DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

250ਵੀਂ ਵਰ੍ਹੇਗੰਢ ਅਤੇ ਅਮਰੀਕਾ ਦਾ ਢਲਦਾ ਸੂਰਜ

ਜਦੋਂ ਸਯੁੰਕਤ ਰਾਜ ਅਮਰੀਕਾ 4 ਜੁਲਾਈ ਨੂੰ ਆਪਣੀ ਹੋਂਦ ਦੇ 250 ਸਾਲ ਪੂਰੇ ਕਰ ਰਿਹਾ ਹੈ ਤਾਂ ਦੇਸ਼ ਦੇ ਅੰਦਰ ਅਤੇ ਬਾਹਰ ਇਹ ਚਰਚਾ ਛਿੜ ਪਈ ਹੈ ਕਿ ਕੀ ਇੱਕ ਧਰੁਵੀ ਸੰਸਾਰ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਮਿਲੀ ਅਮਰੀਕਨ ਚੌਧਰ...

  • fb
  • twitter
  • whatsapp
  • whatsapp
Advertisement

ਜਦੋਂ ਸਯੁੰਕਤ ਰਾਜ ਅਮਰੀਕਾ 4 ਜੁਲਾਈ ਨੂੰ ਆਪਣੀ ਹੋਂਦ ਦੇ 250 ਸਾਲ ਪੂਰੇ ਕਰ ਰਿਹਾ ਹੈ ਤਾਂ ਦੇਸ਼ ਦੇ ਅੰਦਰ ਅਤੇ ਬਾਹਰ ਇਹ ਚਰਚਾ ਛਿੜ ਪਈ ਹੈ ਕਿ ਕੀ ਇੱਕ ਧਰੁਵੀ ਸੰਸਾਰ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਮਿਲੀ ਅਮਰੀਕਨ ਚੌਧਰ ਢਹਿ ਢੇਰੀ ਹੋ ਰਹੀ ਹੈ ਜਾਂ ਇਹ ਵਿਸ਼ਵ ਰਾਜਨੀਤੀ ਵਿੱਚ ਆਪਣੀ ਸ੍ਰੇਸ਼ਠਤਾ ਕਾਇਮ ਰੱਖ ਸਕੇਗਾ। ਵੀਅਤਨਾਮ, ਇਰਾਕ, ਅਫ਼ਗਾਨਿਸਤਾਨ ਵਿਚਲੇ ਨਾਕਾਮ ਅਮਰੀਕਨ ਫੌਜੀ ਦਖਲ ਵਾਂਗ ਮੱਧ ਪੂਰਬ ਵਿਚਲੇ ਇਰਾਨ-ਅਮਰੀਕਨ ਭੇੜ ਦੇ ਖ਼ਤਮ ਹੋਣ ਬਾਅਦ ਕੀ ਸ੍ਰੇਸ਼ਟਤਾ ਕਾਇਮ ਰਹੇਗੀ? ਅਮਰੀਕਨ ਅਤੇ ਵਿਸ਼ਵ ਮੀਡੀਆ ਆਪਣੇ ਮਾਹਰਾਨਾ ਵਿਸ਼ਲੇਸ਼ਣਾਂ ਵਿੱਚ ਅਮਰੀਕਨ ਚੌਧਰ ਨੂੰ ਹੁਣ ਢਲਦੇ ਸੂਰਜ ਨਾਲ ਤਸ਼ਬੀਹ ਦੇਣ ਲੱਗ ਪਿਆ ਹੈ।

ਗੱਲ 1978 ਜਨਵਰੀ ਦੀ ਹੈ ਜਦੋਂ ਅਮਰੀਕਾ ਦੇ ਪ੍ਰਧਾਨ ਜਿੰਮੀ ਕਾਰਟਰ ਭਾਰਤ ਦੇ ਤਿੰਨ ਦਿਨਾਂ ਦੌਰੇ ’ਤੇ ਆਏ ਸਨ। ਉਨ੍ਹਾਂ ਦਾ ਇਹ ਦੌਰਾ ਉਸ ਵਕਤ ਦੀ ਭਾਰਤ ਸਰਕਾਰ ਵੱਲੋਂ ਸਿਰਜੇ ਖੁਸ਼ਆਮਦੀਦ ਮਾਹੌਲ ’ਚ ਸੀ। ਇਸ ਤੋਂ ਗਿਆਰਾਂ ਸਾਲ ਪਹਿਲਾਂ 1969 ਵਿੱਚ ਅਮਰੀਕਨ ਪ੍ਰਧਾਨ ਰਿਚਰਡ ਨਿਕਸਨ ਵੱਲੋਂ ਇੱਕ ਦਿਨ ਦਾ ਖਾਨਾਪੂਰਤੀ ਦੌਰਾ ਕੀਤਾ ਗਿਆ ਸੀ। 1971 ਵਿੱਚ ਹੋਏ ਭਾਰਤ-ਪਾਕਿਸਤਾਨ ਯੁੱਧ ਵਿੱਚ ਅਮਰੀਕਾ ਨੇ ਸੱਤਵਾਂ ਫੌਜੀ ਬੇੜਾ ਭੇਜ ਕੇ ਪਾਕਿਸਤਾਨ ਦਾ ਸਾਥ ਦਿੱਤਾ ਸੀ। ਖੈਰ ਜਿੰਮੀ ਕਾਰਟਰ ਦੀ ਮਾਂ ਲਿਲੀਅਨ ਕਾਰਟਰ ਕਈ ਵਰ੍ਹੇ ਮੁੰਬਈ ਦੇ ਪੱਛੜੇ ਖੇਤਰ ਵਿੱਚ ਸੰਸਾਰ ਅਮਨ ਦੂਤ ਵਜੋਂ ਬੇਸਹਾਰਾ ਕੋਹੜੀਆਂ ਦੇ ਇਲਾਜ ਵਿੱਚ ਸੇਵਾ ਕਰਦੀ ਰਹੀ ਸੀ। ਅਮਰੀਕਨ ਪ੍ਰਧਾਨ ਦੇ ਇਸ ਦੌਰੇ ਨੇ ਦੋਹਾਂ ਦੇਸ਼ਾਂ ਦੇ ਸਬੰਧਾਂ ਵਿੱਚ ਆਈ ਕੁੜੱਤਣ ਅਤੇ ਠਹਿਰਾਅ ਨੂੰ ਦੂਰ ਕਰਨ ਵਿੱਚ ਖਾਸੀ ਮਦਦ ਕੀਤੀ।

Advertisement

ਅਮਰੀਕਾ ਦਾ ਵਜੂਦ ਨਵੀਂ ਦੁਨੀਆ ਦੇ ਰੂਪ ਵਿੱਚ ਸਾਰੇ ਸੰਸਾਰ ਲਈ ਹਮੇਸ਼ਾ ਆਕਰਸ਼ਕ ਰਿਹਾ। ਸਾਲ 1776 ਦੀ ਆਜ਼ਾਦੀ ਤੋਂ ਬਾਅਦ ਇੰਗਲੈਂਡ ਦੀ ਪਾਰਲੀਮਾਨੀ ਸ਼ਾਸਨ ਪ੍ਰਣਾਲੀ ਦੀ ਥਾਂ ਉੱਥੇ ਪ੍ਰਧਾਨਾਤਮਿਕ ਸ਼ਾਸਨ ਸ਼ੁਰੂ ਕੀਤਾ ਗਿਆ। ਅਮਰੀਕਨ ਸੁਤੰਤਰਤਾ ਯੋਧੇ ਬਸਤੀਵਾਦ ਤੋਂ ਹਟ ਕੇ ਹਰ ਕੰਮ ਨਵਾਂ ਅਤੇ ਵਿਲੱਖਣ ਕਰਨਾ ਚਾਹੁੰਦੇ ਸਨ। ਤੇਰਾਂ ਰਿਆਸਤਾਂ ਤੋਂ ਦੇਸ਼ ਨੂੰ ਵਿਸ਼ਵ ਦੇ ਸਭ ਤੋਂ ਵਿਸ਼ਾਲ ਅਤੇ ਸ਼ਕਤੀਸ਼ਾਲੀ ਰਾਸ਼ਟਰ ਬਣਾਉਣ ਵਿੱਚ ਜਾਰਜ ਵਾਸ਼ਿੰਗਟਨ ਤੋਂ ਬਾਅਦ, ਥਾਮਸ ਜੈਫਰਸਨ ਨੇ ਫਰਾਂਸ ਦੇ ਅਧੀਨ ਮਿਸੀਸਿਪੀ ਤੋਂ ਰੌਕੀ ਪਰਬਤ ਤੱਕ ਪੈਂਦੀ ਅਮਰੀਕਨ ਧਰਤੀ ਖ਼ਰੀਦ ਕੇ ਦੇਸ਼ ਦਾ ਘੇਰਾ ਦੁੱਗਣਾ ਕਰ ਦਿੱਤਾ। ਫਲੋਰਿਡਾ ਤੋਂ ਲੈ ਕੇ ਲਾਸ ਏਂਜਲਸ ਤੱਕ ਦਾ ਹਜ਼ਾਰਾਂ ਮੀਲ ਏਰੀਆ ਦੇਸ਼ ਦਾ ਹਿੱਸਾ ਬਣ ਗਿਆ। ਸਾਲ 1867 ਵਿੱਚ ਪੰਦਰਾਂ ਲੱਖ ਵਰਗ ਕਿਲੋਮੀਟਰ ਦੇ ਅਲਾਸਕਾ ਦੀ ਧਰਤੀ ਨਾਲ ਮਿਲਾ ਕੇ ਆਰਕਟਿਕ ਖੇਤਰ ਵਿੱਚ ਆਪਣਾ ਦਬਦਬਾ ਬਣਾਇਆ। ਇਸ ਸਦੀ ਵਿੱਚ ਜਿਵੇਂ ਅਮਰੀਕਾ ਮਜ਼ਬੂਤ ਅਤੇ ਆਪਣੇ ਖੇਤਰਫਲ ਵਿੱਚ ਵਿਸ਼ਾਲ ਹੁੰਦਾ ਗਿਆ, ਅਜਿਹਾ ਹੋਰ ਕਿਸੇ ਦੇਸ਼ ਦੇ ਹਿੱਸੇ ਨਹੀਂ ਆਇਆ। ਸੰਕਟ ਅਤੇ ਸਿਵਿਲ ਯੁੱਧ ਸਮੇਂ ਦੇਸ਼ ਨੂੰ ਸੰਗਠਿਤ ਰੱਖਣ ਵਿੱਚ ਅਬਰਾਹਮ ਲਿੰਕਨ ਦੇ ਯੋਗਦਾਨ ਨੇ ਐਟਲਾਂਟਿਕ ਤੋਂ ਪੈਸੇਫਿਕ ਮਹਾਸਾਗਰ ਤੱਕ ਇਸ ਦੇਸ਼ ਨੂੰ ਇੱਕ ਵੱਡੇ ਰਾਸ਼ਟਰ ਵਜੋਂ ਉਭਾਰਿਆ। ਵੀਹਵੀਂ ਸਦੀ ਦੇ ਸ਼ੁਰੂ ਵਿੱਚ ਥਿਓਡਰ ਰੂਜ਼ਵੈਲਟ, ਵੁਡਰੋ ਵਿਲਸਨ, ਫਰੈਂਕਲਿਨ ਡੀ ਰੂਜ਼ਵੈਲਟ, ਜਾਨ ਕੈਨੇਡੀ, ਬਰਾਕ ਓਬਾਮਾ ਨੇ ਅਮਰੀਕਾ ਦੀ ਗਲੋਬਲ ਚੌਧਰ ਨੂੰ ਕਾਇਮ ਰੱਖਣ ਵਿੱਚ ਵੱਡੀ ਭੂਮਿਕਾ ਨਿਭਾਈ।

Advertisement

ਢਾਈ ਸਦੀਆਂ ਪਹਿਲਾਂ ਅਮਰੀਕਾ ਵਿੱਚ ਆਈ ਰਾਜਨੀਤਕ ਤਬਦੀਲੀ ਵਿਸ਼ਵ ਇਤਿਹਾਸ ਵਿੱਚ ਆਪਣੇ ਕਿਸਮ ਦੀ ਪਹਿਲੀ ਸੀ ਜਦੋਂ ਮਨੁੱਖੀ ਅਧਿਕਾਰਾਂ ’ਤੇ ਆਧਾਰਿਤ ਲੋਕਤੰਤਰੀ ਨਿਜ਼ਾਮ ਸਿਰਜਿਆ ਗਿਆ। ਸੰਵਿਧਾਨ ਘੜਨ ਵਾਲੇ ਸਾਰੇ ਵਿਦਵਾਨ ਅਤੇ ਸਮਰਪਿਤ ਲੋਕ ਸਨ। ਪਹਿਲਾ ਚੁਣਿਆ ਹੋਇਆ ਰਾਸ਼ਟਰ ਮੁਖੀ ਜਾਰਜ ਵਾਸ਼ਿੰਗਟਨ ਬਣਿਆ, ਜਿਹੜਾ ਆਜ਼ਾਦੀ ਅੰਦੋਲਨ ਦਾ ਕਮਾਂਡਰ ਇਨ ਚੀਫ ਵੀ ਰਿਹਾ ਸੀ। 1789 ਤੋਂ ਅੱਠ ਸਾਲ ਬਾਅਦ ਜਦੋਂ ਉਸ ਨੂੰ ਤੀਸਰੀ ਵਾਰ ਪ੍ਰਧਾਨ ਬਣਨ ਲਈ ਕਿਹਾ ਤਾਂ ਉਸ ਨੇ ਇਹ ਕਹਿ ਕੇ ਪੇਸ਼ਕਸ਼ ਠੁਕਰਾਈ ਕਿ ਰਾਸ਼ਟਰ ਦੀ ਅਗਵਾਈ ਲਈ ਹੋਰ ਨੌਜਵਾਨਾਂ ਨੂੰ ਮੌਕਾ ਮਿਲਣਾ ਚਾਹੀਦੈ। ਫਿਰ ਐਡਮ ਸਮਿਥ, ਥਾਮਸ ਜੈਫਰਸਨ, ਜੇਮਜ਼ ਮੈਡੀਸਨ, ਜੇਮਜ਼ ਮੁਨਰੋ ਸਭ ਆਪਣੇ ਦੋ ਕਾਰਜਕਾਲ ਪੂਰੇ ਕਰਕੇ ਸੇਵਾਮੁਕਤੀ ਤੋਂ ਬਾਅਦ ਕੌਮ ਉਸਾਰੀ ਵਿੱਚ ਜੁਟ ਗਏ। ਭਾਵੇਂ ਸੰਵਿਧਾਨ ਵਿੱਚ ਪਾਰਲੀਮੈਂਟ, ਸੁਪਰੀਮ ਕੋਰਟ ਅਤੇ ਪ੍ਰਧਾਨ ਵਿਚਕਾਰ ਬੜਾ ਖੂਬਸੂਰਤ ਸੰਤੁਲਨ ਬਣਾਇਆ ਗਿਆ ਹੈ, ਫਿਰ ਵੀ ਅਮਰੀਕਨ ਪ੍ਰਧਾਨ ਦਾ ਅਹੁਦਾ ਬਹੁਤ ਸ਼ਕਤੀਸ਼ਾਲੀ ਹੈ। ਇਸੇ ਕਰਕੇ ਬਹੁਤ ਸਮਰਪਿਤ ਅਤੇ ਵਿਦਵਾਨ ਸ਼ਖ਼ਸੀਅਤਾਂ ਨੇ ਥੋੜ੍ਹੇ ਸਮੇਂ ਵਿੱਚ ਹੀ ਅਮਰੀਕਾ ਨੂੰ ਦੁਨੀਆ ਦਾ ਸੁਪਰੀਮ ਦੇਸ਼ ਬਣਾ ਦਿੱਤਾ। ਮੁਨਰੋ ਸਿਧਾਂਤ ਤੋਂ ਹਟ ਕੇ ਪਹਿਲੀ ਵਿਸ਼ਵ ਜੰਗ ਦੇ ਅਖੀਰ ਵਿੱਚ ਅਤੇ ਫਿਰ ਦੂਸਰੀ ਵਿਸ਼ਵ ਜੰਗ ਵਿੱਚ ਅਮਰੀਕਾ ਦੀ ਸ਼ਮੂਲੀਅਤ ਨੇ ਵਿਸ਼ਵ ਰਾਜਨੀਤੀ ਨੂੰ ਯੂਰਪ ਹੱਥੋਂ ਕੱਢ ਕੇ ਵਾਸ਼ਿੰਗਟਨ ਡੀਸੀ ਲੈ ਆਂਦਾ।

ਮੱਧ ਪੂਰਬ ਏਸ਼ੀਆ ਵਿੱਚ ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਕਾਰ ਚੱਲ ਰਹੇ ਯੁੱਧ ਦੀ ਅੱਗ ਅਜੇ ਪੂਰੀ ਤਰ੍ਹਾਂ ਠੰਢੀ ਤਾਂ ਨਹੀਂ ਹੋਈ, ਪਰ ਜਨੇਵਾ ਵਿੱਚ ਜਿਹੜਾ ਅਗਲੇ ਸੱਠ ਦਿਨਾਂ ਲਈ ਅਮਨ- ਸਮਝੌਤਾ ਹੋਇਆ ਹੈ, ਉਸ ਦਾ ਵਿਸ਼ਲੇਸ਼ਣ ਕਰਦਿਆਂ ਅਮਰੀਕਨ ਅਤੇ ਆਲਮੀ ਮੀਡੀਆ ਇਹ ਸਵਾਲ ਪੁੱਛ ਰਿਹਾ ਹੈ ਕਿ ਇਸ ਯੁੱਧ ਦਾ ਮੰਤਵ ਕੀ ਸੀ ? ਅਤੇ ਸਮਝੌਤੇ ਵਿੱਚ ਪ੍ਰਾਪਤੀ ਕੀ ਹੋਈ ਹੈ ? ਸ਼ੁਰੂ ਵਿੱਚ ਅਮਰੀਕ-ਇਜ਼ਰਾਈਲ ਜੋੜੀ ਨੇ ਇਹ ਪ੍ਰਚਾਰਿਆ ਕਿ ਇਰਾਨ ਵਿਚਲੀ ਸੱਤਾ ਤਬਦੀਲੀ ਹੀ ਲੜਾਈ ਦਾ ਉਦੇਸ਼ ਹੈ ਕਿਉਂਕਿ ਇਰਾਨ ਦੇ ਲੋਕ ਇਸ ਨਿਜ਼ਾਮ ਤੋਂ ਤੰਗ ਹਨ। ਪਹਿਲੇ ਹੱਲੇ ਜਦੋਂ ਇਰਾਨ ਦੀ ਪੂਰੀ ਦੀ ਪੂਰੀ ਲੀਡਰਸ਼ਿਪ ਮਾਰੀ ਗਈ ਤਾਂ ਹਮਲਾਵਰ ਧਿਰ ਇਹ ਸੋਚਦੀ ਸੀ ਕਿ ਇਰਾਨੀ ਲੋਕ ਸੜਕਾਂ ’ਤੇ ਆ ਜਾਣਗੇ ਅਤੇ ਪਰੋ- ਅਮਰੀਕਾ ਪਿੱਠੂ ਸਰਕਾਰ ਬਣਾ ਕੇ ਇਰਾਨ ਦੇ ਕੁਦਰਤੀ ਸਰੋਤਾਂ ਅਤੇ ਤੇਲ ਭੰਡਾਰਾਂ ’ਤੇ ਕਬਜ਼ਾ ਕਰ ਲਿਆ ਜਾਵੇਗਾ। ਟਰੰਪ ਸਰਕਾਰ ਦਾ ਇਸ ਗੱਲੋਂ ਹੌਸਲਾ ਥੋੜ੍ਹਾ ਜ਼ਿਆਦਾ ਹੀ ਉੱਚਾ ਸੀ ਕਿਉਂਕਿ ਹੁਣੇ ਵੈਨੇਜ਼ੁਏਲਾ ਦੇ ਪ੍ਰਧਾਨ ਨੂੰ ਸਰਕਾਰੀ ਘਰੋਂ ਰਾਤ ਨੂੰ ਚੁੱਕ ਕੇ ਹੱਥਕੜੀਆਂ ਵਿੱਚ ਅਮਰੀਕਾ ਲੈ ਆਏ ਸਨ। ਕਿਸੇ ਦੇਸ਼ ਦੇ ਮੁਖੀ ਨੂੰ ਇਸ ਢੰਗ ਨਾਲ ਗ੍ਰਿਫ਼ਤਾਰ ਕਰਨ ਵਾਲੀ ਇਹ ਪਹਿਲੀ ਉਦਾਹਰਨ ਸੀ। ਅਮਰੀਕਨ ਯੁੱਧ ਨੀਤੀ ਘਾੜੇ ਭੁੱਲ ਗਏ ਸੀ ਕਿ ਇਰਾਨ ਇੱਕ ਪੁਰਾਤਨ ਅਤੇ ਸੱਭਿਅਕ ਦੇਸ਼ ਹੈ ਜਿੱਥੇ ਲੋਕ ਆਪਣੀ ਸਰਜ਼ਮੀਂ ਨਾਲ ਨੇੜਿਓਂ ਜੁੜੇ ਹੋਏ ਹਨ। ਇਰਾਨੀ ਲੋਕਾਂ ਦੀ ਇਕਜੁੱਟਤਾ ਅਤੇ ਨੇਤਾਵਾਂ ਦੀ ਸਿਆਸੀ ਸੂਝਬੂਝ ਕਾਰਨ ਸਰਕਾਰ ਦੇ ਵਿਰੋਧੀ ਵੀ ਉਨ੍ਹਾਂ ਦੀ ਪਿੱਠ ’ਤੇ ਆ ਗਏ। ਜਨੇਵਾ ਸਮਝੌਤੇ ਦੇ ਚੌਦਾਂ ਨੁਕਤਿਆਂ ’ਤੇ ਜੇ ਝਾਤ ਮਾਰੀ ਜਾਵੇ ਤਾਂ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਖਰਬਾਂ ਡਾਲਰ ਖ਼ਰਚ ਕੇ ਜੇ ਅਮਰੀਕਨ ਫੌਜਾਂ ਦੀ ਇਹੋ ਪ੍ਰਾਪਤੀ ਹੈ ਤਾਂ ਇਸ ਵਿੱਚ ਜਿੱਤ ਇਰਾਨ ਦੀ ਹੈ। ਸਗੋਂ ਖਾੜੀ ਦੇਸ਼ ਜਿਹੜੇ ਅਮਰੀਕਨ ਫੌਜੀ ਛਤਰੀ ਥੱਲੇ ਸੁਰੱਖਿਅਤ ਮਹਿਸੂਸ ਕਰਦੇ ਸਨ, ਉਹ ਵੀ ਇਰਾਨੀ ਡਰੋਨਾਂ ਅਤੇ ਮਿਜ਼ਾਈਲ ਦਾ ਸ਼ਿਕਾਰ ਬਣੇ। ਇਰਾਨੀ ਲੀਡਰਸ਼ਿਪ ਦੀ ਸ਼ਹਾਦਤ ਨਾਲ ਦੇਸ਼ ਵਿੱਚ ਰਾਸ਼ਟਰੀ ਉਤਸ਼ਾਹ ਚਰਮਸ਼ੀਮਾ ’ਤੇ ਪਹੁੰਚ ਗਿਆ ਸੀ।

ਅਕਤੂਬਰ 2023 ਵਿੱਚ ਜਦੋਂ ਹਮਾਸ ਸੰਗਠਨ ਦੇ ਕੁਝ ਅਤਿਵਾਦੀਆਂ ਨੇ ਸਰਹੱਦ ਉੱਪਰ ਛੁੱਟੀਆਂ ਮਨਾਉਂਦੇ ਇਜ਼ਰਾਈਲ ਦੇ ਸੈਲਾਨੀਆਂ ਨੂੰ ਮਾਰ ਦਿੱਤਾ ਸੀ ਤਾਂ ਪਿਛਲੇ ਤਿੰਨ ਸਾਲਾਂ ਵਿੱਚ 80000 ਫਲਸਤੀਨੀਆਂ ਨੂੰ ਮਾਰਨਾ ਅਤੇ ਗਾਜ਼ਾ ਪੱਟੀ ਨੂੰ ਢਹਿ ਢੇਰੀ ਕਰਨਾ, ਲਿਬਨਾਨ ਵਿਚਲੇ ਹਿਜਬੁੱਲਾ ਸੰਗਠਨ ਦਾ ਖੁਰਾ-ਖੋਜ ਮਿਟਾਉਣ ਵਿਚਲੀ ਮੁਹਿੰਮ ਵਿੱਚ ਹੀ ਇਰਾਨ ਨੂੰ ਸਬਕ ਸਿਖਾਉਣ ਦੀ ਸਿਆਸਤ ਇਜ਼ਰਾਈਲ ਦੇ ਮੁਖੀ ਨੇਤਨਯਾਹੂ ਦੀ ਸੀ। ਇਰਾਨ ਨਾਲ ਹੋਏ ਯੁੱਧ ਨਾਲ ਖਾੜੀ ਦੇਸ਼ ਵੀ ਆਪਣੀ ਸੁਰੱਖਿਆ ਸਬੰਧੀ ਚੌਕਸ ਹੋ ਗਏ ਹਨ। ਉਹ ਸਮਝ ਗਏ ਹਨ ਕਿ ਮੱਧ ਪੂਰਬ ਵਿੱਚ ਜੇਕਰ ਸੁਰੱਖਿਆ ਯਕੀਨੀ ਬਣਾਉਣੀ ਹੈ ਤਾਂ ਇਰਾਨ ਸਮੇਤ ਖਾੜੀ ਦੇਸ਼ਾਂ ਦਾ ਨਾਟੋ ਪੈਟਰਨ ’ਤੇ ਇੱਕ ਨਵਾਂ ਸੰਗਠਨ ਬਣਾਉਣ ਨਾਲ ਹੀ ਇਹ ਸੁਰੱਖਿਆ ਪੁਖਤਾ ਹੋ ਸਕੇਗੀ। ਜਨੇਵਾ ਵਿੱਚ ਚੌਦਾਂ ਨੁਕਾਤੀ ਸਮਝੌਤੇ ਉਤੇ ਦਸਤਖ਼ਤ ਕਰਨ ਉਪਰੰਤ ਇਰਾਨੀ ਵਫ਼ਦ ਵੱਲੋਂ ਅਮਰੀਕਨਾਂ ਨਾਲ ਹੱਥ ਮਿਲਾਉਣ ਅਤੇ ਫੋਟੋ ਖਿਚਵਾਉਣ ਤੋਂ ਇਨਕਾਰ ਦਾ ਕੀ ਅਰਥ ਕੱਢਿਆ ਜਾ ਸਕਦਾ ਹੈ।

ਸੁਪਰ ਅਰਥਵਿਵਸਥਾ ਹੋਣ ਦੇ ਬਾਵਜੂਦ ਵਿਸ਼ਵ ਰਾਜਨੀਤੀ ਵਿੱਚ ਅਮਰੀਕਾ ਦਾ ਸੁੰਗੜਦਾ ਰੋਲ ਪਿਛਲੇ ਕਈ ਦਹਾਕਿਆਂ ਤੋਂ ਨਜ਼ਰ ਆ ਰਿਹਾ ਹੈ। ਅੰਤਰਰਾਸ਼ਟਰੀ ਮਾਮਲਿਆਂ ਦੇ ਮਾਹਿਰ ਬ੍ਰਿਟਿਸ਼ ਲੇਖਕ ਪੌਲ ਕੈਨੇਡੀ ਨੇ ਆਪਣੀ ਕਿਤਾਬ ‘ਦਿ ਰਾਈਜ਼ ਐਂਡ ਫਾਲ ਆਫ ਗ੍ਰੇਟ ਪਾਵਰਜ਼ 1987’ ਵਿੱਚ ਅਮਰੀਕਾ ਦੀ ਢਲ ਰਹੀ ਸ਼ਕਤੀ ਦਾ ਜ਼ਿਕਰ ਕਰਦਿਆਂ ਦਲੀਲ ਦਿੱਤੀ ਸੀ ਕਿ ਅਮਰੀਕਨ ਸਿਆਸਤਦਾਨਾਂ ਨੂੰ ਰਾਸ਼ਟਰ ਦੀ ਵਚਨਵੱਧਤਾ ਅਤੇ ਇਸ ਦੀ ਅਸਲ ਸ਼ਕਤੀ ਨੂੰ ਸੁਚਾਰੂ ਢੰਗ ਨਾਲ ਸੰਤੁਲਿਤ ਕਰਨ ਲਈ ਇਸ ਗਿਰਾਵਟ ਦਾ ਪ੍ਰਬੰਧਨ ਕਰਨਾ ਚਾਹੀਦਾ ਹੈ। ਇਸੇ ਲਿਖਤ ਵਿੱਚ ਉਸ ਨੇ ਚੀਨ ਦੇ ਆਰਥਿਕ ਵਿਕਾਸ ਦੇ ਫੋਕਸ ਦਾ ਜ਼ਿਕਰ ਕਰਦਿਆਂ ਪੇਸ਼ੀਨਗੋਈ ਕੀਤੀ ਸੀ ਕਿ ਥੋੜ੍ਹੇ ਸਮੇਂ ਵਿੱਚ ਹੀ ਚੀਨ ਵਿਸ਼ਵ ਤਾਕਤ ਵਜੋਂ ਉੱਭਰੇਗਾ।

ਅਮਰੀਕਾ ਦੇ ਬੇਤਹਾਸ਼ਾ ਫੌਜੀ ਖ਼ਰਚੇ ਨੇ ਸਾਧਾਰਨ ਮਿਡਲ ਕਲਾਸ ਅਮਰੀਕਨਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ। ਸ਼ਹਿਰੀਆਂ ਦੀ ਆਮਦਨ ਦੇ ਵਾਧੇ ਵਿੱਚ ਐਨਾ ਪਾੜਾ ਹੈ ਕਿ ਆਮ ਨਾਗਰਿਕ ਸਾਰੀ ਉਮਰ ਰੋਜ਼ੀ-ਰੋਟੀ ਦਾ ਜੁਗਾੜ ਹੀ ਕਰਦਾ ਰਹਿੰਦਾ ਹੈ ਜਦੋਂ ਕਿ ਕਾਰਪੋਰੇਟ ਹੋਰ ਅਮੀਰ ਹੋ ਰਿਹਾ ਹੈ। ਪਿਛਲੇ ਦਹਾਕੇ ਵਿੱਚ ਆਮ ਸ਼ਹਿਰੀਆਂ ਦੀ ਆਮਦਨ ਵਿੱਚ 6% ਵਾਧਾ ਹੋਇਆ ਜਦੋਂ ਕਿ ਅਰਬਪਤੀਆਂ ਦੀ ਸੰਪਤੀ 36% ਵਧੀ ਹੈ। ਲਗਾਤਾਰ ਵਧ ਰਿਹਾ ਆਰਥਿਕ ਪਾੜਾ ਉਸ ਅਮਰੀਕਨ ਸੁਪਨੇ ’ਤੇ ਪੋਚਾ ਫੇਰ ਰਿਹਾ ਹੈ ਜਿਹੜਾ ‘ਲੌਗ ਕੈਬਿਨ ਟੂ ਵ੍ਹਾਈਟ ਹਾਊਸ’ ਵਾਲਾ ਸੀ। ਅਮਰੀਕਨ ਸਮਾਜਿਕ ਵਿਵਸਥਾ ਵੱਡੀ ਬੇਚੈਨੀ ’ਚੋਂ ਗੁਜ਼ਰ ਰਹੀ ਹੈ। ਵਧਦੀਆਂ ਹਿੰਸਕ ਘਟਨਾਵਾਂ ਨੇ ‘ਨਵੀਂ ਦੁਨੀਆ’ ਦੇ ਅਕਸ ਨੂੰ ਸੱਟ ਮਾਰੀ ਹੈ। ਅਮਰੀਕਨ ਫਿਲਾਸਫਰ ਅਤੇ ਲੇਖਕ ਐਲਨ ਬਲੂਮ ਅਤੇ ਰਸਲ ਜੈਕਬੀ ਅਮਰੀਕਨ ਸੰਸਕ੍ਰਿਤੀ ਅਤੇ ਜੀਵਨਸ਼ੈਲੀ ਪਤਨ ਵੱਲ ਵਧ ਰਹੀ ਸਮਝਦੇ ਹਨ।

ਇੱਕ ਹੋਰ ਅਮਰੀਕਨ ਸਿਆਸਤਦਾਨ ਜਿਹੜੇ ਖ਼ੁਦ ਦੇਸ਼ ਦੇ ਸਿੱਖਿਆ ਸਕੱਤਰ ਰਹੇ ਹਨ, ਕਹਿੰਦੇ ਹਨ ਕਿ ਅਮਰੀਕਾ ਦਾ ਸੱਭਿਆਚਾਰਕ ਪਤਨ ਜਨਤਾ ਦੇ ਰਵੱਈਏ ਅਤੇ ਵਿਸ਼ਵਾਸਾਂ ਵਿੱਚ ਇੱਕ ਤਬਦੀਲੀ ਦਾ ਸੰਕੇਤ ਦੇ ਰਿਹਾ ਹੈ। ਸਾਲ 1993 ਵਿੱਚ ਪ੍ਰਕਾਸ਼ਿਤ ‘ਲੀਡਿੰਗ ਕਲਚਰਲ ਇੰਡੀਕੇਟਰਜ਼’ ਦੇ ਸੂਚਕਾਂਕ ਦੇ ਅਨੁਸਾਰ ਆਧੁਨਿਕ ਅਮਰੀਕੀ ਸਮਾਜ ਦੀਆਂ ਨੈਤਿਕ, ਸਮਾਜਿਕ ਅਤੇ ਵਿਵਹਾਰਕ ਪ੍ਰਸਥਿਤੀਆਂ ਤੀਹ ਸਾਲ ਪਹਿਲਾਂ ਦੇ ਮੁਕਾਬਲੇ ਨਿਘਾਰ ਵਿੱਚ ਸਨ। ਸੂਚਕਾਂਕ ਨੇ ਦਿਖਾਇਆ ਕਿ ਅਪਰਾਧਾਂ ਵਿੱਚ ਛੇ ਗੁਣਾ ਵਾਧਾ ਹੋਇਆ ਹੈ। ਪੰਜ ਗੁਣਾ ਤਲਾਕ ਦੀ ਦਰ, ਛੇ ਗੁਣਾ ਘਰਾਂ ਵਿੱਚ ਮਾਪਿਆਂ ਦੀ ਇਕੱਲਤਾ ਅਤੇ ਇਨ੍ਹਾਂ ਤੀਹ ਸਾਲਾਂ ਦੌਰਾਨ ਕਿਸ਼ੋਰਾਂ ਦੀ ਆਤਮ ਹੱਤਿਆਵਾਂ ਦੀ ਦਰ ਵੀ ਤਿੰਨ ਗੁਣਾ ਵਧੀ ਹੈ। ਡੇਵਿਡ ਲਿਓਨਹਾਰਟ ਲਿਖਦਾ ਹੈ ਕਿ ਸੰਯੁਕਤ ਰਾਜ ਵਿੱਚ ਆਮਦਨੀ, ਦੌਲਤ ਅਤੇ ਚੰਗੇ ਜੀਵਨ ਦੀਆਂ ਸੰਭਾਵਨਾਵਾਂ ਵੱਡੀ ਆਬਾਦੀ ਲਈ ਰੁਕ ਗਈਆਂ ਹਨ। ਇੱਕ ਗੁੱਸੇ ਵਾਲੀ ਰਾਸ਼ਟਰੀ ਮਨੋਦਸ਼ਾ ਰਾਜਨੀਤਕ ਫੁੱਟ ਨੂੰ ਵਧਾ ਰਹੀ ਹੈ।

ਰੂਸ ਵਿੱਚ ਅਮਰੀਕਾ ਦੇ ਸਾਬਕਾ ਰਾਜਦੂਤ ਮਾਈਕਲ ਮੈਕਫੌਲ ਨੇ 2021 ਵਿੱਚ ਕਿਹਾ ਸੀ ਕਿ ਸੰਯੁਕਤ ਰਾਜ ਲੋਕਤੰਤਰੀ ਗਿਰਾਵਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਅੱਗੋਂ ਰਾਸ਼ਟਰੀ ਸੁਰੱਖਿਆ ਕਮਜ਼ੋਰ ਹੋ ਰਹੀ ਹੈ। ਅਮਰੀਕਨ ਅਰਥਸ਼ਾਸਤਰੀ ਦਾ ਵਿਚਾਰ ਹੈ ਕਿ ਵਿਸ਼ਵ ਅਰਥਵਿਵਸਥਾ ਵਿੱਚ ਅਮਰੀਕਾ ਦਾ ਹਿੱਸਾ ਲਗਾਤਾਰ ਡਿੱਗ ਰਿਹਾ ਹੈ। ਸਾਲ 1980 ਵਿੱਚ ਅਮਰੀਕਾ ਦਾ ਹਿੱਸਾ 24.6% ਸੀ ਜਿਹੜਾ 2011 ਵਿੱਚ ਘਟ ਕੇ 19.1% ਰਹਿ ਗਿਆ। ਵਸੋਂ ਵਿੱਚ ਆਮਦਨ ਅਸਮਾਨਤਾ ਲਗਾਤਾਰ ਵਧ ਰਹੀ ਹੈ। 1980 ਦੇ ਦਹਾਕੇ ਤੋਂ ਲਗਾਤਾਰ ਜੀਵਨ ਦੀ ਉਮਰ ਸਾਥੀ ਦੇਸ਼ਾਂ ਨਾਲੋਂ ਪਿੱਛੇ ਰਹਿ ਰਹੀ ਹੈ। ਸਾਲ 2025 ਦੇ ਇੱਕ ਅਧਿਐਨ ਮੁਤਾਬਕ ਸੰਯੁਕਤ ਰਾਜ ਵਿੱਚ 1980 ਅਤੇ 2023 ਵਿਚਕਾਰ ਡੇਢ ਕਰੋੜ ਵਾਧੂ ਮੌਤਾ ਹੋਈਆਂ ਜਿਸ ਲਈ ਮਾੜਾ ਜਿਊਣ ਢੰਗ ਜ਼ਿੰਮੇਵਾਰ ਹੈ।

ਅਮਰੀਕਾ ਦੀ 30 ਟ੍ਰੀਲੀਅਨ ਅਰਥਵਿਵਸਥਾ ਦੇ ਦੂਸਰੇ ਨੰਬਰ ਤੇ ਚੀਨ 20 ਟ੍ਰੀਲੀਅਨ ’ਤੇ ਹੈ। ਕੇਵਲ ਸੱਤ ਦਹਾਕੇ ਪਹਿਲਾਂ ਸ਼ੁਰੂ ਕੀਤੀ ਚੀਨੀ ਆਰਥਿਕਤਾ ਦੋ ਦਹਾਕਿਆਂ ਵਿੱਚ ਸੰਯੁਕਤ ਰਾਜ ਦੇ ਬਰਾਬਰ ਖੜ੍ਹੀ ਹੋਵੇਗੀ। ਚੀਨ ਆਪਣੀ ਪੂੰਜੀ ਅਤੇ ਸਮੇਂ ਨੂੰ ਖਾਹ-ਮਖਾਹ ਨਸ਼ਟ ਨਹੀਂ ਕਰ ਰਿਹਾ। ਮੱਧ ਏਸ਼ੀਆ, ਅਫ਼ਰੀਕਾ ਅਤੇ ਦੱਖਣੀ ਅਮਰੀਕਾ ਦੇ ਬਹੁਤ ਸਾਰੇ ਖੇਤਰਾਂ ਵਿੱਚ ਬਹੁਤ ਨਿਵੇਸ਼ ਕਰਕੇ ਉੱਥੋਂ ਦੇ ਜਨ ਜੀਵਨ ਨੂੰ ਵੀ ਸੰਵਾਰ ਰਿਹਾ ਹੈ। ਚੀਨ ਦੇ ਮੁਖੀ ਜਿਨਪਿੰਗ ਨੇ 2020 ਦੇ ਅਕਤੂਬਰ ਦੇ ਇੱਕ ਭਾਸ਼ਣ ਵਿੱਚ ਕਿਹਾ ਸੀ ਕਿ ਪੂਰਬ ਵਧ ਰਿਹਾ ਹੈ ਅਤੇ ਪੱਛਮ ਘਟ ਰਿਹਾ ਹੈ। ਅੱਜ ਦੇ ਸੰਸਾਰ ਵਿੱਚ ਅਰਾਜਕਤਾ ਦਾ ਸਭ ਤੋਂ ਵੱਡਾ ਸਰੋਤ ਅਮਰੀਕਾ ਹੈ। ਹਾਲਾਂਕਿ ਉਸ ਨੇ ਨਾਲ ਹੀ ਇਹ ਵੀ ਕਿਹਾ ਸੀ ਕਿ ਚੀਨ ਦੇ ਉਭਾਰ ਦੇ ਬਾਵਜੂਦ ਅਜੇ ਵੀ ਪੱਛਮ ਮਜ਼ਬੂਤ ਹੈ।

ਸਾਲ 2019 ਵਿੱਚ ਪਿਊ ਰੀਸਰਚ ਸੈਂਟਰ ਦੁਆਰਾ ਕੀਤੇ ਇੱਕ ਜਨਤਕ ਸਰਵੇਖਣ ਵਿੱਚ ਜ਼ਿਆਦਾਤਰ ਅਮਰੀਕਨਾਂ ਨੇ 2050 ਤੱਕ ਅਮਰੀਕਾ ਦੀ ਅਰਥ ਵਿਵਸਥਾ ਕਮਜ਼ੋਰ ਹੋਣ ਦੀ ਭਵਿੱਖਬਾਣੀ ਕੀਤੀ ਸੀ। ਸਰਵੇ ਵਿੱਚ ਬਹੁਤ ਲੋਕਾਂ ਨੇ ਸੋਚਿਆ ਕਿ ਦੇਸ਼ ’ਤੇ ਰਾਸ਼ਟਰੀ ਕਰਜ਼ਾ ਵਧ ਰਿਹਾ ਹੈ ਅਤੇ ਅਮੀਰ ਤੇ ਗ਼ਰੀਬ ਦਾ ਪਾੜਾ ਵੀ ਵਧ ਰਿਹਾ ਹੈ।

ਦੁਨੀਆ ਦੇ ਵੱਖ ਵੱਖ ਖਿੱਤਿਆਂ ਵਿੱਚ ਫੌਜੀ ਕਸਮਕਸ਼ ਅਤੇ ਗੈਰ ਜ਼ਰੂਰੀ ਲੜਾਈਆਂ ਨੇ ਅਮਰੀਕਨ ਜ਼ਿੰਦਗੀ ਦੇ ਹਰ ਪਹਿਲੂ ਨੂੰ ਪ੍ਰਭਾਵਿਤ ਕੀਤਾ ਹੈ। ਸਾਧਾਰਨ ਅਮਰੀਕਨ ਇਨ੍ਹਾਂ ਯੁੱਧਾਂ ਤੋਂ ਅੱਕੇ ਹੋਣ ਕਰਕੇ ਹੀ ਹੋਰਮੁਜ਼ ਖਾੜੀ ਦੀ ਜੰਗ ਦੇ ਵਿਰੋਧ ਵਿੱਚ ਥਾਂ ਥਾਂ ਪ੍ਰਦਰਸ਼ਨ ਕਰਦੇ ਰਹੇ। ਸੰਯੁਕਤ ਰਾਜ ਲਈ ਇਰਾਨ ਸੰਕਟ ਇੱਕ ਸਬਕ ਲੈ ਕੇ ਵੀ ਆਇਆ ਹੈ। ਟੈਕਸ ਦਾਤਿਆਂ ਦੀ ਆਮਦਨ ਹਥਿਆਰਾਂ ਅਤੇ ਯੁੱਧਾਂ ’ਤੇ ਵਹਾਉਣ ਨਾਲੋਂ ਸਾਧਾਰਨ ਅਤੇ ਮੱਧ ਵਰਗ ਅਮਰੀਕਨਾਂ ਦੀ ਜ਼ਿੰਦਗੀ ਸੁਧਾਰਨ ’ਤੇ ਲਾਈ ਜਾਵੇ। ਨਹੀਂ ਤਾਂ ਇਤਿਹਾਸਕ ਸਾਮਰਾਜਾਂ ਦੇ ਪਤਨ ਦੀ ਤਰਜ਼ ’ਤੇ ਢਾਈ ਸੌ ਸਾਲ ਕਿਤੇ ਅਮਰੀਕਨ ਸਮਾਜ ਲਈ ਮਨਹੂਸ ਸਾਬਤ ਨਾ ਹੋਣ। ਬ੍ਰਿਟਿਸ਼ ਇਤਿਹਾਸਕਾਰ ਜੌਨ ਗਲਬ ਨੇ 1967 ਵਿੱਚ ਆਪਣੇ ਖੋਜ ਪੱਤਰ ‘ਦਿ ਫੇਟ ਆਫ ਐਮਪਾਇਰਜ਼’ ਵਿੱਚ ਇਹ ਸਿੱਟਾ ਕੱਢਿਆ ਕਿ ਰੋਮਨਾ ਤੋਂ ਲੈ ਕੇ ਬ੍ਰਿਟਿਸ਼ ਸਾਮਰਾਜ ਤੱਕ ਕੋਈ ਵੀ ਢਾਈ ਸਦੀਆਂ ਤੋਂ ਵੱਧ ਆਪਣਾ ਦਬਦਬਾ ਨਹੀਂ ਰੱਖ ਸਕਿਆ। ਕੀ ਅਮਰੀਕਨ ਚੌਧਰ ਦੇ ਘਟ ਰਹੇ ਤਪ-ਤੇਜ ਵੱਲ ਵੀ ਇਹ ਖੋਜ ਸੰਕੇਤ ਕਰਦੀ ਹੈ ? ਅਮਰੀਕਾ ਦਾ ਸੂਰਜ ਜੇ ਡੁੱਬ ਨਾ ਵੀ ਰਿਹਾ ਹੋਵੇ, ਪਰ ਢਲ ਜ਼ਰੂਰ ਰਿਹਾ ਹੈ।

Advertisement
×