ਇਸਲਾਮਾਬਾਦ ’ਚ ਮੰਦਿਰ: ਵਿਰੋਧ ਵੀ, ਹਮਾਇਤ ਵੀ...

ਇਸਲਾਮਾਬਾਦ ’ਚ ਮੰਦਿਰ: ਵਿਰੋਧ ਵੀ, ਹਮਾਇਤ ਵੀ...

ਵਾਹਗਿਓਂ ਪਾਰ

ਕੌਮੀ ਰਾਜਧਾਨੀ ਇਸਲਾਮਾਬਾਦ ਵਿਚ ਮੰਦਿਰ ਦੀ ਉਸਾਰੀ ਦਾ ਮਸਲਾ ਅਜੇ ਵੀ ਭਖਿਆ ਹੋਇਆ ਹੈ। ਪਿਛਲੇ ਮਹੀਨੇ ਸ੍ਰੀ ਕ੍ਰਿਸ਼ਨ ਮੰਦਰ ਦਾ ਨੀਂਹ ਪੱਥਰ ਰੱਖੇ ਜਾਣ ਤੋਂ ਬਾਅਦ ਮੰਦਿਰ ਦੀ ਉਸਾਰੀ ਦੇ ਮਾਮਲੇ ਵਿਚ ਕੋਈ ਪ੍ਰਗਤੀ ਨਹੀਂ ਹੋਈ। ਮੰਦਰ ਲਈ ਅਲਾਟਸ਼ੁਦਾ ਅੱਧੇ ਏਕੜ ਦੇ ਪਲਾਟ ਉੱਤੇ ਇਸਲਾਮੀ ਕੱਟੜਪੰਥੀ ਡੇਰਾ ਲਾਈ ਬੈਠੇ ਹਨ। ਕੱਟੜਪੰਥੀਆਂ ਦੇ ਟਕਰਾਅਵਾਦੀ ਤੇਵਰਾਂ ਦੇ ਬਾਵਜੂਦ ਪਾਕਿਸਤਾਨ ਉਲੇਮਾ ਕੌਂਸਲ (ਪੀ.ਯੂ.ਸੀ.) ਨੇ ਇਸ ਮੰਦਿਰ ਦੀ ਉਸਾਰੀ ਦੀ ਹਮਾਇਤ ਕੀਤੀ ਹੈ। ਪੀ.ਯੂ.ਸੀ. ਦੇ ਮੁਖੀ ਹਾਫ਼ਿਜ਼ ਮੁਹੰਮਦ ਤਾਹਿਰ ਮਹਿਮੂਦ ਅਸ਼ਰਫ਼ੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਾਕਿਸਤਾਨ ਦੇ ਆਈਨ (ਸੰਵਿਧਾਨ) ਵਿਚ ਮੁਸਲਮਾਨਾਂ ਤੇ ਗ਼ੈਰ-ਮੁਸਲਮਾਨਾਂ ਦੇ ਹਕੂਕ ਦੀ ਸਪਸ਼ਟ ਨਿਸ਼ਾਨਦੇਹੀ ਕੀਤੀ ਗਈ ਹੈ। ਆਈਨ ਮੁਤਾਬਿਕ ਹਰ ਮਜ਼ਹਬ ਦੇ ਮੁਰੀਦਾਂ ਨੂੰ ਆਪਣੀ ਇਬਾਦਤਗਾਹ ਉਸਾਰਨ ਦਾ ਹੱਕ ਦਿੱਤਾ ਗਿਆ ਹੈ। ਇਸੇ ਹੱਕ ਦੀ ਇਸਲਾਮੀ ਸ਼ਰ੍ਹਾ ਵਿਚ ਵੀ ਤਾਈਦ ਕੀਤੀ ਗਈ ਹੈ। ਲਿਹਾਜ਼ਾ, ਮੰਦਰ ਦੀ ਉਸਾਰੀ ਦਾ ਵਿਰੋਧ ਕਰਨ ਵਾਲੇ ਸ਼ਰ੍ਹੀਆ ਦੀ ਗ਼ਲਤ ਵਿਆਖਿਆ ਕਰ ਰਹੇ ਹਨ। ਉਨ੍ਹਾਂ ਨੂੰ ਪਾਕਿਸਤਾਨੀ ਹਿੰਦੂਆਂ ਦੀਆਂ ਭਾਵਨਾਵਾਂ ਸਮਝਣੀਆਂ ਚਾਹੀਦੀਆਂ ਹਨ ਅਤੇ ਮੰਦਿਰ ਵਾਲੀ ਥਾਂ ਤੋਂ ਆਪਣਾ ਧਰਨਾ ਚੁੱਕ ਲੈਣਾ ਚਾਹੀਦਾ ਹੈ।

ਰੋਜ਼ਨਾਮਾ ‘ਡਾਅਨ’ ਦੀ ਰਿਪੋਰਟ ਮੁਤਾਬਿਕ ਇਸਲਾਮਾਬਾਦ ਵਿਚ ਪਹਿਲੇ ਹਿੰਦੂ ਮੰਦਿਰ ਦੀ ਉਸਾਰੀ ਲਈ ਅੱਧੇ ਏਕੜ ਦਾ ਪਲਾਟ ਸਾਲ 2018 ਵਿਚ ਤਤਕਾਲੀ ਪੀ.ਐੱਮ.ਐੱਲ- ਐੱਨ. ਸਰਕਾਰ ਨੇ ਅਲਾਟ ਕੀਤਾ ਸੀ। ਉਦੋਂ ਵੀ ਇਸ ਅਲਾਟਮੈਂਟ ਦਾ ਵਿਰੋਧ ਹੋਇਆ ਸੀ। ਵਿਰੋਧ ਦੇ ਬਾਵਜੂਦ ਤਤਕਾਲੀ ਵਜ਼ੀਰੇ ਆਜ਼ਮ ਸ਼ਾਹਿਦ ਖ਼ਾਕਿਨ ਅੱਬਾਸੀ ਦੀ ਸਰਕਾਰ ਨੇ ਫੈ਼ਸਲਾ ਬਦਲਣਾ ਵਾਜਬ ਨਹੀਂ ਸੀ ਸਮਝਿਆ।  2018 ਦੇ ਅੰਤ ਵਿਚ ਚੋਣਾਂ ਮਗਰੋਂ ਜਦੋਂ ਇਮਰਾਨ ਖ਼ਾਨ ਦੀ ਅਗਵਾਈ ਹੇਠ ਪੀ.ਟੀ.ਆਈ. (ਤਹਿਰੀਕ-ਇ-ਇਨਸਾਫ਼) ਸਰਕਾਰ ਵਜੂਦ ਵਿਚ ਆਈ ਤਾਂ ਇਸ ਨੇ ਵੀ ਪਲਾਟ ਦੀ ਅਲਾਟਮੈਂਟ ਬਹਾਲ ਰੱਖੀ। ਪਿਛਲੇ ਮਹੀਨੇ ਸ੍ਰੀ ਕ੍ਰਿਸ਼ਨ ਮੰਦਰ ਦਾ ਨੀਂਹ ਪੱਥਰ ਰੱਖੇ ਜਾਣ ਤੋਂ ਬਾਅਦ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਇਸ ਅਮਲ ਨੂੰ ਪਾਕਿਸਤਾਨ ਅੰਦਰ ਮਜ਼ਹਬੀ ਸਹਿਣਸ਼ੀਲਤਾ ਦੀ ਉਮਦਾ ਮਿਸਾਲ ਦੱਸਿਆ ਸੀ। ਉਨ੍ਹਾਂ ਨੇ ਮੰਦਿਰ ਦੀ ਉਸਾਰੀ ਵਾਸਤੇ ਦਸ ਕਰੋੜ ਦੀ ਮਰਕਜ਼ੀ ਗਰਾਂਟ ਦਾ ਐਲਾਨ ਵੀ ਕੀਤਾ ਸੀ। ਇਸ ਐਲਾਨ ਤੋਂ ਅਗਲੇ ਹੀ ਦਿਨ ਕੱਟੜਪੰਥੀ ਜਥੇਬੰਦੀਆਂ ਨੇ ਮੰਦਿਰ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਵੱਲੋਂ ਧਰਨਿਆਂ-ਮੁਜ਼ਾਹਰਿਆਂ ਦਾ ਸਿਲਸਿਲਾ ਆਰੰਭੇ ਜਾਣ ਮਗਰੋਂ ਇਮਰਾਨ ਖ਼ਾਨ ਸਰਕਾਰ ਵੀ ਪੈਰ ਪਿਛਾਂਹ ਖਿੱਚਦੀ ਜਾਪੀ। ਹੁਣ ਉਲੇਮਾ ਕੌਂਸਲ ਦੀ ਹਮਾਇਤ ਮੰਦਿਰ ਦੀ ਉਸਾਰੀ ਵਿਚ ਕਿੰਨੀ ਕੁ ਸਾਜ਼ਗਾਰ ਸਾਬਤ ਹੁੰਦੀ ਹੈ, ਇਸ ਦਾ ਪਤਾ ਆਉਣ ਵਾਲੇ ਦਿਨਾਂ ਦੌਰਾਨ ਲੱਗੇਗਾ।

* * *

ਅਦਾਕਾਰ ਅੱਬਾਸੀ ਦਾ ਸੱਦਾ

ਉੱਘੇ ਪਾਕਿਸਤਾਨੀ ਟੀ.ਵੀ. ਅਦਾਕਾਰ ਤੇ ਨਿਰਦੇਸ਼ਕ ਹਮਜ਼ਾ ਅਲੀ ਅੱਬਾਸੀ ਨੇ ‘ਅੱਜ ਦੇ ਯੁੱਗ’ ਦੇ ਮੁਸਲਮਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਦੂਜੇ ਮਜ਼ਹਬਾਂ ਦੀਆਂ ਇਬਾਦਤਗਾਹਾਂ ਦਾ ਵਿਰੋਧ ਨਾ ਕਰਨ। ਇਸਤੰਬੁਲ (ਤੁਰਕੀ) ਦੀ ਇਤਿਹਾਸਕ ਤੇ ਵਿਰਾਸਤੀ ਇਮਾਰਤ ਹਾਗੀਆ ਸੋਫ਼ੀਆ ਨੂੰ ਮਸਜਿਦ ਵਿਚ ਬਦਲੇ ਜਾਣ ਦੇ ਤੁਰਕਿਸ਼ ਰਾਸ਼ਟਰਪਤੀ ਰਈਸਪ ਤਈਅਪ ਅਰਦੋਗਾਨ ਦੇ ਐਲਾਨ ਮਗਰੋਂ ਪਾਕਿਸਤਾਨ ਤੇ ਮੱਧ ਪੂਰਬ ਦੇ ਮੁਸਲਮਾਨਾਂ ਵੱਲੋਂ ਮਨਾਏ ਗਏ ਜਸ਼ਨਾਂ ਨੂੰ ਗ਼ਲਤ ਦੱਸਦਿਆਂ ਅੱਬਾਸੀ ਨੇ ਟਵੀਟ ਕੀਤਾ ਕਿ ਇਸਲਾਮ ਗ਼ੈਰ-ਮੁਸਲਮਾਨਾਂ ਦੇ ਮਜ਼ਹਬੀ ਹੱਕਾਂ ਤੇ ਅਕੀਦਿਆਂ ਨੂੰ ਪੂਰੀ ਮਾਨਤਾ ਦਿੰਦਾ ਹੈ। ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੇ ਰਾਜ-ਕਾਲ ਦੌਰਾਨ ਯਹੂਦੀਆਂ, ਇਸਾਈਆਂ ਤੇ ਹੋਰ ਮਜ਼ਹਬਾਂ ਦੀਆਂ ਇਬਾਦਤਗਾਹਾਂ ਨੂੰ ਪੂਰਾ ਮਾਣ-ਸਤਿਕਾਰ ਮਿਲਿਆ ਸੀ। ਲਿਹਾਜ਼ਾ, ਇਕ ਵਿਸ਼ਵ ਵਿਰਾਸਤ ਨੂੰ ਮਸਜਿਦ ਵਿਚ ਬਦਲਣਾ ਹਜ਼ਰਤ ਮੁਹੰਮਦ ਸਾਹਿਬ ਦੀਆਂ ਸਿੱਖਿਆਵਾਂ ਨਾਲ ਮੇਲ ਨਹੀਂ ਖਾਂਦਾ।

ਇਸੇ ਟਵੀਟ ਵਿਚ ਅੱਬਾਸੀ ਨੇ ਲਿਖਿਆ ਹੈ ਕਿ ਸਾਡੇ ਯੁੱਗ ਦੇ ਹੁਕਮਰਾਨਾਂ ਨਾਲੋਂ ਮੱਧਯੁਗੀ ਤੁਰਕ-ਮੰਗੋਲ ਵੱਧ ਫ਼ਰਾਖ਼ਦਿਲ ਸਨ। ਤੁਰਕਾਂ ਨੇ ਖ਼ੁਰਾਸਾਨ (ਮੌਜੂਦਾ ਅਫ਼ਗਾਨਿਸਤਾਨ) ਫ਼ਤਹਿ ਕਰਨ ਦੌਰਾਨ ਬਾਮਿਆਨ ਸਥਿਤ ਬੁੱਧ ਦੇ ਬੁੱਤਾਂ ਦੀ ਪੂਰੀ ਹਿਫ਼ਾਜ਼ਤ ਕੀਤੀ ਸੀ। ਅੱਜ ਦੇ ਮੁਸਲਮਾਨਾਂ ਨੂੰ ਉਨ੍ਹਾਂ ਦੀਆਂ ਮਿਸਾਲਾਂ ਤੇ ਅਮਲਾਂ ਤੋਂ ਸਬਕ ਸਿੱਖਣੇ ਚਾਹੀਦੇ ਹਨ ਅਤੇ ਸਾਰੇ ਮਜ਼ਹਬਾਂ ਦੀ ਕਦਰ ਕਰਨ ਦੀ ਜਾਚ ਸਿੱਖਣੀ ਚਾਹੀਦੀ ਹੈ। ਅੱਬਾਸੀ ਦੇ ਇਸ ਟਵੀਟ ਦੀ ਸ਼ਲਾਘਾ ਕਰਨ ਵਾਲਿਆਂ ਦੀ ਗਿਣਤੀ, ਨਿੰਦਾ ਕਰਨ ਵਾਲਿਆਂ ਨਾਲੋਂ ਦੁੱਗਣੀ ਦਰਜ ਕੀਤੀ ਗਈ ਹੈ। ਪਾਕਿਸਤਾਨੀ ਰੋਜ਼ਨਾਮਾ ‘ਐਕਸਪ੍ਰੈਸ ਟ੍ਰਿਬਿਊਨ’ ਅਨੁਸਾਰ ਇਹ ਰੁਝਾਨ ਆਪਣੇ ਆਪ ਵਿਚ ਸ਼ੁਭ ਸ਼ਗਨ ਹੈ।

* * *

ਪਤੰਗਬਾਜ਼ੀ ਤੇ ਕਾਨੂੰਨੀ ਪੇਚੇ

ਲਾਹੌਰ ਦੀ ਕੈਪੀਟਲ ਸਿਟੀ ਪੁਲੀਸ (ਪੁਲੀਸ ਕਮਿਸ਼ਨਰੇਟ) ਨੇ ਪਤੰਗਬਾਜ਼ੀ ਕਾਨੂੰਨ- 2001 ਵਿਚ ਕਈ ਤਰਮੀਮਾਂ ਕਰ ਕੇ ਇਸ ਨੂੰ ਵੱਧ ਸਖ਼ਤ ਬਣਾਏ ਜਾਣ ਦੀ ਸਿਫ਼ਾਰਸ਼ ਕੀਤੀ ਹੈ ਤਾਂ ਜੋ ਪਤੰਗਬਾਜ਼ੀ ਉਪਰ ਬੰਦਸ਼ਾਂ ਵੱਧ ਕਰੜਾਈ ਨਾਲ ਲਾਗੂ ਕੀਤੀਆਂ ਜਾ ਸਕਣ। ਅੰਗਰੇਜ਼ੀ ਰੋਜ਼ਨਾਮਾ ‘ਦਿ ਟਾਈਮਜ਼’ ਦੀ ਰਿਪੋਰਟ ਮੁਤਾਬਿਕ ਕੈਪੀਟਲ ਸਿਟੀ ਪੁਲੀਸ ਦੇ ਮੁਖੀ (ਸੀ.ਸੀ.ਪੀ.ਓ.) ਜ਼ੁਲਫ਼ਿਕਾਰ ਹਮੀਦ ਨੇ ਪੰਜਾਬ ਪੁਲੀਸ ਦੇ ਮੁਖੀ, ਆਈ.ਜੀ. ਸ਼ੋਏਬ ਦਸਤਗ਼ੀਰ ਨੂੰ ਲਿਖਿਆ ਹੈ ਕਿ ਪਤੰਗਬਾਜ਼ੀ ਦੇ ਨਿਯਮਾਂ ਦੀ ਅਵੱਗਿਆ ਰੋਕਣ ਵਾਸਤੇ ਡੀਆਈਜੀ ਅਸ਼ਫ਼ਾਕ ਖ਼ਾਨ ਦੀ ਅਗਵਾਈ ਵਾਲੀ ਕਮੇਟੀ ਦੇ ਸੁਝਾਵਾਂ ਨੂੰ ਕਾਨੂੰਨੀ ਰੂਪ ਦਿਵਾਇਆ ਜਾਵੇ। ਅਜਿਹਾ ਕਰਨ ਨਾਲ ਪਤੰਗਬਾਜ਼ੀ ਨਾਲ ਜੁੜੀਆਂ ਮੌਤਾਂ ਦੀ ਗਿਣਤੀ ਘਟਾਉਣ ਵਿਚ ਮਦਦ ਮਿਲੇਗੀ।

ਜ਼ੁਲਫ਼ਿਕਾਰ ਹਮੀਦ ਦੇ ਖ਼ਤ ਮੁਤਾਬਿਕ ਲਾਹੌਰ ਵਿਚ ਪਤੰਗਬਾਜ਼ੀ ਕਾਰਨ ਹੋਣ ਵਾਲੀਆਂ ਮੌਤਾਂ ਦੀ ਤਾਦਾਦ ਮੁਸਲਸਿਲ ਵਧ ਰਹੀ ਹੈ। ਸੋਸ਼ਲ ਮੀਡੀਆ ਇਸ ‘ਸਮਾਜਿਕ ਵਬਾਅ’ ਨੂੰ ਰੋਕਣ ਵਿਚ ਮਦਦਗਾਰ ਹੋਣ ਦੀ ਥਾਂ ਇਸ ਨੂੰ ਲਗਾਤਾਰ ਹੁਲਾਰਾ ਦੇ ਰਿਹਾ ਹੈ। ਸਭ ਤੋਂ ਪਹਿਲਾਂ ਐੱਫ.ਆਈ.ਏ. (ਮਰਕਜ਼ੀ ਤਫ਼ਤੀਸ਼ੀ ਏਜੰਸੀ) ਦੇ ਸਾਈਬਰ ਅਪਰਾਧ ਵਿੰਗ ਨੂੰ ਸੋਸ਼ਲ ਮੀਡੀਆ ਰਾਹੀਂ ਪਤੰਗਬਾਜ਼ੀ ਪਰੋਮੋਟ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਅਜਿਹੇ ਸਾਰੇ ਸਾਈਟ ਬਲਾਕ ਕਰ ਦੇਣੇ ਚਾਹੀਦੇ ਹਨ ਜਿਹੜੇ ਪਤੰਗਬਾਜ਼ੀ ਨੂੰ ਹੁਲਾਰਾ ਦਿੰਦੇ ਹਨ। ਇਸੇ ਤਰ੍ਹਾਂ ਮਰਕਜ਼ੀ ਸਰਕਾਰ ਨੂੰ ਦਰਖ਼ਾਸਤ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਨਾਈਲੋਨ ਧਾਗੇ ਦੀ ਤਿਆਰੀ ਜਾਂ ਚੀਨ ਤੋਂ ਦਰਾਮਦ ਉਪਰ ਪਾਬੰਦੀ ਲਾਵੇ। ਖ਼ਤ ਅਨੁਸਾਰ ਪਿਛਲੇ ਸਾਲ (2019 ਵਿਚ) ਲਾਹੌਰ ਵਿਚ ਪਤੰਗਬਾਜ਼ੀ ਹਾਦਸਿਆਂ ਵਿਚ 300 ਜਾਨਾਂ ਗਈਆਂ ਸਨ। ਇਸ ਸਾਲ ਦੀ ਪਹਿਲੀ ਛਿਮਾਹੀ ਦੌਰਾਨ ਅਜਿਹੀਆਂ ਮੌਤਾਂ ਦੀ ਗਿਣਤੀ 576 ਹੈ। ਇਹ ਘਟਨਾਵਲੀ ਨਾਕਾਬਿਲੇ-ਬਰਦਾਸ਼ਤ ਹੈ।

* * *

ਫ਼ਨਕਾਰਾਂ ਵਾਸਤੇ ਨਵਾਂ ਐਪ

ਪਾਕਿਸਤਾਨ ਵਿਚ ਕਰੋਨਾ ਸੰਕਟ ਦੌਰਾਨ ਕਲਾਕਾਰਾਂ ਤੇ ਫ਼ਨਕਾਰਾਂ ਦੀ ਫ਼ਾਕਾਕਸ਼ੀ ਤੇ ਖ਼ੁਦਕੁਸ਼ੀਆਂ ਦੀਆਂ ਖ਼ਬਰਾਂ ਦੇ ਮੱਦੇਨਜ਼ਰ ‘ਪਾਕਿਸਤਾਨ ਕੇ ਫ਼ਨਕਾਰ’ ਨਾਮੀ ਨਵਾਂ ਐਪ ਜਾਰੀ ਕੀਤਾ ਗਿਆ ਹੈ। ਇਸ ਨੂੰ ਸੂਚਨਾ ਤੇ ਸਭਿਆਚਾਰ ਮੰਤਰਾਲੇ ਨੇ ਲਾਹੌਰ ਆਰਟਸ ਕੌਂਸਲ (ਐਲ.ਏ.ਸੀ.) ਦੇ ਤਾਅਵੁੱਨ ਨਾਲ ਤਿਆਰ ਕੀਤਾ ਹੈ। ਰੋਜ਼ਨਾਮਾ ‘ਦਿ ਨੇਸ਼ਨ’ ਨੇ ਲਾਹੌਰ ਆਰਟਸ ਕੌਂਸਲ ਦੀ ਡਾਇਰੈਕਟਰ ਸਾਮਾਂ ਰਾਏ ਦੇ ਹਵਾਲੇ ਨਾਲ ਛਪੀ ਖ਼ਬਰ ਵਿਚ ਕਿਹਾ ਹੈ ਕਿ ਸੰਕਟਗ੍ਰਸਤ ਫ਼ਨਕਾਰ ਇਸ ਐਪ ਦੇ ਜ਼ਰੀਏ ਮੰਤਰਾਲੇ ਕੋਲ ਮਦਦ ਲਈ ਗੁਹਾਰ ਲਾ ਸਕਦੇ ਹਨ। ਮੰਤਰਾਲਾ ਉਨ੍ਹਾਂ ਨੂੰ ਮਾਇਕ ਇਮਦਾਦ ਵੀ ਮੁਹੱਈਆ ਕਰਵਾਏਗਾ ਅਤੇ ਕਾਉਂਸਲਿੰਗ ਵੀ ਸੰਭਵ ਬਣਾਏਗਾ। ਮੋਹਤਰਮਾ ਸਾਮਾਂ ਰਾਏ ਨੇ ਇਹ ਵੀ ਦੱਸਿਆ ਕਿ ਕੌਂਸਲ ਮੁਲਕ ਭਰ ਕੇ ਫ਼ਨਕਾਰਾਂ ਦਾ ਡੇਟਾ ਇਕੱਤਰ ਕਰ ਰਹੀ ਹੈ ਤਾਂ ਜੋ ਮਦਦ ਕਰਨ ਦੇ ਅਮਲ ਵਿਚ ਦੇਰੀ ਘਟਾਈ ਜਾ ਸਕੇ।

- ਪੰਜਾਬੀ ਟ੍ਰਿਬਿਊਨ ਫੀਚਰ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

* ਸਚਿਨ ਨੇ ਰਾਹੁਲ ਅਤੇ ਪਿ੍ਰਯੰਕਾ ਨਾਲ ਕੀਤੀ ਮੁਲਾਕਾਤ; * ਸੋਨੀਆ ਨੇ ਮਸ...

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

* ਪਟਿਆਲਾ ਪੁਲੀਸ ਨੇ ਵਾਈਪੀਐੱਸ ਚੌਕ ’ਚ ਰੋਕਿਆ ਕਿਸਾਨਾਂ ਦਾ ਮਾਰਚ * ਪ...

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਚੇਨੱਈ ਤੋਂ ਅੰਡੇਮਾਨ ਤੇ ਨਿਕੋਬਾਰ ਤੱਕ ਸਮੁੰਦਰ ਦੇ ਹੇਠੋਂ ਪਾਈ ਗਈ ਹੈ 3...

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

* ਤਾਇਵਾਨ ਦੇ ਹਵਾਈ ਲਾਂਘੇ ’ਚੋਂ ਲੜਾਕੂ ਜਹਾਜ਼ ਲੰਘਾ ਕੇ ਸ਼ਕਤੀ ਪ੍ਰਦਰਸ਼ਨ...

ਸ਼ਹਿਰ

View All