ਨਵਦੀਪ ਸਿੰਘ ਗਿੱਲ
ਮਹਾਨ ਫੁਟਬਾਲਰ ਡੀਏਗੋ ਮੈਰਾਡੋਨਾ ਦੇ ਇਸ ਜਹਾਨੋਂ ਤੁਰ ਜਾਣ ਨਾਲ ਖੇਡ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ। ਮੈਰਾਡੋਨਾ ਨਾ ਸਿਰਫ਼ ਫੁਟਬਾਲ ਬਲਕਿ ਸਮੁੱਚੇ ਖੇਡ ਜਗਤ ਵਿੱਚ ਮਕਬੂਲੀਅਤ ਦਾ ਸਿਖ਼ਰ ਸੀ। ਉਸ ਲਈ ਹਰ ਮਿੱਥ ਛੋਟੀ ਸੀ। ਉਸ ਦੇ ਤੁਰ ਜਾਣ ’ਤੇ ਹਰ ਅੱਖ ਰੋਈ। ਅਰਜਨਟੀਨਾ ਵਿੱਚ ਰਸਮੀ ਤੌਰ ’ਤੇ ਤਿੰਨ ਦਿਨ ਦਾ ਸਰਕਾਰੀ ਸੋਗ ਐਲਾਨਿਆ ਗਿਆ ਪਰ ਖੇਡ ਜਗਤ ਵਿੱਚ ਅਣ-ਐਲਾਨਿਆ ਸੋਗ ਫੈਲ ਗਿਆ। ਬਰਾਜ਼ੀਲ ਦੇ ਕਾਲੇ ਮੋਤੀ ਵਜੋਂ ਪ੍ਰਸਿੱਧ ਮਸ਼ਹੂਰ ਖਿਡਾਰੀ ਪੇਲੇ ਜਿਸ ਨਾਲ ਤਾਉਮਰ ਮੈਰਾਡੋਨਾ ਦੀ ਤੁਲਨਾ ਹੁੰਦੀ ਰਹੀ, ਨੇ ਇਸ ਮਹਾਨ ਖਿਡਾਰੀ ਨੂੰ ਯਾਦ ਕਰਦਿਆਂ ਕਿਹਾ ਕਿ ‘ਇਕ ਤਾਂ ਆਪਾਂ ਇਕੱਠੇ ਸਵਰਗਾਂ ਵਿੱਚ ਫੁਟਬਾਲ ਨੂੰ ਕਿੱਕ ਮਾਰਾਂਗੇ।’ ਫਰਾਟਾ ਦੌੜਾਕ ਓਸੈਨ ਬੋਲਟ ਨੇ ਆਪਣੀਆਂ ਮੈਰਾਡੋਨਾ ਨਾਲ ਤਸਵੀਰਾਂ ਸਾਂਝੀਆਂ ਕਰ ਕੇ ਸਰਧਾਂਜਲੀ ਦਿੱਤੀ। ਭਾਰਤ ਵਿੱਚ ਫੁਟਬਾਲ ਦੇ ਘਰ ਬੰਗਾਲ ਨਾਲ ਸਬੰਧਿਤ ਸਾਬਕਾ ਭਾਰਤੀ ਕ੍ਰਿਕਟ ਕਪਤਾਨ ਸੌਰਵ ਗਾਂਗੁਲੀ ਨੇ ਇਹ ਗੱਲ ਕਹਿ ਕੇ ਯਾਦ ਕੀਤਾ ਕਿ ਉਹ ਮੈਰਾਡੋਨਾ ਕਰ ਕੇ ਹੀ ਫੁਟਬਾਲ ਦੇਖਦਾ ਸੀ। ਦੁਨੀਆਂ ਦੇ ਹਰ ਭਾਸ਼ਾ ਦੇ ਅਖ਼ਬਾਰ ਨੇ ਮੈਰਾਡੋਨਾ ਦੇ ਮੌਤ ਦੀ ਖ਼ਬਰ ਨੂੰ ਪਹਿਲੇ ਪੰਨੇ ਦੀ ਸੁਰਖੀ ਬਣਾਇਆ। ਚਰਚਿਤ ‘ਹੈਂਡ ਆਫ ਗੌਡ’ ਨਾਲ ਗੋਲ ਕਰ ਕੇ ਮਸ਼ਹੂਰ ਹੋਏ ਮੈਰਾਡੋਨਾ ਦੇ ਤੁਰ ਜਾਣ ’ਤੇ ਬਹੁਤੇ ਅਖ਼ਬਾਰਾਂ ਦੀ ਸੁਰਖੀ ਵੀ ਇਹ ਬਣੀ, ‘ਇਨ ਹੈਂਡਜ਼ ਆਫ ਗੌਡ’। ਕੁੱਲ ਮਿਲਾ ਕਿ ਮੈਰਾਡੋਨਾ ਦੀ 60 ਵਰ੍ਹਿਆਂ ਦੀ ਉਮਰੇ ਇਸ ਜਹਾਨੋਂ ਰੁਖ਼ਸਤੀ ਉੱਤੇ ਹਰ ਖੇਡ ਪ੍ਰੇਮੀ ਦੇ ਸੀਨੇ ਚੀਸ ਪਈ।
ਮੈਰਾਡੋਨਾ ਦੀ ਤੁਲਨਾ ਆਪਣੇ ਤੋਂ ਪਹਿਲੇ ਪੇਲੇ ਅਤੇ ਬਾਅਦ ਦੇ ਖਿਡਾਰੀਆਂ ਰੋਨਾਲਡੋ, ਜ਼ਿਨਾਡਿਨ ਜ਼ਿਡਾਨੇ, ਲਿਓਨਲ ਮੈਸੀ ਆਦਿ ਨਾਲ ਵੀ ਸਮੇਂ-ਸਮੇਂ ’ਤੇ ਹੁੰਦੀ ਰਹੀ। ਪਰ ਮੈਰਾਡੋਨਾ ਦੀ ਖਿੱਚ ਅਤੇ ਉਸ ਨੂੰ ਚਾਹੁਣ ਵਾਲਿਆਂ ਵਿੱਚ ਉਸ ਪ੍ਰਤੀ ਜਾਨੂੰਨ ਹੀ ਵੱਖਰਾ ਹੀ ਹੈ। ਖੇਡ ਦਾ ਸਿਖ਼ਰ ਛੂਹਣ ਵਾਲੇ ਮੈਰਾਡੋਨਾ ਨੇ ਵਿਵਾਦ ਵੀ ਖੱਟੇ। ਉਸ ਦੀ ਖੇਡ ਕਲਾ ਅੱਗੇ ਸਭ ਵਿਵਾਦ ਊਣੇ ਸਨ। ਉਸ ਦੇ ਚਾਹੁਣ ਵਾਲਿਆਂ ਅੱਗੇ ਆਲੋਚਕਾਂ ਦੇ ਤਰਕ ਫਿੱਕੇ ਪੈ ਜਾਂਦੇ ਸਨ। ਆਪਣੇ ਦਮ ’ਤੇ ਅਰਜਨਟੀਨਾ ਨੂੰ ਵਿਸ਼ਵ ਕੱਪ ਜਿਤਾਉਣ ਅਤੇ ਫੀਫਾ ਵੱਲੋਂ ਸਦੀ ਦਾ ਸਰਵੋਤਮ ਅਤੇ ਫੁਟਬਾਲ ਦੀ ਖੇਡ ਦਾ ਸਰਵੋਤਮ ਗੋਲ ਸਕੋਰਰ ਐਲਾਨਿਆ ਗਿਆ। ਮੈਰਾਡੋਨਾ ਨਸ਼ੀਲੇ ਪਦਾਰਥਾਂ ਦੇ ਸੇਵਨ ਕਰ ਕੇ ਵਿਸ਼ਵ ਕੱਪ ਵਿੱਚੋਂ ਬਰਖ਼ਾਸਤ ਵੀ ਹੋਇਆ। ਇਥੋਂ ਤੱਕ ਕਿ ਉਹ ਕਈ ਵਾਰ ਮੌਤ ਦੇ ਮੂੰਹੋ ਵੀ ਬਚ ਕੇ ਆਇਆ। ਭਾਰ ਵੀ ਸਵਾ ਕੁਇੰਟਲ ਤੋਂ ਪਾਰ ਹੋ ਗਿਆ ਪਰ ਮੈਰਾਡੋਨਾ ਦੀ ਚਾਹਤ ਕਿਤੇ ਵੀ ਨਹੀਂ ਘਟੀ। ਫੁਟਬਾਲ ਨੂੰ ਕਲਾਬਾਜ਼ੀਆਂ ਖਵਾਉਣ ਵਾਲਾ ਇਹ ਲਾਤੀਨੀ ਅਮਰੀਕੀ ਖਿਡਾਰੀ ਸੱਚਮੁੱਚ ਖੇਡ ਦਾ ਜਾਦੂਗਰ ਸੀ ਜਿਸ ਦੇ ਪੈਰਾਂ ਦੇ ਇਸ਼ਾਰਿਆਂ ’ਤੇ ਬਾਲ ਨੱਚਦੀ ਸੀ। ਡਰਬਿਲਿੰਗ, ਬਾਲ ਕੰਟਰੋਲ, ਸੇਧੇ ਹੋਏ ਪਾਸ ਉਸ ਦੀ ਖੇਡ ਦੀ ਸਭ ਤੋਂ ਵੱਡੀ ਖ਼ਾਸੀਅਤ ਸੀ। ਮਹਿਜ਼ ਪੰਜ ਫੁੱਟ ਤੇ ਪੰਜ ਇੰਚ ਵਾਲੇ ਮਧਰੇ ਕੱਦ ਵਾਲੇ ਇਸ ਖਿਡਾਰੀ ਦਾ ਫੁਟਬਾਲ ਦੀ ਖੇਡ ਵਿੱਚ ਦਿਓ ਕੱਦ ਖਿਡਾਰੀ ਵਜੋਂ ਦੇਖਿਆ ਜਾਂਦਾ ਹੈ।
ਮੈਰਾਡੋਨਾ ਦਾ ਜਨਮ 30 ਅਕਤੂਬਰ 1960 ਨੂੰ ਅਰਜਨਟੀਨਾ ਦੇ ਸੂਬੇ ਬਿਓਨਸ ਆਈਰਸ ਦੇ ਸ਼ਹਿਰ ਲਾਤੁਸ ਵਿਖੇ ਹੋਇਆ। ਚਾਰ ਭੈਣਾਂ ਤੋਂ ਛੋਟੇ ਅਤੇ ਦੋ ਭਰਾਵਾਂ ਤੋਂ ਵੱਡੇ ਡੀਏਗੋ ਮੈਰਾਡੋਨਾ ਦਾ ਬਚਪਨ ਤੰਗੀਆਂ-ਤੁਰਸ਼ੀਆਂ ਵਿੱਚ ਗੁਜ਼ਰਿਆ। ਉਹ 12 ਵਰ੍ਹਿਆਂ ਦਾ ਸੀ ਜਦੋਂ ਉਹ ਫਸਟ ਡਿਵੀਜ਼ਨ ਲੀਗ ਦੇ ਮੈਚਾਂ ਦੌਰਾਨ ਅੱਧੇ ਸਮੇਂ ਦੀ ਵਕਫ਼ੇ ਵਿੱਚ ਬਾਲ ਨਾਲ ਕਰਤੱਬ ਕਰਦਾ ਹੋਇਆ ਦਰਸ਼ਕਾਂ ਦਾ ਮਨੋਰੰਜਨ ਕਰਦਾ ਸੀ। ਸੋਲਵੇਂ ਸਾਲ ਵਿੱਚ ਹੀ ਉਸ ਨੇ ਅਰਜਨਟੀਨਾ ਦੀ ਜੂਨੀਅਰ ਟੀਮ ਵੱਲੋਂ 16 ਨੰਬਰ ਦੀ ਜਰਸੀ ਪਹਿਨ ਕੇ ਆਪਣਾ ਪਹਿਲਾ ਮੈਚ ਖੇਡਿਆ। ਆਪਣੇ ਪਹਿਲੇ ਹੀ ਮੈਚ ਵਿੱਚ ਜੁਆਨ ਡੌਮਿੰਗੋ ਦੇ ਪੈਰਾਂ ਹੇਠੋਂ ਮੈਰਾਡੋਨਾ ਵੱਲੋਂ ਲਗਾਈ ਕਿੱਕ ਉਸ ਖਿਡਾਰੀ ਨੂੰ ਰਹਿੰਦੀ ਦੁਨੀਆਂ ਤੱਕ ਚੇਤੇ ਰਹੀ। ਸਤਾਰਵੇਂ ਸਾਲ ਵਿੱਚ ਮੈਰਾਡੋਨਾ ਨੇ ਹੰਗਰੀ ਖ਼ਿਲਾਫ਼ ਸੀਨੀਅਰ ਵਰਗ ਵਿੱਚ ਆਪਣਾ ਪਹਿਲਾ ਕੌਮਾਂਤਰੀ ਮੈਚ ਖੇਡਿਆ। 1979 ਵਿੱਚ ਮੈਰਾਡੋਨਾ ਫੁਟਬਾਲ ਦੇ ਆਲਮ ਵਿਚ ਛਾ ਗਿਆ ਜਦੋਂ ਉਸ ਦੀ ਸ਼ਮੂਲੀਅਤ ਵਾਲੀ ਟੀਮ ਨੇ ਫੀਫਾ ਵਿਸ਼ਵ ਯੂਥ ਚੈਂਪੀਅਨਸ਼ਿਪ ਜਿੱਤੀ। ਮੈਰਾਡੋਨਾ ਨੂੰ ਸਰਵੋਤਮ ਖਿਡਾਰੀ ਵਜੋਂ ਗੋਲਡਨ ਬਾਲ ਅਤੇ ਛੇ ਗੋਲ ਕਰਨ ਬਦਲੇ ਗੋਲਡਨ ਬੂਟ ਦਾ ਖਿਤਾਬ ਵੀ ਮਿਲਿਆ। ਇਸੇ ਸਾਲ ਉਸ ਨੇ ਸਕਾਟਲੈਂਡ ਖ਼ਿਲਾਫ਼ ਸੀਨੀਅਰ ਵਰਗ ਵਿੱਚ ਆਪਣਾ ਪਹਿਲਾ ਗੋਲ ਕੀਤਾ।
ਮੈਰਾਡੋਨਾ ਦੀ ਖੇਡ ਦਾ ਸਿਖ਼ਰ 1986 ਵਿੱਚ ਮੈਕਸੀਕੋ ਵਿਚ ਖੇਡਿਆ ਫੀਫਾ ਵਿਸ਼ਵ ਕੱਪ ਸੀ ਜਿਹੜਾ ਉਸ ਦੀ ਕਪਤਾਨੀ ਹੇਠ ਅਰਜਨਟੀਨਾ ਨੇ ਜਿੱਤਿਆ। ਮੈਰਾਡੋਨਾ ਨੂੰ ਸਰਵੋਤਮ ਖਿਡਾਰੀ ਐਲਾਨਿਆ ਗਿਆ ਜਿਸ ਸਦਕਾ ਉਸ ਨੂੰ ਗੋਲਡਨ ਬਾਲ ਮਿਲੀ। ਮੈਰਾਡੋਨਾ ਨੇ ਪੰਜ ਗੋਲ ਕਰ ਕੇ ਸਿਲਵਰ ਬੂਟ ਖਿਤਾਬ ਵੀ ਜਿੱਤਿਆ। ਪੰਜ ਗੋਲ ਹੀ ਮੈਰਾਡੋਨਾ ਵੱਲੋਂ ਪਾਸ ਦੇ ਕੇ ਕਰਵਾਏ ਗਏ। ਇਸ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਮੈਰਾਡੋਨਾ ਨੇ ਇੰਗਲੈਂਡ ਖ਼ਿਲਾਫ਼ ਇਤਿਹਾਸਕ ਮੈਚ ਖੇਡਿਆ ਜੋ ਸਦੀਆਂ ਤੱਕ ਯਾਦ ਰਹੇਗਾ। ਇਸ ਮੈਚ ਵਿੱਚ ਮੈਰਾਡੋਨਾ ਨੇ ਦੋ ਗੋਲ ਕੀਤੇ। 51ਵੇਂ ਮਿੰਟ ਵਿੱਚ ਮੈਰਾਡੋਨਾ ਵੱਲੋਂ ਪਹਿਲਾ ਗੋਲ ਫੁਟਬਾਲ ਦੀ ਖੇਡ ਦਾ ਸਭ ਤੋਂ ਵਿਵਾਦਪੂਰਨ ਗੋਲ ਹੈ ਜਿਸ ਬਾਰੇ ਸ਼ੰਕਾ ਪ੍ਰਗਟਾਈ ਗਈ ਕਿ ਮੈਰਾਡੋਨਾ ਵੱਲੋਂ ਲਗਾਈ ਛਲਾਂਗ ਦੌਰਾਨ ਹੱਥ ਨਾਲ ਗੋਲ ਕੀਤਾ। ਇਸ ਗੋਲ ਨੂੰ ‘ਹੈਂਡ ਆਫ ਗੌਡ’ ਗੋਲ ਨਾਲ ਜਾਣਿਆ ਜਾਂਦਾ ਹੈ। 55ਵੇਂ ਮਿੰਟ ਵਿੱਚ ਮੈਰਾਡੋਨਾ ਵੱਲੋਂ ਆਪਣੀ ਸਾਈਡ ਤੋਂ 60 ਗਜ਼ ਦੇ ਕਰੀਬ ਦੂਰੀ ਤੱਕ ਇਕੱਲਿਆਂ ਬਾਲ ਨੂੰ ਡਰਬਿਲ ਕਰਦਿਆਂ ਪੰਜ ਇੰਗਲਿਸ਼ ਖਿਡਾਰੀਆਂ ਨੂੰ ਝਕਾਨੀ ਦੇ ਕੇ ਕੀਤੇ ਗੋਲ ਨੂੰ ਫੁਟਬਾਲ ਦੀ ਖੇਡ ਦਾ ਸਰਵੋਤਮ ਗੋਲ ਐਲਾਨਿਆ ਗਿਆ ਹੈ। ਚਾਰ ਵਰ੍ਹਿਆਂ ਬਾਅਦ 1990 ਵਿੱਚ ਮੈਰਾਡੋਨਾ ਦੀ ਕਪਤਾਨੀ ਹੇਠ ਅਰਜਨਟੀਨਾ ਨੇ ਫੇਰ ਫਾਈਨਲ ਖੇਡਿਆ ਪਰ ਇਸ ਵਾਰ ਉਹ ਉਪ ਜੇਤੂ ਹੀ ਬਣ ਸਕੇ। 1994 ਦੇ ਵਿਸ਼ਵ ਕੱਪ ਮੌਕੇ ਮੈਰਾਡੋਨਾ 34 ਵਰ੍ਹਿਆਂ ਦਾ ਸੀ। ਯੂਨਾਨ ਖ਼ਿਲਾਫ਼ ਪਹਿਲੇ ਮੈਚ ਵਿੱਚ ਉਸ ਵੱਲੋਂ ਗੋਲ ਕਰਨ ਬਾਅਦ ਕੈਮਰੇ ਵੱਲ ਵਧ ਕੇ ਮਨਾਏ ਗਏ ਜਸ਼ਨ ਫੁਟਬਾਲ ਪ੍ਰੇਮੀ ਹੁਣ ਤੱਕ ਨਹੀਂ ਭੁੱਲੇ। ਦੂਜੇ ਮੈਚ ਤੋਂ ਬਾਅਦ ਮੈਰਾਡੋਨਾ ਡੋਪਿੰਗ ਦੇ ਦੋਸ਼ਾਂ ਕਾਰਨ ਬਾਹਰ ਕਾਹਦਾ ਹੋਇਆ ਸਮਝੋ ਅਰਜਨਟੀਨਾ ਦੀ ਕਿਸਮਤ ਹੀ ਰੁੱਸ ਗਈ। ਸਭ ਤੋਂ ਵੱਧ ਚੀਸ ਮੈਰਾਡੋਨਾ ਦੇ ਪ੍ਰਸ਼ੰਸਕਾ ਦੇ ਦਿਲਾਂ ਵਿੱਚ ਸੀ।
ਮੈਰਾਡੋਨਾ ਨੇ ਆਪਣੇ 21 ਸਾਲਾਂ ਦੇ ਪੇਸ਼ੇਵਾਰ ਖੇਡ ਕਰੀਅਰ ਵਿੱਚ ਵੱਖ-ਵੱਖ ਕਲੱਬਾਂ ਵੱਲੋਂ 491 ਮੈਚ ਖੇਡਦਿਆਂ 259 ਗੋਲ ਕੀਤੇ। ਅਰਜਨਟੀਨਾ ਦੀ ਕੌਮੀ ਟੀਮ ਵੱਲੋਂ ਉਸ ਨੇ 91 ਮੈਚ ਖੇਡੇ ਅਤੇ 34 ਗੋਲ ਕੀਤੇ। ਮੈਰਾਡੋਨਾ ਦੇ ਨਾਂ ਦੋ ਵਾਰ ਵਿਸ਼ਵ ਦਾ ਸਭ ਤੋਂ ਮਹਿੰਗੇ ਖਿਡਾਰੀ ਦਾ ਰਿਕਾਰਡ ਵੀ ਦਰਜ ਹੈ। ਉਸ ਵੇਲੇ ਮੈਰਾਡੋਨਾ ਨੂੰ ਪਹਿਲੀ ਵਾਰ ਬਾਰਸੀਲੋਨਾ ਨੇ 5 ਮਿਲੀਅਨ ਪੌਂਡ ਅਤੇ ਫੇਰ ਨਾਪੋਲੀ ਨੇ 6.9 ਮਿਲੀਅਨ ਪੌਂਡ ਵਿੱਚ ਕਰਾਰ ਕੀਤਾ ਸੀ। ਮੈਰਾਡੋਨਾ ਆਪਣੇ ਖੇਡ ਕਰੀਅਰ ਦੌਰਾਨ ਬੋਕਾ ਜੂਨੀਅਰ, ਬਾਰਸੀਲੋਨਾ, ਨਾਪੋਲੀ ਵੱਲੋਂ ਕਈ ਖਿਤਾਬ ਜਿੱਤੇ। 2002 ਵਿੱਚ ਫੀਫਾ ਵੱਲੋਂ ਕਰਵਾਈ ਗਈ ਆਨਲਾਈਨ ਵੋਟਿੰਗ ਵਿੱਚ ਮੈਰਾਡੋਨਾ ਸਦੀ ਦਾ ਸਰਵੋਤਮ ਫੁਟਬਾਲਰ ਐਲਾਨਿਆ ਗਿਆ। ਮੈਰਾਡੋਨਾ ਨੂੰ 53.6 ਫੀਸਦੀ ਵੋਟਾਂ ਪਈਆਂ ਜਦੋਂ ਕਿ ਪੇਲੇ ਨੂੰ ਸਿਰਫ 18.53 ਫੀਸਦੀ ਵੋਟਾਂ ਪਈਆਂ। ਪ੍ਰਸਿੱਧ ਰਸਾਲੇ ‘ਫੋਰ ਫੋਰ ਟੂ’ ਵੱਲੋਂ ਮੈਰਾਡੋਨਾ ਨੂੰ ਸਾਰੇ ਸਮੇਂ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਮੈਰਾਡੋਨਾ ਦੇ ਸੰਨਿਆਸ ਲੈਣ ਤੋਂ ਬਾਅਦ ਉਸ ਦੇ ਕਲੱਬ ਨਾਪੋਲੀ ਨੇ ਤਾਂ ਮੈਰਾਡੋਨਾ ਵੱਲੋਂ ਪਾਈ ਜਾਂਦੀ 10 ਨੰਬਰ ਦੀ ਜਰਸੀ ਵੀ ਰਿਟਾਇਰ ਕਰ ਦਿੱਤੀ। 2015 ਵਿੱਚ ਮੈਰਾਡੋਨਾ ‘ਹੈਂਡ ਆਫ ਗੌਡ’ ਗੋਲ ਵਾਲੇ ਮੈਚ ਦੀ ਰੈਫਰੀ ਕਰਨ ਵਾਲੇ ਟਿਊਨੇਸ਼ੀਆ ਦੇ ਅਲੀ ਬਿਨ ਨਾਸੀਰ ਨੂੰ ਉਚੇਚੇ ਤੌਰ ’ਤੇ ਮਿਲ ਕੇ ਆਇਆ ਅਤੇ ਆਪਣੀ ਅਰਜਨਟੀਨਾ ਦੀ ਜਰਸੀ ਆਟੋਗ੍ਰਾਫ ਨਾਲ ਭੇਟ ਕੀਤੀ।
ਮੈਰਾਡੋਨਾ ਜਿੱਥੇ ਜਾਨੂੰਨੀ ਖਿਡਾਰੀ ਰਿਹਾ ਉੱਥੇ ਮੂਡੀ ਵੀ ਬਹੁਤ ਰਿਹਾ। ਉਸ ਦੇ ਮੂਡ ਦਾ ਕਿਤੇ ਵੀ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਸੀ। ਉਹ ਕਈ ਵਾਰ ਮੀਡੀਆ ਵਾਲ ਖਹਬਿੜਿਆ ਪਰ ਉਸ ਦੇ ਚਹੇਤਿਆਂ ਨੂੰ ਉਸ ਦਾ ਹਰ ਅੰਦਾਜ਼ ਪਸੰਦ ਸੀ। ਮੈਰਾਡੋਨਾ ਅਰਜਨਟੀਨਾ ਦੇ ਮਹਾਨ ਮਾਰਕਸੀ ਇਨਕਲਾਬੀ ਚੀ ਗਵੇਰਾ ਦਾ ਬਹੁਤ ਵੱਡਾ ਪ੍ਰਸ਼ੰਸਕ ਸੀ ਜਿਸ ਦੀ ਫੋਟੋ ਉਸ ਨੇ ਟੈਟੂ ਦੇ ਰੂਪ ਵਿੱਚ ਆਪਣੇ ਡੌਲੇ ਉੱਤੇ ਖੁਣਵਾਈ ਹੋਈ ਸੀ। ਉਸ ਬਾਰੇ ਮੈਰਾਡੋਨਾ ਕਹਿੰਦਾ ਸੀ ਕਿ ‘ਮੈਂ ਚੀ ਨੂੰ ਆਪਣੀ ਬਾਹ ਅਤੇ ਦਿਲ ਅੰਦਰ ਰੱਖਦਾ ਹਾਂ।’ ਦੂਜਾ ਪ੍ਰਸੰਸਕ ਉਹ ਕਿਊਬਾ ਦੇ ਵੱਡੇ ਆਗੂ ਫਿਦਲ ਕਾਸਟਰੋ ਦਾ ਸੀ ਜਿਸ ਦੀ ਫੋਟੋ ਉਸ ਨੇ ਟੈਟੂ ਦੇ ਰੂਪ ਵਿੱਚ ਖੁਣਵਾਈ ਸੀ। ਇਕ ਵਾਰ ਉਸ ਨੇ ਕਾਸਟਰੋ ਨਾਲ ਮੁਲਾਕਾਤ ਦੌਰਾਨ ਇਹ ਟੈਟੂ ਦਿਖਾਉਂਦਿਆਂ ਕਿਹਾ ਸੀ ਕਿ ‘ਤੁਹਾਨੂੰ ਮਿਲਣਾ ਅਸਮਾਨ ਨੂੰ ਛੂਹਣ ਦੇ ਤੁਲ ਹੈ, ਜੋ ਤੁਸੀਂ ਤੇ ਪਰਮਾਤਮਾ ਨੇ ਮੇਰੇ ਲਈ ਕੀਤਾ ਉਹ ਅਦਭੁੱਤ ਹੈ। ਤੁਸੀਂ ਹੀ ਮੇਰੇ ਜਿਉਣ ਦਾ ਇਕ ਮਾਤਰ ਕਾਰਨ ਹੋ।’
ਮੈਰਾਡੋਨਾ ਵੱਲੋਂ ਬਾਲ ਨੂੰ ਕਲਾਬਾਜ਼ੀਆਂ ਖਵਾਉਣ ਵਾਲੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਕਰੋੜਾਂ ਖੇਡ ਪ੍ਰੇਮੀਆਂ ਵੱਲੋਂ ਦੇਖੀਆਂ ਜਾਂਦੀਆਂ ਹਨ। ਫੁਟਬਾਲ ਦੀ ਦੁਨੀਆਂ ਵਿਚ ਜਿਨ੍ਹਾਂ ਨੇ ਪੇਲੇ ਨੂੰ ਖੇਡਦੇ ਨਹੀਂ ਵੇਖਿਆ, ਉਨ੍ਹਾਂ ਨੂੰ ਕੋਈ ਰੰਜ ਨਹੀਂ ਕਿਉਂਕਿ ਉਨ੍ਹਾਂ ਨੇ ਮੈਰਾਡੋਨਾ ਨੂੰ ਖੇਡਦੇ ਅੱਖੀ ਵੇਖਿਆ ਹੈ। ਇਹੋ ਕਾਰਨ ਹੈ ਕਿ ਮੈਰਾਡੋਨਾ ਦੇ ਤੁਰ ਜਾਣ ਦੀ ਖ਼ਬਰ ਨੇ ਖੇਡ ਜਗਤ ਨੂੰ ਸੁੰਨ ਕਰ ਦਿੱਤਾ। ਮੈਰਾਡੋਨ ਦਾ ਕੁਝ ਦਿਨ ਪਹਿਲਾਂ ਦਿਮਾਗ ਦਾ ਅਪਰੇਸ਼ਨ ਕਰ ਕੇ ਕਲੌਟ ਕੱਢਿਆ ਸੀ। 25 ਨਵੰਬਰ ਦਿਲ ਦਾ ਦੌਰਾ ਪੈਣ ਕਰ ਕੇ ਇਸ ਮਹਾਨ ਖਿਡਾਰੀ ਦੀ ਦਿਲ ਦੀ ਧੜਕਣ ਸਦਾ ਲਈ ਰੁਕ ਗਈ। ਹਰ ਖਿਡਾਰੀ, ਖੇਡ ਪ੍ਰਬੰਧਕ ਤੇ ਖੇਡ ਪ੍ਰੇਮੀ ਚਾਹੇ ਉਹ ਕਿਸੇ ਵੀ ਮੁਲਕ ਦਾ ਹੋਵੇ ਜਾਂ ਫੇਰ ਕਿਸੇ ਵੀ ਖੇਡ ਦਾ, ਸਭ ਨੇ ਇਸ ਮਹਾਨ ਖਿਡਾਰੀ ਨੂੰ ਯਾਦ ਕੀਤਾ ਹੈ। ਭਾਰਤ ਵਿੱਚ ਫੁਟਬਾਲ ਪ੍ਰੇਮੀਆਂ ਨੇ ਉਸ ਦੀਆਂ ਦੋ ਭਾਰਤ ਫੇਰੀਆਂ ਦੀਆਂ ਤਸਵੀਰਾਂ ਸਾਂਝੀਆਂ ਕਰ ਕੇ ਯਾਦ ਕੀਤਾ। ਮੈਰਾਡੋਨਾ ਨੂੰ ਰਹਿੰਦੀ ਦੁਨੀਆ ਤੱਕ ਫੁਟਬਾਲ ਪ੍ਰੇਮੀ ਇਸ ਦੀ ਜਾਦੂਗਰੀ ਦੇ ਨਾਲ ਉਸ ਦੀਆਂ ਸ਼ਰਾਰਤਾਂ ਅਤੇ ਵਿਵਾਦਾਂ ਕਰ ਕੇ ਵੀ ਚੇਤੇ ਕਰਦੇ ਰਹਿਣਗੇ।
ਸੰਪਰਕ: 97800-36216