ਮਹਾਤਮਾ ਗਾਂਧੀ ’ਤੇ ਫਿਲਮ ਬਣਾਉਣਗੇ ਸੁਧੀਰ ਮਿਸ਼ਰਾ ਅਤੇ ਅਨੁਭਵ ਸਿਨਹਾ
ਫਿਲਮਕਾਰ ਸੁਧੀਰ ਮਿਸ਼ਰਾ ਅਤੇ ਅਨੁਭਵ ਸਿਨਹਾ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦੇ 21 ਰੋਜ਼ਾ ਅਧਿਆਇ ’ਤੇ ਇੱਕ ਫਿਲਮ ਬਣਾ ਰਹੇ ਹਨ। ਇਸ ਦਾ ਨਿਰਮਾਣ ਉਹ ਆਪਣੇ ਬੈਨਰ ਬਨਾਰਸ ਮੀਡੀਆ ਵਰਕਸ ਹੇਠ ਕਰਨਗੇ। ਇਸ ਵਿੱਚ ਮਨੋਜ ਬਾਜਪਾਈ ਮਹਾਤਮਾ ਗਾਂਧੀ ਦੀ ਭੂਮਿਕਾ...
ਫਿਲਮਕਾਰ ਸੁਧੀਰ ਮਿਸ਼ਰਾ ਅਤੇ ਅਨੁਭਵ ਸਿਨਹਾ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦੇ 21 ਰੋਜ਼ਾ ਅਧਿਆਇ ’ਤੇ ਇੱਕ ਫਿਲਮ ਬਣਾ ਰਹੇ ਹਨ। ਇਸ ਦਾ ਨਿਰਮਾਣ ਉਹ ਆਪਣੇ ਬੈਨਰ ਬਨਾਰਸ ਮੀਡੀਆ ਵਰਕਸ ਹੇਠ ਕਰਨਗੇ। ਇਸ ਵਿੱਚ ਮਨੋਜ ਬਾਜਪਾਈ ਮਹਾਤਮਾ ਗਾਂਧੀ ਦੀ ਭੂਮਿਕਾ ਅਦਾ ਕਰੇਗਾ। ਇਸ ਫਿਲਮ ਦਾ ਨਿਰਦੇਸ਼ਨ ਸੁਧੀਰ ਮਿਸ਼ਰਾ ਕਰਨਗੇ। ਇਸ ਤੋਂ ਪਹਿਲਾਂ ਉਸ ਨੇ ‘ਹਜ਼ਾਰੋਂ ਖਵਾਇਸ਼ੇਂ ਐਸੀ’ ਅਤੇ ‘ਧਾਰਾਵੀ’ ਜਿਹੀਆਂ ਫਿਲਮਾਂ ਬਣਾਈਆਂ ਹਨ।
ਇਸੇ ਤਰ੍ਹਾਂ ਅਨੁਭਵ ਨੇ ‘ਮੁਲਕ’, ‘ਆਰਟੀਕਲ 15’ ਅਤੇ ‘ਥੱਪੜ’ ਵਰਗੀਆਂ ਫਿਲਮਾਂ ਬਣਾਈਆਂ ਹਨ। ਇਸ ਵਿੱਚ ਸੌਰਭ ਸ਼ੁਕਲਾ ਸਣੇ ਹੋਰ ਕਲਾਕਾਰ ਅਹਿਮ ਭੂਮਿਕਾਵਾਂ ਅਦਾ ਕਰਨਗੇ।
ਸੁਧੀਰ ਮਿਸ਼ਰਾ ਨੇ ਕਿਹਾ ਕਿ ਇਹ ਫਿਲਮ ਇਤਿਹਾਸ ਦੇ ਇੱਕ ਮਹੱਤਵਪੂਰਨ ਪਰ ਘੱਟ ਜਾਣੇ-ਪਛਾਣੇ ਅਧਿਆਇ ਦੀ ਗੱਲ ਕਰਦੀ ਹੈ। ਇਸ ਵਿੱਚ ਆਜ਼ਾਦੀ ਦੇ ਸੰਘਰਸ਼ ਦੌਰਾਨ ਮਹਾਤਮਾ ਗਾਂਧੀ ਦੇ ਜੀਵਨ ਦੇ 21 ਦਿਨਾਂ ਦਾ ਸਮਾਂ ਦਿਖਾਇਆ ਗਿਆ ਹੈ। ਉਸ ਸਮੇਂ ਦੇਸ਼ ਆਜ਼ਾਦੀ ਵੱਲ ਕਦਮ ਰੱਖ ਰਿਹਾ ਸੀ ਅਤੇ ਦਿੱਲੀ ਤਾਕਤ ਦਾ ਕੇਂਦਰ ਬਣ ਰਹੀ ਸੀ। ਇਸੇ ਦੌਰਾਨ ਗਾਂਧੀ ਜੀ ਨੇ ਅਚਾਨਕ ਪਿੱਛੇ ਹਟਣ ਦਾ ਫ਼ੈਸਲਾ ਕੀਤਾ। ਉਹ ਪਿੱਛੇ ਤਾਂ ਹਟ ਗਏ ਪਰ ਉਨ੍ਹਾਂ ਸੰਘਰਸ਼ ਤੋਂ ਦੂਰੀ ਨਹੀਂ ਬਣਾਈ। ਉਨ੍ਹਾਂ ਖ਼ੁਦ ਨੂੰ ਨਵੇਂ ਰੂਪ ਵਿੱਚ ਢਾਲ ਲਿਆ। ਇਤਿਹਾਸ ਦੀਆਂ ਕਿਤਾਬਾਂ ਵਿੱਚ ਇਸ ਬਾਰੇ ਜ਼ਿਆਦਾ ਡੂੰਘਾਈ ਨਾਲ ਨਹੀਂ ਲਿਖਿਆ ਗਿਆ ਪਰ ਇਹ ਕਹਾਣੀ ਉਸ ਫ਼ੈਸਲੇ ਦੀ ਅਸਲੀਅਤ ਦੀ ਭਾਲ ਕਰਦੀ ਹੈ।

