ਲੇਖ ਨੇ ਮਿਲਾਇਆ ਮਹੇਸ਼
‘ਪੰਜਾਬੀ ਟ੍ਰਿਬਿਊਨ’ ਵਿੱਚ 28 ਅਗਸਤ 2022 ਨੂੰ ਮੇਰਾ ਲੇਖ ਛਪਿਆ ਸੀ ‘ਘਰ ਦੀ ਇੱਜ਼ਤ’ ਤੇ ਲੇਖ ਬਾਰੇ ਇਸ ਦਿਨ ਕਈ ਫੋਨ ਆਏ। ਇਨ੍ਹਾਂ ਵਿੱਚ ਇੱਕ ਫੋਨ ਅਜਿਹਾ ਸੀ, ਜਿਸ ਨੇ ਆਪਣੀ ਪਹਿਲੀ ਮਿਲਣੀ ਵਿੱਚ ਮੈਨੂੰ ਆਪਣਾ ਬਣਾ ਲਿਆ। ਫੋਨ ਦੀ...
‘ਪੰਜਾਬੀ ਟ੍ਰਿਬਿਊਨ’ ਵਿੱਚ 28 ਅਗਸਤ 2022 ਨੂੰ ਮੇਰਾ ਲੇਖ ਛਪਿਆ ਸੀ ‘ਘਰ ਦੀ ਇੱਜ਼ਤ’ ਤੇ ਲੇਖ ਬਾਰੇ ਇਸ ਦਿਨ ਕਈ ਫੋਨ ਆਏ। ਇਨ੍ਹਾਂ ਵਿੱਚ ਇੱਕ ਫੋਨ ਅਜਿਹਾ ਸੀ, ਜਿਸ ਨੇ ਆਪਣੀ ਪਹਿਲੀ ਮਿਲਣੀ ਵਿੱਚ ਮੈਨੂੰ ਆਪਣਾ ਬਣਾ ਲਿਆ। ਫੋਨ ਦੀ ਘੰਟੀ ਵੱਜੀ। ਚੁੱਕਣ ’ਤੇ ਆਵਾਜ਼ ਆਈ, ‘‘ਸਤਿ ਸ੍ਰੀ ਅਕਾਲ ਜੀ।’’ ਮੈਂ ਵੀ ਜਵਾਬ ’ਚ ਸਤਿ ਸ੍ਰੀ ਅਕਾਲ ਆਖਿਆ। ਉਹ ਬੋਲਿਆ, ‘‘ਜੇ ਤੁਹਾਡੇ ਕੋਲ ਦੋ ਮਿੰਟ ਹਨ ਤਾਂ ਮੈਂ ਗੱਲ ਕਰਾਂ।’’ ਮੈਂ ਕਿਹਾ, ‘‘ਹਾਂ ਜੀ ਦੱਸੋ।’’ ਉਹ ਬੋਲਿਆ, ‘‘ਅੱਜ ਤੁੁਹਾਡਾ ਲੇਖ ਪੜ੍ਹਿਆ। ਦੋਸਤੀ ਹੋਵੇ ਤਾਂ ਅਜਿਹੀ ਹੋਵੇ।
ਇਹ ਅਸਲ ਕਹਾਣੀ ਹੈ? ਤੁਹਾਡੇ ਆਪਣੇ ਨਾਲ ਬੀਤੀ ਹੈ ਜਾਂ ਕਿਸੇ ਹੋਰ ਨਾਲ?’’ ਮੈਂ ਆਖਿਆ, ‘‘ਇਹ ਸਾਡੇ ਪਿਤਾ ਜੀ ਦੀ ਕਹਾਣੀ ਹੈ। ਇਹ ਸਭ ਕੁਝ ਉਨ੍ਹਾਂ ਨਾਲ ਹੋਇਆ।’’ ਫੋਨ ਕਰਨ ਵਾਲਾ ਵਿਅਕਤੀ ਆਖਣ ਲੱਗਾ, ‘‘ਅਜਿਹੀ ਘਟਨਾ ਮੇਰੇ ਨਾਲ ਵੀ ਵਾਪਰੀ ਸੀ। ਜਦੋਂ ਮੈਂ ਰਚਨਾ ਪੜ੍ਹ ਰਿਹਾ ਸੀ ਤਾਂ ਜਾਪਦਾ ਸੀ ਜਿਵੇਂ ਤੁਸੀਂ ਮੇਰੀ ਕਹਾਣੀ ਹੀ ਲਿਖ ਦਿੱਤੀ। ਤੁਹਾਨੂੰ ਮਿਲਣ ਨੂੰ ਜੀਅ ਕਰਦੈ। ਕਿੱਥੋਂ ਦੇ ਰਹਿਣ ਵਾਲੇ ਹੋ?’’ ਮੈਂ ਆਖਿਆ, ‘‘ਪਹਿਲਾਂ ਚੰਡੀਗੜ੍ਹ ਦੇ ਪਿੰਡ ਵਿੱਚ ਰਹਿੰਦੇ ਸੀ, ਹੁਣ ਮੁਹਾਲੀ ਵਿੱਚ ਰਹਿੰਦੇ ਹਾਂ।’’ ਉਹ ਆਖਣ ਲੱਗਿਆ, ‘‘ਮੇਰਾ ਨਾਮ ਮਹੇਸ਼ ਸ਼ਰਮਾ ਹੈ ਤੇ ਮੈਂ ਮੰਡੀ ਅਹਿਮਦਗੜ੍ਹ ਦਾ ਰਹਿਣ ਵਾਲਾ ਹਾਂ। ਟ੍ਰਿਬਿਊਨ ਨੂੰ ਖ਼ਬਰਾਂ ਭੇਜਦਾ ਹਾਂ।’’ ਮੈਂ ਆਪਣੇ ਬਾਰੇ ਜਾਣਕਾਰੀ ਦਿੱਤੀ। ਉਹ ਬਹੁਤ ਖ਼ੁਸ਼ ਹੋਇਆ। ਉਸ ਨੇ ਮਿਲਣ ਦਾ ਵਾਅਦਾ ਕਰ ਕੇ ਫੋਨ ਕੱਟ ਦਿੱਤਾ। ਜਦੋਂ ਵੀ ਲੇਖ ਛਪਣਾ ਉਹ ਫੋਨ ਕਰਨਾ ਨਾ ਭੁੱਲਦਾ। ਮਾਰਚ 2023 ਵਿੱਚ ਮਹੇਸ਼ ਦਾ ਫੋਨ ਆਇਆ। ਬਹੁਤ ਖ਼ੁਸ਼ ਸੀ। ਫੋਨ ’ਤੇ ਆਪਣੀ ਪੋਤੀ ਦੇ ਜਨਮ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਪੋਤੀ ਦੇ ਜਨਮ ’ਤੇ ਪਟਾਕੇ ਚੱਲਦੇ ਦਿਸੇ। ਘਰ ’ਚ ਖ਼ੁਸ਼ੀਆਂ ਦੇ ਗੀਤ ਗਾਉਂਦੀਆਂ ਔਰਤਾਂ ਦਿਖਾਈ ਦਿੱਤੀਆਂ। ਉਹ ਆਖਣ ਲੱਗਿਆ, ‘‘ਮੇਰੇ ਘਰ ਕੁਝ ਦਿਨ ਪਹਿਲਾਂ ਪੋਤੀ ਆਈ ਹੈ। ਉਸ ਸਬੰਧੀ ਤੁਹਾਨੂੰ ਵੀਡੀਓ ਭੇਜੀਆਂ ਹਨ। ਤੁਸੀਂ ਛਪਾਰ ਦੇ ਮੇਲੇ ’ਤੇ ਜ਼ਰੂਰ ਆਇਓ। ਸਾਡੇ ਇੱਧਰ ਬਹੁਤ ਵੱਡਾ ਮੇਲਾ ਭਰਦੈ। ਮੈਂ ਤੁਹਾਡੀ ਉਡੀਕ ਕਰਾਂਗਾ।’’ ਗੱਲ ਕੀ ਉਸ ਨਾਲ ਅਜਿਹੀ ਮਿੱਤਰਤਾ ਬਣੀ, ਜੋ ਭੁਲਾਈ ਨਹੀਂ ਜਾ ਸਕਦੀ।
ਇੱਕ ਦਿਨ ਉਹ ਦਫ਼ਤਰ ਆਇਆ। ਉੱਚਾ ਲੰਮਾ ਕੱਦ। ਜੱਫੀ ਪਾ ਕੇ ਮਿਲਿਆ। ਚਾਹ ਪਾਣੀ ਪੀਣ ਮਗਰੋਂ ਆਪਣੇ ਘਰ ਆਉਣ ਦਾ ਸੱਦਾ ਦੇ ਗਿਆ। ਜ਼ਿੰਦਗੀ ਦੇ ਰੁਝੇਵਿਆਂ ’ਚ ਕਦੇ ਉਸ ਦੇ ਘਰ ਜਾਣ ਦਾ ਸਬੱਬ ਨਾ ਬਣਿਆ। ਫਿਰ ਇੱਕ ਦੋ ਵਾਰੀ ਲੇਖ ਛਪੇ ਤਾਂ ਉਸ ਦਾ ਫੋਨ ਨਾ ਆਇਆ। ਸੋਚਿਆ ਕਿ ਸ਼ਾਇਦ ਉਸ ਨੂੰ ਠੀਕ ਨਾ ਲੱਗਿਆ ਹੋਵੇ। ਫਿਰ ਕਦੇ ਖ਼ਿਆਲ ਆਵੇ ਕਿ ਉਹ ਠੀਕ ਵੀ ਹੈ? ਇੱਕ ਦਿਨ ਫੋਨ ਮਿਲਾ ਹੀ ਲਿਆ। ਉਸ ਨੇ ਚੁੱਕਿਆ ਨਾ। ਮਨ ਡਰ ਗਿਆ ਕਿ ਪਤਾ ਨਹੀਂ ਉਸ ਨਾਲ ਕੀ ਭਾਣਾ ਵਾਪਰ ਗਿਆ। ਫਿਰ ਸ਼ਾਮ ਵੇਲੇ ਵਟਸਐਪ ਕਾਲ ਕੀਤੀ। ਉਸ ਦੀ ਆਵਾਜ਼ ਕੰਨੀਂ ਪਈ। ਮਨ ਖ਼ੁਸ਼ ਹੋ ਗਿਆ। ਉਹ ਆਖਣ ਲੱਗਿਆ, ‘‘ਮੈਂ ਆਪਣੀ ਧੀ ਜੈਸਮੀਨ ਕੋਲ ਆਸਟਰੇਲੀਆ, ਮੈਲਬਰਨ ਆਇਆ ਹੋਇਆ ਸੀ। ਇਸ ਕਾਰਨ ਫੋਨ ਨਹੀਂ ਕਰ ਸਕਿਆ।’’ ਘਰ ਪਰਿਵਾਰ ਬਾਰੇ ਪੁੱਛਿਆ। ਆਪਣੀਆਂ ਦੋਹਤੀਆਂ ਬਾਰੇ ਗੱਲਾਂ ਕੀਤੀਆਂ। ਫਿਰ ਸਾਡੀ ਕਈ ਵਾਰ ਗੱਲਬਾਤ ਹੋਈ। ਇੰਝ ਜਾਪਦਾ ਸੀ ਕਿ ਅਸੀਂ ਕਦੋਂ ਦੇ ਵਿਛੜੇ ਹੋਏ ਹੁਣ ਮਿਲੇ ਹੋਈਏ। ਨਵੇਂ ਸਾਲ, ਦੀਵਾਲੀ ਜਾਂ ਹੋਰ ਤਿੱਥ ਤਿਉਹਾਰ ਮੌਕੇ ਫੋਨ ’ਤੇ ਵਧਾਈਆਂ ਭੇਜਣਾ ਨਾ ਭੁੱਲਦਾ। ਉਹ ਉਮਰ ਵਿੱਚ ਮੈਥੋਂ ਵੱਡਾ ਸੀ, ਪਰ ‘ਸਰ’ ਬਿਨਾਂ ਨਾ ਬੋਲਦਾ।
ਮੈਂ ਕਈ ਵਾਰ ਉਸ ਨਾਲ ਇਸੇ ਗੱਲੋਂ ਨਾਰਾਜ਼ ਵੀ ਹੋਇਆ। ਫਿਰ ਉਹ ‘ਸਰ’ ਕਹਿਣੋਂ ਹਟ ਗਿਆ। ਹਮੇਸ਼ਾ ਆਪਣੇ ਇਲਾਕੇ ਦੀਆਂ ਗੱਲਾਂ ਕਰਦਾ। ਕੋਈ ਬੰਦਾ ਅਜਿਹਾ ਨਹੀਂ, ਜਿਹੜਾ ਉਸ ਨੂੰ ਜਾਣਦਾ ਨਾ ਹੋਵੇ। ਪੰਜਾਬੀ ਦੇ ਕਈ ਸ਼ਬਦ ਪੁੱਛਣੇ। ਉਹ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਵਿੱਚ ਵੀ ਖ਼ਬਰਾਂ ਭੇਜਦਾ ਸੀ। ਇੱਕ ਦੋ ਵਾਰੀ ‘ਪੰਜਾਬੀ ਟ੍ਰਿਬਿਊਨ’ ਵਿੱਚ ਉਸ ਦੇੇ ਲੇਖ ਵੀ ਲੱਗੇ। ਸੱਤ ਸਤੰਬਰ 2022 ਨੂੰ ਉਸ ਦਾ ਵਿਰਾਸਤ ਪੰਨੇ ’ਤੇ ‘ਛਪਾਰ ਮੇਲੇ ਦਾ ਬਦਲਿਆ ਰੂਪ’ ਲੇਖ ਛਪਿਆ। ਹੌਲੀ-ਹੌਲੀ ਉਸ ਨੇ ਆਪਣੀ ਪੰਜਾਬੀ ਸ਼ਬਦਾਵਲੀ ਵਿੱਚ ਕਾਫ਼ੀ ਨਿਖਾਰ ਲਿਆਂਦਾ।
ਕਈ ਵਾਰ ਛਪਣ ਤੋਂ ਪਹਿਲਾਂ ਆਪਣਾ ਲੇਖ ਵਟਸਐਪ ਜਾਂ ਈ-ਮੇਲ ’ਤੇ ਪਾ ਦਿੰਦਾ। ਫਿਰ ਸੁਝਾਅ ਮੰਗਦਾ। ਇੱਕ ਦਿਨ ਆਖਣ ਲੱਗਿਆ, ‘‘ਜੇ ਇਸ ਵਾਰ ਤੁਸੀਂ ਛਪਾਰ ਦੇ ਮੇਲੇ ’ਤੇ ਨਾ ਆਏ ਤਾਂ ਮੈਂ ਨਾਰਾਜ਼ ਹੋ ਜਾਣੈ।’’ ਇਸ ਵਾਰ ਉਸ ਨਾਲ ਵਾਅਦਾ ਕੀਤਾ ਸੀ ਕਿ ਜਿਵੇਂ ਨਾ ਕਿਵੇਂ ਹਾਜ਼ਰੀ ਜ਼ਰੂਰ ਲਵਾਵਾਂਗਾ। ਕੁਝ ਦਿਨ ਪਹਿਲਾਂ ਉਸ ਦੀ ਸਿਹਤ ਖ਼ਰਾਬ ਹੋਣ ਬਾਰੇ ਪਤਾ ਲੱਗਿਆ। ਫਿਰ ਉਸ ਦੀ ਮੌਤ ਸਬੰਧੀ ਖ਼ਬਰ ਅਖ਼ਬਾਰ ਵਿੱਚ ਛਪੀ। ਮਨ ਉਦਾਸ ਹੋਇਆ। ਉਸ ਦੀ ਧੀ ਦੇ ਆਉਣ ’ਤੇ ਉਸ ਦਾ ਸਸਕਾਰ ਕੀਤਾ ਗਿਆ। ਮੰਡੀ ਅਹਿਮਦਗੜ੍ਹ ਨੇੜਲੇ ਇਲਾਕੇ ਦੇ ਕਈ ਪੱਤਰਕਾਰ ਉਸ ਨੂੰ ਪਿਤਾ, ਕਈ ਭਰਾ ਅਤੇ ਕਈ ਚੰਗੇ ਦੋਸਤ ਦਾ ਦਰਜਾ ਦਿੰਦੇ ਸਨ। ਉਸ ਨੇ ਹਮੇਸ਼ਾ ਹਰ ਕਿਸੇ ਨੂੰ ਚੰਗੀ ਸਲਾਹ ਦਿੱਤੀ। ਕਿਸੇ ਦਾ ਬੁਰਾ ਨਹੀਂ ਸੋਚਿਆ। ਮੈਨੂੰ ਵੀ ਕਈ ਵਾਰ ਲੇਖਾਂ ਸਬੰਧੀ ਸਲਾਹ ਦਿੱਤੀ। ਉਸ ਦੀਆਂ ਕਈ ਖ਼ਬਰਾਂ ਦੀ ਦੇਸ਼-ਵਿਦੇਸ਼ ਵਿੱਚ ਵੀ ਚਰਚਾ ਹੋਈ। ਵਾਕਈ ਉਸ ਵਿੱਚ ਅਜਿਹੀ ਚੁੰਬਕੀ ਖਿੱਚ ਸੀ, ਜੋ ਹਰ ਕਿਸੇ ਨੂੰ ਆਪਣਾ ਬਣਾ ਲੈਂਦੀ ਸੀ। ਉਸ ਦੀਆਂ ਗੱਲਾਂ ਯਾਦ ਕਰ ਕੇ ਅੱਖਾਂ ਨਮ ਹੋ ਜਾਂਦੀਆਂ ਹਨ। ਹੁਣ ਛਪਾਰ ਦਾ ਮੇਲਾ ਤਾਂ ਹਰ ਸਾਲ ਲੱਗੇਗਾ, ਪਰ ਮੇਲੇ ’ਤੇ ਬੁਲਾਉਣ ਵਾਲੀ ਮਹੇਸ਼ ਸ਼ਰਮਾ ਦੀ ਆਵਾਜ਼ ਕਦੇ ਸੁਣਾਈ ਨਹੀਂ ਦੇਵੇਗੀ। ਇੱਕ ਦਿਨ ਉਸ ਦਾ ਫੋਨ ਮਿਲਾ ਲਿਆ। ਅੱਗੋਂ ਉਸ ਦੇ ਪੁੱਤਰ ਵੇਣੂ ਗੋਪਾਲ ਨੇ ਫੋਨ ਚੁੱਕਿਆ। ਮਹੇਸ਼ ਬਾਰੇ ਗੱਲਾਂ ਕੀਤੀਆਂ। ਬਹੁਤੀ ਦੇਰ ਗੱਲ ਨਾ ਕਰ ਸਕਿਆ। ਮਹੇਸ਼ ਸ਼ਰਮਾ ਨਮਿਤ ਅੰਤਿਮ ਅਰਦਾਸ ਅੱਜ 24 ਜੁਲਾਈ ਨੂੰ ਦੁਪਹਿਰੇ ਅਗਰਸੈਨ ਸੇਵਾ ਸਦਨ ਨੇੜੇ ਆਨੰਦ ਈਸ਼ਰ ਪਬਲਿਕ ਸਕੂਲ, ਛਪਾਰ ਰੋਡ ਅਹਿਮਦਗੜ੍ਹ ਵਿੱਚ ਹੋਵੇਗੀ। ਫਿਰ ਵੀ ਯਕੀਨ ਨਹੀਂ ਆ ਰਿਹਾ ਕਿ ਉਹ ਸਾਥੋਂ ਵਿਛੜ ਗਿਆ ਹੈ। ਅਲਵਿਦਾ ਦੋਸਤ! ਤੇਰੀਆਂ ਯਾਦਾਂ ਹਮੇਸ਼ਾ ਚੇਤਿਆਂ ਵਿੱਚ ਰਹਿਣਗੀਆਂ।
ਸੰਪਰਕ: 98152-33232

