ਬਲਵੀਰ ਸਿੰਘ ਸਿੱਧੂ
ਰੋਜ਼ਾਨਾ ਅਖ਼ਬਾਰਾਂ, ਸੋਸ਼ਲ ਮੀਡੀਆ, ਨਿਊਜ਼ ਚੈਨਲਾਂ ਅਤੇ ਹੋਰ ਸੰਚਾਰ ਸਾਧਨਾਂ ਉੱਪਰ ਅਸੀਂ ਆਮ ਤੌਰ ’ਤੇ ਸੜਕ ਹਾਦਸਿਆਂ ਦੀਆਂ ਭਿਆਨਕ ਤਸਵੀਰਾਂ ਅਤੇ ਖ਼ਬਰਾਂ ਦੇਖਦੇ ਅਤੇ ਸੁਣਦੇ ਹਾਂ, ਜੋ ਪੜ੍ਹਨ ਤੇ ਦੇਖਣ ਵਾਲੇ ਨੂੰ ਦੁਖੀ ਤੇ ਪ੍ਰੇਸ਼ਾਨ ਕਰਦੀਆਂ ਹਨ। ਸੜਕ ਹਾਦਸਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜੋ ਸਾਡੇ ਸਮਾਜ ਲਈ ਬਹੁਤ ਵੱਡੀ ਚਿੰਤਾ ਦਾ ਮਸਲਾ ਹੈ। ਇਸ ਗ਼ੈਰ-ਕੁਦਰਤੀ ਘਟਨਾ ਦਾ ਸ਼ਿਕਾਰ ਕੋਈ ਵੀ ਕਿਸੇ ਸਮੇਂ ਵੀ ਹੋ ਸਕਦਾ ਹੈ, ਜਿਸ ਨਾਲ ਅਸੀਂ ਹਰ ਸਾਲ ਲੱਖਾਂ ਕੀਮਤੀ ਜਾਨਾਂ ਸੜਕਾਂ ਉੱਪਰ ਗੁਆ ਦਿੰਦੇ ਹਾਂ। ਕਈ ਭਿਆਨਕ ਸੜਕ ਹਾਦਸਿਆਂ ਵਿਚ ਪੂਰੇ ਦੇ ਪੂਰੇ ਪਰਿਵਾਰ ਵੀ ਖਤਮ ਹੋ ਜਾਂਦੇ ਹਨ। ਇਸ ਕਰਕੇ ਹਾਦਸਿਆਂ ਵਿਚ ਸ਼ਾਮਲ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਉੱਪਰ ਬਹੁਤ ਬੁਰੀ ਬੀਤਦੀ ਹੈ। ਇਸ ਕਾਰਨ ਉਹ ਸਾਰੀ ਉਮਰ ਮਾਨਸਿਕ ਤੇ ਆਰਥਿਕ ਸੰਤਾਪ ਹੰਢਾਉਂਦੇ ਹਨ।
ਸੰਸਾਰ ਸਿਹਤ ਸੰਸਥਾ (ਡਬਲਿਊਐਚਓ) ਵੱਲੋਂ ਜਾਰੀ ‘ਸੜਕ ਸੁਰੱਖਿਆ ਸਬੰਧੀ ਆਲਮੀ ਸਥਿਤੀ ਰਿਪੋਰਟ 2018’ ਅਨੁਸਾਰ ਦੁਨੀਆਂ ਵਿਚ ਹਰ ਸਾਲ 13.5 ਕਰੋੜ ਲੋਕ ਸੜਕ ਦੁਰਘਟਨਾਵਾਂ ਵਿਚ ਮਾਰੇ ਜਾਂਦੇ ਹਨ। ਰਿਪੋਰਟ ਮੁਤਾਬਕ ਇਹ ਵੀ ਸਾਹਮਣੇ ਆਇਆ ਹੈ ਕਿ ਸੜਕ ਹਾਦਸਿਆਂ ਕਾਰਨ ਸਭ ਤੋਂ ਵੱਧ ਨੌਜਵਾਨ ਅਤੇ ਬੱਚੇ ਮਾਰੇ ਜਾਂਦੇ ਹਨ, ਜਿਨ੍ਹਾਂ ਵਿਚ ਜ਼ਿਆਦਾਤਰ 5 ਤੋਂ 29 ਸਾਲ ਉਮਰ ਵਾਲੇ ਲੋਕ ਸ਼ਾਮਲ ਹੁੰਦੇ ਹਨ। ਇਸ ਵਿਚ ਜ਼ਿਆਦਾਤਰ ਕੰਮ-ਕਾਜੀ ਲੋਕ ਸ਼ਾਮਲ ਹੁੰਦੇ ਹਨ, ਜੋ ਦੇਸ਼ ਦੀ ਅਰਥਵਿਵਸਥਾ ਵਿਚ ਕਿਸੇ ਨਾ ਕਿਸੇ ਰੂਪ ਵਿਚ ਹਿੱਸਾ ਪਾ ਰਹੇ ਹੁੰਦੇ ਹਨ। ਇਸਦਾ ਗੰਭੀਰ ਅਸਰ ਦੇਸ਼ ਦੀ ਅਰਥਵਿਵਸਥਾ, ਮਨੁੱਖੀ ਪੂੰਜੀ, ਪੀੜਤ ਪਰਿਵਾਰ ਅਤੇ ਸਮਾਜ ਉੱਪਰ ਲੰਬੇ ਸਮੇਂ ਲਈ ਪੈਂਦਾ ਹੈ। ਰਿਪੋਰਟ ਮੁਤਾਬਕ ਵੱਧ ਆਮਦਨ ਵਾਲੇ ਦੇਸ਼ ਜਿਨ੍ਹਾਂ ਨੂੰ ਵਿਕਸਿਤ ਮੁਲਕ ਕਿਹਾ ਜਾਂਦਾ ਹੈ, ਦੇ ਮੁਕਾਬਲੇ ਘੱਟ ਆਮਦਨ ਵਾਲੇ ਦੇਸ਼ਾਂ ਵਿਚ ਸੜਕ ਦੁਰਘਟਨਾਵਾਂ ਜ਼ਿਆਦਾ ਹੁੰਦੀਆਂ ਹਨ। ਜੇ ਘੱਟ ਆਮਦਨ ਵਾਲੇ ਅਤੇ ਵੱਧ ਆਮਦਨ ਵਾਲੇ ਦੇਸ਼ਾਂ ਨੂੰ ਇਕ ਲੱਖ ਆਬਾਦੀ ਪਿੱਛੇ ਹੋਣ ਵਾਲੀਆਂ ਸੜਕ ਦੁਰਘਟਨਾਵਾਂ ਵਿਚ ਮਰਨ ਵਾਲੇ ਲੋਕਾਂ ਦੇ ਤੌਰ ’ਤੇ ਦੇਖਿਆ ਜਾਵੇ, ਤਾਂ ਘੱਟ ਆਮਦਨ ਵਾਲੇ ਦੇਸ਼ਾਂ ਵਿਚ ਇਹ ਔਸਤ ਦਰ 27.5 ਲੋਕ ਪ੍ਰਤੀ ਇਕ ਲੱਖ ਹੈ ਅਤੇ ਵੱਧ ਆਮਦਨ ਵਾਲੇ ਦੇਸ਼ਾਂ ਵਿਚ ਇਹ ਅੰਕੜਾ 8.3 ਲੋਕ ਪ੍ਰਤੀ ਇਕ ਲੱਖ ਆਬਾਦੀ ਹੈ। ਇਹ ਵੀ ਦੇਖਣਯੋਗ ਹੈ ਕਿ ਘੱਟ ਆਮਦਨ ਵਾਲੇ ਦੇਸ਼ਾਂ ਵਿਚ ਪੂਰੀ ਦੁਨੀਆਂ ਦੇ ਸਿਰਫ਼ ਇਕ ਫ਼ੀਸਦੀ ਵਾਹਨ ਪਾਏ ਜਾਂਦੇ ਹਨ ਅਤੇ ਇਨ੍ਹਾਂ ਦੇਸ਼ਾਂ ਦਾ ਸੜਕ ਦੁਰਘਟਨਾਵਾਂ ਵਿਚ ਮਰਨ ਵਾਲਿਆਂ ਦਾ ਹਿੱਸਾ ਕਰੀਬ ਤੇਰਾਂ ਫ਼ੀਸਦੀ ਹੈ।
ਜੇ ਭਾਰਤ ਦੀ ਗੱਲ ਕਰੀਏ ਤਾਂ ‘ਦੁਨੀਆਂ ਦੇ ਸੜਕ ਸਬੰਧੀ ਅੰਕੜੇ 2018’ ਅਨੁਸਾਰ ਭਾਰਤ ਦੁਨੀਆਂ ਦੇ 199 ਦੇਸ਼ਾਂ ਵਿਚੋਂ ਸੜਕ ਦੁਰਘਟਨਾਵਾਂ ਵਿਚ ਪਹਿਲੇ ਸਥਾਨ ਉੱਪਰ ਹੈ, ਜੋ ਦੁਨੀਆਂ ਵਿਚ ਸੜਕ ਹਾਦਸਿਆਂ ਵਿਚ ਮਰਨ ਵਾਲੇ ਲੋਕਾਂ ਦਾ ਕਰੀਬ ਗਿਆਰਾਂ ਫ਼ੀਸਦੀ ਹਿੱਸਾ ਪਾਉਂਦਾ ਹੈ। ਜੇ ਭਾਰਤ ਵਿਚ ਸੜਕ ਦੁਰਘਟਨਾਵਾਂ ਦੀ ਸਥਿਤੀ ਨੂੰ ਦੇਖਿਆ ਜਾਵੇ ਤਾਂ ਇਸ ਰਿਪੋਰਟ ਅਨੁਸਾਰ ਦੇਸ਼ ਵਿਚ ਪੌਣੇ ਪੰਜ ਲੱਖ ਦੇ ਕਰੀਬ ਸੜਕ ਦੁਰਘਟਨਾਵਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਕਰੀਬ ਡੇਢ ਲੱਖ ਲੋਕ ਮਾਰੇ ਗਏ ਅਤੇ ਪੌਣੇ ਪੰਜ ਲੱਖ ਤੋਂ ਵੱਧ ਗੰਭੀਰ ਜ਼ਖ਼ਮੀ ਹੋਏ। ਇਹ ਅੰਕੜਾ ਇਸ ਤੋ ਪਿਛਲੇ ਸਾਲ (2017) ਨਾਲੋਂ 0.46 ਫ਼ੀਸਦੀ ਵੱਧ ਦਰਜ ਕੀਤਾ ਗਿਆ।
ਗੱਲ ਪੰਜਾਬ ਦੀ ਕਰੀਏ ਤਾਂ ਸਥਿਤੀ ਬਹੁਤ ਗੰਭੀਰ ਹੈ, ਕਿਉਂਕਿ ਪੰਜਾਬ ਵਿਚ ਸੜਕ ਹਾਦਸਿਆਂ ਵਿਚ ਲਗਾਤਾਰ ਭਾਰੀ ਵਾਧਾ ਹੋ ਰਿਹਾ। ਪੰਜਾਬ ਵਿਚ 2018 ਦੇ ਅੰਕੜਿਆਂ ਮੁਤਾਬਕ ਕਰੀਬ ਸੱਤ ਹਜ਼ਾਰ ਸੜਕ ਹਾਦਸੇ ਦਰਜ ਕੀਤੇ ਗਏ, ਜਿਨ੍ਹਾਂ ਵਿਚ ਪੰਜ ਹਜ਼ਾਰ ਦੇ ਕਰੀਬ ਲੋਕ ਮਾਰੇ ਗਏ, ਤਿੰਨ ਹਜ਼ਾਰ ਤੋਂ ਵੱਧ ਗੰਭੀਰ ਜ਼ਖ਼ਮੀ ਹੋਏ। ਇਹ ਅੰਕੜੇ ‘ਪੰਜਾਬ ਸੜਕ ਦੁਰਘਟਨਾਵਾਂ ਅਤੇ ਆਵਾਜਾਈ ਰਿਪੋਰਟ 2018’ ਮੁਤਾਬਕ ਤੇ ਪੁਲੀਸ ਥਾਣਿਆਂ ਵਿਚ ਦਰਜ ਕੇਸਾਂ ’ਤੇ ਆਧਾਰਤ ਹਨ। ਪਰ ਅਸਲ ਗਿਣਤੀ ਇਸ ਤੋਂ ਬਹੁਤ ਜ਼ਿਆਦਾ ਹੁੰਦੀ ਹੈ, ਕਿਉਂਕਿ ਭਾਰਤ ਜਾਂ ਪੰਜਾਬ ਵਿਚ ਉਹੀ ਕੇਸ ਰਜਿਸਟਰ ਕੀਤੇ ਜਾਂਦੇ ਹਨ, ਜੋ ਮੌਕੇ ਦੀ ਸੜਕ ਦੁਰਘਟਨਾ ਹੋਵੇ ਜਾਂ ਹਾਦਸੇ ਦੇ 3-4 ਦਿਨ ਬਾਅਦ ਤੱਕ ਕੇਸ ਦੀ ਪੈਰਵੀ ਕੀਤੀ ਜਾਂਦੀ ਹੈ, ਪਰ ਯੂਰਪ ਅਮਰੀਕਾ, ਕੈਨੇਡਾ ਵਰਗੇ ਦੇਸ਼ਾਂ ਵਿਚ ਕਿਸੇ ਵੀ ਤਰ੍ਹਾਂ ਦੀ ਸੜਕ ਦੁਰਘਟਨਾ ਨੂੰ 30 ਦਿਨ ਤੱਕ ਪੈਰਵੀ ਕਰਕੇ ਕੇਸ ਰਜਿਸਟਰ ਕੀਤਾ ਜਾਂਦਾ ਹੈ, ਭਾਵ ਸਹੀ ਅੰਕੜੇ ਇਕੱਠੇ ਕੀਤੇ ਜਾਂਦੇ ਹਨ, ਜੋ ਪੁਲੀਸ ਪ੍ਰਸ਼ਾਸਨ ਜਾਂ ਨੀਤੀ ਨਿਰਮਾਣ ਲਈ ਸਹਾਈ ਸਾਬਿਤ ਹੁੰਦੇ ਹਨ |
ਇਸ ਵਿਚ ਕੋਈ ਸ਼ੱਕ ਨਹੀਂ ਕਿ ਦੁਨੀਆਂ ਦੇ ਸਾਰੇ ਦੇਸ਼ ਆਪਣੇ-ਆਪਣੇ ਪੱਧਰ ਉੱਪਰ ਬਹੁਤ ਤੇਜ਼ੀ ਨਾਲ ਸਮਾਜਿਕ ਅਤੇ ਆਰਥਿਕ ਵਿਕਾਸ ਕਰ ਰਹੇ ਹਨ, ਜਿਸ ਵਿਚ ਆਵਾਜਾਈ ਦੇ ਸਾਧਨਾਂ ਦਾ ਬਹੁਤ ਮਹੱਤਵਪੂਰਨ ਰੋਲ ਹੈ। ਵਿਕਾਸ ਦਾ ਪੱਧਰ ਵਧਣ ਕਰਕੇ ਆਵਾਜਾਈ ਦੇ ਸਾਧਨ ਵੀ ਬਹੁਤ ਵਧ ਰਹੇ ਹਨ ਤੇ ਕਈ ਦੇਸ਼ਾਂ ਵਿਚ ਆਵਾਜਾਈ ਸਬੰਧੀ ਵੱਡੀ ਸਮੱਸਿਆ ਬਣ ਰਹੀ ਹੈ। ਆਵਾਜਾਈ ਤੇ ਇਸ ਦੇ ਸਾਧਨ ਵੱਧਣ ਕਰਕੇ ਹੀ ਸੜਕ ਦੁਰਘਟਨਾਵਾਂ ਵੀ ਵਧ ਰਹੀਆਂ ਹਨ। ਇਸ ਦਾ ਮੁੱਖ ਕਾਰਨ ਇਹ ਕੀ ਆਵਾਜਾਈ ਦੇ ਸਾਧਨਾਂ ਦੀ ਦਰ ਜਿਸ ਰਫ਼ਤਾਰ ਨਾਲ ਵਧ ਰਹੀ ਹੈ, ਉਸ ਨਾਲ ਸੜਕਾਂ ਦਾ ਢਾਂਚਾ ਨਹੀਂ ਵਧ-ਫੁੱਲ ਰਿਹਾ। ਪੰਜਾਬ ਵਿਚ 2018 ਦੇ ਅੰਕੜਿਆਂ ਅਨੁਸਾਰ ਸਾਢੇ ਅੱਠ ਦੇ ਕਰੀਬ ਵਾਹਨ ਰਜਿਸਟਰ ਕੀਤੇ ਗਏ, ਜੋ ਹਰ ਸਾਲ ਅੱਠ ਫ਼ੀਸਦੀ ਦੀ ਦਰ ਨਾਲ ਵਧ ਰਹੇ ਹਨ, ਜਿਨ੍ਹਾਂ ਵਿਚ ਹਰ ਰੋਜ਼ 355 ਨਵੀਆਂ ਕਾਰਾਂ ਅਤੇ 1816 ਨਵੇਂ ਮੋਟਰਸਾਇਕਲ ਸ਼ਾਮਲ ਹੁੰਦੇ ਹਨ ।
ਪੰਜਾਬ ਵਿਚ ਸੜਕ ਦੁਰਘਟਨਾਵਾਂ ਦਾ ਸਭ ਤੋਂ ਵੱਡਾ ਕਾਰਨ ਤੇਜ ਰਫ਼ਤਾਰੀ ਹੈ, ਜੋ ਕਿ ਸਭ ਤੋਂ ਵੱਧ ਮੌਤਾਂ ਦਾ ਵੀ ਕਾਰਨ ਹੈ। ਹੋਰ ਕਾਰਨ ਸ਼ਰਾਬ ਪੀ ਕੇ ਡਰਾਈਵਿੰਗ, ਅਵਾਰਾ ਪਸ਼ੂਆਂ ਦਾ ਟਕਰਾਉਣਾ, ਸੀਟ ਬੈਲਟ ਅਤੇ ਹੈਲਮਟ ਨਾ ਵਰਤਣਾ ਅਤੇ ਸੜਕੀ ਨਿਯਮਾਂ ਦੀ ਉਲੰਘਣਾ ਆਦਿ ਹਨ। ਇਕ ਵੱਡਾ ਕਾਰਨ ਹੈ ਜਿਸਦੀ ਵਿਸੇਸ਼ ਤੌਰ ’ਤੇ ਚਰਚਾ ਕਰਨੀ ਬਣਦੀ ਹੈ, ਉਹ ਹੈ ਡਰਾਈਵਿਇੰਗ ਦੀ ਸਹੀ ਜਾਣਕਾਰੀ ਤੇ ਸਿਖਲਾਈ ਨਾ ਹੋਣਾ ਹੈ। ਇਸ ਮਾਮਲੇ ਵਿਚ ਜ਼ਿਆਦਾਤਰ ਛੋਟੀ ਉਮਰ ਦੇ ਬੱਚੇ ਵੀ ਸ਼ਾਮਲ ਹੁੰਦੇ ਹਨ। ਇਸ ਦਾ ਮੁੱਖ ਕਾਰਨ ਡਰਾਈਵਿੰਗ ਲਾਇਸੈਂਸ ਬਣਾਉਣ ਦੀ ਪ੍ਰਕਿਰਿਆ ਦਾ ਸਹੀ ਨਾ ਹੋਣਾ, ਡਰਾਈਵਿੰਗ ਟੈਸਟਿੰਗ ਦਾ ਸਹੀ ਨਾ ਹੋਣਾ ਹੈ ਅਤੇ ਸਿਫ਼ਾਰਸ਼ਬਾਜ਼ੀ ਤੇ ਰਿਸ਼ਵਤਖ਼ੋਰੀ। ਪੰਜਾਬ ਵਿਚ ਹਰ ਰੋਜ਼ ਹਜ਼ਾਰਾਂ ਹੀ ਡਰਾਈਵਿੰਗ ਲਾਇਸੈਂਸ ਜਾਰੀ ਕੀਤੇ ਜਾਂਦੇ ਹਨ, ਜਿਸਦੀ ਪ੍ਰਕਿਰਿਆ ਕਈ ਤਰ੍ਹਾਂ ਦੇ ਸਵਾਲ ਪੈਦਾ ਕਰਦੀ ਹੈ, ਕਿਉਂਕਿ ਇਸ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ, ਜਿਸ ਵਿਚ ਬਿਨਾਂ ਟ੍ਰੇਨਿੰਗ ਦੇ ਹੀ, ਵਿਚੋਲਿਆਂ ਵੱਲੋਂ ਵੱਧ ਪੈਸਿਆਂ ਦੇ ਆਧਾਰ ’ਤੇ ਹੀ ਲਾਇਸੈਂਸ ਬਣਵਾ ਦਿੱਤੇ ਹਨ। ਇਸ ਪਾਸੇ ਸਰਕਾਰ ਨੂੰ ਵਧੇਰੇ ਗੰਭੀਰਤਾ ਨਾਲ ਕੰਮ ਕਰਨ ਦੀ ਲੋੜ ਹੈ।
ਸੜਕ ਹਾਦਸਿਆਂ ਕਾਰਨ ਅਸੀਂ ਅਨੇਕਾਂ ਨਾਮੀ ਤੇ ਅਹਿਮ ਹਸਤੀਆਂ, ਫ਼ਿਲਮੀ ਅਦਾਕਾਰਾਂ, ਆਗੂਆਂ ਆਦਿ ਨੂੰ ਗੁਆ ਚੁੱਕੇ ਹਾਂ। ਸੜਕ ਦੁਰਘਟਨਾ ਵਿਚ ਮੌਤ ਜਾਂ ਗੰਭੀਰ ਜ਼ਖ਼ਮੀ ਹੋਣਾ ਕਿਸੇ ਵੀ ਆਮ ਵਿਅਕਤੀ ਅਤੇ ਉਸਦੇ ਪਰਿਵਾਰ ਲਈ ਬਹੁਤ ਦੁਖਦਾਈ ਹੁੰਦਾ ਹੈ। ਕਈ ਪਰਿਵਾਰਾਂ ਵਿਚ ਉਸ ਵਿਅਕਤੀ ਦੀ ਸੜਕ ਦੁਰਘਟਨਾ ਵਿਚ ਮੌਤ ਹੋ ਜਾਂਦੀ ਹੈ, ਜੋ ਪਰਿਵਾਰ ਵਿਚ ਕਮਾਉਣ ਵਾਲਾ ਇਕੱਲਾ ਹੁੰਦਾ ਹੈ। ਇਸ ਤਰ੍ਹਾਂ ਬਾਕੀ ਦਾ ਪਰਿਵਾਰ ਗ਼ਰੀਬੀ ਦੇ ਮੂੰਹ ਵਿਚ ਚਲਾ ਜਾਂਦਾ ਹੈ, ਜਿਸ ਦਾ ਪਰਿਵਾਰ ਦੇ ਬਾਕੀ ਮੈਂਬਰਾਂ, ਬੱਚਿਆਂ ਦੇ ਵਿਕਾਸ ਅਤੇ ਪਰਿਵਾਰ ਦੀ ਆਰਥਿਕ ਤੇ ਸਮਾਜਿਕ ਸਥਿਤੀ ਉੱਪਰ ਗੰਭੀਰ ਅਸਰ ਪੈਂਦਾ ਹੈ। ਇਸੇ ਤਰ੍ਹਾਂ ਗੰਭੀਰ ਜ਼ਖਮੀ ਹੋਏ ਲੋਕ ਵੀ ਕਈ ਵਾਰ ਉਮਰ-ਭਰ ਲਈ ਸਰੀਰਕ ਤੇ ਮਾਨਸਿਕ ਤੌਰ ’ਤੇ ਨਕਾਰਾ ਹੋ ਜਾਂਦੇ ਹਨ ਤੇ ਕਈ ਵਾਰ ਬਾਕੀ ਪਰਿਵਾਰ ਉੱਪਰ ਬੋਝ ਬਣ ਕੇ ਰਹਿ ਜਾਂਦੇ ਹਨ।
ਪੰਜਾਬ ਵਿਚ ਅੰਕੜਿਆਂ ਮੁਤਾਬਕ ਔਰਤਾਂ ਦੇ ਮੁਕਾਬਲੇ ਮਰਦ ਸੜਕ ਹਾਦਸਿਆਂ ਵਿਚ ਜ਼ਿਆਦਾ ਸ਼ਾਮਲ ਹੁੰਦੇ ਹਨ। ਇਸ ਦਾ ਮੁੱਖ ਕਾਰਨ ਮਰਦਾਂ ਦਾ ਆਰਥਿਕ ਗਤੀਵਿਧੀਆਂ ਵਿਚ ਜ਼ਿਆਦਾ ਸ਼ਾਮਲ ਹੋਣਾ ਹੈ। ਸਾਲ 2020 ਵਿਚ ਕਰੋਨਾ ਮਹਾਂਮਾਰੀ ਨੇ ਪੂਰੇ ਸੰਸਾਰ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ। ਭਾਰਤ ਸਰਕਾਰ ਵੱਲੋਂ ਬੀਤੀ 23 ਮਾਰਚ ਨੂੰ ਪੂਰੇ ਦੇਸ਼ ਵਿਚ ਲੌਕਡਾਊਨ ਕੀਤਾ ਗਿਆ, ਜਿਸ ਕਾਰਨ ਪੂਰੇ ਦੇਸ਼ ਵਿਚ ਜ਼ਿੰਦਗੀ ਦੀ ਰਫ਼ਤਾਰ ਬਿਲਕੁਲ ਰੁਕ ਗਈ ਸੀ। ਇਸ ਦੇ ਕਈ ਫਾਇਦੇ ਅਤੇ ਕਈ ਨੁਕਸਾਨ ਹੋਏ। ਸਭ ਤੋਂ ਵੱਡਾ ਫਾਇਦਾ ਇਹ ਕਿ ਸੜਕ ਹਾਦਸਿਆਂ ਵਿਚ ਬਹੁਤ ਵੱਡੀ ਕਮੀ ਦੇਖਣ ਨੂੰ ਮਿਲੀ ਤੇ ਬਹੁਤ ਸਾਰੀਆਂ ਕੀਮਤੀ ਜਾਨਾਂ ਮੌਤ ਦੇ ਮੂੰਹ ਜਾਣ ਤੋਂ ਬਚ ਗਈਆਂ। ‘ਜੀਵਨ ਬਚਾਉ ਫਾਊਂਡੇਸ਼ਨ’ ਵੱਲੋਂ ਕੀਤੇ ਸਰਵੇਖਣ ਵਿਚ ਸਾਹਮਣੇ ਆਇਆ ਕਿ 25 ਮਾਰਚ ਤੋਂ 16 ਮਈ ਦੌਰਾਨ ਕਰੀਬ ਸਾਰੇ ਦੇਸ਼ ਵਿਚ 2000 ਸੜਕ ਦੁਰਘਟਨਾਵਾਂ ਦਰਜ ਕੀਤੀਆਂ ਗਈਆਂ ਸਨ, ਜਿਸ ਵਿਚ 368 ਲੋਕਾਂ ਨੂੰ ਜਾਨ ਗਵਾਉਣੀ ਪਈ। ਮ੍ਰਿਤਕਾਂ ਵਿਚ ਜ਼ਿਆਦਾਤਰ ਮਜ਼ਦੂਰ ਸਨ, ਜੋ ਲੌਕਡਾਊਨ ਹੋਣ ਕਰਕੇ ਘਰਾਂ ਨੂੰ ਪਰਤ ਰਹੇ ਸਨ। ਪੰਜਾਬ ਵਿਚ ਲੌਕਡਾਊਨ ਵਿਚ ਥੋੜ੍ਹੀ ਢਿੱਲ ਦੇਣ ’ਤੇ ਵਹੀਕਲਾਂ ਦੀ ਰੌਣਕ ਅਤੇ ਰਫ਼ਤਾਰ ਫੇਰ ਸੜਕਾਂ ਉੱਪਰ ਦਿਖਾਈ ਦੇਣ ਲੱਗੀ ਹੈ ਅਤੇ ਉਸੇ ਤਰ੍ਹਾਂ ਹੀ ਸੜਕ ਦੁਰਘਟਨਾਵਾਂ ਵਿਚ ਵੱਡਾ ਵਾਧਾ ਸ਼ੁਰੂ ਹੋ ਗਿਆ ਹੈ, ਜੋ ਬਹੁਤ ਸਾਰੀਆਂ ਕੀਮਤੀ ਜਾਨਾਂ ਜਾਣ ਲਈ ਜ਼ਿੰਮੇਵਾਰ ਹੋਵੇਗਾ।
ਪੰਜਾਬ ਵਿਚ ਆਮ ਤੌਰ ’ਤੇ ਲੋਕਾਂ ਵੱਲੋਂ ਸੜਕ ਦੁਰਘਟਨਾਵਾਂ ਅਤੇ ਇਸ ਨਾਲ ਹੋਈਆਂ ਮੌਤਾਂ ਨੂੰ ਰੱਬ ਦੀ ਮਰਜ਼ੀ, ਕੁਦਰਤ ਦਾ ਭਾਣਾ ਮੰਨ ਲਿਆ ਜਾਂਦਾ ਹੈ, ਪਰ ਸੜਕ ਹਾਦਸਿਆਂ ਦਾ ਮੁੱਖ ਕਾਰਨ ਮਨੁੱਖੀ ਗ਼ਲਤੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਸੁਧਾਰਿਆ ਜਾ ਸਕਦਾ ਹੈ ਅਤੇ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ। ਇਸ ਲਈ ਸਰਕਾਰਾਂ ਨੂੰ, ਆਮ ਨਾਗਰਿਕ ਨੂੰ, ਸਮਾਜਿਕ ਸੰਸਥਾਵਾਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਪੰਜਾਬ ਵਿਚ ਲੋਕਾਂ ਵੱਲੋਂ ਸੜਕ ਹਾਦਸੇ ਸਬੰਧੀ ਬੀਮਾ ਵੀ ਬਹੁਤ ਘੱਟ ਕਰਵਾਇਆ ਜਾਂਦਾ ਹੈ। ਇਕ ਅੰਦਾਜ਼ੇ ਮੁਤਾਬਕ ਸਿਰਫ਼ ਦੋ ਫ਼ੀਸਦੀ ਲੋਕ ਹੀ ਆਪਣਾ ਐਕਸੀਡੈਂਟਲ ਬੀਮਾ ਕਰਵਾਉਂਦੇ ਹਨ। ਵੈਸੇ ਤਾਂ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਸੜਕ ਦੁਰਘਟਨਾ ਬੀਮੇ ਬਾਰੇ ਕਾਫ਼ੀ ਸਕੀਮਾਂ ਚਲਾਈਆਂ ਜਾਂਦੀਆਂ ਹਨ, ਪਰ ਇਸ ਲਈ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਸਕੀਮਾਂ ਨੂੰ ਸੌਖਿਆਂ ਉਪਲਬਧ ਕਰਵਾਉਣਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ। ਪਿਛਲੇ ਕਾਫ਼ੀ ਸਮੇਂ ਤੋਂ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਆਪਣੇ-ਆਪਣੇ ਪੱਧਰ ’ਤੇ ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਕਾਫ਼ੀ ਕਦਮ ਚੁੱਕੇ ਗਏ ਹਨ, ਜਿਵੇਂ ਕੇਂਦਰ ਸਰਕਾਰ ਨੇ ਮੋਟਰ ਵਾਹਨ ਐਕਟ 2019 ਪਾਸ ਕੀਤਾ, ਜਿਸ ਵਿਚ ਬਹੁਤ ਵਧੀਆ ਪ੍ਰਬੰਧ ਹਨ। ਇਸ ਦੇ ਨਾਲ-ਨਾਲ ਹਰ ਆਮ ਨਾਗਰਿਕ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਸੜਕੀ ਨਿਯਮਾਂ ਦਾ ਹੂਬਹੂ ਪਾਲਣ ਕਰਨ। ਜੇ ਇੰਝ ਹੋ ਜਾਵੇ ਤਾਂ ਯਕੀਨਨ ਹਾਦਸਿਆਂ ਨੂੰ ਬਹੁਤ ਘਟਾਇਆ ਤੇ ਅਨੇਕਾਂ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ।
*ਖੋਜਾਰਥੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪਿੰਡ ਤੇ ਡਾਕਖਾਨਾ ਮਾਖਾ, ਮਾਨਸਾ।
ਸੰਪਰਕ: 95013-01931