ਸਮਾਜਿਕ ਵੈਕਸੀਨ ਫੇਸ ਮਾਸਕ ਅਤੇ ਕੋਵਿਡ ਮਹਾਮਾਰੀ

ਸਮਾਜਿਕ ਵੈਕਸੀਨ ਫੇਸ ਮਾਸਕ ਅਤੇ ਕੋਵਿਡ ਮਹਾਮਾਰੀ

ਡਾ. ਕਰਨਜੀਤ ਸਿੰਘ

1918-20 ਸਪੈਨਿਸ਼ ਫਲੂ ਮਹਾਮਾਰੀ ਤੋਂ ਕੌਣ ਵਾਕਫ਼ ਨਹੀਂ ਹੈ? ਪਰ ਇਸ ਬਾਰੇ ਵਧੇਰੇ ਜਾਣਕਾਰੀ ਕੋਵਿਡ-19 ਮਹਾਮਾਰੀ ਦੀ ਦਸਤਕ ਤੋਂ ਬਾਅਦ ਸਾਡੇ ਸਾਹਮਣੇ ਪ੍ਰਤੱਖ ਹੋਈ। ਇਨ੍ਹਾਂ ਦੋਵੇਂ ਕਰੋਪੀਆਂ ਨੇ ਕਿਸੇ ਵੱਡੇ-ਛੋਟੇ, ਅਮੀਰ-ਗਰੀਬ, ਤਕੜੇ-ਮਾੜੇ, ਅਵਾਮ ਅਤੇ ਨੇਤਾ ਨੀਤੀਵਾਣ ਇਥੋਂ ਤੱਕ ਕਿ ਕਰੋਨਾ ਯੋਧਿਆਂ ਦੇ ਵਿਚਕਾਰ ਕੋਈ ਵੀ ਭੇਦਭਾਵ ਨਹੀਂ ਕੀਤਾ, ਸਾਰਿਆਂ ਨੂੰ ਹੀ ਲਤਾੜਿਆ। ਇਕ ਸਦੀ ਪਹਿਲੇ ਦੇ ਵਸੀਲੇ ਅਤੇ ਮੈਡੀਕਲ ਸਹੂਲਤਾਂ ਅੱਜ ਦੇ ਮੁਕਾਬਲੇ ਬਹੁਤ ਘੱਟ ਸਨ ਪਰ ਹੁਣ ਅਸੀਂ ਕੋਵਿਡ-19 ਨੂੰ ਮਾਤ ਦੇਣ ਵਿਚ ਸ਼ਾਇਦ ਬਹੁਤਾ ਸਮਾਂ ਨਾ ਲਾਈਏ। ਇਸ ਨੂੰ ਹਰਾਉਣ ਵਿਚ ਲੜਾਈ ਨੂੰ ਸਮਰਪਿਤ ਫਰੰਟ ਲਾਈਨ ਵਰਕਰ, ਮੈਡੀਕਲ ਅਤੇ ਪੈਰਾ ਮੈਡੀਕਲ ਯੋਧੇ ਆਪਣੀਆਂ ਜਾਨਾਂ ਦੀਆਂ ਪ੍ਰਵਾਹ ਕੀਤੇ ਬਗੈਰ ਬਿਨਾਂ ਹਥਿਆਰਾਂ ਤੋਂ ਲੜ ਕੇ ਵੀ ਇਸ ਨੂੰ ਠੱਲਣ ਵਿਚ ਕਾਮਯਾਬ ਹੋ ਜਾਣਗੇ। ਇਸ ਨੂੰ ਨੱਥ ਪਾਉਣ ਵਾਸਤੇ ਹਰ ਵਿਅਕਤੀ ਅਤੇ ਵਿਅਕਤੀ ਵਿਸ਼ੇਸ਼ ਨੂੰ ਵੀ ਯੁੱਧ ਦੇ ਮੈਦਾਨ ਵਿਚ ਉਤਰਣਾ ਹੋਵੇਗਾ।

ਦੁਨੀਆਂ ਭਰ ਦੇ ਤਕਰੀਬਨ 200 ਤੋਂ ਵੱਧ ਮੁਲਕਾਂ ਦੀ ਆਬਾਦੀ ਇਸ ਪੀੜਾ ’ਚੋਂ ਨਿਕਲਣ ਦੀ ਕੋਸ਼ਿਸ਼ ਵਿਚ ਹੈ। ਨਿਤ ਦਿਨ ਵੱਧ ਰਹੇ ਕੇਸਾਂ ਅਤੇ ਮੌਤਾਂ ਦਾ ਖੇਡ ਇਕ ਤਾਂਡਵ ਲੱਗ ਰਿਹਾ ਹੈ। ਇਹ ਪਹਿਲਾਂ ਮੌਕਾ ਹੈ ਕਿ ਕੁਝ ਮੁਲਕਾਂ ਨੂੰ ਛੱਡ ਕੇ ਹਰ ਦੇਸ਼ ਇਕ ਦੂਸਰੇ ਦੇ ਮੋਢੇ ਨਾਲ ਮੋਢਾ ਮਿਲਾ ਕੇ ਇਸ ਮਹਾਮਾਰੀ ਨੂੰ ਹਰਾਉਣਾ ਚਾਹੁੰਦਾ ਹੈ। ਕੋਵਿਡ ਵੈਕਸੀਨ ਦੀ ਆਮਦ ਨੂੰ ਵੀ ਬੜੀ ਤੀਬਰਤਾ ਨਾਲ ਵੇਖਿਆ ਜਾ ਰਿਹਾ ਹੈ। ਬਹੁ-ਕਰੋੜੀ ਮਲਟੀ ਨੈਸ਼ਨਲ ਕੰਪਨੀਆਂ ਇਸ ਨੂੰ ਸਭ ਤੋਂ ਪਹਿਲਾਂ ਬਨਾਉਣ ਦੀ ਕੋਸ਼ਿਸ਼ ਵਿਚ ਜੁਟੀਆਂ ਹੋਈਆਂ ਹਨ। ਵਿਸ਼ਵ ਸਿਹਤ ਸੰਸਥਾ ਮੁਤਾਬਕ 160 ਦੇ ਕਰੀਬ ਕੰਪਨੀਆਂ ਅਤੇ ਦਾਅਵੇਦਾਰ ਇਸ ਨੂੰ ਸਭ ਤੋਂ ਪਹਿਲਾਂ ਮਾਰਕੀਟ ਵਿਚ ਲਿਆਉਣ ਲਈ ਜੁਟੇ ਹੋਏ ਹਨ। ਮੰਤਵ ਭਾਵੇਂ ਕੋਵਿਡ-19 ਨੂੰ ਠੱਲ ਪਾਉਣ ਜਾਂ ਰੋਕਣ ਦਾ ਹੈ ਪਰ ਇਸ ਤਰ੍ਹਾਂ ਦੀ ਦੌੜ ਪਿੱਛੇ ਮੁਨਾਫ਼ਾਖੋਰੀ ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ। ਭਾਰਤ ਵੀ ਆਪਣੇ ਮੁਲਕ ਦੀਆਂ ਨਿੱਜੀ ਅਤੇ ਪਬਲਿਕ ਸੈਕਟਰ ਕੰਪਨੀਆਂ ਨੂੰ ਹੱਲਾਸ਼ੇਰੀ ਦੇ ਰਿਹਾ ਹੈ ਤਾਂ ਜੋ ਇਸ ਦੌੜ ਵਿਚ ਸ਼ਾਮਲ ਰਿਹਾ ਜਾ ਸਕੇ। ਪਿਛਲੇ ਦਿਨਾਂ ਵਿਚ ਅਮਰੀਕਾ ਦੀ ਐਕਸਫੋਰਡ ਐਸਟਰਾ ਜੈਨੀਕਾ ਕੰਪਨੀ ਨੇ ਫੇਜ਼-1 ਦੀ ਸਫ਼ਲਤਾ ਤੋਂ ਬਾਅਦ ਇਸ ਵੈਕਸੀਨ ਦੇ ਉਤਪਾਦਨ ਦੀ ਘੋਸ਼ਣਾ ਕਰ ਦਿੱਤੀ। ਘੋਸ਼ਣਾ ਕੀਤੀ ਗਈ ਕਿ ਜਿਨ੍ਹਾਂ ਵਿਅਕਤੀਆਂ ਨੂੰ ਇਹ ਵੈਕਸੀਨ ਦਿੱਤੀ ਗਈ ਹੈ ਉਨ੍ਹਾਂ ਵਿਚ ਕੋਵਿਡ ਬੀਮਾਰੀ ਦੇ ਰੋਕਥਾਮ ਲਈ ਉਤਸ਼ਾਹਜਨਕ ਨਤੀਜੇ ਪਾਏ ਗਏ ਹਨ ਅਤੇ ਉਹ ਵੀ ਬਿਨਾਂ ਕਿਸੇ ਸਾਈਡ ਈਫੈਕਟ ਦੇ। ਉਸੇ ਦਿਨ ਹੀ ਉਸ ਕੰਪਨੀ ਦੇ ਸ਼ੇਅਰ ਅਮਰੀਕਾ ਦੇ ਸਟਾਕ ਅਕਸਚੇਂਜ ’ਤੇ ਉਪਰ ਨੂੰ ਛਲਾਂਗ ਮਾਰ ਗਏ। ਚਾਰ ਕੰਪਨੀਆਂ ਮੋਡਰਨਾਂ, ਐਕਸਫੋਰਡ ਐਸਟਰਾ ਜੈਨਿਕਾ ਸਮੇਤ ਸਹਿਯੋਗੀ ਕੰਪਨੀ ਸੀਰਮ ਇੰਸਟੀਚਿਊਟ ਆਫ਼ ਇੰਡੀਆ, ਕੈਨਸਿਕੋ ਅਤੇ ਫਾਈਜਰ ਬਾਇਓਟੈੱਕ ਫੇਜ਼ 2/3 ਟਰਾਇਲ ਵਿਚ ਗਈਆ ਹੋਈਆਂ ਹਨ। ਇਸ ਟਰਾਇਲ ਵਿਚ ਵੀ ਕਾਫੀ ਸਮਾਂ ਲੱਗ ਸਕਦਾ ਹੈ। ਭਾਵੇਂ ਐਸਟਰਾ ਜੈਨਿਕਾ ਅਤੇ ਇਸ ਦੀ ਭਾਰਤ ਦੀ ਭਾਲੀਵਾਲ ਕੰਪਨੀ ਸੀਰਮ ਇੰਸਟੀਚਿਊਟ ਨੇ ਵੈਕਸੀਨ ਦੀ ਵੱਡੇ ਪੱਧਰ ’ਤੇ ਪੈਦਾਵਾਰ ਇਸ ਉਮੀਦ ’ਤੇ ਸ਼ੁਰੂ ਕਰ ਦਿੱਤੀ ਹੈ ਕਿ ਫੇਜ਼ 2/3 ਵਿਚ ਸਫਲਤਾ ਹਾਸਲ ਹੋ ਹੀ ਜਾਵੇਗੀ ਪਰ ਇਸ ਦਾ ਅੰਦਾਜ਼ਾ ਲਗਾਉਣਾ ਬੜਾ ਮੁਸ਼ਕਲ ਹੈ। ਉਮੀਦ ਹੈ ਇਸੇ ਸਾਲ ਦੇ ਅੰਤ ਤੱਕ ਵੈਕਸੀਨ ਉਪਲੱਬਧ ਹੋ ਜਾਵੇਗੀ। ਇਸ ਪੱਖੋਂ ਅਮਰੀਕਾ ਨੇ ਇਕ ਹੋਰ ਕਦਮ ਅੱਗੇ ਚੁੱਕਿਆ ਅਤੇ ਆਪਣੇ ਹੀ ਮੁਲਕ ਦੀ ਕੰਪਨੀ ਫਾਈਜ਼ਰ ਨੂੰ 100 ਕਰੋੜ ਵੈਕਸੀਨ ਦਾ ਆਰਡਰ ਤਕਰੀਬਨ 200 ਕਰੋੜ ਰੁਪਏ ਅਦਾ ਕਰਕੇ ਦੇ ਦਿੱਤਾ ਹੈ। ਉਮੀਦ ਹੈ ਯੂਐੱਸਏ ਦੀ ਫੈਡਰਲ ਸਰਕਾਰ ਹਰ ਵਿਅਕਤੀ ਜੋ ਅਮਰੀਕੀ ਨਾਗਰਿਕ ਹੋਵੇਗਾ ਕੋਵਿਡ ਵੈਕਸੀਨ ਦਸੰਬਰ ਤੱਕ ਮੁਫ਼ਤ ਲਗਾ ਦਿੱਤੀ ਜਾਵੇਗੀ। ਇਸ ਦੀ ਕੀਮਤ ਤਕਰੀਬਨ 20 ਡਾਲਰ ਜਾਂ 1500 ਰੁਪਏ ਪ੍ਰਤੀ ਖੁਰਾਕ ਪੈਂਦੀ ਹੈ।

ਇਸ ਵੈਕਸੀਨ ਦੀ ਕੀਮਤ ਭਾਰਤ ਵਿਚ ਕੀ ਹੋਵੇਗੀ? ਕਦੋਂ ਮਿਲੇਗੀ? ਕਿਸ ਨੂੰ ਪਹਿਲ ਦੇ ਅਧਾਰ ’ਤੇ ਲਗਾਈ ਜਾਵੇਗੀ? ਸਰਕਾਰ ਵਲੋਂ ਇਹ ਆਪ ਪਬਲਿਕ ਵਾਸਤੇ ਮੁਫ਼ਤ ਉਪਲੱਬਧ ਹੋਵੇਗੀ ਕਿ ਨਹੀਂ? ਇਹ ਵਕਤ ਹੀ ਦੱਸੇਗਾ। ਕੀ ਭਾਰਤ ਵੀ ਅਮਰੀਕਾ ਵਾਂਗ ਪਹਿਲਕਦਮੀ ਕਰੇਗਾ ਅਤੇ ਆਪਣੇ ਦੇਸ਼ ਵਾਸੀਆਂ ਨੂੰ ਮੁਫ਼ਤ ਸਹੂਲਤ ਮੁਹੱਈਆ ਕਰਵਾਏਗਾ? ਵੈਕਸੀਨ ਦੇਣਾ ਵੀ ਅਣਲੋਕਡਾੳਨੂ ਦਾ ਹਿੱਸਾ ਹੋਣਾ ਚਾਹੀਦਾ ਹੈ। ਇਸ ਨਾਲ ਅਰਥ ਵਿਵਸਥਾ ’ਤੇ ਚੰਗਾ ਅਸਰ ਪਵੇਗਾ, ਖੁੱਲ੍ਹ ਕੇ ਵਪਾਰ ਹੋਵੇਗਾ, ਮਨਾ ਵਿਚ ਚਿੰਤਾ ਅਤੇ ਬੀਮਾਰੀ ਦਾ ਡਰ ਖਤਮ ਹੋਵੇਗਾ।

ਸਪੈਨਿਸ਼ ਫਲੂ 1918-20 ਤੱਕ ਜਾਂ ਇਸ ਤੋਂ ਬਾਅਦ ਸਮੇਂ ਤੱਕ ਵੀ ਚੱਲਦਾ ਰਿਹਾ। ਸਹੂਲਤਾਂ ਦੀ ਘਾਟ ਅਤੇ ਮੈਡੀਕਲ ਸਾਇੰਸ ਬਹੁਤ ਵਿਕਸਤ ਨਾ ਹੋਣ ਕਾਰਨ ਫਲੂ ਵੈਕਸੀਨ 1940 ਦੇ ਕਰੀਬ ਮਾਰਕੀਟ ਵਿਚ ਆਈ। ਦੂਜੀ ਵਿਸ਼ਵ ਜੰਗ ਦੌਰਾਨ ਇਸ ਦੀ ਵਰਤੋਂ ਕੀਤੀ ਗਈ। ਇਸੇ ਤਰ੍ਹਾਂ ਸਵਾਈਨ ਫ਼ਲੂ ਦੀ ਦਸਤਕ ਤੋਂ ਬਾਅਦ ਵੈਕਸੀਨ ਨੂੰ ਵਿਕਸਤ ਲਈ 8-10 ਸਾਲ ਦਾ ਸਮਾਂ ਲੱਗਿਆ। ਭਾਵੇਂ ਸਵਾਈਨ ਫਲੂ ਹੁਣ ਮਾਰਕੀਟ ਵਿਚ ਮਿਲ ਜਾਂਦੀ ਹੈ ਪਰ ਇਸ ਨੂੰ ਕਿੰਨੇ ਕੁ ਵਿਅਕਤੀ ਹਰੇਕ ਸਾਲ ਲਵਾਉਂਦੇ ਹਨ ਕਿਉਂਕਿ ਭਾਰਤ ਵਿਚ ਅੰਦਾਜ਼ਨ ਕੀਮਤ 800-1500 ਪ੍ਰਤੀ ਡੋਜ਼ ਹੈ। ਸਿਰਫ ਅਮੀਰ ਲੋਕ, ਉਹ ਵੀ ਸਾਰੇ ਨਹੀਂ, ਇਸ ਨੂੰ ਲਵਾਉਣ ਦੀ ਸਮਰਥਾ ਰੱਖਦੇ ਹੋਣ। ਇਸ ਨੂੰ ਹਰ ਸਾਲ ਵੀ ਲਗਵਾਉਣਾ ਪੈਂਦਾ ਹੈ। ਸਰਕਾਰੀ ਪੱਧਰ ’ਤੇ ਇਹ ਸਿਰਫ਼ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਨੂੰ ਹੀ ਮੁਫ਼ਤ ’ਚ ਹਰ ਸਾਲ ਲਗਾਈ ਜਾਂਦੀ ਹੈ। ਹੋਰ ਕਿਸੇ ਸਰਕਾਰੀ ਅਦਾਰੇ ਦੇ ਮੁਲਾਜ਼ਮਾਂ ਜਾਂ ਫੌਜ ਦੇ ਜਵਾਨਾਂ ਨੂੰ ਇਹ ਮੁਫ਼ਤ ਲਗਾਈ ਜਾਂਦੀ ਹੈ ਕਿ ਨਹੀ ਇਸ ਬਾਰੇ ਸਬੂਤ ਹਾਸਲ ਨਹੀਂ ਹੋਇਆ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੋਵਿਡ -19 ਵੈਕਸੀਨ ਮਾਰਕੀਟ ਵਿਚ ਆਉਣ ਤੋਂ ਬਾਅਦ ਵੀ ਜੇ ਸਰਕਾਰ ਮੁਫ਼ਤ ਨਾ ਲਗਾਵੇ ਤਾਂ ਫਿਰ ਸੁਸਾਇਟੀ ਦੇ ਚੰਦ ਲੋਕਾਂ ਦੀ ਹੀ ਇਸ ਤਕ ਪਹੁੰਚ ਹੋਵੇਗੀ। ਬੱਚੇ ਤੋਂ ਲੈ ਕੇ ਬੁੱਢਿਆਂ ਨੂੰ ਇਹ ਬੀਮਾਰੀ ਹੁੰਦੀ ਹੈ ਪਰ ਵੈਕਸੀਨ ਪਹਿਲਾਂ ਫਰੰਟ ਲਾਈਨ ਵਰਕਰਾਂ ਨੂੰ ਹੀ ਲਗਾੳਣੀ ਪਵੇਗੀ ਤਾਂ ਜੋ ਉਹ ਯੋਧੇ ਖੁੱਲ੍ਹ ਕੇ ਇਸ ਬੀਮਾਰੀ ਵਿਰੁੱਧ ਉਭਰ ਕੇ ਆਉਣ।

ਇਸ ਵੇਲੇ ਸਾਡੇ ਕੋਲ ਸਸਤੀਆਂ ਅਤੇ ਪਹਿਲਾਂ ਤੋਂ ਵਿਕਸਤ ਦੋ ਵੈਕਸੀਨਾਂ ਉਪਲੱਬਧ ਹਨ; ਪਹਿਲੀ ਸਮਾਜਿਕ ਫੇਸ ਮਾਸਕ ਵੈਕਸੀਨ ਅਤੇ ਦੂਸਰੀ ਸਮਾਜਿਕ ਦੂਰੀ। ਫੇਸ ਮਾਸਕ ਵੈਕਸੀਨ ਦੀ ਮਹੱਤਤਾ ਉਥੇ ਹੋਰ ਵੀ ਵੱਧ ਜਾਂਦੀ ਹੈ, ਜਿਥੇ ਸਮਾਜਕ ਦੂਰੀ ਬਣਾਉਣੀ ਮੁਸ਼ਕਲ ਹੋ ਜਾਵੇ। 102 ਸਾਲ ਪਹਿਲਾਂ ਜੋ ਗਲਤੀਆਂ ਸਾਡੇ ਪੁਰਖਿਆਂ ਨੇ ਸਪੈਨਿਸ਼ ਫ਼ਲੂ ਵੇਲੇ ਕੀਤੀਆਂ ਹਨ, ਉਨ੍ਹਾਂ ਨੂੰ ਅਸੀਂ ਸੁਧਾਰੀਏ ਤਾਂ ਜੋ ਸਲੀਕੇ ਨਾਲ ਕੋਵਿਡ-19 ਤੋਂ ਛੁਟਕਾਰਾ ਛੇਤੀ ਪਾਇਆ ਜਾ ਸਕੇ। ਹੁਣ 102 ਸਾਲ ਬਾਅਦ ਉਸੇ ਤਰ੍ਹਾਂ ਦੀਆਂ ਪਾਬੰਦੀਆਂ ਆਇਦ ਕਰਨ ਤੋਂ ਬਾਅਦ ਵੀ ਲੋਕਾਂ ਨੇ ਇਕੱਠ ਵਿੱਚ ਬੈਠਣ ਦੀ ਆਦਤ ਛੱਡੀ ਨਹੀਂ ਹੈ। ਹੋਟਲਾਂ ਅਤੇ ਖਾਣ ਪੀਣ ਵਾਲੀਆਂ ਥਾਵਾਂ, ਸਬਜ਼ੀ ਮੰਡੀਆਂ, ਭੀੜੇ ਬਾਜ਼ਾਰਾਂ ਅਤੇ ਤੀਰਥ ਅਸਥਾਨਾਂ ’ਤੇ ਵੀ ਮਾਸਕ ਪਾਉਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ। ਨਤੀਜਾ ਸਾਡੇ ਸਭ ਦੇ ਸਾਹਮਣੇ ਆ ਰਿਹਾ ਹੈ, ਨਿੱਤ ਵਧੇ ਹੋਏ ਕੇਸਾਂ ਦੇ ਰੂਪ ਵਿਚ।

ਇਕ ਉਦਾਹਰਣ ਹੈ ਕਿ ਜਦੋਂ ਆਪਰੇਸ਼ਨ ਥੀਏਟਰ ਵਿਚ ਪਹਿਲਾਂ ਆਪਰੇਸ਼ਨ ਕੀਤਾ ਗਿਆ ਤਾਂ ਬਹੁਤ ਸਾਰੇ ਮੈਡੀਕਲ, ਪੈਰਾ ਮੈਡੀਕਲ ਸਟਾਫ਼ ਅਤੇ ਸਟੂਡੈਂਟ ਵੀ ਇਸ ਨੂੰ ਦੇਖਣ ਵਾਸਤੇ ਬੈਠੇ ਹੋਏ ਸਨ, ਜਿਸ ਤਰ੍ਹਾਂ ਕਿ ਕੋਈ ਫਿਲਮ ਦੇਖਣੀ ਹੋਵੇ। ਉਸ ਵੇਲੇ ਸਰਜਨ, ਸਹਾਇਕ ਅਤੇ ਨਰਸਾਂ ਨੇ ਫੇਸ ਮਾਸਕ ਨਹੀਂ ਪਹਿਨੇ ਸਨ। ਆਪਰੇਸ਼ਨ ਤੋਂ ਬਾਅਦ ਇਕ ਮੈਡੀਕਲ ਸਟੂਡੈਂਟ ਨੇ ਆਪਰੇਸ਼ਨ ਕਰਨ ਵਾਲੇ ਸਰਜਨ ਨੂੰ ਕਿਹਾ ਕਿ ਜਿਸ ਵੇਲੇ ਤੁਸੀਂ ਆਪਰੇਸ਼ਨ ਕਰਦੇ ਸਮੇਂ ਆਪਸ ਵਿਚ ਗੱਲਾਂ ਕਰਦੇ ਹੋ, ਮੈਨੂੰ ਰੋਸ਼ਨੀ ’ਚੋਂ ਤੁਹਾਡੇ ਮੂੰਹਾਂ ਵਿਚੋਂ ਨਿਕਲਦੀਆਂ ਥੁੱਕਾਂ ਅਤੇ ਫੁਟਕਾਰੇ ਦਿਸੇ, ਜੋ ਮਰੀਜ਼ ’ਤੇ ਵੀ ਪੈ ਰਹੇ ਸਨ। ਉਹ ਉਸ ਦੇ ਜ਼ਖ਼ਮ ਤੱਕ ਜ਼ਰੂਰ ਪਹੁੰਚੇ ਹੋਣਗੇ। ਮੈਡੀਕਲ ਸਟੂਡੈਂਟ ਦੀ ਗੱਲ ਨੂੰ ਬੜੇ ਗ਼ੋਰ ਨਾਲ ਵਿਚਾਰਿਆ ਗਿਆ। ਅਗਲਾ ਆਪਰੇਸ਼ਨ ਕਰਨ ਵੇਲੇ ਆਪਰੇਸ਼ਨ ਟੇਬਲ ਦੇ ਉਪਰ ਅਤੇ ਮਰੀਜ਼ ਦੇ ਨਜ਼ਦੀਕ ਟੇਬਲ ਉਪਰ ਪੈਟਰੀ ਡਿਸ਼ਾਂ (ਕਲਚਰ ਮੀਡੀਆ) ਰੱਖ ਦਿੱਤੀਆਂ ਗਈਆਂ। ਤਜ਼ਰਬੇ ਨੇ ਸਿੱਧ ਕਰ ਦਿੱਤਾ ਕਿ ਸਰਜਨ ਅਤੇ ਸਟਾਫ਼ ਦੀਆਂ ਥੁੱਕਾਂ ਵਿਚ ਅਲਗ ਅਲਗ ਤਰ੍ਹਾਂ ਦੇ ਕੀਟਾਣੂ ਕਲਚਰ ਮੀਡੀਆ ’ਤੇ ਪੈਦਾ ਹੋਏ। ਉਸ ਉਪਰੰਤ ਫੇਸ ਮਾਸਕ ਪਹਿਨਣ ਦੀ ਪ੍ਰਥਾ ਸ਼ੁਰੂ ਕਰ ਦਿੱਤੀ ਗਈ। ਹਰ ਤੰਦਰੁਸਤ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ ਫੇਸ ਮਾਸਕ ਇਸ ਲਈ ਪਹਿਨਦਾ ਹੈ ਕਿ ਉਨ੍ਹਾਂ ਤੋਂ ਕੋਈ ਬੀਮਾਰੀ ਉਨ੍ਹਾਂ ਦੇ ਮਰੀਜ਼ ਨੂੰ ਨਾ ਲੱਗ ਜਾਵੇ।

ਬਹੁਤ ਸਾਰੇ ਲੋਕ ਜੋ ਕੋਵਿਡ-19 ਨਾਲ ਪੀੜਤ ਹੁੰਦੇ ਹਨ ਪਰ ਉਨ੍ਹਾਂ ਨੂੰ ਬੀਮਾਰੀ ਦੇ (asymtomatic) ਲੱਛਣ ਨਹੀਂ ਹੁੰਦੇ ਅਤੇ ਉਹ ਆਮ ਵਿਅਕਤੀਆਂ ਵਾਂਗ ਲੋਕਾਂ ਵਿਚ ਤੁਰੇ ਫਿਰਦੇ ਹਨ ਅਤੇ ਅਣਜਾਣੇ ਵਿਚ ਬੀਮਾਰੀ ਦਾ ਪ੍ਰਸ਼ਾਦ ਤੰਦਰੁਸਤ ਵਿਅਕਤੀਆਂ ਨੂੰ ਮਿਲ ਜਾਂਦਾ ਹੈ। ਜੇਕਰ ਲੱਛਣਾਂ ਵਾਲੇ ਮਰੀਜ਼, ਬਗੈਰ ਲੱਛਣਾਂ ਵਾਲੇ ਮਰੀਜ਼ ਅਤੇ ਤੰਦਰੁਸਤ ਵਿਅਕਤੀਆਂ, ਸਭ ਨੇ ਹੀ ਮਾਸਕ ਪਹਿਨਿਆ ਹੋਵੇ ਤਾਂ ਬੀਮਾਰੀ ਫੈਲਣ ਤੋਂ ਬਚਾਅ ਹੋ ਜਾਂਦਾ ਹੈ ਪਰ ਇਸ ਨਾਲ ਨੱਕ ਅਤੇ ਮੂੰਹ ਢੱਕਿਆ ਹੋਣਾ ਜ਼ਰੂਰੀ ਹੈ। ਆਮ ਲੋਕਾਂ ਲਈ ਕੱਪੜੇ ਦਾ ਮਾਸਕ ਹੀ ਕਾਫ਼ੀ ਹੈ ਪਰ ਇਹ ਜ਼ਰੂਰੀ ਹੈ ਕਿ ਮਾਸਕ ਢੰਗ ਤਰੀਕੇ ਨਾਲ ਪਹਿਨਿਆ ਹੋਵੇ, ਜਿਸ ਨਾਲ ਮੂੰਹ ਅਤੇ ਨੱਕ ਦੋਵੇਂ ਢੱਕੇ ਹੋਣ। ਇਸ ਸਿਲਸਿਲੇ ਵਿਚ ਸਮੇਂ ਸਮੇਂ ਸਿਰ ਆਈ.ਸੀ.ਐਮ.ਆਰ. ਵਲੋਂ ਦਿੱਤੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਜਾਂਦੇ ਹਨ। ਮਾਸਕ ਘਰ ਵਿਚ ਹੀ ਆਮ ਸੂਤੀ ਕੱਪੜੇ ਤੋਂ ਤਿਆਰ ਕੀਤਾ ਜਾ ਸਕਦਾ ਹੈ ਅਤੇ ਇਸ ਦੀਆਂ ਪੜ੍ਹਤਾਂ (ਲੇਅਰਜ਼) ਤਿੰਨ ਹੋਣੀਆਂ ਚਾਹੀਦੀਆਂ ਹਨ। ਇਸ ਨੂੰ ਰੋਜ਼ਾਨਾਂ ਕਈ ਵਾਰ ਧੋਤਾ ਜਾ ਸਕਦਾ ਹੈ। ਪ੍ਰੈੱਸ ਕਰਨ ਨਾਲ ਹੋਰ ਅੱਛਾ ਹੋ ਜਾਂਦਾ ਹੈ। ਪਹਿਨਣ ਦਾ ਤਰੀਕਾ ਠੀਕ ਅਤੇ ਹੇਠ ਲਿਖੇ ਅਨੁਸਾਰ ਹੋਣਾ ਲਾਜ਼ਮੀ ਹੈ;

  1. ਮਾਸਕ ਨੂੰ ਪਹਿਨਣ ਵੇਲੇ ਆਪਣੇ ਹੱਥ ਚੰਗੀ ਤਰ੍ਹਾਂ ਧੋਵੋ ਜਾਂ ਸੈਨੇਟਾਈਜ਼ ਕਰੋ।
  2. ਮੂੰਹ ਅਤੇ ਨੱਕ ਚੰਗੀ ਤਰ੍ਹਾਂ ਢੱਕੋ।
  3. ਚੰਗੀ ਤਰ੍ਹਾਂ ਇਸ ਦੀਆਂ ਲੜੀਆਂ ਸਿਰ ਤੇ ਜਾ ਕੰਨਾਂ ਪਿਛੇ ਕੱਸੋ।
  4. ਮਾਸਕ ਨੂੰ ਪਹਿਨਣ ਵੇਲੇ ਅੰਦਰਲੇ ਹਿੱਸੇ ਨੂੰ ਹੱਥ ਨਾ ਲਗਾਉ। ਜੇ ਕਿਤੇ ਹੱਥ ਵੀ ਲੱਗ ਜਾਣ ਤਾਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਲਵੋ।
  5. ਜੇ ਮਾਸਕ ਗਿੱਲਾ ਹੋ ਜਾਂਦਾ ਹੈ ਤਾਂ ਇਸ ਨੂੰ ਬਦਲ ਲਵੋ।
  6. ਮਾਸਕ ਨੂੰ ਚੰਗੀ ਤਰ੍ਹਾਂ ਸਰਫ਼ ਜਾ ਸਾਬਨ ਨਾਲ ਦੂਜਿਆਂ ਕੱਪੜਿਆਂ ਦੇ ਨਾਲ ਵੀ ਧੋਤਾ ਜਾ ਸਕਦਾ ਹੈ।
  7. ਜਿਸ ਨੂੰ ਸਾਹ ਦੀ ਤਕਲੀਫ ਹੈ ਜਾਂ ਮਰੀਜ਼ ਬੇਹੋਸ਼ ਹੈ ਤਾਂ ਬੜੀ ਸਾਵਧਾਨੀ ਨਾਲ ਪਹਿਨਾਇਆ ਜਾਵੇ ਜਾਂ ਨਾ ਹੀ ਪਹਿਨਾਇਆ ਜਾਵੇ।
  8. ਦੋ ਸਾਲ ਤੋਂ ਘੱਟ ਬੱਚਿਆਂ ਨੂੰ ਜਬਰਦਸਤੀ ਨਾਲ ਮਾਸਕ ਨਾ ਪਹਿਨਾਇਆ ਜਾਵੇ।
  9. ਮਾਸਕ ਵੈਕਸੀਨ ਸਮਾਜਿਕ ਦੂਰੀ ਵੈਕਸੀਨ ਦਾ ਬਦਲ ਨਹੀਂ ਹੈ।

ਭਵਿੱਖ ਵਿਚ ਭਾਵੇਂ ਮਾਸਕ ਵੈਕਸੀਨ ਅਤੇ ਸਮਾਜਿਕ ਦੂਰੀ ਦਾ ਬਦਲ ਬਤੌਰ ਕੋਵਿਡ ਵੈਕਸੀਅਨ ਆ ਹੀ ਜਾਵੇ ਪਰ ਇਸ ਵੇਲੇ ਮਾਸਕ ਵੈਕਸੀਨ ਹੀ ਇਕ ਭਰੋਸੇਯੋਗ ਅਤੇ ਲਾਭਦਾਇਕ ਬਦਲ ਹੈ, ਜਿਸ ਨੂੰ ਅਪਣਾਉਣ ਵਿਚ ਹੀ ਸਿਆਣਪ ਹੋਵੇਗੀ। ਸਰਕਾਰਾਂ ਵੀ ਕਾਨੂੰਨ ਬਣਾ ਕੇ, ਲੋਕਾਂ ਦੇ ਚਲਾਨ ਕੱਟ ਕੇ ਅਤੇ ਹੋਰ ਕਈ ਕਿਸਮ ਦੀਆਂ ਬੰਦਿਸ਼ਾਂ ਰਾਹੀਂ ਇਸ ਕਾਰਜ ਨੂੰ ਨੇਪਰੇ ਚਾੜ੍ਹਣ ਦੀਆਂ ਕੋਸ਼ਿਸ਼ਾਂ ਵੀ ਕਰ ਰਹੀਆਂ ਹਨ ਪਰ ਸਿਆਪਣ ਇਸ ਵਿਚ ਹੀ ਹੈ ਕਿ ਅਸੀਂ ਆਪਣਾ ਸੁਭਾਅ ਸਮੇਂ ਦੀ ਲੋੜ ਮੁਤਾਬਕ ਬਦਲ ਲਈਏ ਨਾ ਕਿ ਡੰਡੇ ਦੇ ਡਰ ਤੋਂ। ਵਿਖਾਵਾ ਹੀ ਕਰੀਏ ਕਿ ਅਸੀਂ ਮਾਸਕ ਵੈਕਸੀਨ ਨੂੰ ਆਪਣਾ ਲਿਆ ਹੈ।
ਸੰਪਰਕ: 98143-15427

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All