ਰੁੱਤ ਬਸੰਤੀ

ਰੁੱਤ ਬਸੰਤੀ

ਚਿੱਤਰ: ਸਿਧਾਰਥ

ਹਰਕੰਵਲ ਸਿੰਘ ਕੰਗ

ਮਨੁੱਖੀ ਜੀਵਨ ਵਿੱਚ ਧਾਰਮਿਕ ਤੇ ਸਮਾਜਿਕ ਨਜ਼ਰੀਏ ਤੋਂ ਮਾਘ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ। ਸਿੱਖ ਧਰਮ ਵਿੱਚ ਮਾਘ ਮਹੀਨੇ ਦੇ ਪਹਿਲੇ ਦਿਨ ਮਾਘੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਤੇ ਹਿੰਦੂ ਧਰਮ ਵਿੱਚ ਮੱਕਰ ਸਕਰਾਂਤੀ। ਜਿੱਥੇ ਪੋਹ ਮਹੀਨੇ ਦੇ ਆਖਰੀ ਦਿਨ ਲੋਹੜੀ ਹੁੰਦੀ ਹੈ, ਉੱਥੇ ਮਾਘ ਦੇ ਪਹਿਲੇ ਦਿਨ ਹੀ ਮਾਘੀ ਮਨਾਈ ਜਾਂਦੀ ਹੈ। ਪੋਹ ਰਿੱਧੀ ਮਾਘ ਖਾਧੀ; ਪੁਰਾਤਨ ਸਮਿਆਂ ਵਿੱਚ ਪੋਹ ਦੀ ਰਾਤ ਬਣਾਈ ਖੀਰ ਮਾਘ ਚੜ੍ਹਦਿਆਂ ਲੋਕ ਚਾਅ ਨਾਲ ਖਾਂਦੇ। ਮਾਘੀ ਵਾਲੇ ਦਿਨ ਲੱਗਦੇ ਮੇਲਿਆਂ ਦੇ ਪਿਛੋਕੜ ਨਾਲ ਸਬੰਧਤ ਵੱਖ ਵੱਖ ਤਰ੍ਹਾਂ ਦੀਆਂ ਧਾਰਨਾਵਾਂ ਜੁੜੀਆਂ ਹਨ। ਲੋਕਾਂ ਦੀ ਆਮਦ ਸਦਕਾ ਸਾਰਾ ਦਿਨ ਹੀ ਧਾਰਮਿਕ ਸਥਾਨਾਂ ਵਿੱਚ ਰੌਣਕ ਲੱਗੀ ਰਹਿੰਦੀ ਹੈ। ਮਾਘ ਦੇ ਮਹੀਨੇ ਦੇ ਪਹਿਲੇ ਦਿਨ ਨੂੰ ਹਰ ਭਾਸ਼ਾਈ ਖਿੱਤੇ ਵਿੱਚ ਵੱਖ-ਵੱਖ ਨਾਵਾਂ ਨਾਲ ਮਨਾਇਆ ਜਾਂਦਾ ਹੈ। ਹਿੰਦੂ ਧਰਮ ਵਿੱਚ ਮਾਘ ਦੇ ਪਹਿਲੇ ਦਿਨ ਮੱਕਰ ਸਕਰਾਂਤੀ ਮਨਾਈ ਜਾਂਦੀ ਹੈ। ਲੋਕ ਇਸ ਦਿਨ ਇਲਾਹਾਬਾਦ ਵਿੱਚ ਤ੍ਰਿਵੈਣੀ ਸੰਗਮ, ਜਿੱਥੇ ਗੰਗਾ-ਯਮੁਨਾ ਤੇ ਸਰਸਵਤੀ ਦਾ ਮੇਲ ਹੁੰਦਾ ਹੈ, ’ਤੇ ਨਹਾਉਣਾ ਪੁੰਨ ਸਮਝਦੇ ਹਨ।

ਗੁਰੂ ਅਰਜਨ ਦੇਵ ਬਾਰਾਹ ਮਾਹ ਵਿੱਚ ਮਾਘ ਮਹੀਨੇ ਬਾਰੇ ਰਾਗ ਮਾਂਝ ਵਿੱਚ ਫਰਮਾਉਂਦੇ ਹਨ:

ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ॥

ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ॥

ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨੁ॥

ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ॥

ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ॥

ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ॥

ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ॥

ਜਿਨਾ ਮਿਲਿਆ ਪ੍ਰਭੁ ਆਪਣਾ ਨਾਨਕ ਤਿਨ ਕੁਰਬਾਨੁ॥

ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੁ ਮਿਹਰਵਾਨੁ॥

ਉਪਰੋਕਤ ਵਿਖਿਆਨ ਤੋਂ ਅਸੀਂ ਮਾਘ ਮਹੀਨੇ ਦੀ ਧਾਰਮਿਕ ਮਹੱਤਤਾ ਦਾ ਸਹਿਜੇ ਹੀ ਪਤਾ ਲਾ ਸਕਦੇ ਹਾਂ। ਮਾਘ ਦੇਸੀ ਸਾਲ ਦਾ ਗਿਆਰ੍ਹਵਾਂ ਮਹੀਨਾ ਹੈ। ਇਸ ਮਹੀਨੇ ਪੂਜਾ ਅਤੇ ਦਾਨ ਦਾ ਬਹੁਤ ਮਹੱਤਵ ਹੈ। ਮਾਘ ਮਹੀਨੇ ਜਿੱਥੇ ਪੁਰਾਤਨ ਸਮਿਆਂ ਵਿੱਚ ਜਲ ਧਾਰਾ ਹੁੰਦੇ ਉੱਥੇ ਸਾਧੂਆਂ ਦੇ ਡੇਰਿਆਂ ਝਿੜੀਆਂ ਵਿੱਚ ਭਾਵ ਕਿ ਧਾਰਮਿਕ ਸਥਾਨਾਂ ’ਤੇ ਪਾਠ, ਭੰਡਾਰੇ, ਯਗ ਆਦਿ ਹੁੰਦੇ। ਸਾਡੇ ਗ੍ਰੰਥਾਂ ਵਿੱਚ ਮਾਘ ਮਹੀਨੇ ਸਾਧੂਆਂ ਦੀ ਸੰਗਤ ਕਰਨ ’ਤੇ ਡਾਢਾ ਜ਼ੋਰ ਦਿੱਤਾ ਗਿਆ ਹੈ।

ਮਾਘ ਮਹੀਨਾ ਧਰਮ ਕਾ ਦ੍ਰਿੜ ਕਰ ਤੂੰ ਸਤਿਸੰਗ।

ਸੰਤਾਂ ਸੰਗ ਪ੍ਰੀਤ ਕਰ ਕਦੀ ਨਾ ਹੋਵੇ ਭੰਗ॥

ਧੂੜ ਸੰਤ ਕੇ ਚਰਨ ਕੀ ਸੋਈ ਸ੍ਰੇਸ਼ਟ ਹੈ ਗੰਗ।

ਇਹ ਮਹੀਨਾ ਗੱਭਰੂਆਂ ਲਈ ਖੁਰਾਕ ਖਾਣ ਤੇ ਸਰੀਰ ਕਮਾਉਣ ਲਈ ਵੀ ਵਿਸ਼ੇਸ਼ ਅਹਿਮੀਅਤ ਰੱਖਦਾ ਹੈ। ਪੋਹ-ਮਾਘ ਦੀ ਖਾਧੀ ਖੁਰਾਕ ਦਾ ਅਗਲੇ ਮਹੀਨਿਆਂ ਫੱਗਣ-ਚੇਤ ਵਿੱਚ ਪਤਾ ਲੱਗਦਾ ਹੈ। ਪੋਹ-ਮਾਘ ਵਿੱਚ ਨਿੱਘ ਤਿਆਗਣਾ ਇੰਨਾ ਸੌਖਾ ਨਹੀਂ ਹੁੰਦਾ ਪਰ ਕੁੱਝ ਕਰਨ ਲਈ ਹਿੰਮਤ ਤਾਂ ਜੁਟਾਉਣੀ ਹੀ ਪੈਂਦੀ ਹੈ। ਪੁਰਾਤਨ ਸਮਿਆਂ ਤੋਂ ਹੀ ਰੱਬ ਦੇ ਭਗਤ ਜਿੱਥੇ ਪ੍ਰਭੂ ਭਗਤੀ ਵਿੱਚ ਸਵੇਰ ਸਾਰ ਜੁਟ ਜਾਂਦੇ ਹਨ ਤਾਂ ਪਹਿਲਵਾਨ ਵੀ ਆਪਣੇ ਸਰੀਰਾਂ ਨੂੰ ਬਲਵਾਨ ਬਣਾਉਣ ਲਈ ਆਪਣੇ ਹੱਡਾਂ ਦੀ ਮਾਲਾ ਫੇਰਦੇ ਨੇ, ਭਾਵ ਕਸਰਤ ਕਰਦੇ ਤੇ ਡੰਡ ਪੇਲਦੇ ਹਨ।

ਇਸੇ ਤਰ੍ਹਾਂ ਭਗਤ ਬਣਨ ਲਈ ਮਾਲਕ ਦਾ ਭੈਅ, ਜੀਵਨ ਵਿੱਚ ਅਸੂਲ ਧਾਰਨ ਕਰਨੇ, ਨਜ਼ਰ ਵਿੱਚ ਸਮਾਨਤਾ ਪੈਦਾ ਹੋਣੀ ਮੁਢਲੇ ਗੁਣ ਹਨ। ਇਹ ਗੁਣ ਮਾਲਕ ਦੀ ਨਜ਼ਰ ਸਵੱਲੀ ਹੋਣ ਬਿਨਾਂ ਪੈਦਾ ਨਹੀਂ ਹੁੰਦੇ। ਉਸ ਮਾਲਕ ਦੀ ਸੱਤਾ ਦੇ ਪਾਤਰ ਬਣਨ ਲਈ ਹੀ ਸਾਧੂ-ਸੰਤ ਮਾਘ ਮਹੀਨੇ ਸ਼ਰਧਾਵਾਨ ਹੋ ਕੇ ਧੂਣੀਆਂ ਧੁਖਾਉਂਦੇ ਤੇ ਮਾਲਕ ਦਾ ਗੁਣਗਾਨ ਕਰਦੇ ਹਨ। ਜੇ ਲੱਖਾਂ ਸੁੱਖਾਂ ਸੁੱਖਣ ਬਾਅਦ ਕਿਸੇ ਦੇ ਘਰ ਪੁੱਤਰ ਦਾ ਜਨਮ ਹੁੰਦਾ ਤਾਂ ਲੋਕ ਮਾਘ ਦੇ ਜੰਮਿਆਂ ਦਾ ਨਾਂ ਅਕਸਰ ਮਾਘੀ ਧਰ ਦਿੰਦੇ। ਮਾਘੀ ਸਿੰਘ ਦਾ ਪੰਜਾਬ ਵਿੱਚ ਇੱਕ ਵੱਡਾ ਕਵੀਸ਼ਰ ਵੀ ਹੋਇਆ ਹੈ। ਮਹਾਕਵੀ ਮਾਘ ਦਾ ਨਾਂ ਵੀ ਸੰਸਕ੍ਰਿਤ ਭਾਸ਼ਾ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ।

ਕਿਸਾਨ ਇਸ ਮਹੀਨੇ ਪਹਿਲਾਂ ਹੀ ਗੁੜ ਬਣਾਉਣ ਲੱਗਿਆ ਹੁੰਦਾ ਹੈ। ਪੁਰਾਤਨ ਸਮਿਆਂ ਵਿੱਚ ਕਣਕਾਂ ਨੂੰ ਪਾਣੀ ਲਾਉਣ ਲਈ ਖੂਹ ਜੋੜਨੇ ਤੇ ਘੁਲਾੜੀਆਂ ਚਲਾਉਣੀਆਂ ਮੁੱਖ ਕੰਮ ਹੁੰਦੇ। ਪਿਆਜ਼ ਦੀ ਪਨੀਰੀ ਵੀ ਇਸੇ ਮਹੀਨੇ ਲਾਈ ਜਾਂਦੀ ਹੈ। ਇਸ ਮਹੀਨੇ ਜਿਉਂ ਜਿਉਂ ਨਿੱਘ ਵਧਦਾ ਹੈ ਤਾਂ ਦਰੱਖਤਾਂ ਦੇ ਪੱਤੇ ਝੜਨ ਦੇ ਨਾਲ ਨਵੀਆਂ ਕਰੂੰਬਲਾਂ ਵੀ ਫੁੱਟਣ ਲਈ ਤਿਆਰ ਹੋ ਜਾਂਦੀਆਂ ਹਨ। ਸਭ ਤੋਂ ਪਹਿਲਾਂ ਤੂਤ ਦਾ ਦਰੱਖਤ ਫੁੱਟਦਾ ਹੈ।

ਸਿੱਖ ਇਤਿਹਾਸ ਵਿੱਚ ਮਾਘੀ ਵਾਲੇ ਦਿਨ ਖਿਦਰਾਣੇ ਦੀ ਢਾਬ ਨਜ਼ਦੀਕ ਸਿੱਖਾਂ ਅਤੇ ਮੁਗਲਾਂ ਦੀਆਂ ਫ਼ੌਜਾਂ ਵਿਚਾਲੇ ਯੁੱਧ ਹੋਇਆ। ਮਾਈ ਭਾਗੋ ਤੇ ਭਾਈ ਮਹਾਂ ਸਿੰਘ ਦੀ ਅਗਵਾਈ ਵਿੱਚ ਮਾਝੇ ਦੇ ਸਿੰਘਾਂ ਨੇ ਗੁਰੂ ਜੀ ਦਾ ਪਿੱਛਾ ਕਰ ਰਹੀ ਫ਼ੌਜ ਦਾ ਰਸਤਾ ਰੋਕਿਆ ਤੇ ਇਥੇ 40 ਸਿੰਘ ਸ਼ਹੀਦ ਹੋ ਗਏ, ਜਿਨ੍ਹਾਂ ਨੂੰ ਸਿੱਖ ਧਰਮ ਵਿੱਚ ਚਾਲੀ ਮੁਕਤਿਆਂ ਵਜੋਂ ਮਾਨਤਾ ਹਾਸਲ ਹੈ। ਇਸ ਧਰਤੀ ਦਾ ਨਾਂ ਬਾਅਦ ਵਿੱਚ ਮੁਕਤਸਰ ਪੈ ਗਿਆ। ਹਰ ਸਿੱਖ ਦੇ ਮਨ ਵਿੱਚ ਮਾਘੀ ਨੂੰ ਮੁਕਤਸਰ ਜਾਣ ਦੀ ਤਾਂਘ ਹੁੰਦੀ ਹੈ।

ਮਾਘ ਚੜ੍ਹਦਿਆਂ ਸਾਰ ਲੁਕਾਈ ਨੂੰ ਪੋਹ ਦੀਆਂ ਕੱਕਰੀਲੀਆਂ ਰਾਤਾਂ ਤੋਂ ਨਿਜਾਤ ਮਿਲਣ ਦੀ ਆਸ ਪੈਦਾ ਹੋ ਜਾਂਦੀ ਹੈ। ਹੌਲੀ-ਹੌਲੀ ਸੂਰਜ ਦਾ ਤਪ ਤੇਜ਼ ਹੁੰਦਾ ਜਾਂਦਾ ਹੈ। ਚੜ੍ਹਦਾ ਮਾਘ ਇੱਕ ਤਰ੍ਹਾਂ ਮੌਸਮੀ ਤਬਦੀਲੀ ਦਾ ਸੂਚਕ ਬਣਦਾ ਹੈ। ਲੋਕ ਠੰਢ ਤੋਂ ਅੱਕੇ ਪੲੇ ਹੁੰਦੇ ਹਨ। ਮਾਘ ਵਿੱਚ ਬਨਸਪਤੀ ਤੇ ਫ਼ਸਲਾਂ ਮੇਲ੍ਹਣ ਲੱਗਦੀਆਂ ਹਨ। ਅਸਮਾਨ ਵਿੱਚ ਇੱਲਾਂ, ਬਾਜ਼ ਤੇ ਹੋਰ ਪੰਛੀ ਉੱਡਦੇ ਨਜ਼ਰੀਂ ਪੈਂਦੇ ਹਨ। ਸਾਇਬੇਰੀਆ ਤੋਂ ਆਏ ਪਰਵਾਸੀ ਪੰਛੀ ਵੀ ਇਸ ਮਹੀਨੇ ਵਾਪਸ ਜਾਣ ਲਈ ਤਿਆਰੀਆਂ ਆਰੰਭ ਦਿੰਦੇ ਹਨ। ਕੁਦਰਤ ਦੇ ਇਹ ਅਣਮੋਲ ਤੇ ਅਣਭੋਲ ਜੀਵ ਕਈ ਵਾਰ ਸ਼ਿਕਾਰੀਆਂ ਦਾ ਸ਼ਿਕਾਰ ਵੀ ਬਣ ਜਾਂਦੇ ਪਰ ਹੁਣ ਲੋਕਾਂ ਵਿੱਚ ਕਿਸੇ ਹੱਦ ਤਕ ਜਾਗਰੂਕਤਾ ਆ ਗਈ ਹੈ ਤੇ ਲੋਕ ਇਨ੍ਹਾਂ ਪ੍ਰਤੀ ਹਮਦਰਦੀ ਵਾਲ ਵਤੀਰਾ ਰੱਖਣ ਲੱਗ ਪਏ ਹਨ। ਸਰ੍ਹੋਂ ਦੇ ਖੇਤ ਨਿਸਰਨ ਲੱਗਦੇ। ਦੂਰ-ਦੂਰ ਤਕ ਪੀਲੇ ਫੁੱਲ ਭਾਅ ਮਾਰਦੇ ਹਨ।

ਆਮ ਤੌਰ ’ਤੇ ਇਸ ਮਹੀਨੇ ਹੀ ਬਸੰਤ ਪੰਚਮੀ ਦਾ ਤਿਉਹਾਰ ਆਉਂਦਾ ਹੈ। ਇਸ ਨਾਲ ‘ਆਈ ਬਸੰਤ ਪਾਲਾ ਉਡੰਤ’ ਦਾ ਅਖਾਣ ਜੁੜਿਆ ਹੋਇਆ ਹੈ। ਵੇਦਾਂ ਵਿੱਚ ਇਸ ਦਾ ਸਬੰਧ ਸਰਸਵਤੀ ਨਾਲ ਵੀ ਜੋੜਿਆ ਜਾਂਦਾ ਹੈ। ਬਸੰਤ ਨੂੰ ਪੀਲੇ ਰੰਗ ਨਾਲ ਵੀ ਜੋੜਿਆ ਜਾਂਦਾ ਹੈ। ਬਸੰਤ ਪੰਚਮੀ ਵਾਲੇ ਦਿਨ ਹੀ ਵੀਰ ਹਕੀਕਤ ਰਾਏ ਦੀ ਲਾਹੌਰ ਵਿੱਚ ਸ਼ਹੀਦੀ ਹੋਈ ਸੀ, ਜਿਸ ਨੇ ਮੁਗਲ ਹਾਕਮਾਂ ਦੇ ਕਹਿਣ ’ਤੇ ਇਸਲਾਮ ਧਰਮ ਗ੍ਰਹਿਣ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਲਾਹੌਰ ਵਿੱਚ ਉਸ ਦੀ ਸਮਾਧ ’ਤੇ ਬਸੰਤ ਪੰਚਮੀ ਦਾ ਮੇਲਾ ਲੱਗਦਾ ਰਿਹਾ ਹੈ। ਮਾਲਵੇ ਦੇ ਪਟਿਆਲੇ ਅਤੇ ਮਾਝੇ ਵਿੱਚ ਛੇਹਰਟਾ ’ਚ ਵੀ ਬਸੰਤ ਪੰਚਮੀ ਦੇ ਮੇਲੇ ਭਰਦੇ ਹਨ। ਗੱਭਰੂ ਵਿਸ਼ੇਸ਼ ਤੌਰ ’ਤੇ ਪੀਲੇ ਰੰਗ ਦੀਆਂ ਪੱਗਾਂ ਬੰਨ੍ਹਦੇ ਅਤੇ ਮੁਟਿਆਰਾਂ ਦੁਪੱਟੇ ਲੈਂਦੀਆਂ ਹਨ। ਇਸੇ ਤਰ੍ਹਾਂ ਸ਼ਹਿਰਾਂ-ਪਿੰਡਾਂ ਵਿੱਚ ਲੋਕ ਬਸੰਤ ਪੰਚਮੀ ਵਾਲੇ ਦਿਨ ਪਤੰਗ ਚੜ੍ਹਾਉਂਦੇ ਹਨ। ਬਸੰਤ ਰੁੱਤ ਸਿਆਲ ਤੋਂ ਬਾਅਦ ਅਤੇ ਗਰਮੀ ਤੋਂ ਪਹਿਲਾਂ ਆਉਂਦੀ ਹੈ। ਇਹ ਰੁੱਤ ਵੱਡੀ ਹੋਣ ਕਰਕੇ ਇਸ ਨੂੰ ਰੁੱਤਾਂ ਦੀ ਰਾਣੀ ਮੰਨਿਆ ਜਾਂਦਾ ਹੈ। ਇੱਕ ਪੌਰਾਣਿਕ ਕਥਾ ਅਨੁਸਾਰ ਬਾਕੀ ਦੀਆਂ ਪੰਜ ਰੁੱਤਾਂ ਨੇ ਆਪਣੇ ਦੋ-ਦੋ ਮਹੀਨਿਆਂ ’ਚੋਂ ਬਸੰਤ ਨੂੰ ਅੱਠ-ਅੱਠ ਦਿਨ ਦੇ ਦਿੱਤੇ ਸਨ, ਜਿਸ ਨਾਲ ਰੁੱਤ ਦਾ ਰੁਤਬਾ ਵੱਡਾ ਹੋ ਗਿਆ। ਅਦਿ ਕਵੀ ਵਾਲਮੀਕਿ ਤੋਂ ਲੈ ਕੇ ਮਹਾਂਕਵੀ ਕਾਲੀਦਾਸ ਅਤੇ ਹੋਰ ਕਵੀਆਂ ਨੇ ਬਸੰਤ ਰੁੱਤ ਦਾ ਗੁਣਗਾਨ ਕੀਤਾ ਹੈ। ‘ਸਦਾ ਦੀਵਾਲੀ ਸਾਧ ਦੀ ਅੱਠੋ ਪਹਿਰ ਬਸੰਤ ਦੀ’ ਤੋਂ ਬਸੰਤ ਰੁੱਤ ਦੇ ਹੁਲਾਰਿਆਂ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਇਹ ਰੁੱਤ ਚੇਤ ਤੇ ਵਿਸਾਖ ਮਹੀਨੇ ਤਕ ਰਹਿੰਦੀ ਹੈ।
ਸੰਪਰਕ: 97819-78123

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All