ਬੁੱਧੂ ਬੁੱਧੀਜੀਵੀ : The Tribune India

ਬੌਧਿਕਤਾ

ਬੁੱਧੂ ਬੁੱਧੀਜੀਵੀ

ਬੁੱਧੂ ਬੁੱਧੀਜੀਵੀ

ਰਾਜੇਸ਼ ਸ਼ਰਮਾ*

ਸੁਕਰਾਤ ਸੱਤਾ ਹੱਥੋਂ ਕਤਲ ਕਰ ਦਿੱਤਾ ਗਿਆ। ਉਸ ਦੇ ਕਤਲ ਵਿਚ ਅਖੌਤੀ ਬੁੱਧੀਜੀਵੀਆਂ ਨੇ ਅਹਿਮ ਭੂਮਿਕਾ ਨਿਭਾਈ ਸੀ। ਵੈਸੇ, ਸੁਕਰਾਤ ਨੇ ਸੱਤਾ ਨਾਲ ਲੜਾਈ ਮੁੱਲ ਨਹੀਂ ਸੀ ਲਈ। ਉਹ ਤਾਂ ਸੁਤੰਤਰ ਦ੍ਰਿਸ਼ਟੀ, ਚਿੰਤਨ ਅਤੇ ਬੋਲਣ ਦੀ ਆਪਣੀ ਰਾਹ ਤੁਰਿਆ ਜਾ ਰਿਹਾ ਸੀ ਜਦੋਂ ਸੱਤਾ ਉਸ ਦੇ ਨਾਲ ਖਹਿਣ ਲੱਗੀ। ਉਸ ਨੇ ਪੈਂਤੜੇ ਲੈਣ ਖ਼ਾਤਰ ਚਿੰਤਨ ਨਹੀਂ ਕੀਤਾ ਸਗੋਂ ਉਸ ਦੇ ਚਿੰਤਨ ਨੇ ਵਕਤੀ ਪੈਂਤੜਿਆਂ ਉੱਪਰ ਸਵਾਲੀਆ ਨਿਸ਼ਾਨ ਲਗਾਏ। ਬੁੱਧੀਜੀਵੀ ਇਸ ਲਈ ਬੁੱਧੀਜੀਵੀ ਨਹੀਂ ਹੁੰਦੇ ਕਿ ਉਹ ਕੋਈ ਪੱਖ ਲੈ ਕੇ ਗੱਲ ਕਰਦੇ ਹਨ ਸਗੋਂ ਪੱਖ ਉਨ੍ਹਾਂ ਦੀ ਗੱਲ ਤੋਂ ਸਪਸ਼ਟ, ਪ੍ਰਗਟ ਹੁੰਦਾ ਹੈ।

ਬੁੱਧੀਜੀਵੀ ਹੋਣਾ ਬੋਧ ਖ਼ਾਤਰ ਜਿਊਣਾ ਹੈ। ਚਿੰਤਨ ਉੱਪਰ ਸਵੈ ਦਾ ਪੋਸ਼ਣ ਕਰਨਾ ਅਤੇ ਚਿੰਤਨ ਦੀ ਰੌਸ਼ਨੀ ਵਿਚ ਹੌਸਲੇ ਨਾਲ ਜਿਊਣਾ ਹੈ। ਮਨ ਦਾ ਧਰਮ ਹੈ ਚੰਚਲਤਾ। ਬੁੱਧੀ ਦੀ ਪਛਾਣ ਹੈ ਸਥਿਰਤਾ, ਸੰਤੁਲਨ, ਸਾਫ਼ ਨਜ਼ਰੀਆ ਅਤੇ ਦਿਸ਼ਾਗਤ ਗਤੀਸ਼ੀਲਤਾ। ਇਸ ਲਈ ਬੁੱਧੀ ਪਰਖ ਅਤੇ ਨਿਰਣੇ ਦੀ ਭੂਮੀ ਹੈ। ਸਪੱਸ਼ਟ ਹੈ ਕਿ ਬੁੱਧੀਜੀਵੀ ਹੋਣਾ ਰਾਵਾਂ ਦੀ ਅਧੀਨਗੀ ਵਿਚ ਜਿਊਣਾ ਨਹੀਂ ਹੈ ਸਗੋਂ ਦ੍ਰਿਸ਼ਟੀਕੋਣ ਰੱਖਣਾ ਹੈ। ਸਭ ਕੁਝ ਨੂੰ ਇਕ ਸਪਸ਼ਟ ਅਤੇ ਸੋਚੇ-ਵਿਚਾਰੇ ਬਿੰਦੂ ਤੋਂ ਜਾਚਣਾ, ਨਿਰੰਤਰ ਸਵੈ-ਪੜਚੋਲ ਅਤੇ ਅਧਿਐਨ ਦੀ ਮਿਹਨਤ ਮੰਗਦਾ ਹੈ। ਇਸੇ ਲਈ ਪੂਰਨਕਾਲੀ ਜਨਤਕ ਬੁੱਧੀਜੀਵੀ ਹੋਣਾ ਸੰਭਵ ਨਹੀਂ। ਚਿੰਤਨ ਜਨਤਕ ਜੀਵਨ ਅਤੇ ਨਿੱਜੀ ਦੁਨਿਆਵੀ ਰੁਝੇਵਿਆਂ ਤੋਂ ਵਾਰ ਵਾਰ ਦੂਰ ਹੋਣਾ ਮੰਗਦਾ ਹੈ। ਕਈ ਚੀਜ਼ਾਂ ਨੇੜਿਓਂ ਨਹੀਂ ਦਿਸਦੀਆਂ ਜਾਂ ਠੀਕ ਨਹੀਂ ਦਿਸਦੀਆਂ।

ਜੇਮਜ਼ ਬਾਲਡਵਿਨ ਲਿਖਦਾ ਹੈ ਕਿ ਲੇਖਕ ਲਈ ਆਪਣੇ ਅਨੁਭਵ ਪ੍ਰਤੀ ਸੱਚੇ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਅਕਸਰ ਆਪਣੇ ਅਨੁਭਵ ਤੋਂ ਮੁਨਕਰ ਹੋ ਜਾਂਦੇ ਹਾਂ ਅਤੇ ਪ੍ਰਚਲਿਤ ‘ਸੱਚ’ ਨੂੰ ਅਪਣਾ ਲੈਂਦੇ ਹਾਂ। ਬਾਲਡਵਿਨ ਜਿਸ ਨੂੰ ਲੇਖਕ ਕਹਿ ਰਿਹਾ ਹੈ, ਅਸੀਂ ਬੁੱਧੀਜੀਵੀ ਕਹਿ ਸਕਦੇ ਹਾਂ। ਸਭਿਆਚਾਰ ਦੇ ਵਕਤੀ ਨਿਜ਼ਾਮ ਸਾਹਮਣੇ ਆਪਣੇ ਭੋਗੇ ਹੋਏ ਸੱਚ ਨੂੰ ਅਣਗੌਲਿਆਂ ਕਰਨਾ ਸੁਭਾਵਿਕ ਹੈ ਕਿਉਂਕਿ ਇੰਜ ਕਰਨਾ ਸੌਖਾ ਹੈ। ਆਪਣੇ ਆਪ ਨੂੰ ਗ਼ਲਤ ਮੰਨ ਲੈਣਾ ਚੰਗਾ ਜਿਹਾ ਲੱਗਦਾ ਹੈ, ਪਰ ਹੋ ਸਕਦਾ ਹੈ ਕਿ ਅਸੀਂ ਉਸ ਘੜੀ ਸੱਚ ਨਾਲ ਦਗ਼ਾ ਕਮਾ ਰਹੇ ਹੋਈਏ।

ਆਪਣੇ ਬੌਧਿਕ ਸਪੇਸ ਦੀ ਸੁਰੱਖਿਆ ਕਰਨਾ ਜ਼ਰੂਰੀ ਹੈ ਅਤੇ ਸਮਾਜ ਅੰਦਰਲੇ ਵਿਆਪਕ ਬੌਧਿਕ ਸਪੇਸ ਦੀ ਵੰਨ-ਸੁਵੰਨਤਾ ਨੂੰ ਪ੍ਰਫੁੱਲਿਤ ਹੋਣ ਦੇਣਾ ਵੀ ਓਨਾ ਹੀ ਜ਼ਰੂਰੀ ਹੈ। ਬੁੱਧੀਜੀਵੀ ਚਿੰਤਨ ਅਤੇ ਪ੍ਰਵਚਨਾਂ ਦੀਆਂ ਸੰਭਾਵਨਾਵਾਂ ਦਾ ਪੋਸ਼ਣ ਕਰਦਾ ਹੈ ਅਤੇ ਆਪਣੇ ਵਿਚਾਰਾਂ ਨਾਲ ਸਮਾਜ ਦੇ ਵਿਆਪਕ ਬੌਧਿਕ ਸਪੇਸ ਉੱਪਰ ਆਪਣਾ ਗਲਬਾ ਪਾਉਣ ਤੋਂ ਗੁਰੇਜ਼ ਕਰਦਾ ਹੈ। ਇਹ ਸੁਹਿਰਦਤਾ ਅਤੇ ਸੰਜੀਦਗੀ ਮੰਗਦਾ ਹੈ। ਕ੍ਰੋਧ ਅਤੇ ਹਾਸਾ ਬੁੱਧੀਜੀਵੀ ਦੇ ਖ਼ਾਸ ਸੰਦ ਹੁੰਦੇ ਹਨ। ਇਹ ਉਸ ਦੇ ਮਨੁੱਖ ਹੋਣ ਦੀ ਯਾਦ ਵੀ ਦਿਵਾਉਂਦੇ ਹਨ। ਇਹ ਬੁੱਧੀਜੀਵੀ ਦੇ ਕੰਮ ਨੂੰ ਸਾਰਥਕ ਕਰਦੇ ਹਨ।

ਅੱਜ ਜਿਸ ਸਭਿਆਚਾਰ ਦਾ ਬੋਲਬਾਲਾ ਹੈ, ਸ਼ਾਇਦ ਉਸ ਨੂੰ ਬੇਰਹਿਮੀ ਦਾ ਸਭਿਆਚਾਰ ਕਿਹਾ ਜਾ ਸਕਦਾ ਹੋਵੇ। ਵਹਿਸ਼ਤ ਅਤੇ ਉਜੱਡਪੁਣੇ ਨਾਲ ਬੇਸ਼ਰਮੀ ਜੁੜ ਗਈ ਹੈ। ਬਰਬਰਤਾ ਨਾਲ ਸੂਖ਼ਮ ਕਪਟ ਜੁੜ ਗਿਆ ਹੈ। ਪਿਛਲੇ ਕਈ ਦਹਾਕਿਆਂ ਦੌਰਾਨ ਹਾਲਾਤ ਅਜਿਹੇ ਬਣਾ ਦਿੱਤੇ ਗਏ ਹਨ ਕਿ ਬੌਧਿਕਤਾ ਨੂੰ ਮੁੱਢ ਵਿਚ ਹੀ ਮਾਰ ਦਿੱਤਾ ਜਾਂਦਾ ਹੈ। ਅਜਿਹੇ ਵਕਤ ਵਿਚ ਬੁੱਧੀਜੀਵੀ ਨੂੰ ਬਚਾ ਕੇ ਰੱਖਣਾ ਬੇਹੱਦ ਮੁਸ਼ਕਿਲ ਹੋ ਗਿਆ ਹੈ ਕਿਉਂਕਿ ਬੁੱਧੀਜੀਵੀ ਹੋਣਾ ਵਿਅਕਤੀਗਤ ਉਪਰਾਲਾ ਹੀ ਰਿਹਾ ਹੈ।

ਪਰ ਅੱਜ ਸਮੀਖਿਆਤਮਕ ਬੌਧਿਕ ਮਾਹੌਲ ਸਿਰਜਣ ਦੀ ਲੋੜ ਹੈ। ਬੁੱਧੀਜੀਵੀਆਂ ਦਾ ਦਲਾਂ ਅਤੇ ਪੁਜ਼ੀਸ਼ਨਾਂ ਤੋਂ ਪਰ੍ਹੇ ਇਕ ਦੂਜੇ ਨੂੰ ਟੇਕ ਦੇਣਾ ਅਤੇ ਸੁਤੰਤਰ ਚਿੰਤਨ ਸੰਸਥਾਵਾਂ ਕਾਇਮ ਕਰਨਾ ਅੱਜ ਸੰਭਵ ਤਾਂ ਨਹੀਂ ਲੱਗਦਾ, ਪਰ ਜੇ ਇਹ ਸੰਭਵ ਹੋ ਸਕੇ ਤਾਂ ਬੇਰਹਿਮੀ ਦੇ ਸਭਿਆਚਾਰ ਨੂੰ ਹੋਰ ਤਾਕਤਵਰ ਹੋਣ ਤੋਂ ਰੋਕਿਆ ਜਾ ਸਕਦਾ ਹੈ।

ਲੋਕ-ਜੀਵਨ ਦੀ ਧਰਤੀ ਫੁੱਲਣ-ਫਲਣ ਲਈ ਤਿਆਰ ਹੈ। ਗ਼ਰੀਬ ਪਰਿਵਾਰ ਆਪਣੀਆਂ ਧੀਆਂ ਨੂੰ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪੜ੍ਹਾਉਣ ਲਈ ਪੂਰੀ ਵਾਹ ਲਾ ਦਿੰਦੇ ਹਨ। ਪਿੰਡਾਂ ਵਿਚ ਪੁਸਤਕਾਂ ਲਈ ਬੇਹੱਦ ਪਿਆਰ ਹੈ। ਸਰਕਾਰਾਂ ਨੇ ਤਾਂ ਬਹੁਤ ਥਾਵਾਂ ’ਤੇ ਲਾਇਬਰੇਰੀਆਂ ਨੂੰ ਜਿੰਦਰੇ ਮਾਰ ਦਿੱਤੇ ਹਨ, ਪਰ ਲੋਕ ਆਪ-ਮੁਹਾਰੇ ਨਿੱਕੀਆਂ-ਨਿੱਕੀਆਂ ਲਾਇਬਰੇਰੀਆਂ ਖੋਲ੍ਹ ਰਹੇ ਹਨ। ਟ੍ਰਾਲੀ-ਲਾਇਬਰੇਰੀਆਂ ਦਾ ਇੰਤਜ਼ਾਰ ਹੈ, ਕਦੋਂ ਉਹ ਪਿੰਡਾਂ ਅਤੇ ਕਸਬਿਆਂ ਵਿਚ ਰੌਸ਼ਨੀ ਦੇ ਲੰਗਰ ਲਾਉਣ ਲਈ ਚੱਲ ਪੈਣਗੀਆਂ।

ਕਿਸਾਨੀ ਅੰਦੋਲਨ ਨੂੰ ਸਭਿਆਚਾਰਕ ਅਤੇ ਬੌਧਿਕ ਇਤਿਹਾਸਕ ਵੱਢ ਕਹਿਣ ਵਾਲੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਜਾਪਦੇ ਹਨ। ਇਸ ਅੰਦੋਲਨ ਨੂੰ ਅਜਿਹਾ ਵੱਢ ਮੰਨ ਲੈਣਾ ਮੌਜੂਦਾ ਬੌਧਿਕ ਸਭਿਆਚਾਰ ਦੇ ਬਾਂਝਪਣ ਨੂੰ ਸਾਫ਼-ਸਾਫ਼ ਦੇਖਣ ਅਤੇ ਸਵੀਕਾਰ ਕਰਨ ਤੋਂ ਮੂੰਹ ਮੋੜਨਾ ਅਤੇ ਕਿਸਾਨਾਂ ਦੇ ਸੰਘਰਸ਼ ਨੂੰ ਹੋਰ ਖਾਤੇ ਪਾਉਣ ਦੀ ਕੋਸ਼ਿਸ਼ ਕਰਨਾ ਜਾਪਦਾ ਹੈ। ਅੰਦੋਲਨ ਦੇ ਹਾਣ ਦਾ ਸਭਿਆਚਾਰਕ ਅਤੇ ਬੌਧਿਕ ਖ਼ਮੀਰ ਤਾਂ ਉੱਠ ਨਹੀਂ ਰਿਹਾ।

ਸਭਿਆਚਾਰਕ ਅਤੇ ਬੌਧਿਕ ਖੜੋਤ ਨੂੰ ਤੋੜਨ ਲਈ ਚਿੰਤਨ ਦੇ ਸਮੁੰਦਰ ਵਿਚ ਡੁੱਬਣ ਦੀ ਲੋੜ ਹੈ। ਸਮੁੱਚੇ ਵਿਸ਼ਵ ਦੀਆਂ ਵਿਚਾਰ-ਤਰੰਗਾਂ ਨਾਲ ਬੁੱਧੀ ਨੂੰ ਰਗੜਨ ਦੀ ਲੋੜ ਹੈ। ਆਪਣੇ ਚਿੰਤਨ ਦੇ ਸਭਿਆਚਾਰ ਅਤੇ ਰੋਜ਼ਾਨਾ ਦੇ ਜੀਵਨ ਦੀਆਂ ਆਦਤਾਂ ਨੂੰ ਮੂਲ ਤੋਂ ਸਵਾਲ ਕਰਨ ਦੀ ਲੋੜ ਹੈ। ਸੰਸਥਾਵਾਂ ਦੀਆਂ ਬੌਧਿਕ ਨੀਹਾਂ ਨੂੰ ਮੁੜ ਤੋਂ ਦੇਖਣ ਦੀ ਲੋੜ ਹੈ। ਸਭ ਤੋਂ ਪਹਿਲਾਂ ਸਮਾਜ ਦੇ ਮੌਜੂਦਾ ਬੌਧਿਕ ਸਭਿਆਚਾਰ ਦੀ ਹਾਲਤ ਦਾ ਜਾਇਜ਼ਾ ਲੈਣਾ ਚਾਹੀਦਾ ਹੈ। ਸਾਧਾਰਨ ਲੋਕਾਂ ਨਾਲੋਂ ਥੋੜ੍ਹਾ ਵੱਧ ਪੜ੍ਹੇ-ਲਿਖੇ ਹੋਣਾ ਕਿਸੇ ਨੂੰ ਬੁੱਧੀਜੀਵੀ ਨਹੀਂ ਬਣਾਉਂਦਾ।

ਹਾਂ, ਵਕਤੀ ਸਿਆਣਪ ਦੇ ਮਾਪਦੰਡਾਂ ਅਨੁਸਾਰ ਸਹੀ ਅਰਥਾਂ ਵਿਚ ਬੁੱਧੀਜੀਵੀ ਹੋਣਾ ਬੁੱਧੂ ਹੋਣਾ ਹੈ, ਪਰ ਬੁੱਧੀਜੀਵੀ ਨੂੰ ਇਹ ਤਾਂ ਕਬੂਲ ਹੁੰਦਾ ਹੀ ਹੈ।

* ਪ੍ਰੋਫ਼ੈਸਰ ਤੇ ਮੁਖੀ ਅੰਗਰੇਜ਼ੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਈ-ਮੇਲ: sharajesh@gmail.com

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਸ਼ਹਿਰ

View All