ਤਾਇਆ ਗੁਲਜਾਰਾ : The Tribune India

ਤਾਇਆ ਗੁਲਜਾਰਾ

ਤਾਇਆ ਗੁਲਜਾਰਾ

ਅਵਤਾਰ ਸਿੰਘ ਬਿਲਿੰਗ

ਵਿਦੇਸ਼ ਤੋਂ ਦੇਸ ਦਾ ਫੇਰਾ ਪਾਉਣ ਵਾਲਿਆਂ ਦੀ ਦੇਸੀਆਂ ਲਈ ਪਹਿਲਾਂ ਵਾਲੀ ਖਿੱਚ ਹੁਣ ਨਹੀਂ ਰਹੀ। ਹਰ ਕੋਈ ਬਾਹਰਲੇ ਦੇਸ਼ ਜਾਣ ਵਾਸਤੇ ਉਤਾਵਲਾ ਹੈ, ਐਪਰ ਪਰਵਾਸੀ ਭਾਰਤੀ ਇਸ ਵਿੱਚ ਕੋਈ ਖ਼ਾਸ ਮਦਦ ਨਹੀਂ ਕਰ ਸਕਦੇ। ਦੂਜੇ, ਹਰ ਕਿਸੇ ਦਾ ਕੋਈ ਸਕਾ ਸੰਬੰਧੀ ਹੁਣ ਪਰਵਾਸੀ ਹੈ। ਪਰ ਜਦੋਂ ਮੈਂ ਸਾਲ ਬਾਅਦ ਪਿੰਡ ਜਾਂਦਾ ਤਾਇਆ ਗੁਲਜਾਰਾ ਸਿੰਘ ਇੱਕ ਨਹੀਂ, ਅਨੇਕ ਵਾਰ ਮਿਲਣ ਆਉਂਦਾ। ਉਸ ਨੂੰ ਵਿਦੇਸ਼ ਦੀ ਕੋਈ ਝਾਕ ਨਹੀਂ ਸੀ। ਉਸ ਦਾ ਇੱਕ ਪੋਤਾ ਤੇ ਪੋਤੀ ਆਸਟ੍ਰੇਲੀਆ - ਕੈਨੇਡਾ ਵਿੱਚ ਸਥਾਪਤ ਸਨ। ਉਸ ਨੇ ਤਾਂ ਕੇਵਲ ਸੁੱਖ ਦੁੱਖ ਕਰਨਾ ਹੁੰਦਾ। ਆਪਣੀ ਸੁਣਾਉਣ ਤੇ ਦੂਜੇ ਦੀਆਂ ਸੁਣਨ ਲਈ ਉਸ ਦੀ ਭੁੱਖ ਸਦਾ ਬਰਕਰਾਰ ਰਹਿੰਦੀ। ਜਦੋਂ ਉਹ ਖੁੱਲ੍ਹ ਜਾਂਦਾ ਤਾਂ ਨਿਵੇਕਲੇ ਬੈਠੇ, ਅਸੀਂ ਮੁੰਡਿਆਂ-ਖੁੰਡਿਆਂ ਵਾਲੀਆਂ ਗੱਲਾਂ ਵੀ ਕਰ ਲੈਂਦੇ। ਸਦਾ ਰਾਮ ਦਾ ਸੋਹਣੀ -ਮਹੀਂਵਾਲ, ਹੀਰ ਹਜੂਰਾ ਸਿੰਘ ਗਰੇਵਾਲ, ਕੌਲਾਂ ਭਗਤਣੀ ਆਦਿ ਕਿੰਨੇ ਹੀ ਕਿੱਸੇ ਉਸ ਨੂੰ ਜ਼ਬਾਨੀ ਯਾਦ ਸਨ। ਚੰਗੇ ਰੌਂਅ ਵਿੱਚ ਹੁੰਦਾ, ਉਹ ਟੱਪੇ, ਕਲੀਆਂ, ਆਵਾਜ਼ਾਂ, ਦੋਹੜੇ ਸੁਣਾਉਂਦਾ।

‘‘ਕੀ ਹਾਲ ਐ, ਤਾਇਆ?’’ ਉਹ ਦੂਜੇ ਵਗਲ ਤੋਂ ਮਿਲਣ ਆਉਂਦਾ ਤਾਂ ਮੈਂ ਹਾਲ ਚਾਲ ਪੁੱਛਦਾ।

‘‘ਓ ਬਈ ਜਵਾਨਾ, ਹੁਣ ਨ੍ਹੀਂ ਵੱਛੇ ਭੱਜਦੇ, ਹੁਣ ਨ੍ਹੀਂ ਧੂੜਾਂ ਉਡਦੀਆਂ।’’ ਮੇਰੇ ਪ੍ਰਸ਼ਨ ਨੂੰ ਮਜ਼ਾਕੀਆ ਲਹਿਜੇ ਵਿੱਚ ਲੈਂਦਾ ਪਚਾਨਵੇਂ ਸਾਲਾ ਤਾਇਆ ਫਿੱਕੀ ਜਿਹੀ ਹਾਸੀ ਹੱਸਦਾ।

ਉਹ ਦਸਤਖਤ ਕਰਨੇ ਤੇ ਪੰਜਾਬੀ ਪੜ੍ਹਨੀ ਜਾਣਦਾ। ਨਾ ਮੈਂਬਰ ਪੰਚਾਇਤ, ਨਾ ਲੰਬੜਦਾਰ। ਬੜਾ ਬੇਝਿਜਕ! ਨਗਰ ਦੇ ਸਾਂਝੇ ਕੰਮ ਲਈ ਕਿਸੇ ਮੰਤਰੀ ਸੰਤਰੀ ਨੂੰ ਸਿੱਧਾ ਟੱਕਰਦਾ। ਕੰਮ ਆਉਣ ਵਾਲੇ ਅਫ਼ਸਰਾਂ ਦੇ ਸੰਪਰਕ ਨੰਬਰ ਆਪਣੇ ਮੋਬਾਈਲ ਫ਼ੋਨ ਵਿੱਚ ਭਰਵਾ ਕੇ ਰੱਖਦਾ। ਕੰਮ ਕਢਵਾਉਣ ਵੇਲੇ ਉਹ ਮੰਤਰੀ ਸੰਤਰੀ ਦੀ ਪਾਰਟੀ ਨਾ ਦੇਖਦਾ। ‘‘ਮਾੜੇ ਚਾਹੇ ਚੰਗੇ, ਆਪਾਂ ਲੋਕ ਵੱਸ ਤਾਂ ਇਨ੍ਹਾਂ ਸਿਆਸਤਦਾਨਾਂ ਦੇ ਪਏ ਹੋਏ ਆਂ। ਬੱਸ, ਇਨ੍ਹਾਂ ਤੋਂ ਕੰਮ ਲਉ।’’ ਉਸ ਦੀ ਧਾਰਨਾ ਸੀ। ਅਫ਼ਸਰਾਂ ਦਫ਼ਤਰਾਂ ਵਿੱਚ ਉਹ ‘ਬਾਬਾ ਗੁਲਜਾਰਾ’ ਸੀ, ਪਿੰਡ ਵਿੱਚ ਗੁਲਜਾਰਾ ਫ਼ੌਜੀ। ਉਸ ਨੇ ਨਗਰ ਦੇ ਢਹਿ ਢੇਰੀ ਹੋ ਰਹੇ ਮੁੱਖ ਦਰਵਾਜ਼ੇ ਨੂੰ ਨਵੇਂ ਸਿਰੇ ਤੋਂ ਉਸਾਰਨ ਵਿੱਚ ਮੋਹਰੀ ਰੋਲ ਨਿਭਾਇਆ। ਵੱਡੀ ਗੱਲ! ਸਿਰਕੱਢ ਚੌਧਰੀ ਵਜੋਂ ਆਪਣੇ ਨਾਮ ਦਾ ਪੱਥਰ ਨਹੀਂ ਲਗਵਾਇਆ। ‘‘ਬਥੇਰੀ ਦੁਨੀਆ ਹੋ ਹੋ ਚਲੀ ਗਈ ਯਾਰੋ, ਰਹੇ ਰੱਬ ਦਾ ਨਾਂ।’’ ਗਰਾਂਈਆਂ ਦੇ ਜ਼ੋਰ ਦੇਣ ਉੱਤੇ ਏਨਾ ਆਖਿਆ। ਉਸ ਨੇ ਸਿਰਤੋੜ ਕੋਸ਼ਿਸ਼ ਕਰ ਕੇ ਬਹਾਦਰ ਰਾਜਪੂਤ ਦੀ ਸਰਪੰਚੀ ਵੇਲੇ ਪਿੰਡ ਵਿੱਚ ਬਿਜਲੀ ਦਾ ਵੱਡਾ ਗਰਿੱਡ ਲਗਵਾਇਆ ਤਾਂ ਘਰਾਂ ਤੇ ਮੋਟਰਾਂ ਦੀ ਬਿਜਲੀ ‘ਫੁੱਲ’ ਰਹਿਣ ਲੱਗੀ। ਉਹ ਗਰਿੱਡ ਦੀਆਂ ਸਿਫ਼ਤਾਂ ਕਰਦਾ ਨਾ ਥੱਕਦਾ। ਉਸ ਦੀ ਮਹਿਮਾ ਤੋਂ ਚਿੜ੍ਹਦੇ ਕਈ ਬੰਦੇ ਪਿੱਠ ਪਿੱਛੇ ਉਸ ਨੂੰ ‘ਗਰਿੱਡ ਸਿਹੁੰ’ ਆਖਦੇ। ‘‘ਮੇਰੇ ਯਾਰ, ਕਹਿੰਦੇ ਨੇ, ਜੋ ਕਹੀ ਜਾਣ। ਮੂਰਖਾਂ ਨੇ ਕੋਈ ਚੱਜ ਦਾ ਕੰਮ ਥੋੜ੍ਹੋ ਕਰਨੈਂ? ਸੁਣ ਲੈ ਮੇਰੀ ਗੱਲ। ਫੇਰ ਕਹੇਂਗਾ, ਤਾਇਆ ਕਹਿੰਦਾ...’’ ਇੱਕ ਦਿਨ ਉਹ ਉਧੜ ਪਿਆ। ਅਖੇ, ਮੂਰਖ ਇਕੱਠੇ ਹੋਏ। ਕਹਿੰਦੇ, ਕੋਈ ਚੱਜ ਦਾ ਕਾਰਜ ਕਰੀਏ। ਖੰਡ ਦਾ ਭਾਅ ਚੰਗਾ ਹੈ। ਸ਼ਾਮਲਾਤ ਵਾਹੀਏ। ਗੰਨਾ ਬੀਜੀਏ। ਪਰ ਜ਼ਮਾਨਾ ਬੜਾ ਖ਼ਰਾਬ ਹੈ। ਲੋਕ ਗੰਨੇ ਪੱਟਣਗੇ। ਬਾੜ ਕਰਾਂਗੇ, ਉਹ ਵੀ ਟੱਪਣਗੇ। ਕੰਧ ਕਰਾਂਗੇ ਤਾਂ ਵੀ ਚੋਰਾਂ ਨੇ ਹਟਣਾ ਨਹੀਂ। ਆਪਾਂ ਇਉਂ ਕਰੋ। ਛੱਡੋ ਪਰ੍ਹੇ ਏਹ ਝੰਜਟ! ਪੰਗਾ ਹੀ ਨਾ ਛੇੜੋ। ਇਸ ਪਿੰਡ ਨੂੰ ਫੂਕ ਦਿਓ।’’ ਸੋਫ਼ੀ ਵੱਟੀਂ ਬੈਠਾ ਤਾਇਆ ਮੁਸਕੜੀਆਂ ਹੱਸਿਆ।

‘‘ਐਹ ਜਿਹੜੇ ਮੇਰੀ ਪਿੱਠ ਪਿੱਛੇ ਬੋਲਦੇ ਨੇ, ਇਨ੍ਹਾਂ ਵਰਗੇ ਉਨ੍ਹਾਂ ਪੁੱਠੀਆਂ ਸਕੀਮਾਂ ਘੜਨ ਵਾਲੇ ਮੂਰਖਾਂ ਨੇ ਚੱਜ ਦਾ ਕੰਮ ਪਤੈ, ਕੀ ਕੀਤਾ? ਚਰਾਂਦ ’ਚੋਂ ਸੁੱਕੀਆਂ ਝਿੰਗਾਂ ਲਿਆ ਕੇ ਪਿੰਡ ਨੂੰ ਅੱਗ ਲਾ’ਤੀ। ਅਰ ਬੁਝਾਉਣੀ ਪਈ, ਤੇਰੇ ਮੇਰੇ ਵਰਗਿਆਂ ਨੂੰ।’’ ਤਾਇਆ ਠਹਾਕਾ ਮਾਰ ਕੇ ਹੱਸਿਆ, ਹੱਸਦਾ ਰਿਹਾ।

ਚੜ੍ਹਦੀ ਉਮਰ ਵਿੱਚ ਉਹ ਫ਼ੌਜ ਵਿੱਚ ਭਰਤੀ ਹੋਇਆ। ਬਸਰੇ ਬਗਦਾਦ ਵਾਲੇ ‘ਬਾਡਰ’ ਉਪਰ ਡੱਟਿਆ, ਦੂਜਾ ਮਹਾਂ ਯੁੱਧ ਲੜਦਾ ਰਿਹਾ। ‘‘ਓ ਯਾਰ, ਸਾਨੂੰ ਤਾਂ ਗੋਰਿਆਂ ਨੇ ਗੋਲ਼ੀ ਠੰਢੀ ਕਰਨ ਖਾਤਰ ਭਰਤੀ ਕੀਤਾ। ਪਿਨਸ਼ਨ ਕੇਹੜੀ ਦੇਣੀ ਤੀ। ਉਨ੍ਹਾਂ ਨੂੰ ਲੋੜ ਤੀ। ਲੰਬੜਦਾਰਾਂ ਰਾਹੀਂ ਬਾਂਸ ਦੇ ਢਾਂਗੇ ਨਾਲ ਅਟਾ ਸਟਾ ਕੱਦ ਮਿਣ ਕੇ, ਖਾਕੀ ਪੈਂਟ ਪਵਾ ਕੇ ਜੰਗ ’ਚ ਧੱਕ ਦਿੰਦੇ। ਜੰਗ ਥੰਮ੍ਹੀਂ। ਸਾਡੇ ਵਰਗੇ ਕਿੰਨੇ ਹੀ ਵਧਾਕੜ ਬੇਰੰਗ ਘਰਾਂ ਨੂੰ ਤੋਰ ਦਿੱਤੇ। ’ਗਾਂਹਾਂ ਘਰ ਆਉਂਦੇ ਨੂੰ ਈ ਘਰਦਿਆਂ ਨੇ ਜੁਦਾ ਕਰ’ਤਾ। ਕਹਿੰਦੇ; ਏਹ ਕੰਮ ਨ੍ਹੀਂ ਕਰਦਾ।’’ ਤਾਇਆ ਚੜ੍ਹਦੀ ਜਵਾਨੀ ਵਿੱਚ ਕੀਤੇ ਸੰਘਰਸ਼ ਦੀ ਵਿਥਿਆ ਛੇੜ ਲੈਂਦਾ।

‘‘ਅੱਡ ਹੋ ਕੇ ਆਪਣੇ ਆਪ ਨੂੰ ਸੰਭਾਲਣਾ ਬਹੁਤ ਔਖਾ ਹੁੰਦੈ। ’ਕੇਰਾਂ ਤਾਂ ’ਕੱਲਾ ਕਹਿਰਾ ਬੰਦਾ ਜਮਾਂ ਈ ਨਿਆਸਰਾ ਹੋ ਜਾਂਦੈ। ਸੁਣ ਲੈ, ਨਵੇਂ ਅੱਡ ਹੋਏ ਦੀ ਵਾਰਤਾ:

‘ਉਪਰਲੇ ਦੀ ਹੋ ਗੀ ਮਰਜ਼ੀ, ਬਾਪ ਛੜੇ ਦਾ ਮਰਿਆ

ਝੱਟ ਭਰਾਵਾਂ ਵੰਡੀ ਧਰਤੀ, ਅੱਡ ਬੇਚਾਰਾ ਕਰਿਆ

ਭਾਂਡਾ ਟੀਂਡਾ ’ਕੱਠਾ ਕਰ ਕੇ, ਕੋਲ ਛੜੇ ਦੇ ਧਰਿਆ

ਡਰਦਾ ਛੜਾ ਬੋਲੇ ਹੈ ਨਾ, ਫਿਰੇ ਹਰਖ਼ ਦਾ ਭਰਿਆ

ਤੇਰੀ ਕੁਦਰਤ ਤੋਂ, ਮੈਂ ਹਾਂ ਬਾਬਾ ਡਰਿਆ...,’’ ਉਸ ਨੇ ਆਪਣੀ ਮੰਦੀ ਮਾਇਕ ਹਾਲਤ ਬਾਰੇ ਬੋਲੀ ਪਾ ਦਿੱਤੀ। ਬੇਸ਼ੱਕ ਉਹ ਉਸ ਵਕਤ ਛੜਾ ਨਹੀਂ ਸੀ। ਮੈਂ ਜਿਰ੍ਹਾ ਕੀਤੀ।

‘‘ਓ ਭਾਈ, ਅਲੱਗ ਥਲੱਗ ਹੋਏ ਕਬੀਲਦਾਰ ਬੰਦੇ ਦੀ ਹਾਲਤ ਛੜੇ ਤੋਂ ਵੀ ਭੈੜੀ ਹੁੰਦੀ ਤੀ, ਓਸ ਜਮਾਨੇ ’ਚ। ਘਰਦਿਆਂ ਨਾਲ ਸ਼ਰੀਕਾ। ਉਹ ਕਹਿੰਦੇ; ਦੇਖ ਲਵਾਂਗੇ, ਕੀ ਕਰ ਲੂ ਹੁਣ ’ਕੱਲਾ। ਇਮਤਿਹਾਨ ਹੁੰਦੈ। ਚਾਹੇ ਕੋਈ ਹੋਵੇ, ਕੇਂਦਰ ਨਾਲੋਂ ਟੁੱਟ ਕੇ ਸਿਫਰੇ ਤੋਂ ਜਿੰਦਗੀ ਸ਼ੁਰੂ ਕਰਨੀ ਪੈਂਦੀ। ਫੇਰ ਉਹ ਖੇਤੀ ਤਾਂ ਬਹੁਤੇ ਹੱਥਾਂ ਦੀ ਖੇਡ ਤੀ।’’ ਅਲੱਗ ਹੋਏ ਨੂੰ ਡੱਟ ਕੇ ਵਾਹੀ ਕਰਨੀ ਪਈ ਪਰ ਸੱਠਵਿਆਂ ਦੇ ਆਰੰਭ ਵਿੱਚ ਜਦੋਂ ਹਰਾ ਇਨਕਲਾਬ ਬਰੂਹਾਂ ਉੱਤੇ ਸੀ ਤਾਂ ਉਸ ਨੂੰ ਮਿਲੀ ਚੰਗੀ ਸੰਗਤ ਨੇ ਤਾਏ ਨੂੰ ਤਾਰ ਦਿੱਤਾ। ‘‘ਮੇਰਾ ਸੰਗੀ ਸਾਥੀ ਜਿਹੜਾ ਪਿੰਡ ’ਚੋਂ ਬਣਿਆ, ਉਹ ਵੀ ਸਾਂਝੇ ਟੱਬਰ ਨਾਲੋਂ ਅੱਡ ਵਿੱਢ। ਸਿਆੜ ਵੀ ਹਿਸਾਬ ਦੇ, ਪਰ ਉੱਚੀ ਦਲੀਲ ਦਾ ਮਾਲਕ!’’ ਉਸ ਦਾ ਹਾਣੀ ਦੋਸਤ ਆਪ ਬੇਟ ਵਿੱਚ ਜ਼ਮੀਨ ਲੈ ਕੇ ਮਿਹਨਤ ਕਰਨ ਲੱਗਿਆ ਤੇ ਤਾਇਆ ਗੁਲਜਾਰਾ ਪਿੰਡ ਵਿੱਚ ‘ਮੀਣੇ ਬੌਲਦ ਵਾਂਗ ਸਿਰ ਸਿੱਟ ਕੇ’ ਜੁਟਿਆ ਰਿਹਾ। ਨੌਲੜੀ ਦੇ ਅਗਾਂਹਵਧੂ ਕਿਸਾਨਾਂ ਤੇ ਪਿੰਡ ਦੇ ਦੋਸਤ ਮਲਕੀਤ ਸਿੰਘ ਨਾਲ ਹਰ ਸਾਲ ਖੇਤੀਬਾੜੀ ਯੂਨੀਵਰਸਿਟੀ ਜਾਂਦਾ, ਨਵੇਂ ਬੀਜ, ਨਵੇਂ ਖਾਦ ਲੈ ਕੇ ਆਉਣ ਤੋਂ ਕਦੇ ਨਾ ਖੁੰਝਦਾ।

‘‘ਨਵੇਂ ਬੀਆਂ ਨਾਲੋਂ ਵੀ ਖੇਤੀਬਾੜੀ ਯੂਨੀਵਰਸਿਟੀ ਤੋਂ ਸੁਣੀਆਂ ਨਵੀਆਂ ਸਕੀਮਾਂ ਨੇ ਸਾਡਾ ਬੇੜਾ ਬੰਨੇ ਲਾਇਐ...।’’

‘‘ਪਰ ਉਸ ਹਰੇ ਇਨਕਲਾਬ ਨੇ ਸਾਡੇ ਪੰਜਾਬ ਦਾ ਬੇੜਾ ਵੀ ਬਿਠਾਇਐ, ਤਾਇਆ ਜੀ।’’ ਹੁੱਬ ਕੇ ਦੱਸਦੇ ਫ਼ੌਜੀ ਤਾਏ ਨੂੰ ਇੱਕ ਵਾਰੀ ਮੈਂ ਟੋਕਿਆ। ‘‘ਸਾਡੀ ਜ਼ਮੀਨ ਜੋ ਦੇਸੀ ਰੇਅ ਨਾਲ ਸੋਨਾ ਉਗਲਦੀ, ਹੁਣ ਉਹ ਹਰੀ ਕ੍ਰਾਂਤੀ ਪਿੱਛੋਂ ਫਾਰਮੀ ਖਾਦਾਂ ਦੀ ਆਦੀ ਹੋਗੀ। ਪਾਣੀ ਸਾਡਾ ਮੁੱਕਣ ਕੰਢੇ ਐ। ਬਲੱਡ ਪ੍ਰੈਸ਼ਰ, ਹਾਰਟ ਅਟੈਕ, ਕੈਂਸਰ- ਸਭ ਬਿਮਾਰੀਆਂ ਉਸ ਇਨਕਲਾਬ ਨੇ ਹੀ ਦਿੱਤੀਆਂ ਨੇ।’’ ਮੈਂ ਇਤਰਾਜ਼ ਕੀਤਾ।

‘‘ਨਹੀਂ ਬਈ, ਮੈਂ ਨ੍ਹੀਂ ਮੰਨਦਾ। ’ਕੇਰਾਂ ਤਾਂ ਲਹਿਰਾਂ ਲਾਤੀਆਂ ਉਸ ਨੇ। ਜਿਣਸਾਂ ਦੇ ਵਧੇ ਝਾੜ ਨੇ ਲੱਜਤ ਲਿਆ ਦਿੱਤੀ। ਮੈਂ ਮੰਨਦੈਂ, ਧਰਤੀ ਨੂੰ ਫੈਟ੍ਹਾ ਪੈ ਗਿਆ। ਬਿਮਾਰੀਆਂ ਆਈਐਂ। ਪਰ ਏਹ ਸਾਰਾ ਸਾਡੇ ਰਾਜ ਕਰਨ ਆਲ਼ਿਆਂ ਦਾ ਕਸੂਰ ਐ। ਜਿਹੜੇ ਬਣਦੇ ਭਾਅ ਨ੍ਹੀਂ ਦਿੰਦੇ। ਸਾਡੀ ਜਿਣਸ ਨੂੰ ਜਿਨ੍ਹਾਂ ਸੰਭਾਲਿਆ ਨਹੀਂ।’’ ਤਾਇਆ ਮੰਨਣ ਨੂੰ ਤਿਆਰ ਨਹੀਂ ਸੀ। ਆਪਣੀ ਖੇਤੀ ਦੀ ਉਪਜ ਨਾਲ ਉਸ ਨੇ ਤੇ ਉਸ ਦੇ ਸੰਗੀ ਸਾਥੀ ਨੇ ਜ਼ਿਕਰਯੋਗ ਮੱਲਾਂ ਮਾਰੀਆਂ। ਵੱਡੀਆਂ ਕਬੀਲਦਾਰੀਆਂ ਨਜਿੱਠੀਆਂ।

‘‘ਫੇਰ ਹੁਣ ਵਾਲੇ ਕਿਰਸਾਣ ਜ਼ਮੀਨਾਂ ਕਿਉਂ ਨ੍ਹੀਂ ਖਰੀਦਦੇ, ਤਾਇਆ?’’

‘‘ਖਰਚੇ ਵਧਾ ਲਏ। ਸ਼ੁਕੀਨੀਆਂ ਵਧਗੀਆਂ। ਹੱਥੀਂ ਕੰਮ ਕਰਨੋਂ ਜਾਂਦੇ ਲੱਗੇ...’’ ਤਾਇਆ ਖਿਝ ਕੇ ਪਿਆ।

‘‘ਇਹ ਵੀ ਉਸ ਹਰੀ ਕ੍ਰਾਂਤੀ ਕਰ ਕੇ ਹੋਇਐ, ਤਾਇਆ ਜੀ।’’

‘‘ਬਈ, ਮੈਂ ਨ੍ਹੀਂ ਮੰਨਦਾ। ਖੇਤੀ ਵਿਗਿਆਨਕ ਸਾਨੂੰ ਪਿੰਡ ਪਿੰਡ ਕਦੋਂ ਕਹਿਣ ਆਏ ਨੇ ,ਬਈ ਮੈਰਿਜ ਪੈਲਸਾਂ ’ਚ ਵਿਆਹ ਕਰੋ, ਮਹਿੰਗੀਆਂ ਗੱਡੀਆਂ ਖਰੀਦੋ? ਅਸੀਂ ਟੰਗਾਂ ਚੱਕ ਕੇ ਆਪ ਫਾਹੇ ਆਉਂਦੇ ਹਾਂ, ਸ਼ੇਰਾ।’’ ਉਸ ਅਨੁਸਾਰ, ਅਜੋਕੀ ਪੀੜ੍ਹੀ ਸਰਫ਼ਾ ਕਰਨਾ ਭੁੱਲ ਗਈ।

ਮੈਂ ਉਸ ਨੂੰ ਹੋਰ ਪਾਸੇ ਲਾਉਣਾ ਚਾਹਿਆ ਤੇ ਚੜ੍ਹਦੀ ਉਮਰ ਵੱਲ ਦੁਬਾਰਾ ਮੋੜ ਲਿਆ। ਜਦੋਂ ਉਹ ਆਪ ਗੱਜ ਵੱਜ ਕੇ ਮਿਹਨਤ ਕਰਦੇ। ‘‘ਮਿਹਨਤ ਬਾਰੇ ਸੁਣ ਲੈ ਮੇਰੀ ਗੱਲ। ਤੜਕੇ ਦੋ ਵਜੇ ਪਹਿਲਾ ਮੁਰਗਾ ਬੋਲਦੇ ਨਾਲ ਉੱਠ ਕੇ ਬੌਲਦਾਂ ਨੂੰ ਕੱਖ ਪੱਠਾ ਪਾਉਣਾ। ਇੱਕ ਢੌਂਕਾ ਨੀਂਦ ਦਾ ਹੋਰ ਲੱਗੇ ਤੋਂ ਤੇਰੀ ਤਾਈ ਨੇ ਚਾਹ ਧਰ ਦੇਣੀ। ਚਾਹ ਪੀ ਕੇ ਚੱਲ ਪੈਣਾ। ਹਲ਼ ਵਾਹੁਣਾ ਹੋਵੇ ਚਾਹੇ ਘੁਲਾੜੀ ਜਾਂ ਖੂਹ ਜੋੜਨਾ ਹੁੰਦਾ। ਹਾਜਰੀ ਵਖਤ ਦੀ ਰੋਟੀ ਲੈ ਕੇ ਗਈ ਤੇਰੀ ਤਾਈ ਨੇ ਆ ਕੇ ਇਮਦਾਦ ਕਰਨੀ। ਯਾਰ, ਹੁਣ ਆਲ਼ੀ ਪੀੜ੍ਹੀ ਕਰ ਲੂ ਓਨੀ ਮੁਸ਼ੱਕਤ? ਫੇਰ ਕਹੇਂਗਾ, ਤਾਇਆ ਕਹਿੰਦਾ। ਆਹ ਜਮੀਨ ਜਾਇਦਾਤ ਤੇਰੇ ਖਿਆਲ ’ਚ ਕਿਤੇ ਮਦਾਰੀ ਵਾਂਗੂੰ ‘ਝੁਰਲੂ’ ਕਹੇ ਤੋਂ ਬਣਗੀ?’’ ਸੁੱਚੀ ਕਿਰਤ ਕਰਨ ਨਾਲ ਜੋ ਕਮਾਈ ਹੁੰਦੀ, ਉਹ ਅਖਵਾਉਂਦੀ ਲੱਛਮੀ। ਜਿਸ ਨਾਲ ਉਸ ਨੇ ਜ਼ਮੀਨ ਖਰੀਦੀ ਸੀ। ‘‘ਜਮ੍ਹਾਂ ਕੀਤੀ ਲੱਛਮੀ ਬਣ ਜਾਂਦੀ ਮਾਇਆ ਜਿਸ ਦੇ ਮੋਢਿਆਂ ਉਪਰ ਸਵਾਰ ਹੋ ਕੇ ਦੋ ਭਾਈ - ਸੁਰ ਤੇ ਸੁਰਾ- ਵੀ ਆ ਜਾਂਦੇ। ਦਾਨਵ ਬੁੱਧੀ ਅਤੇ ਸ਼ਰਾਬ। ਖਾਨਾ ਖਰਾਬ।’’ ਤਾਇਆ ਸਮਝਾਉਂਦਾ ਰਿਹਾ।

‘‘ਇੱਖ ਪੀੜਦੇ ਹੋਏ ਤੁਸੀਂ ਵੀ ਸ਼ਰਾਬ ਕੱਢ ਲੈਂਦੇ ਸੀ?’’ ਮੈਂ ਹੱਸਿਆ।

‘‘ਤੂੰ ਪੁੱਛ, ਕੱਢਦਾ ਕੌਣ ਨ੍ਹੀਂ ਸੀ? ਵੱਡੀ ਗੱਲ, ਉਹ ਜਮਾਨਾ ਚੰਗਾ ਤਾ। ਮੁਖਬਰੀ ਨਹੀਂ ਸੀ। ਰਸ ਦੀ ਮੈਲ਼ ਨਾਲ ਐਹੋ ਜਿਹੀ ਦਾਰੂ ਕੱਢਦੇ ਜਿਹੜੀ ਸਪੋਲ਼ੀਏ ਵਾਂਗੂੰ ਇਕਦਮ ਸਾਰੇ ਪੇਟ ’ਚ ਘੁੰਮ ਜਾਂਦੀ। ਦੇਖੋ, ਕਿਸੇ ਤਿੱਥ ਤਿਹਾਰ ਨੂੰ ਸ਼ੁਗਲ ਮੇਲਾ ਕਰਨ ’ਚ ਹਰਜ਼ ਕੀ ਐ?’’ ਤਾਇਆ ਇੱਕ ਪਲ ਰੁਕ ਕੇ ਬੋਲਿਆ।

ਮੇਰੇ ਚਿਹਰੇ ਉਪਰਲੀ ਮਸ਼ਕਰੀ ਨੂੰ ਭਾਂਪਦਾ, ਉਹ ਮੇਰੀ ਤਸੱਲੀ ਕਰਵਾਉਣੀ ਚਾਹੁੰਦਾ। ਉਸ ਮੁਤਾਬਿਕ, ਸ਼ਰਾਬ ਦੀ ਕੁਵਰਤੋਂ ਮਾੜੀ ਸੀ। ‘‘ਯਾਰ, ਖਾਣ ਪੀਣ ’ਚ ਸੰਜਮ ਰੱਖਣਾ, ਬੰਧੇਜ ਹੋਣਾ ਜਰੂਰੀ ਹੁੰਦੈ ਐ। ਲੋੜੋਂ ਵੱਧ ਖਾਧਾ ਤਾਂ ਘਿਓ ਵੀ ਨੁਕਸਾਨ ਕਰਦੈ।’’ ਉਹ ਅਕਸਰ ਆਖਦਾ।

‘‘ਹੁਣ ਆਪਣੇ ਛੋਟੇ ਭਰਾ ਕੋਲ ਬਹਿ ਕੇ ਦੁੱਖ ਸੁੱਖ ਕਰ ਲੈਂਦੇ ਹੋ, ਤਾਇਆ ਜੀ?’’ ਮੈਂ ਪੁੱਛਿਆ। ਉਸ ਦਾ ਛੋਟਾ ਭਰਾ ਵੀ ਅੰਮ੍ਰਿਤਧਾਰੀ। ਬੜਾ ਸੁੱਚਮ ਤੇ ਸੋਧੀ ਕਿਸਮ ਦਾ ਬੰਦਾ। ਮੋਹ ਵੱਸ ਹੋਇਆ ਉਹ ਛੋਟੇ ਭਰਾ ਦੇ ਬਚਪਨ ਤੇ ਰੰਗਲੀ ਜਵਾਨੀ ਦੀਆਂ ਦਿਲਚਸਪ ਗੱਲਾਂ ਸੁਣਾਉਂਦਾ। ‘‘ਸੱਚੀ ਦੱਸਾਂ? ਫੇਰ ਕਹੇਂਗਾ; ਤਾਇਆ ਕਹਿੰਦੈ। ਸਿਆਣਾ ਨਿਆਣਾ ਇਕ ਬਰੋਬਰ ਹੋ ਜਾਂਦੈ। ਬਚਪਨ ’ਚ ਮਾਪਿਆਂ ਦੇ ਆਖੇ ਲੱਗੀਦਾ। ਮਾਪੇ ਲਾਡ ਨਾਲ ਸਮਝਾਉਂਦੇ। ਉਨ੍ਹਾਂ ਨੂੰ ਜਵਾਕ ਤੋਂ ਸੌ ਆਸਾਂ ਜੋ ਹੁੰਦੀਆਂ। ਵੱਡਾ ਹੋ ਕੇ ਸਾਨੂੰ ਸੁਖ ਦੇਊ। ਪਰ ਸਿਆਣੇ ਹੋਏ ਨੂੰ ਉਹੀ ਨਿਆਣੇ ਆਡਰ ਛੱਡਦੇ; ਆਹ ਨ੍ਹੀਂ ਕਰਨਾ, ਓਥੇ ਨ੍ਹੀਂ ਜਾਣਾ। ਜੇ ਆਖਿਆ ਨਾ ਮੰਨੇ, ਕੁਪੱਤ ਹੁੰਦੀ। ਬਿਰਧ ਕੋਲੋਂ ਕਿਹੜੀ ਆਸ? ਸਿਆਣੇ ਤੋਂ ਉਨ੍ਹਾਂ ਕਿਹੜਾ ਬਿਜਲੀ ਦਾ ਫਿਊਜ ਲਵਾਉਣਾ ਹੁੰਦਾ?’’ ਤਾਏ ਨੂੰ ਬੜੇ ਸਲੀਕੇ ਨਾਲ ਗੱਲ ਵੀ ਟਾਲਣੀ ਆਉਂਦੀ।

ਤਾਇਆ ਗੁਲਜਾਰਾ ਸਿਆਣਿਆਂ ਨਾਲ ਸਿਆਣਾ, ਜਵਾਨਾਂ ਨਾਲ ਜਵਾਨ ਤੇ ਨਿਆਣਿਆਂ ਵਿੱਚ ਨਿਆਣਾ ਬਣਦਾ ਕਿਰਸਾਣੀ ਦੀ ਖੁਸ਼ਹਾਲੀ ਮੰਗਦਾ ਅਜਿਹਾ ਟੋਟਕਾ ਸੁਣਾਉਂਦਾ;

‘‘ਚੱਲੋ ਕੁੜੀਓ ਘਾਹ ਨੂੰ/ ਬਾਬੇ ਵਾਲ਼ੇ ਰਾਹ ਨੂੰ/ ਜਿੱਥੇ ਬਾਬਾ ਮਰਿਆ/ ਉੱਥੇ ਕੋਠਾ ਉਸਰਿਆ।

ਕੋਠੇ ਵਿੱਚ ਰੋਟੀਆਂ/ ਜਿਊਣ ਸਾਡੀਆਂ ਝੋਟੀਆਂ/ ਝੋਟੀਆਂ ਦੇ ਗਲ਼ ਰੱਸਾ/ ਜੀਵੇ ਸਾਡਾ ਵੱਛਾ।

ਵੱਛੇ ਗਲ਼ ਪੰਜਾਲ਼ੀ/ ਜੀਵੇ ਸਾਡਾ ਹਾਲ਼ੀ/ ਹਾਲ਼ੀ ਦੇ ਪੈਰੀਂ ਜੁੱਤੀ/ ਜੀਵੇ ਸਾਡੀ ਕੁੱਤੀ।

ਕੁੱਤੀ ਦੇ ਵੱਜਿਆ ਰੋੜਾ/ ਜੀਵੇ ਸਾਡਾ ਘੋੜਾ/ ਘੋੜੀ ਉੱਤੇ ਕਾਠੀ/ ਜੀਵੇ ਸਾਡਾ ਹਾਥੀ।

ਹਾਥੀ ਦੇ ਰਾਹ ਵਿੱਚ ਝਾਫੇ/ ਜਿਊਣ ਸਾਡੇ ਮਾਪੇ।’’

ਪਿਛਲੀ ਉਮਰ ਵਿੱਚ ਉਹ ਅੰਮ੍ਰਿਤਧਾਰੀ ਸੀ। ਨੱਬੇ ਟੱਪ ਕੇ ਵੀ ਸਿੱਧਾ ਤੁਰਦਾ। ਸਾਈਕਲ ਚਲਾਉਂਦਾ। ਬੰਨ੍ਹੀਂ ਸੁਆਰੀ ਦਾੜ੍ਹੀ ਦੇ ਵਾਲ਼ਾਂ ਵਿੱਚ ਵੀ ਕੁਝ ਕਾਲਸ ਝਲਕਦੀ। ਜਦੋਂ ਪਚਾਨਵੇਂ ਸਾਲਾਂ ਦਾ ਹੋਇਆ, ਮੈਂ ਪੁੱਛਿਆ: ‘‘ਤੁਹਾਡੀ ਚੰਗੀ ਸਿਹਤ ਦਾ ਰਾਜ਼ ਕੀ ਹੈ, ਤਾਇਆ ਜੀ?’’ ਮਨਭਾਉਂਦੀ ਸਾਦੀ ਖੁਰਾਕ, ਬੇਫਿਕਰੀ ਉਸ ਦੀ ਤੰਦਰੁਸਤੀ ਦਾ ਭੇਦ ਸੀ। ‘‘ਕੋਈ ਸਲਾਦ, ਫਰੂਟ ਵੀ ਖਾਂਦੇ ਓ?’’

‘‘ਓ ਯਾਰ, ਪਿੰਡਾਂ ਦੇ ਲੋਕ ਕਿਹੜੇ ਸਲਾਦਾਂ ਫਰੂਟਾਂ ਨੂੰ ਜਾਣਦੇ? ਸਾਦਾ ਭੋਜਨ ਜਿਹੜਾ ਮਿਲਿਆ, ਛਕ ਲਿਆ। ਮੈਂ ਹਰ ਤੀਏ ਚੌਥੇ ਦਿਨ ਦੋ ਤਿੰਨ ਚਮਚੇ ਸੱਕਰ ਘਿਓ ਦੇ ਜਰੂਰ ਖਾ ਲੈਂਦਾ ਹਾਂ। ਬਾਕੀ ਸਰੀਰ ਨੂੰ ਹਿਲਾਉਂਦੇ ਚਲਾਉਂਦੇ ਰਹਿਣਾ ਚਾਹੀਦਾ। ਹਰਕਤ ’ਚ ਬਰਕਤ ਹੁੰਦੀ ਐ।’’ ਤਾਏ ਨੇ ਦੱਸਿਆ।

‘‘ਹੋਰ ਸੁਣ ਲੈ, ਮੇਰੀ ਆਪਣੇ ਪਿੰਡ ਦੇ ਵੈਦ ਹਕੀਮਾਂ ਕੋਲ ਉੱਠਣੀ ਬੈਠਣੀ ਰਹੀ ਐ। ਮਿਸਾਲ ਵੀ ਦੇ ਦਿੰਦੇ ਹਾਂ:

ਨਿੱਤ ਭੋਜਨ ਦੇ ਅੰਤ ਵਿੱਚ ਤੋਲ਼ਾ ਭਰ ਗੁੜ ਖਾਇ।

ਭੋਜਨ ਪਚੇ ਭੁੱਖ ਵਧੇ, ਕਬਜੀ ਵੀ ਮਿਟ ਜਾਇ।’’

ਕਰੋਨੇ ਤੋਂ ਪਹਿਲੇ ਸਾਲ ਸਾਡੀ ਆਖ਼ਰੀ ਮਿਲਣੀ ਵੇਲੇ ਮੈਂ ਤਾਏ ਨੂੰ ਆਪਣੇ ਅਮਰੀਕਾ ਵਾਪਸ ਜਾਣ ਬਾਰੇ ਦੱਸਿਆ ਤਾਂ ਉਹ ਓਦਰ ਗਿਆ। ਹੱਥ ਮਿਲਾਉਂਦਾ, ਆਪਣੇ ਸੁਭਾਅ ਮੂਜਬ ਟੱਪੇ ਸੁਣਾਉਂਦਾ ਤੁਰ ਗਿਆ:

‘‘ਪਰਦੇਸ ਨਾ ਜਾਇਆ ਕਰੋ, ਮਹੀਨਾ ਸਾਵਣ ਦਾ,

ਸਾਡਾ ਦਿਲ ਪਰਚਾਇਆ ਕਰੋ।

ਸੜਕੇ ’ਤੇ ਰਿੜ੍ਹ ਵੱਟਿਆ, ਛੱਡ ਕੇ ਨਾ ਜਾਈਂ ਮਿੱਤਰਾ,

ਵਿਛੋੜਾ ਮੈਂ ਬਹੁੰ ਕੱਟਿਆ...।’’

ਇਹ ਮੋਹ ਖੋਰਾ ਇਨਸਾਨ ਜੇ ਜਿਊਂਦਾ ਰਹਿੰਦਾ, ਉਸ ਨੇ ਦਿੱਲੀ ਦੇ ਬਾਡਰ ਉਪਰ ਲੱਗੇ ਕਿਸਾਨ ਮੋਰਚੇ ਵਿੱਚ ਗੱਜ ਵੱਜ ਕੇ ਹਾਜ਼ਰੀ ਭਰਨੀ ਸੀ। ਪਤਾ ਨਹੀਂ, ਪਿੰਡ ਦੇ ਹੋਰ ਕਿੰਨੇ ਕਾਰਜ ਸੁਆਰ ਦਿੰਦਾ।

(ਛਪਾਈ ਅਧੀਨ ਪੁਸਤਕ ‘ਮੂਰਤਾਂ ਰੰਗ ਬਰੰਗੀਆਂ’ ਵਿੱਚੋਂ)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਸ਼ਹਿਰ

View All