ਸੈਰ-ਸਫ਼ਰ

ਸਮੁੰਦਰ ਦੇ ਧੀਆਂ-ਪੁੱਤ

ਸਮੁੰਦਰ ਦੇ ਧੀਆਂ-ਪੁੱਤ

ਸਤਪਾਲ ਭੀਖੀ

ਵਿਜੈਵਾੜਾ ਰੇਲਵੇ ਸਟੇਸ਼ਨ ’ਤੇ ਉਤਰ ਕੇ ਮਸਾਂ ਚਾਰ ਕਦਮ ਪੁੱਟੇ ਹੋਣਗੇ ਕਿ ਇਕ ਅੱਧਖੜ ਉਮਰ ਦੇ ਵਿਅਕਤੀ ਨੇ ਮੇਰਾ ਬੈਗ ਖਿੱਚ ਲਿਆ।

‘‘ਕੌਣ?’’ ਮੈਂ ਪੁੱਛਿਆ।

‘‘ਤਿਰੂਪਤੀ ਰਾਓ!’’ ਉਹ ਬੋਲਿਆ।

‘‘ਤੁਸੀਂ ਮੈਨੂੰ ਤੇ ਮੇਰੇ ਡੱਬੇ ਨੂੰ ਕਿਵੇਂ ਪਛਾਣ ਲਿਆ?’’

ਉਸ ਨੇ ਤੇਲਗੂ ਤੇ ਹਿੰਦੀ ਦੇ ਮਿਲਗੋਭੇ ’ਚੋਂ ਸਿਰਜੀ ਭਾਸ਼ਾ ਰਾਹੀਂ ਕਿਹਾ,

‘‘ਸਤਾਰ੍ਹਾਂ ਸਾਲ ਫ਼ੌਜ ’ਚ ਸਰਵਿਸ ਕੀਤੀ ਹੈ। ਕਾਰਗਿਲ, ਸਿਆਚਿਨ, ਰਾਜਸਥਾਨ ’ਚ ਏਸ ਅੱਖ ਦੇ ਕਮਾਲ ਨਾਲ ਹੀ ਜੀਵਿਆ ਹਾਂ। ਬਾਰਡਰ ’ਤੇ ਅੱਖਾਂ ਹੀ ਪਛਾਣਦੀਆਂ ਨੇ ਸਭ ਕੁਝ।’’

ਦਰਅਸਲ ਤਿਰੂਪਤੀ ਰਾਓ ਮੇਰੇ ਮਿੱਤਰ ਕਹਾਣੀਕਾਰ ਭੁਪਿੰਦਰ ਫੌਜੀ ਦਾ ਦੋਸਤ ਹੈ। ਉਸ ਨੂੰ ਪਤਾ ਸੀ ਕਿ ਮੈਂ ਵਿਜੈਵਾੜਾ ਵਿਚ ਬਾਲ ਦਿਵਸ ਮੌਕੇ ਕਿਸੇ ਸਮਾਗਮ ’ਚ ਆਉਣਾ ਹੈ। ਉਸ ਨੇ ਬੜੇ ਪਿਆਰ ਨਾਲ ਆਪਣੇ ਪਿੰਡ ਨੰਦੀ ਰਾਜੂ ਟੋਟਾ (ਵਿਜੈਵਾੜਾ ਤੋਂ 80 ਕਿਲੋਮੀਟਰ ਦੂਰ) ਆਉਣ ਦਾ ਸੱਦਾ ਦਿੱਤਾ ਸੀ। ਰਾਓ ਆਪਣੇ ਚਚੇਰੇ ਭਰਾ ਨਾਲ ਸਾਨੂੰ ਲੈਣ ਆਇਆ ਸੀ। ਰੇਲਗੱਡੀ ਚਾਰ ਘੰਟੇ ਲੇਟ ਸੀ। ਅਸੀਂ ਫ਼ਿਕਰ ਤੇ ਮਾਯੂਸੀ ਨਾਲ ਭਰੇ ਹੋਏ ਸਾਂ, ਪਰ ਉਸ ਦੀ ਮੁਸਕਾਨ ਤੇ ਫੁਰਤੀ ਨੇ ਸਾਡੀ ਥਕਾਵਟ ਲਾਹ ਦਿੱਤੀ ਸੀ। ਰਾਓ ਨੇ ਮਜ਼ਾਕ ਕੀਤਾ, ‘‘ਤੁਸੀਂ ਏਸ ਵਕਤ ਆਂਧਰਾ ਵਿਚ ਸਭ ਤੋਂ ਵੱਖਰੇ ਹੋ!’’

‘‘ਉਹ ਕਿਵੇਂ?’’ ਮੈਂ ਹੈਰਾਨ ਹੋਇਆ।

‘‘ਇੱਥੇ ਗਰਮੀ ਬਹੁਤ ਹੈ। ਕਿਸੇ ਵੀ ਵਿਅਕਤੀ ਨੇ ਗਰਮ ਕੱਪੜੇ ਨਹੀਂ ਪਹਿਨੇ ਹੋਏ, ਪਰ ਤੁਸੀਂ ਕੋਟੀ ਪਹਿਨੀ ਹੋਈ ਹੈ। ਇਸੇ ਲਈ ਲੋਕ ਤੁਹਾਨੂੰ ਉਤਸੁਕਤਾ ਨਾਲ ਦੇਖ ਰਹੇ ਹਨ।’’ ਪੰਜਾਬ ਦੇ ਮੌਸਮ ’ਚੋਂ ਇੱਥੇ ਪਹੁੰਚ ਮੈਨੂੰ 5 ਮਿੰਟ ਵੀ ਨਾ ਲੱਗੇ ਕਿ ਮੈਂ ਕੋਟੀ ਉਤਾਰ ਦਿੱਤੀ। ਵੱਖਰੀ ਭਾਸ਼ਾ, ਵੱਖਰੇ ਲੋਕ, ਵੱਖਰਾ ਪਹਿਰਾਵਾ, ਵੱਖਰਾ ਖਾਣ-ਪੀਣ, ਜਿਵੇਂ ਕਿਸੇ ਹੋਰ ਮੁਲਕ ਵਿਚ ਆ ਗਏ ਹੋਈਏ।

ਇਸ ਤੋਂ ਪਹਿਲਾਂ ਕਿ ਅਸੀਂ ਚਾਹ ਮੰਗਦੇ, ਉਸ ਨੇ ਸਾਨੂੰ ਨਾਰੀਅਲ ਪਾਣੀ ਪੇਸ਼ ਕੀਤਾ।

‘‘ਪੀਓ, ਸਾਰੀ ਅਕਾਵਟ-ਥਕਾਵਟ ਉਤਰ ਜਾਵੇਗੀ।’’

ਰਾਹ ਵਿਚ ਸਾਨੂੰ ਕੋਈ ਵੀ ਬੋਰਡ ਸਮਝ ਨਹੀਂ ਸੀ ਆ ਰਿਹਾ। ਮੈਂ ਸੁਭਾਵਿਕ ਪੁੱਛਿਆ, ‘‘ਤੁਹਾਡੀ ਲਿੱਪੀ ਕਾਫ਼ੀ ਔਖੀ ਲੱਗਦੀ ਹੈ?’’

ਉਹ ਮਜ਼ਾਹ ਦੇ ਮੂਡ ਵਿਚ ਸੀ, ਬੋਲਿਆ, ‘‘ਨਹੀਂ ਜੀ, ਤੁਸੀਂ ਮੁਰਗੀ ਦੇ ਅੰਡੇ ਤੋੜਦੇ ਜਾਓ, ਇਕ ਕਤਾਰ ਵਿਚ ਧਰਦੇ ਜਾਓ, ਤੇਲਗੂ ਸ਼ਬਦ ਬਣਨੇ ਸ਼ੁਰੂ ਹੋ ਜਾਣਗੇ।’’ ਮੈਨੂੰ ਤੇਲਗੂ ਭਾਸ਼ਾ ਦੀ ਬਣਾਵਟ ਉਵੇਂ ਦੀ ਹੀ ਲੱਗਣ ਲੱਗੀ। ਮੈਂ ਹੈਰਾਨ ਸਾਂ ਕਿ ਇਕ ਬੰਦਾ ਜੋ ਅੱਠ ਘੰਟੇ ਪਹਿਲਾਂ ਘਰੋਂ ਤੁਰਿਆ, ਪੰਜ ਘੰਟਿਆਂ ਤੋਂ ਸਾਡੀ ਉਡੀਕ ਕਰ ਰਿਹਾ ਹੈ, ਅੱਗੇ ਤਿੰਨ ਘੰਟਿਆਂ ਦੇ ਹਨੇਰ ਸਫ਼ਰ ਤੋਂ ਬਾਅਦ 12 ਵਜੇ ਘਰ ਪੁੱਜੇਗਾ ਤੇ ਫੇਰ ਸਾਡੀ ਸੇਵਾ ਵਿਚ ਸ਼ਾਮਿਲ ਹੋਵੇਗਾ, ਉਹ ਫਿਰ ਵੀ ਇੰਨਾ ਖ਼ੁਸ਼ ਹੈ। ਚੁੱਪ ਹੋਏ ਵਕਤ ਨੂੰ ਚਿਤਾਰਦਿਆਂ ਉਹ ਫਿਰ ਬੋਲਿਆ, ‘‘ਤੁਹਾਡੇ ਆਉਣ ਦੀ ਮੈਨੂੰ ਬੇਹੱਦ ਖ਼ੁਸ਼ੀ ਹੈ ਕਿਉਂਕਿ ਮੈਨੂੰ ਪੰਜਾਬ ਨਾਲ ਪਿਆਰ ਹੈ। ਮੈਂ ਉੱਥੇ ਚਾਰ ਸਾਲ ਸਰਵਿਸ ਕੀਤੀ ਹੈ। ਜੋ ਰਾਹ ਗੁਰੂਆਂ ਨੇ ਦੱਸਿਆ ਹੈ। ਉਸ ਵਰਗਾ ਰਾਹ ਕਿਤੇ ਹੋਰ ਨਹੀਂ। ਮੇਰੇ ਕੋਲ ਹਿੰਦੀ ’ਚ ਇਕ ਕਿਤਾਬ ਹੈ, ਗੁਰੂ ਗੋਬਿੰਦ ਸਿੰਘ ਜੀ ਦੀ। ਮੈਂ ਉਸ ਨੂੰ ਪੜ੍ਹਦਾ ਹਾਂ ਜੋੜ-ਜੋੜ ਕੇ। ਕਿਸੇ ਵੀ ਧਰਮ ਵਿਚ ਅਜਿਹੀ ਕੁਰਬਾਨੀ, ਮਨੁੱਖਤਾ ਪ੍ਰਤੀ ਪਿਆਰ, ਮੈਂ ਨਹੀਂ ਦੇਖਿਆ ਪੜ੍ਹਿਆ। ਉੱਥੋਂ ਦੇ ਲੋਕ ਪਤਾ ਨਹੀਂ ਕਿਉਂ ਗੁਰੂ ਦੀ ਗੱਲ ਸਮਝ ਨਹੀਂ ਰਹੇ ਸਗੋਂ ਉਲਟ ਚਲਦੇ ਹਨ। ਮੈਂ ਕੋਸ਼ਿਸ਼ ਕਰ ਰਿਹਾਂ ਕਿ ਉਨ੍ਹਾਂ ਦੀ ਗੱਲ ਅਪਣਾਈ ਜਾਵੇ।’’

‘‘ਤੁਹਾਨੂੰ ਕੁਝ ਕਿਤਾਬਾਂ ਮੈਂ ਭੇਜਾਂਗਾ।’’ ਮੇਰੀ ਇਹ ਗੱਲ ਸੁਣ ਕੇ ਉਸ ਦੀ ਖ਼ੁਸ਼ੀ ਹੋਰ ਵਧ ਗਈ। ਹਨੇਰੇ ’ਚ ਕਿਤਿਓਂ ਲਿਸ਼ਕ ਪੈਂਦੀ ਹੈ। ਸਾਈਨ ਬੋਰਡ ’ਤੇ ‘ਨੰਦੀ ਰਾਜੂ ਟੋਟਾ’ ਪੜ੍ਹਿਆ ਭਾਵ ਰਾਓ ਦੇ ਪਿੰਡ ਦਾ ਨਾਂ। ਮੈਂ ਪੁੱਛਦਾ ਹਾਂ, ‘‘ਇਸ ਦਾ ਕੀ ਮਤਲਬ ਹੈ?’’

‘‘ਨੰਦੀ ਗਾਂ ਦਾ ਨਾਂ ਹੈ। ਸੁਣਦੇ ਹਾਂ ਕਿ ਇਕ ਰਾਜਾ ਯਾਤਰਾ ਦੌਰਾਨ ਇੱਥੇ ਕੁਝ ਦਿਨ ਰੁਕਿਆ ਸੀ। ਉਸ ਨੇ ਇੱਥੇ ਇਕ ਖੂਹ ਲਵਾਇਆ। ਉਸ ਦਾ ਪਾਣੀ ਬੜਾ ਮਿੱਠਾ ਨਿਕਲਿਆ। ਜਾਂਦਾ ਹੋਇਆ ਰਾਜਾ ਖੂਹ ਸਮੇਤ ਕੁਝ ਸਹੂਲਤਾਂ ਦੇ ਗਿਆ। ਹੌਲ਼ੀ ਹੌਲ਼ੀ ਇਹ ਨਾਂ ਪੈ ਗਿਆ।’’

ਅਸੀਂ ਗੱਲਾਂ ਕਰਦੇ ਪਿੰਡ ਪਹੁੰਚ ਗਏ। ਬੰਗਾਲ ਘਾਟੀ ਦੇ ਸਮੁੰਦਰ ਕਿਨਾਰੇ ਵਸਿਆ, ਤਹਿਸੀਲ ਬਾਪਟਲਾ ਜ਼ਿਲ੍ਹਾ ਗੁੰਟੂਰ ਦਾ ਰਮਣੀਕ ਪਿੰਡ।

ਆਲੇ-ਦੁਆਲੇ ਨਿੱਕੇ ਨਿੱਕੇ ਘਰ। ਹਰ ਘਰ ਦੇ ਅੰਦਰ-ਬਾਹਰ ਫੁੱਲਾਂ, ਬੂਟਿਆਂ ਰੁੱਖਾਂ ਦੀ ਲਹਿਰ ਬਹਿਰ। ਕਿਤੇ ਕਿਤੇ ਸੌਂ ਰਹੇ ਪੰਛੀਆਂ ਦੀ ਆਵਾਜ਼। ਫੁੱਲਾਂ ਦੀ ਖੁਸ਼ਬੂ ਨਾਲ ਮਹਿਕਦਾ ਘਰ। ਅਸੀਂ ਨਿੱਕੇ ਜਿੰਨੇ, ਪਰ ਮਨ ਮੋਹਣ ਵਾਲੇ ਘਰ ਅੰਦਰ ਵੜਨ ਲੱਗੇ ਤਾਂ ਰਾਓ ਦੀ ਪਤਨੀ ਨੇ ਸਾਨੂੰ ਰੋਕ ਦਿੱਤਾ। ਉਸ ਦੀ ਗੱਲ ਸਮਝ ਨਾ ਆਈ ਤਾਂ ਰਾਓ ਨੇ ਕਿਹਾ, ‘‘ਗੁੱਸਾ ਨਾ ਕਰਿਓ, ਪਹਿਲਾਂ ਆਪਣੇ ਜੁੱਤੇ ਉਤਾਰੋ, ਸਾਫ਼ ਪਾਣੀ ਨਾਲ ਪੈਰ ਧੋਵੇ, ਫਿਰ ਅੰਦਰ ਜਾਓ। ਜੇਕਰ ਇੰਝ ਹੀ ਜਾਵੋਗੇ ਤਾਂ ਸਫ਼ਰ ਦੀਆਂ ਸੈਆਂ ਇੱਲ-ਬਲਾਵਾਂ ਨਾਲ ਹੀ ਅੰਦਰ ਲੰਘ ਜਾਂਦੀਆਂ ਨੇ।’’ ਅਸੀਂ ਪੈਰ ਧੋ, ਸਾਫ਼ ਕਰ ਅੰਦਰ ਲੰਘਣ ਲੱਗੇ ਤਾਂ ਨਾਲ ਦੀ ਨਾਲ ਇਕ ਹੋਰ ਨਸੀਹਤ, ‘‘ਦੇਹਲੀ ਉੱਤੇ ਪੈਰ ਨਹੀਂ ਧਰਨੇ, ਨਾ ਹੀ ਪੈਰ ਟਕਰਾਉਣ ਦੇਣਾ ਹੈ। ਅਸੀਂ ਦੇਹਲੀ ਦੀ ਪੂਜਾ ਕਰਦੇ ਹਾਂ।’’ ਅਸੀਂ ਤਿੰਨਾਂ (ਪਤਨੀ ਨਰਿੰਦਰਪਾਲ ਕੌਰ, ਬੇਟੀ ਸੀਰਤਪਾਲ) ਨੇ ਇੰਝ ਹੀ ਕੀਤਾ। ਦੇਹਲੀ ਸੰਧੂਰੀ ਰੰਗ ਨਾਲ ਸ਼ਿੰਗਾਰੀ ਹੋਈ। ਵਿਚ ਫੁੱਲ ਬੂਟੀਆਂ ਪਾਈਆਂ ਹੋਈਆਂ। ਫਿਰ ਅਗਲੇ ਦਿਨਾਂ ’ਚ ਘਰ ਅੰਦਰ ਅਸੀਂ ਨੰਗੇ ਪੈਰੀਂ ਹੀ ਰਹੇ। ਘਰ ਬਾਹਰ ਨਿੱਕੀ ਜਿਹੀ ਵਾੜੀ ਜਿਸ ’ਚੋਂ ਉਗਾਈਆਂ ਸਬਜ਼ੀਆਂ, ਸੇਮ ਫਲੀ, ਬੈਂਗਣ ਆਦਿ ਅਤੇ ਨਾਰੀਅਲ ਤੋਂ ਤਿਆਰ ਚਟਨੀ ਪਰੋਸੀ ਜਾਂਦੀ। ਖਾਂਦੇ, ਜਿਵੇਂ ਸੰਜੀਵਨੀ ਮਿਲੀ ਹੋਵੇ। ਖਾਣਾ ਚਾਂਦੀ ਦੇ ਭਾਂਡਿਆਂ ਵਿਚ ਪਰੋਸਿਆ ਗਿਆ। ਇਹ ਉਨ੍ਹਾਂ ਦਾ ਮਹਿਮਾਨਾਂ ਪ੍ਰਤੀ ਡੁੱਲ੍ਹ ਡੁੱਲ੍ਹ ਪੈਂਦਾ ਆਦਰ ਸੀ। ਘਰ ਵਿਚ ਸਹਿਜ ਤੇ ਸਾਦਗੀ ਦੀ ਹਵਾ ਵਗ ਰਹੀ ਸੀ।

ਸਵੇਰੇ ਜਾਗੇ ਤਾਂ ਟਹਿਕਦੇ ਫੁੱਲਾਂ ਅਤੇ ਗਾਉਂਦੇ ਪੰਛੀਆਂ ਨੇ ਸਾਡਾ ਸਵਾਗਤ ਕੀਤਾ। ਮੈਂ ਰਾਓ ਦਾ ਖੇਤ ਦੇਖਣਾ ਚਾਹੁੰਦਾ ਸੀ। ਉਸ ਨੇ ਨੰਗੇ ਪੈਰੀਂ ਚੱਲਣ ਦੀ ਤਾਕੀਦ ਕੀਤੀ। ਨਾ ਚਾਹੁੰਦਿਆਂ ਵੀ ਮੈਂ ਨੰਗੇ ਪੈਰੀਂ ਗਿਆ।

‘‘ਜਿੱਥੋਂ ਰਿਜ਼ਕ ਮਿਲਦਾ ਹੈ, ਉਸ ਥਾਂ ਦਾ ਨਿਰਾਦਰ ਨਾ ਕਰੋ। ਨਿੱਕੇ ਹੁੰਦਿਆਂ ਇਸੇ ਜ਼ਮੀਨ ਨੇ ਸਾਨੂੰ ਭੋਜਨ ਦਿੱਤਾ।’’ ਇਹ ਰਾਓ ਦਾ ਤਰਕ ਸੀ। ਦੂਰ ਤੱਕ ਤਾੜੀ, ਨਾਰੀਅਲ, ਖਜੂਰ ਦੇ ਰੁੱਖ ਝੂਮ ਰਹੇ ਸਨ। ਹਰਾ ਝੋਨਾ ਸੋਨੇ ਰੰਗਾ ਹੋ ਰਿਹਾ ਸੀ। ਨਹਿਰੀ ਪਾਣੀ ਉਪਲੱਬਧ ਸੀ। ਕੋਈ ਬੋਰ ਨਹੀਂ ਸੀ, ਮੋਟਰ ਨਹੀਂ ਸੀ। ਤਲਾਬਾਂ ਦਾ ਪਾਣੀ ਵਰਤੋਂ ’ਚ ਆਉਂਦਾ ਸੀ। ਬਰਸਾਤ ਦੇ ਪਾਣੀ ਦਾ ਸਦਉਪਯੋਗ ਕੀਤਾ ਜਾਂਦਾ ਸੀ। ਰਾਓ ਦੀ ਦੋ ਏਕੜ ਜ਼ਮੀਨ ਵਿਚ ਤਾੜੀ ਦੇ ਰੁੱਖ ਲਹਿਰਾ ਰਹੇ ਸਨ। ਉਸ ਨੇ ਦੱਸਿਆ ਕਿ ਤਾੜੀ ਜਾਂ ਇਸ ਜਾਤੀ ਦੇ ਰੁੱਖ ਲੋਕਾਂ ਦੀ ਜਾਨ ਹਨ। ਇਨ੍ਹਾਂ ਦੀਆਂ ਜੜ੍ਹਾਂ ਖਾਣ ਵਿਚ ਵਧੀਆ ਲੱਗਦੀਆਂ ਹਨ। ਪੱਤਿਆਂ ਨੂੰ ਤੋੜ ਕੇ ਮਿੱਟੀ ਵਿੱਚ ਦੱਬ ਦਿੱਤਾ ਜਾਂਦਾ ਹੈ। ਇੰਝ ਇਹ ਪੱਤੇ ਹੋਰ ਫੈਲਦੇ ਹਨ ਤੇ ਫਿਰ ਇਹ ਝੌਂਪੜੀਆਂ ਬਣਾਉਣ ਦੇ ਕੰਮ ਆਉਂਦੇ ਹਨ। ਤਾੜੀ ਦੀ ਵਧੀਆ ਸ਼ਰਾਬ ਬਣਦੀ ਹੈ। ਇਸ ਨੂੰ ਉਹ ਕੱਲੂ ਕਹਿੰਦੇ ਹਨ। ਵਾਰੰਗਲ (ਤੇਲਗਾਨਾ) ਦੀ ਤਾੜੀ ਕਾਫ਼ੀ ਪ੍ਰਸਿੱਧ ਹੈ। ਰਾਓ ਨੇ ਤਾੜੀ ਦੇ ਪੁਰਸ਼ ਅਤੇ ਨਾਰੀ ਰੁੱਖਾਂ ਦੇ ਵਖਰੇਵੇਂ ਬਾਰੇ ਜਾਣਕਾਰੀ ਦਿੱਤੀ। ਇਨ੍ਹਾਂ ਰੁੱਖਾਂ ’ਤੇ ਚੜ੍ਹਨਾ ਸੌਖਾ ਨਹੀਂ ਹੁੰਦਾ। ਇਸ ਦੀ ਕੱਟ-ਵੱਢ ਲਈ ਵਰਤੇ ਜਾਣ ਵਾਲੇ ਸੰਦ ਕਾਫ਼ੀ ਖ਼ਤਰਨਾਕ ਹੁੰਦੇ ਹਨ। ਇਨ੍ਹਾਂ ਰੁੱਖਾਂ ਦੀਆਂ ਟਾਹਣੀਆਂ ਤੋਂ ਬਣੇ ਰੱਸਿਆਂ ਨੂੰ ਕੱਟਿਆ ਤਾਂ ਜਾ ਸਕਦਾ ਹੈ, ਪਰ ਤੋੜਿਆ ਨਹੀਂ ਜਾ ਸਕਦਾ।

ਨੇੜੇ ਵਗਦੇ ਖਾਲ਼ ਕੋਲ ਹੱਡਾਂ ਦੀ ਮੁੱਠ ਬਣਿਆ ਇਕ ਬਜ਼ੁਰਗ ਰੁੱਖ-ਪੱਤੀਆਂ ਦਾ ਬਣਿਆ ਜਾਲ ਪਾਣੀ ਵਿਚ ਸੁੱਟੀ ਬੈਠਾ ਸੀ। ਇੱਥੇ ਛੋਟੀਆਂ ਛੋਟੀਆਂ ਮੱਛੀਆਂ ਉਪਲੱਬਧ ਹੁੰਦੀਆਂ ਹਨ। ਰਾਤ ਤੋਂ ਹੁਣ ਤੱਕ ਕੋਈ ਵੀ ਮੱਛੀ ਉਸ ਦੇ ਹੱਥ ਨਹੀਂ ਲੱਗੀ। ਪਰ ਉਸ ਦੇ ਝੁਰੜੀਆਂ ਭਰੇ ਚਿਹਰੇ ਤੋਂ ਜਲੌਅ ਤੇ ਉਡੀਕ ਝਲਕ ਰਹੇ ਸਨ। ਮੈਨੂੰ ਹੈਮਿੰਗਵੇ ਦੇ ਨਾਵਲ ‘ਬੁੱਢਾ ਅਤੇ ਸਮੁੰਦਰ’ ਦਾ ਪਾਤਰ ਸਾਂਤਿਆਗੋ ਯਾਦ ਆ ਗਿਆ।

ਰਾਓ ਨੇ ਪਤੇ ਦੀ ਗੱਲ ਦੱਸੀ, ‘‘ਆਂਧਰਾ ਵਿਚ ਜ਼ਿਆਦਾਤਰ ਬਜ਼ੁਰਗ ਜੋੜੇ ਪਰਿਵਾਰ ਤੋਂ ਅਲੱਗ ਰਹਿੰਦੇ ਹਨ। ਰਾਓ ਦਾ ਪਿਤਾ ਬਜ਼ੁਰਗ ਹੈ, 75 ਸਾਲਾਂ ਦਾ, ਪਰ ਅਲੱਗ ਰਹਿੰਦਾ ਹੈ। ਉਸ ਨੇ ਜ਼ਮੀਨ ਸਭਨਾਂ ਨੂੰ ਬਰਾਬਰ ਵੰਡੀ ਹੋਈ ਹੈ (ਧੀਆਂ ਨੂੰ ਵੀ) ਇਕ ਹਿੱਸਾ ਖ਼ੁਦ ਰੱਖਿਆ ਹੋਇਆ ਹੈ। ਉਹਦੇ ’ਤੇ ਬੁਢਾਪੇ ਦਾ ਪ੍ਰਭਾਵ ਹੈ। ਫਿਰ ਵੀ ਉਸ ਦਾ ਅਹਿਦ ਹੈ ਕਿ ਜਦ ਤਕ ਹੱਡਾਂ ’ਚ ਜਾਨ ਹੈ ਆਪਣਾ ਕੰਮ ਕਰੇਗਾ ਤੇ ਖਾਵੇਗਾ। ਉਸ ਨੂੰ ਚਾਅ ਸੀ ਕਿ ਕੋਈ ਪੰਜਾਬ ਤੋਂ ਉਸ ਦੇ ਪੁੱਤ ਨੂੰ ਮਿਲਣ ਆਇਆ ਹੈ।’’ ਦੁਪਹਿਰ ਦੇ ਭੋਜਨ ਵਿਚ ਉਹ ਉਚੇਚੇ ਤੌਰ ’ਤੇ ਨਿੱਕੀਆਂ ਮੱਛੀਆਂ ਆਪਣੇ ਹੱਥ ਨਾਲ ਤਲ ਕੇ ਲਿਆਇਆ ਸੀ।

ਰਾਓ ਦੀ ਬੇਟੀ ਲਿਖਿਤਾ ਨੇ ਅੱਜ ਆਪਣੇ ਕਾਲਜ ਜਾਣਾ ਸੀ, ਪਰ ਇਸ ਲਈ ਨਹੀਂ ਗਈ ਕਿ ਬੇਟੀ ਸੀਰਤ ਦਾ ਕੋਈ ਹੋਰ ਸੰਗੀ ਨਹੀਂ ਸੀ। ਉਨ੍ਹਾਂ ਦੋਵਾਂ ਨੇ ਆਪਣੀ ਦੁਨੀਆਂ ਨੂੰ ਸਾਜਣਾ ਸ਼ੁਰੂ ਕਰ ਦਿੱਤਾ।

ਹਵਾ ਪਾਣੀ ਤੇ ਸਫ਼ਾਈ ਪ੍ਰਤੀ ਉਹ ਜਨੂੰਨੀ ਹਨ। ਉਸ ਨੇ ਘਰ ਦੇ ਕੋਨੇ ’ਚ ਕੁਝ ਜਗ੍ਹਾ ਕੱਚੀ ਰੱਖੀ ਹੋਈ ਹੈ। ਬਰਸਾਤ ਦਾ ਪਾਣੀ ਉੱਥੇ ਇਕੱਠਾ ਹੋ ਜਾਂਦਾ ਹੈ। ਧਰਤੀ ’ਚ ਸਮਾ ਜਾਂਦਾ ਹੈ। ਲੋਕ ਘਰ ਦਾ 25 ਫ਼ੀਸਦੀ ਹਿੱਸਾ ਕੱਚਾ ਰੱਖਦੇ ਹਨ। ਇੰਝ ਹੀ ਖੇਤਾਂ ਵਿਚ ਨਿੱਕੇ-ਨਿੱਕੇ ਟੋਏ ਹਨ। ਉਹ ਮਾਣ ਨਾਲ ਕਹਿੰਦਾ ਹੈ, ‘‘ਸਾਡੇ ਤਾਲਾਬ ਸਾਡੇ ਪੁਰਖੇ ਹਨ। ਇਹ ਸਾਨੂੰ ਕਦੇ ਨਿਰਾਸ਼ ਨਹੀਂ ਕਰਦੇ। ਮੁੱਖ ਮੰਤਰੀ ਨਾਇਡੂ ਨੇ ਖੇਤਾਂ ਵਿਚ ਟੋਏ-ਤਾਲਾਬ ਬਣਾਉਣ ਦੇ ਪ੍ਰਾਜੈਕਟ ਸ਼ੁਰੂ ਕੀਤੇ ਤਾਂ ਜੋ ਉਨ੍ਹਾਂ ਦੀ ਢੁਕਵੀਂ ਵਰਤੋਂ ਕੀਤੀ ਜਾਵੇ।’’ ਰਾਓ ਬੋਲ ਰਿਹਾ ਸੀ। ਮੈਂ ਹੈਰਾਨ ਸਾਂ ਕਿ ਸਮੁੰਦਰ ਕੰਢੇ ਵਸਿਆ ਇਹ ਪਿੰਡ ਪਾਣੀ ਬਾਰੇ ਕਿੰਨਾ ਸੁਚੇਤ ਹੈ। ਇਕ ਇਕ ਬੂੰਦ ਬਚਾਉਣ ਲਈ ਸੁਚੇਤ ਹਾਲਾਂਕਿ ਇੱਥੇ 10-15 ਫੁੱਟ ’ਤੇ ਪਾਣੀ ਉਪਲੱਬਧ ਹੈ। ਮੇਰਾ ਸਿਰ ਝੁਕ ਗਿਆ। ਕਿੱਥੇ ਅਸੀਂ ਹਾਂ ਜੋ ਬੰਜਰ ’ਚੋਂ ਵੀ ਪਾਣੀ ਚੂਸਣੀਆਂ ਮਸ਼ੀਨਾਂ ਲਾ ਰੱਖੀਆਂ ਹਨ।

ਇੱਥੇ ਵਿਅਕਤੀਗਤ ਆਜ਼ਾਦੀ ਨੂੰ ਕਾਫ਼ੀ ਤਰਜੀਹ ਦਿੱਤੀ ਜਾਂਦੀ ਹੈ। ਮੁੰਡੇ ਦਾ ਵਿਆਹ ਹੁੰਦਿਆਂ, ਮਾਪੇ ਅਲੱਗ ਰਹਿਣ ਲੱਗਦੇ ਹਨ। ਮੁੰਡੇ-ਕੁੜੀ ਦਾ ਪਿੰਡ ਵਿਚ ਵੀ ਵਿਆਹ ਹੋ ਜਾਂਦਾ ਹੈ। ਜਿਸ ਘਰ ਅਸੀਂ ਰਹੇ, ਉਨ੍ਹਾਂ ਬੱਚਿਆਂ ਦੇ ਨਾਨਕੇ ਵੀ ਇਸ ਪਿੰਡ ਵਿਚ ਹੀ ਸਨ। ਜੇ ਜਾਤ ਇਕ ਹੈ ਤਾਂ ਮੁੰਡਾ ਕੁੜੀ ਦੀ ਪਸੰਦ ਦਾ ਵਿਆਹ ਆਸਾਨੀ ਨਾਲ ਹੋ ਜਾਂਦਾ ਹੈ। ਪਿੰਡ ਦੀਆਂ ਗਲ਼ੀਆਂ 90 ਡਿਗਰੀ ਦੇ ਕੋਣ ’ਤੇ ਇਕ ਦੂਜੇ ਨੂੰ ਕੱਟਦੀਆਂ ਹਨ। ਘਰਾਂ ਅੱਗੇ ਰੁੱਖ ਹੀ ਰੁੱਖ, ਕੰਧਾਂ ਤਾਂ ਦਿਸਦੀਆਂ ਹੀ ਨਹੀਂ। ਲਿੰਗ ਭੇਦ ਦੀ ਕੋਈ ਸਮੱਸਿਆ ਨਹੀਂ। ਅਸੀਂ ਨੋਟ ਕੀਤਾ ਕਿ ਰਾਓ ਪਰਿਵਾਰ ਨੇ ਜੋ ਚੀਜ਼ਾਂ-ਵਸਤਾਂ ਬੇਟੇ ਲਈ ਖਰੀਦੀਆਂ ਹਨ, ਬੇਟੀ ਲਈ ਵੀ ਬਰਾਬਰ-ਬਰਾਬਰ ਖਰੀਦੀਆਂ ਹੋਈਆਂ ਸਨ। ਜਦ ਜਾਇਦਾਦ, ਸਹੂਲਤਾਂ ਤੇ ਆਜ਼ਾਦੀ ਬਰਾਬਰ-ਬਰਾਬਰ ਹੈ ਤੇ ਫਿਰ ਲਿੰਗ ਭੇਦ ਕਿਸ ਨਾਲ ਗੱਲ ਹੋਵੇਗਾ?

ਦੂਜੇ ਦਿਨ ਦੀ ਸ਼ਾਮ ਸਮੁੰਦਰ ਨੂੰ ਮਿਲਣ ਦੀ ਸੀ। ਰਾਤ ਦੇ ਸੰਨਾਟੇ ’ਚ ਸਮੁੰਦਰ ਦੀ ਸ਼ੂਕ ਹੁਣ ਵੀ ਸਾਡੇ ਜ਼ਿਹਨ ਅੰਦਰ ਜਾਗ ਰਹੀ ਸੀ। ਪਰ ਦਿਨੇ ਵਧੇ ਸ਼ੋਰ ਵਿਚ ਗੁਆਚ ਗਈ ਸੀ। ਸੰਖੇਪ ਸਫ਼ਰ ਤੋਂ ਬਾਅਦ ਅਸੀਂ ਸਮੁੰਦਰ ਦੇ ਕੰਢੇ ਸੀ। ਛੱਲਾਂ ਜਿਵੇਂ ਹੱਥ ਮਾਰ ਕੇ ਬੁਲਾ ਰਹੀਆਂ ਹੋਣ। ਸੁਰੀਆਲੰਕਾ ਬੀਚ ਦਾ ਸ਼ਾਨਦਾਰ ਦ੍ਰਿਸ਼। ਜਿੰਨਾ ਵਿਸ਼ਾਲ ਸਮੁੰਦਰ, ਓਨਾ ਹੀ ਵਿਸ਼ਾਲ ਪੇਂਡੂ ਲੋਕਾਂ ਦਾ ਇਕੱਠ। ਇਹ ਦਿਨ ਇਨ੍ਹਾਂ ਲੋਕਾਂ ਲਈ ਖ਼ਾਸ ਹਨ। ਲੱਛਮੀ ਮਾਤਾ ਦੀ ਪੂਜਾ, ਆਈਅੱਪਾ ਦੀ ਪੂਜਾ, ਸ਼ਿਵ ਪੂਜਾ, ਲੋਕ ਦੂਰੋਂ ਆ ਜਲਦੇਵ ਦੀ ਪੂਜਾ ਕਰਦੇ ਹਨ। ਕਈ ਔਰਤਾਂ ਨੇ ਰੇਤ ਇਕੱਠੀ ਕਰ, ਉਸ ’ਤੇ ਸੰਧੂਰ ਛਿੜਕਿਆ ਹੋਇਆ ਸੀ ਅਤੇ ਹੋਰ ਨਿੱਕ-ਸੁੱਕ ਰੱਖ ਕੇ ਪੂਜਾ ਕੀਤੀ ਜਾ ਰਹੀ ਸੀ। ਜਿਨ੍ਹਾਂ ਦੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ, ਉਹ ਵਾਲ਼ ਕਟਾ ਦਿੰਦੀਆਂ ਹਨ।

ਮੇਰਾ ਧਿਆਨ ਵਾਰ-ਵਾਰ ਦੂੁਰ ਤੱਕ ਫੈਲੀਆਂ ਲਹਿਰਾਂ ’ਤੇ ਜਾਂਦਾ ਹੈ। ਢਲਦਾ ਸੂਰਜ ਪਾਣੀ ਵਿਚ ਲਹਿ ਰਿਹਾ ਹੈ। ਪਾਣੀ ਕਿੰਨੇ ਹੀ ਰੰਗ ਬਦਲਦਾ ਵੱਖਰੀ ਕਿਸਮ ਦਾ ਤਲਿਸਮ ਸਿਰਜ ਰਿਹਾ ਹੈ। ਕਿੰਨੀਆਂ ਕਵਿਤਾਵਾਂ, ਗੀਤ ਮੇਰੇ ਅੰਤਰੀਵ ਵਿਚ ਸਿਰਜਣਾ ਲਈ ਅੰਗੜਾਈ ਲੈ ਰਹੇ ਹਨ। ਲਹਿਰਾਂ ਦੇ ਨਾਲ ਲਹਿਰਾਂ ਬਣੇ ਬੱਚੇ, ਜਵਾਨ ਪੂਰੇ ਉਮਾਹ ’ਚ ਹਨ। ਪਾਣੀ ’ਤੇ ਦੌੜਦੀਆਂ ਕਿਸ਼ਤੀਆਂ ਸੈਨਤਾਂ ਮਾਰ ਰਹੀਆਂ ਹਨ।

ਸਮੁੰਦਰ ਕੰਢੇ ਵਸਦੇ ਉਨ੍ਹਾਂ ਲੋਕਾਂ ਦਾ ਖਾਣਾ ਪੀਣਾ, ਨੱਚਣ-ਗਾਉਣ ਬਿਲਕੁਲ ਵੱਖਰਾ ਸੀ। ਭਾਂਤ-ਸੁਭਾਂਤੀਆਂ ਮਠਿਆਈਆਂ, ਤਾੜੀ ਦੇ ਰੁੁੱਖ ਦੀਆਂ ਜੜ੍ਹਾਂ ਤੋਂ ਬਣੀਆਂ ਚੀਜ਼ਾਂ, ਪੁੰਗੂ, ਵਾਡਲਾ, ਵੜਾ ਪਾਵ, ਸੁੱਕੀ ਮੱਛੀ ਦੀਆਂ ਅਨੇਕ ਕਿਸਮਾਂ ਭੁੱਖੇ ਢਿੱਡਾਂ ਨੂੰ ਸੱਦਾ ਦੇ ਰਹੀਆਂ ਸਨ।

ਸਮੁੰਦਰ ਕੰਢੇ ਜ਼ਿਆਦਾਤਰ ਲੋਕ ਧਾਰਮਿਕ ਸ਼ਰਧਾ ਵਾਲੇ ਸਨ। ਇਕ ਦ੍ਰਿਸ਼ ਮੈਂ ਕ੍ਰਿਸ਼ਨਾ ਬੰਨ੍ਹ ਵਿਜੈਵਾੜਾ ਵਿਖੇ ਵੀ ਦੇਖਿਆ। ਮਾਤਾ ਦੇ ਭਗਤ ਕਾਲੇ ਕੱਪੜਿਆਂ ’ਚ ਸਜੇ ਹਮਲਾਵਰਾਂ ਵਾਂਗ ਅੱਗੇ ਵਧ ਰਹੇ ਸਨ। ਇਨ੍ਹਾਂ ਨੇ ਸੁੱਖ-ਸ਼ਾਂਤੀ ਤੇ ਮੰਨਤ ਵਾਸਤੇ 50 ਦਿਨਾਂ ਦਾ ਵਰਤ ਰੱਖਿਆ ਹੋਇਆ ਸੀ। ਇਹ ਕਾਲ਼ੇ ਵਸਤਰ ਵੀ ਪੰਜਾਹ ਦਿਨ ਹੀ ਰਹਿਣਗੇ।

ਸ਼ਿਵ ਭਗਤ 50 ਦਿਨ ਲਾਲ ਕੱਪੜੇ ਧਾਰਨ ਕਰ ਕੇ ਰੱਖਦੇ ਹਨ। ਇਨ੍ਹਾਂ ਵਿਚ ਸਾਂਝੀ ਮਾਨਤਾ ਇਹ ਹੈ ਕਿ ਦਸ ਸਾਲ ਤੋਂ ਲੈ ਕੇ 50 ਸਾਲ ਤੱਕ ਦੀਆਂ ਔਰਤਾਂ ਇਹ ਵਰਤ ਨਹੀਂ ਰੱਖ ਸਕਦੀਆਂ ਕਿਉਂਕਿ ਇਹ ਸਮਾਂ ਉਨ੍ਹਾਂ ਦੀ ਮਾਂਹਵਾਰੀ ਦਾ ਹੁੰਦਾ ਹੈ।

ਇਕ ਗੱਲ ਜੇ ਸਾਂਝੀ ਨਾ ਕਰਦਾ ਤਾਂ ਦਿਲ ’ਚ ਰਹਿ ਜਾਣੀ ਸੀ। ਨੰਦੀ ਰਾਜੂ ਟੋਟਾ ਤੋਂ ਵਾਪਸ ਆਉਣ ਲੱਗਿਆਂ ਮੈਂ ਰਾਓ ਨੂੰ ਪੁੱਛਿਆ, ‘‘ਤੁਸੀਂ ਸਾਡੇ ਲਈ ਰੋਜ਼ਾਨਾ ਘਰ ਅੱਗੇ ਰੰਗੋਲੀ ਬਣਾਉਂਦੇ ਰਹੇ, ਇਹ ਬਹੁਤ ਵਧੀਆ ਲੱਗੀ। ਸੁੰਦਰ, ਮਨਮੋਹਕ, ਦਿਲਕਸ਼।’’

‘‘ਨਹੀਂ, ਨਹੀਂ, ਇਹ ਤੁਹਾਨੂੰ ਏਸ ਪਿੰਡ ’ਚ ਹਰ ਘਰ ਅੱਗੇ ਮਿਲੇਗੀ। ਇਹ ਕੁਦਰਤ ਦਾ ਸਵਾਗਤ ਹੈ, ਮਹਿਮਾਨ ਦਾ ਸਵਾਗਤ ਹੈ।’’ ਰਾਓ ਨੇ ਖ਼ੁਸ਼ੀ ਖ਼ੁਸ਼ੀ ਕਿਹਾ।

‘‘ਇਹ ਖ਼ੁਸ਼ੀ, ਇਹ ਸਵਾਗਤ ਹਰ ਥਾਂ, ਹਮੇਸ਼ਾ ਹਮੇਸ਼ਾ ਬਣਿਆ ਰਹੇ।’’ ਮੈਂ ਜਵਾਬ ਦਿੱਤਾ ਤੇ ਅਸੀਂ ਤਿਰੁਪਤੀ ਰਾਓ ਪਰਿਵਾਰ ਤੋਂ ਵਿਦਾਈ ਲੈ, ਵਾਪਸੀ ਦਾ ਸਫ਼ਰ ਸ਼ੁਰੂ ਕਰ ਦਿੱਤਾ।

ਸੰਪਰਕ: 98761-55530

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All