ਨੌਵੇਂ ਪਾਤਸ਼ਾਹ ਦੇ ਬਖ਼ਸ਼ੇ ਆਤਮ ਚਿੰਤਨ ਦੇ ਸੂਤਰ

ਇਸ ਸਾਲ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ ਹੈ। ਇਸ ਪੰਨੇ ਦੇ ਲੇਖ ਇਸ ਦਿਹਾੜੇ ਨੂੰ ਸਮਰਪਿਤ ਹਨ।

ਨੌਵੇਂ ਪਾਤਸ਼ਾਹ ਦੇ ਬਖ਼ਸ਼ੇ ਆਤਮ ਚਿੰਤਨ ਦੇ ਸੂਤਰ

ਡਾ. ਸਤਿੰਦਰ ਪਾਲ ਸਿੰਘ

ਫਲਸਫ਼ਾ

 ਮਨੁੱਖ ਲਈ ਜੀਵਨ ਆਦਿ ਕਾਲ ਤੋਂ ਹੀ ਵੱਡੇ ਰਹੱਸ ਵਾਂਗੂੰ ਰਿਹਾ ਹੈ। ਤਨ ਅੰਦਰ ਵੱਸ ਰਹੀ ਜੋਤ ਦਾ ਸ੍ਰੋਤ ਕੀ ਹੈ ਤੇ ਇਹ ਅੰਤ ਕਿੱਥੇ ਵਿਲੀਨ ਹੋ ਜਾਂਦੀ ਹੈ? ਇਹ ਦੋ ਸਵਾਲ ਉਸ ਨੂੰ ਸਦਾ ਹੀ ਉਲਝਾਉਂਦੇ ਆਏ ਹਨ। ਜੀਵਨ ਦਾ ਮਨੋਰਥ ਕੀ ਹੈ ਤੇ ਜੀਵਨ ਦੀ ਮਿਆਦ ਕੀ ਹੈ? ਇਹ ਸਵਾਲ ਵੀ ਪਹਿਲੇ ਦੋਵਾਂ ਸਵਾਲਾਂ ਨਾਲ ਹੀ ਜੁੜੇ ਹੋਏ ਹਨ। ਇਨ੍ਹਾਂ ਦਾ ਜਵਾਬ ਜਾਣੇ ਬਿਨਾ ਜੀਵਨ ਦੀ ਦਿਸ਼ਾ ਤੈਅ ਕਰਨਾ ਕਠਿਨ ਹੋ ਜਾਂਦਾ ਹੈ। ਹਰ ਮਨੁੱਖ ਦੀ ਆਪੋ ਆਪਣੀ ਵਿਆਖਿਆ ਹੈ। ਇਸ ਕਾਰਨ ਸਭ ਤੋਂ ਜ਼ਿਆਦਾ ਭਰਮ ਜੀਵਨ ਨੂੰ ਲੈ ਕੇ ਹਨ ਜੋ ਦਰਸਾਉਂਦੇ ਹਨ ਕਿ ਜੀਵਨ ਮਨੁੱਖ ਦੀ ਸਮਝ ਦਾ ਵਿਸ਼ਾ ਨਹੀਂ ਹੈ। ਗੁਰੂ ਸਾਹਿਬਾਨ ਨੇ ਜੀਵਨ ਬਾਰੇ ਮਨੁੱਖ ਦੇ ਸਾਰੇ ਭਰਮ ਦੂਰ ਕੀਤੇ ਜੋ ਲੋਕਾਈ ’ਤੇ ਮਹਾਨ ਉਪਕਾਰ ਸੀ।  ਗੁਰੂ ਸਾਹਿਬਾਨ ਨੇ ਮਨੁੱਖੀ ਜੀਵਨ ਨੂੰ ਇਕ ਦੁਰਲੱਭ ਅਉਸਰ (ਅਵਸਰ) ਕਿਹਾ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਸਮਝਣ ਦੀ ਲੋੜ ਹੈ, ਜੀਵਨ ਦਾ ਮਕਸਦ ਕੀ ਹੈ  ਤੇ ਇਸ ਨੂੰ ਕਿਵੇਂ ਪ੍ਰਾਪਤ ਕਰਨਾ ਹੈ। ਇਨ੍ਹਾਂ ਸਵਾਲਾਂ ’ਤੇ ਸੋਚ ਸਪਸ਼ਟ ਹੋਣ ਤੋਂ ਬਾਅਦ ਹੀ ਬੋਧ ਹੁੰਦਾ ਹੈ ਕਿ ਜੀਵਨ ਦਾ ਮੁੱਲ ਤੇ ਮੰਤਵ ਕੀ ਹੈ। ਗੁਰਬਾਣੀ ਦੀ ਸ਼ਰਣ ਗਿਆਂ ਹੀ ਇਨ੍ਹਾਂ ’ਤੇ ਸਰਬਪੱਖੀ ਤੇ ਦੁਬਿਧਾ ਮੁਕਤ ਦ੍ਰਿਸ਼ਟੀ ਪ੍ਰਾਪਤ ਹੁੰਦੀ ਤੇ ਜੀਵਨ ਸਕਾਰਥ ਕਰਨ ਦੀ ਪ੍ਰੇਰਨਾ ਮਿਲਦੀ ਹੈ। ਮਨੁੱਖ ਅੰਦਰ ਚੇਤਨਾ ਪੈਦਾ ਹੁੰਦੀ ਹੈ ਕਿ ਉਸ ਦੇ ਜੀਵਨ ਦਾ ਇੱਕ ਇੱਕ ਪਲ, ਲਿਆ ਜਾਣ ਵਾਲਾ  ਹਰ ਸੁਆਸ ਫ਼ਲ ਦੇਣ ਵਾਲਾ ਸਾਬਿਤ ਹੋਵੇ। ਗੁਰੂ ਨਾਨਕ ਦੇਵ ਜੀ ਨੇ ਤਾਂ ਮਨੁੱਖ ਦੇ ਜੀਵਨ ਨੂੰ ਮਾਤਰ ਇੱਕ ਦਮ ਦੀ ਮੁਹਲਤ ਦਿੰਦਿਆਂ ਵਚਨ ਕੀਤੇ ਜੋ ਦਮ ਲਿਆ ਜਾ ਰਿਹਾ ਹੈ ਉਸ ਦੀ ਪੂਰੀ ਸੰਭਾਲ ਕਰੇ। ਇਸ ਦਾ ਭਾਵ ਸੀ ਕਿ ਮਨੁੱਖੀ ਜੀਵਨ ਪੂਰੀ ਗੰਭੀਰਤਾ ਤੇ ਸੁਚੱਜੇ ਢੰਗ ਨਾਲ  ਜਿਉਣ ਦੀ ਲੋੜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਪੰਜ ਗੁਰੂ ਸਾਹਿਬਾਨ ਦੀ ਬਾਣੀ ਦਰਜ ਕਰਨ ਤੋਂ ਬਾਅਦ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਨੇ ਜੀਵਨ ਦੇ ਅੰਤਿਮ ਚਰਣ ਵਿਚ ਦਮਦਮਾ ਸਾਹਿਬ  ਵਿਖੇ ਸ਼ਾਮਿਲ ਕੀਤੀ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ, ਗੁਰੂ ਸਾਹਿਬਾਨ ਦੇ ਲੋਕਾਈ ’ਤੇ ਕੀਤੇ ਉਪਕਾਰ ਆਪ ਵਰਤਦੇ ਵੇਖੇ ਸਨ। ਯਕੀਨੀ  ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚ ਗੁਰ-ਉਪਦੇਸ਼ਾਂ ਦਾ ਸਾਰ ਨਜ਼ਰ ਆਇਆ ਤਾਂ ਹੀ ਉਨ੍ਹਾਂ ਨੇ ਨੌਵੇਂ ਪਾਤਸ਼ਾਹ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਕਰ ਸੰਪੂਰਨਤਾ ਪ੍ਰਦਾਨ ਕੀਤੀ। 

ਗੁਰੂ ਤੇਗ ਬਹਾਦਰ ਜੀ  ਦੀ ਬਾਣੀ ਦਾ ਰਚਨਾ ਕਾਲ ਸਭ ਤੋਂ ਆਧੁਨਿਕ ਹੀ ਨਹੀਂ, ਗੁਰਬਾਣੀ ਦਾ ਸਾਰ ਮੰਨਿਆ ਜਾ ਸਕਦਾ ਹੈ।ਗੁਰੂ ਤੇਗ ਬਹਾਦਰ ਜੀ ਦੀ ਬਾਣੀ ਮਨੁੱਖ ਨਾਲ ਸਿੱਧੇ ਸੰਵਾਦ ਦੀ ਬਾਣੀ ਹੈ। ਰਾਗ ਜੈਜਾਵੰਤੀ ਅੰਦਰ ਮਾਤਰ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਹੈ। ਸੰਗੀਤ ਦੇ ਵਿਦਵਾਨਾਂ  ਦਾ ਵਿਚਾਰ ਹੈ ਕਿ ਜੈਜਾਵੰਤੀ ਰਾਗ ਦੀ ਰਚਨਾ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਕੀਤੀ ਸੀ। ਇਸ ਰਾਗ ਦੀ ਵਿਲੱਖਣਤਾ ਹੈ ਕਿ ਇਸ ਅੰਦਰ ਦੁੱਖ ਤੇ ਸੁੱਖ ਦੋਵਾਂ ਦੇ ਭਾਵ ਨਾਲੋ ਨਾਲ ਪ੍ਰਵਾਹਮਾਨ ਹੁੰਦੇ ਹਨ। ਗੁਰੂ ਸਾਹਿਬ ਸਪਸ਼ਟ ਸੁਨੇਹਾ ਦੇਣਾ ਚਾਹੁੰਦੇ ਸਨ ਕਿ ਜੀਵਨ ਅੰਦਰ ਦੁੱਖ ਵੀ ਹਨ ਤੇ ਸੁੱਖ ਵੀ ਹਨ; ਮਨੁੱਖ ਸੁੱਖ ਤੇ ਦੁੱਖ ਦੇ ਵਿਚਾਰ ਤੋਂ ਉੱਪਰ ਉੱਠ ਕੇ ਮਾਤਰ ਆਪਣਾ ਧਰਮ ਨਿਭਾਵੇ।

ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ।।

ਮਾਇਆ ਕੋ ਸੰਗੁ ਤਿਆਗੁ ਪ੍ਰਭ ਜੂ ਕੀ ਸਰਨਿ ਲਾਗੁ।।

ਜਗਤ ਸੁਖ ਮਾਨੁ ਮਿਥਿਆ ਝੂਠੋ ਸਭ ਸਾਜੁ ਹੈ।। 

(ਪੰਨਾ 1352)

ਮਨੁੱਖ ਆਪਣੇ ਜੀਵਨ ਦਾ ਟੀਚਾ ਆਪ ਤੈਅ ਕਰਦਾ ਹੈ। ਕਿਸੇ ਨੂੰ ਧਨ, ਕਿਸੇ ਨੂੰ ਬਲ, ਕਿਸੇ ਨੂੰ ਸੰਸਾਰਕ ਵਿਦਵਤਾ ਤੇ ਕਿਸੇ ਨੂੰ ਮਾਣ ਸਨਮਾਨ ਚਾਹੀਦਾ ਹੈ। ਕੋਈ ਸੱਤਾ ਦਾ ਚਾਹਵਾਨ ਹੈ, ਕੋਈ ਵੱਡਾ ਧਰਮੀ ਅਖਵਾਉਣਾ ਚਾਹੁੰਦਾ  ਹੈ।  ਮਨੁੱਖ ਇਨ੍ਹਾਂ ਵਿਚ ਆਪਣਾ ਸੁਖ ਵੇਖਦਾ ਹੈ। ਗੁਰੂ ਤੇਗ ਬਹਾਦਰ ਜੀ ਉਸ ਦੇ ਸਾਰੇ ਭਰਮ ਦੂਰ ਕਰਦਿਆਂ ਨਾਮ ਸਿਮਰਨ ਨੂੰ ਹੀ ਜੀਵਨ ਦਾ ਇੱਕੋ ਇੱਕ ਕਾਰਜ ਦੱਸਦੇ ਹਨ। ਜੀਵਨ ਪਰਮਾਤਮਾ ਦਾ ਸਿਮਰਨ ਕਰਨ ਲਈ ਹੀ ਪ੍ਰਾਪਤ ਹੋਇਆ ਹੈ। ਮਨੁੱਖ ਆਤਮ ਚਿੰਤਨ ਕਰਦਾ ਰਹੇ ਕਿ ਉਸ ਦੇ ਜੀਵਨ ਦਾ ਕਿੰਨਾ ਸਮਾਂ ਪਰਮਾਤਮਾ ਦੀ ਭਗਤੀ ਅਤੇ ਚੰਗੇ ਕਾਰਜਾਂ ਵਿਚ ਲੱਗ ਰਿਹਾ ਹੈ ਕਿਉਂਕਿ ਇਹੋ ਸਫਲਤਾ ਦੀ ਪੌੜੀ ਹੈ। ਸੰਸਾਰਕ ਪਦਾਰਥ, ਸੰਸਾਰਕ ਤਾਕਤ ਪ੍ਰਾਪਤ ਕਰਨ ਨਾਲ ਜੀਵਨ ਨਹੀਂ ਸੰਵਰ ਸਕਦਾ। ਅਜਿਹੀਆਂ ਪ੍ਰਾਪਤੀਆਂ  ਰਾਤ ਦੇ ਸੁਪਨੇ ਵਾਂਗੂੰ ਹਨ। ਇਨ੍ਹਾਂ ’ਤੇ ਮਾਣ ਕਰਨ ਦਾ ਕੋਈ ਕਾਰਨ ਨਹੀਂ ਹੈ ਕਿਉਂਕਿ ਇਹ ਰੇਤ ਦੀ ਉਸਾਰੀ ਕੰਧ ਦੀ ਤਰ੍ਹਾਂ ਢਹਿ ਢੇਰੀ ਹੋ ਜਾਣ ਵਾਲੀਆਂ ਹਨ ਭਾਵ ਸਦਾ ਨਾਲ ਨਹੀਂ ਰਹਿਣ ਵਾਲੀਆਂ। ਇਕ ਪਰਮਾਤਮਾ ਦਾ ਸਿਮਰਨ ਹੀ ਨਾਲ ਰਹਿਣ ਵਾਲਾ ਤੇ ਹਿਤ ਕਰਨ ਵਾਲਾ ਹੈ। ਜੀਵਨ ਦੇ ਅਸਲ ਮਨੋਰਥ ਨੂੰ ਸਮਝਣ ਵਾਲਾ ਮਨੁੱਖ ਵਿਕਾਰਾਂ, ਮਾਇਆ ਤੋਂ ਮੁਕਤ ਹੋ ਜਾਂਦਾ ਹੈ ਤੇ ਪਰਮਾਤਮਾ ਨੂੰ ਜੀਵਨ ਦਾ ਸਾਰਾ ਸਮਾਂ ਸਕਾਰਥ ਕਰਦਾ ਹੈ।

ਗੁਰੂ ਤੇਗ ਬਹਾਦਰ ਜੀ ਜਾਣਦੇ ਸਨ ਕਿ ਵਿਕਾਰਾਂ ਤੇ ਮਾਇਆ ਤੋਂ ਉੱਭਰਨਾ ਸੌਖਾ ਨਹੀਂ ਹੈ, ਇਨ੍ਹਾਂ ’ਚ ਫਸ ਕੇ ਮਨੁੱਖ ਜੀਵਨ ਦਾ ਅਨਮੋਲ ਸਮਾਂ ਵਿਅਰਥ ਗੁਆ ਦਿੰਦਾ ਹੈ। ਆਪ ਨੇ ਮਨੁੱਖ ਨੂੰ ਉਸ ਦੀ ਅਗਿਆਨਤਾ ਤੇ ਭਰਮ ਪ੍ਰਤੀ ਸੁਚੇਤ ਕਰਦਿਆਂ ਬਚਨ ਕੀਤੇ ਕਿ ਜੀਵਨ ਦਾ ਸਮਾਂ ਤੇਜ਼ੀ ਨਾਲ ਬਤੀਤ ਹੁੰਦਾ ਜਾ ਰਿਹਾ ਹੈ:

ਰਾਮੁ ਭਜੁ ਰਾਮੁ ਭਜੁ ਜਨਮੁ ਸਿਰਾਤੁ ਹੈ।।   

(ਪੰਨਾ 1352)

ਮਨੁੱਖ ਸੰਸਾਰਕ ਪ੍ਰਾਪਤੀਆਂ ਪ੍ਰਤੀ ਜਿੰਨਾ ਯਤਨਸ਼ੀਲ ਰਹਿੰਦਾ ਹੈ, ਆਤਮਿਕ ਪ੍ਰਾਪਤੀ ਲਈ ਓਨਾ ਹੀ ਅਵੇਸਲਾ ਨਜ਼ਰ ਆਉਂਦਾ ਹੈ। ਉਹ ਪਰਮਾਤਮਾ ਦੀ ਭਗਤੀ ਨੂੰ ਸਦਾ ਹੀ ਕੱਲ੍ਹ ਲਈ ਟਾਲ ਦਿੰਦਾ ਹੈ ਜੋ ਕਦੇ ਵੀ ਨਹੀਂ ਆਉਂਦਾ। ਕਿਸੇ ਨੂੰ ਪਤਾ ਨਹੀਂ ਕਿ ਉਸ ਕੋਲ ਜੀਵਨ ਦਾ ਕਿੰਨਾ ਸਮਾਂ ਬਚਿਆ ਹੈ। ਮਨੁੱਖ ਕਦੇ ਜੀਵਨ ਦੇ ਅੰਤ ਬਾਰੇ ਨਹੀਂ ਸੋਚਦਾ ਤੇ  ਸੰਸਾਰਕ ਕਾਰ ਵਿਹਾਰ ਨੂੰ ਅੱਗੇ ਰੱਖਦਾ ਹੈ। ਗੁਰੂ ਸਾਹਿਬ ਨੇ ਕਿਹਾ ਕਿ ਇਹ ਉਸ ਦੀ ਮੂੜ੍ਹਤਾ ਹੈ। ਮਾਇਆ ਤੇ ਵਿਕਾਰਾਂ ਨੂੰ ਮਨੁੱਖ ਬਿਖ (ਜ਼ਹਿਰ) ਦੀ ਤਰ੍ਹਾਂ ਸਮਝ ਕੇ ਉਨ੍ਹਾਂ ਤੋਂ ਬਚੇ ਤੇ ਪਰਮਾਤਮਾ ਨਾਲ ਮਨ ਜੋੜੇ। ਮਨੁੱਖ ਨੂੰ ਜਦੋਂ ਇਹ ਸਮਝ ਆ ਜਾਵੇ ਕਿ ਉਸ ਕੋਲ ਸਮਾਂ ਥੋੜ੍ਹਾ ਹੈ ਤਾਂ ਹੀ  ਉਹ  ਇਹ ਸੋਚਣ ਲਈ ਮਜਬੂਰ ਹੁੰਦਾ ਹੈ ਪਈ ਜੋ ਕੰਮ ਉਸ ਦੇ ਜ਼ਿੰਮੇ ਹੈ ਉਸ ਨੂੰ ਸਮਾਂ ਪੂਰਾ ਹੋਣ ਤੋਂ ਪਹਿਲਾਂ ਹੀ ਪੂਰਾ ਕਰ ਲਵੇ। ਇਹ ਕੰਮ ਹੈ ਪਰਮਾਤਮਾ ਦਾ ਸਿਮਰਨ ਜਿਸ ਵਿਚ ਉਸ ਦਾ ਹੀ ਹਿਤ ਨਿਹਿਤ ਹੈ।  

ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਮਨੁੱਖ ਚਿੰਤਾ ਕਰੇ ਕਿ ਜੀਵਨ ਬਤੀਤ ਹੋਣ ਤੋਂ ਬਾਅਦ ਉਸ ਦਾ ਕੀ ਨਿਬੇੜਾ ਹੋਣ ਵਾਲਾ ਹੈ। ਜੀਵਨ ਸੰਸਾਰਕ ਰੰਗ-ਰਸ ਵਿਚ ਹੀ ਚਲਾ ਗਿਆ ਤਾਂ ਆਵਾਗਮਨ ਦੇ ਫੇਰ ਤੋਂ ਨਿਕਲਣਾ ਸੰਭਵ ਨਹੀਂ ਹੋਵੇਗਾ। ਸਦਾ ਅਗਿਆਨਤਾ ਤੇ ਭਰਮਾਂ ਵਿਚ ਹੀ ਭਟਕਣਾ ਪਵੇਗਾ।

ਰੇ ਮਨ ਕਉਨ ਗਤਿ ਹੋਇ ਹੈ ਤੇਰੀ।।

(ਪੰਨਾ 1352)

ਮਨੁੱਖ ਜ਼ਰੂਰ ਸੋਚੇ ਕਿ ਉਹ ਜੀਵਨ ਵਿਚ ਕਿਹੋ ਜਿਹੇ ਕਰਮ ਕਰ ਰਿਹਾ ਹੈ ਤੇ ਇਨ੍ਹਾਂ ਕਰਮਾਂ ਦਾ ਕੀ ਫ਼ਲ ਮਿਲਣ ਵਾਲਾ ਹੈ। ਗੁਰੂ ਸਾਹਿਬ ਨੇ ਮਾਇਆ ਦੇ ਮੋਹ ਵਿਚ ਪਏ ਮਨੁੱਖ ਲਈ ਅਤਿ ਮਹੱਤਵਪੂਰਨ ਗੱਲ ਕਹੀ ਕਿ ਜਿਸ ਮਾਇਆ ਪਿੱਛੇ ਪਰਾਮਤਮਾ ਨੂੰ ਵਿਸਾਰ ਕੇ ਉਹ ਜਨਮ ਅਕਾਰਥ ਕਰ ਰਿਹਾ ਹੈ ਉਹ ਮਾਇਆ ਤਾਂ ਆਪ ਪਰਮਾਤਮਾ ਦੀ ਦਾਸੀ ਹੈ ਤੇ ਪਰਮਾਤਮਾ ਦੇ ਹੁਕਮ ਅੰਦਰ ਹੈ। ਪਰਿਵਾਰ ਦਾ ਮੋਹ ਵੀ ਮਾਇਆ ਕਾਰਨ ਹੀ ਹੈ ਜੋ ਪੈਰਾਂ ਵਿਚ ਪਈਆਂ ਬੇੜੀਆਂ ਵਾਂਗੂੰ ਹੈ। ਇਹ ਬੇੜੀਆਂ ਮਨੁੱਖ ਨੂੰ ਪਰਮਾਤਮਾ ਦੇ ਮਾਰਗ ’ਤੇ ਚੱਲਣ ਤੋਂ ਵਰਜਦੀਆਂ ਹਨ। ਬਹੁਤ ਸਾਰੇ ਲੋਕ ਹਨ ਜੋ ਕਦੇ ਵੀ  ਪਰਮਾਤਮਾ ਦਾ ਧਿਆਨ ਨਹੀਂ ਕਰਦੇ। ਉਨ੍ਹਾਂ ਲਈ ਗੁਰੂ ਸਾਹਿਬ ਨੇ ਜ਼ੋਰ ਦਿੰਦਿਆਂ ਕਿਹਾ ਕਿ ਜਿਸ ਸੰਸਾਰ ਦੇ ਮੋਹ ਵਿਚ ਲੋਕ ਪਏ ਹੋਏ ਹਨ, ਉਹ ਸੰਸਾਰ ਤਾਂ ਸੁਪਨੇ ਦੀ ਤਰ੍ਹਾਂ ਮਿਥਿਆ ਹੈ। ਸੰਸਾਰ ਦਾ ਮੋਹ ਕੋਈ ਫ਼ਲ ਨਹੀਂ ਦਿੰਦਾ ਸਗੋਂ ਗਿਆਨ ਤੇ ਵਿਵੇਕ ਤੋਂ ਦੂਰ ਕਰਨ ਵਾਲਾ ਸਾਬਿਤ ਹੁੰਦਾ ਹੈ। ਮਨੁੱਖ ਜੀਵਨ ਦੀ ਅਵਧੀ ਪੂਰੀ ਹੋਣ ਤੋਂ ਬਾਅਦ ਹੋਣ ਵਾਲੇ ਲੇਖੇ ਜੋਖੇ ਦੀ ਚਿੰਤਾ ਕਰੇ।

ਹਰ ਜੀਅ, ਜਿਸ ਦਾ ਜਨਮ ਹੋਇਆ ਹੈ, ਦਾ ਅੰਤ ਹੋਣਾ ਹੀ ਹੈ। ਮਨੁੱਖ ਸਦਾ ਕਾਲ ਨੂੰ ਯਾਦ ਰੱਖੇ।

ਅਸਥਿਰੁ ਜੋ ਮਾਨਿਓ ਦੇਹ ਸੋ ਤਉ ਤੇਰਉ ਹੋਇ ਹੈ ਖੇਹੁ।।  

(ਪੰਨਾ 1353)

ਅਗਿਆਨੀ ਮਨੁੱਖ ਆਪਣੇ ਤਨ ਨੂੰ ਹੀ ਆਪਣੇ ਵਜੂਦ ਦੇ ਤੌਰ ’ਤੇ ਵੇਖਦਾ ਹੈ। ਉਹ ਭਵਿੱਖ ਲਈ ਕਾਰਜ ਕਰਦਾ ਹੈ, ਪਰ ਇਹ ਧਿਆਨ ਨਹੀਂ ਰੱਖਦਾ ਕਿ ਸੰਸਾਰ ਅੰਦਰ ਕਿੰਨਾ ਜਿਉਣਾ ਹੈ। ਇਹ ਤਨ ਤਾਂ ਭਸਮ ਹੋ ਜਾਣਾ ਹੈ। ਮਨੁੱਖ ਕਾਲ ਤੋਂ ਬਚ ਕੇ ਕਿਧਰੇ ਨਹੀਂ ਜਾ ਸਕਦਾ। ਗੁਰੂ ਸਾਹਿਬ ਨੇ ਕਿਹਾ ਕਿ ਆਪਣੇ ਤਨ ’ਤੇ ਮਾਣ ਕਰਨ ਦੀ ਥਾਂ ਮਨੁੱਖ ਪਰਮਾਤਮਾ ਨੂੰ ਮਨ ਵਿਚ ਵਸਾਏ ਤੇ ਭਗਤੀ ਵਿਚ ਹੀ ਜੀਵਨ ਬਤੀਤ ਕਰੇ। ਇਹੋ ਸੁਚੱਜਾ ਜੀਵਨ ਢੰਗ ਹੈ।

ਧਰਮ ਦੇ ਮਾਰਗ ’ਤੇ ਚੱਲਣ ਲਈ ਸਾਫ਼ ਤੇ ਸਪਸ਼ਟ ਦ੍ਰਿਸ਼ਟੀ ਧਾਰਨ ਕਰਨ ਦੀ ਲੋੜ ਹੈ। ਮਨੁੱਖ ਸਮਝੇ ਕਿ ਜੀਵਨ ਦਾ ਸਮਾਂ ਬਹੁਤ ਅਨਮੋਲ ਤੇ ਸੀਮਤ ਹੈ ਜਿਸ ਦੀ ਸੰਭਾਲ ਪਰਮਾਤਮਾ ਦਾ ਧਿਆਨ ਕਰ ਕੇ ਹੀ ਕੀਤੀ ਜਾ ਸਕਦੀ ਹੈ। ਮਨੁੱਖ ਅਜਿਹੇ ਕਾਰਜ ਕਰੇ ਜੋ ਪਰਲੋਕ ਸੰਵਾਰਨ ਵਾਲੇ ਹੋਣ। ਪਰਮਾਤਮਾ ਦੀ ਭਗਤੀ ਬਿਨਾ ਜਨਮ ਅਕਾਰਥ ਚਲਾ ਜਾਂਦਾ ਹੈ। ਗੁਰੂ ਤੇਗ ਬਹਾਦਰ ਜੀ ਦੀ ਰਾਗ ਜੈਜਾਵੰਤੀ ਹੇਠ ਦਰਜ ਬਾਣੀ ਅੰਦਰ ਸੰਸਾਰ ਦਾ ਨਾਸ਼ਮਾਨ ਰੂਪ ਵੀ ਪ੍ਰਗਟ ਹੋਇਆ ਹੈ ਤੇ ਵਿਕਾਰਾਂ ਤੇ ਮਾਇਆ  ਦਾ ਮਨੁੱਖ ’ਤੇ ਪੈਣ  ਵਾਲਾ ਗਹਿਰਾ ਅਸਰ ਵੀ। ਗੁਰੂ ਸਾਹਿਬ ਦੀ ਬਾਣੀ ਅੰਦਰ ਵਿਕਾਰਾਂ ਤੇ ਮਾਇਆ ਮੋਹ ਦਾ ਭਰਮ ਵੀ ਟੁੱਟਦਾ ਨਜ਼ਰ ਆਉਂਦਾ ਹੈ ਤੇ ਜੀਵਨ ਜਿਉਣ ਦੀ ਸੱਚੀ ਰਾਹ ਵੀ ਵਿਖਾਈ ਦਿੰਦੀ ਹੈ। ਇਹ ਮਨੁੱਖ ਨੂੰ ਅਗਿਆਨਤਾ ਦੀ ਨੀਂਦ ਤੋਂ ਜਗਾਉਣ ਵਾਲੀ ਤੇ ਪ੍ਰੇਮਮਈ ਝਿੜਕਾਂ ਦੇ ਕੇ ਸੁਚੇਤ ਕਰਨ ਵਾਲੀ ਬਾਣੀ ਵੀ ਹੈ। ਇਹ ਰੋਜ਼ਾਨਾ ਚਿੰਤਨ ਦੀ ਪ੍ਰੇਰਨਾ ਹੈ ਤੇ ਕਿਸੇ ਵੀ ਪਲ ਅਵੇਸਲਾ ਨਾ ਹੋਣ ਦੇਣ ਦੀ ਪੁਕਾਰ  ਵੀ ਹੈ। ਗੁਰੂ ਤੇਗ ਬਹਾਦਰ ਜੀ ਦੀ ਇਹ ਬਾਣੀ ਜਿਸ ਸੰਸਾਰ ਦਾ ਸੱਚ ਪ੍ਰਗਟ ਕਰ ਜੀਵਨ ਅੰਦਰ ਵੈਰਾਗ ਪੈਦਾ ਕਰਦੀ ਹੈ, ਉਹੀ ਬਾਣੀ ਪਰਮਾਤਮਾ ਲਈ ਪ੍ਰੇਮ ਭਾਵਨਾ ਪੈਦਾ ਕਰ ਜੀਵਨ ਦੇ ਵੈਰਾਗ ਨੂੰ ਪਰਮਾਤਮਾ ਨਾਲ ਮੇਲ ਦਾ ਚਾਉ ਤੇ ਆਨੰਦ ਵੀ ਪੈਦਾ ਕਰਦੀ ਹੈ।  

ਸੰਪਰਕ: 94159-60533

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All