ਸੂਰਜ ਦਾ ਲੈਟਰ ਬਕਸ

ਸੂਰਜ ਦਾ ਲੈਟਰ ਬਕਸ

ਤਾਰਾ ਸਿੰਘ

ਤਾਰਾ ਸਿੰਘ

ਪੰਜਾਬੀ ਸਾਹਿਤ ਜਗਤ ਵਿਚ ਤਾਰਾ ਸਿੰਘ ਉੱਘਾ ਨਾਂ ਹੈ। ਉਸ ਦਾ ਪਹਿਲਾ ਕਾਵਿ-ਸੰਗ੍ਰਹਿ ‘ਸਿੰਮਦੇ ਪੱਥਰ’ ਪ੍ਰਕਾਸ਼ਿਤ ਹੋਣ ਨਾਲ ਹੀ ਉਹ ਮੁੱਖ ਪੰਜਾਬੀ ਕਵੀ ਵਜੋਂ ਸਥਾਪਤ ਹੋ ਗਿਆ ਸੀ। ਉਸ ਦੀਆਂ ਪੁਸਤਕਾਂ ‘ਸਿੰਮਦੇ ਪੱਥਰ’, ‘ਮੇਘਲੇ’, ‘ਅਸੀਂ ਤੁਸੀਂ’ 1956 ਤੋਂ 1972 ਵਿਚਕਾਰ ਪ੍ਰਕਾਸ਼ਿਤ ਹੋਈਆਂ। 1956 ਤੋਂ 1964 ਤਕ ਦੋ ਪੰਜਾਬੀ ਰੋਜ਼ਾਨਾ ਅਖ਼ਬਾਰਾਂ ਦਾ ਸੰਪਾਦਕ ਰਿਹਾ। ਉਸ ਨੇ ਹਫ਼ਤਾਵਾਰੀ ‘ਲੋਕ ਰੰਗ’ ਦਾ ਸੰਪਾਦਨ ਵੀ ਕੀਤਾ। ਤਾਰਾ ਸਿੰੰਘ ਨੇ ਭਾਰਤੀ ਸਭਿਆਚਾਰਕ ਇਤਿਹਾਸ ਅਤੇ ਪੰਜਾਬ ਦੇ ਇਤਿਹਾਸ ਸਬੰਧੀ ਜ਼ਿਕਰਯੋਗ ਕੰਮ ਕੀਤਾ। ਉਸ ਦੀ ਹਾਸ-ਵਿਅੰਗ ਕਵਿਤਾ ‘ਨਾਥ ਬਾਣੀ’ ਦੇ ਸਿਰਲੇਖ ਹੇਠ 1972 ਵਿਚ ਪ੍ਰਕਾਸ਼ਿਤ ਹੋਈ। ਤਾਰਾ ਸਿੰਘ ਦੀ ਪੁਸਤਕ ‘ਸੂਰਜ ਦਾ ਲੈਟਰ ਬਕਸ’ ਵਿਚੋਂ ਕੁਝ ਰਚਨਾਵਾਂ ਇੱਥੇ ਪੇਸ਼ ਕਰ ਰਹੇ ਹਾਂ:

ਸਮੁੰਦਰ

ਤੁਸੀਂ ਤਾਂ ਸਮਝ ਲੀਤਾ ਸੀ

ਕਿ ਤਾਰਾ ਸਿੰਘ ਕਵੀ ਹੁਣ ਮਰ ਗਿਆ ਹੈ!

ਜਦੋਂ ਵੀ ਔੜ ਲੱਗਦੀ ਹੈ-

ਜਦੋਂ ਧਰਤੀ ਦਾ ਪਿੰਡਾ ਸੁੱਕ ਕੇ ਅਖਰੋਟ ਹੁੰਦਾ ਹੈ!

ਤ੍ਰੇੜਾਂ ’ਚੋਂ ਜਦੋਂ ਭੈਅ ਹੂੰਗਦਾ ਹੈ

ਹਵਾ ਜਦ ਅੱਗ ਦੇ ਵਸਤਰ ਪਹਿਨ ਕੇ ਨਾਚ ਕਰਦੀ ਹੈ!

ਤ੍ਰੇੜੇ ਧਰਤ-ਪਿੰਡੇ ਹੇਠ ਕੀ ਪਾਣੀ ਨਹੀਂ ਹੁੰਦਾ?

ਤੇ ਅੰਬਰ ਵਿਚ ਭਲਾ ਨਹੀਂ ਮੇਘਲੇ ਹੁੰਦੇ?

ਤੁਸੀਂ ਤਾਂ ਜਾਣਦੇ ਹੋ-

ਬ੍ਰਿਛ ਕਿਸ ਕਿਸਮਤ ਦਾ ਸੁਆਮੀ ਹੈ

ਬਹਾਰਾਂ ਆਉਂਦੀਆਂ ਹਨ

ਸੁਲਗਦਾ ਹੈ

ਮਹਿਕਦਾ ਹੈ

ਫੈਲ ਜਾਂਦਾ ਹੈ।

ਬਹਾਰਾਂ ਜਾਂਦੀਆਂ ਹਨ

ਸਿਮਟਦਾ ਹੈ ਫੇਰ ਫੈਲਣ ਲਈ!

ਸਮੁੰਦਰ ਦੇਖਿਆ ਹੋਣੈਂ ਮੇਰੇ ਲੇਖਕ ਭਰਾਵਾਂ ਨੇ?

ਤੁਸੀਂ ਤਾਂ ਖ਼ੁਦ ਸਮੁੰਦਰ ਹੋ।

ਸਮੁੰਦਰ ਸਿਰਜਣਾ, ਸਾਕਾਰਨਾ, ਕਿਸਮਤ ਤੁਸਾਂ ਦੀ ਹੈ।

ਸਮੁੰਦਰ ਸ਼ੂਕਦਾ ਹੈ

ਸਿਰਜਦਾ ਹੈ, ਵਿਣਸਦਾ ਵੀ ਹੈ

ਉਹ ਜਗਦਾ, ਲਿਸ਼ਕਦਾ,

ਸੌਦਾ ਤੇ ਉਠਦਾ,

ਉਦੈ ਹੁੰਦਾ ਹੈ।

ਜਦੋਂ ਆਰਾਮ ਕਰਦਾ ਹੈ-

ਉਦੋਂ ਵੀ ਸਿਰਜ ਹੁੰਦਾ ਹੈ,

ਤੇ ਆਪੇ ਵਿਣਸਦਾ ਵੀ ਹੈ।

ਸਮੁੰਦਰ ਹਰ ਘੜੀ, ਹਰ ਪਲ ਸਮੁੰਦਰ ਹੈ।

ਸਮੁੰਦਰ ਮਰ ਨਹੀਂ ਜਾਂਦਾ।

ਮੇਰੇ ਸਾਹਿਤ-ਗਗਨ ਦੇ ਸੂਰਜੋ, ਸਮਕਾਲੀਓ-

ਮੇਰੀ ਇਹ ਆਦਤ ਹੈ

ਤੁਹਾਡੇ ਵਾਂਗ ਹਰ ਪਲ, ਛਿਣ

ਸਿਰਜਦਾ ਮੈਂ ਵੀ ਰਹਿੰਦਾ ਹਾਂ

ਤੁਸੀਂ ਲਿਖਦੇ ਵੀ ਰਹਿੰਦੇ ਹੋ,

ਮਗਰ, ਮੈਂ ਹਰ ਘੜੀ, ਹਰ ਪਲ ਨਹੀਂ ਲਿਖਦਾ!

ਰਤਾ ਮੈਨੂੰ ਇਹ ਆਦਤ ਹੈ...

ਕਿ ਜਦ ਵੀ ਜਗਮਗਾਉਣਾ ਹੈ

ਤਾਂ ਸੂਰਜ ਵਾਂਗ ਜਗਣਾ ਹੈ।

ਤਾਂ ਮਿਹਰਾਂ ਵਾਂਗ ਵੱਸਣਾ ਹੈ।

ਸਮੁੰਦਰ ਵਾਂਗ ਉੱਠਣਾ ਹੈ।

ਜਦੋਂ ਵੀ ਫੈਲਣਾ ਹੈ, ਫੈਲਣਾ ਹੈ ਵਾਂਗ ਧਰਤੀ ਦੇ,

ਜਦੋਂ ਵੀ ਮੌਲਣਾ ਹੈ, ਮੌਲਣਾ ਹੈ ਵਾਂਗ ਬ੍ਰਿਛਾਂ ਦੇ।

ਤੁਸੀਂ ਤਾਂ ਸਮਝ ਲੀਤਾ ਸੀ

ਕਿ ਤਾਰਾ ਸਿੰਘ ਕਵੀ ਹੁਣ ਮਰ ਗਿਆ ਹੈ!

ਬ੍ਰਿਛ ਤਾਂ ਬ੍ਰਿਛ ਹੁੰਦੇ ਨੇ

ਸਮੁੰਦਰ ਤਾਂ ਸਮੁੰਦਰ ਹੈ!

****

ਗ਼ਜ਼ਲ

ਜ਼ਬਾਨੀ ਜ਼ਬਾਨੀ ਮੇਰਾ ਹਾਲ ਪੁੱਛਿਆ।

ਬੜੀ ਮਿਹਰਬਾਨੀ, ਮੇਰਾ ਹਾਲ ਪੁੱਛਿਆ।

ਜੁਆਨੀ ਦੀ ਸਿੱਕ ਸੀ, ਤੁਸੀਂ ਹਾਲ ਪੁੱਛੋ,

ਚਲੀ ਗਈ ਜੁਆਨੀ, ਮੇਰਾ ਹਾਲ ਪੁੱਛਿਆ।

ਕਲਾਵੇ ’ਚ ਦੂਤੀ ਨੇ ਲੈ ਕੇ, ਤੁਹਾਨੂੰ-

ਕਰੀ ਛੇੜਖਾਨੀ, ਮੇਰਾ ਹਾਲ ਪੁੱਛਿਆ।

ਨਾ ਬੁੱਲ੍ਹਾਂ ਨੇ ਦੱਸਿਆ, ਨਾ ਅੱਖੀਆਂ ਨੇ ਦੱਸਿਆ,

ਜਦੋਂ ਢੋਲ ਜਾਨੀ ਮੇਰਾ ਹਾਲ ਪੁੱਛਿਆ।

ਗੁਨਾਹਾਂ ਸਣੇ ਪੇਸ਼ ਹੋਇਆ, ਤਾਂ ਰੱਬ ਨੇ -

ਧਰੀ ਕੰਨ ਤੇ ਕਾਨੀ, ਮੇਰਾ ਹਾਲ ਪੁੱਛਿਆ।

****

ਜਨਪਥ

ਤੇਰੇ ਗਲਿਆਰਿਆਂ ਵਿਚ ਸੁੱਤੀਆਂ ਸ਼ਾਮਾਂ ਅਜੇ ਤੀਕਰ,

ਤੇਰੇ ਗਲਿਆਰਿਆਂ ਵਿਚ ਦੋਸਤਾਂ ਦੇ ਕਹਿਕਹੇ ਫਿਰਦੇ।

ਇਨ੍ਹਾਂ ਵਿਚ ਹੱਥ ਮਿਲਦੇ ਨੇ, ਇਨ੍ਹਾਂ ਵਿਚ ਪੈਂਦੀਆਂ ਜੱਫ਼ੀਆਂ,

ਇਨ੍ਹਾਂ ਵਿਚ ਸੋਹਣਿਆਂ ਲਈ ਸੁਲਗਦੇ ਹੋਏ ਬੋਲ ਕਿਰਦੇ ਨੇ।

ਤੇਰੇ ਸੀਨੇ ’ਤੇ ਡੁੱਲ੍ਹੇ ਹੋਏ ਮੇਰੇ ਬੇਕਾਰ ਦਿਨ-

ਮੈਨੂੰ ਬੜੇ ਰਮਣੀਕ ਲਗਦੇ ਨੇ।

ਅਤੇ ਹਮਸਾਇਗੀ ਦੇ ਦੀਪ ਜਗਦੇ ਨੇ।

ਅਜੇ ਤਕ ਜ਼ਿਹਨ ਵਿਚ ‘ਵਾਸੂ’ ਦੇ ਜੋਬਨ -

ਸੇਕ ਛੱਡਦੇ ਨੇ।

ਖ਼ਿਆਲਾਂ ਦੇ ਆਲਿੰਗਣ ਨੇ

ਬੜੇ ਅਧਭੁੱਤ ਸੁਆਦਾਂ ਦੇ-

ਤੜਫ਼ਦੇ ਸੋਹਲ ਚੁੰਮਣ ਨੇ।

ਬੜੀ ਬਿਹਬਲ ਜਹੀ ਧੜਕਣ,

ਬੜੇ ਮਾਯੂਸ ਸੰਙਣ ਨੇ।

ਸਦਾ ਮਹਿਕਾਂ ਜਿਹੇ ਰਿਸ਼ਤੇ- ਤੇ ਓਹਨਾਂ ਦੀ-

ਸੁਗੰਧ ਲਿਪਟੀ ਹੋਈ ਮੈਨੂੰ

ਮੈਂ ਉਸ ਨੂੰ ਫੜ ਨਹੀਂ ਸਕਦਾ

ਬੜੇ ਮਜਬੂਰ ਤਨ, ਮਨ ਨੇ।

ਖ਼ੁਦਾ ਰੱਖੇ ਸਲਾਮਤ-

ਉਸ ਨੇ ਸਾਡੇ ਦਿਨ ਲੰਘਾਏ ਨੇ।

ਅਸਾਨੂੰ ਜੀਉਣ ਦੇ ਉਸ ਵੱਲ ਸਿਖਾਏ ਨੇ।

ਕਟੀਲੇ ਨੈਣ ਉਹ ਆਪਣੇ ਹੀ ਨੇ-

ਭਾਵੇਂ ਪਰਾਏ ਨੇ।

ਮੇਰੇ ਯਾਰਾਂ ਦੀ ਮਹਿਫ਼ਲ ਸਜੀ ਹੋਈ ਏ

ਇਹ ਸਭ ਅਪਣੱਤ ਦੇ ਅਹਿਸਾਸ ਵਿਚ ਬੱਝੇ -

ਕਲਾ ਦੀ,

ਯੁੱਧ ਦੀ,

ਦੇਸੀ, ਵਿਦੇਸੀ ਰਾਜਨੀਤੀ ਦੀ -

ਕਰਾਰੀ ਦਹਿਕਦੀ ਹੋਈ ਬਹਿਸ ਵਿਚ ਉੁਲਝੇ

ਭਵਿੱਖ ਦੇ ਚਮਕਦੇ ਹੋਏ ਸੂਰਜਾਂ ਦੇ ਚਿਤਰ-ਸਿਰਜਕ ਨੇ।

ਇਨ੍ਹਾਂ ਨੇ ਕਿੱਥੇ ਜਾਣੈਂ?

ਕੀ ਕਰਨ?

ਇਹ ਕੁਝ ਪਤਾ ਹੀ ਨਹੀਂ।

ਆਜ਼ਾਦੀ ਨੇ ਇਨ੍ਹਾਂ ਨੂੰ ਜਨਮਿਆ ਹੈ?

ਕਿ ਬਟਵਾਰੇ ਦੀ ਦਹਿਸ਼ਤ ਨਾਲ ਗਰਭ-ਪਾਤ ਹੋਇਆ ਹੈ?

ਜਿਨ੍ਹਾਂ ਕੁੱਖਾਂ ਦੇ ਇਹ ਖ਼ਰਗੋਸ਼ ਨੇ -

ਉਹ ਤਾਂ ਨਰੋਈਆਂ ਨੇ।

ਇਹ ਤਾਕਤ, ਸੂਝ ਦੇ ਅੰਬਾਰ,

ਅਣ-ਸੱਦੇ ਜਿਹੇ ਜੰਤੂ

ਇਹ ਅਵਸਰ, ਮੌਕਿਆਂ ਦੀ ਪਕੜ ਤੋਂ -

ਖੁੰਝੇ ਹੋਏ ਬੰਦੇ।

ਇਨ੍ਹਾਂ ਦੇ ਸੁੰਨਿਆਂ ਨੈਣਾਂ ’ਚ ਡੇਲੇ ਨਹੀਂ!

ਜੇ ਡੇਲੇ ਨੇ, ਤਾਂ ਉਹ ਮਾਯੂਸ ਨੇ ਤਿੱਖੀਆਂ ਹਵਾਵਾਂ ਤੋਂ!

ਇਹ ਬੈਠੇ ਹਰ ਵਿਸ਼ੇ ਤੇ ਬਹਿਸ ਕਰਦੇ ਨੇ

ਤੇ ਤਰਕਾਲਾਂ ਨੂੰ ਕੱਠੇ ਕਰਕੇ ਕੁਝ ਪੈਸੇ

ਇਕੱਲੇ ਬੈਠ ਵੀਰਾਨੇ ’ਚ ਛਲਕਾਉਂਦੇ ਗਲਾਸਾਂ ਨੂੰ।

ਨਸ਼ੇ ਦੇ ਲੋਰ ਵਿਚ ਭੁਲਦੇ ਜ਼ਮਾਨੇ ਦੀ ਬੇਦਰਦੀ ਨੂੰ

ਤੇ ਆਖ਼ਰ ਅਲਵਿਦਾ ਕਹਿ ਕੇ ਚਲੇ ਜਾਂਦੇ -

ਸਵੇਰੇ ਫੇਰ ਮਿਲਣੇ ਨੂੰ!

ਕਈ ਵਾਰੀ ਮੈਂ ਬਹਿ ਕੇ ਸੋਚਿਆ ਹੈ-

ਇਹ ਨਾਮਨਜ਼ੂਰ, ਅਣ-ਕੱਜਿਆ-

ਮਨੁੱਖ ਦਾ ਤਲਖ਼ ਸਰਮਾਇਆ

ਭਲਾ ਕਿੱਥੇ ਚਲਾ ਜਾਂਦਾ!

ਜੇ ਮਾਂ ਦੀ ਗੋਦ ਜਿਹੇ ਨਿੱਘੇ -

ਨਾ ਇਹ ਅਨਪੂਰਨੇ ਹੁੰਦੇ!

ਜੇ ਦਿਹੁੰ ਨੂੰ ਡੁੱਬਦਾ ਦੇਖਣ ਨੂੰ -

ਗਲਿਆਰੇ ਵੀ ਨਾ ਹੁੰਦੇ!

ਤੇਰੇ ਇਸ ਚੌਕ ’ਤੇ ਖੜ੍ਹ ਕੇ -

ਉਹ ਆਪਣੀ ਪ੍ਰੇਮਿਕਾ ਨੂੰ ਰੋਜ਼ ਵਿਹੰਦਾ ਸੀ।

ਉਹ ਇਕ ਦਿਨ ਹੋਰ ਬੰਦੇ ਵੱਲ ਇਸ਼ਾਰਾ ਕਰਕੇ-

ਮੈਨੂੰ ਕਹਿਣ ਲੱਗਾ -

‘‘ਇਹ ਮੂਰਖ ਸਮਝਦਾ ਹੈ ਕਿ-

ਉਹ ਛੱਤ ਤੇ ਰੋਜ਼ ਚੜ੍ਹ ਕੇ ਇਸ ਨੂੰ ਤੱਕਦੀ ਹੈ!

ਪਰ ਉਹਦੇ ਪ੍ਰੇਮ-ਪੱਤਰਾਂ ਨਾਲ 

ਮੇਰੀ ਜੇਬ ਭਾਰੀ ਹੈ!’’

ਮੈਂ ਉਸ ਨੂੰ ਆਖਿਆ ਸੀ -

‘‘ਤੂੰ ਉਸ ਦੀ ਜੇਬ ਵੀ ਤਾਂ ਦੇਖ ਲੈਣੀ ਸੀ!

ਅਚੰਭਾ ਨਹੀਂ ਜੇ ਉਸ ਦੀ ਜੇਬ ਵਿਚ ਵੀ -

ਪ੍ਰੇਮ-ਪੱਤਰ ਹੋਣ, ਤੇਰੀ ਇਸ ਮਸ਼ੂਕਾ ਦੇ!’’

ਅਸੀਂ ਦਾਰੂ ਛਕੀ,

ਤੇ ਫੇਰ ਰੋਟੀ ਖਾਣ ਜਾ ਬੈਠੇ।

ਪਲੇਟਾਂ ਵਿਚ ਪਾ ਕੇ ਰੱਖ ਦਿੱਤਾ ਮੀਟ ਗਿੱਦੜਾਂ ਦਾ -

ਹਰਾਮੀ ਨੇ!

ਦਲੀਪਾ ਨਾਲ ਸੀ,

ਹਰਦੇਵ ਸੀ,

ਬਲਰਾਜ, ਤੇ ਜੱਜ ਸੀ!

ਫਿ਼ਕਰ, ਮਖ਼ਮੂਰ, ਅਖ਼ਤਰ, ਰਾਜ,

ਤੇ ਚਾਚਾ ਖਰੈਤੀ ਸੀ।

ਤਾਰਾ, ਮੂਰਤੀ, ਬਲਦੇਵ ਬਾਊ-

ਨੰਦੀ, ਤੇ ਗਿੱਲ ਸੀ।

ਬੜੇ ਬੇਆਬਰੂ ਹੋ ਕੇ ਚਲੇ ਆਏ ਅਸੀਂ ਸਾਰੇ!

ਅਜੇ ਤਕ ਨਥਨਿਆਂ ’ਚ ਹਬਕ ਨਹੀਂ ਨਿਕਲੀ!

ਕਹਾਣੀ ਛਪ ਗਈ ਤੇਰੀ?

ਤੇ ਚੈੱਕ ਮਿਲਿਆ?

... ... ...

ਇਹ ਰੋਜ਼ਾ ਰੰਮ ਚੰਗੀ ਸ਼ੈ ਬਣਾਈ ਏ ਕਿਸੇ ਬੰਦੇ!

... ... ...

ਤੂੰ ਰਾਤੀਂ ਘੂਕ ਸੁੱਤੀ ਸੀ;

ਜਿਵੇਂ ਕੋਈ ਰੌਣਕੀ ਮਹਿਲਾ

ਇਹ ਗਲਿਆਰੇ ਤੇਰੇ ਸੁੱਤੇ ਹੋਏ ਥਣ ਜਾਪਦੇ ਸੀ।

ਤੇਰੇ ਪਿੰਡੇ ’ਤੇ ਚਾਨਣ ਡੁੱਲ੍ਹ ਰਿਹਾ ਸੀ -

ਜਿਵੇਂ ਦੁੱਧ ਦੇ ਕਟੋਰੇ ਵਿਚ ਕਿਸੇ ਨੇ ਰੱਤ ਛਿਣਕੀ ਹੈ।

ਸਹੰਸਰ ਪੈਰ ਤੇਰੀ ਹਿੱਕ ਉੱਤੇ ਜਾਗ ਪੈਂਦੇ ਨੇ

ਉਨ੍ਹਾਂ ਦੀ ਚਾਪ ਸੁਣਦਾ ਹਾਂ!

ਹਜ਼ਾਰਾਂ ਧੁੰਦਲੀਆਂ ਸਰਗੋਸ਼ੀਆਂ ਦਾ ਸਿਲਸਿਲਾ ਹੈ।

ਹਜ਼ਾਰਾਂ ਦੋਸਤੀ ਦੇ ਬੋਲ ਸਿੰਮੇ ਨੇ।

ਸੁਗੰਧਾਂ ਨਾਲ ਭਿੱਜੇ ਜਿਸਮ ਇਕ ਦੂਜੇ ਨੂੰ ਖਹਿਸਰਦੇ ਤੁਰੇ ਜਾਂਦੇ।

ਅਸਿਲਵਟ ਵਸਤਰਾਂ ’ਚੋਂ ਮੱਠੀ ਮੱਠੀ ਅੱਗ ਉਠਦੀ ਹੈ। 

ਖ਼ੁਦਾ ਕਰੜੀ ਮੁਸ਼ੱਕਤ ਕਰਕੇ ਝੁੱਗੀ ਵੱਲ ਤੁਰਿਆ ਹੈ -

ਤੇ ਕੁੱਛੜ ਬਾਲ ਹੈ, ਪਤਨੀ ਨੇ ਬਾਲਣ-ਗੰਢ ਚੁੱਕੀ ਹੈ। 

ਇਹ ਦੇ ਕੇ ਸਿਰਜਨਾ, ਮਿੱਟੀ ਪਸੀਨਾ ਘਰ ਨੂੰ ਲੈ ਚੱਲਿਆ।

ਇਹ ਜਾਂ ਮਜਬੂਰ ਹੈ, ਜਾਂ ਫਿਰ ਦਿਆਲੂ ਹੈ।

ਤੇਰੇ ਪਿਛਵਾੜ ਮੇਰੇ ਯਾਰ, ਇਕ ਲੇਖਕ ਦਾ ਘਰ ਵੀ ਹੈ। 

ਇਨ੍ਹਾਂ ਕੰਧਾਂ ਦੇ ਅੰਦਰ, ਮਾਂ ਦਾ, ਮਹਿਬੂਬਾ ਦਾ ਮਨ ਵੀ ਹੈ। 

ਇਹ ਨਿੱਘਾ ਆਲ੍ਹਣਾ ਹੈ।

ਤੇਰੇ ਪਿਛਵਾੜ ਮੰਡਪ ਆਸਮਾਨੀ ਉੱਸਰੇ ਨੇ।

ਜੋ ਨਿੱਘੇ ਆਲ੍ਹਣੇ ਵਿਚ ਹੈ-

ਉਹ ਇਸ ਸੰਗਲਾਖ਼ ਮੰਡਪ ਵਿਚ ਨਹੀਂ ਮਿਲਦਾ।

... ... ...

ਮੈਂ ਤੇਰੇ ਨਾਲ ਘੁੰਮਦੇ, ਆਸ਼ਕੀ ਦੇ ਦਿਨ ਗੁਜ਼ਾਰੇ ਨੇ

ਤੂੰ ਮੈਨੂੰ ਦੇਖਿਆ ਵੀ ਹੈ ਖ਼ੁਮਾਰੀ ਵਿਚ ਘੁੰਮਦੇ ਨੂੰ।

ਮੈਂ ਤੈਨੂੰ ਆਣ ਕੇ ਸਭ ਕੁਝ ਸੁਣਾਂਦਾ ਸਾਂ

ਮੈਂ ਆਪਣੀ ਪ੍ਰੇਮਿਕਾ ਦੇ ਖ਼ਤ ਤੇਰੇ ਬੋਝੇ ’ਚ ਪਾਂਦਾ ਸਾਂ।

ਜੇ ਤੂੰ ਉਂਘਲਾ ਰਹੀ ਹੁੰਦੀ -

ਤਾਂ ਤੇਰੀ ਸੇਜ ਚੜ੍ਹ ਕੇ ਬੈਠ ਜਾਂਦਾ ਸਾਂ!

ਤੂੰ ਮੈਨੂੰ ਰੋਜ਼ ਪੁੱਛਦੀ ਸੀ-

‘‘ਸੁਣਾ ਨਾ ਮਹਿਰਮਾ, ਅੜਿਆ।

ਮੇਰੇ ਸ਼ਰਮਾਕਲਾ, ਚੁੰਮਣ ਲਿਆ? ਪ੍ਰੀਤਮ ਦਾ ਹੱਥ ਫੜਿਆ?’’

ਹੁਣੇ ਪਾਣੀ, ਹੁਣੇ ਲਾਵਾ, ਹੁੰਣੇ ਸ਼ਿੰਗਰਫ਼, ਹੁਣੇ ਪੱਥਰ।

ਮੈਂ  ਤੈਨੂੰ ਪੁੱਛਦਾ ਸਾਂ-

‘‘ਮੈਂ ਕਿਤੇ ਪਾਗ਼ਲ ਤਾਂ ਨਹੀਂ ਹੋਇਆ?’’

ਕਦੇ ਤੂੰ ਆਖਿਆ ਵੀ ਨਾ-

ਕਿ ਤੇਰੇ ਜਿਸਮ ਕੋਲੋਂ ਗੰਧ ਆਉਂਦੀ ਹੈ

ਬੁਰਾਦੇ ਦੀ!

ਮੈਂ ਆਪਣੀ ਮਾਂ ਦਾ ਚਿਹਰਾ ਦੇਖਿਆ ਹੈ ਤੇਰੇ ਚਿਹਰੇ ਵਿਚ।

ਤੂੰ ਮੇਰੇ ਅੰਗ ਅੰਗ ਅੰਦਰ-

ਮੇਰੇ ਸਾਹੀਂ ਸਮਾਈ ਏਂ!

****

ਰੱਸੀਆਂ ਦੇ ਸੱਪ

ਤੇਰੇ ਤੁਰ ਜਾਣ ਪਿੱਛੋਂ -

ਰੱਸੀਆਂ ਦੇ ਸੱਪ ਬਣ ਜਾਣਗੇ,

ਗੱਲਾਂ ਦੇ ਪਹਾੜ ਬਣ ਜਾਣਗੇ।

ਲੀਕਾਂ ਦੇ ਸਿਆੜ ਬਣ ਜਾਣਗੇ।

ਤੇਰੇ ਤੁਰ ਜਾਣ ਪਿੱਛੋਂ-

ਨਿੱਕੇ ਨਿੱਕੇ ਸੱਚ ਜਾਗ ਪੈਣਗੇ,

ਨਿੱਕੇ ਨਿੱਕੇ ਝੂਠ ਜਾਗ ਪੈਣਗੇ।

ਕਿੱਥੇ ਤੁਰ ਚਲਿਆਂ?

ਜਿੱਥੇ ਤੁਰ ਚਲਿਐਂ,

ਓਥੋਂ ਜਦੋਂ ਤੁਰੇਗਾ,

ਉੱਥੇ ਵੀ ਤਾਂ ਨਿੱਕੇ ਨਿੱਕੇ ਸੱਚ ਜਾਗ ਪੈਣਗੇ।

ਉੱਥੇ ਵੀ ਤਾਂ ਨਿੱਕੇ ਨਿੱਕੇ ਝੂਠ ਜਾਗ ਪੈਣਗੇ।

ਉੱਥੇ ਵੀ ਤਾਂ ਰੱਸੀਆਂ ਦੇ ਸੱਪ ਬਣ ਜਾਣਗੇ। 

****

ਨਾਮਨਜ਼ੂਰ

ਇਹ ਰੱਬ ਮੈਨੂੰ ਨਹੀਂ ਮਨਜ਼ੂਰ

ਇਸ ਰੱਬ ਦੀਆਂ ਈਰਖਾ ਜਹੀਆਂ ਧੁੱਪਾਂ

ਇਸ ਦੇ ਸੂਰਜ ਸਾਰੀਆਂ ਕਿਰਨਾਂ ਮੇਰੇ ਪਿੰਡੇ ਚੋਭਣ

ਕਿਸ ਕਿਣਕੇ ’ਤੇ ਪੈਰ ਧਰਾਂ ਮੈਂ

ਹਰ ਕਿਣਕਾ ਅੰਗਿਆਰਾ!

ਇਸ ਦੀ ਸਰਘੀ ਤੁਹਮਤ ਵਰਗੀ

ਲੱਜਿਆ ਜਿਹੇ ਦਿਹਾੜੇ!

ਇਸ ਰੱਬ ਦੀ ਵਰਖਾ ਅਪਰਾਧ ਜਹੀ ਹੈ!

ਮੇਰੇ ਨੰਗੇ, ਅੱਧ-ਕੱਜੇ ਪਿੰਡੇ ’ਤੇ ਵਰ੍ਹਦੀ!

ਇਹ ਰੱਬ ਮੇਰੀ ਸਾਖ ਨਹੀਂ ਹੈ।

ਇਹ ਰੱਬ ਮੇਰੀ ਆਸ ਨਹੀਂ ਹੈ।

ਭਾਗ-ਸੁਲੱਖਣੇੇ ਲੋਕੀਂ -

ਮੇਰੀ ਰੱਤ ਨਿਚੋੜ ਰਹੇ ਨੇ- ਮੰਨਿਆ,

ਤੂੰ ਹੀ ਆਪਣੀਆਂ ਧੁੱਪਾਂ ਨੂੰ ਸਮਝਾ ਲੈ!

ਵਰਖਾ ਨੂੰ ਚਿੱਪੀ ਵਿਚ ਭਰ ਲੈ,

ਭੁੱਖਾਂ ਦੇ ਸੱਪ ਕੀਲ ਪਟਾਰੀ ਪਾ ਲੈ!

ਭਾਗ-ਸੁਲੱਖਣੇ ਲੋਕੀਂ-

ਮੇਰੀ ਰੱਤ ਨਿਚੋੜ ਰਹੇ ਨੇ!

ਮਾਸ ਭੰਬੋੜ ਰਹੇ ਨੇ।

ਪਰ ਜੋ ਕੁਝ ਹੈ ਤੇਰੇ ਵੱਸ ਵਿਚ-

ਉਹ ਵੀ ਤੂੰ ਨਹੀਂ ਕਰਦਾ!

ਤਾਂ ਤੂੰ ਵੀ ਮੇਰੇ ਲਈ ਭਾਗ-ਸੁਲੱਖਣਾ!

ਰੱਤ ਨਿਚੋੜਨ ਵਾਲਾ

ਆਪਣਿਆਂ ਦੇ ਨਾਲ ਪਰਾਇਆ ਬਣਿਆ!

ਪਤਾ ਨਹੀਂ ਕਦ, ਕਿਸ ਨੇ ਜਣਿਆ।

ਧੁੱਪੇ ਸਾੜਨ ਵਾਲਾ!

ਪਾਲੇ ਠਾਰਨ ਵਾਲਾ!

ਭੁੱਖੇ ਮਾਰਨ ਵਾਲ!

ਜਾਬਰ ਦੇ ਚੇਤਨ ਵਿਚ ਪਲਿਆ।

ਬੰਦੇ ਨਾਲੋਂ ਵਧ ਕੁਝ ਬਣਿਆ।

ਮੈਂ ਕੀਤਾ ਮਨਸੂਖ਼! 

ਇਹ ਰੱਬ ਮੈਨੂੰ ਨਹੀਂ ਮਨਜ਼ੂਰ।

****

ਗ਼ਜ਼ਲ

ਰੁੱਸਣ ਪਿੱਛੋਂ, ਮੰਨ ਮਨਾ ਕੇ, ਕਿੱਥੇ ਚਲੇ ਗਏ ਸੀ ਜੀ!

ਚਾਰ ਦਿਹਾੜੇ ਹੱਸ ਹਸਾ ਕੇ ਕਿੱਥੇ ਚਲੇ ਗਏ ਸੀ ਜੀ!

ਤੁਸਾਂ ਕਿਹਾ ਸੀ, ਸੱਚ ਸੁਣਾ ਕੇ ਵਕਤਾ ਸੂਲੀ ਚੜ੍ਹ ਜਾਂਦੈ,

ਭਲਾਂ ਤੁਸੀਂ ਇਹ ਸੱਚ ਸੁਣਾ ਕੇ ਕਿੱਥੇ ਚਲੇ ਗਏ ਸੀ ਜੀ!

ਚਲੇ ਗਏ ਸੀ? ਤਾਂ ਕੀ ਹੋਇਆ, ਦਿਲ ਉਕਤਾ ਵੀ ਜਾਂਦਾ ਏ,

ਐਪਰ ਸਾਡੇ ਤੋਂ ਉਕਤਾ ਕੇ ਕਿੱਥੇ ਚਲੇ ਗਏ ਸੀ ਜੀ!

ਗੁੰਦੇ ਰਹੇੇ ਰਾਤ ਦੇ ਕੇਸੀਂ ਝਿਲਮਿਲ ਕਰਦੇ ਇਹ ਤਾਰੇ,

ਸਰਘੀ ਵੇਲੇ ਅੱਖ ਬਚਾ ਕੇ ਕਿੱਥੇ ਚਲੇ ਗਏ ਸੀ ਜੀ!

ਫੁੱਲ ਮਾਰੋ ਤਾਂ ਇਸ ਨਹੀਂ ਮਰਨਾ, ਤਰਸ ਕਰੋ, ਮਰ ਜਾਵੇਗਾ,

ਏਸ ਸ਼ਹਿਰ ਨੂੰ ਇਹ ਸਮਝਾ ਕੇ ਕਿੱਥੇ ਚਲੇ ਗਏ ਸੀ ਜੀ!

****

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸ਼ਹਿਰ

View All