ਲਾਮਬੰਦ ਹੋਣ ਲਈ ਮਜਬੂਰ ਕਰ ਦਿੱਤਾ। 10 ਜਨਵਰੀ 1926 ਨੂੰ ਮਾਲੇਰਕੋਟਲਾ ਰਿਆਸਤ ਦੇ ਕਿਸਾਨ ਆਗੂਆਂ ਨੇ ਪਿੰਡ ਕੁਠਾਲਾ ਵਿੱਚ ਮੀਟਿੰਗ ਦੌਰਾਨ ‘ਜ਼ਿਮੀਂਦਾਰਾ ਕਮੇਟੀ’ ਨਾਂ ਦੀ ਜਥੇਬੰਦੀ ਗਠਿਤ ਕਰਕੇ ਜਥੇਦਾਰ ਰਤਨ ਸਿੰਘ ਚੀਮਾ ਨੂੰ ਇਸ ਦਾ ਕਨਵੀਨਰ ਥਾਪ ਦਿੱਤਾ। ਬਾਅਦ ਵਿੱਚ 15 ਮਈ 1926 ਨੂੰ ਜ਼ਿਮੀਂਦਾਰਾ ਕਮੇਟੀ ਦੀ ਬਾਕਾਇਦਾ ਹੋਈ ਚੋਣ ਵਿੱਚ ਸ. ਨਰੈਣ ਸਿੰਘ ਕੁਠਾਲਾ ਨੂੰ ਕਮੇਟੀ ਦਾ ਜਥੇਦਾਰ ਚੁਣਿਆ ਗਿਆ। ਸ. ਹਰਦਿੱਤ ਸਿੰਘ ਕੁੱਪ ਕਲਾਂ ਨੂੰ ਮੀਤ ਜਥੇਦਾਰ, ਦਇਆ ਸਿੰਘ ਕੁਠਾਲਾ ਨੂੰ ਜਨਰਲ ਸਕੱਤਰ, ਪਾਖਰ ਸਿੰਘ ਕੁਠਾਲਾ ਨੂੰ ਜੂਨੀਅਰ ਮੈਨੇਜਰ, ਮੱਲ ਸਿੰਘ ਕੁਠਾਲਾ ਨੂੰ ਮੀਤ ਮੈਨੇਜਰ, ਮਸਤਾਨ ਸਿੰਘ ਕੁਠਾਲਾ ਨੂੰ ਖ਼ਜ਼ਾਨਚੀ, ਕਰਮ ਸਿੰਘ ਕੁਠਾਲਾ ਨੂੰ ਮੀਤ ਖ਼ਜ਼ਾਨਚੀ, ਜੀਵਾ ਸਿੰਘ ਕੇਲੋਂ, ਹਰਭਜਨ ਸਿੰਘ ਹਥੋਆ ਅਤੇ ਪੰਜਾਬ ਸਿੰਘ ਹਥਨ ਨੂੰ ਕਮੇਟੀ ਦੇ ਮੈਂਬਰ ਬਣਾਇਆ ਗਿਆ। ਸ. ਸੇਵਾ ਸਿੰਘ ਠੀਕਰੀਵਾਲਾ ਦੀਆਂ ਹਦਾਇਤਾਂ ’ਤੇ ਜ਼ਿਮੀਂਦਾਰਾ ਕਮੇਟੀ ਨੇ ਪਿੰਡ-ਪਿੰਡ ਜਲਸੇ ਕਰਕੇ ਹਜ਼ਾਰਾਂ ਕਿਸਾਨਾਂ ਨੂੰ ਇਸ ਕਮੇਟੀ ਨਾਲ ਜੋੜ ਲਿਆ। ਕਿਸਾਨਾਂ ਦੀ ਇਸ ਬੇਮਿਸਾਲ ਲਾਮਬੰਦੀ ਨੇ ਨਵਾਬਸ਼ਾਹੀ ਦੀ ਨੀਂਦ ਹਰਾਮ ਕਰ ਦਿੱਤੀ। ਜ਼ਿਮੀਂਦਾਰਾ ਕਮੇਟੀ ਦੇ ਗਠਨ ਦਾ ਪਤਾ ਲੱਗਦਿਆਂ ਹੀ 15 ਮਈ 1926 ਨੂੰ ਹੀ ਨਵਾਬ ਨੇ ਵੀ ਇੱਕ ਹੁਕਮ ਜਾਰੀ ਕਰਕੇ ਕਿਸਾਨਾਂ ਨੂੰ ਮਾਮੂਲੀ ਜ਼ਮੀਨੀ ਹੱਕ ਦੇਣ ਦਾ ਐਲਾਨ ਕਰ ਦਿੱਤਾ।

Advertisement

ਨਵਾਬ ਦੇ ਹੁਕਮ ਨੂੰ ਝੂਠ ਦਾ ਪੁਲੰਦਾ ਦੱਸਦਿਆਂ ਕਿਸਾਨ ਕਮੇਟੀ ਨੇ ਰੱਦ ਕਰਕੇ ਨਵਾਬਸ਼ਾਹੀ ਖ਼ਿਲਾਫ਼ ਲੰਬੇ ਘੋਲ ਦਾ ਐਲਾਨ ਕਰ ਦਿੱਤਾ। ਜਵਾਬ ਵਿੱਚ ਨਵਾਬ ਨੇ ਅੰਗਰੇਜ਼ਾਂ ਦੀ ‘ਪਾੜੋ ਤੇ ਰਾਜ ਕਰੋ’ ਨੀਤੀ ਤਹਿਤ ਆਪਣੇ ਟੋਡੀਆਂ ਰਾਹੀਂ ‘ਨੈਸ਼ਨਲ ਜ਼ਿਮੀਂਦਾਰਾ ਕਮੇਟੀ’ ਨਾਂ ਦਾ ਇੱਕ ਗੁੰਡਾ ਗਰੋਹ ਖੜ੍ਹਾ ਕਰ ਦਿੱਤਾ, ਜਿਸ ਨੂੰ ਲੁੱਟ-ਖੋਹ ਦੀ ਪੂਰੀ ਖੁੱਲ੍ਹ ਸੀ। ਇਸ ਕਾਰਨ ਜ਼ਿਮੀਂਦਾਰਾ ਕਮੇਟੀ ਦੇ ਜੁਝਾਰੂਆਂ ਅਤੇ ਨੈਸ਼ਨਲ ਕਮੇਟੀ ਦੇ ਗੁੰਡਿਆਂ ਵਿਚਕਾਰ ਸਿੱਧੇ ਟਕਰਾਅ ਹੋਣ ਲੱਗੇ ਅਤੇ ਲੋਕਾਂ ਨੇ ਨੈਸ਼ਨਲ ਕਮੇਟੀ ਦਾ ਸਮਾਜਿਕ ਬਾਈਕਾਟ ਕਰ ਦਿੱਤਾ। ਨਵਾਬੀ ਜ਼ੁਲਮਾਂ ਤੋਂ ਦੁਖੀ ਕਿਸਾਨਾਂ ਨੇ ਆਪਣੀ ਦਾਸਤਾਨ ਵਾਇਸਰਾਏ ਹਿੰਦ ਨੂੰ ਸ਼ਿਮਲੇ ਭੇਜੀ। ਨਤੀਜੇ ਵਜੋਂ 10 ਮਈ 1927 ਨੂੰ ਕਰਨਲ ਐੱਚ ਬੀ ਸੈਂਟਜਾਨ ਨੇ ਕਿਸਾਨ ਆਗੂ ਤੇ ਇਤਿਹਾਸਕਾਰ ਗਿਆਨੀ ਕੇਹਰ ਸਿੰਘ ਚੱਕ ਨੂੰ ਲਿਖਤੀ ਸੂਚਨਾ ਭੇਜ ਕੇ ਜ਼ਿਮੀਂਦਾਰਾ ਕਮੇਟੀ ਨੂੰ ਸਬੂਤਾਂ ਸਮੇਤ 31 ਜੁਲਾਈ 1927 ਨੂੰ ਵਾਇਸਰਾਏ ਨਾਲ ਮੁਲਾਕਾਤ ਦਾ ਸੱਦਾ ਦਿੱਤਾ। ਇਸ ਮੁਲਾਕਾਤ ਲਈ ਤਿਆਰ ਕੀਤੇ ਮੈਮੋਰੰਡਮ ਨੂੰ ਅੰਤਿਮ ਰੂਪ ਦੇਣ ਲਈ 17 ਜੁਲਾਈ 1927 ਨੂੰ ਪਿੰਡ ਕੁਠਾਲਾ ਵਿੱਚ ਮੀਟਿੰਗ ਰੱਖੀ ਗਈ। ਇਸ ਦੀ ਸੂਹ ਮਿਲਣ ’ਤੇ ਬਦਨਾਮੀ ਦੇ ਡਰੋਂ ਨਵਾਬ ਆਪ ਸ਼ਿਮਲੇ ਵਾਇਸਰਾਏ ਕੋਲ ਚਲਾ ਗਿਆ ਅਤੇ ਕਿਸਾਨਾਂ ਨੂੰ ਰੋਕਣ ਦੇ ਸਾਰੇ ਅਧਿਕਾਰ ਆਪਣੇ ਅਹਿਲਕਾਰ ਚੌਧਰੀ ਸੁਲਤਾਨ ਅਹਿਮਦ ਨੂੰ ਸੌਂਪ ਦਿੱਤੇ। ਨਵਾਬੀ ਪੁਲੀਸ ਨੇ ਰਾਤੋ-ਰਾਤ ਛਾਪੇ ਮਾਰ ਕੇ ਮੁੱਖ ਆਗੂਆਂ ਪੰਡਤ ਬਚਨ ਸਿੰਘ ਘਨੌਰ, ਸੇਵਾ ਸਿੰਘ ਬਾਪਲਾ, ਪੰਡਤ ਬਿਜਲਾ ਸਿੰਘ ਦਰਦੀ, ਜਥੇਦਾਰ ਦਇਆ ਸਿੰਘ ਕੁਠਾਲਾ, ਸ. ਗੰਡਾ ਸਿੰਘ ਕੁੱਪ, ਗਿਆਨੀ ਕੇਹਰ ਸਿੰਘ ਚੱਕ ਅਤੇ ਜਥੇਦਾਰ ਤ੍ਰਿਲੋਕ ਸਿੰਘ ਕੁਠਾਲਾ ਨੂੰ ਗ੍ਰਿਫ਼ਤਾਰ ਕਰਕੇ ਰਹਿਮਤਗੜ੍ਹ ਕਿਲ੍ਹੇ ਵਿੱਚ ਨਜ਼ਰਬੰਦ ਕਰ ਦਿੱਤਾ। ਭਾਈ ਜੀਵਾ ਸਿੰਘ ਕੇਲੋਂ ਤੇ ਹੌਲਦਾਰ ਕਿਸ਼ਨ ਸਿੰਘ ਕੁਠਾਲਾ ਨੂੰ ਦਫ਼ਤਰ ਵਿੱਚੋਂ ਗ੍ਰਿਫ਼ਤਾਰ ਕਰਕੇ ਸਾਰੇ ਰਿਕਾਰਡ ਫੂਕ ਦਿੱਤੇ ਗਏ। ਬਾਅਦ ਵਿੱਚ ਸਾਰੇ ਆਗੂਆਂ ਨੂੰ 20-20 ਸਾਲ ਦੀ ਸਖ਼ਤ ਕੈਦ ਅਤੇ ਇੱਕ-ਇੱਕ ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ।

Advertisement

17 ਜੁਲਾਈ 1927 ਨੂੰ ਦੁਪਹਿਰੇ 1 ਵਜੇ ਜਨਰਲ ਮੇਹਰ ਮੁਹੰਮਦ, ਕਰਨਲ ਹਯਾਤ ਮੁਹੰਮਦ, ਸੂਬੇਦਾਰ ਅਕਬਰ ਖ਼ਾਨ ਅਤੇ ਅਸਿਸਟੈਂਟ ਸਰਜਨ ਡਾ. ਪਰਸ਼ੋਤਮ ਦਾਸ ਦੀ ਕਮਾਨ ਹੇਠ ਭਾਰੀ ਨਵਾਬੀ ਫ਼ੌਜ ਨੇ ਪਿੰਡ ਕੁਠਾਲੇ ਨੂੰ ਘੇਰ ਲਿਆ। ਬਿਨਾਂ ਕਿਸੇ ਚੇਤਾਵਨੀ ਦੇ ਭੂਦਨ ਦਰਵਾਜ਼ੇ ਕੋਲ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ, ਜੋ ਰਾਤ 8 ਵਜੇ ਤੱਕ ਜਾਰੀ ਰਹੀ। ਇਸ ਖ਼ੂਨੀ ਕਾਂਡ ਵਿੱਚ 18 ਨਿਹੱਥੇ ਕਿਸਾਨ ਸ਼ਹੀਦ ਹੋ ਗਏ, ਜਿਨ੍ਹਾਂ ਦੀਆਂ ਲਾਸ਼ਾਂ ਨੂੰ ਮਾਲੇਰਕੋਟਲੇ ਕੂਕਿਆਂ ਦੇ ਕੱਲਰ ਵਿੱਚ ਮਿੱਟੀ ਦਾ ਤੇਲ ਪਾ ਕੇ ਫੂਕ ਦਿੱਤਾ ਗਿਆ। ਪੜਤਾਲੀਆ ਰਿਪੋਰਟ ਮੁਤਾਬਿਕ 120 ਕਿਸਾਨ ਗੰਭੀਰ ਜ਼ਖ਼ਮੀ ਹੋਏ (ਜਿਨ੍ਹਾਂ ਨੂੰ ਲੁਧਿਆਣੇ ਹਸਪਤਾਲ ਪਹੁੰਚਾਇਆ ਗਿਆ), ਸੈਂਕੜੇ ਪਸ਼ੂ ਗੋਲੀਆਂ ਨਾਲ ਵਿੰਨ੍ਹੇ ਗਏ ਅਤੇ ਬੀਬੀਆਂ ਦੀਆਂ ਛਾਤੀਆਂ ਨੂੰ ਬੰਦੂਕਾਂ ਦੀਆਂ ਸੰਗੀਨਾਂ ਨਾਲ ਪਰੁੰਨਿਆ ਗਿਆ। ‘ਕੁਠਾਲਾ ਸਾਜ਼ਿਸ਼ ਕੇਸ’ ਤਹਿਤ 168 ਕਿਸਾਨਾਂ ’ਤੇ ਮੁਕੱਦਮੇ ਦਰਜ ਕਰਕੇ ਅੰਨ੍ਹਾ ਤਸ਼ੱਦਦ ਕੀਤਾ ਗਿਆ। ਸਰਕਾਰੀ ਜਾਂਚ ਕਮਿਸ਼ਨ ਅੱਗੇ 3 ਮਾਰਚ 1928 ਨੂੰ ਕਿਸਾਨ ਆਗੂ ਪੰਡਤ ਬਿਜਲਾ ਸਿੰਘ ਵੱਲੋਂ ਪੇਸ਼ ਰਿਪੋਰਟ ਮੁਤਾਬਿਕ ਸ਼ਹੀਦਾਂ ਵਿੱਚ ਪਿੰਡ ਕੁਠਾਲਾ ਤੋਂ: ਕੁਲਾ ਸਿੰਘ (80 ਸਾਲ), ਸੰਤਾ ਸਿੰਘ (35 ਸਾਲ), ਜੈਮੱਲ ਸਿੰਘ (45 ਸਾਲ), ਤਾਰਾ ਸਿੰਘ (17 ਸਾਲ), ਹਰੀ ਸਿੰਘ (60 ਸਾਲ), ਅਰਜਨ ਸਿੰਘ (75 ਸਾਲ), ਬੀਰ ਸਿੰਘ (45 ਸਾਲ), ਜੀਵਨ ਸਿੰਘ (60 ਸਾਲ), ਕਾਕਾ ਸਿੰਘ (20 ਸਾਲ), ਚਤਰ ਸਿੰਘ (65 ਸਾਲ), ਕਿਸ਼ਨ ਸਿੰਘ (45 ਸਾਲ), ਨਿੱਕਾ ਸਿੰਘ (35 ਸਾਲ), ਰਾਮਬਖ਼ਸ਼ ਸਿੰਘ (75 ਸਾਲ, ਖਟੜਾ) ਅਤੇ ਭੋਲਾ ਸਿੰਘ (55 ਸਾਲ, ਮਤੋਈ) ਸ਼ਾਮਲ ਸਨ। ਦੂਜੇ ਪਾਸੇ ਨਵਾਬੀ ਪਿੱਠੂਆਂ (ਨੈਸ਼ਨਲ ਕਮੇਟੀ) ਨੂੰ ਜਾਗੀਰਾਂ ਤੇ ਨੰਬਰਦਾਰੀਆਂ ਬਖ਼ਸ਼ੀਆਂ ਗਈਆਂ ਅਤੇ ਸ਼ਹੀਦ ਪਰਿਵਾਰਾਂ ਦੀਆਂ ਜ਼ਮੀਨਾਂ ਜ਼ਬਤ ਕਰ ਲਈਆਂ ਗਈਆਂ। ਅਫ਼ਸੋਸਨਾਕ ਗੱਲ ਹੈ ਕਿ ਆਜ਼ਾਦੀ ਤੋਂ ਬਾਅਦ ਕਈ ਨਵਾਬੀ ਪਿੱਠੂ ਸੱਤਾਧਾਰੀ ਪਾਰਟੀ ਵਿੱਚ ਸ਼ਾਮਲ ਹੋ ਕੇ ਤਾਮਰ-ਪੱਤਰ ਲੈ ਗਏ ਪਰ ਨਵਾਬੀ ਜ਼ੁਲਮਾਂ ਖ਼ਿਲਾਫ਼ ਲਿਖਣ ਵਾਲੇ ਕ੍ਰਾਂਤੀਕਾਰੀ ਇਤਿਹਾਸਕਾਰ ਗਿਆਨੀ ਕੇਹਰ ਸਿੰਘ ਚੱਕ ਵਰਗੇ ਅਸਲ ਦੇਸ਼-ਭਗਤਾਂ ਦੀਆਂ ਨੰਬਰਦਾਰੀਆਂ ਅੱਜ ਤੱਕ ਵੀ ਸਰਕਾਰ ਵੱਲੋਂ ਜਾਮ ਹਨ।

ਸੰਪਰਕ: 98153-47904

Advertisement
×