ਬਲਦੇਵ ਸਿੰਘ ਧਾਲੀਵਾਲ
ਕੁਝ ਮਹੀਨੇ ਪਹਿਲਾਂ ਵੱਡਾ ਬੇਟਾ ਆਸਵੰਤ ਸਬੱਬਵੱਸ ਪੁਡੂਚੇਰੀ ਜਾ ਕੇ ਆਇਆ ਸੀ। ਉਸ ਨੇ ਸਾਨੂੰ ਸ੍ਰੀ ਅਰਬਿੰਦੂ ਆਸ਼ਰਮ ਅਤੇ ਔਰੋਵਿੱਲ ਵੇਖ ਕੇ ਆਉਣ ਦੀ ਪੁਰਜ਼ੋਰ ਸਿਫ਼ਾਰਸ਼ ਕੀਤੀ ਸੀ। ਹੁਣ ਅੰਡੇਮਾਨ ਜਾਣ ਦਾ ਪ੍ਰੋਗਰਾਮ ਬਣ ਰਿਹਾ ਸੀ ਤਾਂ ਚੇਨੱਈ ਰੁਕਣ ਅਤੇ ਵਲ਼ ਭੰਨ ਕੇ ਪੁਡੂਚੇਰੀ ਜਾਣ ਦਾ ਕਾਰਨ ਉਹ ਸਿਫ਼ਾਰਸ਼ ਹੀ ਸੀ।
ਆਮ ਕਰਕੇ ਸੈਲਾਨੀਆਂ ਦੀ ਮਾਨਸਿਕਤਾ ਕਿਸੇ ‘ਸੈਰ ਸਪਾਟਾ ਸਥਾਨ’ ਦੀਆਂ ਵੱਧ ਤੋਂ ਵੱਧ ਚੀਜ਼ਾਂ ਵੇਖਣ ਦੀ ਹੁੰਦੀ ਹੈ। ਥੋੜ੍ਹੇ ਸਮੇਂ ’ਚ ਵੱਧ ਤੋਂ ਵੱਧ ਵੇਖਣ ਲਈ ਉਹ ਇਕ ਤੋਂ ਦੂਜੀ ਥਾਂ ਹਰਲ ਹਰਲ ਕਰਦੇ ਭੱਜੇ ਫਿਰਦੇ ਹਨ। ਅਜਿਹੇ ਯਾਤਰੀਆਂ ਲਈ ਸ੍ਰੀ ਅਰਬਿੰਦੂ ਆਸ਼ਰਮ ਪੰਜ ਮਿੰਟਾਂ ਦੀ ‘ਮਾਰ’ ਹੈ। ਉੱਥੇ ਵੇਖਣ ਵਾਲਾ ‘ਕੁਝ’ ਘੱਟ ਹੀ ਹੈ ਪਰ ਵਾਚਣ ਅਤੇ ਮਹਿਸੂਸਣ ਵਾਲਾ ਬਹੁਤ ਹੈ। ਪਹਿਲਾਂ ਕੁਝ ਗਿਆਨ ਪੱਲੇ ਹੋਵੇ ਜਾਂ ਅਹਿਸਾਸ ਦੀ ਸ਼ਿੱਦਤ ਹੋਵੇ ਤਾਂ ਸ੍ਰੀ ਅਰਬਿੰਦੂ ਆਸ਼ਰਮ ਨੂੰ ਵੇਖਿਆ, ਸਮਝਿਆ ਅਤੇ ਮਾਣਿਆ ਜਾ ਸਕਦਾ ਹੈ।
ਸ੍ਰੀ ਅਰਬਿੰਦੂ ਨੂੰ ਮੈਂ ਇਕ ਦਾਰਸ਼ਨਿਕ ਅਤੇ ਸੁਤੰਤਰਤਾ ਸੰਗਰਾਮੀ ਵਜੋਂ ਜਾਣਦਾ ਸਾਂ। ਪੀ-ਐੱਚ.ਡੀ. ਦੇ ਮੇਰੇ ਗਾਈਡ ਡਾ. ਕੇਸਰ ਹੋਰਾਂ ਨੇ ਮੈਨੂੰ ਵ.ਬਰੋਦੋਵ ਦੀ ਕਿਤਾਬ ‘ਆਧੁਨਿਕ ਸਮੇਂ ਵਿੱਚ ਭਾਰਤੀ ਫਲਸਫ਼ਾ’ ਖਰੀਦਣ ਲਈ ਕਿਹਾ ਸੀ। ਉਸ ਵਿਚ ਸ੍ਰੀ ਅਰਬਿੰਦੂ ਦੇ ਫਲਸਫ਼ੇ ਬਾਰੇ ਬੜੀ ਚਰਚਾ ਸੀ। ਉਸ ਲਿਖਤ ਰਾਹੀਂ ਮੈਨੂੰ ਪਤਾ ਲੱਗਿਆ ਸੀ ਕਿ ਸ੍ਰੀ ਅਰਬਿੰਦੂ ਦੇ ਦਾਰਸ਼ਨਿਕ ਵਿਚਾਰਾਂ ਨੂੰ ‘ਪੂਰਨ ਵੇਦਾਂਤ’ ਕਿਹਾ ਜਾਂਦਾ ਹੈ। ਆਮ ਤੌਰ ’ਤੇ ਪਦਾਰਥਵਾਦ ਅਤੇ ਆਦਰਸ਼ਵਾਦ, ਤਰਕਵਾਦ ਅਤੇ ਰਹੱਸਵਾਦ, ਅਦਵੈਤਵਾਦ ਅਤੇ ਦਵੈਤਵਾਦ ਨੂੰ ਟਕਰਾਵੇਂ ਰੂਪ ’ਚ ਸਮਝਿਆ ਜਾਂਦਾ ਸੀ, ਪਰ ਸ੍ਰੀ ਅਰਬਿੰਦੂ ਨੇ ਨਵੀਂ ਧਾਰਨਾ ਦਿੱਤੀ। ਉਸ ਅਨੁਸਾਰ “ਪੂਰਨ ਵੇਦਾਂਤ ਵਿਚ ਇਹ ਸਾਰੀਆਂ ਵਿਰੋਧੀ ਧਿਰਾਂ ਪੂਰੀ ਤਰ੍ਹਾਂ ਸੁਮੇਲ ਦੀ ਅਵਸਥਾ ਵਿਚ ਹੁੰਦੀਆਂ ਹਨ।”
ਸ੍ਰੀ ਅਰਬਿੰਦੂ ਘੋਸ਼ ਨੇ ਆਧੁਨਿਕ ਕਾਲ ਦੀ ਪ੍ਰਮੁੱਖ ਵਿਸ਼ਵ-ਦ੍ਰਿਸ਼ਟੀ ‘ਵਿਗਿਆਨਵਾਦ’ ਨੂੰ ਨਕਾਰਨ ਦੀ ਥਾਂ ਅਹਿਮ ਮੰਨਿਆ ਪਰ ਨਾਲ ਹੀ ਉਸ ਦੀਆਂ ਸੀਮਾਵਾਂ ਨੂੰ ਸਮਝਣ ਉੱਤੇ ਵੀ ਜ਼ੋਰ ਦਿੱਤਾ। ਸ੍ਰੀ ਅਰਬਿੰਦੂ ਘੋਸ਼ ਨੇ ਮੰਨਿਆ ਕਿ ਮਨੁੱਖ ਆਪਣੀ ਅੰਤਰ-ਆਤਮਾ ਜਾਂ ਮੂਲ ਨੂੰ ਪਛਾਣ ਲਵੇ ਤਾਂ ਕਾਇਨਾਤ ਦੇ ਅਨੇਕਾਂ-ਅਨੇਕ ਰਹੱਸ ਉਸ ਨੂੰ ਸਮਝ ਆਉਣ ਲੱਗਣਗੇ।
ਦਾਰਸ਼ਨਿਕ ਹੋਣ ਦੇ ਨਾਲ ਨਾਲ ਸ੍ਰੀ ਅਰਬਿੰਦੂ ਘੋਸ਼ ਨੂੰ ਯੋਗ ਗੁਰੂ, ਸੁਤੰਤਰਤਾ ਸੰਗਰਾਮੀ, ਮਹਾਂਕਵੀ ਅਤੇ ਸੰਪਾਦਕ ਪੱਤਰਕਾਰ ਵਜੋਂ ਵੀ ਜਾਣਿਆ ਜਾਂਦਾ ਹੈ।
ਉਨ੍ਹਾਂ ਦਾ ਜਨਮ 15 ਅਗਸਤ 1872 ਨੂੰ ਕਲਕੱਤਾ, ਬੰਗਾਲ ਵਿਖੇ ਹੋਇਆ ਅਤੇ 5 ਦਸੰਬਰ 1950 ਨੂੰ ਪੌਂਡੀਚੇਰੀ (ਹੁਣ ਪੁਡੂਚੇਰੀ), ਤਾਮਿਲਨਾਡੂ ਵਿਖੇ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਿਤਾ ਕਿੱਤੇ ਵਜੋਂ ਡਾਕਟਰ ਸਨ ਅਤੇ ਬ੍ਰਹਮੋ-ਸਮਾਜ ਦੇ ਸਰਗਰਮ ਮੈਂਬਰ ਸਨ। ਪੱਛਮੀ ਗਿਆਨ ਪਰੰਪਰਾ ਤੋਂ ਬਹੁਤ ਪ੍ਰਭਾਵਿਤ ਸਨ। ਉਨ੍ਹਾਂ ਆਪਣੇ ਪੁੱਤਰ ਅਰਬਿੰਦੂ ਘੋਸ਼ ਨੂੰ ਵੀ ਯੂਨੀਵਰਸਿਟੀ ਆਫ ਕੈਂਬਰਿਜ ਵਿਚ ਪੜ੍ਹਨ ਲਈ ਭੇਜਿਆ। ਉਨ੍ਹਾਂ ਦੀ ਮਨਸ਼ਾ ਅਰਬਿੰਦੂ ਨੂੰ ਇੰਡੀਅਨ ਸਿਵਿਲ ਸਰਵਿਸ ਵੱਲ ਲਾਉਣ ਦੀ ਸੀ। ਹੋਣਹਾਰ ਸ੍ਰੀ ਅਰਬਿੰਦੂ ਨੇ ਆਈ.ਸੀ.ਐੱਸ. ਵਿਚ ਸਫ਼ਲਤਾ ਵੀ ਪ੍ਰਾਪਤ ਕੀਤੀ ਅਤੇ ਫਿਰ ਬੜੌਦਾ ਰਿਆਸਤ ਦੇ ਮਹਾਰਾਜਾ ਅਧੀਨ ਸੇਵਾਵਾਂ ਦਿੱਤੀਆਂ ਪਰ ਕੁਝ ਵਕਫ਼ੇ ਬਾਅਦ ਇੰਡੀਅਨ ਨੈਸ਼ਨਲ ਕਾਂਗਰਸ ਦਾ ਅੰਗ ਬਣ ਕੇ ਸੁਤੰਤਰਤਾ ਸੰਗਰਾਮ ਦੀ ਲਹਿਰ ਵਿਚ ਸ਼ਾਮਿਲ ਹੋ ਗਏ। ਆਪਣੀਆਂ ਰਾਜਸੀ ਸਰਗਰਮੀਆਂ ਅਤੇ ਬਰਤਾਨਵੀ ਹਕੂਮਤ ਵਿਰੁੱਧ ਲਿਖਤਾਂ ਕਰਕੇ ਜੇਲ੍ਹਾਂ ਵੀ ਕੱਟੀਆਂ।
1901 ਵਿਚ ਉਨ੍ਹਾਂ ਦਾ ਵਿਆਹ ਮ੍ਰਿਨਾਲਿਨੀ ਨਾਲ ਹੋਇਆ ਜਿਸ ਦੀ 1918 ਵਿਚ ਮੌਤ ਹੋ ਗਈ। ਸ੍ਰੀ ਅਰਬਿੰਦੂ ਦਾ ਰੁਝਾਨ 1910 ਤੋਂ ਹੀ ਰੂਹਾਨੀ ਜ਼ਿੰਦਗੀ ਵੱਲ ਹੋ ਗਿਆ ਸੀ। ਇਸ ਲਈ ਉਨ੍ਹਾਂ ਨੇ ਸਿਆਸੀ ਸਰਗਰਮੀਆਂ ਤੋਂ ਮੋੜਾ ਕੱਟ ਲਿਆ ਅਤੇ ਯੋਗ-ਸਾਧਨਾ ਰਾਹੀਂ ਰੂਹਾਨੀ ਦਿਸ਼ਾ ਵੱਲ ਦਾ ਸਫ਼ਰ ਆਰੰਭ ਕਰ ਦਿੱਤਾ। ਉਨ੍ਹਾਂ ਦਾ ਇਹ ਰੂਹਾਨੀ ਅਭਿਆਸ ‘ਇੰਟੈਗਰਲ ਯੋਗ’ ਦੇ ਨਾਂ ਨਾਲ ਜਾਣਿਆ ਜਾਣ ਲੱਗਾ।
ਸ੍ਰੀ ਅਰਬਿੰਦੂ ਘੋਸ਼ ਦੇ ਦੋ-ਤਿੰਨ ਅਨਿੰਨ ਸ਼ਰਧਾਲੂਆਂ ਵਿਚ ਇਕ ਫਰਾਂਸੀਸੀ ਨਾਰੀ ਲੇਖਕ ਮੀਰਾ ਅਲਫਾਸਾ ਵੀ ਸੀ ਜਿਸ ਦੇ ਯਤਨਾਂ ਨਾਲ 1926 ਵਿਚ ਸ੍ਰੀ ਅਰਬਿੰਦੂ ਆਸ਼ਰਮ ਹੋਂਦ ਵਿਚ ਆਇਆ। ਯੋਗ-ਸਾਧਨਾ ਦੇ ਕੇਂਦਰ ਵਜੋਂ ਆਸ਼ਰਮ ਦੀ ਮਹਿਮਾ ਬਹੁਤ ਤੇਜ਼ੀ ਨਾਲ ਚੁਫ਼ੇਰੇ ਫੈਲਣ ਲੱਗੀ। ਹੌਲੀ ਹੌਲੀ ਸਾਧਕ ਆਪਣੀ ਸਾਧਨਾ ਤੋਂ ਇਲਾਵਾ ਆਸ਼ਰਮ ਦੇ ਬਾਕੀ ਕੰਮ ਵੀ ਸੰਭਾਲਣ ਲੱਗੇ। ਦਫ਼ਤਰ, ਲਾਇਬਰੇਰੀ, ਲੰਗਰ, ਫੋਟੋਗਰਾਫ਼ੀ, ਚਿੱਤਰਕਾਰੀ, ਖੇਡਾਂ, ਵਰਕਸ਼ਾਪਾਂ, ਆਰਟ ਗੈਲਰੀ, ਡਿਸਪੈਂਸਰੀ, ਖੇਤੀ, ਡੇਅਰੀ, ਬਾਗਬਾਨੀ, ਸਾਫ਼-ਸਫ਼ਾਈ, ਗੈਸਟ ਹਾਊਸ ਦੀ ਦੇਖ-ਰੇਖ ਆਦਿ ਕਿੰਨੇ ਹੀ ਕੰਮ ਸਨ ਜੋ ਸਾਧਕ ਆਪਣੀ ਸ਼ਰਧਾ ਨਾਲ ਕਰਦੇ।
ਲੋਕ-ਮਨ ਵਿਚ ਸ੍ਰੀ ਅਰਬਿੰਦੂ ਘੋਸ਼ ਦਾ ਅਕਸ ਦਾਰਸ਼ਨਿਕ ਦੇ ਨਾਲ ਨਾਲ ਧਾਰਮਿਕ ਅਤੇ ਰੂਹਾਨੀ ਗੁਰੂ ਵਜੋਂ ਉਭਰਨਾ ਸ਼ੁਰੂ ਹੋ ਗਿਆ।
ਭਾਈ ਵੀਰ ਸਿੰਘ ਦੀ ਰਚਨਾ ਬਾਰੇ ਪੀ-ਐੱਚ.ਡੀ. ਕਰਨ ਕਰਕੇ ਮੇਰੀ ਉਨ੍ਹੀਵੀਂ ਸਦੀ ਦੇ ਅੰਤਲੇ ਅਤੇ ਵੀਹਵੀਂ ਸਦੀ ਦੇ ਮੁੱਢਲੇ ਦੌਰ ਨੂੰ ਜਾਨਣ-ਸਮਝਣ ਵਿਚ ਵਿਸ਼ੇਸ਼ ਰੁਚੀ ਰਹੀ ਹੈ। ਉਹ ਦੌਰ ਸਾਡੇ ਮੱਧਕਾਲੀ ਚਿੰਤਨ ਤੋਂ ਆਧੁਨਿਕ ਚੇਤਨਾ ਵੱਲ ਸਫ਼ਰ ਦਾ ਸਮਾਂ ਰਿਹਾ ਹੈ। ਸ੍ਰੀ ਅਰਬਿੰਦੂ ਘੋਸ਼ ਵਾਂਗ ਹੀ ਸਾਡੇ ਭਾਈ ਵੀਰ ਸਿੰਘ, ਪ੍ਰੋ. ਪੂਰਨ ਸਿੰਘ ਆਦਿ ਵਰਗੇ ਦਾਰਸ਼ਨਿਕ ਕਵੀ ਦੋਵਾਂ ਯੁਗਾਂ ਵਿਚਕਾਰ ਪੈਂਡੂਲਮ ਵਾਂਗ ਝੂਲਦੇ ਦਿਖਾਈ ਦਿੰਦੇ ਹਨ। ਸਾਡੇ ਨਾਮਧਾਰੀ ਸੰਪਰਦਾ ਦਾ ਬੀਜ ਵੀ ਉਸੇ ਦੌਰ ਵਿਚ ਬੀਜਿਆ ਗਿਆ ਸੀ ਜੋ ਹੌਲੀ ਹੌਲੀ ਇਕ ਸੰਘਣਾ ਰੁੱਖ ਬਣ ਗਿਆ। ਯਾਨੀ ਉਨ੍ਹਾਂ ਵਕਤਾਂ ਵਿਚ ਸਾਰੇ ਭਾਰਤ ਦੇ ਵੱਖ ਵੱਖ ਹਿੱਸਿਆਂ ਵਿਚ ਇਉਂ ਹੀ ਕੁਝ ਮਿਲਦਾ-ਜੁਲਦਾ ਜਿਹਾ ਵਾਪਰ ਰਿਹਾ ਸੀ। ਅਜਿਹੀਆਂ ਸਾਂਝੀਆਂ ਤੰਦਾਂ ਹੀ ਹਿੰਦੋਸਤਾਨੀਆਂ ਨੂੰ ਹਿੰਦੋਸਤਾਨੀ ਬਣਾਉਂਦੀਆਂ ਸਨ। ਸਹੀ ਮਾਅਨਿਆਂ ਵਾਲਾ ਰਾਸ਼ਟਰਵਾਦ ਇਹੀ ਸੀ ਕਿ ‘ਹਮ ਸਭ ਏਕ ਹੈਂ’, ਨਾ ਕਿ ਅੱਜ ਵਾਲਾ ਕਿ ‘ਹਮ ਹੀ ਹਮ ਹੈਂ, ਤੁਮ ਕੌਨ ਹੋ?’
ਸ੍ਰੀ ਅਰਬਿੰਦੂ ਆਸ਼ਰਮ ਨੂੰ ਵੇਖਦਿਆਂ ਪਤਾ ਨਹੀਂ ਕੀ ਕੀ ਮੇਰੇ ਅੰਦਰ ਜਾਗਦਾ ਰਿਹਾ ਜਿਵੇਂ ਮੈਂ ਸੁਪਨੇ ਵਿਚ ਪਿਛਲੇ ਯੁਗਾਂ ਵਿਚ ਜਿਉਂ ਰਿਹਾ ਹੋਵਾਂ। ਇਸੇ ਲਈ ਮੈਂ ਸੋਚਦਾ ਹਾਂ ਕਿ ਸ੍ਰੀ ਅਰਬਿੰਦੂ ਆਸ਼ਰਮ ਨੂੰ ਵੇਖਣਾ ਪੰਜ-ਦਸ ਮਿੰਟ ਦੀ ਖੇਡ ਨਹੀਂ ਸੀ ਹੋ ਸਕਦਾ।
ਅਸੀਂ ਦਸ ਕੁ ਵਜੇ ਆਸ਼ਰਮ ਦੇ ਪ੍ਰਵੇਸ਼ ਦੁਆਰ ’ਤੇ ਪਹੁੰਚੇ। ਫਰੈਂਚ-ਡਿਜ਼ਾਈਨ ਦੀ ਸਫ਼ੈਦ-ਸਲੇਟੀ ਰੰਗ ਦੀ ਇਮਾਰਤ ਤਿੱਖੀ ਧੁੱਪ ਨਾਲ ਲਿਸ਼ਕ ਰਹੀ ਸੀ। ਸਾਧਕਾਂ ਨੇ ਕਿਤੇ ਦਾਗ਼ ਨਹੀਂ ਸੀ ਲੱਗਣ ਦਿੱਤਾ। ਮੁੱਖ ਦੁਆਰ ’ਤੇ ਲੱਗੇ ਬੋਰਡ ਦੀਆਂ ਹਦਾਇਤਾਂ ਪੜ੍ਹ ਕੇ ਅਸੀਂ ਹੋਰ ਵੀ ਚੁਕੰਨੇ ਹੋ ਗਏ, ਮਤਾ ਅਣਜਾਣੇ ਵਿਚ ਕੋਈ ਅਵੱਗਿਆ ਹੋ ਜਾਵੇ। ਜੁੱਤੀਆਂ ਬਾਹਰ ਜੋੜਾਘਰ ਵਿਚ ਰੱਖ ਦਿੱਤੀਆਂ, ਮਾਸਕ ਪਹਿਨ ਲਏ, ਫੋਨ ‘ਸਾਈਲੈਂਟ’ ਕਰ ਲਏ, ਮੂੰਹਾਂ ਨੂੰ ਵੀ ‘ਤਾਲ਼ੇ’ ਲਾ ਲਏ। ਮੂੰਹ-ਪਟੀਏ ਬਣੇਂ, ਪੋਲੇ ਪੋਲੇ ਕਦਮ ਰੱਖਦੇ, ਜਿਵੇਂ ਰਤਾ ਕੁ ਖੜਾਕ ਨਾਲ ਕਿਸੇ ਘੂਕ ਸੁੱਤੇ ਦੀ ਨੀਂਦ ਉੱਖੜ ਜਾਣੀ ਹੋਵੇ। ‘ਖੜਕ ਹੋਵੇ ਜੇ ਡਿੱਗੇ ਪੱਤਾ ਵੀ’ ਵਾਲੀ ਸਥਿਤੀ ਸੀ, ਫਿਰ ਵੀ ਹਦਾਇਤਕਾਰ ਸਾਧਕ ਨੇ ਮੂੰਹ ’ਤੇ ਉਂਗਲ ਰੱਖ ਕੇ ਸਾਨੂੰ ‘ਚੁੱਪ ਦਾ ਦਾਨ’ ਬਖ਼ਸ਼ਣ ਲਈ ਇਸ਼ਾਰਾ ਕੀਤਾ। ਟ੍ਰੈਫਿਕ ਕੰਟਰੋਲ ਕਰਨ ਵਾਂਗ ਸਾਨੂੰ ਖੱਬੇ ਹੱਥ ਜਾਣ ਲਈ ਸੈਨਤ ਮਾਰੀ।
ਮੁੱਖ ਇਮਾਰਤ ਦੀ ਖੱਬੀ ਵੱਖੀ ਵੱਲ ਇਕ ਖੁੱਲ੍ਹਾ ਹਰਿਆਵਲ ਭਰਿਆ ਵਿਹੜਾ ਸੀ, ਪੁਰਾਣੇ ਸਨਾਤਨੀ ਦਿੱਖ ਵਾਲੇ ਰੁੱਖਾਂ ਦੀ ਛਤਰ-ਛਾਇਆ ਵਾਲਾ। ਵਿਚਕਾਰ ਕੁਝ ਕਬਰਨੁਮਾ ਚਬੂਤਰੇ ਜਿਹੇ ਸਨ, ਜਿਵੇਂ ਯਾਦਗਾਰੀ ਸਮਾਰਕ ਹੋਣ। ਕੁਝ ਸਾਧਕ ਉਨ੍ਹਾਂ ਚਬੂਤਰਿਆਂ ਉੱਤੇ ਮੱਥਾ ਟੇਕੀ ਬੈਠੇ ਆਪਣੀ ਸਾਧਨਾ ਵਿਚ ਲੀਨ ਸਨ। ਧਿਆਨ ਨਾਲ ਵੇਖਿਆ ਤਾਂ ਕੁਝ ਕੁ ਬਿਨਾਂ ਹੁਬਕੀ ਲਿਆਂ, ਹੰਝੂ ਵਹਾਉਂਦੇ, ਮਨ ਦੇ ਕਿਸੇ ਗ਼ੁਬਾਰ ਤੋਂ ਮੁਕਤ ਹੁੰਦੇ ਨਜ਼ਰ ਆਏ। ਸ਼ਾਇਦ ਇਹ ਅਮਲ ਈਸਾਈ ਰੀਤ ਦੇ ਕਨਫੈਸ਼ਨ ਜਾਂ ਇਕਬਾਲਨਾਮੇ ਜਿਹਾ ਸੀ। ਫੋਟੋ ਲੈਣਾ ਮਨ੍ਹਾ ਸੀ, ਅਸੀਂ ਮਨ-ਮਸਤਕ ਦੇ ਕੈਮਰਿਆਂ ਰਾਹੀਂ ਇਨ੍ਹਾਂ ਅਹਿਸਾਸਾਂ ਨੂੰ ਸਾਂਭਦੇ ਜੂੰ ਤੋਰ ਅਗਾਂਹ ਤੁਰਦੇ ਰਹੇ। ਇਹ ਵੇਖ ਕੇ ਸ੍ਰੀ ਅਰਬਿੰਦੂ ਦਾ ਅਕਸ ਦਾਰਸ਼ਨਿਕ ਨਾਲੋਂ ਵੱਧ ਅਧਿਆਤਮਕ ਗੁਰੂ ਦਾ ਬਣਦਾ ਪ੍ਰਤੀਤ ਹੋ ਰਿਹਾ ਸੀ। ਸਾਧਕਾਂ ਨੂੰ ਉਨ੍ਹਾਂ ਦੇ ਵਿਚਾਰਾਂ ਨੂੰ ਆਤਮਸਾਤ ਕਰਨ ਦੀ ਥਾਂ ‘ਬਲੈਸਿੰਗ’ ਜਾਂ ਆਸ਼ੀਰਵਾਦ ਲੈਣ ਦੀ ਗੱਲ ਵਧੇਰੇ ਟੁੰਬਣ ਲੱਗ ਪਈ ਹੋਵੇਗੀ। ਮੈਨੂੰ ਕਦੇ ਦਿੱਲੀ ਭਾਈ ਵੀਰ ਸਿੰਘ ਸਦਨ ਵਿਚ ਵੀ ਇਸ ਤਰ੍ਹਾਂ ਦਾ ਅਹਿਸਾਸ ਹੀ ਹੋਇਆ ਸੀ। ਖ਼ੈਰ, ਸਾਡੇ ਦੇਸ਼ ਵਿਚ ਇਹ ਕੋਈ ਅਣਹੋਣੀ ਗੱਲ ਵੀ ਨਹੀਂ ਸੀ, ਸੰਸਥਾਈ ਹੋ ਜਾਣ ਤੋਂ ਬਾਅਦ ਧਰਮਾਂ, ਮੱਤਾਂ ਨਾਲ ਇਹੋ ਕੁਝ ਹੁੰਦਾ ਹੈ, ਵਿਚਾਰਾਂ ਦੀ ਥਾਂ ਮੱਥੇ ਰਗੜ ਕੇ ਮੰਨਤਾਂ ਮਨਾਉਣ ਦੀ ਪ੍ਰਵਿਰਤੀ ਸ਼ੁਰੂ ਹੋ ਜਾਂਦੀ ਹੈ।
ਅਗਾਂਹ ਸਰਕਦੇ ਅਸੀਂ ਮੁੱਖ ਇਮਾਰਤ ਦੇ ਵੱਡੇ ਕਮਰੇ ਵਿਚ ਦਾਖ਼ਲ ਹੋਏ। ਇਸ ਵਿਚ ਸ੍ਰੀ ਅਰਬਿੰਦੂ ਦੀਆਂ ਲਿਖਤਾਂ ਨੂੰ ਬੜੇ ਸਲੀਕੇ ਨਾਲ ਵਰਗੀਕ੍ਰਿਤ ਕਰ ਕੇ ਸਜਾਇਆ ਗਿਆ ਸੀ। ਲਾਇਬਰੇਰੀਆਂ ਵਾਂਗ ਕਿਤਾਬਾਂ ਉੱਤੇ ਧੂੜ ਨਹੀਂ ਸੀ ਚੜ੍ਹੀ ਸਗੋਂ ਨਵੀਆਂ ਨਕੋਰ ਜਾਪਦੀਆਂ ਸਨ। ਸਾਹਮਣੀ ਕੰਧ ਕੋਲ ਬਣੇ ਕਾਊਂਟਰ ’ਤੇ ਦੋ ਸਾਧਕ ਬੀਬੀਆਂ ਪੁਸਤਕਾਂ ਦੀ ਵੇਚ-ਵੱਟਤ ਕਰਨ ਅਤੇ ਪਾਠਕਾਂ ਦੀ ਮੱਦਦ ਵਾਸਤੇ ਤਿਆਰ-ਬਰ-ਤਿਆਰ ਬੈਠੀਆਂ ਸਨ। ਦਰਸ਼ਕ ਚੁੱਪ-ਚਾਪ ਮੋਟੀਆਂ ਕਿਤਾਬਾਂ ਨੂੰ ਪਲੋਸ-ਪਲਾਸ ਕੇ ਵੇਖਦੇ ਅਤੇ ਛੋਟੀਆਂ ਸਿੱਖਿਆਦਾਇਕ ‘ਗਾਈਡਾਂ’ ਨੂੰ ਖਰੀਦਣ ਲਈ ਚੁੱਕ ਲੈਂਦੇ।
“ਪਾਪਾ, ਮੈਂ ਅਰਬਿੰਦੂ ਦੀ ਆਟੋਬਾਇਗ੍ਰਾਫ਼ੀ ਲੈਣੀ ਐਂ, ਭਾਲਿਓ ਜ਼ਰਾ।” ਗੋਨੂੰ ਨੇ ਮੇਰੇ ਕੰਨ ਵਿਚ ਘੁਸਰ-ਮੁਸਰ ਕੀਤੀ। ਇਨ੍ਹੀਂ ਦਿਨੀਂ ਉਸ ਅੰਦਰ ‘ਵੱਡੇ ਬੰਦਿਆਂ’ ਦੇ ਅੰਦਰ ਨੂੰ ਪੜ੍ਹਨ ਦੀ ਚੇਟਕ ਲੱਗੀ ਹੋਈ ਸੀ। ਪਰ ਮੈਨੂੰ ਪਤਾ ਸੀ ਕਿ ਉਨ੍ਹਾਂ ਦਿਨਾਂ ’ਚ ਸਹੀ ਮਾਅਨਿਆਂ ਵਿਚ ਸਵੈ-ਜੀਵਨੀ ਲਿਖਣ ਦੀ ਪਿਰਤ ਨਹੀਂ ਸੀ ਹੁੰਦੀ। ਭਾਈ ਵੀਰ ਸਿੰਘ ਨੇ ਵੀ ਨਹੀਂ ਸੀ ਲਿਖੀ। ਪੁੱਛਣ ’ਤੇ ਸਾਧਕ ਨੇ ਵੀ ਨਾਂਹ ਵਿਚ ਸਿਰ ਫੇਰਿਆ ਪਰ ਇਕ ਹੋਰ ਦੀ ਦੱਸ ਪਾ ਦਿੱਤੀ। ਅਸੀਂ ਫਿਰ ‘Autobiographical Notes and Other Writings of Historical Interest’ ਖਰੀਦ ਲਈ। ਮੇਰੇ ਲਈ ਤਾਂ ਆਸ਼ਰਮ ਦਾ ਇਹ ਸਭ ਤੋਂ ਅਹਿਮ ਭਾਗ ਸੀ। ਭਾਈ ਵੀਰ ਸਿੰਘ ਵਾਂਗ ਹੀ, ਸ੍ਰੀ ਅਰਬਿੰਦੂ ਨੇ ਇਕ ਮਿਸ਼ਨ ਤਹਿਤ ਬਹੁਤ ਲਿਖਿਆ ਸੀ। ਇਸ ਤਰ੍ਹਾਂ ਸ੍ਰੀ ਅਰਬਿੰਦੂ ਘੋਸ਼ ਦਾ ਲੇਖਕ ਵਾਲਾ ਅਕਸ ਕਿਸੇ ਸਦਨ ਤੱਕ ਮਹਿਦੂਦ ਹੋਣ ਦੀ ਥਾਂ ਦੇਸ਼ਾਂ-ਵਿਦੇਸ਼ਾਂ ਤੱਕ ਪਹੁੰਚਿਆ ਸੀ। ਆਧੁਨਿਕ ਭਾਰਤੀ ਦਾਰਸ਼ਨਿਕਾਂ ਦੀ ਮੂਹਰਲੀ ਕਤਾਰ ਵਿਚ ਉਹ ਮਾਣਮੱਤੀ ਹੈਸੀਅਤ ਨਾਲ ਖੜ੍ਹਾ ਦਿਸਦਾ ਸੀ।
ਲਾਇਬਰੇਰੀ ਦੇ ਨਾਲ ਜੁੜਵੇਂ ਕਮਰੇ ਨੂੰ ਫੋਟੋ ਗੈਲਰੀ ਦਾ ਰੂਪ ਦਿੱਤਾ ਗਿਆ ਸੀ। ਤਸਵੀਰਾਂ ਉਨ੍ਹਾਂ ਦੇ ਸਾਰੇ ਰੂਪ ਹੀ ਵਿਖਾ ਰਹੀਆਂ ਸਨ। ਇਹ ਉਨ੍ਹਾਂ ਦੇ ਜੀਵਨ ਸਫ਼ਰ ਦੀਆਂ ਹਕੀਕੀ ਗਵਾਹ ਸਨ। ਜੇ ਉਨ੍ਹਾਂ ਸਵੈ-ਜੀਵਨੀ ਲਿਖੀ ਹੁੰਦੀ ਤਾਂ ਇਹੀ ਸਫ਼ਰ ਅਸੀਂ ਉਨ੍ਹਾਂ ਦੀ ਜ਼ੁਬਾਨੀ ਪੜ੍ਹ ਸਕਣਾ ਸੀ। ਆਪਣੇ ਸਮੇਂ ਦੇ ਸਭ ਮੋਹਤਬਰਾਂ ਨਾਲ ਉਸ ਦਾ ਸ਼ੁਮਾਰ ਸੀ। ਇਤਿਹਾਸਕ ਸੂਝ ਤੋਂ ਕੋਰੇ ਦਰਸ਼ਕ ਯਾਤਰੀ ਸਰਸਰੀ ਝਾਤ ਪਾ ਕੇ ਲੰਘੇ ਜਾ ਰਹੇ ਸਨ। ਮਨ ਕਰਦਾ ਸੀ ਕਿ ਇਕ ਇਕ ਤਸਵੀਰ ਨੂੰ ਨਿਹਾਰਦੇ ਉਨ੍ਹਾਂ ਵਕਤਾਂ ਦੀ ਗੁੰਝਲਦਾਰ ਇਬਾਰਤ ਨੂੰ ਪੜ੍ਹਦੇ ਜਾਈਏ ਪਰ ਹਾਲਾਤ ਮੁਤਾਬਿਕ ਇਹ ਮੁਮਕਿਨ ਨਹੀਂ ਸੀ।
ਪਨਾਗ ਹੋਰੀਂ ਅਤੇ ਸੁਖਵਿੰਦਰ ਗੈਲਰੀ ਦੀ ਝਾਤ ਪਾ ਕੇ ਬਾਹਰ ਨਿਕਲ ਗਏ ਸਨ। ਸ਼ਾਇਦ ਸਾਨੂੰ ਉਡੀਕਦੇ ਹੋਣਗੇ, ਇਹ ਸੋਚ ਕੇ ਮੈਂ ਤੇ ਗੋਨੂੰ ਨੇ ਵੀ ਉਨ੍ਹਾਂ ਵਕਤਾਂ ਦਾ ਇਤਿਹਾਸ ਸਾਂਭੀ ਬੈਠੀ ਗੈਲਰੀ ਨੂੰ ਹੋਰ ਨੀਝ ਨਾਲ ਵੇਖਣ ਦਾ ਵਿਚਾਰ ਤਿਆਗ ਦਿੱਤਾ। ਫਿਰ ਵੀ ਆਸ਼ਰਮ ’ਚੋਂ ਬਾਹਰ ਨਿਕਲਦਿਆਂ ਇਕ ਨਿਵੇਕਲਾ ਜਿਹਾ ਅਹਿਸਾਸ, ਰੂਹਾਨੀ ਰੱਜ ਜਿਹਾ, ਮਹਿਸੂਸ ਹੋ ਰਿਹਾ ਸੀ। ਸਾਡੇ ਕੋਲ ਕਿੰਨਾ ਕੁਝ ਮਾਣ ਕਰਨਯੋਗ ਹੈ, ਬਸ ਪਦਾਰਥਕ ਲੱਭਤਾਂ ਦੀ ਦੌੜ ਵਿਚ ਉਸ ਮਾਣਮੱਤੀ ਵਿਰਾਸਤ ਵੱਲ ਨਜ਼ਰ ਹੀ ਨਹੀਂ ਜਾਂਦੀ।
ਸੰਪਰਕ: 98728-35835