ਅਰਸ਼ਦੀਪ ਕੌਰ
ਸਾਲ 2020 ਸਾਰੀ ਦੁਨੀਆਂ ਲਈ ਕਹਿਰ ਦਾ ਵਰ੍ਹਾ ਬਣ ਚੜਿ੍ਹਆ ਹੈ, ਫ਼ਿਲਮ ਜਗਤ ਲਈ ਵੀ। ਜਿਸ ਜੀਵ ਨੇ ਵੀ ਜਨਮ ਲਿਆ ਹੈ, ਉਸ ਦਾ ਅੰਤ ਨਿਸ਼ਚਿਤ ਹੈ ਪਰ ਕਿਸੇ ਮਨੁੱਖ ਦਾ ਬੇਵਕਤ ਅਤੇ ਅਚਾਨਕ ਇਸ ਸੰਸਾਰ ਤੋਂ ਰੁਖ਼ਸਤ ਹੋ ਜਾਣਾ ਉਸਦੇ ਸਨੇਹੀਆਂ ਲਈ ਅਸਹਿ ਦਰਦ ਦਾ ਕਾਰਨ ਬਣ ਜਾਂਦਾ ਹੈ। ਪਿਛਲੇ ਦਿਨੀਂ ਫ਼ਿਲਮ ਜਗਤ ਵਿਚ ਅਭਿਨੇਤਾ ਇਰਫ਼ਾਨ ਖ਼ਾਨ ਤੋਂ ਸ਼ੁਰੂ ਹੋਇਆ ਮੌਤਾਂ ਦਾ ਸਿਲਸਿਲਾ ਰਿਸ਼ੀ ਕਪੂਰ, ਸੁਸ਼ਾਂਤ ਸਿੰਘ ਰਾਜਪੂਤ, ਸੰਗੀਤਕਾਰ ਵਾਜਿਦ ਖ਼ਾਨ ਅਤੇ ਕੋਰੀਓਗ੍ਰਾਫਰ ਸਰੋਜ ਖ਼ਾਨ ਤੱਕ ਪਹੁੰਚ ਗਿਆ।
ਸੁਸ਼ਾਂਤ ਸਿੰਘ ਰਾਜਪੂਤ ਤੋਂ ਬਿਨਾਂ ਬਾਕੀ ਅਭਿਨੇਤਾਵਾਂ ਦੀ ਮੌਤ ਦਾ ਕਾਰਨ ਭਾਵੇਂ ਕੁਦਰਤੀ ਹੈ ਪਰ ਨੌਜਵਾਨ ਫ਼ਿਲਮ ਅਭਿਨੇਤਾ ਸੁਸ਼ਾਂਤ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਅਨੇਕਾਂ ਸਵਾਲ ਖੜ੍ਹੇ ਕਰ ਗਈ ਹੈ, ਜਿਨ੍ਹਾਂ ਵਿੱਚੋਂ ਸਭ ਤੋਂ ਵੱਡਾ ਸਵਾਲ ਜੋ ਉਭਰ ਕੇ ਸਾਹਮਣੇ ਆਇਆ, ਉਹ ਇਹ ਹੈ, ਕਿ ਕੀ ਫ਼ਿਲਮ ਜਗਤ ਵਿਚ ਨੇਪੋਟਿਜ਼ਮ (ਕੁਨਬਾਪਰਵਰੀ) ਦਾ ਬੋਲਬਾਲਾ ਹੈ? ਕੀ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦਾ ਕਾਰਨ ਨੇਪੋਟਿਜ਼ਮ ਤੋਂ ਪੈਦਾ ਹੋਇਆ ਮਾਨਸਿਕ ਤਨਾਅ ਹੈ? ਅਜਿਹੇ ਅਨੇਕਾਂ ਸਵਾਲਾਂ ਉਪਰ ਚਰਚਾ ਕਰਨ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਆਖ਼ਿਰ ਇਹ ‘ਨੇਪੋਟਿਜ਼ਮ’ ਹੈ ਕੀ? ਨੇਪੋਟਿਜ਼ਮ (Nepotism) ਇਤਾਲਵੀ ਭਾਸ਼ਾ ਦਾ ਸ਼ਬਦ ਹੈ, ਜਿਸ ਦੀ ਉੱਤਪਤੀ ਲਾਤੀਨੀ ਭਾਸ਼ਾ ਦੇ ਸ਼ਬਦ ‘ਨੇਪੋਸ’ (Nepos) ਤੋਂ ਹੋਈ ਹੈ, ਜਿਸ ਤੋਂ ਬਾਅਦ ਵਿਚ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਨੈਫ਼ਿਊ (Nephew) ਭਾਵ ਭਤੀਜਾ ਪ੍ਰਚਲਿਤ ਹੁੰਦਾ ਹੈ। ਪੰਜਾਬੀ ਭਾਸ਼ਾ ਵਿਚ ਨੇਪੋਟਿਜ਼ਮ ਲਈ ਭਰਾ-ਭਤੀਜਾਵਾਦ, ਕੁਨਬਾਪਰਵਰੀ, ਪਰਿਵਾਰ ਪੱਖਪਾਤ, ਗੈਂਗ ਮਾਫ਼ੀਆ ਜਿਹੇ ਸਮਾਨਾਰਥੀ ਸ਼ਬਦਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਨੇਪੋਟਿਜ਼ਮ ਦੀ ਸ਼ੁਰੂਆਤ 17ਵੀਂ ਸਦੀ ਵਿਚ ਪੋਪ ਅਤੇ ਬਿਸ਼ਪ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਜਾਂ ਸਕੇ-ਸਬੰਧੀਆਂ ਨੂੰ ਉੱਚ ਪਦਵੀਆਂ ਦੇਣ ਅਤੇ ਰਾਜਗੱਦੀ ਉੱਪਰ ਆਪਣੇ ਪੀੜ੍ਹੀ-ਦਰ-ਪੀੜ੍ਹੀ ਹੱਕ ਜਤਾਉਣ ਦੇ ਦਾਅਵੇ ਨਾਲ ਹੁੰਦੀ ਹੈ। ਇਸ ਦਾ ਇਹ ਅਰਥ ਨਿਕਲਦਾ ਹੈ ਕਿ ਰਾਜੇ ਦਾ ਪੁੱਤਰ ਰਾਜਾ ਹੀ ਹੋਵੇਗਾ ਭਾਵੇਂ ਉਸ ਵਿਚ ਕਾਬਲੀਅਤ ਹੋਵੇ ਜਾਂ ਨਾ ਹੋਵੇ।
ਨੇਪੋਟਿਜ਼ਮ ਨਾ ਕੇਵਲ ਭਾਰਤ ਦੇ ਇਤਿਹਾਸ ਦਾ ਹੀ ਹਿੱਸਾ ਰਿਹਾ ਹੈ, ਸਗੋਂ ਵਰਤਮਾਨ ਵਿਚ ਵੀ ਨੌਜਵਾਨਾਂ ਲਈ ਚੁਣੌਤੀ ਅਤੇ ਗੰਭੀਰ ਸਮੱਸਿਆ ਦਾ ਰੂਪ ਧਾਰ ਕੇ ਬੈਠਾ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਨੂੰ ਹੱਤਿਆ ਹੀ ਕਰਾਰ ਦਿੱਤਾ ਜਾ ਰਿਹਾ ਹੈ, ਜਿਸ ਦਾ ਜ਼ਿੰਮੇਵਾਰ ਫ਼ਿਲਮ ਜਗਤ ਵਿਚਲੇ ਨੇਪੋਟਿਜ਼ਮ ਨੂੰ ਠਹਿਰਾਇਆ ਗਿਆ ਹੈ (ਹਾਲਾਂਕਿ ਸੁਸ਼ਾਂਤ ਦੀ ਖ਼ੁਦਕੁਸ਼ੀ ਦੇ ਕਾਰਨਾਂ ਦਾ ਮਾਮਲਾ ਹਾਲੇ ਜਾਂਚ ਅਧੀਨ ਹੈ)। ਕਿਸੇ ਖੇਤਰ ਵਿਸ਼ੇਸ਼ ਨੂੰ ਕਿਸੇ ਵਿਅਕਤੀ ਵਿਸ਼ੇਸ਼ ਦੁਆਰਾ ਆਪਣੀ ਮਲਕੀਅਤ ਸਮਝਣਾ ਭ੍ਰਿਸ਼ਟਾਚਾਰ ਹੈ। ਜਿੱਥੇ ਕਲਾ ਦੇ ਖੇਤਰ ਵਿਚ ਪ੍ਰਤਿਭਾਸ਼ਾਲੀ ਕਲਾਕਾਰ ਨੂੰ ਅੱਗੇ ਵਧਣ ਦੇ ਮੌਕੇ ਮਿਲਣੇ ਚਾਹੀਦੇ ਹਨ, ਉੱਥੇ ਨੇਪੋਟਿਜ਼ਮ ਦੇ ਪਾਸਾਰ ਕਾਰਨ ਇਹ ਮੌਕੇ ਮੁੱਖ ਤੌਰ ’ਤੇ ਕਲਾਕਾਰੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਵਿਅਕਤੀ ਨੂੰ ਹੀ ਮਿਲਦੇ ਹਨ, ਜਿਸ ਨੂੰ ਕਲਾ ਦੀ ਖੂਬਸੂਰਤੀ ਦਾ ਭਾਵੇਂ ਰੱਤੀ ਭਰ ਵੀ ਇਲਮ ਨਾ ਹੋਵੇ। ਫ਼ਿਲਮ ਜਗਤ ਵਿਚ ਅਜਿਹੀਆਂ ਹੋਰ ਵੀ ਮਿਸਾਲਾਂ ਹਨ। ਨੇਪੋਟਿਜ਼ਮ ਦੀ ਆੜ ਵਿਚ ਤਰਕ-ਵਿਹੂਣੀ ਫ਼ਿਲਮ ਕਰੋੜਾਂ ਦਾ ਬਿਜ਼ਨਸ ਕਰਦੀ ਹੈ ਅਤੇ ਇਸ ਦੇ ਉਲਟ ਸ਼ਾਨਦਾਰ ਫ਼ਿਲਮ ਬਾਕਸ ਆਫ਼ਿਸ ’ਤੇ ਆਉਂਦਿਆਂ ਹੀ ਦਮ ਤੋੜ ਦਿੰਦੀ ਹੈ। ਅਕਸਰ ਐਵਾਰਡ ਤੇ ਇਨਾਮ-ਸਨਮਾਨ ਵੀ ਵੱਡੇ ਫ਼ਿਲਮੀ ਸਿਤਾਰਿਆਂ ਦੀ ਸਰਪ੍ਰਸਤੀ ਵਾਲੇ ਅਭਿਨੇਤਾਵਾਂ ਦੀ ਝੋਲੀ ਵਿਚ ਪੈਂਦੇ ਹਨ ਅਤੇ ਬਗੈਰ ਕਿਸੇ ਫ਼ਿਲਮੀ ਪਿਛੋਕੜ ਵਾਲੇ ਸੁਸ਼ਾਂਤ ਸਿੰਘ ਰਾਜਪੂਤ ਵਰਗੇ ਕਲਾਕਾਰ ਦੀ ਕਲਾ ਦਾ ਨਜ਼ਰਅੰਦਾਜ਼ ਹੋ ਕੇ ਰਹਿ ਜਾਣਾ, ਮੁੱਲਹੀਣ ਹੋ ਜਾਣਾ, ਉਸਨੂੰ ਨਿਰੰਤਰ ਹੀਣਭਾਵਨਾ ਦਾ ਅਹਿਸਾਸ ਦਿਵਾਉਣਾ ਅਤੇ ਅੰਤ: ਮਾਨਸਿਕ ਤਣਾਅ ਤੇ ਖ਼ੁਦਕੁਸ਼ੀ। ਪਰ ਸਵਾਲ ਇਹ ਹੈ ਕਿ ਕੀ ਇਸ ਨੇਪੋਟਿਜ਼ਮ ਦਾ ਸ਼ਿਕਾਰ ਆਮ ਜਗਤ ਨਹੀਂ ਹੋ ਰਿਹਾ? ਹੋ ਰਿਹਾ ਹੈ, ਬਸ ਫ਼ਰਕ ਸਿਰਫ਼ ਇੰਨਾ ਹੈ ਕਿ ਫ਼ਿਲਮ ਜਗਤ ਦੀ ਤਰ੍ਹਾਂ ਇਥੇ ਇਹ ਖੁਲ੍ਹ ਕੇ ਸਾਹਮਣੇ ਨਹੀਂ ਆਉਂਦਾ।
ਭਾਰਤੀ ਰਾਜਨੀਤੀ ਨੇਪੋਟਿਜ਼ਮ ਦੀ ਸਭ ਤੋਂ ਵੱਡੀ ਉਦਾਹਰਨ ਹੈ। ਭਾਰਤ ਲੋਕਤੰਤਰੀ ਦੇਸ਼ ਹੁੰਦਿਆਂ ਵੀ ਇਕ ਤਰ੍ਹਾਂ ਰਾਜਤੰਤਰੀ ਦੇਸ਼ ਹੀ ਬਣਿਆ ਰਿਹਾ ਹੈ। ਕਈ-ਕਈ ਸਾਲ ਮੁੱਖ ਅਹੁਦਿਆਂ ਉੱਪਰ ਕਿਸੇ ਵਿਸ਼ੇਸ਼ ਪਰਿਵਾਰ ਦਾ ਹੀ ਕਬਜ਼ਾ ਰਹਿੰਦਾ ਹੈ। ਅੱਜ ਦਾ ਮੁੱਖ ਮੰਤਰੀ ਭਲਕ ਦਾ ਪ੍ਰਧਾਨ ਮੰਤਰੀ ਬਣਦਾ ਹੈ ਅਤੇ ਉਸ ਦਾ ਪੁੱਤਰ ਮੁੱਖ ਮੰਤਰੀ। ਇੰਝ ਅੱਜ ਦਾ ਸਿੱਖਿਅਤ, ਗੁਣੀ ਨੌਜਵਾਨ ਨਿਰਪੱਖ ਰੂਪ ਵਿਚ ਮੰਤਰੀ, ਮੁੱਖ ਮੰਤਰੀ, ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਕਦੇ ਵੀ ਨਹੀਂ ਪਹੁੰਚ ਸਕਦਾ। ਇਸ ਅਹੁਦੇ ਲਈ ਰਾਜਨੀਤਕ ਪਿਛੋਕੜ ਹੋਣਾ ਲਾਜ਼ਮੀ ਹੈ।
ਇਸ ਦਾ ਵਧਦਾ ਅਸਰ ਨੌਜਵਾਨ ਪੀੜ੍ਹੀ ਨੂੰ ਮਾਨਸਿਕ ਪੀੜਾ ਦਾ ਸ਼ਿਕਾਰ ਬਣਾ ਰਿਹਾ ਹੈ। ਅਕਸਰ ਸੁਣਨ ਨੂੰ ਮਿਲਦਾ ਹੈ ਕਿ ਇਕ ਕਲਰਕ ਦੀ ਨੌਕਰੀ ਲਈ ਸੈਂਕੜੇ ਅਰਜ਼ੀਆਂ ਆਈਆਂ ਪਰ ਭਰਤੀ ਮੰਡਲ ਨੇ ਜਾਣ-ਪਛਾਣ ਵਾਲੇ ਬਿਨੈਕਾਰਾਂ ਦੇ ਭਵਿੱਖ ਦੀ ਫ਼ਿਕਰ ਕੀਤੀ ਤੇ ਬਾਕੀਆਂ ਹੱਥ ਨਿਰਾਸ਼ਾ ਹੀ ਲੱਗੀ। ਕਿਸੇ ਪ੍ਰਸਿੱਧ ਕਾਲਜ/ ਯੂਨੀਵਰਸਿਟੀ ਤੋਂ ਡਿਗਰੀਆਂ ਪ੍ਰਾਪਤ ਕਰ ਕੇ ਜਦੋਂ ਨੌਜਵਾਨ ਰੁਜ਼ਗਾਰ ਦੀ ਭਾਲ ਵਿਚ ਨਿਕਲਦੇ ਹਨ ਤਾਂ ਅੱਗੋਂ ਨੇਪੋਟਿਜ਼ਮ ਉਨ੍ਹਾਂ ਦਾ ਮੂੰਹ ਚਿੜਾਉਂਦਾ ਹੈ।
ਦੂਰ-ਦੁਰਾਡੇ ਇਲਾਕਿਆਂ ਤੋਂ ਵਿਦਿਆਰਥੀ ਕਈ ਸੁਪਨੇ ਸਜਾ ਕੇ ਦਿਲਚਸਪੀ ਦੇ ਆਧਾਰ ’ਤੇ ਆਪਣੇ ਮਨਪਸੰਦ ਕੋਰਸ ਅਤੇ ਵਿੱਦਿਅਕ ਅਦਾਰੇ ਵਿਚ ਦਾਖ਼ਲਾ ਲੈਣ ਲਈ ਆਉਂਦੇ ਹਨ ਪਰ ਉਨ੍ਹਾਂ ਦੇ ਸੁਪਨੇ ਨੇਪੋਟਿਜ਼ਮ ਦੀ ਬਲੀ ਚੜ੍ਹ ਜਾਂਦੇ ਹਨ ਅਤੇ ਨੇਪੋਟਿਜ਼ਮ ਨੂੰ ਹੱਲਾਸ਼ੇਰੀ ਦੇਣ ਦਾ ਕੰਮ ਹੋਰ ਨਹੀਂ ਬਲਕਿ ਵਿੱਦਿਆ ਦੇ ਰਾਖੇ ਅਧਿਆਪਕ ਕਰਦੇ ਹਨ। ਇਸ ਕਾਰਨ 90 ਫ਼ੀਸਦੀ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਦੀ ਥਾਂ ਪਹੁੰਚ ਕਾਰਨ 70 ਫ਼ੀਸਦੀ ਅੰਕਾਂ ਵਾਲੇ ਵਿਦਿਆਰਥੀ ਨੂੰ ਦਾਖ਼ਲਾ ਮਿਲ ਜਾਂਦਾ ਹੈ।
‘ਸਾਹਿਤ ਨੂੰ ਸਮਾਜ ਦਾ ਦਰਪਣ’ ਮੰਨਿਆ ਜਾਂਦਾ ਹੈ। ਚੰਗਾ ਸਾਹਿਤ ਅਤੇ ਸਾਹਿਤਕਾਰ ਸਮਾਜ ਨੂੰ ਸੇਧ ਦਿੰਦੇ ਹਨ ਅਤੇ ਚੰਗੇ ਸਾਹਿਤਕਾਰ ਦੀ ਪਛਾਣ ਉਸ ਦੀ ਰਚਨਾ ਹੁੰਦੀ ਹੈ। ਅਜਿਹੇ ਸਾਹਿਤਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਸਾਹਿਤਕ ਅਕਾਦਮੀਆਂ ਤੇ ਅਦਾਰਿਆਂ ਵੱਲੋਂ ਐਵਾਰਡ ਦਿੱਤੇ ਜਾਂਦੇ ਹਨ ਪਰ ਇੱਥੇ ਵੀ ਨੇਪੋਟਿਜ਼ਮ ਦੇ ਪ੍ਰਭਾਵ ਹੇਠ ਅਜਿਹੇ ਲੇਖਕ ਜਾਂ ਕਿਤਾਬ ਨੂੰ ਜੇਤੂ ਕਰਾਰ ਦੇ ਦਿੱਤਾ ਜਾਂਦਾ ਹੈ ਜਿਸ ਕੋਲ ਰਾਜਨੀਤਿਕ ਜਾਂ ਸਮਾਜਿਕ ਸਬੰਧਾਂ ਦੇ ਜੁਗਾੜ ਹੁੰਦੇ ਹਨ।
ਭਾਰਤੀ ਖੇਡ ਜਗਤ ਵੀ ਨੇਪੋਟਿਜ਼ਮ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰ ਰਿਹਾ ਹੈ। ਬਹੁਤ ਸਾਰੇ ਮਿਹਨਤੀ ਅਤੇ ਹੋਣਹਾਰ ਖਿਡਾਰੀ ਨੇਪੋਟਿਜ਼ਮ ਦਾ ਸ਼ਿਕਾਰ ਹੋ ਜਾਂਦੇ ਹਨ। ਕਈ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਵੀ ਨਹੀਂ ਮਿਲਦਾ, ਜੋ ਕਿਸੇ ਰਾਜਨੀਤਿਕ, ਸਮਾਜਿਕ ਪਾਰਟੀ ਦਾ ਸਮਰਥਨ ਲਏ ਬਿਨਾਂ ਸੁਤੰਤਰ ਰੂਪ ਵਿਚ ਖੇਡਣਾ ਚਾਹੁੰਦੇ ਸਨ। ਇਸ ਲਈ ਜੇ ਨੇਪੋਟਿਜ਼ਮ ਦੀਆਂ ਜੜ੍ਹਾਂ ਨੂੰ ਹੋਰ ਫ਼ੈਲਣ ਤੋਂ ਨਾ ਰੋਕਿਆ ਗਿਆ ਤਾਂ ਇਹ ਵਿਅਕਤੀ ਵਿਸ਼ੇਸ਼ ਲਈ ਹੀ ਨਹੀਂ ਸਗੋਂ ਰਾਸ਼ਟਰ ਲਈ ਵੀ ਖ਼ਤਰਾ ਬਣ ਸਕਦਾ ਹੈ। ਹਾਲ ਹੀ ਵਿਚ ਇਕ ਅਭਿਨੇਤਾ ਨੇ ਫ਼ਿਲਮੀ ਸੰਵਾਦ ਵਿਚ ਕਿਹਾ ਸੀ, “ਰਾਜਾ ਕਾ ਬੇਟਾ ਅਬ ਰਾਜਾ ਨਹੀ ਬਨੇਗਾ, ਰਾਜਾ ਵਹੀ ਬਨੇਗਾ ਜੋ ਹੱਕਦਾਰ ਹੋਗਾ।” ਭਾਵ ਨੇਪੋਟਿਜ਼ਮ ਦਾ ਬੋਲਬਾਲਾ ਹਰ ਜਗ੍ਹਾ ਹੈ, ਪਰ ਇਸ ਕਾਰਨ ਕਿਸੇ ਦੀ ਪ੍ਰਤਿਭਾ ਦਾ ਘਾਣ ਨਹੀਂ ਹੋਣਾ ਚਾਹੀਦਾ। ਸਭ ਨੂੰ ਅੱਗੇ ਵਧਣ ਅਤੇ ਵਿਕਾਸ ਦੇ ਸਮਾਨ ਅਵਸਰ ਮਿਲਣੇ ਚਾਹੀਦੇ ਹਨ।
*ਪੀਐੱਚਡੀ ਖੋਜਾਰਥੀ, ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ, ਦਿੱਲੀ
ਸੰਪਰਕ: arshdeepk676@gmail.com