ਵਾਹਗਿਓਂ ਪਾਰ

ਜ਼ਰਦਾਰੀ ਵੱਲੋਂ ਤੋੜ-ਵਿਛੋੜੇ ਦੇ ਸੰਕੇਤ....

ਜ਼ਰਦਾਰੀ ਵੱਲੋਂ ਤੋੜ-ਵਿਛੋੜੇ ਦੇ ਸੰਕੇਤ....

ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਨੇ ਸੰਕੇਤ ਦੇ ਦਿੱਤਾ ਹੈ ਕਿ ਉਹ ਕੌਮੀ ਤੇ ਸੂਬਾਈ ਅਸੈਂਬਲੀਆਂ ਦੀਆਂ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਰਹੀ ਹੈ। ਉਹ ਭਾਵੇਂ ਕੁਲੀਸ਼ਨ ਧਰਮ ਦੀ ਪਾਲਣਾ ਕਰ ਰਹੀ ਹੈ, ਫਿਰ ਵੀ ਵਜ਼ੀਰੇ ਆਜ਼ਮ ਸ਼ਹਿਬਾਜ਼ ਸ਼ਰੀਫ਼ ਦੇ ਰੁਖ਼ ਤੇ ਨੀਤੀਆਂ ਤੋਂ ਸੰਤੁਸ਼ਟ ਨਹੀਂ। ਰੋਜ਼ਨਾਮਾ ‘ਡਾਅਨ’ ਵਿਚ ਐਤਵਾਰ ਨੂੰ ਲਾਹੌਰ ਤੋਂ ਛਪੀ ਖ਼ਬਰ ਮੁਤਾਬਿਕ ਪੀਪਲਜ਼ ਪਾਰਟੀ ਦੇ ਨੇਤਾ ਤੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਦਾਅਵਾ ਕੀਤਾ ਕਿ 2023 ਦੀਆਂ ਚੋਣਾਂ ਮਗਰੋਂ ਮੁਲਕ ਵਿਚ ਪੀਪਲਜ਼ ਪਾਰਟੀ ਦੀ ਸਰਕਾਰ ਬਣੇਗੀ। ਲਾਹੌਰ ਦੇ ਉਪਨਗਰ ਬਾਹਰੀਆ ਟਾਊਨ ਸਥਿਤ ਪਾਰਟੀ ਦਫ਼ਤਰ ਵਿਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਜ਼ਰਦਾਰੀ ਨੇ ਕਿਹਾ ਕਿ ਪਾਰਟੀ ਕਮਜ਼ੋਰ ਨਹੀਂ। ਇਸ ਦਾ ਕਾਡਰ ਮੁਲਕ ਦੇ ਹਰ ਕੋਨੇ, ਹਰ ਸ਼ਹਿਰ, ਹਰ ਕਸਬੇ ਤੇ ਹਰ ਪਿੰਡ ਵਿਚ ਮੌਜੂਦ ਹੈ। ਇਸ ਨੂੰ ਸਰਗਰਮ ਕੀਤਾ ਜਾ ਰਿਹਾ ਹੈ। ਜਿਹੜੇ ਸਿਆਸਤਦਾਨ ਜਾਂ ਰਾਜਸੀ ਮਾਹਿਰ ਇਹ ਕਹਿੰਦੇ ਹਨ ਕਿ ਸੂਬਾ ਪੰਜਾਬ ਜਾਂ ਗਿਲਗਿਤ-ਬਾਲਟਿਸਤਾਨ ਵਿਚੋਂ ਪੀਪਲਜ਼ ਪਾਰਟੀ ਦਾ ਸਫ਼ਾਇਆ ਹੋ ਚੁੱਕਾ ਹੈ, ਉਹ ਗਲਤ ਹਨ। ਪਾਰਟੀ, ਮਰਕਜ਼ੀ ਸਰਕਾਰ ਅਤੇ ਪੰਜਾਬ ਸਕਾਰ ਵਿਚ ਕੁਲੀਸ਼ਨ ਧਰਮ ਦੀ ਪਾਲਣਾ ਕਰਨ ਹਿੱਤ ਸ਼ਾਮਲ ਹੈ। ਪਹਿਲਾਂ ਉਹ ਇਸ ਸ਼ਮੂਲੀਅਤ ਦੇ ਖ਼ਿਲਾਫ਼ ਸੀ, ਪਰ ਕੌਮੀ ਮੁਆਕਿਫ਼ਾਂ ਦੀ ਖ਼ਾਤਰ ਇਸ ਨੇ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਉਰਫ਼ ਪੀ.ਐਮ.ਐੱਲ.-ਐੱਨ ਦੀ ਅਗਵਾਈ ਵਾਲੀ ਸਰਕਾਰ ਵਿਚ ਸ਼ਾਮਲ ਹੋਣਾ ਵਾਜਬ ਸਮਝਿਆ। ਇਸ ਕਦਮ ਨੂੰ ਪਾਰਟੀ ਦੀ ਕਮਜ਼ੋਰੀ ਨਹੀਂ ਸਮਝਿਆ ਜਾਣਾ ਚਾਹੀਦਾ। ਪਰ ਇਕ ਗੱਲ ਸਪਸ਼ਟ ਹੈ ਕਿ ਪਾਰਟੀ ਅਗਲੀਆਂ ਚੋਣਾਂ ਆਪਣੇ ਬਲਬੂਤੇ ਲੜੇਗੀ। ਉਨ੍ਹਾਂ ਐਲਾਨ ਕੀਤਾ, ‘‘ਪੰਜਾਬ ਵਿਚ ਪਾਰਟੀ ਦੀ ਸੁਰਜੀਤੀ ਦੀ ਨਿਗਰਾਨੀ ਮੈਂ ਖ਼ੁਦ ਕਰਾਂਗਾ। ਇਸੇ ਮਕਸਦ ਦੀ ਪੂਰਤੀ ਲਈ ਮੈਂ ਲਾਹੌਰ ਦੇ ਗੁਲਬਰਗ ਇਲਾਕੇ ਵਿਚ ਘਰ ਖ਼ਰੀਦ ਰਿਹਾ ਹਾਂ।’’

ਜ਼ਰਦਾਰੀ ਨੇ ਸ਼ਿਕਵਾ ਕੀਤਾ: ‘‘ਸ਼ਰੀਫ਼ ਸਾਡੀ ਉਦੋਂ ਸੁਣਦੇ ਹਨ ਜਦੋਂ ਕੋਈ ਮਜਬੂਰੀ ਹੋਵੇ। ਅਜਿਹਾ ਰਵੱਈਆ ਬਹੁਤੀ ਦੇਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।’’ ਉੱਘੇ ਪੱਤਰਕਾਰ ਤੇ ਸਿਆਸੀ ਵਿਸ਼ਲੇਸ਼ਕ ਨਜਮ ਸੇਠੀ ਦਾ ਕਹਿਣਾ ਹੈ ਕਿ ਜ਼ਰਦਾਰੀ ਦੀ ਉਪਰੋਕਤ ਬਿਆਨਬਾਜ਼ੀ ਦੇ ਬਾਵਜੂਦ ਪਾਕਿਸਤਾਨ ਪੀਪਲਜ਼ ਪਾਰਟੀ, ਵਜ਼ੀਰੇ ਆਜ਼ਮ ਸ਼ਹਿਬਾਜ਼ ਸ਼ਰੀਫ਼ ਦੀ ਸਰਕਾਰ ਨੂੰ ਫੌਰੀ ਤੌਰ ’ਤੇ ਅਸਥਿਰ ਕਰਨ ਵਾਲਾ ਕੋਈ ਕਦਮ ਨਹੀਂ ਚੁੱਕੇਗੀ। ਭਾਵੇਂ ਇਕ ਗੱਲ ਸਾਫ਼ ਹੈ ਕਿ ਆਮ ਚੋਣਾਂ ਹੁਣ ਦੂਰ ਦੀ ਗੱਲ ਨਹੀਂ, ਫਿਰ ਵੀ ਚੰਗਾ ਇਹੋ ਹੋਵੇਗਾ ਕਿ ਚੋਣਾਂ ਕਰਵਾਏ ਜਾਣ ਤੋਂ ਪਹਿਲਾਂ ਪਾਕਿਸਤਾਨ ਦੀ ਆਰਥਿਕ ਹਾਲਤ ਕੁਝ ਸੁਧਾਰ ਲਈ ਜਾਵੇ। ਜੇ ਅਜਿਹਾ ਨਹੀਂ ਹੁੰਦਾ ਤਾਂ ਚੋਣਾਂ ਤੋਂ ਨਾ ਸ਼ਰੀਫ ਭਰਾਵਾਂ (ਨਵਾਜ਼ ਤੇ ਸ਼ਹਿਬਾਜ਼) ਅਤੇ ਨਾ ਹੀ ਜ਼ਰਦਾਰੀਆਂ (ਆਸਿਫ਼ ਅਲੀ ਤੇ ਬਿਲਾਵਲ) ਨੂੰ ਕੋਈ ਫ਼ਾਇਦਾ ਹੋਵੇਗਾ ਬਲਕਿ ਇਮਰਾਨ ਖ਼ਾਨ ਦੀ ਪਾਰਟੀ (ਪੀ.ਟੀ.ਆਈ.) ਮੁੜ ਸਭ ਤੋਂ ਵੱਡੀ ਰਾਜਸੀ ਧਿਰ ਬਣ ਉੱਭਰੇਗੀ।

ਇਜ਼ਰਾਈਲ ਤੇ ਭਾਰਤ ਨਾਲ ਰਿਸ਼ਤਾ ਬਣਾਉਣ ਦੀ ਪੈਰਵੀ

ਪਾਕਿਸਤਾਨ ਪੀਪਲਜ਼ ਪਾਰਟੀ ਦੇ ਸੈਨੇਟਰ ਅਤੇ ਇਸੇ ਪਾਰਟੀ ਦੇ ਸਹਿ-ਮੁਖੀ ਬਿਲਾਵਲ ਭੁੱਟੋ-ਜ਼ਰਦਾਰੀ ਦੇ ਪ੍ਰਮੁੱਖ ਸਲਾਹਕਾਰ ਸਲੀਮ ਮਾਂਡਵੀਵਾਲਾ ਨੇ ਪਾਕਿਸਤਾਨ ਵੱਲੋਂ ਇਜ਼ਰਾਈਲ ਨਾਲ ਸਫ਼ਾਰਤੀ ਸਬੰਧ ਬਣਾਏ ਜਾਣ ਦੀ ਪੈਰਵੀ ਕੀਤੀ ਹੈ। ‘ਡਾਅਨ ਟੀਵੀ’ ਨਾਲ ਇਕ ਇੰਟਰਵਿਊ ਵਿਚ ਸੈਨੇਟਰ ਮਾਂਡਵੀਵਾਲਾ ਨੇ ਕਿਹਾ ਕਿ ਇਜ਼ਰਾਈਲ ਤੋਂ ਦੂਰੀ ਬਣਾਈ ਰੱਖਣੀ ਪਾਕਿਸਤਾਨ ਦੇ ਹਿੱਤ ਵਿਚ ਨਹੀਂ। ਇਹ ਸਹੀ ਹੈ ਕਿ ਪਾਕਿਸਤਾਨ, ਫ਼ਲਸਤੀਨੀ ਮੁਲਕ ਦੀ ਸਥਾਪਨਾ ਤੇ ਉਸ ਕੌਮ ਲਈ ਇਨਸਾਫ਼ ਯਕੀਨੀ ਬਣਾਏ ਜਾਣ ਦਾ ਮੁਦਈ ਹੈ, ਪਰ ਇਸ ਤੋਂ ਇਹ ਭਾਵ ਨਹੀਂ ਲਿਆ ਜਾਣਾ ਚਾਹੀਦਾ ਕਿ ਉਹ ਇਜ਼ਰਾਈਲ ਦਾ ਦੁਸ਼ਮਣ ਹੈ। ਪਾਕਿਸਤਾਨ ਨੂੰ ਪਹਿਲਾਂ ਆਪਣੇ ਹਿੱਤਾਂ ਬਾਰੇ ਸੋਚਣਾ ਚਾਹੀਦਾ ਹੈ ਅਤੇ ਇਨ੍ਹਾਂ ਦੀ ਰਾਖੀ ਕਰਨੀ ਚਾਹੀਦੀ ਹੈ। ਅੱਜ ਦਾ ਯੁੱਗ ਨਿਰੋਲ ਸਿਧਾਂਤਕਾਰੀ ਦਾ ਯੁੱਗ ਨਹੀਂ। ਸਿਧਾਂਤ, ਤੁਹਾਡੇ ਲਈ ਰੋਟੀ ਨਹੀਂ ਜੁਟਾਉਂਦੇ। ਸਿਧਾਤਾਂ ਦੇ ਆਧਾਰ ’ਤੇ ਦੁਸ਼ਮਣੀਆਂ ਪਾਲਣੀਆਂ ਗ਼ੈਰ-ਕੁਦਰਤੀ ਤੇ ਗ਼ੈਰ-ਅਮਲੀ ਵਰਤਾਰਾ ਹੈ। ਸੈਨੇਟਰ ਮਾਂਡਵੀਵਾਲਾ ਨੇ ਕਿਹਾ ਕਿ ਇਹ ਕਿੰਨੀ ਹਾਸੋਹੀਣੀ ਗੱਲ ਹੈ ਕਿ ਮੱਧ ਪੂਰਬ ਦੇ ਸਾਰੇ ਇਸਲਾਮੀ ਮੁਲਕ, ਇਜ਼ਰਾਈਲ ਨਾਲ ਸਮਝੌਤਿਆਂ ਦੇ ਰਾਹ ਤੁਰ ਰਹੇ ਹਨ, ਪਰ ਪਾਕਿਸਤਾਨ ‘ਸਿਧਾਂਤਾਂ’ ਦੇ ਨਾਮ ’ਤੇ ਇਜ਼ਰਾਈਲ ਤੋਂ ਦੂਰੀਆਂ ਬਣਾਈ ਬੈਠਾ ਹੈ। ਇਹ ਨੀਤੀ ਬਦਲੀ ਜਾਣੀ ਚਾਹੀਦੀ ਹੈ। ਇਜ਼ਰਾਈਲ ਨਾਲ ਦੋਸਤੀ ਨਾ ਸਹੀ, ਸਫ਼ਾਰਤ ਤੇ ਤਿਜਾਰਤ ਤਾਂ ਕੀਤੀ ਜਾ ਸਕਦੀ ਹੈ। ਅਜਿਹਾ ਕਰਨ ਨਾਲ ਫ਼ਾਇਦਾ ਪਾਕਿਸਤਾਨ ਨੂੰ ਵੱਧ ਹੋਵੇਗਾ। ਸੈਨੇਟਰ ਨੇ ਭਾਰਤ ਨਾਲ ਵੀ ਬਾਤਚੀਤ ਤੇ ਤਿਜਾਰਤ ਮੁੜ ਸ਼ੁਰੂ ਕੀਤੇ ਜਾਣ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ, ਭਾਰਤੀ ਕਣਕ ਦੁਬਈ ਤੇ ਅਬੂਧਾ ਬੀ (ਯੂ.ਏ.ਈ.) ਦੇ ਰਸਤੇ ਖ਼ਰੀਦ ਰਿਹਾ ਹੈ ਜਦੋਂਕਿ ਸਿੱਧੀ ਖ਼ਰੀਦ ਕਿੰਨੀ ਸਸਤੀ ਪੈ ਸਕਦੀ ਹੈ। ਮੌਜੂਦਾ ਵਰਤਾਰਾ ਕੌਮੀ ਹਿੱਤਾਂ ਦਾ ਘਾਣ ਹੈ। ਸਾਡੀ ਕੋਸ਼ਿਸ਼ ਰਹਿਣੀ ਚਾਹੀਦੀ ਹੈ ਕਿ ਤਿੰਨ ਗੁਆਂਢੀ ਮੁਲਕਾਂ- ਇਰਾਨ, ਅਫ਼ਗਾਨਿਸਤਾਨ ਤੇ ਭਾਰਤ ਨਾਲ ਸਾਡੇ ਸਬੰਧ ਦੋਸਤਾਨਾ ਰਹਿਣ ਤਾਂ ਜੋ ਮੁਸੀਬਤ ਸਮੇਂ ਇਹ ਮੁਲਕ ਸਾਡੇ ਕੰਮ ਆ ਸਕਣ।

ਪਾਕਿਸਤਾਨ ਪੀਪਲਜ਼ ਪਾਰਟੀ ਨੇ ਸੈਨੇਟਰ ਮਾਂਡਵੀਵਾਲਾ ਦੀਆਂ ਟਿੱਪਣੀਆਂ ਨੂੰ ਉਨ੍ਹਾਂ ਦੇ ਨਿੱਜੀ ਖ਼ਿਆਲਾਤ ਦੱਸਿਆ ਹੈ, ਪਰ ਅਕਾਦਮਿਕ ਹਲਕਿਆਂ ਨੇ ਇਨ੍ਹਾਂ ਨੂੰ ਵਿਹਾਰਕ ਮੰਨਿਆ ਹੈ। ਰੋਜ਼ਨਾਮਾ ‘ਦੁਨੀਆ’ ਵਿਚ ਪ੍ਰਕਾਸ਼ਿਤ ਖ਼ਬਰ ਅਨੁਸਾਰ ਫ਼ੈਸਲਾਬਾਦ ਯੂਨੀਵਰਸਿਟੀ ਦੇ ਵੀ.ਸੀ. ਪ੍ਰੋ. ਇਸ਼ਤਿਆਕ ਅਹਿਮਦ ਨੇ ਕਿਹਾ ਕਿ ਰਾਜਸੀ ਧਿਰਾਂ ਨੂੰ ਸੈਨੇਟਰ ਦੀਆਂ ਟਿੱਪਣੀਆਂ ਉੱਤੇ ਸੰਜੀਦਗੀ ਨਾਲ ਗੌਰ ਕਰਨਾ ਚਾਹੀਦਾ ਹੈ।

ਜਨਰਲ ਮੁਸ਼ੱਰਫ਼ ਦੀ ਵਾਪਸੀ ਅਜੇ ਨਹੀਂ

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ਼ ਦੀ ਵਤਨ ਵਾਪਸੀ ਫਿਲਹਾਲ ਰੁਕ ਗਈ ਹੈ। ਉਹ ਦੁਬਈ (ਸੰਯੁਕਤ ਅਰਬ ਅਮੀਰਾਤ) ਦੇ ਇਕ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਪਹਿਲਾਂ ਉਹ ਬੇਹੋਸ਼ ਸਨ। ਹੁਣ ਹੋਸ਼ ਵਿਚ ਹਨ। ਉਨ੍ਹਾਂ ਨੇ ਵਤਨ ਪਰਤਣ ਦੀ ਇੱਛਾ ਦਾ ਇਜ਼ਹਾਰ ਕੀਤਾ ਸੀ, ਪਰ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰੀਰਕ ਹਾਲਤ ਹਵਾਈ ਸਫ਼ਰ ਝੱਲਣ ਦੇ ਯੋਗ ਨਹੀਂ। ਮੁਸ਼ੱਰਫ਼ ਦੇ ਰਾਜਕਾਲ ਸਮੇਂ ਉਨ੍ਹਾਂ ਦੇ ਪ੍ਰਮੁੱਖ ਸਕੱਤਰ ਰਹੇ ਤਾਰਿਕ ਅਜ਼ੀਜ਼ ਨੇ ‘ਦਿ ਨਿਊਜ਼’ ਅਖ਼ਬਾਰ ਨੂੰ ਦੱਸਿਆ ਕਿ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੀ ਸਰਕਾਰ ਨੇ ਮੁਸ਼ੱਰਫ਼ ਦੀ ਇੱਛਾ ਨੂੰ ਵੇਖਦਿਆਂ ਬੋਇੰਗ 777 ਜਹਾਜ਼ ਨੂੰ ਐਂਬੂਲੈਂਸ ਵਿਚ ਬਦਲ ਦਿੱਤਾ ਅਤੇ ਇਸ ਹਵਾਈ ਐਂਬੂਲੈਂਸ ਵਾਸਤੇ ਡਾਕਟਰਾਂ ਤੇ ਮੈਡੀਕਲ ਕਰਮੀਆਂ ਦੀ ਟੀਮ ਵੀ ਨਾਮਜ਼ਦ ਕਰ ਦਿੱਤੀ ਸੀ, ਪਰ ਹਸਪਤਾਲ ਦੇ ਡਾਕਟਰ ਮੁਸ਼ੱਰਫ਼ ਨੂੰ ਛੁੱਟੀ ਦੇਣ ਲਈ ਰਾਜ਼ੀ ਨਹੀਂ ਹੋਏ। ਹਸਪਤਾਲ ਵਿਚ ਮੁਸ਼ੱਰਫ਼ ਦੀ ਦੇਖਭਾਲ ਲਈ ਉਨ੍ਹਾਂ ਦੀ ਪਤਨੀ ਸਾਹਿਬਾ ਮੁਸ਼ੱਰਫ਼ ਤੇ ਪੁੱਤਰ ਬਿਲਾਲ ਮੌਜੂਦ ਹਨ। ਜ਼ਿਕਰਯੋਗ ਹੈ ਕਿ ਮੁਸ਼ੱਰਫ਼ ਨੂੰ ਪਾਕਿਸਤਾਨ ਦੀ ਇਕ ਸੰਵਿਧਾਨਕ ਅਦਾਲਤ ਨੇ ਦੇਸ਼-ਧ੍ਰੋਹ ਦੇ ਜੁਰਮ ਹੇਠ ਮੌਤ ਦੀ ਸਜ਼ਾ ਸੁਣਾਈ ਸੀ ਜਿਸ ਨੂੰ ਸੁਪਰੀਮ ਕੋਰਟ ਨੇ ਫ਼ੌਜ ਦੇ ਦਖ਼ਲ ਮਗਰੋਂ ਉਮਰ ਕੈਦ ਵਿਚ ਬਦਲ ਦਿੱਤਾ ਸੀ। ਉਹ ਮੁਕੱਦਮੇ ਦੌਰਾਨ ਹੀ ਜਲਾਵਤਨ ਹੋ ਗਏ ਸਨ ਅਤੇ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਵਤਨ ਨਹੀਂ ਪਰਤੇ।

ਸੂਬਾ ਪੰਜਾਬ ਵਿਚ ਵੀ ਬੰਦਸ਼ਾਂ

­ਸਿੰਧ ਤੋਂ ਬਾਅਦ ਸੂਬਾ ਪੰਜਾਬ ਦੀ ਸਰਕਾਰ ਨੇ ਵੀ ਬਿਜਲੀ ਸੰਕਟ ਦੇ ਮੱਦੇਨਜ਼ਰ ਦੁਕਾਨਾਂ, ਬਾਜ਼ਾਰ ਤੇ ਹੋਰ ਕਾਰੋਬਾਰੀ ਅਦਾਰੇ ਰਾਤ 9 ਵਜੇ ਬੰਦ ਕਰਨ ਦੇ ਹੁਕਮ ਦਿੱਤੇ ਹਨ। ਪੰਜਾਬ ਦੇ ਵਜ਼ੀਰੇ ਆਲ੍ਹਾ ਹਮਜ਼ਾ ਸ਼ਹਿਬਾਜ਼ ਨੇ ਕਾਰੋਬਾਰੀ ਜਥੇਬੰਦੀਆਂ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਮਗਰੋਂ ਸ਼ਨਿਚਰਵਾਰ ਨੂੰ ਐਲਾਨ ਕੀਤਾ ਕਿ ਦੁਕਾਨਾਂ, ਬਾਜ਼ਾਰ ਤੇ ਸ਼ਾਪਿੰਗ ਮਾਲ ਦਿਨੇ 11 ਤੋਂ ਰਾਤ 9 ਵਜੇ ਤਕ ਖੁੱਲ੍ਹੇ ਰਹਿਣਗੇ। ਰੈਸਤਰਾਵਾਂ ਲਈ ਬੰਦ ਹੋਣ ਦਾ ਸਮਾਂ ਰਾਤ 11.30 ਵਜੇ ਨਿਸ਼ਚਿਤ ਕੀਤਾ ਗਿਆ ਹੈ। ਮੈਰਿਜ ਹਾਲ ਤੇ ਪੈਲੇਸ ਰਾਤ 10.00 ਵਜੇ ਤੋਂ ਬਾਅਦ ਖੁੱਲ੍ਹੇ ਨਹੀਂ ਰਹਿਣਗੇ। ਹਮਜ਼ਾ ਸ਼ਹਿਬਾਜ਼ ਨੇ ਕਿਹਾ ਕਿ ਹਰ ਸ਼ਨਿਚਰਵਾਰ ਨੂੰ ਇਸ ਸਮਾਂ ਸੀਮਾ ਵਿਚ ਨਰਮਾਈ ਵਰਤੀ ਜਾਵੇਗੀ, ਪਰ ਕੋਈ ਵੀ ਕਾਰੋਬਾਰੀ ਅਦਾਰਾ ਰਾਤ 12.30 ਤੋਂ ਬਾਅਦ ਕੰਮ ਨਹੀਂ ਕਰੇਗਾ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਕੋਇਲੇ ਤੇ ਭੱਠੀ ਦੇ ਤੇਲ ਦੀ ਭਾਰੀ ਕਿੱਲਤ ਹੈ ਜਿਸ ਦਾ ਸਿੱਧਾ ਅਸਰ ਬਿਜਲੀ ਉਤਪਾਦਨ ’ਤੇ ਪੈ ਰਿਹਾ ਹੈ। ਇਸੇ ਸੰਕਟ ਕਾਰਨ ਦਿਨ ਵਿਚ ਕਈ ਕਈ ਘੰਟੇ ਬਿਜਲੀ ਬੰਦ ਰੱਖੀ ਜਾਂਦੀ ਹੈ।

- ਪੰਜਾਬੀ ਟ੍ਰਿਬਿਊਨ ਫੀਚਰ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All