ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ
‘‘ਵਨਰਾਜ ਭਾਟੀਆ ਜਿਹਾ ਕੋਈ ਹੋਰ ਸਿਤਾਰਾ ਨਹੀਂ।’’ ਜ਼ੁਬਿਨ ਮਹਿਤਾ ਵਰਗੇ ਸੰਗੀਤ ਮਾਸਟਰ ਨੇ ਜਦੋਂ ਵਨਰਾਜ ਬਾਰੇ ਇਹ ਕਿਹਾ ਸੀ ਤਾਂ ਉਸ ਨੇ ਵਨਰਾਜ ਨੂੰ ਇਕ ਸੰਗੀਤ ਸਿਤਾਰੇ ਦੀ ਉਪਮਾ ਦਿੱਤੀ ਸੀ ਜਿਸ ਨੇ ਆਪਣੇ ਸੰਗਤ ਵਿਚ ਭਾਰਤੀ ਸ਼ਾਸਤਰੀ ਸੰਗੀਤ ਤੇ ਪੱਛਮੀ ਤਰਜ਼ਾਂ ਨੂੰ ਜੋੜਿਆ। ਨਤੀਜੇ ਵਜੋਂ ਵਾਇਲਨ ਦੇ ਅਦਭੁੱਤ ਪ੍ਰਯੋਗ ਨੇ ਵਨਰਾਜ ਭਾਟੀਆ ਨੂੰ ਇਕ ਅਜਿਹੇ ਸੰਗੀਤਕਾਰ ਵਜੋਂ ਸਥਾਪਤ ਕੀਤਾ ਜਿਸ ਦਾ ਕੋਈ ਮੁਕਾਬਲਾ ਤੇ ਬਦਲ ਭਾਰਤੀ ਫ਼ਿਲਮ ਸੰਗੀਤ ਵਿਚ ਨਹੀਂ ਹੈ। ਉਹ ਆਪਣੀ ਮਿਸਾਲ ਆਪ ਹੀ ਸੀ।
ਸੱਤ ਮਈ ਨੂੰ ਉਨ੍ਹਾਂ ਨੇ 93 ਵਰ੍ਹਿਆਂ ਦੀ ਉਮਰ ਵਿਚ ਇਸ ਦੁਨੀਆ ਨੂੰ ਅਲਵਿਦਾ ਕਿਹਾ। ਪਿਛਲੇ ਕੁਝ ਮਹੀਨਿਆਂ ਤੋਂ ਉਹ ਬਿਮਾਰ ਸਨ।
ਭਾਰਤੀ ਫ਼ਿਲਮੀ ਦੁਨੀਆ ਵਿਚ ਉਹ ਪਹਿਲੇ ਤੇ ਇਕੱਲੇ ਅਜਿਹੇ ਸੰਗੀਤਕਾਰ ਸਨ ਜਿਨ੍ਹਾਂ ਨੇ ਲੰਡਨ ਦੇ ਰਾਇਲ ਅਕੈਡਮੀ ਔਫ਼ ਮਿਊਜ਼ਿਕ ਤੋਂ ਪੱਛਮੀ ਸੰਗੀਤ ਵਿਚ ਡਿਗਰੀ ਲਈ ਸੀ। ਮੁੰਬਈ ਦੇ ਪ੍ਰਸਿੱਧ ਐਲਫਿੰਨਸਟਨ ਕਾਲਜ ਤੋਂ ਭਾਰਤੀ ਮਿਊਜ਼ਿਕ ਵਿਚ ਐਮ.ਏ. ਕਰਨ ਤੋਂ ਬਾਅਦ ਵਨਰਾਜ ਨੇ ਪਿਆਨੋ ’ਤੇ ਚਾਰ ਸਾਲ ਲਗਾਤਾਰ ਪੱਛਮੀ ਤੇ ਭਾਰਤੀ ਸੰਗੀਤ ਨੂੰ ਜੋੜ ਕੇ ਸਿੱਖਿਆ। ਫਿਰ ਜਦੋਂ ਉਨ੍ਹਾਂ ਨੇ ਮੁੰਬਈ ’ਚ ਕੰਮ ਸ਼ੁਰੂ ਕੀਤਾ ਤਾਂ ਉਹ ਫ਼ਿਲਮੀ ਪਰਦੇ ਪਿਛਲੇ ਅਜਿਹੇ ਸੰਗੀਤਕਾਰ ਵਜੋਂ ਪ੍ਰਸਿੱਧ ਹੋਏ ਜੋ ਸੁਰਾਂ ਦੀ ਨਬਜ਼ ਪਛਾਣਦਾ ਸੀ। ਇਹ ਸ਼ੁਰੂਆਤੀ ਦੌਰ ਸੀ।
ਵਨਰਾਜ ਭਾਟੀਆ ਨੇ ਆਪਣੇ ਪੇਸ਼ੇਵਾਰ ਜੀਵਨ ਦੌਰਾਨ ਭਾਰਤੀ ਸਮਾਨਾਂਤਰ ਫ਼ਿਲਮਾਂ ਦੇ ਪਿੱਠਵਰਤੀ ਸੰਗੀਤ ਵਿਚ ਆਮ ਆਵਾਮ ਦੇ ਦੁੱਖ ਦਰਦ ਨੂੰ ਬਾਖ਼ੂਬੀ ਪੇਸ਼ ਕੀਤਾ। ਉਹ ਕਿਹਾ ਕਰਦੇ ਸਨ ਕਿ ਉਹ ਸੰਗੀਤ ਹੀ ਕੀ ਜਿਸ ਨੂੰ ਸੁਣ ਕੇ ਅੱਖਾਂ ਨਮ ਨਾ ਹੋਣ ਤੇ ਦਿਲ ਝਟਕਾ ਨਾ ਖਾਵੇ।
ਕੁਝ ਇਹੋ ਜਿਹਾ ਹੀ ਸੀ ਉਨ੍ਹਾਂ ਦਾ ਸੰਗੀਤ। ਪ੍ਰਯੋਗਵਾਦੀ ਫ਼ਿਲਮਾਂ ਦੇ ਨਿਰਦੇਸ਼ਕ ਜਿਵੇਂ ਸ਼ਿਆਮ ਬੈਨੇਗਲ ਤੋਂ ਲੈ ਕੇ ਬੰਗਾਲੀ ਨਿਰਦੇਸ਼ਕਾਂ ਤੀਕ ਉਨ੍ਹਾਂ ਦੇ ਸੰਗੀਤ ਦੇ ਦੀਵਾਨੇ ਸਨ। ਅਰਪਨਾ ਸੇਨ ਦੀ ਫ਼ਿਲਮ 36 ਚੌਰੰਗੀ ਲੇਨ ਨੂੰ ਕੌਣ ਭੁੱਲ ਸਕਦਾ ਹੈ ਜਾਂ ਫਿਰ ਧ੍ਰੋਹਕਾਲ, ਬੇਟਾ, ਦਾਮਿਨੀ, ਜਾਨੇ ਭੀ ਦੋ ਯਾਰੋ ਤੋਂ ਲੈ ਕੇ ਬਾਅਦ ਵਿਚ ਆਈਆਂ ਫ਼ਿਲਮਾਂ ਜਿਵੇਂ ਘਾਤਕ, ਪਰਦੇਸ, ਚਮੇਲੀ, ਪਿਆਰ ਕਾ ਸੁਪਰਹਿੱਟ ਫਾਰਮੂਲਾ ਆਦਿ ਤਕ ਜਾਰੀ ਰੱਖੇ ਸੰਗੀਤਕ ਸਫ਼ਰ ਨਾਲ ਭਾਰਤੀ ਫ਼ਿਲਮੀ ਗੀਤਾਂ ਦੇ ਸਰੋਤਿਆਂ ਵਿਚ ਖ਼ੂਬ ਨਾਂ ਕਮਾਇਆ।
ਵਨਰਾਜ ਭਾਟੀਆ ਦਾ ਸੰਗੀਤ ਮਾਨਵੀ ਪੀੜਾਂ ਨੂੰ ਬਿਆਨ ਕਰਦਾ ਹੈ। ਲੜੀਵਾਰ ‘ਤਮਸ’ ਨੇ ਦੇਸ਼ ਵੰਡ ਦੀ ਤ੍ਰਾਸਦੀ ਨੂੰ ਬੜੇ ਮਾਰਮਿਕ ਅੰਦਾਜ਼ ਵਿਚ ਪੇਸ਼ ਕੀਤਾ। ਭਾਟੀਆ ਨੇ ਇਸ ਦਾ ਸੰਗੀਤ ਦਿੱਤਾ ਜਿਸ ਬਾਰੇ ਗੋਵਿੰਦ ਨਿਹਲਾਨੀ ਵਰਗੇ ਨਿਰਦੇਸ਼ਕ ਨੇ ਕਿਹਾ ਸੀ: ‘‘ਸੰਗੀਤ ਦੀ ਭਾਸ਼ਾ ਵਿਚ ਤਮਸ ’ਚ ਵਨਰਾਜ ਭਾਟੀਆ ਦਾ ਯੋਗਦਾਨ ਕਿਸੇ ਤੋਂ ਘੱਟ ਨਹੀਂ, ਉਸ ਦੇ ਅਲਾਪ ਤੇ ਸੁਰਾਂ ਨੇ ਪਿੱਠਵਰਤੀ ਭਾਵਨਾਵਾਂ ਨੂੰ ਜਾਗਰਿਤ ਕੀਤਾ ਤੇ ਸੰਗੀਤ ਨੂੰ ਇਕ ਨਵੀਂ ਬੁਲੰਦੀ ’ਤੇ ਪਹੁੰਚਾਇਆ।’’ ਇਸ ਦੇ ਨਾਲ ਨਾਲ ਸ੍ਰੀ ਭਾਟੀਆ ਨੇ ਸ਼ਿਆਮ ਬੈਨੇਗਲ ਦੇ 52 ਕਿਸ਼ਤਾਂ ਦੇ ਇਤਿਹਾਸਕ ਲੜੀਵਾਰ ‘ਭਾਰਤ ਏਕ ਖੋਜ’ ਨੂੰ ਵੀ ਸੰਗੀਤਬੱਧ ਕੀਤਾ ਸੀ। ਅਸਲ ਵਿਚ ਸ਼ਿਆਮ ਬੈਨੇਗਲ ਦੀਆਂ ਹੋਰ ਫ਼ਿਲਮਾਂ ’ਚ ਵੀ ਵਨਰਾਜ ਭਾਟੀਆ ਦੀ ਛਾਪ ਦਿਖਾਈ ਦਿੰਦੀ ਹੈ। ਸਰਦਾਰੀ ਬੇਗ਼ਮ ਤੇ ਹਰੀ ਭਰੀ ਇਸ ਦੀ ਉਦਾਹਰਣ ਹਨ।
ਇਹ ਵੀ ਸੱਚ ਹੈ ਕਿ ਇਸ਼ਤਿਹਾਰਾਂ ਦੇ ਜਿੰਗਲ ਮਿਊਜ਼ਿਕ ’ਚ ਉਨ੍ਹਾਂ ਦਾ ਕੋਈ ਸਾਨੀ ਨਹੀਂ ਸੀ। ਦਰਅਸਲ, ਉਹ ਭਾਰਤ ਦੀ ਮੱਧਵਰਗੀ ਸ਼੍ਰੇਣੀ ਦੀ ਨਬਜ਼ ਫੜਦਾ ਸੀ। 7500 ਤੋਂ ਜ਼ਿਆਦਾ ਰੇਡੀਓ ਤੇ ਟੀ.ਵੀ. ਜਿੰਗਲ ਬਣਾਉਣ ਵਾਲੇ ਵਨਰਾਜ ਭਾਟੀਆ ਦੇ ਦਿਲੋ-ਦਿਮਾਗ਼ ’ਚ ਕੀ ਚਲਦਾ ਸੀ, ਇਹ ਸਮਝਣਾ ਬੇਹੱਦ ਮੁਸ਼ਕਿਲ ਸੀ। ਸ਼ਿਆਮ ਬੈਨੇਗਲ ਨੇ ਇਕ ਵਾਰੀ ਪੂਣੇ ਫਿ਼ਲਮ ਇੰਸਟੀਚਿਊਟ ਵਿਚ ਦੱਸਿਆ ਸੀ ਕਿ ਵਨਰਾਜ ਭਾਟੀਆ ਇਕੋ ਵੇਲੇ ਕਈ ਰੂਪਾਂ ’ਚ ਤੇ ਕਈ ਭਾਸ਼ਾਵਾਂ ’ਚ ਸੋਚ ਤੇ ਧੁਨਾਂ ਬਣਾ ਸਕਦਾ ਸੀ। ਪਿਆਨੋ ’ਤੇ ਪਹਿਲਾਂ ਦਿਲ ਦੀ ਗੱਲ ਕਰਦਾ ਸੀ ਤੇ ਫਿਰ ਦਿਮਾਗ਼ ਦੀ। ਇਹ ਹੁਨਰ ਸ਼ਾਇਦ ਵਨਰਾਜ ਦੇ ਹਿੱਸੇ ਹੀ ਆਇਆ ਸੀ। ਵਨਰਾਜ ਭਾਟੀਆ ਦਾ ਜਨਮ ਇਕ ਗੁਜਰਾਤੀ ਪਰਿਵਾਰ ਵਿਚ 31 ਮਈ 1927 ਨੂੰ ਮੁੰਬਈ ਵਿਚ ਹੋਇਆ। ਲੰਡਨ ਤੋਂ ਪੜ੍ਹਾਈ ਕਰਨ ਮਗਰੋਂ ਵਨਰਾਜ ਭਾਟੀਆ 1959 ਵਿਚ ਵਾਪਸ ਆ ਕੇ ਇਸ਼ਤਿਹਾਰਾਂ ਦੇ ਸੰਗੀਤ ਦੀ ਦੁਨੀਆ ’ਚ ਮਸਰੂਫ਼ ਹੋ ਗਏ, ਪਰ ਸ਼ਿਆਮ ਬੈਨੇਗਲ ਦੇ ਕਹਿਣ ’ਤੇ ਫ਼ਿਲਮ ਅੰਕੁਰ ਦਾ ਸੰਗੀਤ ਦਿੱਤਾ ਸੀ।
ਤਮਸ ਵਿਚ ਦਿੱਤੇ ਸੰਗੀਤ ਲਈ ਵਨਰਾਜ ਭਾਟੀਆ ਨੂੰ 1988 ਵਿਚ ਰਾਸ਼ਟਰੀ ਪੁਰਸਕਾਰ ਵੀ ਦਿੱਤਾ ਗਿਆ। ਹਾਲਾਂਕਿ ਸ਼ੰਮੀ ਕਪੂਰ ਦੀ ਫ਼ਿਲਮ ‘ਦਿਲ ਦੇ ਕੇ ਦੇਖੋ’ ਨੂੰ ਵੀ ਉਹ ਆਪਣੀ ਪਹਿਲੀ ਫਿ਼ਲਮ ਕਹਿੰਦੇ ਸਨ। 2000 ਵਿਚ ਆਈ ਸਰਦਾਰੀ ਬੇਗ਼ਮ ਆਖ਼ਰੀ ਫ਼ਿਲਮ ਸੀ, ਪਰ ਇਸ਼ਤਿਹਾਰੀ ਫ਼ਿਲਮਾਂ ’ਚ ਸ੍ਰੀ ਭਾਟੀਆ ਆਪਣੀ ਸਿਹਤ ਵਿਗੜਨ ਤੱਕ ਸੰਗੀਤ ਦਿੰਦੇ ਰਹੇ।
ਟੀ.ਵੀ. ਲੜੀਵਾਰ ਵਾਗਲੇ ਕੀ ਦੁਨੀਆ, ਨਕਾਬ ਦੇ ਨਾਲ ਨਾਲ ਲਿਰਿਲ ਤੇ ਡਿਊਲਕਸ ਵਰਗੇ ਇਸ਼ਤਿਹਾਰਾਂ ਦਾ ਸੰਗੀਤ ਵਨਰਾਜ ਭਾਟੀਆ ਦੀ ਜਾਦੂਈ ਮੁਹਾਰਤ ਦਾ ਪ੍ਰਤੱਖ ਸਬੂਤ ਹੈ।
2012 ਵਿਚ ਉਨ੍ਹਾਂ ਨੂੰ ਪਦਮ ਸ੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਸ੍ਰੀ ਭਾਟੀਆ ਆਪਣੇ ਆਪ ਨੂੰ ਦਿਉਧਰ ਸਕੂਲ ਆਫ਼ ਮਿਊਜ਼ਿਕ ਦਾ ਵਿਦਿਆਰਥੀ ਕਹਿੰਦੇ ਸਨ ਜਿਸ ਨੇ ਪੱਛਮੀ ਸੰਗੀਤ ਦੀਆਂ ਬੰਦਿਸ਼ਾਂ ਨੂੰ ਭਾਰਤੀ ਸ਼ਾਸਤਰੀ ਸੰਗੀਤ ਨਾਲ ਮਿਲਾ ਕੇ ਸੰਗੀਤ ਨੂੰ ਨਵੀਂ ਤਾਜ਼ਗੀ ਬਖ਼ਸ਼ੀ ਸੀ। ਬ੍ਰਿਟਿਸ਼ ਰਾਕਫੈਲਰ ਸਕਾਲਰਸ਼ਿਪ (1954-58) ਜਿੱਤਣ ਵਾਲੇ ਵਨਰਾਜ ਨੇ ਪੈਰਿਸ ਵਿਚ ਨਾਦੀਆ ਬਲੂੰਗਰ ਨਾਲ ਸੰਗੀਤਕ ਸਾਂਝ ਪਾਈ।
ਵਨਰਾਜ ਭਾਟੀਆ ਨੇ ਦਿੱਲੀ ਯੂਨੀਵਰਸਿਟੀ ਵਿਚ ਪੱਛਮੀ ਸੰਗੀਤ ਵੀ ਪੜ੍ਹਾਇਆ। ਅਗਨੀ ਵਰਸ਼ਾ ਵਰਗਾ ਉਪੇਰਾ 2012 ’ਚ ਨਿਊਯਾਰਕ ਵਿਚ ਵਿਖਾਇਆ ਗਿਆ। ਅੰਕੁਰ, ਨਿਸ਼ਾਤ, ਭੂਮਿਕਾ, ਮੰਥਨ, ਕਲਯੁੱਗ ਵਰਗੀਆਂ ਸਦਾਬਹਾਰ ਫ਼ਿਲਮਾਂ ਬਾਰੇ ਉਨ੍ਹਾਂ ਕਿਹਾ ਸੀ, ‘‘ਇਹ ਮੈਂ ਪੈਸੇ ਲਈ ਨਹੀਂ ਕੀਤੀਆਂ, ਆਮ ਭਾਰਤੀ ਲੋਕਾਂ ਦੀ ਅਸਲੀਅਤ ਤੇ ਧਰਤੀ ਦੇ ਸੰਗੀਤ ਲਈ ਸੰਗੀਤ ਰਚਿਆ ਸੀ।’’
ਇਕੱਲਿਆਂ ਆਪਣੀ ਜ਼ਿੰਦਗੀ ਬਿਤਾਉਣ ਵਾਲੇ ਵਨਰਾਜ ਭਾਟੀਆ ਦੇ ਸੰਗੀਤ ਬਾਰੇ ਉੱਘੇ ਫ਼ਿਲਮਸਾਜ਼ ਗੋਵਿੰਦ ਨਿਹਲਾਨੀ ਦੀ ਇਕ ਟਿੱਪਣੀ ਇਹ ਹੈ ਕਿ ਇਕ ਚੀਖ਼ ਦਾ ਸੰਗੀਤ ਕਿਸੇ ਨੂੰ ਸਕੂਨ ਦੇ ਸਕਦਾ ਹੈ ਤਾਂ ਦੂਸਰੇ ਨੂੰ ਉਤੇਜਨਾ। ਇਹ ਵਨਰਾਜ ਦੇ ਸੰਗੀਤ ਦੀ ਖ਼ੂਬੀ ਹੈ।
ਆਪਣੇ ਫ਼ਿਲਮ ਇੰਸਟੀਚਿਊਟ ਦੇ ਲੰਬੇ ਰਿਸ਼ਤੇ ਤੇ ਮੁੰਬਈ ਦੀਆਂ ਯਾਦਾਂ ਵਿਚ ਵਨਰਾਜ ਇਕ ਅਜਿਹੇ ਸੰਗੀਤ ਸਿਤਾਰੇ ਸਨ ਜਿਸ ਵਿਚ ਗੁਜਰਾਤੀ, ਪੱਛਮੀ ਤੇ ਪੰਜਾਬੀ ਸੰਗੀਤ ਦਾ ਸੁਮੇਲ ਸੀ। ਪੂਣੇ ’ਚ ਇਕ ਮੁਲਾਕਾਤ ਵਿਚ ਉਨ੍ਹਾਂ ਨੇ ਦੱਸਿਆ ਸੀ ਕਿ ਉਹ ਪੰਜਾਬੀ ਲੋਕ ਸੰਗੀਤ ਦੇ ਦੀਵਾਨੇ ਆਪਣੇ ਲੰਡਨ ਪਰਵਾਸ ਸਮੇਂ ਹੋਏ। ਉਨ੍ਹਾਂ ਦੀ ਇੱਛਾ ਸੀ ਕਿ ਉਹ ਹੀਰ ਵਾਰਿਸ ਨੂੰ ਨਵੀਂ ਤਰ੍ਹਾਂ ਨਾਲ ਸੰਗੀਤਬੱਧ ਕਰਨ, ਪਰ ਪ੍ਰੋਜੈਕਟ ਅਧੂਰਾ ਹੀ ਰਹਿ ਗਿਆ। ਆਪਣੀਆਂ ਸਾਰੀਆਂ ਯਾਦਾਂ ਤੇ ਸਾਰਾ ਤਜਰਬਾ ਉਨ੍ਹਾਂ ਦੇ ਦਿਲੋ-ਦਿਮਾਗ਼ ’ਚ ਆਖ਼ਰੀ ਸਮੇਂ ਤੱਕ ਛਾਇਆ ਹੋਇਆ ਸੀ।
ਇਕੱਲਤਾ ਤੇ ਆਰਥਿਕ ਤੰਗੀ ਦੇ ਚਲਦਿਆਂ ਉਹ ਇਸ ਦੁਨੀਆ ਤੋਂ ਚਲੇ ਗਏ, ਪਰ ਭਾਰਤੀ ਸੰਗੀਤ ਦੀ ਦੁਨੀਆ ਵਿਚ ਅਜਿਹੀ ਛਾਪ ਛੱਡ ਗਏ ਜੋ ਹੋਰ ਕਿਸੇ ਦੇ ਹਿੱਸੇ ਨਹੀਂ ਆਈ। ਦਿਲ ਨੂੰ ਧੂਹ ਪਾਉਣ ਵਾਲੇ ਸੰਗੀਤ ਰਚੇਤਾ ਵਨਰਾਜ ਭਾਟੀਆ ਬਹੁਤ ਯਾਦ ਆਉਣਗੇ ਕਿਉਂਕਿ ਉਨ੍ਹਾਂ ਵਰਗਾ ਕੋਈ ਹੋਰ ਨਹੀਂ ਸੀ।
* ਲੇਖਕ ਸਾਬਕਾ ਉਪ ਮਹਾਂਨਿਰਦੇਸ਼ਕ, ਦੂਰਦਰਸ਼ਨ ਹੈ।
ਸੰਪਰਕ: 94787-30156