ਸਟਾਫ਼ ਅਫ਼ਸਰ ਦੀਆਂ ਦੁਸ਼ਵਾਰੀਆਂ

ਸਟਾਫ਼ ਅਫ਼ਸਰ ਦੀਆਂ ਦੁਸ਼ਵਾਰੀਆਂ

ਗੁਰਬਚਨ ਜਗਤ*

ਜੀਵਨ ਅਨੁਭਵ

ਰਤਾਨਵੀ ਫ਼ੌਜ ਨਾਲ ਸਬੰਧਤ ਇਕ ਦਰਜਾਬੰਦੀ ਇੰਝ ਬਿਆਨ ਕੀਤੀ ਜਾਂਦੀ ਹੈ:

ਸੁਸਤ ਪਰ ਸਮਝਦਾਰ ਅਫ਼ਸਰ - ਹਾਈ ਕਮਾਂਡ ਵਜੋਂ ਢੁਕਵਾਂ; ਸਮਝਦਾਰ ਤੇ ਮਿਹਨਤੀ ਅਫ਼ਸਰ - ਐਨ ਆਦਰਸ਼ ਸਟਾਫ਼ ਅਫ਼ਸਰ; ਮੂਰਖ ਅਤੇ ਮਿਹਨਤੀ ਅਫ਼ਸਰ - ਸੰਸਥਾ ਲਈ ਖ਼ਤਰਾ... ਉਸ ਤੋਂ ਛੁਟਕਾਰਾ ਪਾ ਲਵੋ। ਕਿਸੇ ਵੀ ਹੋਰ ਦਰਜਾਬੰਦੀ ਵਾਂਗ ਹੀ ਇਹ ਵੀ ਹਮੇਸ਼ਾ ਸਹੀ ਸਾਬਤ ਨਹੀਂ ਹੁੰਦੀ ਅਤੇ ਇਸ ਕਾਰਨ ਅਫ਼ਸਰ ਵਾਰ-ਵਾਰ ਨਵੀਆਂ ਦਰਜਾਬੰਦੀਆਂ ਬਣਾਉਂਦੇ ਰਹਿੰਦੇ ਹਨ।

ਮੈਂ 1977-78 ਦੌਰਾਨ ਥੋੜ੍ਹਾ ਜਿਹਾ ਸਮਾਂ ਪੁਲੀਸ ਸਕੱਤਰੇਤ ਵਿਚ ਕੰਮ ਕੀਤਾ ਅਤੇ ਫਿਰ 1982-97 ਦੌਰਾਨ ਲੰਬਾ ਸਮਾਂ ਉੱਥੇ ਤਾਇਨਾਤ ਰਿਹਾ (ਇਸ ਦੌਰਾਨ ਮੈਨੂੰ ਪੰਜਾਬ ਪੁਲੀਸ ਹਾਊਸਿੰਗ ਕਾਰਪੋਰੇਸ਼ਨ ਦਾ ਪਹਿਲਾ ਮੈਨੇਜਿੰਗ ਡਾਇਰੈਕਟਰ ਵੀ ਲਾਇਆ ਗਿਆ)। ਸਕੱਤਰੇਤ ਵਿਚ ਲੰਬੇ ਸਮੇਂ ਵਾਲੀ ਤਾਇਨਾਤੀ ਦੌਰਾਨ ਮੈਨੂੰ ਸੀਆਈਡੀ ਅਤੇ ਪ੍ਰਸ਼ਾਸਕੀ ਵਿੰਗ ਵਿਚ ਵੱਖ-ਵੱਖ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਅਤੇ ਮੈਂ ਉੱਥੇ ਆਪਣੇ ਸੇਵਾ ਕਾਲ ਦਾ ਅੰਤ ਦੋਵਾਂ ਪ੍ਰਸ਼ਾਸਨ ਵਿਭਾਗ ਅਤੇ ਸੀਆਈਡੀ ਦੇ ਮੁਖੀ ਵਜੋਂ ਸੇਵਾ ਨਿਭਾਉਂਦਿਆਂ ਕੀਤਾ ਜਿਸ ਦੇ ਸਿੱਟੇ ਵਜੋਂ ਕੁਝ ਮੁਸ਼ਕਿਲ ਹਾਲਾਤ ਵੀ ਪੈਦਾ ਹੋਏ। 1977 ਵਿਚ ਸਰਕਾਰ ਬਦਲ ਗਈ ਤਾਂ ਸਾਨੂੰ ਨਵਾਂ ਆਈਜੀਪੀ ਅਤੇ ਨਵਾਂ ਡੀਆਈਜੀ/ਸੀਆਈਡੀ ਮਿਲਿਆ (ਉਸ ਸਮੇਂ ਡੀਜੀਪੀਜ਼ ਅਤੇ ਐਡੀਸ਼ਨਲ ਡੀਜੀਪੀਜ਼ ਨਹੀਂ ਸਨ ਹੁੰਦੇ)। ਡੀਆਈਜੀ/ਸੀਆਈਡੀ ਵਜੋਂ ਆਇਆ ਨਵਾਂ ਅਫ਼ਸਰ ਮੂਲ ਰੂਪ ਵਿਚ ਫੀਲਡ ’ਚ ਕੰਮ ਕਰਨ ਵਾਲਾ ਸੀ ਜਿਸ ਨੂੰ ਦਫ਼ਤਰੀ ਜ਼ਿੰਮੇਵਾਰੀਆਂ ਪਸੰਦ ਨਹੀਂ ਸਨ। ਜਿੱਥੋਂ ਤੱਕ ਮੈਨੂੰ ਪਤਾ ਹੈ, ਉਸ ਨੇ ਇਸ ਤੋਂ ਪਹਿਲਾਂ ਆਪਣੀ ਨੌਕਰੀ ਦੌਰਾਨ ਕਦੇ ਵੀ ਕਿਸੇ ਸਮਰੱਥਾ ’ਚ ਸੀਆਈਡੀ ਵਿਚ ਕੰਮ ਨਹੀਂ ਸੀ ਕੀਤਾ। ਇਸ ਕਾਰਨ ਉਹ ਆਪਣੀ ਇਸ ਤਾਇਨਾਤੀ ਤੋਂ ਬਹੁਤ ਨਾਖ਼ੁਸ਼ ਸੀ ਅਤੇ ਉਸ ਨੇ ਇਹ ਗੱਲ ਹਰ ਕਿਸੇ ਨੂੰ ਸਾਫ਼ ਕਹਿ ਵੀ ਦਿੱਤੀ, ਪਰ ਇਸ ਦੇ ਬਾਵਜੂਦ ਆਈਜੀਪੀ ਅਤੇ ਮੁੱਖ ਮੰਤਰੀ ਦੇ ਅੜੇ ਰਹਿਣ ਕਾਰਨ ਉਸ ਨੂੰ ਡਿਊਟੀ ਸੰਭਾਲਣੀ ਪਈ। ਮੈਨੂੰ ਸ਼ੱਕ ਸੀ ਕਿ ਆਈਜੀ ਨਹੀਂ ਸੀ ਚਾਹੁੰਦਾ ਕਿ ਡੀਆਈਜੀ/ਸੀਆਈਡੀ ਵਜੋਂ ਕੋਈ ਤਾਇਨਾਤ ਹੋਵੇ ਜੋ ਤਾਕਤ ਦਾ ਬਰੋ-ਬਰਾਬਰ ਕੇਂਦਰ ਬਣ ਸਕੇ। ਡੀਆਈਜੀ/ਸੀਆਈਡੀ ਅਜਿਹਾ ਕੇਂਦਰ ਬਣ ਸਕਦਾ ਸੀ ਅਤੇ ਪਹਿਲਾਂ ਕਈ ਬਣੇ ਵੀ ਸਨ, ਕਿਉਂਕਿ ਮੁੱਖ ਮੰਤਰੀ ਹਮੇਸ਼ਾ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਖ਼ੁਫ਼ੀਆ ਵਿਭਾਗ ਦੀਆਂ ਸੂਚਨਾਵਾਂ ਸਿੱਧੀਆਂ ਮਿਲਣ।

ਉਸ ਵੇਲ਼ੇ ਮੈਂ ਇਕ ਤਰ੍ਹਾਂ ਡੀਆਈਜੀ/ਸੀਆਈਡੀ ਦੇ ਸਟਾਫ਼ ਅਫ਼ਸਰ ਵਜੋਂ ਕੰਮ ਕਰ ਰਿਹਾ ਸਾਂ, ਪਰ ਅਹੁਦੇ ਦਾ ਨਾਂ ਕੁਝ ਹੋਰ ਸੀ। ਮੈਂ ਇਸ ਅਫ਼ਸਰ ਨਾਲ ਪਹਿਲਾਂ ਕਦੇ ਕੰਮ ਨਹੀਂ ਸੀ ਕੀਤਾ ਜਦੋਂਕਿ ਆਪਣੇ ਅਫ਼ਸਰ ਨਾਲ ਸਫ਼ਲ ਰਿਸ਼ਤਾ ਬਣਾਉਣ ਲਈ ਉਸ ਦੀ ਸ਼ਖ਼ਸੀਅਤ ਤੇ ਕੰਮ-ਕਾਜੀ ਆਦਤਾਂ ਨੂੰ ਚੰਗੀ ਤਰ੍ਹਾਂ ਜਾਨਣਾ ਜ਼ਰੂਰੀ ਹੁੰਦਾ ਹੈ। ਮੇਰਾ ਪਿਛਲਾ ਅਫ਼ਸਰ ‘ਬਹੁਤ ਹੀ ਵਧੀਆ’ ਅਫ਼ਸਰ ਸੀ ਅਤੇ ਉਸ ਨਾਲ ਕੰਮ ਕਰਨਾ ਰੋਜ਼ਾਨਾ ਸਿੱਖਣ ਵਾਲਾ ਤਜਰਬਾ ਹੁੰਦਾ ਸੀ। ਜੋ ਵੀ ਹੋਵੇ, ਪਿਛਲੇ ਅਫ਼ਸਰ ਨੇ ਮੈਨੂੰ ਆਖਿਆ ਹੋਇਆ ਸੀ ਕਿ ਉਸ ਦੀ ਫ਼ੌਰੀ ਗ਼ੌਰ ਦੀ ਮੰਗ ਕਰਦੀਆਂ ਫਾਈਲਾਂ ਸਵੇਰ ਵੇਲੇ ਉਸ ਨੂੰ ਪੇਸ਼ ਕੀਤੀਆਂ ਜਾਣ ਅਤੇ ਰੁਟੀਨ ਫਾਈਲਾਂ ਛੱਡ ਦਿੱਤੀਆਂ ਜਾਣ ਜਿਨ੍ਹਾਂ ਨੂੰ ਉਹ ਬਾਅਦ ਵਿਚ ਦੇਖ ਸਕੇ। ਮੈਂ ਆਪਣੇ ਨਵੇਂ ਬੌਸ ਨਾਲ ਵੀ ਇਸੇ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਅਹਿਮ ਫ਼ਾਈਲਾਂ ਉਸ ਅੱਗੇ ਪੇਸ਼ ਕੀਤੀਆਂ। ਉਸ ਨੇ ਮੇਰੇ ਵੱਲ ਦੇਖਿਆ ਤੇ ਉਨ੍ਹਾਂ ਨੂੰ ਉੱਥੇ ਹੀ ਮੇਜ਼ ਉੱਤੇ ਛੱਡ ਜਾਣ ਲਈ ਕਿਹਾ। ਫਾਈਲਾਂ ਨੂੰ ਨਿੱਜੀ ਤੌਰ ’ਤੇ ਕਲੀਅਰ ਕਰਾਉਣ ਦੀਆਂ ਮੇਰੀਆਂ ਕੁਝ ਹੋਰ ਕੋਸ਼ਿਸ਼ਾਂ ਵੀ ਨਾਕਾਮ ਰਹੀਆਂ ਤਾਂ ਮੈਂ ਹਾਰ ਮੰਨ ਲਈ ਅਤੇ ਉਸ ਕੋਲ ਫਾਈਲਾਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ, ਪਰ ਫਾਈਲਾਂ ਵਾਪਸ ਨਾ ਆਈਆਂ। ਫੇਰ ਮੈਂ ਇਕ ਪੁਰਾਣੇ ਅਫ਼ਸਰ ਨਾਲ ਗੱਲ ਕੀਤੀ ਜਿਹੜਾ ਉਸ ਨਾਲ ਕੰਮ ਕਰ ਚੁੱਕਾ ਸੀ। ਉਸ ਨੇ ਮੈਨੂੰ ਪੁੱਛਿਆ ਕਿ ਜਦੋਂ ਮੈਂ ਡੀਆਈਜੀ ਦੇ ਕਮਰੇ ਵਿਚ ਗਿਆ ਤਾਂ ਉਹ ਕੀ ਕਰ ਰਿਹਾ ਸੀ - ਮੈਂ ਕਿਹਾ ‘ਕੁਝ ਵੀ ਨਹੀਂ’। ਉਸ ਨੇ ਸਲਾਹ ਦਿੱਤੀ ਕਿ ਇਹ ਡੀਆਈਜੀ ਸਵੇਰੇ ਕੰਮ ਕਰਨ ਵਾਲਾ ਅਫ਼ਸਰ ਨਹੀਂ ਹੈ। ਨਾਲ ਹੀ ਇਹ ਵੀ ਦੱਸਿਆ ਕਿ ਮੈਂ ਉਸ ਕੋਲ ਸਾਰੀਆਂ ਫਾਈਲਾਂ ਬਾਅਦ ਦੁਪਹਿਰ ਲਿਜਾਵਾਂ ਤਾਂ ਉਹ ਫ਼ੌਰੀ ਤੌਰ ’ਤੇ ਨਿਪਟਾ ਦਿੱਤੀਆਂ ਜਾਣਗੀਆਂ - ਅਤੇ ਇਹ ਸਲਾਹ ਕਾਰਗਰ ਸਾਬਿਤ ਹੋਈ। ਇਸ ਨਾਲ ਮੇਰਾ ਹੌਸਲਾ ਰਤਾ ਵਧ ਗਿਆ ਅਤੇ ਮੈਂ ਉਸ ਨੂੰ ਚੇਤੇ ਕਰਾਇਆ ਕਿ ਉਹ ਮੁੱਖ ਮੰਤਰੀ ਨੂੰ ਨਹੀਂ ਸੀ ਮਿਲਿਆ ਅਤੇ ਅਸਲ ਵਿਚ ਉਸ ਤੋਂ ਤਵੱਕੋ ਕੀਤੀ ਜਾਂਦੀ ਸੀ ਕਿ ਉਹ ਰੋਜ਼ਾਨਾ ਮੁੱਖ ਮੰਤਰੀ ਨੂੰ ਮਿਲੇ। ਉਸ ਨੇ ਮੇਰਾ ਸੁਝਾਅ ਰੱਦ ਕਰ ਦਿੱਤਾ ਅਤੇ ਮੈਨੂੰ ਕਿਹਾ ਕਿ ਮੈਂ ਜਾ ਕੇ ਮੁੱਖ ਮੰਤਰੀ ਨੂੰ ਮਿਲ ਸਕਦਾ ਸਾਂ। ਮੈਂ ਵੀ ਨਿਮਰਤਾ ਸਹਿਤ ਨਾਂਹ ਕਰ ਦਿੱਤੀ। ਫਿਰ ਉਸ ਨੇ ਚੰਡੀਗੜ੍ਹ ਯੂਨਿਟ ਵਿਚ ਤਾਇਨਾਤ ਡੀਐੱਸਪੀ/ਸੀਆਈਡੀ ਨੂੰ ਸੱਦਿਆ ਅਤੇ ਹੁਕਮ ਦਿੱਤਾ ਕਿ ਉਹ ਮੁੱਖ ਮੰਤਰੀ ਕੋਲ ਜਾਵੇ ਤੇ ਉਸ ਨੂੰ ਇੰਟੈਲੀਜੈਂਸ ਜਾਣਕਾਰੀਆਂ ਦੇਣ ਦਾ ਕੰਮ ਕਰੇ। ਇਹ ਵੀ ਇੰਝ ਹੀ ਹੋ ਗਿਆ ਅਤੇ ਮੁੱਖ ਮੰਤਰੀ ਨੇ ਹਾਲਾਤ ਨੂੰ ਮਨਜ਼ੂਰ ਕਰ ਲਿਆ!!

ਹੁਣ ਮੈਂ ਸਮਾਪਤੀ ਵੱਲ ਆਉਂਦਾ ਹਾਂ - ਡੀਆਈਜੀ ਅਤੇ ਆਈਜੀ ਦੀ ਆਪਸੀ ਗੱਲਬਾਤ ਨਾਂਮਾਤਰ ਹੀ ਹੁੰਦੀ ਸੀ ਅਤੇ ਆਮ ਕਰਕੇ ਮੈਂ ਹੀ ਉਨ੍ਹਾਂ ਵਿਚਕਾਰ ਸੰਪਰਕ ਦੀ ਕੜੀ ਸਾਂ। ਸੀਆਈਡੀ ਵਿਚ ਅਸੀਂ ਸੂਬੇ ਦੀ ਅਪਰਾਧਕ ਹਾਲਤ ਬਾਰੇ ਸਰਕਾਰ ਨੂੰ ਮੁਲਾਂਕਣ ਪੇਸ਼ ਕਰਦੇ ਸਾਂ। ਹਰੇਕ ਜ਼ਿਲ੍ਹੇ ਦਾ ਪੁਲੀਸ ਕਪਤਾਨ (ਐਸਪੀ) ਆਪਣੇ ਜ਼ਿਲ੍ਹੇ ਦੀ ਇਕ ਮਾਸਕ ਪੁਲੀਸ ਡਾਇਰੀ ਤਿਆਰ ਕਰਦਾ ਸੀ ਜਿਸ ਲਈ ਇਕ ਮਿੱਥਿਆ ਫਾਰਮੈਟ ਹੁੰਦਾ ਸੀ। ਇਹ ਡਾਇਰੀ ਐੱਸ.ਪੀ. ਕ੍ਰਾਈਮ ਸੀਆਈਡੀ ਨੂੰ ਭੇਜੀ ਜਾਂਦੀ ਸੀ। ਫਿਰ ਇਨ੍ਹਾਂ ਦਾ ਵਿਸ਼ਲੇਸ਼ਣ ਹੁੰਦਾ ਅਤੇ ਵਿਸ਼ਲੇਸ਼ਣ ਸਮੇਤ ਇਸ ਡਾਇਰੀ ਨੂੰ ਡੀਆਈਜੀ/ਸੀਆਈਡੀ ਅੱਗੇ ਪੇਸ਼ ਕੀਤਾ ਜਾਂਦਾ। ਜਦੋਂ ਪਹਿਲੀ ਡਾਇਰੀ ਡੀਆਈਜੀ ਕੋਲ ਪੁੱਜੀ ਤਾਂ ਉਸ ਨੇ ਮੈਨੂੰ ਸੱਦਿਆ ਅਤੇ ਪੁੱਛਿਆ ਕਿ ਇਹ ਡਾਇਰੀ ਉਸ ਨੂੰ ਕਿਉਂ ਭੇਜੀ ਗਈ ਸੀ - ਮੈਂ ਦੱਸਿਆ ਕਿ ਉਸ ਉੱਤੇ ਉਨ੍ਹਾਂ ਦੀ ਟਿੱਪਣੀ ਦੀ ਲੋੜ ਸੀ ਜਿਸ ਪਿੱਛੋਂ ਇਸ ਨੂੰ ਆਈਜੀ ਕੋਲ ਭੇਜਿਆ ਜਾਵੇਗਾ ਤੇ ਫਿਰ ਇਹ ਸਰਕਾਰ ਨੂੰ ਭੇਜੀ ਜਾਵੇਗੀ। ਉਸ ਨੇ ਮੈਨੂੰ ਉਹ ਡਾਇਰੀ ਵਾਪਸ ਲੈ ਜਾਣ ਅਤੇ ਇਕ ਵੱਖਰੀ ਸ਼ੀਟ ਉੱਤੇ ਨੋਟ ਬਣਾ ਕੇ ਮਨਜ਼ੂਰੀ ਲਈ ਪੇਸ਼ ਕਰਨ ਦੀ ਹਦਾਇਤ ਦਿੱਤੀ। ਉਸ ਮੈਨੂੰ ਇਹ ਹਦਾਇਤ ਵੀ ਦਿੱਤੀ ਕਿ ਮੈਂ ਸੂਬੇ ਦੀ ਅਪਰਾਧ ਹਾਲਤ ਦੀ ਕੋਈ ਲਿਸ਼ਕ-ਪੁਸ਼ਕ ਨਾ ਕਰਾਂ ਅਤੇ ਆਲੋਚਨਾਤਮਕ ਰਵੱਈਆ ਅਪਣਾਵਾਂ। ਇਸ ਪਿੱਛੋਂ ਮੈਂ ਉਸ ਦੇ ਕਮਰੇ ਤੋਂ ਬਾਹਰ ਆਇਆ ਅਤੇ ਆਪਣੇ ਦਿਮਾਗ਼ ਨੂੰ ਝੰਜੋੜਿਆ ਅਤੇ ਜਿੰਨਾ ਸੰਭਵ ਹੋ ਸਕੇ ਵਿਹਾਰਕ ਬਣਨ ਦੀ ਕੋਸ਼ਿਸ਼ ਕੀਤੀ। ਮੈਂ ਉਸ ਨੂੰ ਨੋਟ ਬਣਾ ਕੇ ਭੇਜ ਦਿੱਤਾ ਅਤੇ ਉਸ ਨੇ ਆਪਣੀ ਟਿੱਪਣੀ ਫਾਈਲ ਉੱਤੇ ਦਰਜ ਕਰ ਦਿੱਤੀ।

ਮੈਨੂੰ ਸੁਖ ਦਾ ਸਾਹ ਆਇਆ, ਪਰ ਇਹ ਰਾਹਤ ਥੁੜ੍ਹ-ਚਿਰੀ ਹੀ ਨਿਕਲੀ। ਕੁਝ ਘੰਟਿਆਂ ਬਾਅਦ ਹੀ ਮੈਨੂੰ ਆਈਜੀਪੀ ਨੇ ਸੱਦਿਆ। ਹਾਲੇ ਉਨ੍ਹਾਂ ਦੇ ਕਮਰੇ ਦਾ ਬੂਹਾ ਪੂਰੀ ਤਰ੍ਹਾਂ ਬੰਦ ਵੀ ਨਹੀਂ ਸੀ ਹੋਇਆ ਕਿ ਉਹ ਖੜ੍ਹੇ ਹੋਏ ਤੇ ਫਾਈਲ ਮੇਰੇ ਮੂੰਹ ’ਤੇ ਵਗਾਹ ਮਾਰੀ ਅਤੇ ਪੁੱਛਿਆ ਕਿ ਸੀਆਈਡੀ ਵਿਚ ਇਹ ਕੀ ਕੜ੍ਹੀ ਘੁਲ਼ ਰਹੀ ਹੈ। ਮੈਂ ਬਿਲਕੁਲ ਬੇਕਸੂਰ ਤੇ ਅਣਜਾਣ ਸਾਂ। ਆਖ਼ਰ ਉਨ੍ਹਾਂ ਮੈਨੂੰ ਬੈਠਣ ਤੇ ਉਹ ਪੜ੍ਹ ਕੇ ਸੁਣਾਉਣ ਲਈ ਆਖਿਆ, ਜੋ ਮੇਰੇ ਡੀਆਈਜੀ ਨੇ ਲਿਖ ਕੇ ਭੇਜਿਆ ਸੀ। ਆਈਜੀਪੀ ਜਲਦੀ ਗੁੱਸੇ ਵਿਚ ਆ ਜਾਣ ਵਾਲੇ ਵਿਅਕਤੀ ਸਨ ਤੇ ਮੈਂ ਚੁੱਪ ਰਿਹਾ। ਉਨ੍ਹਾਂ ਮੈਨੂੰ ਫਾਈਲ ਆਪਣੇ ਕਮਰੇ ਵਿਚ ਲਿਜਾਣ ਲਈ ਆਖਿਆ ਅਤੇ ਕਿਹਾ ਕਿ ਮੈਂ ਉਨ੍ਹਾਂ (ਆਈਜੀ) ਵੱਲੋਂ ਇਕ ਨੋਟ ਤਿਆਰ ਕਰਾਂ ਜਿਸ ਵਿਚ ਡੀਆਈਜੀ ਦੇ ਨੋਟ ਦਾ ਨੁਕਤਾ ਦਰ ਨੁਕਤਾ ਜਵਾਬ ਦੇ ਕੇ ਉਸ ਨੂੰ ਰੱਦ ਕੀਤਾ ਜਾਵੇ। ਮੈਂ ਕਾਹਲ ਨਾਲ ਆਈਜੀਪੀ ਦੇ ਕਮਰੇ ਤੋਂ ਬਾਹਰ ਨਿਕਲਿਆ। ਆਪਣੇ ਕਮਰੇ ਵਿਚ ਪਹੁੰਚ ਕੇ ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਹੱਸਾਂ ਜਾਂ ਰੋਵਾਂ? ਫਿਰ ਮੈਂ ਬੈਠ ਕੇ ਨੋਟ ਲਿਖਣ ਲੱਗਾ ਅਤੇ ਜਿੰਨਾ ਬਿਹਤਰ ਲਿਖ ਸਕਦਾ ਸਾਂ ਲਿਖਿਆ ਤਾਂ ਕਿ ਆਈਜੀ ਦੀ ਤਸੱਲੀ ਹੋ ਜਾਵੇ। ਇਹ ਮਨਜ਼ੂਰ ਹੋ ਗਿਆ ਅਤੇ ਆਈਜੀ ਨੇ ਇਸ ਨੂੰ ਫਾਈਲ ਉੱਤੇ ਦਰਜ ਕੀਤਾ ਤੇ ਫਾਈਲ ਅਗਾਂਹ ਸਰਕਾਰ ਕੋਲ ਭੇਜ ਦਿੱਤੀ ਗਈ। ਖ਼ੁਸ਼ਕਿਸਮਤੀ ਨਾਲ ਇਸ ’ਤੇ ਕੋਈ ਜਵਾਬਤਲਬੀ ਨਾ ਹੋਈ, ਪਰ ਇਸ ਤੋਂ ਬਾਅਦ ਮੈਂ ਆਪਣੇ ਨੋਟ ਲਿਖਣ ਸਬੰਧੀ ਚੌਕਸ ਹੋ ਗਿਆ।

ਡੀਆਈਜੀ ਦਿਲ ਦਾ ਭਲਾ ਇਨਸਾਨ ਸੀ ਅਤੇ ਇਸ ਤੋਂ ਬਾਅਦ ਸਾਡੀ ਵਧੀਆ ਨਿਭਦੀ ਰਹੀ। ਪਰ ਉਹ ਆਪਣੀ ਤਾਇਨਾਤੀ ਤੋਂ ਖ਼ੁਸ਼ ਨਹੀਂ ਸੀ - ਉਸ ਦੀ ਹਾਲਤ ਸਕੱਤਰੇਤ ਦੇ ਪਿੰਜਰੇ ਵਿਚ ਬੰਦ ਕਰ ਦਿੱਤੇ ਗਏ ਸ਼ੇਰ ਵਰਗੀ ਸੀ ਜਿਸ ਨੂੰ ਇਕ ਕੁਰਸੀ ਤੇ ਫਾਈਲਾਂ ਨਾਲ ਬੰਨ੍ਹ ਕੇ ਬਿਠਾ ਦਿੱਤਾ ਗਿਆ ਹੋਵੇ। ਫਿਰ ਇਕ ਦਿਨ ਉਸ ਨੇ ਮੈਨੂੰ ਆਪਣੇ ਦਫ਼ਤਰ ਸੱਦਿਆ। ਉਸ ਦਾ ਚਿਹਰਾ ਖ਼ੁਸ਼ੀ ਨਾਲ ਚਮਕ ਰਿਹਾ ਸੀ ਕਿਉਂਕਿ ਉਸ ਦੀ ਪਟਿਆਲਾ ਰੇਂਜ ਦੇ ਡੀਆਈਜੀ ਵਜੋਂ ਬਦਲੀ ਹੋ ਗਈ ਸੀ। ਪਟਿਆਲੇ ਨਾਲ ਉਸ ਦਾ ਉਂਝ ਵੀ ਬਹੁਤ ਪਿਆਰ ਸੀ। ਉਸ ਦੇ ਤਬਾਦਲੇ ਮਗਰੋਂ ਸੀਆਈਡੀ ਆਮ ਰੁਟੀਨ ਅਨੁਸਾਰ ਚੱਲਣ ਲੱਗ ਪਈ। ਮੈਂ ਲੇਖ ਦੀ ਸ਼ੁਰੂਆਤ ਇਸ ਹਵਾਲੇ ਨਾਲ ਕੀਤੀ ਸੀ ਕਿ ਸਟਾਫ਼ ਅਫ਼ਸਰ ਸਮਝਦਾਰ ਤੇ ਮਿਹਨਤੀ ਹੋਣੇ ਚਾਹੀਦੇ ਹਨ, ਭਾਵੇਂ ਆਪਸੀ ਸਿਆਸਤ ਕਿਹੋ ਜਿਹੀ ਹੋਵੇ। ਮੈਂ ਕੁੱਲ ਮਿਲਾ ਕੇ ਲੰਬਾ ਸਮਾਂ ਇਕ ਅਜਿਹੇ ਅਫ਼ਸਰ (ਸਟਾਫ਼ ਅਫ਼ਸਰ) ਵਜੋਂ ਕੰਮ ਕੀਤਾ, ਪਰ ਫਿਰ ਕਿਸਮਤ ਨੇ ਮੈਨੂੰ ਦੋ ਵੱਡੀਆਂ ਪੁਲੀਸ ਫ਼ੋਰਸਾਂ - ਜੰਮੂ ਅਤੇ ਕਸ਼ਮੀਰ ਤੇ ਬੀਐੱਸਐੱਫ਼ ਦੀ ਅਗਵਾਈ ਕਰਨ ਦਾ ਮੌਕਾ ਬਖ਼ਸ਼ਿਆ, ਭਾਵੇਂ ਕਿ ਮੈਂ ਯਕੀਨ ਨਾਲ ਨਹੀਂ ਕਹਿ ਸਕਦਾ ਕਿ ਕੀ ਮੈਂ ਲੋੜ ਮੁਤਾਬਿਕ ਸੁਸਤ, ਸਮਝਦਾਰ ਜਾਂ ਮਿਹਨਤੀ ਸਾਂ? ਸ਼ਾਇਦ ਦੋ ਸੀਨੀਅਰ ਅਫ਼ਸਰ ਇਸ ਦਾ ਬਿਹਤਰ ਜਵਾਬ ਦੇ ਸਕਦੇ ਸਨ...।

* ਸਾਬਕਾ ਚੇਅਰਮੈਨ, ਯੂਪੀਐੱਸਸੀ ਅਤੇ ਸਾਬਕਾ ਰਾਜਪਾਲ, ਮਨੀਪੁਰ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All