ਗੁਰਬਿੰਦਰ ਸਿੰਘ ਮਾਣਕ
ਇਸ ਗੱਲ ਵਿੱਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਮਨੁੁੱਖ ਜ਼ਿੰਦਗੀ ਦੇ ਬਹੁਤ ਸਖ਼ਤ ਤੇ ਔਖੇ ਇਮਤਿਹਾਨਾਂ ਵਿੱਚੋਂ ਵੀ ਸਫਲਤਾਪੂਰਬਕ ਨਿਕਲਣ ਦਾ ਹੁਨਰ ਜਾਣਦਾ ਹੈ। ਬਹੁਤ ਵਿਲੱਖਣ ਤੇ ਹੈਰਾਨਕੁੰਨ ਪ੍ਰਾਪਤੀਆਂ ਕਰਕੇ ਮਨੁੱਖ ਨੇ ਆਪਣੀ ਬੁੱਧੀ ਤੇ ਵਿਵੇਕ ਦਾ ਭਰਵਾਂ ਪ੍ਰਗਟਾਵਾ ਕੀਤਾ ਹੈ। ਬਿਨਾਂ ਸ਼ੱਕ ਮਨੁੱਖ ਦੀਆਂ ਪ੍ਰਾਪਤੀਆਂ ਦੀ ਸੂਚੀ ਬਹੁਤ ਲੰਮੀ ਹੈ, ਪਰ ਦੁਨੀਆ ਭਰ ਦੀ ਜਾਣਕਾਰੀ ਰੱਖਣ ਵਾਲਾ ਮਨੁੱਖ ਆਪਣੇ ਆਪ ਤੋਂ ਇਸ ਕਦਰ ਬੇਮੁੱਖ ਹੋਇਆ ਪਿਆ ਹੈ ਕਿ ਕਈ ਵਾਰ ਉਸ ਦੀ ਸਾਰੀ ਜ਼ਿੰਦਗੀ ਹੀ ਬੇਖ਼ਬਰੀ ਦੇ ਆਲਮ ਵਿੱਚ ਗੁਜ਼ਰ ਜਾਂਦੀ ਹੈ। ਹਾਲਾਂਕਿ ਮਨੁੱਖ ਨੇ ਬਹੁਤ ਵਿਦਵਾਨ ਹੋਣ ਦਾ ਭਰਮ ਵੀ ਪਾਲਿਆ ਹੋਇਆ ਹੈ। ਪੰਜਾਬੀ ਸੱਭਿਆਚਾਰ ਦੀਆਂ ਲੋਕ-ਸਿਆਣਪਾਂ ਵਿੱਚ ‘ਦੀਵੇ ਥੱਲੇ ਹਨ੍ਹੇਰਾ’ ਦਾ ਪ੍ਰਸੰਗ ਵੀ ਮਨੁੱਖ ਦੀ ਅਜਿਹੀ ਪ੍ਰਵਿਰਤੀ ਨਾਲ ਹੀ ਜੁੜਦਾ ਹੈ। ਦੂਜਿਆਂ ਨੂੰ ਰੋਸ਼ਨੀ ਦਿਖਾਉਣ ਵਾਲੇ ਨੂੰ ਕਈ ਵਾਰ ਇਹ ਅਨੁਭਵ ਨਹੀਂ ਹੁੰਦਾ ਕਿ ਉਹ ਆਪ ਹੀ ਹਨੇਰੇ ਰਾਹ ਤੁਰਿਆ ਹੋਇਆ ਹੈ।
ਸਿੱਖਿਆ ਤੇ ਗਿਆਨ ਦਾ ਮੂਲ ਮੰਤਵ ਮਨੁੱਖੀ ਆਪੇ ਦੀ ਪਛਾਣ ਕਰਨਾ ਹੈ। ਢੇਰਾਂ ਪੁਸਤਕਾਂ ਪੜ੍ਹ ਕੇ, ਡਿਗਰੀਆਂ ਹਾਸਲ ਕਰਕੇ ਪ੍ਰਾਪਤ ਕੀਤਾ ਰਸਮੀ ਜਿਹਾ ਗਿਆਨ ਵੀ ਉਦੋਂ ਤੱਕ ਬੇਅਰਥ ਹੈ, ਜਦੋਂ ਤੱਕ ਮਨੁੱਖ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਸੋਝੀ ਨਹੀਂ ਆਉਂਦੀ। ਸਾਡੇ ਦੇਸ਼ ਵਿੱਚ ਧਾਰਮਿਕ ਬਿਰਤੀ ਵਾਲੇ ਬਹੁਤੇ ਲੋਕਾਂ ਦਾ ਜੀਵਨ ਬਾਹਰੀ ਭੇਖਾਂ ਤੇ ਕਈ ਤਰ੍ਹਾਂ ਦੀਆਂ ਫਜ਼ੂਲ ਜਿਹੀਆਂ ਰਹੁ-ਰੀਤਾਂ ਵਿੱਚ ਹੀ ਗੁਜ਼ਰ ਜਾਂਦਾ ਹੈ, ਪਰ ਉਹ ਧਰਮ ਦੀ ਮੂਲ ਸਿੱਖਿਆ ਤੋਂ ਸੱਖਣੇ ਹੀ ਰਹਿੰਦੇ ਹਨ। ਜੇ ਕਿਸੇ ਉਪਦੇਸ਼ਕ ਜਾਂ ਪ੍ਰਚਾਰਕ ਦਾ ਆਪਣਾ ਜੀਵਨ ਹੀ ਨਿਰਾਰਥਕ ਗੱਲਾਂ ਤੇ ਅੰਧ-ਵਿਸ਼ਵਾਸਾਂ ਵਿੱਚ ਗੁਜ਼ਰ ਰਿਹਾ ਹੈ ਤਾਂ ਉਸ ਦੇ ਵਿਚਾਰਾਂ ਦਾ ਆਮ ਲੋਕਾਂ ਉੱਤੇ ਕੋਈ ਬੱਝਵਾਂ ਪ੍ਰਭਾਵ ਨਹੀਂ ਪੈ ਸਕਦਾ।
ਸਮਾਜ ਵਿੱਚ ਨਾ-ਬਰਾਬਰੀ, ਖ਼ੁਦਗਰਜ਼ੀ, ਸੰਕੀਰਨਤਾ, ਲਾਲਸਾਵਾਂ ਤੇ ਅਤਿ ਦੀਆਂ ਘਿਨਾਉਣੀਆਂ ਘਟਨਾਵਾਂ ਦਾ ਨਿੱਤ ਵਾਪਰਨਾ ਇਸ ਗੱਲ ਦਾ ਸੂਚਕ ਹੈ ਕਿ ਮਨੁੱਖ ਗਿਆਨ ਦੇ ਸਮੁੰਦਰ ਵਿੱਚ ਵਿਚਰ ਕੇ ਵੀ ਅਗਿਆਨਤਾ ਦੇ ਹਨੇਰੇ ਵਿੱਚ ਭਟਕ ਰਿਹਾ ਹੈ। ਗੁਰਬਾਣੀ ਆਪਣੇ ਗਿਰੇਵਾਨ ਵਿੱਚ ਝਾਤੀ ਮਾਰਨ ਦਾ ਉਪਦੇਸ਼ ਦਿੰਦੀ ਹੈ ਤਾਂ ਕਿ ਮਨੁੱਖ ਆਪਣੇ ਔਗੁਣਾਂ ਦੀ ਥਾਹ ਪਾ ਸਕੇ। ਪਰ ਅਜਿਹੇ ਰਾਹ ’ਤੇ ਤੁਰਨ ਵਾਲੇ ‘ਵਿਰਲੇ ਕੇਈ ਕੇ’ ਹੀ ਹਨ। ਧਰਮ ਦਾ ਬਾਣਾ ਪਹਿਨ ਕੇ ਜਾਂ ਕੁਝ ਬਾਹਰੀ ਅਡੰਬਰਾਂ ਵਿੱਚ ਖੱਚਿਤ ਹੋ ਕੇ ਕੁਝ ਵੀ ਪ੍ਰਾਪਤ ਕਰਨ ਦੀ ਆਸ ਰੱਖਣਾ ਮਹਿਜ਼ ਪਾਖੰਡ ਜਾਂ ਆਪਣੇ ਆਪ ਨਾਲ ਹੀ ਧੋਖਾ ਹੈ। ਜਦੋਂ ਤੱਕ ਮਨੁੱਖ ਦਾ ਮਨ ਜਾਂ ਅੰਦਰ ਕਿਸੇ ਵਿਚਾਰ ਜਾਂ ਪ੍ਰਭਾਵ ਨੂੰ ਕਬੂਲ ਕੇ ਆਪਣੀ ਜ਼ਿੰਦਗੀ ਦੇ ਅਮਲ ਵਿੱਚ ਨਹੀਂ ਲਿਆਉਂਦਾ ਉਦੋਂ ਤੱਕ ਸਭ ਕੁਝ ਵਿਅਰਥ ਹੈ।
ਦੂਜਿਆਂ ਦੇ ਨੁਕਸ ਕੱਢਣੇ ਜਾਂ ਔਗੁਣ ਛਾਂਟਣੇ ਬਹੁਤ ਆਸਾਨ ਹਨ, ਪਰ ਮਨੁੱਖ ਇਹ ਭੁੱਲ ਜਾਂਦਾ ਹੈ ਕਿ ਉਸ ਦੇ ਆਪਣੇ ਅੰਦਰ ਵੀ ਅਜੇ ਕਿੰਨਾ ਹਨੇਰਾ ਛਾਇਆ ਹੋਇਆ ਹੈ। ਦੂਜਿਆਂ ਵੱਲ ਉਂਗਲੀ ਉਠਾਉਣ ਵਾਲਾ ਇਹ ਭੁੱਲ ਜਾਂਦਾ ਹੈ ਕਿ ਉਸ ਹੱਥ ਦੀਆਂ ਤਿੰਨ ਉਂਗਲਾਂ ਉਸ ਦੇ ਆਪਣੇ ਵੱਲ ਵੀ ਇਸ਼ਾਰਾ ਕਰ ਰਹੀਆਂ ਹੁੰਦੀਆਂ ਹਨ। ਮਨੁੱਖ ਗ਼ਲਤੀ ਦਾ ਪੁਤਲਾ ਹੈ। ਹਰ ਮਨੁੱਖ ਪਾਸੋਂ ਕਦੇ ਨਾ ਕਦੇ ਸੁਭਾਵਿਕ ਰੂਪ ਵਿੱਚ ਹੀ ਕੋਈ ਨਾ ਕੋਈ ਗ਼ਲਤੀ ਅਕਸਰ ਹੋ ਜਾਂਦੀ ਹੈ। ਕੁਝ ਲੋਕ ਇੱਕ ਵਾਰ ਗ਼ਲਤੀ ਕਰਨ ਤੋਂ ਬਾਅਦ ਸੁਚੇਤ ਰੂਪ ਵਿੱਚ ਸੰਭਲ ਜਾਂਦੇ ਹਨ, ਪਰ ਕੁਝ ਵਿਅਕਤੀ ਆਪਣੇ ਸੁਭਾਅ ਜਾਂ ਸਥਿਤੀਆਂ ਕਾਰਨ ਵਾਰ ਵਾਰ ਗ਼ਲਤੀਆਂ ਦੁਹਰਾਉਂਦੇ ਰਹਿੰਦੇ ਹਨ। ਕੁਝ ਦੀ ਹਾਲਤ ਇਹ ਬਣ ਜਾਂਦੀ ਹੈ ਕਿ ਗ਼ਲਤੀ ਕਰਨਾ ਉਨ੍ਹਾਂ ਦਾ ਸੁਭਾਅ ਬਣ ਜਾਂਦਾ ਹੈ। ਦੂਜਿਆਂ ਦੀ ਗ਼ਲਤੀ ਨੂੰ ਉਛਾਲਣ ਦੀ ਪ੍ਰਵਿਰਤੀ ਉਨ੍ਹਾਂ ਵਿੱਚ ਵਧੇਰੇ ਹੁੰਦੀ ਹੈ, ਜਿਨ੍ਹਾਂ ਦਾ ਆਪਾ ਗ਼ਲਤੀਆਂ ਦੇ ਤੀਰਾਂ ਨਾਲ ਵਿੰਨ੍ਹਿਆ ਪਿਆ ਹੁੰਦਾ ਹੈ। ਜਿਹੜੇ ਆਪਾ ਪੜਚੋਲ ਕਰਦੇ ਹਨ, ਉਹ ਦੂਜਿਆਂ ਦੇ ਨੁਕਸਾਂ ਵੱਲ ਕਦੇ ਉਂਗਲ ਨਹੀਂ ਉਠਾਉਂਦੇ। ਉਹ ਦੂਜਿਆਂ ਦਾ ਕੋਈ ਔਗੁਣ ਦੇਖ ਕੇ ਪਹਿਲਾਂ ਆਪਣੇ ਅੰਦਰ ਝਾਤੀ ਮਾਰਦੇ ਹਨ ਕਿ ਉਹ ਆਪ ਇਸ ਦੋਸ਼ ਤੋਂ ਮੁਕਤ ਹਨ। ‘ਆਪ ਨਾ ਵੱਸੀ ਸਹੁਰੇ ਲੋਕਾਂ ਮੱਤੀ ਦੇਹ’ ਜਿਹੀ ਪੰਜਾਬੀ ਲੋਕ ਸਿਆਣਪ ਦੇ ਅਰਥ ਬਹੁਤ ਡੂੰਘੇ ਹਨ। ਅਕਸਰ ਇਸ ਤਰ੍ਹਾਂ ਕਰਨ ਵਾਲਾ ਲੋਕਾਂ ਦੇ ਮਜ਼ਾਕ ਦਾ ਪਾਤਰ ਬਣ ਜਾਂਦਾ ਹੈ। ਦੂਜਾ ਕਿਸੇ ਦੀ ਗ਼ਲਤੀ ਨੂੰ ਮੁਆਫ਼ ਕਰ ਦੇਣਾ ਉੱਚੀ ਸ਼ਖ਼ਸੀਅਤ ਦਾ ਪ੍ਰਮਾਣ ਹੈ।
ਜੇ ਮਨੁੱਖ ਆਪਣੇ ਅੰਦਰ ਝਾਤੀ ਮਾਰਨ ਲੱਗ ਜਾਵੇ ਤਾਂ ਮਨੁੱਖੀ ਜੀਵਨ ਵਿੱਚ ਪਸਰੇ ਅੰਧਕਾਰ ਨੂੰ ਦੂਰ ਭਜਾਇਆ ਜਾ ਸਕਦਾ ਹੈ। ਸਾਰਾ ਗਿਆਨ ਤਾਂ ਮਨੁੱਖ ਦੇ ਅੰਦਰ ਹੀ ਹੈ, ਪਰ ਉਹ ਇਸ ਦੀ ਤਲਾਸ਼ ਵਿੱਚ ਬਾਹਰ ਭਟਕਦਾ ਫਿਰਦਾ ਹੈ। ਬਾਹਰਲੇ ਗਿਆਨ ਰੂਪੀ ਸੋਮੇ ਤਾਂ ਮਨੁੱਖੀ ਮਨ ਦੇ ਅੰਦਰ ਛੁਪੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਨ ਦਾ ਸਾਧਨ ਮਾਤਰ ਹਨ। ਹਊਮੈ, ਈਰਖਾ, ਨਫ਼ਰਤ ਤੇ ਸਵਾਰਥ ਇਸੇ ਕਾਰਨ ਅਜੋਕੇ ਮਨੁੱਖ ਦਾ ਸਿਰਨਾਵਾਂ ਬਣ ਗਏ ਹਨ ਕਿ ਉਸ ਨੇ ਕਦੇ ਆਪਣੇ ਗਿਰੇਵਾਨ ਵਿੱਚ ਝਾਕ ਕੇ ਨਹੀਂ ਦੇਖਿਆ। ਨਿਮਰਤਾ, ਸਹਿਣਸ਼ੀਲਤਾ ਤੇ ਸਹਿਜਤਾ ਦੇ ਗੁਣ ਸਭ ਨੂੰ ਚੰਗੇ ਲੱਗਦੇ ਹਨ ਤੇ ਹਰ ਕੋਈ ਚਾਹੁੰਦਾ ਹੈ ਕਿ ਉਸ ਨਾਲ ਸਭਿਅਕ ਤੇ ਸਲੀਕੇ ਨਾਲ ਵਿਵਹਾਰ ਕੀਤਾ ਜਾਵੇ। ਸਥਿਤੀ ਦਾ ਦਿਲਚਸਪ ਪਹਿਲੂ ਇਹ ਕਿ ਹਰ ਕੋਈ ਦੂਜੇ ਨਾਲ ਵਿਵਹਾਰ ਕਰਨ ਸਮੇਂ ਇਹ ਗੱਲ ਵਿਸਾਰ ਦਿੰਦਾ ਹੈ ਤੇ ਆਸ ਇਹ ਕੀਤੀ ਜਾਂਦੀ ਹੈ ਕਿ ਦੂਜਾ ਉਸ ਨਾਲ ਸੰਜੀਦਾ ਤੇ ਸਭਿਅਕ ਤਰੀਕੇ ਨਾਲ ਪੇਸ਼ ਆਵੇ।
ਸਮਾਜ ਵਿੱਚ ਵਿਚਰਦਿਆਂ ਅਕਸਰ ਹੀ ‘ਨਹਿਲੇ ਤੇ ਦਹਿਲਾ’ ਵਾਲੀ ਸਥਿਤੀ ਦੇਖਣ ਨੂੰ ਮਿਲਦੀ ਹੈ। ਬੋਲਾਂ ਦੀ ਮਿਠਾਸ, ਨਿਰਮਾਣਤਾ, ਸਹਿਣਸ਼ੀਲਤਾ ਤੇ ਅਪਣੱਤ ਭਰਿਆ ਸਹਿਚਾਰ ਵਰਗੇ ਗੁਣ ਤਾਂ ਹੁਣ ਕੇਵਲ ਪੁਸਤਕਾਂ ਦਾ ਸ਼ਿੰਗਾਰ ਬਣ ਕੇ ਹੀ ਰਹਿ ਗਏ ਹਨ। ਵਿਹਾਰਕ ਰੂਪ ਵਿੱਚ ਅਜਿਹੇ ਮਾਨਵੀ ਗੁਣ ਸਾਡੇ ਜੀਵਨ ਵਿੱਚੋਂ ਤੇਜ਼ੀ ਨਾਲ ਕਿਰਦੇ ਜਾ ਰਹੇ ਹਨ। ਸਹਿਣਸ਼ੀਲਤਾ ਜੀਵਨ ਵਿੱਚੋਂ ਇਸ ਕਦਰ ਮਨਫ਼ੀ ਹੁੰਦੀ ਜਾ ਰਹੀ ਹੈ ਕਿ ਦੂਜੇ ਦੀ ਗੱਲ ਸੁਣਨ ਤੇ ਸਹਿਣ ਲਈ ਕੋਈ ਤਿਆਰ ਹੀ ਨਹੀਂ ਹੈ। ਵੱਡੀ ਗਿਣਤੀ ਵਿੱਚ ਲੋਕ ਇੱਕ ਦੂਜੇ ਨਾਲ ‘ਇੱਟ ਚੁੱਕਦੇ ਨੂੰ ਪੱਥਰ ਤਿਆਰ’ ਦੀ ਭਾਵਨਾ ਨਾਲ ਹੀ ਵਿਵਹਾਰ ਕਰਨ ਨੂੰ ਤਰਜੀਹ ਦਿੰਦੇ ਹਨ। ਦੂਜਿਆਂ ਨਾਲ ਕੌੜਾ ਬੋਲ ਕੇ ਨਿਮਰਤਾ ਦੀ ਆਸ ਰੱਖਣੀ ਮਹਿਜ਼ ਭਰਮ ਹੀ ਹੈ।
ਕਈ ਵਾਰ ਦੇਖਦੇ ਹਾਂ ਕਿ ਉੱਚੇ ਅਹੁਦਿਆਂ ’ਤੇ ਪਹੁੰਚੇ ਹੋਏ ਲੋਕ ਵੀ ਆਪਣੇ ਮਤਹਿਤ ਕਰਮਚਾਰੀਆਂ ਤੇ ਹੋਰ ਲੋਕਾਂ ਨਾਲ ਬਹੁਤ ਕੁਰੱਖਤ ਢੰਗ ਨਾਲ ਪੇਸ਼ ਆਉਂਦੇ ਹਨ। ਹਾਲਾਂਕਿ ਉੱਚ ਵਿੱਦਿਆ ਪ੍ਰਾਪਤ ਕਰਕੇ ਤੇ ਕਿਸੇ ਜ਼ਿੰਮੇਵਾਰ ਅੁਹਦੇ ’ਤੇ ਪਹੁੰਚ ਕੇ ਤਾਂ ਮਨੁੱਖ ਦੇ ਅੰਦਰ ਨਿਮਰਤਾ, ਮਾਨਵੀ ਵਿਵਹਾਰ ਤੇ ਸੇਵਾ-ਭਾਵਨਾ ਡੁੱਲ੍ਹ ਡੁੱਲ੍ਹ ਪੈਣੀ ਚਾਹੀਦੀ ਹੈ ਤਾਂ ਕਿ ਉਸ ਕੋਲ ਆਇਆ ਹਰ ਵਿਅਕਤੀ ਉਸ ਦਾ ਕਾਇਲ ਹੋ ਜਾਵੇ। ਕਿਸੇ ਵਿਅਕਤੀ ਦੀ ਪਛਾਣ ਉਸ ਦੇ ਅਹੁਦੇ ਕਾਰਨ ਨਹੀਂ ਹੁੰਦੀ ਸਗੋਂ ਉਸ ਦੇ ਮਾਨਵੀ ਵਿਹਾਰ ਕਾਰਨ ਹੁੰਦੀ ਹੈ। ਉੱਚੇ ਅਹੁਦੇ ਉੱਤੇ ਬੈਠਾ ਮਨੁੱਖ ਜੇ ਅਜਿਹੇ ਗੁਣਾਂ ਤੋਂ ਸੱਖਣਾ ਹੋਵੇ ਤਾਂ ਉਹ ਆਪਣੇ ਅਹੁਦੇ ਦੀ ਕੁਰਸੀ ਤੋਂ ਕਿਤੇ ਨੀਵਾਂ ਹੋ ਜਾਂਦਾ ਹੈ।
ਅਸਲ ਵਿੱਚ ਕਿਸੇ ਵਿਅਕਤੀ ਦਾ ਦੂਜਿਆਂ ਨਾਲ ਵਰਤੋਂ ਵਿਹਾਰ, ਉਸ ਦੀ ਭਾਸ਼ਾ, ਚਿਹਰੇ ਦੇ ਹਾਵ-ਭਾਵ, ਗੱਲ ਪ੍ਰਤੀ ਸੰਜੀਦਗੀ, ਮਨੁੱਖੀ ਹਮਦਰਦੀ ਤੇ ਦੂਜਿਆਂ ਨਾਲ ਸਤਿਕਾਰ ਨਾਲ ਪੇਸ਼ ਆਉਣ ਦੀ ਭਾਵਨਾ ਹੀ ਉੱਚੀ ਸ਼ਖ਼ਸੀਅਤ ਦੀ ਨਿਸ਼ਾਨੀ ਹੈ। ਹਰ ਇੱਕ ਨਾਲ ਦੁਰਵਿਵਹਾਰ ਕਰਨ ਵਾਲਾ ਤੇ ਤਲਖ਼ ਬੋਲਾਂ ਦੀ ਵਰਤੋਂ ਕਰਨ ਵਾਲਾ ਆਪਣੇ ਆਪ ਨੂੰ ਜਿੰਨਾ ਮਰਜ਼ੀ ‘ਸਿਆਣਾ’ ਸਮਝੀ ਜਾਵੇ, ਪਰ ਸਮਾਜ ਵਿੱਚ ਉਸ ਦੀ ਕੋਈ ਪਛਾਣ ਜਾਂ ਆਦਰ ਦੀ ਭਾਵਨਾ ਨਹੀਂ ਹੁੰਦੀ ਹੈ। ਦੂਜਿਆਂ ਨੂੰ ਹਰ ਗੱਲ ਵਿੱਚ ਨਸੀਹਤਾਂ ਦੇਣ ਵਾਲੇ, ਜੇ ਅਮਲੀ ਰੂਪ ਵਿੱਚ ਖ਼ੁਦ ਕੋਰੇ ਹੋਣ ਤਾਂ ਛੇਤੀ ਹੀ ਲੋਕ-ਮਨਾਂ ਵਿੱਚੋਂ ਨਿਕਲ ਜਾਂਦੇ ਹਨ।
ਅਜੋਕਾ ਮਨੁੱਖ ਕੁਦਰਤ ਦੇ ਸੰਤੁਲਨ ਨੂੰ ਆਪਣੇ ਹੱਥੀਂ ਵਿਗਾੜ ਕੇ ਆਪਣੇ ਜਿਊਣ ਲਈ ਹੀ ਸੰਕਟ ਪੈਦਾ ਕਰਨ ਦੇ ਰਾਹ ਤੁਰ ਪਿਆ ਹੈ। ਥਾਂ ਥਾਂ ਗੰਦਗੀ ਦੇ ਢੇਰ, ਪ੍ਰਦੂਸ਼ਿਤ ਵਾਤਾਵਰਣ, ਲਗਾਤਾਰ ਹੇਠਾਂ ਡਿੱਗ ਰਿਹਾ ਪਾਣੀ ਦਾ ਪੱਧਰ, ਰੁੱਖਾਂ ਤੋਂ ਸੱਖਣੀ ਹੋ ਰਹੀ ਧਰਤੀ, ਰਸਾਇਣਕ ਖਾਦਾਂ ਤੇ ਕੀੜੇ ਮਾਰ ਜ਼ਹਿਰਾਂ ਦੀ ਅੰਨ੍ਹੀ ਵਰਤੋਂ ਆਦਿ ਸਾਧਨ ਮਨੁੱਖਤਾ ਦੇ ਵਿਨਾਸ਼ ਲਈ ਮਨੁੱਖ ਨੇ ਆਪ ਹੀ ਪੈਦਾ ਕੀਤੇ ਹਨ। ਕੁਦਰਤ ਦੇ ਸੰਤੁਲਨ ਨੂੰ ਵਿਗਾੜ ਕੇ ਕੀਤੀ ਤਰੱਕੀ ਮਨੁੱਖ ਲਈ ਬਰਬਾਦੀ ਬਣਦੀ ਜਾ ਰਹੀ ਹੈ। ਕਰੋਨਾ ਵਾਇਰਸ ਵਰਗੀ ਮਹਾਮਾਰੀ ਲਈ ਵੀ ਬਹੁਤ ਹੱਦ ਤੱਕ ਮਨੁੱਖ ਆਪ ਹੀ ਜ਼ਿੰਮੇਵਾਰ ਹੈ। ਮਨੁੱਖ ਨੇ ਆਪਣੀ ਹੈਂਕੜ ਤੇ ਅੰਨ੍ਹੇ ਵਿਕਾਸ ਦੀ ਦੌੜ ਵਿੱਚ ਕੁਦਰਤ ਦੇ ਸੰਤੁਲਨ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਕੁਦਰਤ ਵੱਲੋਂ ਏਨੀ ਮਾਰ ਪੈਣ ਦੇ ਬਾਵਜੂਦ ਮਨੁੱਖ ਅਜੇ ਵੀ ਸਮਝਣ ਲਈ ਤਿਆਰ ਨਹੀਂ ਹੈ।
ਸਭਿਆਚਾਰ ਮਨੁੱਖ ਦੀਆਂ ਜੜ੍ਹਾਂ ਸਮਾਨ ਹੁੰਦੀਆਂ ਹਨ। ਅਜੋਕਾ ਮਨੁੱਖ ਕਈ ਮੁੱਲਵਾਨ ਸਭਿਆਚਾਰਕ ਮਾਨਤਾਵਾਂ ਨੂੰ ਉਲੰਘਦਾ ਜਾ ਰਿਹਾ ਹੈ। ਸਮਾਜਿਕ ਜੀਵਨ ਵਿੱਚ ਨਿਘਾਰ ਦਾ ਸਭ ਤੋਂ ਵੱਡਾ ਕਾਰਨ ਸਭਿਆਚਾਰਕ ਕਦਰਾਂ-ਕੀਮਤਾਂ ਨੂੰ ਤਿਲਾਂਜਲੀ ਦੇਣਾ ਹੀ ਹੈ। ਅਜੋਕੀ ਪੀੜ੍ਹੀ ਦੇ ਵਿਵਹਾਰ ਵਿੱਚ ਆਪ-ਹੁਦਰਾਪਨ, ਬੇਰੁਖੀ, ਗੁੱਸਾ, ਰਿਸ਼ਤਿਆਂ ਦਾ ਨਿਰਾਦਰ ਤੇ ਸੰਕੀਰਨਤਾ ਆਦਿ ਸਭਿਆਚਾਰ ਦੇ ਮੂਲ ਆਦਰਸ਼ਾਂ ਤੋਂ ਦੂਰ ਜਾਣ ਦਾ ਹੀ ਸਿੱਟਾ ਹੈ। ਸਿੱਖਿਆ, ਗਿਆਨ ਵਿਗਿਆਨ, ਅਨੇਕਾਂ ਵਿਚਾਰਧਾਰਾਵਾਂ, ਫ਼ਿਲਾਸਫ਼ੀਆਂ ਦਾ ਮੂਲ ਮਕਸਦ ਮਨੁੱਖ ਨੂੰ ਸੋਝੀ ਪ੍ਰਦਾਨ ਕਰਕੇ ਉੱਤਮ ਇਨਸਾਨ ਬਣਾਉਣਾ ਹੈ। ਜੇ ਗਿਆਨ ਦੇ ਸੋਮੇ ਮਨੁੱਖ ਦੇ ਅੰਦਰ ਇਨਸਾਨੀਅਤ ਦੀ ਜੋਤ ਨਹੀਂ ਜਗਾਉਂਦੇ ਤਾਂ ਇਸ ਦਾ ਭਾਵ ਇਹੀ ਹੈ ਕਿ ਮਨੁੱਖ ਨੇ ਪੇਤਲੇ ਰੂਪ ਵਿੱਚ ਹੀ ਕੁਝ ਪੜ੍ਹਿਆ ਸੁਣਿਆ ਹੈ, ਪਰ ਉਸ ਨੂੰ ਵਿਚਾਰਿਆ ਨਹੀਂ। ਕੋਈ ਵੀ ਪ੍ਰਾਪਤੀ ਮਨੁੱਖੀ ਮਨ ਵਿੱਚ ਹੌਸਲਾ ਤੇ ਸ਼ਕਤੀ ਪੈਦਾ ਕਰਦੀ ਹੈ ਨਾ ਕਿ ਹਉਮੈ। ਆਪਣਾ ਸਵੈ-ਮੁਲਾਂਕਣ ਕਰਦੇ ਰਹਿਣਾ ਵੀ ਕੁਝ ਨਵਾਂ ਸਿੱਖਣ ਵਾਂਗ ਹੀ ਹੈ। ਪ੍ਰਸਿੱਧ ਸ਼ਾਇਰ ਬਸ਼ੀਰ ਬਦਰ ਦਾ ਇੱਕ ਸ਼ੇਅਰ ਅਜੋਕੇ ਮਨੁੱਖ ’ਤੇ ਪੂਰੀ ਤਰ੍ਹਾਂ ਢੁੱਕਦਾ ਹੈ:
ਆਂਖੋਂ ਮੇਂ ਰਹਾ, ਦਿਲ ਮੇਂ ਉਤਰ ਕਰ ਨਹੀਂ ਦੇਖਾ,
ਕਸ਼ਤੀ ਕੇ ਮੁਸਾਫਿਰ ਨੇ ਸਮੰਦਰ ਨਹੀਂ ਦੇਖਾ।
ਸੰਪਰਕ-98153-56086