ਤਾਕਤ : The Tribune India

ਤਾਕਤ

ਤਾਕਤ

ਤਾਕਤ 

ਮਨਪ੍ਰੀਤ ਕੌਰ ਭਾਟੀਆ

ਨੀਤੂ ਤੇ ਸੰਜੀਵ ਦਾ ਵਿਆਹ ਘਰਦਿਆਂ ਦੀ ਮਰਜ਼ੀ ਨਾਲ ਹੋਇਆ। ਦੋਵੇਂ ਬਹੁਤ ਖ਼ੁਸ਼ ਸਨ। ਜਲਦੀ ਹੀ ਉਨ੍ਹਾਂ ਦਾ ਪਹਾੜੀ ਇਲਾਕੇ ’ਚ ਘੁੰਮਣ ਜਾਣ ਦਾ ਪ੍ਰੋਗਰਾਮ ਤੈਅ ਹੋ ਗਿਆ। ਚਾਈਂ-ਚਾਈਂ ਉਹ ਪਹਾੜੀ ਇਲਾਕੇ ਲਈ ਚੱਲ ਪਏ। ਰਾਹ ’ਚ ਖ਼ੂਬ ਆਨੰਦ ਮਾਣਦੇ ਉਹ ਆਪਣੀ ਮੰਜ਼ਿਲ ’ਤੇ ਪਹੁੰਚ ਗਏ। ਹੋਟਲ ’ਚ ਸਾਮਾਨ ਟਿਕਾ  ਥੋੜ੍ਹਾ ਆਰਾਮ ਕਰਨ ਤੋਂ ਬਾਅਦ ਸ਼ਾਮ ਨੂੰ ਦੋਵੇਂ ਬਾਹਰ ਘੁੰਮਣ ਨਿਕਲ ਗਏ। ਪਹਾੜੀ ਇਲਾਕੇ ਦੀ ਠੰਢਕ ਤੇ ਮਨਮੋਹਕ ਦ੍ਰਿਸ਼ ਦੋਵਾਂ ਨੂੰ ਬਾਗੋ-ਬਾਗ ਕਰ  ਰਹੇ ਸਨ। ਉਹ ਸਾਰੇ  ਦ੍ਰਿਸ਼ਾਂ ਨੂੰ ਆਪਣੇ ਮੋਬਾਈਲ ਦੇ ਕੈਮਰੇ ’ਚ ਕੈਦ ਕਰ ਲੈਣਾ ਚਾਹੁੰਦੇ ਸਨ। ਅਲੱਗ-ਅਲੱਗ ਥਾਵਾਂ ’ਤੇ ਤਸਵੀਰਾਂ ਖਿੱਚਦਿਆਂ ਉਹ ਕਾਫ਼ੀ ਅੱਗੇ ਨਿਕਲ ਗਏ। ਇੱਕ ਜਗ੍ਹਾ ਖ਼ੂਬਸੂਰਤ ਪਹਾੜਾਂ ਦੇ ਦ੍ਰਿਸ਼ ਅੱਗੇ ਸੰਜੀਵ ਦੀ ਤਸਵੀਰ ਖਿੱਚਦੀ ਨੀਤੂ ਬਹੁਤ ਹੀ ਖ਼ੁਸ਼ ਹੱਸ-ਹੱਸ ਕੇ ਉਸ ਨੂੰ ਪੋਜ਼ ਬਦਲਣ ਲਈ ਕਹਿ ਰਹੀ ਸੀ ਕਿ ਅਚਾਨਕ ਪਹਾੜੀ ਤੋਂ ਉਸ ਦਾ ਪੈਰ ਤਿਲ੍ਹਕ ਗਿਆ। ਨੀਤੂ ਨੂੰ ਦੇਖ ਸੰਜੀਵ ਦੀ ਤਾਂ ਖਾਨਿਓਂ ਗਈ। ਇਸ ਤੋਂ ਪਹਿਲਾਂ ਕਿ ਭੱਜ ਕੇ ਉਹ ਡਿੱਗਦੀ ਹੋਈ ਨੀਤੂ ਦੀ ਬਾਂਹ ਫੜਦਾ ਉਹ ਹੇਠਾਂ ਡਿੱਗ ਪਈ।

ਇਸ ਇਲਾਕੇ ਤੋਂ ਬੇਖ਼ਬਰ ਸੰਜੀਵ ਬੌਂਦਲਿਆ ਜਿਹਾ ਰੋਣਹਾਕਾ ਹੋਇਆ ਉਸ ਦਾ ਨਾਂ ਲੈ ਲੈ ਆਵਾਜ਼ਾਂ ਮਾਰਨ ਲੱਗਾ, ਪਰ ਹਨੇਰਾ ਵਧਣ ਕਾਰਨ ਉਸ ਨੂੰ ਨੀਤੂ ਕਿਧਰੇ ਵੀ ਦਿਸ ਨਹੀਂ ਸੀ ਰਹੀ।  ਕੁਝ ਲੋਕ ਵੀ ਇਕੱਠੇ ਹੋ ਗਏ। ਇਲਾਕੇ ਦੇ ਹੀ ਕੁਝ ਲੋਕਾਂ ਨੇ ਉਸ ਦੀ ਮਦਦ ਕੀਤੀ ਤਾਂ ਪਹਾੜਾਂ ਦੇ ਵਿਚਕਾਰ ਇੱਕ ਪਾਸੇ ਬੇਹੋਸ਼ ਡਿੱਗੀ ਪਈ ਨੀਤੂ ਮਿਲ ਗਈ। ਲੋਕਾਂ ਦੀ ਮਦਦ ਲੈ ਕੇ ਜਲਦੀ ਨਾਲ ਉਹ  ਉਸ ਨੂੰ ਹਸਪਤਾਲ ਲੈ ਗਿਆ।

ਸੰਜੀਵ ਘਬਰਾਇਆ ਹੋਇਆ ਬਾਹਰ ਬੈਠਾ ਰਿਹਾ। ਡਾਕਟਰ ਨੇ ਦੱਸਿਆ ਕਿ ‘ਨੀਤੂ ਦੀ ਜਾਨ ਤਾਂ ਬਚ ਗਈ ਪਰ ਕਾਫ਼ੀ ਸੱਟਾਂ ਲੱਗੀਆਂ ਹਨ ਅਤੇ ਡਿੱਗਣ ਕਾਰਨ ਉਸ ਦੀ ਸੱਜੀ ਲੱਤ ਨੂੰ ਅਧਰੰਗ ਹੋ ਗਿਆ ਹੈ’।  ਸੁਣਦੇ ਹੀ ਸੰਜੀਵ ਰੋਣ ਲੱਗ ਪਿਆ। ਉਸ ਨੇ ਜਲਦੀ ਨਾਲ ਆਪਣੇ ਤੇ ਨੀਤੂ ਘਰ ਫੋਨ ਕੀਤੇ। ਸਾਰੇ ਘਬਰਾ ਗਏ। ਅਗਲੀ ਸਵੇਰ ਹੀ ਸਭ ਪਹੁੰਚ ਗਏ। ਨੀਤੂ ਦੇ ਪਾਪਾ ਨਹੀਂ ਸਨ, ਉਸ ਦੀ ਮਾਂ ਉਸ ਦੇ ਛੋਟੇ ਭਰਾ ਨਾਲ ਆਈ। ਉਹ ਤਾਂ ਲਗਾਤਾਰ ਰੋਈ ਹੀ ਜਾ ਰਹੀ ਸੀ।

ਸਭ ਅਣਹੋਣੀ ਹੋਈ ਦੇਖ ਪ੍ਰੇਸ਼ਾਨ ਸੀ। ਕੁਝ ਦਿਨ ਹਸਪਤਾਲ ਰਹਿਣ ਮਗਰੋਂ ਡਾਕਟਰਾਂ ਨੇ ਨੀਤੂ ਨੂੰ ਛੁੱਟੀ ਦੇ ਦਿੱਤੀ। ਘਰ ਆ ਕੇ ਕੁਝ ਦਿਨ ਨੀਤੂ ਦੀ ਮਾਂ ਨੇ ਉਸ ਦੇ  ਸਹੁਰੇ ਘਰ ਹੀ ਰਹਿਣ ਦਾ ਫ਼ੈਸਲਾ ਕੀਤਾ ਕਿਉਂਕਿ ਨੀਤੂ ਨਾ ਤਾਂ ਉੱਠ ਬੈਠ ਸਕਦੀ ਸੀ ਤੇ ਨਾ ਹੀ ਆਪਣੀ ਕਿਰਿਆ ਸੋਧ ਸਕਦੀ ਸੀ। ਉਸ ਦੀ ਸਾਫ਼-ਸਫ਼ਾਈ ਉਸ ਦੀ ਮਾਂ ਨੂੰ ਹੀ ਕਰਨੀ ਪੈਂਦੀ। ਕੁਝ ਦਿਨ ਇੰਜ ਹੀ ਬੀਤ ਗਏ। ਆਖ਼ਰ ਮਾਂ ਕਿੰਨੇ ਕੁ ਦਿਨ ਧੀ ਦੇ ਘਰ ਰਹਿੰਦੀ। ਉਸ ਦੇ ਜਾਂਦੇ ਹੀ ਇਹ ਜ਼ਿੰਮੇਵਾਰੀ ਸੰਜੀਵ ਦੀ ਮਾਂ ਤੇ ਉਸ ਦੀ ਛੋਟੀ  ਭੈਣ ਰਾਣੀ ’ਤੇ ਆ ਪਈ,  ਪਰ ਇੱਕ ਦਿਨ ’ਚ ਹੀ ਉਨ੍ਹਾਂ ਨੇ ਹੱਥ ਖੜ੍ਹੇ ਕਰ ਦਿੱਤੇ। ਇਸ ਕਾਰਨ ਸੰਜੀਵ ਨੇ ਨੀਤੂ ਦੀ ਦੇਖਭਾਲ ਲਈ ਕੰਮ ਵਾਲੀ ਦਾ ਪ੍ਰਬੰਧ ਕਰ ਦਿੱਤਾ ਜੋ ਕਿ ਉਸ ਦੀ ਨਿੱਜੀ ਸਫ਼ਾਈ ਤੋਂ ਲੈ ਕੇ ਉਸ ਦੀ ਪੂਰੀ ਤਰ੍ਹਾਂ ਦੇਖਭਾਲ ਕਰਦੀ।

ਨੀਤੂ ਖ਼ੁਦ ਨੂੰ ਅਜਿਹੀ ਹਾਲਤ ’ਚ ਦੇਖ ਸਾਰਾ ਦਿਨ ਹੀ ਰੋਂਦੀ-ਕਲਪਦੀ ਰਹਿੰਦੀ। ਅਜੇ ਤਾਂ ਮੇਰੇ ਹੱਥਾਂ ਤੋਂ ਮਹਿੰਦੀ ਵੀ ਨਹੀਂ ਸੀ ਲੱਥੀ... ਚੂੜਾ... ਤੇ ਮੈਂ ਬੈੱਡ  ਜੋਗੀ ਹੋ ਕੇ ਰਹਿ ਗਈ। ਸੰਜੀਵ ਉਸ ਨੂੰ ਬਹੁਤ ਸਮਝਾਉਂਦਾ। ਇੰਜ ਹੀ ਵਕਤ  ਬੀਤਣ ਲੱਗਾ। ਅਜੇ ਮਹੀਨਾ ਹੀ ਬੀਤਿਆ ਸੀ ਕਿ ਇੱਕ ਦਿਨ ਦਫ਼ਤਰ ਤੋਂ ਥੱਕੇ-ਟੁੱਟੇ ਆਏ ਸੰਜੀਵ ਦੇ ਆਉਂਦਿਆਂ ਹੀ ਉਸ ਦੀ ਮਾਂ ਉੱਚੀ-ਉੱਚੀ ਰੋਣ ਲੱਗੀ।  ਉਸ ਦੇ ਪਿਤਾ ਜੀ, ਛੋਟਾ ਭਰਾ ਅਤੇ ਭੈਣ ਰਾਣੀ ਵੀ ਬੈਠਕ ’ਚ ਮੌਜੂਦ ਸਨ।

‘‘ਸੁਣ ਲੈ ਸੰਜੀਵ, ਮੈਂ ਤਾਂ ਅੱਕ ਗਈ ਹਾਂ। ਕਦੋਂ ਤੱਕ ਸਾਂਭਾਂਗੇ ਇਹ ਬੋਝ। ਤੇਰਾ ਵਿਆਹ ਇਸ ਲਈ ਕੀਤਾ ਸੀ ਕਿ ਅਸੀਂ ਨੀਤੂ ਦੀ ਸੇਵਾ ਕਰੀਏ। ਜਿਹੜੀ ਆਪਣੇ ਜੋਗੀ ਨੀ ਮੈਨੂੰ ਪੋਤੇ ਦਾ ਮੂੰਹ ਸੁਆਹ ਦਿਖਾਏਗੀ... ਸੁਣ ਲੈ ਮੇਰੀ ਗੱਲ, ਇਹਨੂੰ ਛੱਡ ਆ ਇਹਦੀ ਮਾਂ ਘਰ... ਮੇਰੇ ਤੋਂ ਨਹੀਂ ਇਹ ਬਰਦਾਸ਼ਤ ਹੁੰਦੀ।  ਤਲਾਕ ਲੈ ਲੈ ਬੱਸ ਇਹਦੇ ਤੋਂ। ਤੈਨੂੰ ਕੁੜੀਆਂ ਦਾ ਘਾਟਾ ਏ? ਸੋਹਣਾ-ਸੁਨੱਖਾ ਤੂੰ। ਪੜ੍ਹਿਆ-ਲਿਖਿਆ, ਸਰਕਾਰੀ ਨੌਕਰੀ।  ਤੈਨੂੰ ਕੀ ਲੋੜ ਇਸ ਬੋਝ ਨੂੰ ਸੰਭਾਲਣ ਦੀ?’’ ਉਸ ਦੀ ਮਾਂ ਗੁੱਸੇ ’ਚ ਇੱਕੋ ਸਾਹੇ ਕਈ ਕੁਝ ਬੋਲ ਗਈ।

‘‘ਸਹੀ ਕਹਿ ਰਹੀ ਏ ਮਾਂ,’’ ਰਾਣੀ ਤੇ ਉਸ ਦਾ ਭਰਾ ਵੀ ਨਾਲ ਹੀ ਚੀਕੇ।  ‘‘ਹੁਣੇ ਇਹਦੀ ਮਾਂ ਨੂੰ ਫੋਨ ਕਰ ਤੇ ਇਹਨੂੰ ਛੱਡ ਕੇ ਆ ਉਸੇ ਕੋਲ,’’ ਇਹ ਆਵਾਜ਼ ਉਸ ਦੇ ਪਿਤਾ ਦੀ ਸੀ।

ਸਭ ਦੀਆਂ ਗੱਲਾਂ ਸੁਣਦਿਆਂ ਸੰਜੀਵ ਸੋਫੇ ’ਤੇ ਡਿੱਗ ਪਿਆ ਤੇ ਸਿਰ ਫੜ ਕੇ ਬੈਠ ਗਿਆ। ਉਸ ਨੂੰ ਇੰਝ ਬੈਠਾ ਦੇਖ ਉਸ ਦੀ ਮਾਂ ਫਿਰ ਬੋਲੀ, ‘‘ਨਾ ਕੀ ਸੁਖ ਮਿਲਿਆ ਤੈਨੂੰ ਵਿਆਹ ਕਰਾ ਕੇ? ਮੁਫ਼ਤ ਦੀ ਮੁਸੀਬਤ ਸਹੇੜ ਲਈ। ਹੁਣ ਸਿਆਪਾ ਮੁਕਾ ਇਹਨੂੰ ਮਗਰੋਂ  ਲਾਹ।’’ 

‘‘ਤੁਸੀਂ ਸਾਰੇ ਪਾਗਲ ਤਾਂ ਨਹੀਂ ਹੋ ਗਏ...!! ਸੰਜੀਵ  ਚਿਲਾਇਆ। ‘‘ਤਲਾਕ ਦੇ ਦਿਆਂ... ਜੇ ਨੀਤੂ ਦੀ ਜਗ੍ਹਾ ਉਸ ਦਿਨ ਮੈਂ ਡਿੱਗ ਜਾਂਦਾ ਫੇਰ...? ਬੋਲੋ ਫੇਰ? ਤੇ ਜੇ ਰੱਬ ਨਾ ਕਰੇ ਕੱਲ੍ਹ ਨੂੰ ਆਪਾਂ ਰਾਣੀ ਦਾ ਵਿਆਹ ਕਰੀਏ ਉਸ ਨਾਲ ਕੋਈ ਹਾਦਸਾ ਹੋ ਜਾਏ ਫੇਰ...? ਬੋਲੋ...?  ਹੁਣ ਇਸ ਹਾਲਤ ’ਚ ਉਸ ਨੂੰ ਛੱਡ ਦਿਆਂ?’’ ਸੰਜੀਵ ਫਿਰ ਚੀਕਿਆ।

‘‘ਹਾਂ... ਹਾਂ ਛੱਡ ਦੇ।’’ ਸਾਰੇ ਇੱਕੋ ਸੁਰ ’ਚ ਬੋਲੇ।

‘‘ਇਹਦੇ ਪਿੱਛੇ ਹੁਣ ਤੂੰ ਸਾਡੇ ਨਾਲ ਲੜੇਂਗਾ? ਜਾਣਦਾ ਵੀ ਨਹੀਂ ਅਜੇ ਤੂੰ ਇਹਨੂੰ ਚੰਗੀ ਤਰ੍ਹਾਂ...।’’ ਉਸ ਦੀ ਮਾਂ ਚੀਕੀ।

‘‘ਲਾਵਾਂ  ਤਾਂ  ਲਈਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ...,’’ ਸੰਜੀਵ ਹੰਝੂ ਪੂੰਝਦਾ ਬੋਲਿਆ।

‘‘ਨਾ ਹੁਣ ਤੂੰ ਇਸ ਬੋਝ ਪਿੱਛੇ ਸਾਡੇ ਨਾਲ ਜ਼ੁਬਾਨ ਲੜਾਏਂਗਾ? ਤੈਨੂੰ ਪਾਲ-ਪੋਸ ਕੇ  ਵੱਡਾ ਕੀਤਾ।  ਪੜ੍ਹਾਇਆ ਲਿਖਾਇਆ, ਅੱਜ ਦਾ ਦਿਨ ਦੇਖਣ ਲਈ?’’ ਤੇ ਉਸ ਦੀ ਮਾਂ ਉੱਚੀ-ਉੱਚੀ ਰੋਣ ਲੱਗ ਪਈ। ‘‘ਹੁਣ ਜਾਂ ਇਹ ਇਸ ਘਰ ’ਚ  ਰਹੇਗੀ ਜਾਂ ਅਸੀਂ ਸਾਰੇ...,’’  ਉਸ ਦਾ ਪਿਤਾ ਉਸ ਦੀ ਮਾਂ ਨੂੰ ਚੁੱਪ ਕਰਾਉਂਦਾ ਬੋਲਿਆ।

‘‘ਮੈਂ ਨਾ ਨੀਤੂ ਦਾ ਸਾਥ ਦੇ ਰਿਹਾ ਹਾਂ ਨਾ ਤੁਹਾਡਾ। ਮੈਂ ਸਹੀ ਦਾ ਸਾਥ ਦੇ ਰਿਹਾਂ ਤੇ  ਇਸ ਵਕਤ ਨੀਤੂ ਨੂੰ ਮੇਰੀ ਬਹੁਤ  ਲੋੜ ਆ... ਤੇ ਜੇ ਉਹ ਇਸ ਘਰ ’ਚੋਂ ਜਾਵੇਗੀ  ਤਾਂ ਮੈਂ ਵੀ ਨਾਲ ਹੀ ਜਾਵਾਂਗਾ।’’  ਤੇ ਚੀਕਦਾ ਹੋਇਆ ਸੰਜੀਵ ਆਪਣੇ ਕਮਰੇ ਵੱਲ ਚਲਾ ਗਿਆ।

ਕਮਰੇ ’ਚ ਵੜਦਿਆਂ ਉਸ ਨੇ ਦੇਖਿਆ ਸਾਰੀਆਂ ਗੱਲਾਂ ਸੁਣਦੀ ਨੀਤੂ ਜ਼ਾਰੋ-ਜ਼ਾਰ ਰੋ ਰਹੀ ਸੀ। ‘‘ਠੀਕ ਕਹਿ ਰਹੇ ਐ ਮੰਮੀ-ਪਾਪਾ। ਮੈਂ ਬੋਝ ਹੀ ਆਂ ਤੁਹਾਡੇ ’ਤੇ... ਮੇਰੇ ਪਿੱਛੇ ਕਿਉਂ ਆਪਣੀ ਜ਼ਿੰਦਗੀ ਰੋਲ ਰਹੇ ਹੋ। ਸੁਖ ਵੀ ਕੀ ਦਿੱਤਾ ਮੈਂ ਤੁਹਾਨੂੰ... ਤਲਾਕ ਦੇ ਦਿਓ ਮੈਨੂੰ।’’ 

ਨੀਤੂ ਦੇ ਇੰਨਾ ਕਹਿੰਦਿਆਂ ਹੀ ਸੰਜੀਵ ਨੇ ਉਸ ਦੇ ਜ਼ੋਰ ਦੀ ਚਪੇੜ ਮਾਰੀ, ‘‘ਖ਼ਬਰਦਾਰ! ਦੁਬਾਰਾ ਇੱਦਾਂ ਬੋਲੀ ਤਾਂ...।’’ ਤੇ ਉਸ ਨੇ  ਰੋਂਦੀ ਹੋਈ ਨੀਤੂ ਨੂੰ ਘੁੱਟ ਕੇ ਜੱਫੀ ਪਾ ਲਈ ਤੇ ਖ਼ੁਦ ਵੀ ਰੋਣ ਲੱਗਾ। ‘‘ਅਸੀਂ ਕਦੋਂ ਚਾਹੁੰਦੇ ਸੀ ਇੱਦਾਂ ਹੋਵੇ... ਪਰ!’’ ਸੰਜੀਵ ਬਸ ਇੰਨਾ ਹੀ ਕਹਿ ਸਕਿਆ। ਉਸ ਨੇ ਜਲਦੀ ਨਾਲ ਆਪਣਾ ਤੇ ਨੀਤੂ   ਦਾ ਜ਼ਰੂਰੀ ਸਾਮਾਨ ਪੈਕ ਕੀਤਾ ਤੇ ਨੀਤੂ ਨੂੰ ਚੁੱਕ ਕੇ ਬਾਹਰ ਆ ਗਿਆ।

ਉਹ ਤੁਰਨ ਲੱਗਾ ਤਾਂ ਉਸ ਦਾ ਪਿਤਾ ਚੀਕਿਆ, ‘‘ਜੇ ਇੱਕ ਵਾਰ ਚਲਾ ਗਿਆ ਤਾਂ ਮੁੜ ਪੈਰ ਨਾ ਪਾਈਂ ਇੱਥੇ। ਤੈਨੂੰ ਜਾਇਦਾਦ ਤੋਂ ਵੀ ਬੇਦਖਲ ਕਰ ਦੇਊਂ।’’ ਪਰ ਸੰਜੀਵ ਬਿਨਾਂ ਬੋਲੇ ਨੀਤੂ ਨੂੰ ਬਾਹਰ ਕਾਰ ’ਚ ਬਿਠਾ ਸਾਮਾਨ ਲੈ ਕੇ ਚਲਾ ਗਿਆ। ਉਹ ਕੁਝ ਦਿਨ ਨੀਤੂ ਦੇ ਪੇਕੇ ਰਹੇ ਤੇ ਫਿਰ ਉਨ੍ਹਾਂ ਨੇ ਇੱਕ ਛੋਟਾ ਜਿਹਾ ਘਰ ਕਿਰਾਏ ’ਤੇ ਲੈ ਲਿਆ। ਨੀਤੂ ਅਤੇ ਘਰ ਲਈ ਸੰਜੀਵ ਨੇ ਫੁੱਲ ਟਾਈਮ ਕੰਮ ਵਾਲੀ ਦਾ ਪ੍ਰਬੰਧ ਕਰ ਦਿੱਤਾ। ਇੱਕ ਫਿਜ਼ੀਓਥਰੈਪੀ ਵਾਲਾ ਹਰ ਰੋਜ਼ ਉਸ ਨੂੰ ਕਸਰਤ ਕਰਵਾਉਣ ਆਉਂਦਾ। ਵਕਤ ਬੀਤਦਾ ਗਿਆ, ਪਰ ਨੀਤੂ ਵਿੱਚ ਅਜੇ ਕੁਝ ਖ਼ਾਸ ਫ਼ਰਕ ਨਹੀਂ ਸੀ। ਰੋਂਦੀ ਹੋਈ ਨੀਤੂ ਨੂੰ ਅਕਸਰ ਹੀ ਸੰਜੀਵ ਖ਼ੂਬ ਹੱਲਾਸ਼ੇਰੀ ਦਿੰਦਾ।

ਸੰਜੀਵ ਦੀ ਤਨਖ਼ਾਹ ਦਾ ਵੱਡਾ ਹਿੱਸਾ ਨੀਤੂ ’ਤੇ ਖਰਚ ਹੋ ਰਿਹਾ ਸੀ। ਇਸ ਲਈ ਬਾਕੀ ਜ਼ਰੂਰਤਾਂ ਲਈ ਕਈ ਵਾਰ ਪੈਸੇ ਦੀ ਕਮੀ ਹੋ ਜਾਂਦੀ।  ਇਹ ਦੇਖ ਸੰਜੀਵ ਸ਼ਾਮ ਨੂੰ ਹੋਰ ਕੰਮ ਵੀ ਕਰਨ ਲੱਗਾ। ਨੀਤੂ ਉਸ ਦਾ ਸੱਚਾ ਪਿਆਰ ਦੇਖ ਅੰਦਰ ਤੱਕ ਭਿੱਜ ਜਾਂਦੀ। ਵਕਤ ਗੁਜ਼ਰਦਾ ਗਿਆ। ਹੁਣ ਨੀਤੂ ਫ਼ਿਜੀਓਥਰੈਪੀ ਵਾਲੇ ਡਾਕਟਰ ਵੱਲੋਂ ਦੱਸੀਆਂ ਕਸਰਤਾਂ ਸਾਰਾ ਦਿਨ ਵਾਰ- ਵਾਰ ਕਰਦੀ। ਉਸ ਦੀ ਮਿਹਨਤ ਰੰਗ ਲਿਆਈ। ਉਸ ਦੀ ਸੱਜੀ ਲੱਤ ’ਚ ਥੋੜ੍ਹੀ-ਥੋੜ੍ਹੀ ਜਾਨ ਆਉਣ ਲੱਗੀ। ਵਕਤ ਗੁਜ਼ਰਦਾ ਗਿਆ।

ਇੱਕ ਦਿਨ ਨੀਤੂ ਦੀ ਖ਼ੁਸ਼ੀ ਦਾ ਟਿਕਾਣਾ ਨਾ ਰਿਹਾ ਜਦ ਉਹ ਆਪਣੇ ਪੈਰਾਂ ’ਤੇ ਖੜ੍ਹੀ ਹੋ ਗਈ। ਇੰਜ ਹੀ ਵਕਤ ਬੀਤਦਾ ਗਿਆ। ਅੱਜ ਨੀਤੂ ਬਹੁਤ ਹੀ ਖ਼ੁਸ਼ ਸੀ  ਜਦ ਬੈੱਡਰੂਮ ’ਚ ਬਣੇ ਵਾਸ਼ਰੂਮ ਤੱਕ ਉਹ ਖ਼ੁਦ ਚੱਲ ਕੇ ਗਈ। ਉਸ ਦਾ ਡਾਕਟਰ ਵੀ ਆਪਣੇ ਮਰੀਜ਼ ਦੀ ਸੁਧਰਦੀ ਹਾਲਤ ਦੇਖ ਕੇ ਬਹੁਤ ਖ਼ੁਸ਼ ਸੀ। ਡਾਕਟਰ ਤੇ ਨੀਤੂ ਦਿਲੋਂ ਹਰ ਕੋਸ਼ਿਸ਼ ਕਰ ਰਹੇ ਸਨ, ਪਰ ਉਸ ਨੇ ਸੰਜੀਵ ਨੂੰ ਇਸ ਬਾਰੇ ਨਹੀਂ ਦੱਸਿਆ। ਸਮਾਂ ਬੀਤਦਾ ਗਿਆ।

ਅੱਜ ਦੀਵਾਲੀ ਦਾ ਦਿਨ ਸੀ। ਹੁਣ ਤਾਂ ਨੀਤੂ  ਕਈ ਛੋਟੇ-ਮੋਟੇ ਕੰਮ ਵੀ ਆਪੇ ਕਰਨ ਲੱਗੀ ਸੀ। ਅੱਜ ਸ਼ਾਮ ਨੂੰ ਉਹ ਸੰਜੀਵ ਦੇ ਆਉਣ ਤੋਂ ਪਹਿਲਾਂ ਰੱਜ ਕੇ ਤਿਆਰ ਹੋਈ, ਪਰ ਇਹ ਕੀ ਪੰਜ ਵੱਜ ਗਏ ਸੀ ਸੰਜੀਵ ਅਜੇ ਆਇਆ ਹੀ ਨਹੀਂ ਸੀ। ਅੱਗੇ ਤਾਂ ਉਹ ਇਸ ਵਕਤ ਤੱਕ ਆ ਜਾਂਦਾ ਸੀ। ਇੱਕ-ਇੱਕ ਮਿੰਟ ਵਧਣ ਨਾਲ ਨੀਤੂ ਦੇ ਦਿਲ ਦੀਆਂ ਧੜਕਣਾਂ ਵੀ ਵਧ ਰਹੀਆਂ ਸਨ। ਉਸ ਨੇ ਸੰਜੀਵ ਨੂੰ ਕਈ ਫੋਨ ਕੀਤੇ ਪਰ ਹਰ ਵਾਰ ਆਊਟ ਆਫ ਰੇਂਜ... ਹੀ ਆ ਰਿਹਾ ਸੀ। 

ਨੀਤੂ ਘਬਰਾ ਰਹੀ ਸੀ। ਅੱਜ ਸੰਜੀਵ ਨੂੰ ਕੀ ਹੋ ਗਿਆ।  ਉਧਰ ਪੰਜ ਵੱਜਦੇ ਹੀ ਦੀਵਾਲੀ ਹੋਣ ਕਾਰਨ ਅੱਜ ਕੰਮ ਵਾਲੀ ਨੇ ਵੀ ਘਰ ਜਾਣ ਦੀ ਇਜਾਜ਼ਤ ਮੰਗੀ  ਤੇ ਉਸ ਦੇ ਜਾਂਦਿਆਂ ਹੀ ਨੀਤੂ ਦਾ ਮਨ ਕਾਹਲਾ ਜਿਹਾ ਪੈਣ ਲੱਗਾ।  ਕਿਸੇ ਅਣਹੋਣੀ ਤੋਂ ਡਰਦੀ ਉਹ ਰੱਬ ਨੂੰ ਯਾਦ ਕਰਨ ਲੱਗੀ। ਛੇ ਤੇ ਫਿਰ ਸੱਤ ਵੀ ਵੱਜ ਗਏ।  ਹੁਣ ਤਾਂ ਉਹ ਰੋਣ ਹੀ ਲੱਗ ਪਈ। ਸੰਜੀਵ ਕਿਉਂ ਨਹੀਂ ਆਇਆ। ਫੋਨ ਵੀ ਨਹੀਂ ਸੀ ਮਿਲ ਰਿਹਾ...।

ਅਚਾਨਕ ਦਰਵਾਜ਼ੇ ’ਤੇ ਬੈੱਲ ਹੋਈ ਨੀਤੂ ਨੇ ਜਲਦੀ ਨਾਲ ਜਾ ਕੇ ਦਰਵਾਜ਼ਾ ਖੋਲ੍ਹਿਆ। ਸੰਜੀਵ ਨੂੰ ਦੇਖ ਉਸ ਦੀ  ਜਾਨ ’ਚ ਜਾਨ ਆਈ ਤੇ ਨੀਤੂ ਨੂੰ ਦਰਵਾਜ਼ੇ ’ਤੇ ਖੜ੍ਹੀ ਦੇਖ ਉਹ ਹੱਕਾ-ਬੱਕਾ ਰਹਿ ਗਿਆ।

‘‘ਦਰਵਾਜ਼ਾ ਕਿਸਨੇ ਖੋਲ੍ਹਿਆ...?’’ ‘‘ਮੈਂ...,’’ ਨੀਤੂ ਮੁਸਕਰਾ ਕੇ ਬੋਲੀ। ‘‘ਮਤਲਬ ਤੂੰ ਕਮਰੇ ਤੋਂ ਦਰਵਾਜ਼ੇ ਤੱਕ ਤੁਰ ਕੇ... ਵਾਹ! ਵਾਹ!’’ ਤੇ ਉੱਚੀ-ਉੱਚੀ ਹੱਸਦਿਆਂ ਸੰਜੀਵ ਨੇ ਨੀਤੂ ਨੂੰ ਖ਼ੁਸ਼ੀ ’ਚ ਚੁੱਕ ਲਿਆ। ‘‘ਤੁਰ ਕੇ ਵਿਖਾ...।’’ ਤੇ ਨੀਤੂ ਸੱਚਮੁੱਚ ਹੀ ਤੁਰਨ ਲੱਗੀ।

‘‘ਅੱਜ ਤੁਹਾਨੂੰ ਇਹੀ ਤਾਂ ਸਰਪ੍ਰਾਈਜ਼ ਦੇਣਾ ਸੀ... ਤੇ ਤੁਸੀਂ ਇੰਨੀ ਲੇਟ... ਮੈਂ ਤਾਂ ਡਰ ਹੀ ਗਈ ਸੀ...’’  ਨੀਤੂ ਅੱਖਾਂ ਭਰਦਿਆਂ ਬੋਲੀ।

‘‘ਮੇਰੀ ਜਾਨ... ਤੇਰੇ ਲਈ ਦੀਵਾਲੀ ਦੇ ਤੋਹਫ਼ੇ ਲੈ ਰਿਹਾ ਸੀ।’’ ਤੇ ਉਸ ਨੇ ਸੂਟ, ਜੁੱਤੀ ਹੋਰ ਵੀ ਕਈ ਕੁਝ ਨੀਤੂ ਅੱਗੇ ਢੇਰ ਕਰ ਦਿੱਤਾ। ਉਸ ਨੇ ਘੁੱਟ ਕੇ ਸੰਜੀਵ ਨੂੰ ਜੱਫੀ ਪਾ ਲਈ ਤੇ ਰੋਣ ਲੱਗੀ। ‘‘ਕਮਲੀਏ!  ਹੁਣ ਕਿਉਂ ਰੋਂਦੀ ਏਂ?’’ ‘‘ਤੁਹਾਨੂੰ ਪਤੈ... ਇਹ ਸਿਰਫ਼ ਤੇ ਸਿਰਫ਼  ਤੁਹਾਡੇ ਪਿਆਰ ਦੀ ਤਾਕਤ ਹੀ ਐ ਜੋ ਮੈਂ ਦੁਬਾਰਾ ਆਪਣੇ ਪੈਰਾਂ ’ਤੇ ਤੁਰ ਪਈ। ਜੇ ਉਸ ਦਿਨ ਤੁਸੀਂ ਮੇਰਾ ਸਾਥ ਨਾ ਦਿੰਦੇ ਤਾਂ ਮੈਂ ਅੰਦਰਲੇ ਗ਼ਮ  ਨਾਲ ਉਦੋਂ ਹੀ ਮਰ ਜਾਣਾ ਸੀ। ਰੀਅਲੀ ਸੰਜੀਵ, ਆਈ ਲਵ ਯੂ ਸੋ ਮੱਚ। ਮੈਂ ਤਾਂ ਹਰ ਪਲ ਰੱਬ ਦਾ ਸ਼ੁਕਰ ਕਰਦੀ ਆਂ ਜੋ ਤੁਹਾਡੇ ਵਰਗਾ ਜੀਵਨ ਸਾਥੀ ਮੈਨੂੰ ਮਿਲਿਆ।’’

‘‘ਅੱਛਾ ਜੀ!’’  ਸੰਜੀਵ ਬਹੁਤ ਖ਼ੁਸ਼ ਸੀ। ‘‘ਚੱਲ ਸਭ ਕੁਝ ਛੱਡ ਤੇ ਆ ਚੱਲੀਏ ਗੁਰਦੁਆਰੇ ਉਸ ਪਰਮਾਤਮਾ ਦਾ ਧੰਨਵਾਦ ਕਰਨ... ਪਰ ਤੁਰ ਕੇ ਜਾਵਾਂਗੇ...।’’ ਸੰਜੀਵ ਦੇ ਕਹਿੰਦਿਆਂ ਹੀ ਦੋਵੇਂ ਖਿੜ-ਖਿੜਾ ਕੇ ਹੱਸ ਪਏ ਤੇ ਗੁਰਦੁਆਰਾ ਸਾਹਿਬ ਲਈ ਚੱਲ ਪਏ। 

* * *

ਜੈ ਕਿਰਤੀ ਬਾਪੂ ਦੀ

ਰਾਮ ਦਾਸ ਨਸਰਾਲੀ

ਸ਼ਹਿਰ ਵਿੱਚ ਵਿਚਰਦਿਆਂ ਅਕਸਰ ਹੀ ਹਫ਼ਤੇ ਦਸ ਦਿਨ ਬਾਅਦ ਦਿਖਾਈ ਦਿੰਦੀ ਚਿੱਟੇ ਰੰਗ ਦੀ ਸਵਿਫਟ ਕਾਰ ਜਿਸ ਦੇ ਪਿਛਲੇ ਸ਼ੀਸ਼ੇ ’ਤੇ ਲਿਖਿਆ ‘ਜੈ ਬਾਪੂ ਦੀ’ ਪੜ੍ਹ ਕੇ ਤਰਕਸ਼ੀਲ ਸੋਚ ਦਾ ਧਾਰਨੀ ਹੋਣ ਕਰਕੇ ਮੈਨੂੰ ਇਹ ਜਾਣਨ ਦੀ ਅੱਚਵੀ ਜਿਹੀ ਲੱਗ ਜਾਂਦੀ ਕਿ ਇਹ ਨਵਾਂ ਅਖੌਤੀ ਬਾਪੂ ਕੌਣ ਹੈ? ਸੋਚਾਂ ਦੇ ਘੋੜੇ ਦੌੜਾਉਂਦਾ ਕਿ ਕਿਤੇ ਇਹ ਉਹੀ ਅਖੌਤੀ ਬਾਪੂ ਦੀ ਜੈ ਤਾਂ ਨਹੀਂ ਕਰੀ ਜਾ ਰਹੀ ਜਿਹੜਾ ਪਿਛਲੇ ਕਈ ਸਾਲਾਂ ਤੋਂ ਜੇਲ੍ਹ ’ਚ ਬੰਦ ਹੈ।

ਇੱਕ ਦਿਨ ਜਦੋਂ ਮੈਂ ਸ਼ਹਿਰ ਦੇ ਨੇੜਲੇ ਪਿੰਡ ਦੇ ਪੈਟਰੋਲ ਪੰਪ ’ਤੇ ਆਪਣੀ ਮਾਰੂਤੀ ਕਾਰ ਵਿੱਚ ਪੈਟਰਲ ਪੁਆਉਣ ਲਈ ਰੁਕਿਆ ਤਾਂ ਸਾਹਮਣੇ ਉਹੀ ਸਵਿਫਟ ਕਾਰ ਜਿਸ ’ਤੇ ‘ਜੈ ਬਾਪੂ ਦੀ’ ਲਿਖਿਆ ਸੀ, ਦੇਖ ਕੇ ਮੇਰਾ ਮਨ ਬਾਗੋ-ਬਾਗ ਹੋ ਗਿਆ। ਆਪਣੀ ਕਾਰ ਸਾਈਡ ’ਤੇ ਲਗਾ ਕੇ ਮੈਂ ਉਸ ਨੌਜਵਾਨ ਕੋਲ ਗਿਆ ਜਿਹੜਾ ਉਸ ਕਾਰ ਵਿੱਚ ਪੈਟਰੋਲ ਪੁਆ ਰਿਹਾ ਸੀ। ਪੈਟਰੋਲ ਪੁਆਉਣ ਉਪਰੰਤ ਜਦੋਂ ਉਹ ਨੌਜਵਾਨ ਪੰਪ ਦੇ ਕਾਰਿੰਦੇ ਨੂੰ ਪੈਸੇ ਦੇ ਕੇ ਆਪਣੀ ਕਾਰ ਸਟਾਰਟ ਕਰਨ ਲੱਗਿਆ ਤਾਂ ਮੈਂ ਬੜੀ ਨਿਮਰਤਾ ਨਾਲ ਉਸ ਨੌਜਵਾਨ ਨੂੰ ਪੁੱਛਿਆ, “ਜਵਾਨਾ, ਜੇ ਤੂੰ ਬੁਰਾ ਨਾ ਮਨਾਵੇਂ ਤਾਂ ਮੈਂ ਤੇਰੇ ਕੋਲੋਂ ਤੇਰੀ ਕਾਰ ਦੇ ਪਿਛਲੇ ਸ਼ੀਸ਼ੇ ’ਤੇ ਲਿਖੇ ‘ਜੈ ਬਾਪੂ ਦੀ’ ਬਾਰੇ ਜਾਣਕਾਰੀ ਲੈਣਾ ਚਾਹੁੰਦਾਂ ਕਿ ਇਹ ਬਾਪੂ ਕੌਣ ਆ...? ਜਿਸ ਦੀ ਤੂੰ ਜੈ-ਜੈਕਾਰ ਕਰ ਰਿਹਾ ਏਂ...।”

“ਜ਼ਰੂਰ ਦੱਸਦਾਂ ਜੀ, ਬਾਪੂ ਜੀ ਬਾਰੇ। ਪਹਿਲਾਂ ਮੈਂ ਗੱਡੀ ਥੋੜ੍ਹੀ ਪਾਸੇ ਲਾ ਦੇਵਾਂ।” ਉਸ ਨੌਜਵਾਨ ਨੇ ਬੜੇ ਅਦਬ ਨਾਲ ਕਿਹਾ।

ਗੱਡੀ ਸਾਈਡ ’ਤੇ ਲਗਾ ਕੇ ਉਸ ਨੌਜਵਾਨ ਨੇ ਮੇਰੇ ਨੇੜੇ ਹੁੰਦਿਆਂ ਬੜੀ ਨਿਮਰਤਾ ਨਾਲ ਕਿਹਾ, ‘‘ਅੰਕਲ ਜੀ, ਇਹ ਬਾਪੂ ਕੋਈ ਅਖੌਤੀ ਬਾਪੂ ਨਹੀਂ ਜਿਸ ਦੀ ਮੈਂ ਜੈ ਬੁਲਾਉਂਦਾ ਹਾਂ...ਸਗੋਂ ਮੈਂ ਤਾਂ ਆਪਣੇ ਜਨਮਦਾਤੇ ਬਾਪੂ (ਪਿਤਾ) ਦੀ ਜੈ ਬੁਲਾਉਂਦਾਂ ਜਿਸ ਨੇ ਘਰ ਵਿੱਚ ਲੱਖ ਤੰਗੀਆਂ-ਤੁਰਸ਼ੀਆਂ ਹੋਣ ਦੇ ਬਾਵਜੂਦ ਦਿਨ-ਰਾਤ ਕਰੜੀ ਮਿਹਨਤ ਮੁਸ਼ੱਕਤ ਕਰ ਕੇ ਮੈਨੂੰ ਪੜ੍ਹਾਇਆ-ਲਿਖਾਇਆ ਤੇ ਉਸੇ ਪੜ੍ਹਾਈ-ਲਿਖਾਈ ਦੀ ਬਦੌਲਤ ਅੱਜ ਮੈਂ ਐਗਰੀਕਲਚਰ ਡਿਵੈਲਪਮੈਂਟ ਅਫ਼ਸਰ ਦੇ ਅਹੁਦੇ ’ਤੇ ਬਿਰਾਜਮਾਨ ਹਾਂ।”

ਉਸ  ਨੌਜਵਾਨ ਦੇ ਮੂੰਹੋਂ ਇਹ ਗੱਲ ਸੁਣ ਕੇ ਮੈਨੂੰ ਵੀ ਮੇਰਾ ਅੱਖਰ ਗਿਆਨ ਤੋਂ ਕੋਰਾ ਬਾਪੂ ਯਾਦ ਆ ਗਿਆ ਜਿਸ ਨੇ ਖ਼ੁਦ ਦੁੱਖ ਤਕਲੀਫ਼ਾਂ ਨਾਲ ਦੋ-ਚਾਰ ਹੁੰਦਿਆਂ ਮਿਹਨਤ-ਮਜ਼ਦੂਰੀ ਕਰ ਕੇ ਮੈਨੂੰ ਪੜ੍ਹਾ-ਲਿਖਾ ਕੇ ਅਧਿਆਪਕ ਵਰਗੇ ਸਨਮਾਨਜਨਕ ਅਹੁਦੇ ’ਤੇ ਲਗਾਇਆ ਸੀ ਤੇ ਅੱਜ ਪਦ-ਉੱਨਤੀ ਉਪਰੰਤ ਮੈਂ ਸਕੂਲ ਲੈਕਚਰਾਰ ਦੇ ਅਹੁਦੇ ’ਤੇ ਬਿਰਾਜਮਾਨ ਹਾਂ। ਇਨ੍ਹਾਂ ਸੋਚਾਂ ਵਿੱਚ ਗੁਆਚਿਆਂ ਆਪਮੁਹਾਰੇ ਹੀ ਮੇਰੇ ਮੂੰਹੋਂ ‘ਜੈ ਕਿਰਤੀ ਬਾਪੂ’ ਦੀ ਨਿਕਲ ਗਿਆ।

ਸੰਪਰਕ: 98729-18089

* * *

ਅਸਲੀਅਤ

ਹਰੀਸ਼ ਕੁਮਾਰ ‘ਅਮਿਤ’ 

ਚਾਰਟਿਡ ਬੱਸ ਜਦੋਂ ਲੜਕੀ ਦੇ ਸਟਾਪ ਤਕ ਪਹੁੰਚਦੀ, ਹਮੇਸ਼ਾ ਭਰ ਚੁੱਕੀ ਹੁੰਦੀ। ਇੱਕ ਘੰਟੇ ਤੋਂ ਵੀ ਵੱਧ ਲੰਮਾ ਸਫ਼ਰ ਖੜ੍ਹੇ-ਖੜ੍ਹੇ ਯਾਤਰਾ ਕਰਕੇ ਪੂਰਾ ਕਰਨਾ ਲੜਕੀ ਨੂੰ ਬੜਾ ਮੁਸ਼ਕਿਲ ਲੱਗਦਾ। ਇਸ ਲਈ ਜਦੋਂ ਕੋਈ ਯਾਤਰੀ ਐਡਜਸਟ ਕਰ ਕੇ ਆਪਣੇ ਨਾਲ ਬਿਠਾ ਲੈਣ ਦੀ ਪੇਸ਼ਕਸ਼ ਕਰਦਾ ਤਾਂ ਉਹ ਝੱਟ ਮੰਨ ਜਾਂਦੀ।

ਲੜਕੀ ਵੇਖ ਰਹੀ ਸੀ ਕਿ ਪਿਛਲੇ ਕੁਝ ਦਿਨਾਂ ਤੋਂ ਅਜਿਹੀ ਪੇਸ਼ਕਸ਼ ਇੱਕ ਬਜ਼ੁਰਗ ਜਿਹਾ ਆਦਮੀ ਕਰ ਰਿਹਾ ਸੀ। ਲੜਕੀ ਨੇ ਇੱਕ ਹੋਰ ਗੱਲ ਨੋਟ ਕੀਤੀ ਸੀ ਕਿ ਉਹ ਸਿਰਫ਼ ਉਹਨੂੰ ਹੀ ਆਪਣੇ ਨਾਲ ਬੈਠਣ ਲਈ ਕਹਿੰਦਾ ਸੀ, ਕਿਸੇ ਹੋਰ ਨੂੰ ਨਹੀਂ। ਲੜਕੀ ਜਾਣਦੀ ਸੀ ਕਿ ਸੀਟ ਐਡਜਸਟ ਕਰਨ ਦਾ ਮਨੋਰਥ ਮਰਦ ਸਵਾਰੀਆਂ ਲਈ ਕੀ ਹੁੰਦਾ ਹੈ, ਪਰ ਉਹਦੀ ਆਪਣੀ ਵੀ ਮਜਬੂਰੀ ਸੀ।

ਆਖ਼ਰ ਇੱਕ ਦਿਨ ਲੜਕੀ ਨੇ ਬਜ਼ੁਰਗ ਤੋਂ ਇਹ ਪੁੱਛ ਹੀ ਲਿਆ, ‘‘ਅੰਕਲ, ਤੁਸੀਂ ਸਿਰਫ਼ ਮੈਨੂੰ ਹੀ ਕਿਉਂ ਆਪਣੀ ਸੀਟ ’ਤੇ ਐਡਜਸਟ ਹੋਣ ਲਈ ਕਹਿੰਦੇ ਹੋ?’’

ਬਜ਼ੁਰਗ ਕੁਝ ਪਲ ਚੁੱਪ ਰਿਹਾ। ਫਿਰ ਕਹਿਣ ਲੱਗਿਆ, ‘‘ਪਿਛਲੇ ਸਾਲ ਮੇਰੀ ਬੇਟੀ ਇੱਕ ਐਕਸੀਡੈਂਟ ਵਿੱਚ ਮਰ ਗਈ ਸੀ। ਉਹ ਵੀ ਤੇਰੇ ਵਾਂਗ ਨੌਕਰੀ ਕਰਦੀ ਸੀ। ਤੈਨੂੰ ਨਾਲ ਬਿਠਾ ਕੇ ਮੈਨੂੰ ਲੱਗਦਾ ਹੈ ਜਿਵੇਂ ਮੇਰੀ ਬੇਟੀ ਨਾਲ ਬੈਠੀ ਹੋਵੇ।’’ ਕਹਿੰਦਿਆਂ-ਕਹਿੰਦਿਆਂ ਉਸ ਬਜ਼ੁਰਗ ਦਾ ਗਲਾ ਭਰ ਆਇਆ।   

ਲੜਕੀ ਸੁੰਨ ਜਿਹੀ ਬੈਠੀ ਸੀ।

ਸੰਪਰਕ: 98992-21107

- ਪੰਜਾਬੀ ਰੂਪ: ਪ੍ਰੋ. ਨਵ ਸੰਗੀਤ ਸਿੰਘ

ਸੰਪਰਕ: 94176-92015

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਸ਼ਹਿਰ

View All