DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭੁੱਲ ਚੁੱਕ ਮੁਆਫ਼

ਸੌਦਾ ਲੈਣ ਲਈ ਮੈਂ ਨੇੜਲੀ ਕਰਿਆਨੇ ਦੀ ਦੁਕਾਨ ’ਤੇ ਜਾ ਪਹੁੰਚਿਆ। ਜਦੋਂ ਦੁਕਾਨ ਦਾ ਕਾਮਾ ਸੌਦਾ ਪਾ ਰਿਹਾ ਸੀ ਤਾਂ ਮੈਂ ਦੁਕਾਨ ਦੇ ਮਾਲਕ ਨਾਲ ਗੱਲੀਂ ਪੈ ਗਿਆ ਤੇ ਇਸੇ ਗੱਲਬਾਤ ਦੌਰਾਨ ਮੈਂ ਸੌਦੇ ਦੇ ਪੈਸੇ ਦੇਣੇ ਭੁੱਲ ਗਿਆ। ਸੌਦਾ...

  • fb
  • twitter
  • whatsapp
  • whatsapp
Advertisement

ਸੌਦਾ ਲੈਣ ਲਈ ਮੈਂ ਨੇੜਲੀ ਕਰਿਆਨੇ ਦੀ ਦੁਕਾਨ ’ਤੇ ਜਾ ਪਹੁੰਚਿਆ। ਜਦੋਂ ਦੁਕਾਨ ਦਾ ਕਾਮਾ ਸੌਦਾ ਪਾ ਰਿਹਾ ਸੀ ਤਾਂ ਮੈਂ ਦੁਕਾਨ ਦੇ ਮਾਲਕ ਨਾਲ ਗੱਲੀਂ ਪੈ ਗਿਆ ਤੇ ਇਸੇ ਗੱਲਬਾਤ ਦੌਰਾਨ ਮੈਂ ਸੌਦੇ ਦੇ ਪੈਸੇ ਦੇਣੇ ਭੁੱਲ ਗਿਆ। ਸੌਦਾ ਚੁੱਕਣ ਵੇਲੇ ਨਾ ਮੈਨੂੰ ਯਾਦ ਆਇਆ, ਨਾ ਕਾਮੇ ਨੂੰ ਤੇ ਨਾ ਹੀ ਦੁਕਾਨ ਦੇ ਮਾਲਕ ਨੂੰ। ਮੈਂ ਸੌਦਾ ਚੁੱਕਿਆ ਤੇ ਖੇਤਾਂ ਵੱਲ ਹੋ ਤੁਰਿਆ। ਅੱਧੇ ਕੁ ਰਾਹ ਗਿਆ ਤਾਂ ਮੈਨੂੰ ਚੇਤਾ ਆਇਆ ਕਿ ਪੈਸੇ ਤਾਂ ਮੈਂ ਦਿੱਤੇ ਹੀ ਨਹੀਂ। ਪਰ ਸਰਦੀ ਕਰਕੇ ਵਾਪਸ ਮੁੜਨ ਨੂੰ ਮਨ ਵੀ ਨਾ ਕੀਤਾ। ਸੋਚਿਆ ਕੱਲ੍ਹ ਨੂੰ ਦੇ ਦੇਵਾਂਗਾ।

ਘਰ ਜਾ ਕੇ ਸੌਦਾ ਰੱਖਿਆ ਤਾਂ ਮਨ ਵਿੱਚ ਬੇਚੈਨੀ ਜਿਹੀ ਮਹਿਸੂਸ ਹੋਈ। ਮੈਂ ਉਸ ਦੁਕਾਨਦਾਰ ਦਾ ਪੱਕਾ ਗਾਹਕ ਨਹੀਂ ਸੀ। ਕਦੇ ਕਦੇ ਦੂਜੇ ਜਾਂ ਤੀਜੇ ਮਹੀਨੇ ਕੋਈ ਥੋੜ੍ਹਾ ਬਹੁਤ ਸਾਮਾਨ ਖਰੀਦ ਲੈਂਦਾ ਸੀ। ਉਹ ਮੈਨੂੰ ਸਿਰਫ਼ ਪਛਾਣਦਾ ਸੀ। ਨਾ ਉਸ ਕੋਲ ਮੇਰੇ ਘਰ ਦਾ ਪਤਾ ਸੀ ਤੇ ਨਾ ਹੀ ਮੇਰਾ ਸੰਪਰਕ।

Advertisement

ਯਕਦਮ ਖਿਆਲ ਆਇਆ ਕਿ ਅੱਜ ਕੱਲ੍ਹ ਦੁਕਾਨਦਾਰਾਂ ਨਾਲ ਬਹੁਤ ਠੱਗੀਆਂ ਵੱਜ ਰਹੀਆਂ ਹਨ। ਲੋਕ ਦੁਕਾਨਦਾਰਾਂ ਨੂੰ ਝਾਂਸਾ ਦੇ ਕੇ ਸਾਮਾਨ ਖਰੀਦਦੇ ਹਨ ਤੇ ਤਿੱਤਰ ਹੋ ਜਾਂਦੇ ਹਨ। ਕਿਤੇ ਇਹ ਦੁਕਾਨਦਾਰ ਵੀ ਮੈਨੂੰ ਅਜਿਹਾ ਹੀ ਨਾ ਸਮਝ ਬੈਠੇ। ਫਿਰ ਮੈਨੂੰ ਇੱਕ ਦੁਕਾਨ ਦੇ ਸ਼ੀਸ਼ੇ ਉੱਪਰ ਅਜਿਹੇ ਹੀ ਠੱਗ ਗਾਹਕ ਦੀ ਲੱਗੀ ਫੋਟੋ ਵੀ ਯਾਦ ਆਈ ਜੋ ਦੁਕਾਨ ਤੋਂ ਸੌਦਾ ਖਰੀਦ ਕੇ ਨੌਂ ਦੋ ਗਿਆਰਾਂ ਹੋ ਗਿਆ ਸੀ। ਦੁਕਾਨਦਾਰ ਨੇ ਕੈਮਰੇ ਦੀ ਰਿਕਾਰਡਿੰਗ ਵਿੱਚੋਂ ਉਸ ਦੀ ਫੋਟੋ ਕਢਵਾ ਕੇ ਦੁਕਾਨ ਦੇ ਸ਼ੀਸ਼ੇ ’ਤੇ ਚਿਪਕਾ ਦਿੱਤੀ ਸੀ। ਪੁਲੀਸ ਕੋਲ ਰਿਪੋਰਟ ਵੀ ਕੀਤੀ ਸੀ। ਉਸ ਦੁਕਾਨਦਾਰ ਨੇ ਸਾਮਾਨ ਦੇ ਪੈਸੇ ਮਿਲਣ ਮਗਰੋਂ ਵੀ ਠੱਗ ਗਾਹਕ ਦੀ ਫੋਟੋ ਇਸ ਲਈ ਨਹੀਂ ਲਾਹੀ ਕਿ ਆਉਂਦਿਆਂ ਜਾਂਦਿਆਂ ਨੂੰ ਸਬਕ ਮਿਲਦਾ ਰਹੇ।

Advertisement

ਮਨ ਵਿੱਚ ਖਿਆਲ ਆਇਆ ਕਿ ਜੇ ਮੇਰੀ ਤਸਵੀਰ ਤੇ ਵੀਡੀਓ ਵੀ ਦੁਕਾਨਦਾਰ ਨੇ ਇਧਰ-ਉਧਰ ਸਾਂਝੀ ਕਰ ਦਿੱਤੀ ਫਿਰ? ਯਕਦਮ ਦੁਕਾਨ ਵੱਲ ਹੋ ਤੁਰਿਆ। ਮੇਰੀ ਸਕੂਟਰੀ ਦੁਕਾਨ ਦੇ ਬਾਹਰ ਰੁਕੀ ਤਾਂ ਦੁਕਾਨ ’ਤੇ ਕੰਮ ਕਰਦੇ ਲੜਕੇ ਨੇ ਮੈਨੂੰ ਵੇਖ ਕੇ ਸੁਖ ਦਾ ਸਾਹ ਲਿਆ। ਸਾਫ ਦਿਸ ਰਿਹਾ ਸੀ ਕਿ ਦੁਕਾਨਦਾਰ ਨੇ ਮੇਰੀ ਅਣਗਹਿਲੀ ਲਈ ਨੌਕਰ ਨੂੰ ਕਾਫੀ ਡਾਂਟਿਆ ਸੀ ਤੇ ਸੌਦੇ ਦੇ ਪੈਸੇ ਉਸ ਦੀ ਤਨਖ਼ਾਹ ’ਚੋਂ ਕੱਟਣ ਦਾ ਦਬਕਾ ਵੀ ਮਾਰਿਆ ਲੱਗਦਾ ਸੀ। ਹਾਲਾਤ ਦਾ ਜਾਇਜ਼ਾ ਲੈ ਕੇ ਮੈਨੂੰ ਅਹਿਸਾਸ ਹੋਇਆ ਕਿ ਸਚਮੁੱਚ ਜੇਕਰ ਮੈਂ ਹੋਰ ਕੁਝ ਚਿਰ ਨਾ ਆਉਂਦਾ ਤਾਂ ਉਹੀ ਭਾਣਾ ਵਾਪਰ ਜਾਣਾ ਸੀ। ਦੁਕਾਨਦਾਰ ਦੇ ਹੱਥਾਂ ਵਿੱਚ ਫੋਨ ਸੀ ਤੇ ਉਹ ਕੈਮਰਾ ਰਿਕਾਰਡਿੰਗ ਵੇਖ ਰਿਹਾ ਸੀ।

ਉਸ ਦੇ ਆਲੇ ਦੁਆਲੇ ਘੁਸਰ ਮੁਸਰ ਕਰ ਰਹੇ ਤਿੰਨ-ਚਾਰ ਬੰਦੇ ਮੈਨੂੰ ਦੇਖਦੇ ਸਾਰ ਸ਼ਾਂਤ ਹੋ ਗਏ ਸਨ। ਮੈਂ ਅਗਾਂਹ ਵਧ ਕੇ ਕਿਹਾ, ‘‘ਵੀਰ ਜੀ! ਗੱਲਾਂ ਗੱਲਾਂ ਵਿੱਚ ਪੈਸੇ ਦੇਣੇ ਭੁੱਲ ਗਿਆ ਸੀ।’’ ਦੁਕਾਨਦਾਰ ਨੇ ਮੇਰੀਆਂ ਅੱਖਾਂ ਤੋਂ ਫੋਨ ਲੁਕਾਉਂਦਿਆਂ ਆਖਿਆ, ‘‘ਹਾਂ ਜੀ ਹਾਂ ਜੀ। ਮੈਂ ਵੀ ਲੜਕੇ ਨੂੰ ਇਹੀ ਆਖ ਰਿਹਾ ਸੀ ਕਿ ਸਰਦਾਰ ਸਾਹਿਬ ਪੈਸੇ ਦੇਣੇ ਭੁੱਲ ਗਏ ਜਾਪਦੇ ਹਨ। ਕੋਈ ਗੱਲ ਨਹੀਂ। ਪੈਸੇ ਘਰ ਵਿੱਚ ਹੀ ਹਨ।’’

ਦੁਕਾਨ ’ਤੇ ਖੜ੍ਹੇ ਲੋਕਾਂ ’ਚੋਂ ਇੱਕ ਨੇ ਬੜੀ ਸੰਜੀਦਗੀ ਨਾਲ ਆਖਿਆ, ‘‘ਲਓ ਜੀ! ਪਿਛਲੇ ਹਫ਼ਤੇ ਮੇਰੇ ਭਰਾ ਨੇ ਖਾਦ ਤੇ ਦਵਾਈ ਦੇ ਪੈਸੇ ਦੁਕਾਨਦਾਰ ਦੇ ਸਕੈਨਰ ਵਿੱਚ ਪਾ ਦਿੱਤੇ। ਕੱਲ੍ਹ ਹੋਰ ਸਾਮਾਨ ਲੈਣ ਗਿਆ ਤਾਂ ਅੱਗੋਂ ਦੁਕਾਨਦਾਰ ਗੁੱਸੇ ’ਚ ਆਖਣ ਲੱਗਾ, ‘‘ਪਹਿਲਾਂ ਪਿਛਲੇ ਪੈਸੇ ਦੇ ਕੇ ਜਾਓ। ਇਹ ਤੁਹਾਡੇ ਮਾਮੇ ਦੀ ਦੁਕਾਨ ਨਹੀਂ ਹੈ।’’ ਜਦੋਂ ਭਰਾ ਨੇ ਦੁਕਾਨਦਾਰ ਨੂੰ ਮੋਬਾਈਲ ਵਿੱਚ ਭੇਜੇ ਪੈਸਿਆਂ ਦਾ ਮੈਸੇਜ ਦਿਖਾਇਆ ਤਾਂ ਉਹ ਦੁਕਾਨਦਾਰ ਸ਼ਰਮਿੰਦਾ ਹੋ ਗਿਆ ਤੇ ਮੁਆਫੀ ਮੰਗਣ ਲੱਗਿਆ। ਪਰ ਮੇਰੇ ਭਰਾ ਨੇ ਤਾਂ ਹੁਣ ਉਸ ਦੀ ਦੁਕਾਨ ’ਤੇ ਕਦੇ ਨਾ ਜਾਣ ਦਾ ਫ਼ੈਸਲਾ ਲੈ ਲਿਆ। ਸਿਆਣਿਆ ਆਖਿਆ ਹੈ ਕਿ ਤੀਰ ਕਮਾਨ ਵਿੱਚੋਂ ਅਤੇ ਬੋਲ ਜ਼ੁਬਾਨ ਵਿੱਚੋਂ ਨਿਕਲਿਆ ਵਾਪਸ ਨਹੀਂ ਮੁੜਦਾ।

ਮੈਂ ਉਸ ਦੇ ਬੋਲਾਂ ਤੋਂ ਪਿੱਠ ਪਿੱਛੇ ਹੋਈ ਵਾਰਤਾ ਦਾ ਨਿਚੋੜ ਕੱਢ ਲਿਆ ਸੀ ਪਰ ਭੁਲੇਖਾ ਮੈਨੂੰ ਲੱਗਾ ਸੀ। ਇਸ ਵਿੱਚ ਉਨ੍ਹਾਂ ਦਾ ਕੋਈ ਦੋਸ਼ ਨਹੀਂ ਸੀ। ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕਾਂ ਮਾਰ ਮਾਰ ਕੇ ਪੀਂਦਾ ਹੈ। ਮੈਂ ਪੈਸੇ ਅਦਾ ਕੀਤੇ ਤੇ ਘਰ ਵੱਲ ਚੱਲ ਪਿਆ।

ਸੰਪਰਕ: 84377-00852

Advertisement
×