ਭਗਦੜ ਅਤੇ ਪ੍ਰਸ਼ਾਸਕੀ ਅਵਿਵਸਥਾ
ਚੇਤ ਮਹੀਨੇ ਦੇ ਆਖਰੀ ਮੰਗਲਵਾਰ ਨਾਲੰਦਾ ਜ਼ਿਲ੍ਹੇ ਦੇ ਬਿਹਾਰਸ਼ਰੀਫ ਦੇ ਮਘਰਾ ਪਿੰਡ ਵਿੱਚ ਸਥਿਤ ਮਾਤਾ ਸ਼ੀਤਲਾਸ਼ਟਮੀ ਮੰਦਰ ਵਿੱਚ ਭਾਰੀ ਭੀੜ ਵਿਚਕਾਰ ਹੋਈ ਭਗਦੜ ਵਿੱਚ ਕਈ ਔਰਤਾਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਦਰਜਨ ਤੋਂ ਵੱਧ ਸ਼ਰਧਾਲੂ ਜ਼ਖ਼ਮੀ ਹੋ ਗਏ।...
ਚੇਤ ਮਹੀਨੇ ਦੇ ਆਖਰੀ ਮੰਗਲਵਾਰ ਨਾਲੰਦਾ ਜ਼ਿਲ੍ਹੇ ਦੇ ਬਿਹਾਰਸ਼ਰੀਫ ਦੇ ਮਘਰਾ ਪਿੰਡ ਵਿੱਚ ਸਥਿਤ ਮਾਤਾ ਸ਼ੀਤਲਾਸ਼ਟਮੀ ਮੰਦਰ ਵਿੱਚ ਭਾਰੀ ਭੀੜ ਵਿਚਕਾਰ ਹੋਈ ਭਗਦੜ ਵਿੱਚ ਕਈ ਔਰਤਾਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਦਰਜਨ ਤੋਂ ਵੱਧ ਸ਼ਰਧਾਲੂ ਜ਼ਖ਼ਮੀ ਹੋ ਗਏ। ਮਾਤਾ ਸ਼ੀਤਲਾਸ਼ਟਮੀ ਮੰਦਰ ਵਿੱਚ ਹੋਈ ਭਗਦੜ ਦੀ ਘਟਨਾ ਨੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਅਕਸਰ ਧਾਰਮਿਕ ਸਥਾਨਾਂ ’ਤੇ ਧਾਰਮਿਕ ਸਮਾਗਮਾਂ/ ਜਨਤਕ ਥਾਵਾਂ ’ਤੇ ਰੈਲੀਆਂ ਦੌਰਾਨ ਅਚਾਨਕ ਭਗਦੜ ਕਿਉਂ ਪੈ ਜਾਂਦੀ ਹੈ?
ਇਸ ਘਟਨਾ ਕਾਰਨ ਇੱਕ ਵਾਰ ਫਿਰ ਦੁਨੀਆ ਨੇ ‘ਭਗਦੜ’ ਦਾ ਭਿਆਨਕ ਰੂਪ ਵੇਖਿਆ ਹੈ। ਇਸ ਭਗਦੜ ਕਾਰਨ ਅਨੇਕਾਂ ਹੱਸਦੇ ਖੇਡਦੇ ਪਰਿਵਾਰ ਮਿੰਟਾਂ ਸਕਿੰਟਾਂ ਵਿੱਚ ਉੱਜੜ ਗਏ। ਜਿਹੜੇ ਵਿਅਕਤੀ ਇਸ ਭਗਦੜ ਵਿੱਚ ਮਾਰੇ ਗਏ ਹਨ, ਉਨ੍ਹਾਂ ਦਾ ਘਾਟਾ ਕੁਝ ਲੱਖ ਰੁਪਏ ਦੇ ਮੁਆਵਜ਼ੇ ਨਾਲ ਪੂਰਾ ਨਹੀਂ ਕੀਤਾ ਜਾ ਸਕਦਾ।
ਅਜੇ ਕੁਝ ਸਮਾਂ ਪਹਿਲਾਂ ਦੀ ਗੱਲ ਹੈ ਕਿ ਆਂਧਰਾ ਪ੍ਰਦੇਸ਼ ਵਿੱਚ ਸ੍ਰੀਕਾਕੁਲਮ ਜ਼ਿਲ੍ਹੇ ਦੇ ਕਾਸ਼ੀਬੁੱਗਾ ਸਥਿਤ ਵੈਂਕਟੇਸ਼ਵਰ ਮੰਦਰ ਵਿੱਚ ਵਾਪਰੀ ਭਗਦੜ ਦੀ ਘਟਨਾ ਕਾਰਨ ਕਈ ਵਿਅਕਤੀ ਮਾਰੇ ਗਏ ਸਨ ਅਤੇ ਕਈ ਵਿਅਕਤੀ ਜ਼ਖ਼ਮੀ ਹੋ ਗਏ ਸਨ। ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਤਾਮਿਲ ਨਾਡੂ ਦੇ ਕਰੂਰ ਇਲਾਕੇ ਵਿੱਚ ਟੀ.ਵੀ.ਕੇ. ਰੈਲੀ ਕੀਤੀ ਗਈ ਸੀ, ਜਿੱਥੇ ਹਜ਼ਾਰਾਂ ਲੋਕ ਆਪਣੇ ਮਨਪਸੰਦ ਅਦਾਕਾਰ ਥਾਲਪਤੀ ਵਿਜੇ ਨੂੰ ਦੇਖਣ ਲਈ ਇਕੱਠੇ ਹੋਏ। ਇਸ ਰੈਲੀ ਵਿੱਚ ਇੱਕ 9 ਸਾਲ ਦੀ ਬੱਚੀ ਦੇ ਲਾਪਤਾ ਹੋਣ ਦੀ ਖ਼ਬਰ ਫੈਲ ਗਈ, ਜਿਸ ਕਾਰਨ ਲੋਕਾਂ ਵਿੱਚ ਘਬਰਾਹਟ ਫੈਲ ਗਈ ਅਤੇ ਉੱਥੇ ਭਗਦੜ ਮਚ ਗਈ ਸੀ। ਖ਼ਬਰਾਂ ਮੁਤਾਬਿਕ ਤਾਮਿਲ ਨਾਡੂ ਪੁਲੀਸ ਨੇ ਇਸ ਰੈਲੀ ਵਾਸਤੇ 10,000 ਲੋਕਾਂ ਲਈ ਇਜਾਜ਼ਤ ਦਿੱਤੀ ਸੀ, ਪਰ 50,000 ਲੋਕ ਪਹੁੰਚ ਗਏ ਸਨ। ਜਿਸ ਕਾਰਨ ਉੱਥੇ ਭਾਰੀ ਗਿਣਤੀ ਵਿੱਚ ਭੀੜ ਇਕੱਠੀ ਹੋ ਗਈ ਜੋ ਕਿ ਬੇਕਾਬੂ ਹੋ ਗਈ। ਇਸ ਭਗਦੜ ਕਾਰਨ ਘੱਟੋ-ਘੱਟ 39 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਬਹੁਤ ਸਾਰੇ ਜ਼ਖ਼ਮੀ ਹਸਪਤਾਲ ਵਿੱਚ ਦਾਖਲ ਸਨ। ਤਾਮਿਲ ਨਾਡੂ ਅਤੇ ਕੇਂਦਰ ਸਰਕਾਰਾਂ ਨੇ ਮੁਆਵਜ਼ੇ ਦਾ ਐਲਾਨ ਕੀਤਾ ਸੀ ਅਤੇ ਅਦਾਕਾਰ ਵਿਜੇ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 20-20 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਸੀ, ਪਰ ਹਮੇਸ਼ਾ ਵਾਂਗ, ਸਵਾਲ ਇਹ ਰਹਿੰਦਾ ਹੈ: ਕੀ ਕੁਝ ਲੱਖ ਰੁਪਏ ਬੇਵਕਤੀ ਮੌਤਾਂ ਨੂੰ ਇਨਸਾਫ਼ ਦਿਵਾ ਸਕਦੇ ਹਨ?
ਇਸ ਤੋਂ ਪਹਿਲਾਂ ਵੀ ਭਾਰਤ ਵਿੱਚ ਅਨੇਕਾਂ ਵਾਰ ਵੱਖ- ਵੱਖ ਸਮਾਗਮਾਂ, ਮੇਲਿਆਂ ਅਤੇ ਧਾਰਮਿਕ ਪ੍ਰੋਗਰਾਮਾਂ ਦੌਰਾਨ ਭਗਦੜ ਪੈ ਚੁੱਕੀ ਹੈ, ਜਿਸ ਕਾਰਨ ਅਨੇਕਾਂ ਮੌਤਾਂ ਹੋ ਚੁੱਕੀਆਂ ਹਨ, ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਅਤੇ ਸਰਕਾਰਾਂ ਨੇ ਕੋਈ ਸਬਕ ਨਹੀਂ ਸਿੱਖਿਆ ਅਤੇ ਭਗਦੜ ਦੀਆਂ ਘਟਨਾਵਾਂ ਭਾਰਤ ਵਿੱਚ ਲਗਾਤਾਰ ਜਾਰੀ ਹਨ। ਕੁਝ ਸਮਾਂ ਪਹਿਲਾਂ ਬੰਗਲੁਰੂ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ ਦੀ ਆਈ.ਪੀ.ਐੱਲ. ਜਿੱਤ ਪਰੇਡ ਦੌਰਾਨ ਪਈ ਭਗਦੜ ਵੀ ਲੋਕਾਂ ਨੂੰ ਯਾਦ ਹੈ। ਇਸੇ ਤਰ੍ਹਾਂ ਹੈਦਰਾਬਾਦ ਵਿੱਚ ਅੱਲੂ ਅਰਜੁਨ ਦੀ ਫਿਲਮ ਦੀ ਸਕ੍ਰੀਨਿੰਗ ’ਤੇ ਵੀ ਭਗਦੜ ਪਈ ਸੀ। ਕੁਝ ਸਮਾਂ ਪਹਿਲਾਂ ਹਾਥਰਸ ਵਿੱਚ ਭੋਲੇ ਬਾਬਾ ਨਾਮਕ ਇੱਕ ਪ੍ਰਚਾਰਕ ਦੁਆਰਾ ਕਰਵਾਏ ਸਤਸੰਗ ਵਿੱਚ ਭਗਦੜ ਪਈ ਸੀ। ਕੁਝ ਸਮਾਂ ਪਹਿਲਾਂ ਪ੍ਰਯਾਗਰਾਜ ਵਿੱਚ ਮਹਾਂਕੁੰਭ ਮੇਲੇ ਵਿੱਚ ਮੌਨੀ ਅਮਾਵਸਿਆ ਇਸ਼ਨਾਨ ਦੌਰਾਨ ਪਈ ਭਗਦੜ ਕਾਰਨ 30 ਤੋਂ ਵੱਧ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖ਼ਮੀ ਹੋ ਗਏ ਸਨ। ਕੁਝ ਸਮਾਂ ਪਹਿਲਾਂ ਅਲ ਸਲਵਾਡੋਰ ਵਿੱਚ ਇੱਕ ਫੁੱਟਬਾਲ ਮੈਚ ਦੌਰਾਨ ਭਗਦੜ ਪੈਣ ਕਾਰਨ 12 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਲਗਭਗ 500 ਜ਼ਖ਼ਮੀ ਹੋ ਗਏ ਸਨ। ਉਸ ਤੋਂ ਪਹਿਲਾਂ ਰਾਮ ਨੌਮੀ ਵਾਲੇ ਦਿਨ ਇੰਦੌਰ ਦੇ ਬੇਲੇਸ਼ਵਰ ਮਹਾਦੇਵ ਮੰਦਰ ’ਚ ਮਚੀ ਭਗਦੜ ’ਚ 35 ਤੋਂ ਵੱਧ ਲੋਕ ਮਾਰੇ ਗਏ ਸਨ। 2022 ਵਿੱਚ ਦੱਖਣੀ ਕੋਰੀਆ ਵਿੱਚ ਇਟਾਵੋਨ ਹੈਲੋਵੀਨ ਤਿਉਹਾਰ ਵਿੱਚ ਭੀੜ-ਭੜੱਕੇ ਕਾਰਨ 150 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ। ਇਸੇ ਤਰ੍ਹਾਂ 2015 ਵਿੱਚ ਮੱਕਾ ਵਿੱਚ ਹੱਜ ਦੌਰਾਨ ਭਗਦੜ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਸੀ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਸਮਾਗਮਾਂ ਤੇ ਰੈਲੀਆਂ ਦੌਰਾਨ ਭਗਦੜ ਪੈਣਾ ਸਿਰਫ਼ ਭਾਰਤ ਦੀ ਸਮੱਸਿਆ ਨਹੀਂ ਹੈ ਸਗੋਂ ਵਿਦੇਸ਼ਾਂ ਵਿੱਚ ਵੀ ਭਗਦੜ ਪੈਣ ਦੀਆਂ ਅਨੇਕਾਂ ਘਟਨਾਵਾਂ ਬੀਤੇ ਸਮੇਂ ਦੌਰਾਨ ਵਾਪਰ ਚੁੱਕੀਆਂ ਹਨ। ਹਰ ਰੋਜ਼ ਦੁਨੀਆ ਭਰ ਵਿੱਚ ਕਿਤੇ ਨਾ ਕਿਤੇ ਭਗਦੜ ਪੈ ਜਾਂਦੀ ਹੈ ਜਾਂ ਭਗਦੜ ਮੱਚ ਜਾਂਦੀ ਹੈ। ਹਾਲ ਹੀ ਵਿੱਚ, ਵਿਗਿਆਨੀਆਂ ਨੇ 1900 ਤੋਂ 2019 ਦਰਮਿਆਨ ਕੁਲ 281 ਭਗਦੜਾਂ ਦਾ ਵਿਸ਼ਲੇਸ਼ਣ ਕੀਤਾ। ਗੰਭੀਰ ਗੱਲ ਇਹ ਹੈ ਕਿ ਦੁਨੀਆ ਭਰ ਵਿੱਚ ਭਗਦੜ ਦੀਆਂ ਘਟਨਾਵਾਂ ਵਿੱਚ ਭਾਰਤ ਪਹਿਲੇ ਨੰਬਰ ’ਤੇ ਹੈ।
ਜਾਪਾਨ ਦੀ ਟੋਕੀਓ ਯੂਨੀਵਰਸਿਟੀ ਅਤੇ ਆਸਟਰੇਲੀਆ ਦੀ ਯੂਨੀਵਰਸਿਟੀ ਆਫ ਨਿਊ ਸਾਊਥ ਵੇਲਜ਼ ਦੀ ਇਹ ਖੋਜ ਸੇਫਟੀ ਸਾਇੰਸ ਜਰਨਲ ਵਿੱਚ ਆਈ ਹੈ। ਇਸ ਵਿੱਚ ਭਗਦੜ ਦੇ ਕਾਰਨਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਵਿਸ਼ਲੇਸ਼ਣ ਵਿੱਚ ਕੁਲ 46 ਘਟਨਾਵਾਂ ਅਤੇ 24 ਸਬੰਧਿਤ ਕਾਰਕ ਸ਼ਾਮਲ ਕੀਤੇ ਗਏ ਸਨ। ਜੋ ਨਤੀਜਾ ਆਇਆ, ਉਸ ਲਈ ਭਗਦੜ ਦੇ 7 ਕਾਰਨ ਦੱਸੇ ਗਏ। ਇਨ੍ਹਾਂ ਵਿੱਚ ਦਰਸ਼ਕਾਂ ਦਾ ਮੂਡ, ਬੇਕਾਬੂ ਲੋਕਾਂ ਦਾ ਟੋਲਾ, ਹਤਾਸ਼ ਭੀੜ, ਅਸੰਤੁਲਿਤ ਇਕੱਠ, ਘਟਨਾ ਸਥਾਨ ’ਤੇ ਜਲਣਸ਼ੀਲ-ਵਿਸਫੋਟਕ ਪਦਾਰਥ, ਸਟੇਡੀਅਮ ਵਿੱਚ ਹਰਕਤ ਅਤੇ ਸਮਾਂ ਸ਼ਾਮਲ ਸੀ।
ਖੋਜ ਨੇ ਕਿਹਾ ਕਿ ਭਗਦੜ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ ਜਿੱਥੇ ਦਰਸ਼ਕ ਸਿੱਧੇ ਤੌਰ ’ਤੇ ਘਟਨਾ ਨਾਲ ਜੁੜਦੇ ਹਨ। ਅਜਿਹੀਆਂ ਥਾਵਾਂ ’ਤੇ ਸੁਰੱਖਿਆ ਦੀ ਸੰਭਾਵਨਾ 86 ਫੀਸਦੀ ਤੋਂ ਘਟ ਕੇ ਸਿਰਫ਼ 31 ਫੀਸਦੀ ਰਹਿ ਜਾਂਦੀ ਹੈ। ਅੰਕੜੇ ਦੱਸਦੇ ਹਨ ਕਿ ਦੁਨੀਆ ਭਰ ਵਿੱਚ ਭਗਦੜ ਦੀਆਂ ਘਟਨਾਵਾਂ ਦਾ ਮੁੱਖ ਕਾਰਨ ਸੁਰੱਖਿਆ ਨਾਲ ਸਬੰਧਿਤ ਕਦਮ ਠੋਸ ਤਰੀਕੇ ਨਾਲ ਨਹੀਂ ਚੁੱਕੇ ਜਾਣਾ ਹੈ। ਖੋਜ ’ਚ ਪਾਇਆ ਗਿਆ ਕਿ ਸਾਲ 1900 ਤੋਂ 1999 ਤੱਕ ਹਰ ਸਾਲ ਅਜਿਹੀਆਂ ਤਿੰਨ ਘਟਨਾਵਾਂ ਹੁੰਦੀਆਂ ਸਨ, ਪਰ ਇਸ ਤੋਂ ਬਾਅਦ ਇਨ੍ਹਾਂ ਦੀ ਗਿਣਤੀ ਵਧ ਕੇ 12 ਹੋ ਗਈ। 1902 ਅਤੇ 2000 ਦੇ ਵਿਚਕਾਰ ਦੁਨੀਆ ਭਰ ਦੇ ਵੱਡੇ ਸਟੇਡੀਅਮਾਂ ਵਿੱਚ 23 ਭਗਦੜ ਮੱਚ ਚੁੱਕੀ ਹੈ। ਇਨ੍ਹਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 1380 ਹੈ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਉਨ੍ਹਾਂ ਦੇ ਪ੍ਰਬੰਧਕ ਜੋਖ਼ਮ ਦੇ ਕਾਰਕਾਂ ਵੱਲ ਵਿਸ਼ੇਸ਼ ਧਿਆਨ ਦੇਣ।
ਖੋਜ ’ਚ ਸ਼ਾਮਲ ਆਸਟਰੇਲੀਆ ਦੀ ਯੂਨੀਵਰਸਿਟੀ ਆਫ਼ ਨਿਊ ਸਾਊਥ ਵੇਲਜ਼ ਦੇ ਡਾਕਟਰ ਮਿਲਾਦ ਹੈਗਾਨੀ ਮੁਤਾਬਕ ਪਿਛਲੇ 20 ਸਾਲਾਂ ’ਚ ਭਗਦੜ ’ਚ 8,000 ਤੋਂ ਜ਼ਿਆਦਾ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ 15,000 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਹਨ। ਡਾ. ਹੈਗਾਨੀ ਅਨੁਸਾਰ ਸਮੇਂ ਦੇ ਨਾਲ ਖੇਡ ਮੁਕਾਬਲਿਆਂ ਵਿੱਚ ਹਾਦਸਿਆਂ ਵਿੱਚ ਕਮੀ ਆਈ ਹੈ, ਪਰ ਧਾਰਮਿਕ ਸਮਾਗਮਾਂ ਵਿੱਚ ਇਹ ਵਧੀ ਹੈ। ਪਿਛਲੇ 30 ਸਾਲਾਂ ਵਿੱਚ ਖੇਡ ਮੁਕਾਬਲਿਆਂ ਵਿੱਚ ਸੁਰੱਖਿਆ ਦੇ ਵੱਖਰੇ ਪ੍ਰਬੰਧ ਕੀਤੇ ਜਾਣ ਕਾਰਨ ਇਨ੍ਹਾਂ ਵਿੱਚ ਭਗਦੜ ਘੱਟ ਹੋਈ ਹੈ। ਜਦਕਿ ਟੋਕੀਓ ਯੂਨੀਵਰਸਿਟੀ ਦੇ ਪ੍ਰੋ. ਕਲਾਉਡੀਓ ਫੇਲੀਚਿਆਨੀ ਦੇ ਅਨੁਸਾਰ ਭਾਰਤ ਵਿੱਚ ਭਗਦੜ ਇਸ ਲਈ ਵਾਪਰਦੀ ਹੈ ਕਿਉਂਕਿ ਸ਼ਹਿਰ ਵਿੱਚ ਪਰਵਾਸ ਲਈ ਕੋਈ ਬੁਨਿਆਦੀ ਸਹੂਲਤਾਂ ਨਹੀਂ ਹਨ।
ਰਿਸਰਚ ’ਚ ਦੱਸਿਆ ਗਿਆ ਹੈ ਕਿ ਸਾਲ 2000 ਤੋਂ 2019 ਦਰਮਿਆਨ ਦੁਨੀਆ ’ਚ ਭਗਦੜ ਦੀਆਂ 70 ਫੀਸਦੀ ਘਟਨਾਵਾਂ ਇਕੱਲੇ ਭਾਰਤ ’ਚ ਹੋਈਆਂ ਅਤੇ ਲਗਭਗ ਸਾਰੀਆਂ ਹੀ ਧਾਰਮਿਕ ਘਟਨਾਵਾਂ ਸਨ। ਭਾਰਤ ਵਿੱਚ ਭਗਦੜ ਦੀਆਂ ਜ਼ਿਆਦਾਤਰ ਘਟਨਾਵਾਂ ਨਦੀ, ਤਲਾਬ, ਤਲਾਬ ਜਾਂ ਪਾਣੀ ਦੇ ਕਿਸੇ ਸਰੋਤ ਦੇ ਕੰਢੇ ਵਾਪਰੀਆਂ। ਇਸ ਤੋਂ ਇਲਾਵਾ ਪੁਲਾਂ, ਬੱਸਾਂ ਅਤੇ ਰੇਲਵੇ ਸਟੇਸ਼ਨਾਂ ’ਤੇ ਭਗਦੜ ਦੀਆਂ ਘਟਨਾਵਾਂ ’ਚ ਵੀ ਲੋਕਾਂ ਦੀ ਜਾਨ ਚਲੀ ਗਈ। ਖੋਜ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਸਮੱਸਿਆ ਵਿੱਤੀ ਸਰੋਤਾਂ ਦੀ ਘਾਟ ਪ੍ਰਤੀਤ ਹੁੰਦੀ ਹੈ। ਅਜਿਹਾ ਲੱਗਦਾ ਹੈ ਕਿ ਸਰਕਾਰ ਜਾਣਦੀ ਹੈ ਕਿ ਕੁਝ ਕਰਨਾ ਹੈ, ਪਰ ਉਸ ਕੋਲ ਲੋੜੀਂਦੇ ਸਾਧਨ ਅਤੇ ਤਕਨਾਲੋਜੀ ਨਹੀਂ ਹੈ।
ਭਾਰਤ ਦੇ ਹਰ ਸੂਬੇ ਵਿੱਚ ਭਗਦੜ ਮਚਣ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ। ਕਈ ਵਾਰ ਤਾਂ ਸਿਆਸੀ ਰੈਲੀਆਂ ਜਾਂ ਧਾਰਮਿਕ ਸਮਾਗਮਾਂ ਦੌਰਾਨ ਵੀ ਭਗਦੜ ਪੈ ਜਾਂਦੀ ਹੈ ਜਾਂ ਪ੍ਰਸ਼ਾਦਿ ਲੈਣ ਮੌਕੇ ਜਾਂ ਕਿਸੇ ਅਫ਼ਵਾਹ ਦੇ ਫੈਲਣ ਕਾਰਨ ਵੀ ਮੇਲਿਆਂ ਅਤੇ ਸਮਾਗਮਾਂ ਦੌਰਾਨ ਅਕਸਰ ਭਗਦੜ ਮਚ ਜਾਂਦੀ ਹੈ। ਪੰਜਾਬ ਵਿੱਚ ਤਾਂ ਹਾਲ ਇਹ ਹੈ ਕਿ ਜੇ ਕਿਸੇ ਪਿੰਡ ਵਿੱਚ ਕੋਈ ਵਿਅਕਤੀ ਟਰਾਲੀ ਨੂੰ ‘ਬੈਕ’ ਕਰਦਾ ਹੋਵੇ ਤਾਂ ਵੀ ਉੱਥੇ ਅੱਧਾ ਪਿੰਡ ਇਕੱਠਾ ਹੋ ਜਾਂਦਾ ਹੈ ਅਤੇ ‘ਆਉਣ ਦੇ, ਆਉਣ ਦੇ’ ਉੱਚੀ ਆਵਾਜ਼ ਵਿੱਚ ਕਹਿਣ ਵਾਲਿਆਂ ਦੀ ਗਿਣਤੀ ਬਹੁਤ ਹੁੰਦੀ ਹੈ। ਅਜਿਹੇ ਸਮੇਂ ਜੇ ਟਰੈਕਟਰ ਟਰਾਲੀ ਬੇਕਾਬੂ ਹੋ ਜਾਣ ਜਾਂ ਉਲਟ ਜਾਣ ਤਾਂ ਵੀ ਉੱਥੇ ਇੱਕਦਮ ਭਗਦੜ ਪੈ ਜਾਂਦੀ ਹੈ। ਇਸ ਲਈ ਇਹ ਜ਼ਰੂਰੀ ਨਹੀਂ ਹੈ ਕਿ ਸਿਰਫ਼ ਪ੍ਰਬੰਧਿਤ ਮੇਲਿਆਂ, ਰੈਲੀਆਂ ਅਤੇ ਸਮਾਗਮਾਂ ਵਿੱਚ ਹੀ ਭਗਦੜ ਪੈਂਦੀ ਹੈ। ਕਈ ਵਾਰ ਲੋਕ ਆਪ ਮੁਹਾਰੇ ਵੀ ਇਕੱਠੇ ਹੋ ਜਾਂਦੇ ਹਨ ਅਤੇ ਉੱਥੇ ਅਕਸਰ ਕਿਸੇ ਨਾ ਕਿਸੇ ਕਾਰਨ ਭਗਦੜ ਪੈ ਜਾਂਦੀ ਹੈ। ਕੁਝ ਸਾਲ ਪਹਿਲਾਂ ਪੰਜਾਬ ਦੇ ਇੱਕ ਇਲਾਕੇ ਵਿੱਚ ਇੱਕ ਰੈਲੀ ਦੌਰਾਨ ਉੱਥੇ ਆਵਾਰਾ ਢੱਠਿਆਂ ਦੇ ਆ ਜਾਣ ਕਾਰਨ ਰੈਲੀ ਵਿੱਚ ਭਗਦੜ ਪੈ ਗਈ ਸੀ ਜਿਸ ਕਾਰਨ ਅਨੇਕਾਂ ਲੋਕ ਜ਼ਖ਼ਮੀ ਹੋ ਗਏ ਸਨ। ਇਸ ਲਈ ਭਗਦੜ ਦਾ ਕਾਰਨ ਕੋਈ ਵੀ ਹੋ ਸਕਦਾ ਹੈ। ਭਾਰਤ ਆਬਾਦੀ ਦੇ ਪੱਖ ਤੋਂ ਚੀਨ ਨੂੰ ਪਛਾੜ ਕੇ ਦੁਨੀਆ ਵਿੱਚ ਪਹਿਲੇ ਨੰਬਰ ’ਤੇ ਪਹੁੰਚ ਗਿਆ ਹੈ, ਜਿਸ ਕਾਰਨ ਭਾਰਤ ਵਿੱਚ ਹਰ ਪਾਸੇ ਭੀੜ ਵੇਖਣ ਨੂੰ ਮਿਲਦੀ ਹੈ। ਹਰ ਸ਼ਹਿਰ ਦੇ ਬੱਸ ਅੱਡੇ, ਰੇਲਵੇ ਸਟੇਸ਼ਨ, ਹਸਪਤਾਲ, ਇੱਥੋਂ ਤੱਕ ਕਿ ਅਦਾਲਤੀ ਕੰਪਲੈਕਸਾਂ ਵਿੱਚ ਵੀ ਲੋਕਾਂ ਦੀ ਵੱਡੀ ਭੀੜ ਹਰ ਦਿਨ ਵੇਖਣ ਨੂੰ ਮਿਲਦੀ ਹੈ। ਭਾਰਤ ਵਿੱਚ ਉਨ੍ਹਾਂ ਲੋਕਾਂ ਦੀ ਗਿਣਤੀ ਵੀ ਬਹੁਤ ਹੈ, ਜੋ ਬਿਨਾਂ ਕਿਸੇ ਕਾਰਨ ਇੱਧਰੋਂ ਉੱਧਰ ਤੁਰੇ ਰਹਿੰਦੇ ਹਨ। ਅਕਸਰ ਅਜਿਹੀ ਭੀੜ ਵਿੱਚ ਕੋਈ ਸ਼ਰਾਰਤੀ ਅਨਸਰ ਜੇ ਕੋਈ ਅਫ਼ਵਾਹ ਫੈਲਾ ਦੇਵੇ ਜਾਂ ਕੋਈ ਘਟਨਾ ਵਾਪਰ ਜਾਵੇ ਤਾਂ ਤੁਰੰਤ ਭਗਦੜ ਪੈਣ ਦਾ ਖ਼ਦਸ਼ਾ ਪੈਦਾ ਹੋ ਜਾਂਦਾ ਹੈ।
ਵੇਖਣ ਵਿੱਚ ਆਇਆ ਹੈ ਕਿ ਰੈਲੀਆਂ, ਮੇਲਿਆਂ, ਧਾਰਮਿਕ ਸਮਾਗਮਾਂ ਅਤੇ ਸੱਭਿਆਚਾਰਕ ਸਮਾਗਮਾਂ ਦੌਰਾਨ ਪ੍ਰਸ਼ਾਸਨ ਦੀਆਂ ਸਭ ਤੋਂ ਵਧੀਆ ਤਿਆਰੀਆਂ ਦੇ ਬਾਵਜੂਦ ਬਹੁਤ ਜ਼ਿਆਦਾ ਭੀੜ, ਨਿਕਾਸੀ ਰੂਟਾਂ ਦੀ ਘਾਟ ਅਤੇ ਅਸੰਗਠਿਤ ਪ੍ਰਬੰਧਨ ਕਾਰਨ ਭਗਦੜ ਪੈਣ ਵਰਗੇ ਦੁਖਾਂਤ ਵਾਪਰ ਜਾਂਦੇ ਹਨ। ਤਾਮਿਲ ਨਾਡੂ ਦੀ ਘਟਨਾ ਕੋਈ ਅਪਵਾਦ ਨਹੀਂ ਹੈ, ਸਗੋਂ ਹਾਲ ਹੀ ਦੇ ਸਾਲਾਂ ਵਿੱਚ ਦੁਨੀਆ ਭਰ ਵਿੱਚ ਰਿਪੋਰਟ ਕੀਤੀਆਂ ਗਈਆਂ ਘਟਨਾਵਾਂ ਦੀ ਇੱਕ ਲੜੀ ਵਿੱਚ ਤਾਜ਼ਾ ਹੈ ਜਿੱਥੇ ਭੀੜ ਕੰਟਰੋਲ ਵਿੱਚ ਕਮੀਆਂ ਦੇ ਗੰਭੀਰ ਨਤੀਜੇ ਨਿਕਲੇ ਹਨ। ਧਾਰਮਿਕ ਸਮਾਗਮਾਂ ਤੋਂ ਇਲਾਵਾ, ਖੇਡ ਸਮਾਗਮ, ਰਾਜਨੀਤਕ ਰੈਲੀਆਂ ਅਤੇ ਸੱਭਿਆਚਾਰਕ ਤਿਉਹਾਰ ਲੱਖਾਂ ਲੋਕਾਂ ਨੂੰ ਆਕਰਸ਼ਿਤ ਕਰਦੇ ਹਨ, ਜਿੱਥੇ ਭੀੜ ਕੰਟਰੋਲ ਕਰਨ ਵਿੱਚ ਛੋਟੀਆਂ-ਮੋਟੀਆਂ ਗ਼ਲਤੀਆਂ ਵੀ ਭਿਆਨਕ ਆਫ਼ਤਾਂ ਵਿੱਚ ਬਦਲ ਸਕਦੀਆਂ ਹਨ।
ਵਿਸ਼ਵ ਦੇ ਵੱਖ-ਵੱਖ ਵਿਕਸਤ ਦੇਸ਼ਾਂ ਵਿੱਚ ਜਦੋਂ ਵੀ ਕੋਈ ਵੱਡੇ ਸਮਾਗਮ ਕਰਵਾਏ ਜਾਂਦੇ ਹਨ ਤਾਂ ਉੱਥੇ ਉੱਚ ਤਕਨੀਕ ਵਾਲੀਆਂ ਆਧੁਨਿਕ ਤਕਨਾਲੋਜੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਜਪਾਨ ਵਰਗੇ ਦੇਸ਼ਾਂ ਨੇ ਵੱਡੀ ਭੀੜ ਨੂੰ ਕੰਟਰੋਲ ਕਰਨ ਲਈ ਰੇਲਵੇ ਸਟੇਸ਼ਨਾਂ ਅਤੇ ਜਨਤਕ ਸਥਾਨਾਂ ’ਤੇ ਸਵੈਚਾਲਿਤ ਪ੍ਰਵੇਸ਼ ਅਤੇ ਨਿਕਾਸ ਪ੍ਰਣਾਲੀਆਂ ਸਥਾਪਿਤ ਕੀਤੀਆਂ ਹਨ। ਸੰਯੁਕਤ ਰਾਜ ਅਮਰੀਕਾ ਅਤੇ ਯੂਰਪੀਅਨ ਦੇਸ਼ਾਂ ਵਿੱਚ ਸਟੇਡੀਅਮਾਂ, ਹਵਾਈ ਅੱਡਿਆਂ ਅਤੇ ਧਾਰਮਿਕ ਸਥਾਨਾਂ ’ਤੇ ਭੀੜ ਨੂੰ ਕੰਟਰੋਲ ਕਰਨ ਲਈ ਏ.ਆਈ. ਆਧਾਰਿਤ ਕੈਮਰੇ, ਐਮਰਜੈਂਸੀ ਚਿਤਾਵਨੀ ਪ੍ਰਣਾਲੀਆਂ ਅਤੇ ਸਿਖਲਾਈ ਪ੍ਰਾਪਤ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਂਦੇ ਹਨ।
ਦੂਜੇ ਪਾਸੇ ਭਾਰਤ ਵਿੱਚ ਕਰਵਾਏ ਜਾਂਦੇ ਵੱਡੇ ਸਮਾਗਮਾਂ, ਰੈਲੀਆਂ ਅਤੇ ਹੋਰ ਸਮਾਗਮਾਂ ਦੌਰਾਨ ਅਕਸਰ ਕਈ ਘਾਟਾਂ ਵੇਖਣ ਵਿੱਚ ਆਉਂਦੀਆਂ ਹਨ। ਜਿਹੜੀ ਵੀ ਸੰਸਥਾ ਜਾਂ ਪਾਰਟੀ ਰੈਲੀ ਜਾਂ ਹੋਰ ਸਮਾਗਮ ਕਰਵਾਉਂਦੀ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਉੱਥੇ ਇਕੱਤਰ ਹੋਣ ਵਾਲੀ ਭੀੜ ਨੂੰ ਕੰਟਰੋਲ ਕਰਨ ਦੇ ਪੁਖ਼ਤਾ ਇੰਤਜ਼ਾਮ ਕਰਨੇ ਚਾਹੀਦੇ ਹਨ, ਪਰ ਵੇਖਣ ਵਿੱਚ ਆਉਂਦਾ ਹੈ ਕਿ ਇਨ੍ਹਾਂ ਸਮਾਗਮਾਂ ਦੌਰਾਨ ਭੀੜ ਲਈ ਨਿਕਾਸੀ ਰਸਤੇ ਘੱਟ ਰੱਖੇ ਜਾਂਦੇ ਹਨ, ਜਿਸ ਕਾਰਨ ਅਕਸਰ ਭਗਦੜ ਪੈ ਜਾਂਦੀ ਹੈ। ਇਸ ਤੋਂ ਇਲਾਵਾ ਭਾਰਤ ਵਿੱਚ ਵੱਡੇ ਸਮਾਗਮਾਂ ਦੌਰਾਨ ਦਿਸ਼ਾ-ਨਿਰਦੇਸ਼ ਦੇਣ ਅਤੇ ਅਫ਼ਵਾਹਾਂ ਨਾਲ ਨਜਿੱਠਣ ਲਈ ਇੱਕ ਮਜ਼ਬੂਤ ਵਿਧੀ ਦੀ ਘਾਟ ਹੈ। ਧਾਰਮਿਕ ਅਤੇ ਰਾਜਨੀਤਕ ਸਮਾਗਮਾਂ ਵਿੱਚ ਅਨੁਸ਼ਾਸਨਹੀਣਤਾ ਵਧਣ ’ਤੇ ਪੁਲੀਸ ਨੂੰ ਭੀੜ ਨੂੰ ਕੰਟਰੋਲ ਕਰਨ ਵਿੱਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਰਤ ਵਿੱਚ ਵੱਡੇ ਸਮਾਗਮਾਂ ਦੌਰਾਨ ਭੀੜ ਨੂੰ ਕੰਟਰੋਲ ਕਰਨ ਦੇ ਪ੍ਰਬੰਧ ਅਕਸਰ ਅਧੂਰੇ ਪੈ ਜਾਂਦੇ ਹਨ ਅਤੇ ਭੀੜ ਬੇਕਾਬੂ ਹੋ ਜਾਂਦੀ ਹੈ। ਇਸ ਤੋਂ ਇਲਾਵਾ ਐਮਰਜੈਂਸੀ ਸਥਿਤੀਆਂ ਵਿੱਚ ਤੁਰੰਤ ਡਾਕਟਰੀ ਸਹਾਇਤਾ ਦੀ ਘਾਟ ਜ਼ਖ਼ਮੀਆਂ ਦੀ ਗਿਣਤੀ ਵਿੱਚ ਵਾਧਾ ਕਰਦੀ ਹੈ।
ਚਾਹੀਦਾ ਤਾਂ ਇਹ ਹੈ ਕਿ ਭਾਰਤ ਵਿੱਚ ਕਰਵਾਏ ਜਾਂਦੇ ਵੱਡੇ ਸਮਾਗਮਾਂ ਅਤੇ ਰੈਲੀਆਂ ਦੌਰਾਨ ਭੀੜ ਨੂੰ ਪੂਰੀ ਤਰ੍ਹਾਂ ਕੰਟਰੋਲ ਵਿੱਚ ਰੱਖਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ ਅਤੇ ਉੱਚ ਤਕਨੀਕ ਵਾਲੀ ਨਵੀਂ ਟੈਕਨਾਲੌਜੀ ਦੀ ਵਰਤੋ ਕੀਤੀ ਜਾਵੇ। ਇਸ ਤੋਂ ਇਲਾਵਾ ਭੀੜ ਦੇ ਨਿਕਾਸੀ ਰਸਤਿਆਂ ਭਾਵ ਵਾਪਸ ਜਾਣ ਦੇ ਰਸਤਿਆਂ ਦੀ ਗਿਣਤੀ ਵਧਾਈ ਜਾਵੇ, ਐਮਰਜੈਂਸੀ ਸਹੂਲਤਾਂ ਹਰ ਸਮੇਂ ਮੌਜੂਦ ਰੱਖੀਆਂ ਜਾਣ, ਇਕੱਤਰ ਲੋਕਾਂ ਨੂੰ ਅਫ਼ਵਾਹਾਂ ਤੋਂ ਸੁਚੇਤ ਕੀਤਾ ਜਾਵੇ। ਸਮਾਗਮਾਂ ਤੇ ਰੈਲੀਆਂ ਦੌਰਾਨ ਕੀਤੇ ਜਾਣ ਵਾਲੇ ਲੋੜੀਂਦੇ ਅਤੇ ਜ਼ਰੂਰੀ ਪ੍ਰਬੰਧਾਂ ਕਾਰਨ ਭਗਦੜ ਪੈਣ ਵਰਗੇ ਦੁਖਾਂਤ ਤੋਂ ਬਚਿਆ ਜਾ ਸਕਦਾ ਹੈ।
ਸੰਪਰਕ: 94638-19174

