‘ਹੈਵਾਨ’ ਫ਼ਿਲਮ ਦੀ ਸ਼ੂਟਿੰਗ ਮੁਕੰਮਲ
ਬੌਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ਤੇ ਅਕਸ਼ੈ ਕੁਮਾਰ ਦੀ ਮੁੱਖ ਭੂਮਿਕਾ ਵਾਲੀ ‘ਹੈਵਾਨ’ ਦੇ ਨਿਰਮਾਤਾਵਾਂ ਨੇ ਅੱਜ ਫ਼ਿਲਮ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਫ਼ਿਲਮ ਦਾ ਨਿਰਦੇਸ਼ਨ ਪ੍ਰਿਆਦਰਸ਼ਨ ਨੇ ਕੀਤਾ ਹੈ ਅਤੇ ਇਹ ਅਗਲੇ ਸਾਲ ਸਿਨੇਮਿਆਂ ’ਚ ਰਿਲੀਜ਼ ਹੋਣ ਦੀ ਉਮੀਦ ਹੈ। ਡਾਇਰੈਕਟਰ ਪ੍ਰਿਆਦਰਸ਼ਨ ਨੇ ਆਪਣੇ ਇੰਸਟਗ੍ਰਾਮ ਅਕਾਊਂਟ ’ਤੇ ਫ਼ਿਲਮ ਦੀ ਸ਼ੂਟਿੰਗ ਮੁਕੰਮਲ ਹੋਣ ਦੇ ਜਸ਼ਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ ਵਿੱਚ ਸੈਫ਼ ਅਲੀ ਖ਼ਾਨ ਤੇ ਸ਼ੂਟਿੰਗ ’ਚ ਸ਼ਾਮਲ ਹੋਰ ਅਮਲੇ ਦੇ ਮੈਂਬਰ ਨਜ਼ਰ ਆ ਰਹੇ ਹਨ। ਇੱਕ ਫੋਟੋ ’ਚ ਸੈਫ਼ ਅਲੀ ਖ਼ਾਨ ਕੇਕ ਕੱਟਦਾ ਹੋਇਆ, ਜਦਕਿ ਦੂਜੀ ਤਸਵੀਰ ਵਿੱਚ ਉਹ ਪ੍ਰਿਆਦਰਸ਼ਨ ਨਾਲ ਗਰੁੱਪ ਇੱਕ ਖਾਸ ਅੰਦਾਜ਼ ’ਚ ਦਿਖਾਈ ਦੇ ਰਿਹਾ ਹੈ। ਕੇ ਵੀ ਐੱਨ ਪ੍ਰੋਡਕਸ਼ਨ ਨੇ ਇਹ ਫ਼ਿਲਮ ਥੈਸਪੀਅਨ ਫ਼ਿਲਮਜ਼ ਨਾਲ ਮਿਲ ਕੇ ਬਣਾਈ ਹੈ। ਥੈਸਪੀਅਨ ਫ਼ਿਲਮਜ਼ ਨੇ ਅੱਜ ਆਪਣੇ ਇੰਸਟਗ੍ਰਾਮ ਹੈਂਡਲ ’ਤੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘‘ਸਾਡੀ ਫ਼ਿਲਮ ‘‘ਹੈਵਾਨ’’ ਦੀ ਸ਼ੂਟਿੰਗ ਪੂਰੀ ਹੋ ਗਈ ਹੈ। ਅਸੀਂ ਖੁਸ਼ੀ ਨਾਲ ਲਬਰੇਜ਼ ਹਾਂ। ਜਲਦੀ ਹੀ ਸਿਨੇਮਿਆਂ ’ਚ ਮਿਲਾਂਗੇ।’’ ਦੱਸਣਯੋੋਗ ਹੈ ਕਿ ਸੈਫ ਅਲੀ ਤੇ ਅਕਸ਼ੈ ਕੁਮਾਰ 17 ਸਾਲਾਂ ਬਾਅਦ ਵੱਡੇ ਪਰਦੇ ’ਤੇ ਇਕੱਠੇ ਨਜ਼ਰ ਆਉਣਗੇ, ਜਿਨ੍ਹਾਂ ਨੇ ਆਖਰੀ ਵਾਰ 2008 ਵਿੱਚ ਫ਼ਿਲਮ ‘ਟਸ਼ਨ’ ਵਿੱਚ ਇਕੱਠਿਆਂ ਕੰਮ ਕੀਤਾ ਸੀ। ਅਦਾਕਾਰਾ ਸਿਆਮੀ ਖੇਰ ਵੀ ਫ਼ਿਲਮ ਵਿੱਚ ਅਹਿਮ ਭੂਮਿਕਾ ’ਚ ਨਜ਼ਰ ਆਏਗੀ।
