ਜ਼ੁਲਮ ਦੇ ਕੈਲੰਡਰ ਵਿਚ ਐਤਵਾਰ ਨਹੀਂ ਹੁੰਦਾ

ਜ਼ੁਲਮ ਦੇ ਕੈਲੰਡਰ ਵਿਚ ਐਤਵਾਰ ਨਹੀਂ ਹੁੰਦਾ

ਸਾਰੋਂਗ ਕਰਾਂਤੀ: ਮਿਆਂਮਾਰ ਵਿਚ ਔਰਤਾਂ ਵੱਲੋਂ ਫ਼ੌਜੀ ਦਸਤਿਆਂ ਨੂੰ ਰੋਕਣ ਲਈ ਸੜਕਾਂ ’ਤੇ ਲਟਕਾਏ ਗਏ ਆਪਣੇ ਪਹਿਨਣ ਵਾਲੇ ਵਸਤਰ ਸਾਰੋਂਗ।

ਕੁਲਦੀਪ ਸਿੰਘ ਦੀਪ (ਡਾ.)

ਦੇਸ਼ ਦੁਨੀਆਂ

ਈਸਾਈ ਮੱਤ ਵਿਚ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਧਰਤੀ ਰੱਬ ਨੇ ਛੇ ਦਿਨਾਂ ਵਿਚ ਬਣਾਈ ਸੀ ਤੇ ਸੱਤਵੇਂ ਦਿਨ ਵਿਸ਼ਰਾਮ ਕੀਤਾ ਸੀ, ਪਰ ਹਰਨਾਕਸ਼ ਤੋਂ ਲੈ ਕੇ ਹਿਟਲਰ, ਮੁਸੋਲਿਨੀ, ਅਰੰਗਜ਼ੇਬ ਅਤੇ ਹੁਣ ਜਨਰਲ ਮਿਨ ਆਂਗ ਹਲਾਇੰਗ (Min Aung Hlaing) ਤੱਕ ਦੀ ਦਰਿੰਦਗੀ ਨੇ ਸਿੱਧ ਕਰ ਦਿੱਤਾ ਹੈ ਕਿ ‘ਵਿਗੜਿਆ ਹਾਕਮ’ ਆਪਣੇ ਆਪ ਨੂੰ ‘ਰੱਬ’ ਤੋਂ ਵੀ ਉਪਰ ਮੰਨਦਾ ਹੈ ਤੇ ਇਸੇ ਲਈ ਜ਼ੁਲਮ ਦੇ ਕਲੈਂਡਰ ਵਿਚ ਐਤਵਾਰ ਦੀ ਵੀ ਕੋਈ ਛੁੱਟੀ ਨਹੀਂ ਹੁੰਦੀ। ਔਰੰਗਜ਼ੇਬ ਨੇ ਵੀ ਗੁਰੂ ਤੇਗ ਬਹਾਦਰ ਨੂੰ ਕਿਹਾ ਸੀ ਕਿ ਜਾਂ ਤਾਂ ਕਰਾਮਾਤ ਦਿਖਾਓ, ਜਾਂ ਦੀਨ ਕਬੂਲ ਕਰ ਲਓ। ਪਰ ਗੁਰੂ ਜੀ ਨੇ ਇਨ੍ਹਾਂ ਦੋਵਾਂ ਦੀ ਥਾਂ, ਤੀਜਾ ਰਾਹ ਸ਼ਹਾਦਤ ਦਾ ਚੁਣਿਆ। ਇਹ ਸਿਲਸਿਲਾ ਉਦੋਂ ਤੋਂ ਅੱਜ ਤੱਕ ਨਿਰੰਤਰ ਚੱਲ ਰਿਹਾ ਹੈ। 

ਪਹਿਲੀ ਫਰਵਰੀ ਨੂੰ ਮਿਆਂਮਾਰ (ਪੁਰਾਣਾ ਨਾਂ ਬਰਮਾ) ਵਿਚ ਹੋਏ ਫੌਜੀ ਰਾਜਪਲਟੇ ਤੋਂ ਲੈ ਕੇ ਅੱਜ ਤੱਕ ਕੋਈ ਅਜਿਹਾ ਦਿਨ ਨਹੀਂ, ਜਿਸ ਦਿਨ ਫੌਜ ਨੇ ਆਪਣੇ ਹੀ ਮੁਲਕ ਦੇ ਸ਼ਹਿਰੀਆਂ ਦੇ ਸਿਰ ਨਾ ਫੋੜੇ ਹੋਣੇ, ਉਨ੍ਹਾਂ ਦੀਆਂ ਹਿੱਕਾਂ ਵਿਚ ਗੋਲੀਆਂ ਨਾ ਠੋਕੀਆਂ ਹੋਣ, ਉਨ੍ਹਾਂ ਦੀਆਂ ਲਾਸ਼ਾਂ ਤੱਕ ਨੂੰ ਨਾ ਰੋਲਿਆ ਹੋਵੇ, ਉਨ੍ਹਾਂ ਨੂੰ ਧੂਹ ਕੇ ਜੇਲ੍ਹਾਂ ਵਿਚ ਨਾ ਸੁੱਟਿਆ ਹੋਵੇ। ਐਤਵਾਰ ਵਾਲੇ ਦਿਨ ਵੀ 50 ਘਰਾਂ ਵਿਚ ਕੀਰਨੇ ਸੁਣਾਈ ਦਿੱਤੇ। ਮਿਆਂਮਾਰ ਦੀ ਕਿੰਨੀ ਬਦਕਿਸਮਤੀ ਹੈ ਕਿ 88% ਆਬਾਦੀ ਸ਼ਾਂਤੀ ਦੇ ਪ੍ਰਤੀਕ ਬੁੱਧ ਧਰਮ ਨਾਲ ਸਬੰਧਤ ਹੋਣ ਦੇ ਬਾਵਜੂਦ ਇਸ ਦੇਸ਼ ਦੀ ਹਿੱਕ ਤੇ ਪਿੱਠ ਗੋਲੀਆਂ ਨਾਲ ਛਲਣੀ ਹੁੰਦੀ ਰਹੀ ਹੈ। ਵੈਣ, ਕੀਰਨੇ, ਸਿਸਕੀਆਂ ਤੇ ਹਉਕੇ ਇਸ ਦੀ ਹੋਣੀ ਬਣੇ ਰਹੇ ਹਨ। ਸਭ ਤੋਂ ਪਹਿਲਾਂ ਅੰਗਰੇਜ਼ਾਂ ਨੇ ਇਸ ਨੂੰ ਆਪਣੀ ਬਸਤੀ ਬਣਾਇਆ ਤੇ ਇਸ ਨੂੰ ਫੌਜੀ ਛਾਉਣੀ ਦੇ ਰੂਪ ਵਿਚ ਵਿਕਸਿਤ ਕੀਤਾ। 

ਏਂਜਲ ਉਰਫ਼ ਮਾ ਕਿਆਲ ਸਿਨ ਗਰੇਵ

ਦੂਜੇ ਵਿਸ਼ਵਯੁੱਧ ਦੌਰਾਨ ਇਹ ਦੇਸ਼ ਦੋ ਵਿਰੋਧੀ ਮੁਲਕਾਂ ਜਪਾਨ ਅਤੇ ਇੰਗਲੈਂਡ ਦੇ ਵਿਚਕਾਰ ‘ਗੇਂਦ’ ਬਣ ਗਿਆ। 1942 ਵਿਚ ਜਪਾਨੀ ਸੈਨਾ ਨੇ ਅੰਗਰੇਜ਼ਾਂ ਨੂੰ ਹਰਾ ਕੇ ਇਸ ’ਤੇ ਕਬਜ਼ਾ ਕਰ ਲਿਆ। ਇਸ ਕਬਜ਼ੇ ਨੂੰ ਸਥਾਈ ਕਰਨ ਲਈ ਜਪਾਨ ਨੇ 400 ਕਿਲੋਮੀਟਰ ਲੰਮਾ ਰੇਲ ਮਾਰਗ ਬਣਾਇਆ, ਜਿਸ ਨੂੰ ਬਣਾਉਣ ਵਿਚ 400 ਹਾਥੀਆਂ ਅਤੇ ਤਿੰਨ ਲੱਖ ਲੋਕਾਂ ਨੇ ਕੰਮ ਕੀਤਾ ਜਿਨ੍ਹਾਂ ਵਿਚ ਜੰਗੀ ਕੈਦੀ ਅਤੇ ਭਾਰਤ ਤੇ ਬਰਮਾ ਦੀ ਆਮ ਜਨਤਾ ਸ਼ਾਮਿਲ ਸੀ। ਪਰ ਇਹ ਰੇਲ ਮਾਰਗ ਕਦੇ ਨਾ ਚਲ ਸਕਿਆ, ਕਿਉਂਕਿ ਤਿੰਨ ਸਾਲ ਬਾਅਦ ਹੀ 1945 ਵਿਚ ਫਿਰ ਅੰਗਰੇਜ਼ਾਂ ਨੇ ਜਾਪਨੀਆਂ ਨੂੰ ਹਰਾ ਕੇ ਇਸ ’ਤੇ ਕਬਜ਼ਾ ਕਰ ਲਿਆ। ਇਸ ਰੇਲਮਾਰਗ ਨੂੰ ਹੁਣ ਵੀ ਇਤਿਹਾਸ ਵਿਚ ‘ਮ੍ਰਿਤ ਰੇਲਵੇ’ (The Death Railway) ਦੇ ਨਾਂ ਹੇਠ ਜਾਣਿਆ ਜਾਂਦਾ ਹੈ। 4 ਜਨਵਰੀ 1948 ਨੂੰ ਇਹ ਮੁਲਕ ਬ੍ਰਿਟਿਸ਼ ਬਸਤੀਵਾਦ ਤੋਂ ਪੂਰੀ ਤਰ੍ਹਾਂ ਆਜ਼ਾਦ ਹੋ ਗਿਆ। ਲੜਾਈਆਂ, ਕਤਲੋਗਾਰਤ ਤੇ ਕਬਜ਼ਿਆਂ ਦੀ ਇਸ ਅੱਗ ਦਾ ਸੇਕ ਪੰਜਾਬ ਤੱਕ ਵੀ ਪਹੁੰਚਦਾ ਰਿਹਾ। ਅੰਗਰੇਜ਼ ਜਦ ਵਿਆਹੇ-ਵਰੇ ਪੰਜਾਬੀਆਂ ਨੂੰ ਆਪਣੀ ਫੌਜ ਵਿਚ ਭਰਤੀ ਕਰਕੇ ਬਰਮਾ ਲੈ ਜਾਂਦੇ ਸਨ ਤਾਂ ਉਨ੍ਹਾਂ ਦੀਆਂ ਬਦਕਿਸਮਤ ਨਾਰਾਂ ਉਨ੍ਹਾਂ ਦੇ ਵਾਪਿਸ ਪਰਤਣ ਦੀ ਆਸ ਛੱਡ ਦਿੰਦੀਆਂ ਸਨ। ਉਹ ਰੋਣਹਾਕੀ ਆਵਾਜ਼ ਵਿਚ ਲਾਮਾਂ ’ਤੇ ਜਾਂਦੇ ਫੌਜੀ ਨੂੰ ਹਾਕ ਮਾਰਦੀਆਂ:

ਵੇ ਨਾ ਜਾ ਬਰਮਾ ਨੂੰ ਲੇਖ ਜਾਣਗੇ ਨਾਲੇ

ਬਰਮਾ ਦੇ ਸ਼ਹਿਰ ਮਾਂਡਲੇ ਦੀ ਜੇਲ੍ਹ ਵਿਚ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨੂੰ ਜਲਾਵਤਨੀ ਕੱਟਣੀ ਪਈ ਅਤੇ ਰੰਗੂਨ ਦੀਆਂ ਜੇਲ੍ਹਾਂ ਵਿਚ ਵੀ ਬਹੁਤ ਸਾਰੇ ਭਾਰਤੀ ਕੈਦ ਰਹੇ। ਆਖਰੀ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਵੀ ਉਥੇ ਕੈਦ ਰਿਹਾ ਤੇ ਉਥੇ ਹੀ ਉਸ ਦੀ ਕਬਰ ਹੈ। ਜਨਵਰੀ 1948 ਵਿਚ ਬਰਮਾ ਆਜ਼ਾਦ ਹੋ ਗਿਆ। ਪਿੱਛੋਂ ਇਹ ‘ਮਿਆਂਮਾਰ’ ਬਣ ਗਿਆ, ‘ਰੰਗੂਨ’ ‘ਯੰਗੂਨ’ ਬਣ ਗਿਆ ਤੇ ਰਾਜਧਾਨੀ ਯੰਗੂਨ ਦੀ ਥਾਂ ਤੇ ਨਾਇਪੀਦਾ (Naypyidaw) ਬਣ ਗਈ। ਨਾਵਾਂ ਤੇ ਥਾਵਾਂ ਦੇ ਬਦਲਣ ਦੇ ਬਾਵਜੂਦ ਇਥੋਂ ਦੀ ਲੋਕਾਂ ਦੀ ਕਿਸਮਤ ਨਹੀਂ ਬਦਲ ਸਕੀ। ਚਾਰੇ ਪਾਸੇ ਪਹਾੜੀਆਂ ਨਾਲ ਘਿਰਿਆ ਇਹ ਸੁਨਹਿਰਾ ਦੇਸ਼ ਨੀਲਮਾਂ, ਪੰਨਿਆਂ. ਲਾਲਾਂ ਅਤੇ ਮਣੀਆਂ ਦਾ ਭੰਡਾਰ ਹੋਣ ਦੇ ਬਾਵਜੂਦ ਪਹਿਲਾਂ ਪਰਾਏ ਹਾਕਮਾਂ ਦੇ ਜ਼ੁਲਮਾਂ ਦਾ ਸ਼ਿਕਾਰ ਰਿਹਾ, ਫਿਰ ਆਪਣੇ ਹੀ ਫੌਜੀ ਤਾਨਾਸ਼ਾਹਾਂ ਦੀਆਂ ਆਪਹੁਦਰੀਆਂ ਦਾ ਸ਼ਿਕਾਰ ਰਿਹਾ। 

ਮੇਜਰ ਜਨਰਲ ਆਂਗ ਸਾਨ ਜਿਸ ਨੂੰ ਮਿਆਂਮਾਰ ਵਿਚ ‘ਰਾਸ਼ਟਰਪਿਤਾ’ ਦਾ ਦਰਜਾ ਹਾਸਿਲ ਹੈ, ਸਿਰਫ਼ ਇਕ ਸਾਲ ਹੀ (1946-47) ਅੰਗਰੇਜ਼ ਸ਼ਾਸਿਤ ਬਰਮਾ ਦੇ ਪ੍ਰੀਮੀਅਰ ਦੇ ਰੂਪ ਵਿਚ ਕੰਮ ਕਰ ਸਕੇ। ਬਰਮਾ ਦੇ ਪੂਰੀ ਤਰ੍ਹਾਂ ਆਜ਼ਾਦ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦਾ ਕਈ ਸਾਥੀਆਂ ਸਮੇਤ ਕਤਲ ਕਰ ਦਿੱਤਾ ਗਿਆ।

ਇਉਂ ਅਜ਼ਾਦ ਬਰਮਾ ਦੀ ਕਹਾਣੀ ਦੀ ਸ਼ੁਰੂਆਤ ਹੀ ਕਤਲੋਗਾਰਤ ਤੋਂ ਹੁੰਦੀ ਹੈ। ਮੁਲਕ ਨੇ ਕਰੀਬ ਪੰਜ ਦਹਾਕੇ ਫੌਜੀ ਰਾਜ ਨੂੰ ਝੱਲਿਆ। ਮੇਜਰ ਜਨਰਲ ਆਂਗ ਸਾਨ ਦੀ ਬੇਟੀ ਆਂਗ ਸਾਨ ਸੂ ਕੀ ਨੂੰ ਵੀ ਲਗਭਗ 15 ਸਾਲ ਜੇਲ੍ਹ ਵਿਚ ਰਹਿਣਾ ਪਿਆ। ਉਸ ਨੂੰ ‘ਅਮਨ ਦੂਤ’ ਦੇ ਰੂਪ ਵਿਚ ਪ੍ਰਸਿੱਧੀ ਮਿਲੀ ਅਤੇ ਵਿਸ਼ਵ ਦਾ ਸਭ ਤੋਂ ਵੱਡਾ ਇਨਾਮ ਨੋਬਲ ਪੁਰਸਕਾਰ ਵੀ ਮਿਲਿਆ, ਪਰ ਮਿਆਂਮਾਰ ਵਿਚ ਪੱਕੇ ਤੌਰ ’ਤੇ ਲੋਕਤੰਤਰ ਦੀ ਕਾਇਮੀ ਨਾ ਹੋ ਸਕੀ। 2011 ਵਿਚ ਭਾਵੇਂ ਲੋਕਾਂ ਨੇ ਸੂ ਕੀ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਪਰ ਫੌਜੀ ਤਾਨਾਸ਼ਾਹਾਂ ਨੂੰ ਇਹ ਮਨਜ਼ੂਰ ਨਹੀਂ ਸੀ। ਉਨ੍ਹਾਂ ਸੰਵਿਧਾਨ ਨੂੰ ਆਪਣੀ ਕੱਠਪੁਤਲੀ ਬਣਾ ਲਿਆ ਅਤੇ ਮਨਮਰਜ਼ੀ ਦੀਆਂ ਦੋ ਸੋਧਾਂ ਕਰ ਲਈਆਂ। ਪਹਿਲੀ ਸੋਧ ਤਹਿਤ 25 ਫੀਸਦੀ ਸੀਟਾਂ ਫੌਜ ਲਈ ਰਾਖਵੀਆਂ ਕਰ ਲਈਆਂ ਅਤੇ ਵਿਵਸਥਾ ਕਰ ਦਿੱਤੀ ਕਿ ਇਨ੍ਹਾਂ 25 ਫੀਸਦੀ ਦੀ ਸ਼ਮੂਲੀਅਤ ਤੋਂ ਬਿਨਾਂ ਸੰਵਿਧਾਨ ਵਿਚ ਕੋਈ ਸੋਧ ਨਾ ਹੋ ਸਕੇ। ਦੂਜੀ ਸੋਧ ਇਹ ਕੀਤੀ ਕਿ ਕੋਈ ਵੀ ਅਜਿਹਾ ਵਿਅਕਤੀ ਦੇਸ਼ ਦਾ ਮੁਖੀ ਨਹੀਂ ਬਣ ਸਕਦਾ, ਜਿਸ ਦਾ ਜੀਵਨ ਸਾਥੀ ਵਿਦੇਸ਼ੀ ਹੋਵੇ। ਸੂ ਕੀ ਦਾ ਪਤੀ ਵਿਦੇਸ਼ੀ ਹੋਣ ਕਾਰਨ ਉਸ ਨੂੰ ਕਨੂੰਨ ਦੇ ਤਹਿਤ ਦੇਸ਼ ਦਾ ਮੁਖੀ ਬਣਨਾ ਨਸੀਬ ਨਾ ਹੋਇਆ। 476 ਸੀਟਾਂ ਵਿੱਚੋਂ ਸੂ ਕੀ ਦੀ ਪਾਰਟੀ ‘ਨੈਸ਼ਨਲ ਲੀਗ ਫਾਰ ਡੈਮੋਕਰੇਸੀ’ 322 ਸੀਟਾਂ ਜਿੱਤ ਗਈ ਪਰ ਫਿਰ ਵੀ ਉਸ ਨੂੰ ਸਟੇਟ ਕੌਂਸਲਰ ਦੇ ਅਹੁਦੇ ’ਤੇ ਹੀ ਸਬਰ ਕਰਨਾ ਪਿਆ। 

ਹੁਣ ਫਿਰ ਨਵੰਬਰ 2020 ਵਿਚ ਚੋਣਾਂ ਹੋਈਆਂ, ਪਰ ਫੌਜੀ ਤਾਨਾਸ਼ਾਹਾਂ ਦੇ ਮੂੰਹ ਨੂੰ ਸੱਤਾ ਦਾ ਖੂਨ ਲੱਗ ਚੁੱਕਾ ਸੀ, ਉਹ ਜ਼ਿਆਦਾ ਸਮਾਂ ਸੱਤਾ ਤੋਂ ਪਰੇ ਨਹੀਂ ਰਹਿ ਸਕਦੇ ਸਨ। ਇਸ ਲਈ ਉਨ੍ਹਾਂ ‘ਚੋਣਾਂ ਵਿਚ ਹੇਰਾਫੇਰੀ’ ਦੇ ਹਾਸੋਹੀਣੇ ਬਹਾਨੇ ਲਾ ਕੇ ਸੱਤਾ ਸੂ ਕੀ ਤੋਂ ਖੋਹ ਲਈ ਤੇ ਉਸ ਨੂੰ ਸਾਥੀਆਂ ਸਮੇਤ ਜੇਲ੍ਹ ਵਿਚ ਸੁੱਟ ਦਿੱਤਾ। ਪਹਿਲੀ ਫਰਵਰੀ ਨੂੰ ਇਹ ਗ਼ੈਰ ਜਮਹੂਰੀ ਕਦਮ ਚੁੱਕਿਆ ਗਿਆ। ਉਦੋਂ ਤੋਂ ਲੈ ਕੇ ਅੱਜ ਤੱਕ ਦੇਸ਼ ਦਾ ਅਵਾਮ ਲੋਕਤੰਤਰ ਦੀ ਬਹਾਲੀ ਲਈ ਅਤੇ ਲੋਕ ਨਾਇਕ ਦਾ ਰੁਤਬਾ ਹਾਸਿਲ ਕਰ ਚੁੱਕੀ ਸੂ ਕੀ ਦੀ ਰਿਹਾਈ ਲਈ ਸੜਕਾਂ ‘ਤੇ ਹੈ। ਸਾਰਾ ਮਿਆਂਮਾਰ ਗੰਨਾਂ, ਬੰਬਾਂ, ਦਹਿਸ਼ਤਾਂ ਤੇ ਵੈਣਾਂ-ਕੀਰਨਿਆਂ ਦੇ ਸਾਏ ਹੇਠ ਹੈ। ਮਿਆਂਮਾਰ ਦੀਆਂ ਔਰਤਾਂ ਦੇ ਸੁਨਹਿਰੀ ਭਾਅ ਮਾਰਦੇ ਰੰਗ ਜਾਂ ਤਾਂ ਪੀਲੇ ਭੂਕ ਹੋ ਗਏ ਹਨ ਜਾਂ ਫਿਰ ਜੋਸ਼ ਨਾਲ ਲਾਲ। ‘ਥਨਾਕਾ’ ਵਿਚੋਂ ਲਪਟਾਂ ਨਹੀਂ ਖੂਨ ਚੋਂਦਾ ਹੈ। ਮਿਆਂਮਾਰ ਦੀਆਂ ਔਰਤਾਂ ਅਕਸਰ ‘ਥਨਾਕਾ’ ਨਾਂ ਦੇ ਦਰਖ਼ਤ ਦੀਆਂ ਟਾਹਣੀਆਂ ਦੇ ਟੁਕੜਿਆਂ ਨੂੰ ਕਿਸੇ ਸਖ਼ਤ ਪੱਥਰ ’ਤੇ ਤਦ ਤਕ ਘਸਾਉਂਦੀਆਂ ਹਨ, ਜਦ ਤੱਕ ਉਸ ਵਿੱਚੋਂ ਕਾਫੀ ਸਾਰਾ ਪਾਊਡਰ ਨਹੀਂ ਤਿਆਰ ਹੋ ਜਾਂਦਾ। ਫਿਰ ਉਸ ਪਾਊਡਰ ਵਿਚ ਪਾਣੀ ਮਿਲਾ ਕੇ ਲੇਪ ਤਿਆਰ ਕਰਦੀਆਂ ਹਨ ਅਤੇ ਉਸ ਨੂੰ ਆਪਣੀ ਚਮੜੀ ’ਤੇ ਲਗਾਉਂਦੀਆਂ ਹਨ ਤੇ ਇੰਝ ਚਮੜੀ ‘ਚੋਂ ਸੁਨਹਿਰੀ ਭਾਅ ਮਾਰਨੀ ਸ਼ੂਰੂ ਹੋ ਜਾਂਦੀ ਹੈ। ਪਰ ਮਿਆਂਮਾਰਨਾਂ ਦੇ ਇਹ ਸਾਰੇ ਸ਼ੌਕ ਸੱਤਾ ਦੀ ਹਵਸ ਵਿਚ ਧੁਆਂਖੇ ਗਏ। ਹਰ ਰੰਗ ਕਾਫੂਰ ਹੋ ਗਿਆ, ਬਚਿਆ ਹੈ ਬਸ ਪੀੜ ਦਾ ਰੰਗ।

ਫੌਜੀ ਸੱਤਾ ਦੇ ਖਿਲਾਫ਼ ਲੜਾਈ ਦੇ ਬਹੁਤ ਸਾਰੇ ਰੂਪ ਸਾਹਮਣੇ ਆ ਰਹੇ ਹਨ। ‘ਤਿੰਨ ਉਂਗਲੀਆਂ ਵਾਲਾ ਸਲਾਮ’ (Three Finger Salute) ਇਸ ਸੰਘਰਸ਼ ਦਾ ਮੈਟਾਫ਼ਰ ਬਣ ਕੇ ਉਭਰਿਆ ਹੈ। ਮਿਆਂਮਾਰ ਦੇ ਨੌਜਵਾਨ ਥਾਂ-ਥਾਂ ਤੁਹਾਨੂੰ ਤਿੰਨ ਉਂਗਲੀਆਂ ਖੜ੍ਹੀਆਂ ਕਰਕੇ ਸਲਾਮ ਕਰਦੇ ਨਜ਼ਰ ਆਉਣਗੇ। ਇਹ ਸਲਾਮ ਉਨ੍ਹਾਂ ਦੀ ਚੜ੍ਹਦੀ ਕਲਾ ਦਾ ਜੈਕਾਰਾ ਹੈ। ਮਿਆਂਮਾਰੀਆਂ ਨੇ ਵਿਰੋਧ ਦੇ ਕਮਾਲ ਦੇ ਤਰੀਕੇ ਈਜ਼ਾਦ ਕੀਤੇ ਹਨ।

ਇਨ੍ਹਾਂ ਵਿੱਚੋਂ ਇਕ ਤਰੀਕਾ ਹੈ: ਸਾਰੋਂਗ ਕਰਾਂਤੀ। ਸਾਰੋਂਗ ਮਿਆਂਮਾਰ ਦੀਆਂ ਔਰਤਾਂ ਦਾ ਛਾਤੀ ਤੋਂ ਕਮਰ ਤੱਕ ਪਹਿਨਿਆ ਜਾਣ ਵਾਲਾ ਸਕਰਟ ਵਰਗਾ ਪਹਿਰਾਵਾ ਹੈ। ਜਗੀਰੂ ਦੌਰ ਦੀਆਂ ਕਦਰਾਂ ਕੀਮਤਾਂ ਦੇ ਮੁਤਾਬਕ ਇਸ ਪਹਿਰਾਵੇ ਨੂੰ ਮਰਦਾਂ ਲਈ ਅਸ਼ੁੱਧ ਮੰਨਿਆ ਜਾਣ ਲੱਗਾ। ਇਸ ਰੂਪ ਵਿਚ ਇਹ ਮੈਟਾਫ਼ਰ ਔਰਤਾਂ ਲਈ ਗਲਾਜ਼ਤ ਦਾ ਪ੍ਰਤੀਕ ਹੈ ਕਿ ਉਸ ਦੇ ਕਮਰ ’ਤੇ ਪਹਿਨੇ ਜਾਣ ਵਾਲੇ ਕਿਸੇ ਪਹਿਰਾਵੇ ਨੂੰ ਮਰਦਾਂ ਲਈ ਅਪਵਿੱਤਰ ਮੰਨ ਲਿਆ ਜਿਆ ਜਾਵੇ। ਵਿਸ਼ਵਾਸ ਕੀਤਾ ਜਾਂਦਾ ਸੀ ਕਿ ਜੇ ਕਿਤੇ ਸਾਰੋਂਗ ਟੰਗਿਆ ਹੋਵੇ, ਉਸ ਦੇ ਹੇਠੋਂ ਲੰਘਣ ਵਾਲੇ ਜਾਂ ਸਾਰੋਂਗ ‘ਤੇ ਪੈਰ ਧਰ ਕੇ ਜਾਣ ਵਾਲੇ ਕਿਸੇ ਵੀ ਪੁਰਸ਼ ਦੀ ‘ਹਪੋਨ’ ਭਾਵ ਮਰਦਾਨਾ ਤਾਕਤ ਖ਼ਤਮ ਹੋ ਜਾਂਦੀ ਹੈ। ਬਰਮਾ ਦੀ ਇਕ ਚਿੰਤਕ ਮਿਮੀ ਆਇ ਇਸ ਦੇ ਪਿਛੋਕੜ ਬਾਰੇ ਦੱਸਦੀ ਹੈ ਕਿ ਅਸਲ ਵਿਚ ਇਸ ਪਿੱਛੇ ਇਹ ਕਾਰਨ ਸੀ ਕਿ ਉਸ ਦੌਰ ਵਿਚ ਔਰਤ ਨੂੰ ਮਰਦਾਂ ਨੂੰ ਲੁਭਾਉਣ ਵਾਲੀ ਕਾਮਨੀ ਦੇ ਤੌਰ ’ਤੇ ਸਵੀਕਾਰ ਕੀਤਾ ਜਾਂਦਾ ਸੀ ਅਤੇ ਸਾਰੋਂਗ ਬਾਰੇ ਵੀ ਇਹੀ ਧਾਰਨਾ ਕੰਮ ਕਰਦੀ ਹੈ ਕਿ ਜੋ ਵਿਅਕਤੀ ਸਾਰੋਂਗ ਵੱਲ ਜਾਏਗਾ ਜਾਂ ਉਸ ਤੋਂ ਅੱਗੇ ਜਾਏਗਾ ਤਾਂ ਉਹ ਉਸ ਔਰਤ ਦੇ ਹੁਸਨ ਦੇ ਜਾਲ ਵਿਚ ਫਸ ਜਾਏਗਾ। ਭਾਵ ਇਸ ਨੂੰ ਪੁਰਸ਼ ਦੀ ਬਰਬਾਦੀ ਦਾ ਲੱਛਣ ਮੰਨਿਆ ਜਾਂਦਾ ਸੀ। ਬੁੱਧ ਧਰਮ ਵਿਚ ਉਂਝ ਵੀ ਕਿਸੇ ਦੌਰ ਵਿਚ ਪਰ-ਔਰਤ ਨੂੰ ਛੂਹਣਾ ਤਕ ਵਰਜਿਤ ਸੀ। ਇਸ ਲਈ ਇਸ ਪਿੱਛੇ ‘ਹਪੋਨ’ ਭਾਵ ਮਰਦਾਨਾ ਤਾਕਤ ਚਲੇ ਜਾਣ ਦਾ ਡਰ ਪਾ ਦਿੱਤਾ ਗਿਆ। ਸੋ ਦੋਵਾਂ ਵਿਚ ਜੋ ਵੀ ਧਾਰਨਾ ਕਾਰਜਸ਼ੀਲ ਹੋਵੇ, ਪਰ ਇਸ ਪ੍ਰਤੀਰੋਧ ਵਿਚ ਔਰਤ ਨੇ ਆਪਣੀ ‘ਗਲਾਜ਼ਤ’ ਨੂੰ ਹੀ ਜੰਗ ਦਾ ਹਥਿਆਰ ਬਣਾ ਲਿਆ। ਜਿੱਧਰ ਵੀ ਫੌਜੀ ਆਉਂਦੇ ਹਨ, ਲੰਮੀਆਂ ਤਣੀਆਂ ’ਤੇ ਸਾਰੋਂਗ ਲਟਕਾ ਦਿੱਤੇ ਜਾਂਦੇ ਹਨ। ਪਰੰਪਰਾਵਾਦੀ ਮੁਲਕ ਹੋਣ ਕਰਕੇ ਬਹੁਤ ਥਾਵਾਂ ’ਤੇ ਫੌਜੀ ਉਸ ਤੋਂ ਅਗਾਂਹ ਜਾਣ ਦੀ ਜੁਰਅਤ ਨਹੀਂ ਕਰਦੇ। ਕੁਝ ਇਕ ਥਾਵਾਂ ’ਤੇ ਤਾਂ ਔਰਤਾਂ ਨੇ ਸੈਨੇਟਰੀ ਪੈਡਾਂ ਦੇ ਉਪਰ ਫੌਜੀ ਜਨਰਲ ਮਿਨ ਦੀਆਂ ਤਸਵੀਰਾਂ ਟੰਗ ਕੇ ਢੇਰਾਂ ਦੇ ਢੇਰ ਸੈਨੇਟਰੀ ਪੈਡ ਫੌਜ ਦੇ ਰਾਹਾਂ ਵਿਚ ਵਿਛਾ ਦਿੱਤੇ। ਇਹ ਉਨ੍ਹਾਂ ਦੀ ਫੌਜੀ ਜਨਰਲ ਪ੍ਰਤੀ ਸਿਰੇ ਦੀ ਨਫ਼ਰਤ ਦਾ ਪ੍ਰਗਟਾਵਾ ਵੀ ਸੀ ਅਤੇ ਫੌਜੀਆਂ ਲਈ ਧਰਮ ਸੰਕਟ ਪੈਦਾ ਕਰਨਾ ਵੀ ਕਿ ਉਹ ਆਪਣੇ ਜਨਰਲ ਦੀ ਫੋਟੋ ਨੂੰ ਪੈਰਾਂ ਹੇਠ ਮਧੋਲਦੇ ਹੋਏ ਕਿਵੇਂ ਅਗਾਂਹ ਜਾ ਸਕਦੇ ਹਨ?

8 ਮਾਰਚ (ਮਹਿਲਾ ਦਿਵਸ) ਵਾਲੇ ਦਿਨ ਔਰਤਾਂ ਨੇ ਆਪਣੇ ਸਾਰੋਂਗ ਨੂੰ ਇਨਕਲਾਬ ਦਾ ਸੰਦ ਬਣਾਉਂਦੇ ਹੋਏ ਨਵਾਂ ਨਾਹਰਾ ਵੀ ਦਿੱਤਾ: ਸਾਡਾ ਸਾਰੋਂਗ, ਸਾਡਾ ਬੈਨਰ, ਸਾਡੀ ਆਜ਼ਾਦੀ। ਇਨ੍ਹਾਂ ਔਰਤਾਂ ਅਨੁਸਾਰ ਉਨ੍ਹਾਂ ਨੂੰ ਸਾਰੋਂਗ ਫੌਜ ਤੋਂ ਵੀ ਵੱਧ ਸੁਰੱਖਿਅਤ ਮਹਿਸੂਸ ਕਰਵਾਉਂਦਾ ਹੈ।

ਪ੍ਰਤੀਰੋਧ ਦਾ ਅਗਲਾ ਰੂਪ ਏਂਜਲ ਉਰਫ਼ ਮਾ ਕਿਆਲ ਸਿਨ ਗਰੇਵ (Ma Kyal Sin Grave) ਦੇ ਨਾਇਕਤਵ ਦੇ ਰੂਪ ਵਿਚ ਅਤੇ ਉਸ ਪ੍ਰਤੀ ਸੱਤਾ ਦੀ ਦਰਿੰਦਗੀ ਅਤੇ ਅਮਾਨਵੀ ਪਹੁੰਚ ਦੇ ਰੂਪ ਵਿਚ ਦਿਖਾਈ ਦਿੰਦਾ ਹੈ। ਜਦ ਫੌਜ ਦੁਆਰਾ ਖੂਨ ਦੀ ਹੋਲੀ ਖੇਡੀ ਜਾ ਰਹੀ ਸੀ ਤਾਂ 19 ਸਾਲਾ ਏਂਜਲ ਮੁਜ਼ਾਹਰਾਕਾਰੀਆਂ ਦੇ ਇਕ ਜਥੇ ਦੀ ਅਗਵਾਈ ਕਰ ਰਹੀ ਸੀ। ਏਂਜਲ ਸੁਪਨਸਾਜ਼ ਕੁੜੀ ਸੀ। ਅਜੇ ਪਿਛਲੇ ਸਾਲ ਹੀ ਉਸ ਨੇ ਪਹਿਲੀ ਵਾਰ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਸੀ ਤੇ ਹੁਣ ਫੌਜ ਨੇ ਰਾਜਪਲਟਾ ਕਰਕੇ ਏਂਜਲ ਵਰਗੇ ਲੱਖਾਂ ਲੋਕਾਂ ਤੋਂ ਵੋਟ ਦੀ ਤਾਕਤ ਖੋਹ ਲਈ ਸੀ। ਜਦ ਮਾਂਡਲੇ ਵਿਚ ਉਹ ਪ੍ਰਦਰਸ਼ਨ ਕਰ ਰਹੀ ਸੀ ਤੇ ਉਸ ਦੀ ਟੀ-ਸ਼ਰਟ ’ਤੇ ਲਿਖਿਆ ਹੋਇਆ ਸੀ : ਸਭ ਠੀਕ ਹੋ ਜਾਏਗਾ (Everything will be ok)। ਉਸ ਨੂੰ ਸੱਤਾ ਦੇ ਜਬਰ ਦਾ ਅਹਿਸਾਸ ਸੀ। ਇਸ ਲਈ ਉਸ ਨੇ ਪਹਿਲਾਂ ਹੀ ਆਪਣੀ ਜੇਬ ਵਿਚ ਪਰਚੀ ਲਿਖ ਕੇ ਪਾਈ ਸੀ ਜਿਸ ਉਪਰ ਉਸ ਦਾ ਬਲੱਡ ਗਰੁੱਪ ਅਤੇ ਸੰਪਰਕ ਨੰਬਰ ਦਰਜ ਸੀ ਅਤੇ ਨਾਲ ਹੀ ਲਿਖਿਆ ਸੀ: ‘ਅਗਰ ਮੇਰੀ ਮੌਤ ਹੋ ਜਾਵੇ ਤਾਂ ਮੇਰੇ ਸਰੀਰ ਨੂੰ ਦਾਨ ਕਰ ਦੇਣਾ।’ ਹੋਇਆ ਉਹੀ ਸਾਰਾ ਕੁਝ, ਜਿਸ ਦਾ ਉਸ ਨੂੰ ਅੰਦਾਜ਼ਾ ਸੀ। ਜਦ ਉਨ੍ਹਾਂ ’ਤੇ ਫੌਜੀ ਹਮਲਾ ਹੋਇਆ ਤਾਂ ਏਂਜਲ ਸਾਰਿਆਂ ਨੂੰ ਬੈਠ ਜਾਣ ਦੀ ਅਪੀਲ ਕਰਦੀ ਰਹੀ ਤੇ ਅਚਾਨਕ ਇਕ ਗੋਲੀ ਉਸ ਦੇ ਸਿਰ ਵਿਚ ਆਣ ਵੱਜੀ। ਉਸ ਦਾ ਸਿਰ ਦੋਫਾੜ ਹੋ ਗਿਆ ਤੇ ਏਂਜਲ ਆਪਣੇ ਵਤਨ ਲਈ ਕੁਰਬਾਨ ਹੋ ਗਈ। ਉਸ ਦੇ ਜਨਾਜ਼ੇ ਵਿਚ ਹਜ਼ਾਰਾਂ ਲੋਕ ਸ਼ਾਮਿਲ ਹੋਏ। ਸੱਤਾ ਬੌਖਲਾਹਟ ਵਿਚ ਸੀ ਅਤੇ ਉਸ ਦੀ ਦਰਿੰਦਗੀ ਦਾ ਸਿਖਰ ਇਸ ਰੂਪ ਵਿਚ ਸਾਹਮਣੇ ਆਇਆ ਕਿ ਉਨ੍ਹਾਂ ਨੇ ਲਾਸ਼ ਦੀ ਜਾਂਚ ਕਰਨ ਦੇ ਬਹਾਨੇ ਏਂਜਲ ਦੀ ਦੇਹ ਨੂੰ ਕਬਰ ਵਿੱਚੋਂ ਬਾਹਰ ਕੱਢ ਲਿਆ ਤੇ ਉਸ ਕਬਰ ਵਿਚ ਸੀਮਿੰਟ ਸਮੇਤ ਮਸਾਲਾ ਭਰ ਦਿੱਤਾ। ਉਸ ਦੀ ਕਬਰ ’ਤੇ ਸ਼ਰਧਾਂਜਲੀ ਦੇ ਰੂਪ ਵਿਚ ਪਾਏ ਫੁੱਲਾਂ ਉੱਪਰ ਵੀ ਮਸਾਲੇ ਦੀ ਮੋਟੀ ਸਲੈਬ ਚਾੜ੍ਹ ਦਿੱਤੀ ਗਈ। ਉਸ ਦੇ ਲਹੂ ਨਾਲ ਲੱਥਪਥ ਸਰਜੀਕਲ ਗਾਉਨ ਅਤੇ ਦਸਤਾਨੇ ਆਦਿ ਨੂੰ ਕਬਰ ਦੇ ਉਪਰ ਖਿੰਡਾ ਦਿੱਤਾ। ਫੁੱਲਾਂ ਵਰਗੀ ਕੁੜੀ ਏਂਜਲ ਦੀ ਦੇਹ ਦੀ ਇਸ ਤਰ੍ਹਾਂ ਬੇਹੁਰਮਤੀ ਸੱਤਾ ਦੀ ਦਰਿੰਦਗੀ ਦਾ ਸਿਖਰ ਹੈ।

ਪ੍ਰਤੀਰੋਧ ਦਾ ਤੀਜਾ ਰੂਪ ਮਿਆਂਮਾਰ ਦੇ ਰਹਿਣ ਵਾਲੀ ਗੁਲਾਬ ਉਰਫ ਰੋਜ਼ ਉਰਫ ਸਿਸਟਰ ਐਨ ਰੋਜ਼ ਨੂ ਆਂਗ (Sister Ann Rose Nu Tawng) ਦੇ ਇਨ੍ਹਾਂ ਸ਼ਬਦਾਂ ਦੇ ਰੂਪ ਵਿਚ ਸਾਹਮਣੇ ਆਇਆ : ਮੈਨੂੰ ਗੋਲੀ ਮਾਰ ਦਿਓ... ਪਰ ਪ੍ਰਦਰਸ਼ਨਕਾਰੀਆਂ ਨੂੰ ਨਾ ਮਾਰੋ... (Leave the protestors, kill me instead)। ਇਹ ਸ਼ਬਦ ਮਿਆਂਮਾਰ ਦੇ ਰਹਿਣ ਵਾਲੀ ਨਨ ਰੋਜ਼ (Rose) ਦੇ ਹੂਬਹੂ ਮੂੰਹ ‘ਚੋਂ ਨਿਕਲੇ ਹਨ। ਕਲਪਨਾ ਕਰੋ ਜਦ ਗੋਲੀਆਂ ਦੀ ਵਾਛੜ ਹੋ ਰਹੀ ਹੋਵੇ ਤੇ ਉਸ ਵਾਛੜ ਵਿਚ ਕਲੀਨਿਕ ਚਲਾਉਣ ਵਾਲੀ ਨਨ (ਔਰਤ ਪਾਦਰੀ) ਪੁਲੀਸ ਟੁਕੜੀ ਦੇ ਸਾਹਮਣੇ ਗੋਡਿਆਂ ਭਾਰ ਹੋ ਕੇ ਸੜਕੇ ਦੇ ਵਿਚਕਾਰ ਬੈਠ ਜਾਵੇ ਤੇ ਪੁਲੀਸ ਵਾਲਿਆਂ ਨੂੰ ਕਹੇ: “ਜਦ ਤੱਕ ਮੈਨੂੰ ਤੁਸੀਂ ਇਹ ਭਰੋਸਾ ਨਹੀਂ ਦਿਉਗੇ ਕਿ ਪੁਲੀਸ ਪ੍ਰਦਰਸ਼ਨਕਾਰੀਆਂ ’ਤੇ ਜ਼ੁਲਮ ਨਹੀਂ ਕਰੇਗੀ, ਤਦ ਤੱਕ ਮੈਂ ਸੜਕ ਤੋਂ ਨਹੀਂ ਉੱਠਾਂਗੀ। ਜੇਕਰ ਤੁਸੀਂ ਅੱਗੇ ਜਾਣਾ ਹੈ ਤਾਂ ਮੇਰੀ ਲਾਸ਼ ਦੇ ਉਪਰ ਦੀ ਜਾਣਾ ਪਏਗਾ।” ਰੋਜ਼ ਅਜਿਹਾ ਦੋ ਵਾਰ ਕਰ ਚੁੱਕੀ ਹੈ।

ਰੋਜ਼ ਦੇ ਅਜਿਹਾ ਕਰਨ ਨਾਲ ਇਕ ਵਾਰ ਤਾਂ ਪੁਲੀਸ ਵਾਲੇ ਸੁੰਨ ਹੋ ਗਏ ਤੇ ਉਨ੍ਹਾਂ ਉਸ ਅੱਗੇ ਹੱਥ ਜੋੜ ਕੇ ਭਰੋਸਾ ਦਿੱਤਾ ਕਿ ਉਹ ਅਜਿਹਾ ਨਹੀਂ ਕਰਨਗੇ। ਇੰਝ ਸੱਤਾ ਦੇ ਕਰਿੰਦਿਆਂ ਨੂੰ ਇਸ ਜਾਂਬਾਜ਼ ਨਨ ਦੀ ਚੁਣੌਤੀ ਦੇ ਅੱਗੇ ਝੁਕਦਿਆਂ ਪਿਛਾਂਹ ਪਰਤਣਾ ਪਿਆ। ਇਹ ਵੱਖਰੀ ਗੱਲ ਹੈ ਕਿ ਬਾਅਦ ਵਿਚ ਉਨ੍ਹਾਂ ਨੇ ਫਿਰ ਉਸੇ ਤਰ੍ਹਾਂ ਸਿਰਾਂ ਨੂੰ ਫਾੜਨਾ ਸ਼ੁਰੂ ਕਰ ਦਿੱਤਾ। ਪਰ ਇਹ ਵੀ ਸੱਚ ਹੈ ਕਿ ਧੁੰਧੂਕਾਰਾ ਜਿੰਨਾ ਮਰਜ਼ੀ ਹੋਵੇ, ਕਿਤੇ ਨਾ ਕਿਤੇ ਜ਼ਮੀਰਾਂ ਜ਼ਰੂਰ ਜਾਗਦੀਆਂ ਹਨ। ਮਿਆਮਾਂਰ ਦੇ ਕਈ ਫੌਜੀ ਇਹ ਕਹਿੰਦੇ ਹੋਏ ਸਰਹੱਦ ਲੰਘ ਕੇ ਭਾਰਤ ਵਿਚ ਸ਼ਰਨ ਲੈਣ ਲਈ ਆ ਗਏ ਕਿ ਉਨ੍ਹਾਂ ਨੂੰ ਨਿਰਦੋਸ਼ ਲੋਕਾਂ ’ਤੇ ਗੋਲੀ ਚਲਾਉਣ ਲਈ ਕਿਹਾ ਜਾਂਦਾ ਸੀ, ਜੋ ਕਿ ਉਹ ਨਹੀਂ ਕਰ ਸਕੇ। ਆਖਿਰ ਉਹ ਡਰਦੇ ਭਾਰਤ ਵਿਚ ਪ੍ਰਵੇਸ਼ ਕਰ ਗਏ, ਨਹੀਂ ਤਾਂ ਉਥੋਂ ਦੀ ਫੌਜ ਨੇ ਉਨ੍ਹਾਂ ਨੂੰ ਮਾਰ ਦੇਣਾ ਸੀ।

ਏਂਜਲ ਇਸ ਦੁਨੀਆ ਤੋਂ ਚਲੀ ਗਈ, ਤੇ ਰੋਜ਼ ਸੀਨਾ ਤਾਣੀਂ ਖੜੀ ਹੈ... ਅਪਵਿੱਤਰ ਗਰਦਾਨੇ ਵਸਤਰ ਨੂੰ ਜੰਗ ਦਾ ਪਰਚਮ ਬਣਾਈਆਂ ਬੈਠੀਆਂ ਔਰਤਾਂ ਫੌਜੀਆਂ ਨੂੰ ਵੰਗਾਰ ਰਹੀਆਂ ਹਨ, ਕੀਰਨੇ ਪਾਉਂਦੀ ਮਾਵਾਂ ਫੌਜੀ ਹਾਕਮ ਨੂੰ ਚੀਕ ਚੀਕ ਕੇ ਪੁੱਛ ਰਹੀਆਂ ਹਨ, ਆਖਰ ਕੀ ਵਿਗਾੜਿਆ ਹੈ ਸਾਡੇ ਗੱਭਰੂ ਪੁੱਤਾਂ ਨੇ ਤੁਹਾਡਾ... ਕਿਉਂ ਤੁਹਾਡੀ ਹਵਸ ਸਾਡੇ ਸੁਪਨਿਆਂ ਨੂੰ ਦਰੜ ਕੇ ‘ਆਦਮ ਬੋ’ ਕਰਦੀ ਹੈਵਾਨੀਅਤ ’ਤੇ ਉੱਤਰੀ ਹੋਈ ਹੈ? ਕਿੰਨੀ ਬਦਕਿਸਮਤੀ ਹੈ ਕਿ 21ਵੀਂ ਸਦੀ ਵਿਚ ਵੀ ਸੱਤਾ ਦੀ ਹਵਸ ਵਿਚ ਗਲਤਾਨ ਤਾਕਤਾਂ ਅਰਾਮ ਨਾਲ ਲੋਕਾਂ ਤੋਂ ਸੱਤਾ ਖੋਹ ਲੈਂਦੀਆਂ ਹਨ ਤੇ ਚੁਣੀ ਹੋਈ ਸਰਕਾਰ ਨੂੰ ਤਹਿਸ-ਨਹਿਸ ਕਰਕੇ ਪੂਰੇ ਮੁਲਕ ਨੂੰ ਸੂਲੀ ’ਤੇ ਟੰਗ ਦਿੰਦੀਆਂ ਹਨ। ਇੱਥੋਂ ਸਿੱਧ ਹੁੰਦਾ ਹੈ ਕਿ ਮੀਰ ਮੰਨੂ ਦੇ ਵਾਰਿਸ ਇਤਿਹਾਸ ਦੇ ਕਿਸੇ ਵੀ ਦੌਰ ਵਿਚ ਵੀ ਜੰਮ ਪੈਂਦੇ ਹਨ ਅਤੇ ਇਹ ਵੀ ਸੱਚ ਹੈ ਕਿ ਇਨ੍ਹਾਂ ਮੰਨੂਆਂ, ਔਰੰਗਿਆਂ, ਹਿਟਲਰਾਂ ਤੇ ਡਾਇਰਾਂ ਦੇ ਜ਼ੁਲਮਾਂ ਦਾ ਮੁਕਾਬਲਾ ਵੀ ਲੋਕ ਹਰ ਦੌਰ ਵਿਚ ਕਰਦੇ ਆਏ ਹਨ। ਇਹ ਵੱਖਰੀ ਗੱਲ ਹੈ ਵਿਰੋਧ ਕਰਨ ਦੇ ਤਰੀਕੇ ਵੱਖ ਵੱਖ ਹੋ ਸਕਦੇ ਹਨ।

ਏਂਜਲ ਅਤੇ ਸਿਸਟਰ ਐਨ ਰੋਜ਼ ਨੂ ਆਂਗ ਦੀਆਂ ਪੂਰੀ ਦੁਨੀਆਂ ਵਿਚ ਵਾਇਰਲ ਹੋਈਆਂ ਤਸਵੀਰਾਂ ਦਸਦੀਆਂ ਹਨ ਕਿ ਮਿਆਮਾਰਾਂ ਵਿਚ ਪ੍ਰਦਰਸ਼ਨਕਾਰੀਆਂ ਦੀ      ਡੁੱਲ੍ਹੀ ਰੱਤ ਵਿੱਚੋਂ ਹੋਰ ਏਂਜਲਾਂ ਪੈਦਾ ਹੋਣਗੀਆਂ ਅਤੇ ਨਿੱਤ ਨਵੇਂ ਰੋਜ਼ (ਗੁਲਾਬ) ਖਿੜਨਗੇ। ਜਦ ਵੀ ਲੋਕ ਆਪਣੀ ਰੂਹਾਨੀ ਤਾਕਤ ਨਾਲ ਹੌਸਲਾ ਕਰਕੇ ਆਪਣੀ ਛਾਤੀ ਬੰਦੂਕਾਂ ਦੇ ਅੱਗੇ ਤਾਣਦੇ ਨੇ ਤੇ ਬੰਦੂਕਾਂ ਇਕ ਵਾਰ ਤਾਂ ਸ਼ਰਮਸਾਰ ਹੋ ਕੇ ਨੀਵੀਆਂ ਪਾ ਲੈਂਦੀਆਂ ਹਨ। ਬੰਦੂਕਾਂ ਦਾ ਇਸ ਤਰ੍ਹਾਂ ਨੀਵੀਂ ਪਾ ਲੈਣਾ ਹੀ ਜ਼ੁਲਮ ਦੇ ਖਿਲਾਫ਼ ਲੋਕਾਂ ਦੇ ਹੌਸਲੇ ਦਾ ਪ੍ਰਤੀਕ ਹੈ ਤੇ ਇਸ ਗੱਲ ਦਾ ਧਰਵਾਸ ਵੀ ਕਿ ਹਰ ਦੌਰ ਵਿਚ ਜ਼ੁਲਮ ਉੱਪਰ ਪ੍ਰਾਪਤ ਕੀਤੀਆਂ ਜਿੱਤਾਂ ਵਾਂਗ ਇਹ ਜੰਗ ਵੀ ਲੜੀ ਜਾਏਗੀ ਤੇ ਜਿੱਤੀ ਜਾਏਗੀ। ਫੈਜ਼ ਅਹਿਮਦ ਫੈਜ਼ ਦੀਆਂ ਲਾਈਨਾਂ ਚੇਤੇ ਆ ਰਹੀਆਂ ਹਨ:

ਜਿਸ ਧੱਜ ਸੇ ਕੋਈ ਕਤਲ ਮੇਂ ਗਿਆ, 

ਵੋ ਸ਼ਾਨ ਸਲਾਮਤ ਰਹਿਤੀ ਹੈ

ਯੇ ਜਾਨ ਤੋ ਆਨੀ ਜਾਨੀ ਹੈ, 

ਇਸ ਜਾਂ ਕੀ ਕੋਈ ਬਾਤ ਨਹੀਂ।

*ਫੇਜ਼ 2, ਅਰਬਨ ਅਸਟੇਟ, ਪਟਿਆਲਾ।

ਸੰਪਰਕ: 98768-20600

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All