ਸਰਕਾਰ ਤੇ ਸਿਹਤ ਵਿਭਾਗ ਦੇ ਹੁਕਮਾਂ ਮੁਤਾਬਕ ਹੁਣ ਕੋਵਿਡ-19 ਤਹਿਤ ਘਰ ਵਿੱਚ ਇਕਾਂਤਵਾਸ ਦੇ ਨਿਯਮਾਂ ਵਿੱਚ ਢਿੱਲ ਦਿੱਤੀ ਗਈ ਹੈ। ਹੁਣ ਕਰੋਨਾ ਟੈਸਟ ਲਈ ਸੈਂਪਲ ਦੇਣ ਸਮੇਂ ਹੀ ਹਰ ਵਿਅਕਤੀ ਮੌਕੇ ’ਤੇ ਸਹਿਮਤੀ ਫਾਰਮ ਤੇ ਸਵੈ-ਘੋਸ਼ਣਾ ਰਾਹੀਂ ਘਰ ਵਿੱਚ ਯੋਗ ਜਗ੍ਹਾ, ਸਿਹਤ ਜਾਂਚ ਅਤੇ ਆਪਣੇ ਕੇਅਰ-ਟੇਕਰ ਸਬੰਧੀ ਜਾਣਕਾਰੀ ਦੇ ਕੇ ਨਤੀਜਾ ਰਿਪੋਰਟ ਪਾਜ਼ੇਟਿਵ ਆਉਣ ’ਤੇ ਵੀ ਆਪਣੇ ਘਰ ਵਿੱਚ ਹੀ ਇਕਾਂਤਵਾਸ ਰਹਿ ਸਕੇਗਾ। ਆਏ ਦਿਨ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਸਪਤਾਲਾਂ ਅਤੇ ਕੋਵਿਡ ਕੇਅਰ ਸੈਂਟਰਾਂ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਆਡੀਓ-ਵੀਡੀਓਜ਼ ਨਾਲ ਲੋਕ ਕਰੋਨਾਵਾਇਰਸ ਪਾਜ਼ੇਟਿਵ ਹੋਣ ਤੋਂ ਨਹੀਂ ਸਗੋਂ ਪਾਜ਼ੇਟਿਵ ਆਉਣ ਤੋਂ ਬਾਅਦ ਆਈਸੋਲੇਸ਼ਨ ਵਾਰਡ ਵਿਚ ਜਾਣ ਤੋਂ ਜ਼ਿਆਦਾ ਘਬਰਾਹਟ ਤੇ ਡਰ ਵਿਚ ਨਜ਼ਰ ਆ ਰਹੇ ਹਨ। ਇਸ ਕਾਰਨ ਜ਼ਿਆਦਾਤਰ ਲੋਕ ਕਰੋਨਾ ਦਾ ਸੈਂਪਲ ਦੇਣ ਤੋਂ ਹੀ ਟਾਲਾ ਵੱਟਦੇ ਦਿਖਾਈ ਦੇ ਰਹੇ ਹਨ। ਮਰੀਜ਼ਾਂ ਦੇ ਇਕਾਂਤਵਾਸ ਨਿਯਮਾਂ ਵਿੱਚ ਕੀਤੀ ਸੋਧ ਤਹਿਤ ਹੁਣ ਹਸਪਤਾਲਾਂ ਅਤੇ ਆਈਸੋਲੇਸ਼ਨ ਵਾਰਡ ਵਿਚ ਜਾਣਾ ਪਾਬੰਦੀ ਨਹੀਂ ਹੋਵੇਗੀ ਪਰ ਇਸ ਦੇ ਸਿੱਟੇ ਵਜੋਂ ਹੁਣ ਸ਼ੱਕ ਦੂਰ ਕਰਨ ਲਈ ਆਪਣੇ ਪਰਿਵਾਰਕ ਮੈਂਬਰਾਂ ਅਤੇ ਕਰੀਬੀਆਂ ਦਾ ਜਲਦ ਤੋਂ ਜਲਦ ਨੇੜੇ ਦੇ ਫਲੂ ਕਾਰਨਰ ਤੇ ਕਰੋਨਾ ਸੈਂਪਲ ਕਰਵਾਉਣ ਦਾ ਰੁਝਾਨ ਜ਼ਰੂਰ ਵੱਧ ਜਾਵੇਗਾ ਜੋ ਕਿ ਸਮੇਂ ਦੀ ਲੋੜ ਵੀ ਹੈ। ਕਰੋਨਾ ਦੀ ਚੇਨ ਤੋੜਨ ਲਈ ਸਰਕਾਰਾਂ ਅਤੇ ਸਿਹਤ ਵਿਭਾਗ ਹਰ ਸੰਭਵ ਉਪਰਾਲਾ ਕਰਦੇ ਨਜ਼ਰ ਆ ਰਹੇ ਹਨ। ਬਿਨਾਂ ਭੇਦ-ਭਾਵ ਤੋਂ ਹਰ ਜ਼ਿਲੇ ਵਿਚ ਕਰੋਨਾ ਸੈਂਪਲ ਇਕੱਤਰ ਕਰਨ ਲਈ ਵੱਖ-ਵੱਖ ਫਲੂ ਕਾਰਨਰ ਸਥਾਪਿਤ ਕਰਨਾ, ਐਮਰਜੈਂਸੀ ਮਰੀਜ਼ਾਂ, ਕਿਸੇ ਆਪਰੇਸ਼ਨ ਜਾਂ ਗਰਭਵਤੀ ਔਰਤਾਂ ਲਈ ਕਰੋਨਾ ਨਤੀਜੇ ਜਲਦ ਹਾਸਲ ਕਰਨ ਹਿੱਤ ਅਧੁਨਿਕ ਮਸ਼ੀਨਾਂ ਦਾ ਪ੍ਰਬੰਧ, ਕਰੋਨਾ ਸੈਂਪਲਾਂ ਦੀ ਜਾਂਚ ਕਰਨ ਲਈ ਵੱਡੀ ਸਮਰੱਥਾ ਵਾਲੀਆਂ ਲੈਬਾਰਟਰੀਆਂ ਅਤੇ ਸਿੱਖਿਅਕ ਅਮਲਾ ਤਾਇਨਾਤ ਹੈ। ਲੋਕਾਂ ਦਾ ਕਰੋਨਾ ਸੈਂਪਲ ਨਾ ਦੇਣਾ ਅਤੇ ਦਿਨੋ-ਦਿਨ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਿੱਚ ਹੋ ਰਿਹਾ ਵਾਧਾ ਚਿੰਤਾ ਦਾ ਵਿਸ਼ਾ ਹੈ ਪਰ ਹੁਣ ਘਰ ਇਕਾਂਤਵਾਸ ਰਹਿਣ ਸਮੇਂ ਧਿਆਨ ਰੱਖਣਾ ਹੋਵੇਗਾ ਕਿ ਪਾਜ਼ੇਟਿਵ ਆਇਆ ਮਰੀਜ਼ ਬਜ਼ੁਰਗਾਂ, ਬੱਚਿਆਂ, ਗਰਭਵਤੀ ਔਰਤਾਂ ਅਤੇ ਪਹਿਲਾਂ ਕਿਸੇ ਬਿਮਾਰੀ ਨਾਲ ਜੂਝ ਰਹੇ ਵਿਅਕਤੀ ਦੇ ਨਜ਼ਦੀਕ ਨਾ ਹੀ ਜਾਵੇ, ਅਲੱਗ ਕਮਰੇ ਵਿੱਚ ਰਹੇ ਜਿਸ ਨਾਲ ਗੁਸਲਖਾਨਾ ਜੁੜਿਆ ਹੋਵੇ, ਕਮਰੇ ਦੀ ਰੋਜ਼ਾਨਾ ਸਫਾਈ ਹੋਵੇ, ਕਿਸੇ ਨਾਲ ਵੀ ਖਾਣ-ਪੀਣ ਦੀ ਵਰਤੋਂ ਵਾਲੇ ਭਾਂਡੇ, ਕੱਪੜੇ, ਤੋਲੀਆ ਤੇ ਬਿਸਤਰਾ ਵਗੈਰਾ ਸਾਂਝਾ ਨਾ ਕਰੇ, ਕਿਸੇ ਵੀ ਹਾਲਤ ਵਿੱਚ ਕਿਸੇ ਸਮਾਜਿਕ-ਧਾਰਮਿਕ ਇਕੱਠ ਵਿੱਚ ਸ਼ਾਮਲ ਨਾ ਹੋਵੇ। ਆਪਣੇ ਘਰ ਵਿਚ ਹੀ ਸੀਮਤ ਰਹੇ, ਮਾਸਕ ਪਹਿਨ ਕੇ ਰੱਖੇ ਅਤੇ ਵਾਰ-ਵਾਰ ਹੱਥ ਧੋਣਾ ਨਾ ਭੁੱਲੇ। ਸਿਹਤ ਜਾਂਚ ਟੀਮ ਨਾਲ ਰੋਜ਼ਾਨਾ ਤਾਲਮੇਲ ਕਰਕੇ ਆਪਣੀ ਸਿਹਤ ਜਾਂਚ ਯਕੀਨੀ ਬਣਾਏ ਵਿਟਾਮਿਨ-ਸੀ-ਜ਼ਿੰਕ ਦੀ ਖੁਰਾਕ ਅਤੇ ਆਪਣੀ ਡਾਈਟ ਡਾਕਟਰਾਂ ਦੇ ਦੱਸੇ ਅਨੁਸਾਰ ਹੀ ਲਵੇ। ਜੇਕਰ ਖਾਂਸੀ-ਬੁਖਾਰ ਜਾਂ ਸਾਹ ਲੈਣ ’ਚ ਮੁਸ਼ਕਲ ਆਉਂਦੀ ਹੈ ਤਾਂ ਤੁਰੰਤ ਜ਼ਿਲ੍ਹਾ ਸਿਹਤ ਸੰਸਥਾ ਜਾਂ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਘਰ ਇਕਾਂਤਵਾਸ ਕੀਤੇ ਵਿਅਕਤੀ ਦਾ ਫਾਲੋਅੱਪ ਗਠਿਤ ਟੀਮਾਂ ਵੱਲੋਂ ਫੋਨ ਅਤੇ ਨਿੱਜੀ ਤੌਰ ’ਤੇ ਕੀਤਾ ਜਾਵੇਗਾ। ਜੇਕਰ ਦੌਰੇ ਦੌਰਾਨ ਟੀਮ ਨੂੰ ਲੱਗਦਾ ਹੈ ਕਿ ਵਿਅਕਤੀ ਦੁਆਰਾ ਸਵੈ-ਘੋਸ਼ਣਾ ਜਾਂ ਸਹਿਮਤੀ ਫਾਰਮ ਵਿੱਚ ਦਰਸਾਏ ਅਨੁਸਾਰ ਘਰ ਵਿੱਚ ਮੌਜੂਦ ਸਹੂਲਤਾਂ ਤੇ ਪ੍ਰਬੰਧ ਯੋਗ ਨਹੀ ਹਨ ਤਾਂ ਮਰੀਜ਼ ਵਿਅਕਤੀ ਨੂੰ ਆਈਸੋਲੇਸ਼ਨ ਸੁਵਿਧਾ ਵਿੱਚ ਭੇਜ ਦਿੱਤਾ ਜਾਵੇਗਾ। ਘਰ ਇਕਾਂਤਵਾਸ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਸਖਤੀ ਕਰਦਿਆਂ ਹੁਣ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਜੁਰਮਾਨਾ 2000 ਰੁਪਏ ਕਰ ਦਿੱਤਾ ਹੈ। ਇਸ ਲਈ ਘਰ ਇਕਾਂਤਵਾਸ ਵਿੱਚ ਰਹਿੰਦਿਆਂ ਕਦੇ ਵੀ ਅਵੇਸਲੇ ਨਾ ਹੋਵੋ ਅਤੇ ਕਰੋਨਾਵਾਇਰਸ ਨੂੰ ਗੰਭੀਰਤਾ ਨਾਲ ਲਓ। ਦੂਸਰਿਆਂ ਤੋਂ ਸਮਾਜਿਕ ਦੂਰੀ ਬਣਾ ਕੇ ਰੱਖੋ, ਕਿਉਂਕਿ ਇਹ ਛੂਤ ਦੀ ਬਿਮਾਰੀ ਹੈ ਤੇ ਲਾਗ ਨਾਲ ਫੈਲਦੀ ਹੈ। ਅਫਵਾਹਾਂ ਤੇ ਗਲਤ ਧਾਰਨਾਵਾਂ ਦਾ ਖੰਡਨ ਕਰੋ ਅਤੇ ਸਹੀ ਜਾਣਕਾਰੀ ਹਾਸਲ ਕਰਨ ਲਈ ਸਰਕਾਰੀ ਐਪ ਜਾਂ ਹੈਲਪਲਾਈਨ ਨੰਬਰ ਹੀ ਵਰਤੋਂ ਵਿੱਚ ਲਿਆਓ।
ਡਾ.ਪ੍ਰਭਦੀਪ ਸਿੰਘ ਚਾਵਲਾ,ਬੀ.ਈ.ਈ
ਮੀਡੀਆ ਇੰਚਾਰਜ ਕੋਵਿਡ-19
ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਫ਼ਰੀਦਕੋਟ
ਸੰਪਰਕ: 9814656247