ਸਮਾਜਿਕ ਰੂੜ੍ਹੀਆਂ ਨੂੰ ਚੁਣੌਤੀ ਦੇਣ ਵਾਲੀ ਮਹਾਨ ਫ਼ਨਕਾਰ ਤੀਜਨ ਬਾਈ
ਆਪਣੇ ਤੰਬੂਰੇ ਨਾਲ ਭਾਰਤੀ ਪਰੰਪਰਾਗਤ ਸ਼ੈਲੀ ਵਿਚ ਪੰਡਵਾਨੀ ਗਾਇਕੀ ਨੂੰ ਲੋਕ ਨਾਚ ਅਤੇ ਲੋਕ ਸ਼ੈਲੀ ਰਾਹੀਂ ਅਮਰ ਕਰ ਦੇਣ ਵਾਲੀ ਮਹਾਨ ਗਾਇਕਾ ਤੀਜਨ ਬਾਈ ਹੁਣ ਸਾਡੇ ਵਿਚ ਨਹੀਂ ਰਹੀ। ਤੀਜਨ ਬਾਈ ਦੀ ਕਹਾਣੀ ਭਾਰਤ ਦੀ ਉਹ ਦਾਸਤਾਨ ਹੈ ਜਿਸ ਨੇ...
ਆਪਣੇ ਤੰਬੂਰੇ ਨਾਲ ਭਾਰਤੀ ਪਰੰਪਰਾਗਤ ਸ਼ੈਲੀ ਵਿਚ ਪੰਡਵਾਨੀ ਗਾਇਕੀ ਨੂੰ ਲੋਕ ਨਾਚ ਅਤੇ ਲੋਕ ਸ਼ੈਲੀ ਰਾਹੀਂ ਅਮਰ ਕਰ ਦੇਣ ਵਾਲੀ ਮਹਾਨ ਗਾਇਕਾ ਤੀਜਨ ਬਾਈ ਹੁਣ ਸਾਡੇ ਵਿਚ ਨਹੀਂ ਰਹੀ। ਤੀਜਨ ਬਾਈ ਦੀ ਕਹਾਣੀ ਭਾਰਤ ਦੀ ਉਹ ਦਾਸਤਾਨ ਹੈ ਜਿਸ ਨੇ ਨਿਰਾਸ਼ਾ ਅਤੇ ਸੰਘਰਸ਼ ਦੀਆਂ ਘੜੀਆਂ ਵਿਚ ਵੀ ਆਪਣੀ ਦ੍ਰਿੜ੍ਹ ਇੱਛਾ-ਸ਼ਕਤੀ ਸਦਕਾ ਇਕ ਵੱਖਰੀ ਪਛਾਣ ਬਣਾਈ। ਉਸ ਨੇ ਪੂਰੀ ਦੁਨੀਆ ਦੇ ਰੰਗਮੰਚ ਉੱਤੇ ਮਹਾਭਾਰਤ ਨੂੰ ਆਪਣੀ ਖਣਕਦੀ ਆਵਾਜ਼ ਵਿਚ ਜਿਊਂਦਾ ਕਰ ਦਿਖਾਇਆ। ਉਹ ਆਵਾਜ਼ ਹੁਣ ਕਦੇ ਸੁਣਾਈ ਨਹੀਂ ਦੇਵੇਗੀ। ਕੁੱਝ ਆਵਾਜ਼ਾਂ ਸਿਰਫ਼ ਕੰਨਾਂ ਤੱਕ ਨਹੀਂ ਪਹੁੰਚਦੀਆਂ ਸਗੋਂ ਉਹ ਪੀੜ੍ਹੀਆਂ ਦੀਆਂ ਸਮ੍ਰਿਤੀਆਂ ਵਿਚ ਘਰ ਕਰ ਲੈਂਦੀਆਂ ਹਨ। ਉਹ ਸਮੇਂ ਦੇ ਨਾਲ ਓਝਲ ਨਹੀਂ ਹੁੰਦੀਆਂ ਸਗੋਂ ਲੋਕ-ਜੀਵਨ ਦੀ ਚੇਤਨਾ ਦਾ ਅਟੁੱਟ ਹਿੱਸਾ ਬਣ ਜਾਂਦੀਆਂ ਹਨ। ਪੰਡਵਾਨੀ ਦੀ ਵਿਸ਼ਵ ਪ੍ਰਸਿੱਧ ਲੋਕ ਗਾਇਕਾ ਤੀਜਨ ਬਾਈ ਦਾ ਤੁਰ ਜਾਣਾ ਇਸੇ ਤਰ੍ਹਾਂ ਇਕ ਅਮਰ ਆਵਾਜ਼ ਦਾ ਖ਼ਾਮੋਸ਼ ਹੋ ਜਾਣਾ ਹੈ। ਇੰਝ ਲੱਗਦਾ ਹੈ ਜਿਵੇਂ ਛੱਤੀਸਗੜ੍ਹ ਦੀ ਧਰਤੀ ਉੱਤੇ ਸਦੀਆਂ ਤੋਂ ਗੂੰਜਦੀ ਮਹਾਭਾਰਤ ਦੀ ਕਥਾ ਅਚਾਨਕ ਠਹਿਰ ਗਈ ਹੋਵੇ; ਪਰ ਸੱਚ ਇਹ ਵੀ ਹੈ ਕਿ ਕਲਾਕਾਰ ਕਦੇ ਮਰਦੇ ਨਹੀਂ, ਉਹ ਆਪਣੀ ਕਲਾ ਰਾਹੀਂ ਸਦਾ ਜਿਊਂਦੇ ਰਹਿੰਦੇ ਹਨ।
ਤੀਜਨ ਬਾਈ ਆਪਣੀ ਆਵਾਜ਼, ਜੀਵੰਤ ਅਭਿਨੈ ਅਤੇ ਸੰਘਰਸ਼ਮਈ ਜੀਵਨ ਸਦਕਾ ਭਾਰਤੀ ਲੋਕ ਸਭਿਆਚਾਰ ਦੇ ਇਤਿਹਾਸ ਵਿੱਚ ਹਮੇਸ਼ਾ ਅਮਰ ਰਹੇਗੀ। ਉਸ ਦਾ ਨਾਮ ਸਿਰਫ਼ ਇੱਕ ਗਾਇਕਾ ਵਜੋਂ ਨਹੀਂ, ਸਗੋਂ ਸਮਾਜਿਕ ਰੂੜ੍ਹੀਆਂ ਨੂੰ ਚੁਣੌਤੀ ਦੇਣ ਵਾਲੀ ਇੱਕ ਬਹਾਦਰ ਔਰਤ ਵਜੋਂ ਯਾਦ ਕੀਤਾ ਜਾਵੇਗਾ। ਉਸ ਨੇ ਸਾਬਿਤ ਕੀਤਾ ਕਿ ਪ੍ਰਤਿਭਾ ਅਤੇ ਸਾਧਨਾ ਦਾ ਕੋਈ ਬਦਲ ਨਹੀਂ ਹੁੰਦਾ। ਮਹਾਭਾਰਤ ਦੇ ਪ੍ਰਸੰਗਾਂ ਰਾਹੀਂ ਭਾਰਤੀ ਹਕੀਕਤ ਨੂੰ ਪੇਸ਼ ਕਰਦੇ ਹੋਏ ਉਹ ਆਮ ਆਦਮੀ ਦਾ ਪਰਛਾਵਾਂ ਲੱਗਦੀ ਸੀ। ਦੂਰਦਰਸ਼ਨ ਲਈ ਉਸ ਦੀ ਪੰਡਵਾਨੀ ਗਾਇਕੀ ਰਿਕਾਰਡ ਕਰਨ ਦੀਆਂ ਮੇਰੀਆਂ ਯਾਦਾਂ ਅਨਮੋਲ ਹਨ। ਤੀਜਨ ਦਾ ਖੁੱਲ੍ਹਾ ਸੁਭਾਅ, ਮਲੰਗੀ ਅੰਦਾਜ਼ ਅਤੇ ਇਹ ਕਹਿਣਾ ਕਿ “ਜੀਓ ਤਾਂ ਆਪਣੇ ਢੰਗ ਨਾਲ ਜੀਓ, ਪਿੰਡ ਦੀ ਮਿੱਟੀ ਵਿਚ ਖੁੱਲ੍ਹੇ ਦਿਲ ਨਾਲ ਜੀਓ, ਇਹੀ ਅਸਲ ਜਿਊਣਾ ਹੈ” ਹਮੇਸ਼ਾ ਯਾਦ ਰਹੇਗਾ। ਤੀਜਨ ਦਾ ਜਾਣਾ ਇੱਕ ਦੁਖਦਾਈ ਘੜੀ ਹੈ।
ਛੱਤੀਸਗੜ੍ਹ ਦੇ ਪਿੰਡ ਗਨਿਆਰੀ ਵਿੱਚ ਇੱਕ ਸਾਧਾਰਨ ਪਰਿਵਾਰ ਵਿੱਚ ਜਨਮੀ ਤੀਜਨ ਦਾ ਬਚਪਨ ਬੇਹੱਦ ਤੰਗੀਆਂ-ਤੁਰਸ਼ੀਆਂ ਅਤੇ ਮਿਹਨਤ-ਮਜ਼ਦੂਰੀ ਵਿੱਚ ਬੀਤਿਆ। ਘਰ ਦੀ ਖ਼ਰਾਬ ਆਰਥਿਕ ਹਾਲਤ ਦੇ ਬਾਵਜੂਦ ਉਸ ਅੰਦਰ ਲੋਕ-ਕਲਾ ਦਾ ਬੀਜ ਪੁੰਗਰਦਾ ਰਿਹਾ। ਬਚਪਨ ਵਿੱਚ ਆਪਣੇ ਨਾਨਾ ਬ੍ਰਜਲਾਲ ਤੋਂ ਸੁਣੀਆਂ ਮਹਾਭਾਰਤ ਦੀਆਂ ਕਥਾਵਾਂ ਉਸ ਦੇ ਜੀਵਨ ਦਾ ਆਧਾਰ ਬਣੀਆਂ। ਉਮੇਦ ਸਿੰਘ ਦੇਸ਼ਮੁਖ ਦੇ ਮਾਰਗਦਰਸ਼ਨ ਸਦਕਾ ਉਸ ਨੇ ਮਹਿਜ਼ 13 ਸਾਲ ਦੀ ਉਮਰ ਵਿੱਚ ਪਹਿਲੀ ਕਾਮਯਾਬ ਸਟੇਜ ਪੇਸ਼ਕਾਰੀ ਦਿੱਤੀ ਅਤੇ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ।
ਉਸ ਦੇ ਨਾਨਾ ਜੀ ਮਹਾਭਾਰਤ ਅਤੇ ਪੰਡਵਾਨੀ ਗਾਇਆ ਕਰਦੇ ਸਨ। ਛੋਟੀ ਤੀਜਨ ਉਨ੍ਹਾਂ ਨੂੰ ਮੰਤਰ-ਮੁਗਧ ਹੋ ਕੇ ਸੁਣਦੀ ਅਤੇ ਹਰ ਪਾਤਰ ਨੂੰ ਆਪਣੇ ਅੰਦਰ ਉਤਾਰ ਲੈਂਦੀ ਸੀ। ਸ਼ਾਇਦ ਉਸ ਵੇਲੇ ਕਿਸਮਤ ਨੇ ਇਹ ਤੈਅ ਕਰ ਲਿਆ ਸੀ ਕਿ ਇਹ ਬੱਚੀ ਇੱਕ ਦਿਨ ਮਹਾਭਾਰਤ ਦੀ ਜੀਵੰਤ ਆਵਾਜ਼ ਬਣੇਗੀ। ਉਸ ਜ਼ਮਾਨੇ ਵਿਚ ਪੰਡਵਾਨੀ ਦੀ ‘ਕਾਪਾਲਿਕ ਸ਼ੈਲੀ’ (ਖੜ੍ਹੇ ਹੋ ਕੇ ਅਦਾਕਾਰੀ ਸਮੇਤ ਕਥਾ ਗਾਉਣਾ) ਲਗਪਗ ਪੂਰੀ ਤਰ੍ਹਾਂ ਮਰਦਾਂ ਦਾ ਖੇਤਰ ਮੰਨੀ ਜਾਂਦੀ ਸੀ। ਔਰਤਾਂ ਨੂੰ ਇਸ ਵਿਚ ਬਹੁਤ ਸੀਮਤ ਭੂਮਿਕਾ ਹੀ ਮਿਲਦੀ ਸੀ, ਪਰ ਤੀਜਨ ਬਾਈ ਨੇ ਹੱਥ ਵਿਚ ਤੰਬੂਰਾ ਚੁੱਕਿਆ ਅਤੇ ਮੰਚ ਉੱਤੇ ਖੜ੍ਹੇ ਹੋ ਕੇ ਭੀਮ ਦੀ ਗਰਜਨਾ, ਅਰਜੁਨ ਦੀ ਵੀਰਤਾ, ਦਰੋਪਦੀ ਦੀ ਵੇਦਨਾ ਅਤੇ ਕ੍ਰਿਸ਼ਨ ਦੀ ਨੀਤੀ ਨੂੰ ਆਪਣੀ ਆਵਾਜ਼ ਵਿਚ ਉਤਾਰਿਆ।
ਉਸ ਦੌਰ ਵਿਚ ਅਜਿਹਾ ਸਾਹਸ ਕਰਨਾ ਬੇਹੱਦ ਔਖਾ ਸੀ। ਉਸ ਨੂੰ ਸਮਾਜ ਦੀ ਆਲੋਚਨਾ, ਵਿਰੋਧ ਅਤੇ ਅਪਮਾਨ ਝੱਲਣਾ ਪਿਆ; ਇੱਥੋਂ ਤੱਕ ਕਿ ਉਸ ਦਾ ਸਮਾਜਿਕ ਬਾਈਕਾਟ ਵੀ ਕਰ ਦਿੱਤਾ ਗਿਆ। ਪਰ ਜਿਨ੍ਹਾਂ ਅੰਦਰ ਕਲਾ ਦੀ ਸੱਚੀ ਸਾਧਨਾ ਹੁੰਦੀ ਹੈ, ਉਹ ਅਪਮਾਨ ਨੂੰ ਵੀ ਆਪਣੀ ਸ਼ਕਤੀ ਵਿਚ ਬਦਲ ਲੈਂਦੇ ਹਨ। ਤੀਜਨ ਬਾਈ ਨੇ ਵੀ ਇਹੀ ਕੀਤਾ, ਉਸ ਨੇ ਕੋਈ ਸ਼ਿਕਵਾ-ਸ਼ਿਕਾਇਤ ਨਹੀਂ ਕੀਤੀ ਸਗੋਂ ਹੋਰ ਵੀ ਜ਼ਿਆਦਾ ਰਿਆਜ਼ ਕਰਨਾ ਸ਼ੁਰੂ ਕਰ ਦਿੱਤਾ। ਪਿੰਡਾਂ ਦੀਆਂ ਛੋਟੀਆਂ ਚੌਪਾਲਾਂ ਅਤੇ ਮੇਲਿਆਂ ਤੋਂ ਲੈ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ ਤੱਕ ਮੌਕਾ ਉਸ ਨੇ ਆਪਣੀ ਲਗਨ ਅਤੇ ਬੇਜੋੜ ਮਿਹਨਤ ਸਦਕਾ ਹਾਸਲ ਕੀਤਾ। ਉਸ ਕੋਲ ਨਾ ਕੋਈ ਵੱਡਾ ਗੁਰੂ ਸੀ ਨਾ ਸਾਧਨ ਅਤੇ ਨਾ ਹੀ ਕੋਈ ਪ੍ਰਚਾਰ ਦਾ ਤਰੀਕਾ। ਉਸ ਕੋਲ ਸੀ ਤਾਂ ਸਿਰਫ਼ ਇੱਕ ਦਮਦਾਰ ਆਵਾਜ਼, ਚੰਗੀ ਯਾਦਦਾਸ਼ਤ, ਅਭਿਨੈ ਦੀ ਵਿਲੱਖਣ ਯੋਗਤਾ ਅਤੇ ਆਪਣੀ ਲੋਕ-ਪਰੰਪਰਾ ਉੱਤੇ ਅਟੱਲ ਵਿਸ਼ਵਾਸ।
ਜਿਨ੍ਹਾਂ ਨੇ ਉਸ ਨੂੰ ਮੰਚ ਉੱਤੇ ਸੁਣਿਆ ਹੈ, ਉਹ ਜਾਣਦੇ ਹਨ ਕਿ ਤੀਜਨ ਬਾਈ ਦਾ ਪ੍ਰੋਗਰਾਮ ਸਿਰਫ਼ ਗਾਇਨ ਨਹੀਂ, ਇੱਕ ਜੀਵੰਤ ਅਨੁਭਵ ਹੁੰਦਾ ਸੀ। ਆਪਣਾ ਤੰਬੂਰਾ ਲੈ ਕੇ ਮੰਚ ਉੱਤੇ ਆਉਂਦਿਆਂ ਹੀ ਵਾਤਾਵਰਣ ਬਦਲ ਜਾਂਦਾ ਸੀ। ਇੱਕ ਪਲ ਵਿੱਚ ਉਹ ਭੀਮ ਬਣ ਜਾਂਦੀ, ਦੂਜੇ ਪਲ ਅਰਜੁਨ, ਫਿਰ ਦਰੋਪਦੀ ਦੀ ਵੇਦਨਾ ਅਤੇ ਕ੍ਰਿਸ਼ਨ ਦੀ ਮੁਸਕਾਨ ਉਸ ਦੀ ਆਵਾਜ਼ ਵਿੱਚ ਗੂੰਜਣ ਲੱਗਦੀ। ਤੰਬੂਰਾ ਗਦਾ ਬਣ ਜਾਂਦਾ, ਧਨੁਸ਼ ਬਣ ਜਾਂਦਾ। ਦਰਸ਼ਕ ਭੁੱਲ ਜਾਂਦੇ ਕਿ ਉਹ ਕਲਾਕਾਰ ਦੇਖ ਰਹੇ ਹਨ, ਉਨ੍ਹਾਂ ਨੂੰ ਲੱਗਦਾ ਮਹਾਭਾਰਤ ਖੁਦ ਉਨ੍ਹਾਂ ਦੇ ਸਾਹਮਣੇ ਹੋ ਰਹੀ ਹੈ। ਇਹੀ ਤੀਜਨ ਦੀ ਸਭ ਤੋਂ ਵੱਡੀ ਕਲਾ ਸੀ, ਉਹ ਕਥਾ ਨਹੀਂ ਸੁਣਾਉਂਦੀ ਸੀ, ਖੁਦ ਉਸ ਕਥਾ ਵਿੱਚ ਰਮ ਜਾਂਦੀ ਸੀ।
ਪ੍ਰਸਿੱਧ ਰੰਗਕਰਮੀ ਹਬੀਬ ਤਨਵੀਰ ਸਮੇਤ ਬਹੁਤ ਸਾਰੇ ਕਲਾ ਮਾਹਿਰਾਂ ਨੇ ਉਸ ਦੀ ਪ੍ਰਤਿਭਾ ਨੂੰ ਪਛਾਣਿਆ। ਫ਼ਿਰ ਉਸ ਲਈ ਅੰਤਰਰਾਸ਼ਟਰੀ ਮੰਚ ਖੁੱਲ੍ਹੇ। ਫਰਾਂਸ, ਬ੍ਰਿਟੇਨ, ਜਾਪਾਨ, ਅਮਰੀਕਾ, ਆਸਟ੍ਰੇਲੀਆ ਵਿੱਚ ਲੋਕਾਂ ਨੇ ਪਹਿਲੀ ਵਾਰ ਪਤਾ ਲੱਗਿਆ ਕਿ ਭਾਰਤ ਦੇ ਪਿੰਡਾਂ ਵਿੱਚ ਅਜਿਹੀਆਂ ਲੋਕ-ਕਲਾਵਾਂ ਵੀ ਹਨ ਜੋ ਬਿਨਾਂ ਤਕਨੀਕੀ ਸਹਾਇਤਾ ਤੋਂ ਹਜ਼ਾਰਾਂ ਦਿਲਾਂ ਨੂੰ ਛੂਹ ਲੈਂਦੀਆਂ ਹਨ। ਉਨ੍ਹਾਂ ਦੀ ਹਰ ਪੇਸ਼ਕਾਰੀ ਵਿੱਚ ਛੱਤੀਸਗੜ੍ਹ ਦੀ ਮਿੱਟੀ ਬੋਲਦੀ ਸੀ ਅਤੇ ਮਹਾਭਾਰਤ ਦਾ ਸੰਦੇਸ਼ ਜੀਵੰਤ ਹੋ ਉੱਠਦਾ ਸੀ।
ਭਾਰਤ ਸਰਕਾਰ ਨੇ ਤੀਜਨ ਬਾਈ ਨੂੰ ਪਦਮ ਸ੍ਰੀ, ਪਦਮ ਭੂਸ਼ਣ ਅਤੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਪਰ ਉਸ ਲਈ ਸਭ ਤੋਂ ਵੱਡਾ ਸਨਮਾਨ ਲੋਕਾਂ ਦਾ ਅਥਾਹ ਪਿਆਰ ਅਤੇ ਸ਼ਰਧਾ ਸੀ। ਅੱਜ ਦੇ ਡਿਜੀਟਲ ਯੁੱਗ ਵਿੱਚ ਉਸ ਦਾ ਜੀਵਨ ਸਾਬਿਤ ਕਰਦਾ ਹੈ ਕਿ ਸੱਚੀ ਸਾਧਨਾ ਵਾਲੀ ਆਵਾਜ਼ ਬਿਨਾਂ ਕਿਸੇ ਤਕਨੀਕੀ ਚਮਤਕਾਰ ਦੇ ਵੀ ਹਜ਼ਾਰਾਂ ਦਿਲਾਂ ਨੂੰ ਟੁੰਬ ਸਕਦੀ ਹੈ। ਉਨ੍ਹਾਂ ਦਾ ਜੀਵਨ ਭਾਰਤੀ ਔਰਤਾਂ ਦੇ ਸੰਘਰਸ਼ ਅਤੇ ਦ੍ਰਿੜ੍ਹ ਇਰਾਦੇ ਦਾ ਪ੍ਰਤੀਕ ਹੈ, ਜਿਨ੍ਹਾਂ ਨੇ ਸਮਾਜਿਕ ਰੂੜ੍ਹੀਆਂ ਦੀਆਂ ਦੀਵਾਰਾਂ ਨੂੰ ਤੋੜਿਆ। ਅੱਜ ਉਸ ਦੇ ਤੁਰ ਜਾਣ ਨਾਲ ਪੂਰਾ ਦੇਸ਼ ਸੋਗ ਵਿੱਚ ਹੈ ਅਤੇ ਲੋਕ-ਸੰਗੀਤ ਦਾ ਸੰਸਾਰ ਸੁੰਨਾ ਹੋ ਗਿਆ ਹੈ। ਪਰ ਭਾਰਤੀ ਸਭਿਆਚਾਰ ਵਿੱਚ ਉਸ ਦੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਹਨ ਕਿ ਆਉਣ ਵਾਲੀਆਂ ਪੀੜ੍ਹੀਆਂ ਹਮੇਸ਼ਾ ਉਸ ਤੋਂ ਪ੍ਰੇਰਣਾ ਲੈਂਦੀਆਂ ਰਹਿਣਗੀਆਂ।
ਸੰਪਰਕ: 94787-30156
