ਤਕਨੀਕ ਬਨਾਮ ਸਾਡਾ ਸਮਾਜ
ਤਕਨੀਕ ਇੱਕ ਐਸਾ ਹਥਿਆਰ ਹੈ ਜਿਸ ਦੇ ਸਹਾਰੇ ਇਨਸਾਨ ਧਰਤੀ ਦੀਆਂ ਹੱਦਾਂ ਬੰਨੇ ਪਾਰ ਕਰਦਾ ਹੋਇਆ ਚੰਦਰਮਾ ਤੇ ਮੰਗਲ ਗ੍ਰਹਿ ਤੱਕ ਪਹੁੰਚ ਚੁੱਕਾ ਹੈ ਤੇ ਹੁਣ ਬ੍ਰਹਿਮੰਡ ਦੀਆਂ ਹੱਦਾਂ ਪਾਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਤਕਨੀਕ ਕਿਸੇ ਵੀ ਸਮਾਜ...
ਤਕਨੀਕ ਇੱਕ ਐਸਾ ਹਥਿਆਰ ਹੈ ਜਿਸ ਦੇ ਸਹਾਰੇ ਇਨਸਾਨ ਧਰਤੀ ਦੀਆਂ ਹੱਦਾਂ ਬੰਨੇ ਪਾਰ ਕਰਦਾ ਹੋਇਆ ਚੰਦਰਮਾ ਤੇ ਮੰਗਲ ਗ੍ਰਹਿ ਤੱਕ ਪਹੁੰਚ ਚੁੱਕਾ ਹੈ ਤੇ ਹੁਣ ਬ੍ਰਹਿਮੰਡ ਦੀਆਂ ਹੱਦਾਂ ਪਾਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਤਕਨੀਕ ਕਿਸੇ ਵੀ ਸਮਾਜ ਦੀ ਤਰੱਕੀ ਵਿੱਚ ਇੱਕ ਅਹਿਮ ਯੋਗਦਾਨ ਪਾਉਂਦੀ ਹੈ। ਜੋ ਸਮਾਜ ਤਕਨੀਕ ਦਾ ਸਾਥੀ ਬਣਦੈ ਉਹ ਸਮਾਜ ਅਤੇ ਉਸ ਸਮਾਜ ਵਿੱਚ ਰਹਿਣ ਵਾਲੇ ਲੋਕਾਂ ਦਾ ਰਹਿਣ-ਸਹਿਣ ਉਹਨਾਂ ਲੋਕਾਂ ਨਾਲੋਂ ਬਹੁਤ ਬਿਹਤਰ ਹੁੰਦਾ ਹੈ ਜੋ ਤਕਨੀਕ ਨੂੰ ਨਹੀਂ ਅਪਣਾਉਂਦੇ।
ਪਿਛਲੇ ਦੋ ਦਹਾਕਿਆਂ ਦੇ ਵਿੱਚ ਤਕਨੀਕ ਨੇ ਦੁਨੀਆ ਨੂੰ ਜਿੰਨਾ ਬਦਲਿਐ ਉਹ ਜੱਗ ਜ਼ਾਹਰ ਹੈ। ਤਕਨੀਕ ਨੇ ਹਰ ਖੇਤਰ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ। ਪਰ ਸੰਚਾਰ ਮਾਧਿਅਮ ਇੱਕ ਐਸਾ ਖੇਤਰ ਹੈ ਜਿਸ ਵਿੱਚ ਪਿਛਲੇ ਇਕ ਦਹਾਕੇ ਦੌਰਾਨ ਜੋ ਕੁਝ ਬਦਲਿਆ ਹੈ ਉਹ ਪਿਛਲੀਆਂ ਕਈ ਸਦੀਆਂ ਵਿੱਚ ਸੰਭਵ ਨਹੀਂ ਸੀ ਹੋਇਆ। ਪਹਿਲਾਂ ਜੋ ਕੰਮ ਮਹੀਨਿਆਂ ਵਿੱਚ ਹੁੰਦਾ ਸੀ ਉਹ ਕੰਮ ਹੁਣ ਕੁਝ ਕੁ ਮਿੰਟਾਂ ਚ ਹੋਣ ਲੱਗ ਪਿਆ ਹੈ। ਸੱਤ ਸਮੁੰਦਰ ਪਾਰ ਬੈਠੇ ਜੋ ਲੋਕ ਆਪਣੇ ਨਜ਼ਦੀਕੀਆਂ ਨਾਲ ਚਿੱਠੀਆਂ ਰਾਹੀਂ ਰਾਬਤਾ ਕਰਦੇ ਸਨ, ਹੁਣ ਉਹ ਇੱਕ ਦੂਜੇ ਨਾਲ ਸਿੱਧੀ ਗੱਲਬਾਤ (ਵੀਡੀਓ ਕਾਲ) ਕਰ ਸਕਦੇ ਹਨ। ਜਿਸਦਾ ਜ਼ਰੀਆ ਬਣਿਆ ਹੈ ਮੋਬਾਈਲ ਫੋਨ।
ਮੋਬਾਈਲ ਫੋਨ ਆਪਣੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਐਨੀ ਤਰੱਕੀ ਕਰ ਚੁੱਕੇ ਹਨ ਕਿ ਫੋਨ ਸਿਰਫ ਹੁਣ ਇਕ ਸੰਚਾਰ ਦਾ ਮਾਧਿਅਮ ਨਹੀਂ ਬਲਕਿ ਫੋਟੋਗ੍ਰਾਫੀ, ਵੀਡੀਓਗਰਾਫੀ, ਟਾਈਪਿੰਗ, ਮਨੋਰੰਜਨ ਇਥੋਂ ਤਕ ਕਿ ਰੁਜ਼ਗਾਰ ਦਾ ਸਾਧਨ ਵੀ ਬਣ ਚੁੱਕਿਆ ਹੈ।
ਪਰ ਅੱਜਕੱਲ੍ਹ ਮੋਬਾਈਲ ਫੋਨ ਸਭ ਤੋਂ ਜ਼ਿਆਦਾ ਜੇਕਰ ਕਿਸੇ ਚੀਜ਼ ਲਈ ਵਰਤਿਆ ਜਾਂਦਾ ਹੈ ਤਾਂ ਉਹ ਹੈ ਸੋਸ਼ਲ ਮੀਡੀਆ। ਸੋਸ਼ਲ ਮੀਡੀਆ ਇੱਕ ਐਸੀ ਸ਼ਕਤੀ ਹੈ ਜੇਕਰ ਤੁਸੀਂ ਉਸ ਨੂੰ ਸਹੀ ਤਰੀਕੇ ਨਾਲ ਵਰਤੋਂ ਤਾਂ ਉਹ ਕਿਸੇ ਦੇਸ਼ ਦੀ ਸੱਤਾ ਬਦਲਣ ਦੀ ਸਮਰੱਥਾ ਵੀ ਰੱਖਦਾ ਹੈ, ਜਿਸਦੀਆਂ ਕਈ ਉਦਾਹਰਨਾਂ ਹਨ ਜਿਨ੍ਹਾਂ ਵਿੱਚੋਂ ਨੇਪਾਲ ਦੀ ਤਾਜ਼ਾ ਉਦਾਹਰਨ ਹੈ। ਸੋਸ਼ਲ ਮੀਡੀਆ ਨੇ ਆਮ ਆਦਮੀ ਨੂੰ ਆਪਣੇ ਵਿਚਾਰ ਰੱਖਣ ਦੀ (ਬੋਲਣ ਦੀ) ਅਥਾਹ ਸ਼ਕਤੀ ਦਿੱਤੀ ਹੈ ਤੇ ਆਮ ਆਦਮੀ ਨੇ ਉਸ ਸ਼ਕਤੀ ਦਾ ਭਰਪੂਰ ਫਾਇਦਾ ਵੀ ਉਠਾਇਆ ਹੈ। ਕੋਈ ਜ਼ਮਾਨਾ ਸੀ ਜਦੋਂ ਕੋਈ ਵੀ ਰਾਜਨੀਤਕ ਲੀਡਰ ਜਾਂ ਕਲਾਕਾਰ ਕਿਸੇ ਵੀ ਛੋਟੀ ਵੱਡੀ ਸਟੇਜ ’ਤੇ ਕੁਝ ਵੀ ਬੋਲ ਜਾਂਦਾ ਸੀ ਤੇ ਸੁਣਨ ਵਾਲੇ ਸਿਰਫ ਸੁਣਦੇ ਸਨ , ਕੋਈ ਟਿੱਪਣੀ ਨਹੀਂ ਸੀ ਕਰ ਸਕਦੇ। ਪਰ ਜਦੋਂ ਤੋਂ ਸੋਸ਼ਲ ਮੀਡੀਆ ਮਜ਼ਬੂਤ ਹੋਇਆ ਹੈ, ਉਦੋਂ ਤੋਂ ਆਮ ਇਨਸਾਨ ਨੂੰ ਆਪਣੇ ਵਿਚਾਰ ਪੇਸ਼ ਕਰਨ ਤੇ ਸਮਾਜ ਵਿੱਚ ਉਹਨਾਂ ਦੀ ਨੁਮਾਇੰਦਗੀ ਕਰਨ ਵਾਲੇ ਲੀਡਰ ਜਾਂ ਉਨ੍ਹਾਂ ਦਾ ਮਨੋਰੰਜਨ ਕਰਨ ਵਾਲੇ ਕਲਾਕਾਰ ਜਾਂ ਕੋਈ ਹੋਰ ਜਨਤਕ ਹਸਤੀ ਵੱਲੋਂ ਦਿੱਤੇ ਜਾਣ ਵਾਲੇ ਬਿਆਨਾਂ ਦਾ ਜਵਾਬ ਦੇਣ ਦੀ ਇੱਕ ਅਥਾਹ ਸ਼ਕਤੀ ਤੇ ਅਧਿਕਾਰ ਮਿਲ ਗਿਆ ਹੈ। ਹੁਣ ਕੈਮਰਾ ਤੇ ਮਾਈਕ ਕਿਸੇ ਖ਼ਾਸ ਹਸਤੀ ਕੋਲ ਨਹੀਂ ਬਲਕਿ ਹਰ ਬੰਦੇ ਕੋਲ ਹੈ ਤੇ ਆਮ ਆਦਮੀ ਇਸ ਦਾ ਭਰਪੂਰ ਫਾਇਦਾ ਵੀ ਉਠਾ ਰਿਹਾ ਹੈ। ਹੁਣ ਸਮਾਜ ਦੇ ਆਖਰੀ ਪਾਏਦਾਨ ’ਤੇ ਖੜ੍ਹਾ ਬੰਦਾ ਵੀ ਕਿਸੇ ਮੁੱਦੇ ਆਪਣੇ ਵਿਚਾਰ ਪੇਸ਼ ਕਰਨ ਦੀ ਸਮਰੱਥਾ ਰੱਖਦਾ ਹੈ।
ਪਰ ਸਮੇਂ ਦੇ ਨਾਲ ਨਾਲ ਸੋਸ਼ਲ ਮੀਡੀਆ ਦੇ ਨੁਕਸਾਨ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਲੋਕਾਂ ਨੇ ਇਸ ਨੂੰ ਆਪੋ-ਅਪਣੇ ਤਰੀਕੇ ਨਾਲ ਵਰਤਣਾ ਸ਼ੁਰੂ ਕੀਤਾ। ਅਚਾਨਕ ਵਿਚਾਰਾਂ ਦੀ ਇੰਨੀ ਜ਼ਿਆਦਾ ਆਜ਼ਾਦੀ ਮਿਲੀ ਕਿ ਕੋਈ ਕੁਝ ਵੀ ਤੇ ਦੁਨੀਆ ਦੇ ਕਿਸੇ ਵੀ ਕੋਨੇ ’ਚ ਬੈਠ ਕੇ ਬੋਲ ਸਕਦਾ ਹੈ । ਉਹ ਹੁਣ ਸਿਰਫ ਬੋਲ ਹੀ ਨਹੀਂ ਬਲਕਿ ਆਪਣੇ ਤੇ ਦੂਜਿਆਂ ਦੇ ਨਿੱਜੀ ਪਲਾਂ ਤੇ ਦੂਜਿਆਂ ਦੀ ਨਿੱਜੀ ਜ਼ਿੰਦਗੀ ’ਤੇ ਵੀ ਟੀਕਾ ਟਿੱਪਣੀ ਕਰ ਰਿਹਾ ਹੈ। ਹੁਣ ਹਾਲਾਤ ਇਹ ਹਨ ਕਿ ਸਮਾਜ ਦੇ ਸੁਹਿਰਦ ਲੋਕ ਮਹਿਸੂਸ ਕਰ ਰਹੇ ਹਨ ਕਿ ਸੋਸ਼ਲ ਮੀਡੀਆ ’ਤੇ ਕੁਝ ਸਖ਼ਤ ਕਾਨੂੰਨ ਲਾਗੂ ਕੀਤੇ ਜਾਣ (ਬੇਸ਼ਕ ਕਾਨੂੰਨ ਹਨ ਪਰ ਸੋਸ਼ਲ ਮੀਡੀਆ ਨੂੰ ਵਰਤਣ ਵਾਲਿਆਂ ਦੇ ਉੱਪਰ ਉਹਨਾਂ ਦਾ ਕੋਈ ਬਹੁਤਾ ਅਸਰ ਨਹੀਂ ਹੋ ਰਿਹਾ)। ਹਰ ਬੰਦਾ ਕਿਸੇ ਵੀ ਮੁੱਦੇ ਉੱਤੇ ਆਪਣੇ ਵਿਚਾਰ ਬੜੀ ਬੇਬਾਕੀ ਨਾਲ ਪੇਸ਼ ਕਰਦੈ, ਬਿਨਾਂ ਇਹ ਜਾਂਚੇ ਪਰਖੇ ਕਿ ਉਹ ਜਿਸ ਮੁੱਦੇ ’ਤੇ ਬੋਲ ਰਿਹਾ ਹੈ ਕੀ ਉਸ ਮੁੱਦੇ ’ਤੇ ਬੋਲਣ ਦੀ ਉਸਦੀ ਯੋਗਤਾ ਹੈ ਜਾਂ ਨਹੀਂ । ਉਸ ਦੁਆਰਾ ਕੀਤੀ ਗਈ ਬਿਆਨਬਾਜ਼ੀ ਕਿੰਨੀ ਕੁ ਸਹੀ ਹੈ ਜਾਂ ਉਸਦੀ ਬਿਆਨਬਾਜ਼ੀ ਦਾ ਲੋਕਾਂ ’ਤੇ ਕੀ ਅਸਰ ਹੋ ਰਿਹਾ ਹੈ, ਬੋਲਣ ਵਾਲਾ ਜਾਂ ਸੋਸ਼ਲ ਮੀਡੀਆ ਇਸਦੀ ਜ਼ਿੰਮੇਵਾਰੀ ਨਹੀਂ ਲੈਂਦੇ। ਨੁਕਸਾਨ ਇਹ ਵੀ ਹੈ ਕਿ ਪੇਸ਼ ਕੀਤੇ ਗਏ ਵਿਚਾਰਾਂ ਨੂੰ ਪਸੰਦ ਕਰਨ ਵਾਲੇ ਲੋਕ ਵੀ ਲੱਖਾਂ ਦੀ ਗਿਣਤੀ ’ਚ ਨਿਕਲ ਹੀ ਆਉਂਦੇ ਹਨ , ਜੋ ਉਸ ਨੂੰ ਅੱਗੇ ਦੀ ਅੱਗੇ ਸ਼ੇਅਰ ਕਰਦੇ ਹਨ। ਨਤੀਜਤਨ ਸਮਾਜ ਵਿੱਚ ਚੰਗੇ ਦੇ ਨਾਲ ਨਾਲ ਬਹੁਤ ਸਾਰੇ ਮਾੜੇ ਸੁਨੇਹੇ ਵੀ ਵਾਇਰਲ ਹੋ ਜਾਂਦੇ ਹਨ ਜੋ ਕਿ ਸਾਲ ਦਰ ਸਾਲ ਇੰਟਰਨੈੱਟ ’ਤੇ ਚੱਲਦੇ ਰਹਿੰਦੇ ਹਨ। ਇਸ ਤੋਂ ਇਲਾਵਾ ਸਭ ਤੋਂ ਜ਼ਿਆਦਾ ਖ਼ਤਰਨਾਕ ਟਿੱਪਣੀਆਂ ਧਰਮ ਦੇ ਨਾਲ ਸੰਬੰਧਿਤ ਹੁੰਦੀਆਂ ਹਨ ਕਿਉਂਕਿ ਗ਼ੈਰ-ਸਮਾਜਿਕ ਤੱਤਾਂ ਨੂੰ ਇਹ ਸਮਝ ਆ ਚੁੱਕਿਆ ਹੈ ਕਿ ਧਰਮ ਇਕ ਐਸਾ ਸੰਵੇਦਨਸ਼ੀਲ ਮੁੱਦਾ ਹੈ ਜਿਸ ਨੂੰ ਛੇੜ ਕੇ ਉਹ ਆਪਣੇ ਨਫਰਤੀ ਏਜੰਡੇ ਨੂੰ ਚਲਾਉਣ ਵਿੱਚ ਬਹੁਤ ਜਲਦੀ ਕਾਮਯਾਬ ਹੋ ਸਕਦੇ ਹਨ । ਬੇਸ਼ਕ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਰਾਜਨੀਤੀ ਦੇ ਨਾਲ ਸੰਬੰਧਿਤ ਲੋਕ ਹੀ ਧਰਮ ਨੂੰ ਵਰਤਦੇ ਹਨ ਪਰ ਅੱਜ ਦੇ ਜ਼ਮਾਨੇ ਵਿੱਚ ਆਮ ਦੇਖਿਆ ਜਾ ਸਕਦਾ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਧਰਮ ਦੇ ਨਾਮ ’ਤੇ ਵੀ ਰੋਟੀਆਂ ਸੇਕੀਆਂ ਜਾਂਦੀਆਂ ਹਨ। ਕਈ ਵਾਰ ਟਿੱਪਣੀਆਂ ਇੰਨੀਆਂ ਗੰਭੀਰ ਤੇ ਖਤਰਨਾਕ ਹੋ ਜਾਂਦੀਆਂ ਹਨ ਜਿਸ ਨਾਲ ਸਮਾਜ ਵਿੱਚ ਆਪਸੀ ਭਾਈਚਾਰੇ ਨੂੰ ਵੀ ਖਤਰਾ ਪੈਦਾ ਹੋ ਜਾਂਦਾ ਹੈ। ਹੁਣ ਤਾਂ ਸੱਤ ਸਮੁੰਦਰ ਪਾਰ ਬੈਠਾ ਕੋਈ ਸਖਸ਼ ਆਪਣੇ ਘਾਤਕ ਏਜੰਡੇ ਨੂੰ ਧੜੱਲੇ ਨਾਲ ਅੱਗੇ ਵਧਾ ਸਕਦਾ ਹੈ ਤੇ ਬਹੁਤ ਸਾਰੇ ਇਹ ਧੰਦਾ ਕਰ ਵੀ ਰਹੇ ਹਨ।
ਗੱਲ ਉਦੋਂ ਬਹੁਤ ਜ਼ਿਆਦਾ ਖਤਰਨਾਕ ਹੋ ਜਾਂਦੀ ਹੈ ਜਦੋਂ ਕਿਸੇ ਇਨਸਾਨ ਵੱਲੋਂ ਪੋਸਟ ਕੀਤੀ ਗਈ ਵੀਡੀਓ ਜਾਂ ਬਿਆਨਬਾਜ਼ੀ ਜਿੰਨੀ ਜ਼ਿਆਦਾ ਫੈਲੇਗੀ ਉਸ ਦੇ ਉੱਤੇ ਓਨੇ ਹੀ ਜ਼ਿਆਦਾ ਪੈਸੇ ਵੀ ਮਿਲਣਗੇ। ਯਾਨੀ ਸੋਸ਼ਲ ਮੀਡੀਆ ਉਤੇ ਨਫ਼ਰਤ ਕਮਾਈ ਦਾ ਜ਼ਰੀਆ ਵੀ ਹੈ। ਬਸ਼ਰਤੇ ਉਹ ਵੱਡੇ ਪੱਧਰ ’ਤੇ ਫੈਲ ਜਾਵੇ। ਕਿਸੇ ਦੀ ਕਿਰਦਾਰਕੁਸ਼ੀ ਕਰਨ ਲਈ ਸੋਸ਼ਲ ਮੀਡੀਆ ਨੂੰ ਹਥਿਆਰ ਵੱਜੋਂ ਵਰਤਿਆ ਜਾ ਸਕਦਾ ਹੈ। ਤਿਓਹਾਰਾਂ ਤੇ ਹੋਰ ਸੰਵੇਦਨਸ਼ੀਲ ਮੁੱਦਿਆਂ ਉੱਤੇ ਟੀਕਾ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ ਤਾਂ ਕਿ ਸਮਾਜ ਦੇ ਵਿੱਚ ਅਸਥਿਰਤਾ ਬਣੀ ਰਹੇ। ਧਾਰਮਿਕ ਪਹਿਰਾਵੇ ਪਾ ਕੇ ਲੋਕ ਆਪੋ-ਅਪਣੇ ਏਜੰਡੇ ਚਲਾਉਂਦੇ ਹਨ। ਬਲਕਿ ਹੁਣ ਤਾਂ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਸਮਝ ਆ ਗਿਆ ਕਿ ਧਾਰਮਿਕ ਪਹਿਰਾਵੇ ਪਾ ਕੇ ਧਾਰਮਿਕ ਗੱਲਾਂ ਕਰਕੇ ਸੋਸ਼ਲ ਮੀਡੀਆ ਤੋਂ ਕਮਾਈ ਵੀ ਕੀਤੀ ਜਾ ਸਕਦੀ ਹੈ। ਸੋਸ਼ਲ ਮੀਡੀਆ ਤੇ ਅਸ਼ਲੀਲ ਤੇ ਮਾੜੀ ਸ਼ਬਦਾਵਲੀ ਬੋਲਣ ਵਾਲਿਆਂ ਨੂੰ ਅਸੀਂ ਬਹੁਤ ਮਸ਼ਹੂਰ ਕੀਤਾ ਹੈ। ਉਹ ਗੱਲ ਵੱਖਰੀ ਹੈ ਕਿ ਲੋਕਾਂ ਦੁਆਰਾ ਕੀਤੀ ਗਈ ਅੰਨ੍ਹੀ ਹਮਾਇਤ ਦੀ ਬਦੌਲਤ ਅਜਿਹੇ ਮਾੜੇ ਅਨਸਰਾਂ ਦਾ ਹੌਸਲਾ ਐਨਾ ਵਧ ਗਿਆ ਕਿ ਉਹਨਾਂ ਵਿੱਚੋਂ ਕੁਝ ਕੁ ਨੇ ਕਾਨੂੰਨ ਆਪਣੇ ਹੱਥ ’ਚ ਲੈ ਲਿਆ ਜਿਸਦੀ ਬਦੌਲਤ ਉਹਨਾਂ ਵਿੱਚੋਂ ਬਹੁਤਿਆਂ ਨੂੰ ਜੇਲ੍ਹ ਦੀ ਹਵਾ ਖਾਣੀ ਪਈ। ਸੁਖਾਵੀਂ ਗੱਲ ਇਹ ਹੈ ਕਿ ਚੰਗੇ ਲੋਕ ਵੀ ਸੋਸ਼ਲ ਮੀਡੀਆ ’ਤੇ ਸਰਗਰਮ ਹਨ, ਜੋ ਚੰਗੀਆਂ ਜਾਣਕਾਰੀਆਂ ਦੇ ਚੰਗੇ ਪ੍ਰੋਗਰਾਮਾਂ ਰਾਹੀਂ ਸਮਾਜ ਨੂੰ ਸੇਧ ਦੇ ਰਹੇ ਹਨ। ਹੁਣ ਜਦੋਂ ਸਮਾਜ ਦਾ ਹਰ ਵਰਗ ਸੋਸ਼ਲ ਮੀਡੀਆ ’ਤੇ ਪਰੋਸੇ ਜਾਣ ਵਾਲੇ ਅਸ਼ਲੀਲ ਜਾਂ ਮਾੜੇ ਕੰਟੈਂਟ ਪ੍ਰਤੀ ਚਿੰਤਤ ਹੈ ਤਾਂ ਸਾਡਾ ਇਖ਼ਲਾਕੀ ਫਰਜ਼ ਬਣ ਜਾਂਦਾ ਹੈ ਕਿ ਅਸੀਂ ਚੰਗੀਆਂ ਚੀਜ਼ਾਂ ਨੂੰ ਪਸੰਦ ਕਰੀਏ ਤੇ ਉਹਨਾਂ ਨੂੰ ਅੱਗੇ ਫੈਲਾਈਏ ਤਾਂ ਕਿ ਚੰਗਾ ਕੰਮ ਕਰਨ ਵਾਲੇ ਨੂੰ ਹੌਸਲਾ ਮਿਲੇ।
ਸੰਪਰਕ: 98888-90891

