ਸ਼ਾਇਰ ਤੇ ਮਿੱਟੀ ਦੋ ਨਹੀਂ...

ਕੁਝ ਦਿਨ ਪਹਿਲਾਂ ਪੰਜਾਬੀ ਦੇ ਸ਼ਾਇਰ ਕੁਲਵੰਤ ਸਿੰਘ ਗਰੇਵਾਲ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਪੇਸ਼ ਹਨ ਹਰਪਾਲ ਸਿੰਘ ਪੰਨੂ ਦੀਆਂ ਉਨ੍ਹਾਂ ਬਾਰੇ ਯਾਦਾਂ।

ਸ਼ਾਇਰ ਤੇ ਮਿੱਟੀ ਦੋ ਨਹੀਂ...

ਹਰਪਾਲ ਸਿੰਘ ਪੰਨੂ

ਜੁਲਾਈ 1968 ਵਿੱਚ ਜਦੋਂ ਮੈਂ ਦਸਵੀਂ ਕਰਨ ਮਗਰੋਂ ਮਹਿੰਦਰਾ ਕਾਲਜ ਪਟਿਆਲੇ ਦਾਖ਼ਲ ਹੋਇਆ ਤਾਂ ਬਹੇੜਾ ਰੋਡ ਉੱਪਰ ਸਥਿਤ ਫਤਿਹਗੜ੍ਹੀਏ ਸਰਦਾਰ ਗੁਰਨਾਮ ਸਿੰਘ ਸਿੱਧੂ ਨੇ ਤਬੇਲੇ ਦਾ ਇਕ ਕੋਨਾ ਰਹਿਣ ਲਈ ਦਿੱਤਾ। ਇਹ ਸਰਦਾਰ, ਪ੍ਰੋ. ਹਰਦਿਲਜੀਤ ਸਿੰਘ ਲਾਲੀ ਦਾ ਪਿਤਾ ਸੀ ਜਿਸ ਦੀ ਦਾਨਸ਼ਵਰੀ ਦਾ ਅਸਰ ਮੇਰੇ ਉੱਪਰ ਸਥਾਈ ਹੋ ਗਿਆ। ਉਹ ਅਗਸਤ ਵਿੱਚ ਦੁਬਾਰਾ ਪਟਿਆਲੇ ਆਇਆ ਤਾਂ ਪੁੱਛਿਆ- ਪਟਿਆਲਾ ਦੇਖਿਆ? ਮੈਂ ਕਿਹਾ- ਹਾਂ ਜੀ, ਦੇਖਿਆ। ਫਿਰ ਪੁੱਛਿਆ- ਕੀ ਕੀ ਦੇਖਿਆ? ਮੈਂ ਕਿਹਾ- ਜੀ ਮਾਲ-ਰੋਡ, ਬਾਰਾਂਦਰੀ, ਅਦਾਲਤ ਬਜ਼ਾਰ, ਮੋਤੀ ਬਾਗ਼। ਉਹ ਹੱਸ ਪਿਆ। ਕਹਿਣ ਲੱਗਾ- ਇਹ ਪਟਿਆਲਾ ਨਹੀਂ। ਇਹ ਤਾਂ ਉਹ ਥਾਵਾਂ ਹਨ ਜਿੱਥੇ ਪਟਿਆਲਾ ਵਸਦਾ ਹੈ। ਪਟਿਆਲਾ ਤੁਹਾਨੂੰ ਮੈਂ ਦਿਖਾਵਾਂਗਾ। ਤੁਹਾਨੂੰ ਮਿਲਾਵਾਂਗਾ ਮਹਾਰਾਜਾ ਯਾਦਵੇਂਦਰ ਸਿੰਘ, ਡਾ. ਗੰਡਾ ਸਿੰਘ, ਦਲੀਪ ਕੌਰ ਟਿਵਾਣਾ, ਭਲਵਾਨ ਕੇਸਰ ਸਿੰਘ, ਉਸਤਾਦ ਬਾਕਰ ਹੁਸੈਨ, ਸਿਤਾਰਵਾਦਕ ਕੰਵਰ ਮ੍ਰਿਗੇਂਦਰ ਸਿੰਘ ਅਤੇ ਹੋਣਹਾਰ ਸ਼ਾਇਰ ਕੁਲਵੰਤ ਗਰੇਵਾਲ। ਇਹ ਹੈ ਸਾਡਾ ਪਟਿਆਲਾ ਸ਼ਹਿਰ। ਸ਼ਹਿਰ ਦੀ ਪਛਾਣ ਪੱਥਰਾਂ, ਸੜਕਾਂ, ਬਾਗ਼ਾਂ ਨਾਲ ਨਹੀਂ, ਉੱਥੇ ਕਿਹੋ ਜਿਹੇ ਲੋਕ ਵੱਸ ਰਹੇ ਹਨ, ਉਸ ਤੋਂ ਹੋਇਆ ਕਰਦੀ ਹੈ। ਜੇ ਇਹ ਪਟਿਆਲਾ ਦੇਖਣਾ ਹੈ ਤਾਂ ਟਾਂਗੇ, ਰਿਕਸ਼ੇ ਜਾਂ ਬੱਸ ਵਿੱਚ ਨਹੀਂ ਬੈਠਣ ਦਿਆਂਗਾ। ਪੈਦਲ ਤੁਰਨਾ ਪੈਣਾ ਹੈ।

ਇਸ ਜ਼ਿਆਰਤ ਦੌਰਾਨ ਪੰਜਾਬੀ ਯੂਨੀਵਰਸਿਟੀ ਵਿੱਚ ਸਰਦਾਰ ਨਾਲ ਪੈਦਲ ਗਏ ਜਿੱਥੇ ਕੁਲਵੰਤ ਸਿੰਘ ਗਰੇਵਾਲ ਨਾਲ ਪਹਿਲੀ ਮੁਲਾਕਾਤ ਹੋਈ। ਨਾਲ ਸੁਰਿੰਦਰ ਸਿੰਘ ਖਹਿਰਾ, ਜੋਗਿੰਦਰ ਸਿੰਘ ਹੀਰ ਅਤੇ ਬਲਬੀਰ ਸਿੰਘ ਨੰਦਾ ਬੈਠੇ ਸਨ। ਨਵੀਂ ਨਵੀਂ ਨੌਕਰੀ ਮਿਲੀ ਸੀ। ਨਵੀਂ ਬਿਲਡਿੰਗ ਉੱਤੇ ਤਾਜ਼ੀ ਕਲੀ ਕੀਤੀ ਕੰਧ ਉੱਪਰ ਕਿਸੇ ਨੇ ਪੈੱਨ ਛਿਣਕਿਆ ਹੋਇਆ ਸੀ ਤੇ ਛੱਟਿਆਂ ਦੀ ਇਕ ਕਤਾਰ ਦਿਸੀ। ਸਾਰੇ ਜਣੇ ਖੜ੍ਹੇ ਹੋ ਕੇ ਮਿਲੇ ਤਾਂ ਕੁਰਸੀ ’ਤੇ ਬੈਠਣ ਤੋਂ ਪਹਿਲੋਂ ਸਰਦਾਰ ਬੋਲਿਆ- ਦੂਜੀ ਤੀਜੀ ਜਮਾਤ ਵਿੱਚ ਅਸੀਂ ਕਲਮਾਂ ਛੰਡਣੀਆਂ ਬੰਦ ਕਰ ਦਿੱਤੀਆਂ ਸਨ। ਕੀ ਕਰ ਰੱਖਿਐ ਤੁਸੀਂ ਇਹ? ਹਸਦਿਆਂ ਗਰੇਵਾਲ ਨੇ ਕਿਹਾ- ਕਿਸੇ ਹੋਰ ਦੀ ਵਾਰਦਾਤ ਹੈ ਜੀ, ਸਾਡਾ ਕਸੂਰ ਨਹੀਂ। ਸਰਦਾਰ ਨੇ ਕਿਹਾ- ਕਿਸੇ ਦਾ ਕਸੂਰ ਹੋਏ ਬੇਸ਼ਕ, ਪਰ ਇਕ ਸ਼ਾਇਰ ਇਸ ਕਮਰੇ ਵਿੱਚ ਇਸ ਲਕੀਰ ਹੁੰਦਿਆਂ ਬੈਠ ਕਿਵੇਂ ਸਕਦਾ ਹੈ? ਮੈਂ ਜਿਹੜਾ ਸ਼ਾਇਰ ਨਹੀਂ, ਇੱਥੇ ਤਾਂ ਮੈਂ ਨਾ ਬੈਠਾਂ।

ਸਾਰੇ ਜਣੇ ਕਾਫੀ ਹਾਊਸ ਵਿੱਚ ਚਾਹ ਪੀਣ ਤੁਰ ਪਏ ਤਾਂ ਹੌਲੀ ਦੇ ਕੇ ਗਰੇਵਾਲ ਨੇ ਮੈਨੂੰ ਕਿਹਾ- ਇਕ ਸਰਦਾਰ ਕਪੂਰ ਸਿੰਘ, ਦੂਜਾ ਇਹ ਸਰਦਾਰ ਹੈ ਫਤਿਹਗੜ੍ਹੀਆ, ਜਿਨ੍ਹਾਂ ਦੀਆਂ ਝਿੜਕਾਂ ਦਾ ਖ਼ਜ਼ਾਨਾ ਕਿਸੇ ਕਿਸੇ ਕਰਮਾਂ ਵਾਲੇ ਨੂੰ ਨਸੀਬ ਹੁੰਦਾ ਹੈ। ਮੈਂ ਕਿਹਾ- ਏਸ ਫਤੇਗੜ੍ਹੀਏ ਸਰਦਾਰ ਨੂੰ ਤਾਂ ਜੀ ਮੈਂ ਜਾਣਦਾ ਹਾਂ, ਦੂਜਾ ਸਰਦਾਰ ਕਿਹੜੇ ਪਿੰਡ ਦਾ ਹੈ ਕਪੂਰ ਸਿੰਘ? ਗਰੇਵਾਲ ਹੱਸ ਪਿਆ। ਕੋਈ ਉੱਤਰ ਨਾ ਦਿੱਤਾ।

ਆਪਣੀ ਸ਼ਾਇਰੀ ਵਿੱਚੋਂ ਕੁਝ ਹਿੱਸੇ ਗਰੇਵਾਲ ਨੇ ਇਸ ਮਜਲਿਸ ਵਿੱਚ ਸੁਣਾਏ ਤਾਂ ਮੈਨੂੰ ਲੱਗਾ ਜਿਵੇਂ ਇਸ ਦੀ ਸੁਰ ਬਾਕੀਆਂ ਨਾਲੋਂ ਵੱਖਰੀ ਹੈ। ਪੰਦਰਾਂ ਸਾਲ ਦੀ ਉਮਰ ਤੱਕ ਮੈਂ ਕਵੀਸ਼ਰਾਂ ਦੇ ਕਿੱਸੇ ਪੜ੍ਹੇ ਸਨ। ਵੱਡਾ ਭਰਾ ਜੋ ਫ਼ੌਜ ਵਿੱਚ ਨੌਕਰੀ ਕਰਦਾ ਸੀ, ਜਨ-ਸਾਹਿਤ, ਆਰਸੀ ਅਤੇ ਕਵਿਤਾ ਰਿਸਾਲੇ ਖ਼ਰੀਦਦਾ ਹੁੰਦਾ ਤੇ ਛੁੱਟੀ ਆਉਣ ਵੇਲੇ ਸਾਰੇ ਮੇਰੇ ਵਾਸਤੇ ਚੁੱਕ ਲਿਆਉਂਦਾ। ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ, ਮੋਹਨ ਸਿੰਘ, ਵਿਧਾਤਾ ਸਿੰਘ ਤੀਰ, ਕਰਤਾਰ ਸਿੰਘ ਬਲੱਗਣ, ਬਾਵਾ ਬਲਵੰਤ ਅਤੇ ਦਰਸ਼ਨ ਸਿੰਘ ਅਵਾਰਾ ਇਨ੍ਹਾਂ ਮੈਗਜ਼ੀਨਾਂ ਵਿੱਚ ਛਪਦੇ। ਇਨ੍ਹਾਂ ਦੀ ਕਵਿਤਾ ਚੰਗੀ ਲਗਦੀ। ਪਰ ਗਰੇਵਾਲ ਦੀ ਕਵਿਤਾ ਦਾ ਰੰਗ ਇਨ੍ਹਾਂ ਤੋਂ ਇਕਦਮ ਵੱਖਰਾ ਲੱਗਾ। ਸਾਰਿਆਂ ਤੋਂ ਵੱਖਰਾ। 1968 ਵਿੱਚ ਪਹਿਲੇ ਦਿਨ ਮਿਲ ਕੇ ਮੈਂ ਪੁੱਛਿਆ- ਤੁਹਾਡੀਆਂ ਕਵਿਤਾਵਾਂ, ਟੱਪੇ ਇੰਨੇ ਸੁਹਣੇ ਹਨ, ਪਰ ਇਹ ਕਿਧਰੇ ਛਪੇ ਹੋਏ ਕਿਉਂ ਨਹੀਂ ਮੈਂ ਪੜ੍ਹੇ? ਗਰੇਵਾਲ ਹੱਸ ਪਿਆ। ਉੱਤਰ ਨਾ ਦਿੱਤਾ।

ਉਦੋਂ ਮੈਨੂੰ ਕੀ ਪਤਾ ਸੀ ਕਿ ਲਿਖੀਆਂ ਗਈਆਂ ਕਵਿਤਾਵਾਂ ਨੂੰ ਛਪਣ ਵਾਸਤੇ ਅਜੇ ਅੱਧੀ ਸਦੀ ਹੋਰ ਲੱਗ ਜਾਵੇਗੀ।

ਕਵਿਤਾ, ਸਿੱਖੀ ਅਤੇ ਗਰੇਵਾਲ ਤਿੰਨੇ ਦਰਿਆ ਨਾਲ ਨਾਲ ਇਕੱਠੇ ਵਗੇ। ਮੈਨੂੰ ਉਦੋਂ ਇਨ੍ਹਾਂ ਤਿੰਨਾਂ ਬਾਬਤ ਕੋਈ ਸਮਝ ਨਹੀਂ ਸੀ। ਮਾੜਾ ਮੋਟਾ ਅਹਿਸਾਸ ਜਿਹਾ ਹੋ ਰਿਹਾ ਸੀ ਕਿ ਸਿੱਖੀ, ਸ਼ਾਇਰੀ ਅਤੇ ਗਰੇਵਾਲ ਤਿੰਨੇ ਕੋਈ ਵਧੀਆ ਚੀਜ਼ਾਂ ਹਨ, ਕਿਵੇਂ ਵਧੀਆ ਹਨ, ਪਤਾ ਨਹੀਂ। ਇਸ ਤਰ੍ਹਾਂ ਦਾ ਬੰਦਾ ਵੀ ਪਹਿਲਾਂ ਮੈਂ ਕੋਈ ਨਹੀਂ ਦੇਖਿਆ ਸੀ, ਸੋਚਿਆ- ਸਾਰੇ ਸ਼ਾਇਰ ਜੇ ਇਹੋ ਜਿਹੇ ਹੁੰਦੇ ਹਨ ਤਾਂ ਸੁਹਣੇ ਹੁੰਦੇ ਹਨ।

ਉਹ ਰਾਘੋਮਾਜਰੇ ਰਹਿੰਦਾ ਸੀ। ਹੁਣ ਵੀ ਰਾਘੋਮਾਜਰੇ ਰਿਹਾਇਸ਼ ਹੈ। ਯੂਨੀਵਰਸਿਟੀ ਵਿੱਚ ਵੱਡੀ ਤੋਂ ਵੱਡੀ ਅਲਾਟ ਹੋਈ ਕੋਠੀ ਵਿੱਚ ਨਹੀਂ ਰਿਹਾ। ਕਾਰਨ ਦਾ ਨਾ ਪਤਾ ਲੱਗਾ ਨਾ ਪਤਾ ਕਰਨ ਦੀ ਕੋਸ਼ਿਸ਼ ਕੀਤੀ। ਅਮਰੀਕਾ ਵਿੱਚ ਰਹਿੰਦਾ ਮੇਰਾ ਦੋਸਤ ਜਗਤਿੰਦਰ ਬੱਚਿਆਂ ਨੂੰ ਪੈਰਿਸ ਦਿਖਾਉਣ ਲੈ ਕੇ ਗਿਆ। ਪੈਰਿਸ ਦੇਖ ਕੇ ਕਹਿਣ ਲੱਗਾ- ਸੁਹਣਾ ਹੈ ਇਹ ਸ਼ਹਿਰ। ਕਿਤੋਂ ਕਿਤੋਂ ਤਾਂ ਏਨਾ ਸੁਹਣਾ ਹੈ ਕਿ ਮੇਰੇ ਪਿੰਡ ਵਰਗਾ ਲਗਦਾ ਹੈ, ਪਰ ਜੇ ਦੋਵਾਂ ਦਾ ਪੂਰਾ ਮੁਕਾਬਲਾ ਕਰੀਏ ਤਾਂ ਪਿੰਡ ਜ਼ਿਆਦਾ ਸੁਹਣੈ। ਉਸਦੀ ਪਤਨੀ ਨੇ ਖਿਲੀ ਉਡਾਉਂਦਿਆਂ ਇਹ ਗੱਲ ਮੈਨੂੰ ਦੱਸੀ।

ਰਾਘੋਮਾਜਰੇ ਉਸਦੇ ਘਰ ਪੰਜ ਸੱਤ ਮਿੱਤਰਾਂ ਦਾ ਡੇਰਾ ਪੱਕਾ ਹੁੰਦਾ। ਗਰੇਵਾਲ ਨੂੰ ਛੱਡ ਕੇ ਬਾਕੀ ਸਾਰੇ ਬੇਰੁਜ਼ਗਾਰ ਸਨ ਜਾਂ ਸਾਡੇ ਵਰਗੇ ਵਿਦਿਆਰਥੀ। ਬੰਦਗੀ, ਸ਼ਾਇਰੀ, ਮਜ਼ਾਕ, ਸਿਆਸਤ, ਆਲੋਚਨਾ ਅਤੇ ਸੰਗੀਤ ਦੀਆਂ ਧੁਨਾਂ, ਸਾਰਿਆਂ ਦਾ ਟਿਕਾਣਾ ਇਸ ਘਰ ਵਿੱਚ ਹੁੰਦਾ। ਜੋਗਿੰਦਰ ਸਿੰਘ ਹੀਰ ਦੀ ਸੁਰ ਤੰਗ ਗਲੀ ਵਿੱਚੋਂ ਉੱਠ ਕੇ ਧਰੂ ਤਾਰਾ ਪਾਰ ਕਰਦੀ ਹੋਈ ਤਾਂ ਮੈਂ ਆਮ ਦੇਖਦਾ। ਆਮ ਧਾਰਨਾ ਇਹ ਬਣੀ ਹੋਈ ਸੀ ਕਿ ਦੋਸਤ ਉਸਦਾ ਵਿਆਹ ਹੋਣ ਕਿਉਂ ਦੇਣਗੇ ਜਿਨ੍ਹਾਂ ਦਾ ਲੰਗਰ ਪ੍ਰਸ਼ਾਦਾ ਚਲਦਾ ਹੀ ਇੱਥੇ ਹੈ। ਸਵਾਲ ਨਹੀਂ ਕਿਸੇ ਮਹੀਨੇ ਦਸ ਰੁਪਏ ਬਚ ਜਾਣ। ਇਹ ਸੂਫੀ ਸਤਰਾਂ ਗਰੇਵਾਲ ਦੇ ਮੂੰਹੋਂ ਸੁਣੀਆਂ ਸਨ-

ਪੱਲੇ ਰਿਜ਼ਕ ਨਾ ਬੰਨ੍ਹਦੇ ਪੰਛੀ ਤੇ ਦਰਵੇਸ।

ਜਿਨ੍ਹਾਂ ਤਕੀਆ ਓਸ ਦਾ ਤਿਨ੍ਹਾ ਰਿਜ਼ਕ ਹਮੇਸ਼।

ਜੋਗਿੰਦਰ ਸਿੰਘ ਹੀਰ ਦਾ ਕਾਰੋਬਾਰ ਨਾਹਨ ਹੁੰਦਾ ਸੀ। ਅਕਸਰ ਉੱਥੇ ਜਾਂਦੇ। ਬਹੁਤ ਸਾਲਾਂ ਬਾਅਦ ਜਦੋਂ ਉਨ੍ਹਾਂ ਥਾਵਾਂ ਨੂੰ ਦੁਬਾਰਾ ਦੇਖਣ ਗਏ ਤਾਂ ਕਣੀਆਂ ਪੈਣ ਲੱਗੀਆਂ। ਤੇਜ਼ ਕਦਮੀਂ ਇਕ ਦੁਕਾਨ ਵਿੱਚ ਜਾ ਵੜੇ। ਦੁਕਾਨਦਾਰ ਨੇ ਗਰੇਵਾਲ ਨੂੰ ਪਛਾਣ ਲਿਆ, ਕਿਹਾ- ਸਰਦਾਰੋ ਕੀ ਗੱਲ ਹੋ ਗਈ, ਕਣੀਆਂ ਉਤਰਦੀਆਂ ਤਾਂ ਤੁਸੀਂ ਬਾਹਰ ਨਿਕਲਿਆ ਕਰਦੇ। ਅੱਜ ਉਲਟੇ ਕੰਮ ਕਿਉਂ ਸ਼ੁਰੂ ਹੋ ਗਏ, ਖ਼ੈਰ ਤਾਂ ਹੈ?

ਮੁਸ਼ਾਇਰਿਆਂ, ਕਵੀ ਦਰਬਾਰਾਂ ਦੀ ਪੂਰੀ ਸ਼ਾਨ ਹੋਇਆ ਕਰਦੀ ਸੀ। ਪੰਜਾਬੀ ਦਾ ਕਵੀ ਦਰਬਾਰ ਪਟਿਆਲੇ ਹੋਵੇ, ਗਰੇਵਾਲ ਹੋਵੇ ਨਾ, ਇਹ ਨਹੀਂ ਹੋ ਸਕਦਾ ਸੀ। ਖੂਬ ਦਾਦ ਮਿਲਦੀ। ਉਸਦੀ ਸ਼ਾਇਰੀ ਨਵੇਂ ਫੁਟੇ ਚਸ਼ਮੇ ਵਾਂਗ ਸੀ, ਧੀਮੀ, ਪਵਿੱਤਰ, ਸਾਦੀ, ਅੰਮ੍ਰਿਤ ਵੇਲੇ ਵਰਗੀ ਸ਼ਾਂਤ। ਉਸਨੂੰ ਸੁਣਦਿਆਂ ਮੈਂ ਸੋਚਦਾ- ਇਕ ਸਮਾਂ ਆਏਗਾ ਜਦੋਂ ਗਰੇਵਾਲ ਤਾਕਤਵਰ ਦਰਿਆ ਵਾਂਗ ਤੇਜ਼ ਮੋੜ ਕਟਦਾ ਹੋਇਆ ਗਰਜਦਾ ਪਹਾੜਾਂ ਨਾਲ ਟਕਰਾਉਂਦਾ ਦੌੜੇਗਾ। ਮੇਰੀ ਇਹ ਗੱਲ ਗਲਤ ਸਾਬਤ ਹੋਈ। ਦੌੜਨਾ, ਗਰਜਣਾ, ਹਫਣਾ ਨਾ ਉਸਦਾ ਆਪਣਾ ਸੁਭਾਅ ਹੈ ਨਾ ਉਸਦੀ ਸ਼ਾਇਰੀ ਦਾ।

ਕੱਚੇ ਕੰਢੇ ਦਰਿਆਵਾਂ ਦੇ

ਖੁੱਲ੍ਹੇ ਵਾਂਗ ਕਿਤਾਬ ਦੇ।

ਤਾਰਾ ਤਾਰਾ ਗੱਲਾਂ ਹੋਈਆਂ

ਹੋਈਆਂ ਬਾਝ ਹਿਸਾਬ ਦੇ॥

ਉਸਦਾ ਖ਼ਿਆਲ ਅਞਾਣਾ ਜਜ਼ਬਾ ਨਹੀਂ, ਉਸ ਵਿੱਚ ਬਰੀਕ ਦਰਸ਼ਨ ਅਤੇ ਡੂੰਘੀ ਰੂਹਾਨੀਅਤ ਤੁਹਾਨੂੰ ਆਮ ਦਿਸੇਗੀ-

ਯਾਰਾਂ ਖੂਬ ਲਤਾੜਿਆ

ਮਨ-ਰੁੱਤਾਂ ਦਾ ਦੇਸ।

ਜੇ ਦੁਨੀਆ ਨਹੀਂ ਬਦਲਦੀ

ਕਿਉਂ ਬਦਲੇ ਦਰਵੇਸ॥

ਹੁਣੇ ਛਪੀ ਉਸਦੀ ਕਿਤਾਬ ‘ਤੇਰਾ ਅੰਬਰਾਂ ’ਚ ਨਾਂ ਲਿਖਿਆ’ ਫੋਲੀ। ਜਿਲਦ ਅੰਦਰ ਤੁਹਾਨੂੰ ਦੇਵਿੰਦਰ ਸਤਿਆਰਥੀ ਦਾ ਲਿਖਿਆ ਖ਼ਤ ਮਿਲੇਗਾ ਜੋ ਪ੍ਰਕਾਸ਼ਕ ਨੇ ਮੂਲ-ਲਿਖਤ ਦੀ ਫੋਟੋ ਕਰਕੇ ਛਾਪਿਆ ਹੈ। ਇਹ ਖਤ 1995 ਵਿੱਚ ਲਿਖਿਆ ਸੀ ਜਿਸ ਵਿੱਚ ਗਰੇਵਾਲ ਦੇ ਇਸ ਬੰਦ ਦੀ ਤਾਰੀਫ਼ ਕੀਤੀ ਹੈ:

ਪਰ ਪਰਾਰ ਕੋਈ ਸੂਰਮਾ ਔਸ ਸ਼ਰੀਂਹ ਦੇ ਕੋਲ।

ਹੱਥ ਮੋਢੇ ਧਰ ਤੁਰ ਗਿਆ, ਬਿਨ ਹੰਝੂ ਬਿਨ ਬੋਲ।

ਹੇਠਾਂ ਲਿਖਿਆ ਹੈ- ‘‘ਕਾਸ਼ ਇਹ ਪੰਕਤੀਆਂ ਮੈਂ ਲਿਖੀਆਂ ਹੁੰਦੀਆਂ।’’ ਮੈਂ ਸਤਿਆਰਥੀ ਜੀ ਦੀ ਲੰਮੀ ਕਵਿਤਾ ਪੜ੍ਹੀ ਹੋਈ ਹੈ ਜਿਸ ਦਾ ਇਕ ਬੰਦ ਹੈ-

ਏਸ ਸ਼ਹਿਰ ਦਾ ਕੀ ਇਤਿਹਾਸ, ਵਜਦਾ ਆਵੇ ਢੋਲ।

ਮੈਂ ਥਲ ਦਾ ਅੰਨ੍ਹਾ ਦਰਵੇਸ, ਹੰਝੂ ਜਿਸ ਦੇ ਬੋਲ॥

ਇਸ ਲੰਮੀ ਨਜ਼ਮ ਦੀ ਸੁਰ ਗਰੇਵਾਲ ਦੇ ਉਕਤ ਬੰਦ ਨਾਲ ਮਿਲਦੀ ਹੈ। ਏਨੀ ਸਮਾਨਤਾ ਕਿ ਦੋਵੇਂ ਨਜ਼ਮਾਂ ਇਕੱਠੀਆਂ ਕਰਕੇ ਛਾਪ ਦਿਉ ਤਾਂ ਪਛਾਣ ਨਹੀਂ ਆਏਗੀ ਕਿਹੜੇ ਬੰਦ ਕਿਸ ਸ਼ਾਇਰ ਦੇ ਹਨ।

ਮਹਿੰਦਰਾ ਕਾਲਜ ਵਿੱਚ ਅੰਗਰੇਜ਼ੀ ਦਾ ਪ੍ਰੋਫ਼ੈਸਰ ਨਰਿੰਦਰ ਕਾਲੀਆ ਮੈਨੂੰ ਬਹੁਤ ਚੰਗਾ ਲਗਦਾ। ਉਹ ਸ਼ਾਨਦਾਰ ਅਧਿਆਪਕ ਅਤੇ ਉਰਦੂ ਸ਼ਾਇਰ ਸੀ। ਇਕ ਦਿਨ ਮੈਂ ਸਟਾਫ਼ ਰੂਮ ਵਿੱਚ ਉਸਨੂੰ ਇਕੱਲਿਆਂ ਬੈਠਾ ਦੇਖ ਕੇ ਕਿਹਾ- ਸਰ, ਤੁਸੀਂ ਉਹ ਅਧਿਆਪਕ ਹੋ ਜਿਸ ਦਿਨ ਨਹੀਂ ਆਉਂਦੇ, ਅਸੀਂ ਤੁਹਾਨੂੰ ਮਿੱਸ ਕਰਦੇ ਹਾਂ। ਹੱਸ ਪਿਆ, ਕਹਿੰਦਾ ਤੂੰ ਅਜੇ ਛੋਟਾ ਹੈਂ, ਤੈਨੂੰ ਅਜੇ ਏਸ ਗੱਲ ਦਾ ਪਤਾ ਨਹੀਂ ਹੋਣਾ ਕਿ ਕੋਈ ਕੋਈ ਵਿਦਿਆਰਥੀ ਵੀ ਅਜਿਹਾ ਹੋਇਆ ਕਰਦਾ ਹੈ, ਜਿਹੜਾ, ਜਿਸ ਦਿਨ ਨਾ ਆਏ, ਲਗਦਾ ਹੈ ਪੀਰੀਅਡ ਬੇਕਾਰ ਗਿਆ। ਕਲਾਸ ਵਿੱਚ ਨਜ਼ਰ ਮਾਰ ਕੇ ਮੈਂ ਵੀ ਦੇਖਦਾ ਹੁੰਨਾ, ਮੇਰਾ ਫਲਾਂ ਵਿਦਿਆਰਥੀ ਆਇਆ ਹੈ?

ਸਤਨਾਮ ਸਿੰਘ ਖੁਮਾਰ ਉਰਦੂ ਦਾ ਅਜ਼ੀਮ ਸ਼ਾਇਰ ਮੇਰਾ ਮਿੱਤਰ ਸੀ। ਉਸਨੂੰ ਇਕ ਦਿਨ ਪੁੱਛਿਆ- ਉਰਦੂ ਵਧੀਕ ਲੋਕਾਂ ਨੂੰ ਨਹੀਂ ਆਉਂਦੀ। ਤੁਹਾਡੀ ਗ਼ਜ਼ਲ ਪੁਰਅਸਰ ਹੈ ਕਿ ਨਹੀਂ, ਕਿਵੇਂ ਜਾਣਦੇ ਹੋ? ਉਸਨੇ ਕਿਹਾ- ਪਹਿਲਾਂ ਦੋ ਚਾਰ ਸ਼ਿਅਰ ਸੁਣਾਉਂਦਾ ਹਾਂ। ਤਿੰਨ ਚਾਰ ਸੌ ਦੀ ਹਾਜ਼ਰੀ ਉੱਪਰ ਨਜ਼ਰ ਦੁੜਾਉਂਦਾ ਹਾਂ। ਕਿਤੇ ਨਾ ਕਿਤੇ ਇਕ ਸਰੋਤਾ ਬੈਠਾ ਹੁੰਦਾ ਹੈ ਜਿਹੜਾ ਮੇਰੇ ਸ਼ਿਅਰ ਦੀ ਭਰਪੂਰ ਦਾਦ ਦਿੰਦਾ ਹੈ। ਉਸ ਇਕੱਲੇ ਨੂੰ ਮੈਂ ਆਪਣੀ ਗ਼ਜ਼ਲ ਸੁਣਾ ਆਉਂਦਾ ਹਾਂ। ਫੋਟੋ, ਬਾਕੀਆਂ ਦੀ ਵੀ ਨਾਲ ਛਪ ਜਾਂਦੀ ਹੈ।

ਜਾਪਾਨੀ ਸ਼ਾਇਰ ਕਾਕੂਜ਼ੋ ਓਕਾਕੁਰਾ ਆਪਣੇ ਚਿਤਰਕਾਰ ਮਿੱਤਰ ਰਿਕਯੂ ਬਾਬਤ ਲਿਖਦਾ ਹੈ- ਪਤਾ ਲੱਗਾ ਉਸ ਦੇ ਸਾਰੇ ਚਿਤਰਾਂ ਦੀ ਨੁਮਾਇਸ਼ ਲੱਗੀ ਹੈ। ਮੈਂ ਦੇਖਣ ਗਿਆ। ਇਕ ਤੋਂ ਇਕ, ਵਧੀਕ ਤੋਂ ਵਧੀਕ ਸ਼ਾਨਦਾਰ। ਬਾਹਰ ਆਇਆ ਪੰਜ ਚਾਰ ਜੁਆਨ ਉਸਦੀ ਕਲਾ ਬਾਰੇ ਗੱਲਾਂ ਕਰ ਰਹੇ ਸਨ। ਇਕ ਨੇ ਕਿਹਾ- ਲੱਖਾਂ ਵਿੱਚੋਂ ਕਿਸੇ ਇਕ ਅੱਧ ਨੂੰ ਉਸਦੀ ਕਲਾ ਸਮਝ ਵਿੱਚ ਆਉਂਦੀ ਹੋਣੀ, ਸਾਨੂੰ ਤਾਂ ਪਤਾ ਨਹੀਂ ਲਗਦਾ। ਮੈਂ ਕਿਹਾ- ਸਹੀ ਹੈ ਜੁਆਨੋ। ਲੱਖਾਂ ਵਿੱਚੋਂ ਇਕ ਹੈ ਰਿਕਯੂ। ਪਹਿਲਾਂ ਮੈਂ ਚਿਤਰਕਾਰ ਦੀ ਪ੍ਰਸ਼ੰਸਾ ਕਰਦਾ ਰਹਿੰਦਾ। ਹੁਣ ਮੈਂ ਆਪਣੇ ਗੁਣ ਗਾਉਣ ਲੱਗ ਗਿਆ ਹਾਂ ਕਿਉਂਕਿ ਮੈਂ ਹਾਂ ਲੱਖਾਂ ਵਿੱਚੋਂ ਇਕ ਅਜਿਹਾ ਬਾਦਸ਼ਾਹ ਜਿਸ ਨੂੰ ਅਨੰਦਿਤ ਕਰਨ ਲਈ ਰੱਬ ਨੇ ਇਹ ਕਲਾਕਾਰ ਭੇਜਿਆ ਹੈ।

ਕਾਲੀਆ, ਖੁਮਾਰ ਅਤੇ ਓਕਾਕੁਰਾ ਦੀ ਗੱਲ ਮੈਂ ਇਸ ਕਰਕੇ ਲਿਖੀ ਹੈ ਕਿਉਂਕਿ ਮੈਨੂੰ ਲਗਦਾ ਹੁੰਦਾ ਹੈ, ਮੇਰੇ ਲਈ ਲਿਖੀ ਗਈ ਹੈ ਗਰੇਵਾਲ ਦੀ ਕਵਿਤਾ, ਸਿਰਫ਼ ਮੇਰੇ ਵਾਸਤੇ ਭੇਜਿਆ ਗਿਆ ਹੈ ਉਸਨੂੰ ਧਰਤੀ ਉੱਪਰ। ਦਰਸ਼ਕ ਅਤੇ ਸਰੋਤਾ ਕਿੰਨਾ ਅਮੀਰ ਹੁੰਦਾ ਹੈ, ਓਕਾਕੁਰਾ ਨੂੰ ਪੁੱਛੋ।

ਖੁਮਾਰ ਨੂੰ ਪੰਜਾਬੀ ਕਵੀ ਨੇ ਪੁੱਛਿਆ- ਤੁਹਾਡੀ ਗ਼ਜ਼ਲ ਵਿੱਚ ਸੰਗੀਤ ਵਰਤਦਾ ਹੈ। ਸੰਗੀਤ ਵਾਸਤੇ ਵੱਖ ਮਿਹਨਤ ਕਰਦੇ ਹੋ? ਖੁਮਾਰ ਨੇ ਕਿਹਾ- ਮਿਹਨਤ ਤਾਂ ਮੈਂ ਕਰਦਾ ਈ ਨੀਂ। ਜਿਹੜਾ ਪਿਉ ਤਾਜ਼ਾ ਤਰੀਨ ਖ਼ਿਆਲ ਭੇਜਦਾ ਹੈ, ਉਸ ਨੂੰ ਕਹਿ ਰੱਖਿਐ ਸੰਗੀਤ ਨਾਲ ਈ ਭੇਜਿਆ ਕਰ। ਤੁਸੀਂ ਮੰਗ ਕੇ ਤਾਂ ਦੇਖੋ ਉਸਤੋਂ। ਉਰਦੂ ਦਾ ਕਮਜ਼ੋਰ ਸ਼ਾਇਰ ਇਹ ਸੋਚ ਕੇ ਸ਼ਿਅਰ ਲਿਖਦਾ ਹੈ ਕਿ ਉਸਨੂੰ ਕੋਈ ਗਾਏਗਾ। ਅਜੋਕੇ ਪੰਜਾਬੀ ਸ਼ਾਇਰ ਨੂੰ ਇਤਬਾਰ ਨਹੀਂ ਕਿ ਉਸਦੀ ਲਿਖਤ ਨੂੰ ਕੋਈ ਪੜ੍ਹੇਗਾ ਵੀ, ਗਾਉਣਾ ਤਾਂ ਦੂਰ ਦੀ ਗੱਲ ਐ।

ਗਰੇਵਾਲ ਦੀ ਨਜ਼ਮ ਸੰਗੀਤ ਦਾ ਲਿਬਾਸ ਪਹਿਨ ਕੇ ਉਤਰੀ ਹੈ। ਸਾਵਧਾਨ ਹੋ ਕੇ ਇਸ ਦਾ ਸੁਆਗਤ ਕਰੀਏ।

ਸਮਰਾਟ ਲਿੱਛਵੀ ਦੇ ਦਰਬਾਰ ਵਿੱਚ ਨੱਚਦਿਆਂ ਹੋਇਆਂ ਅਮਰਪਾਲੀ ਨੇ ਏਨੇ ਜੋਸ਼ ਅਤੇ ਜ਼ੋਰ ਨਾਲ ਧਰਤੀ ਉੱਪਰ ਅੱਡੀ ਮਾਰੀ ਕਿ ਉਸਦੇ ਖੱਬੇ ਪੈਰ ਦੀ ਝਾਂਜਰ ਦੇ ਘੁੰਗਰੂ ਟੁੱਟ ਕੇ ਮੰਚ ਉੱਪਰ ਖਿਲਰ ਗਏ। ਅਜੇ ਉਹ ਹੋਰ ਨੱਚਣ ਦੀ ਇਛੁੱਕ ਸੀ ਕਿ ਤਬਲਾ-ਵਾਦਕ ਅਮਰਪਾਲੀ ਦੇ ਪੈਰ ਫੜ ਕੇ ਬੈਠ ਗਿਆ, ਕਿਹਾ- ਬਸ ਮਾਲਕਣ। ਹੁਣ ਬੱਸ। ਅਮਰਪਾਲੀ ਨੇ ਕਿਹਾ- ਦੂਜੀ ਝਾਂਜਰ ਦੇ ਘੁੰਗਰੂ ਵੀ ਟੁੱਟਣ ਦੇਹ ਅੱਜ। ਤਬਲਾ-ਵਾਦਕ ਨੇ ਕਿਹਾ- ਨਹੀਂ। ਦੂਜੀ ਝਾਂਜਰ ਕਿਸੇ ਹੋਰ ਦਿਨ ਕੰਮ ਆਏਗੀ ਮਾਲਕਣ। ਅੱਜ ਨਹੀਂ। ਅਮਰਪਾਲੀ ਹੱਸ ਪਈ- ਮੈਂ ਕਲਾਕਾਰ ਹੋਣ ਕਰਕੇ ਬੇਸਮਝ ਹਾਂ। ਮੇਰਾ ਇਹ ਉਸਤਾਦ ਸਿਆਣਾ ਹੈ। ਇਸ ਦੀ ਮੰਨਣੀ ਪਵੇਗੀ।

ਦੂਜੀ ਝਾਂਜਰ ਸੰਭਾਲ ਲਈ ਗਈ। ਜਿਸ ਦਿਨ ਸਾਕਯਮੁਨੀ ਦਾ ਅੰਤਮ ਸੰਸਕਾਰ ਕੁਸ਼ੀਨਗਰ ਵਿੱਚ ਹੋਣਾ ਸੀ, ਵੈਸ਼ਾਲੀ ਤੋਂ ਉਹ ਕੁਸ਼ੀਨਗਰ ਪੁੱਜੀ। ਅਨੰਦ ਅੱਗੇ ਪ੍ਰਾਰਥਨਾ ਕੀਤੀ- ਮਹਾਰਾਜ ਦੇ ਨਜ਼ਦੀਕ ਗਾਉਣ ਦੀ ਆਗਿਆ ਹੈ ਮਹਾਂਭਿੱਖੂ? ਆਨੰਦ ਨੇ ਹਾਂ ਵਿੱਚ ਸਿਰ ਹਿਲਾਇਆ। ਉਹ ਬੋਧਵਾਣੀ ਦਾ ਕੀਰਤਨ ਕਰਨ ਲੱਗੀ। ਜਦੋਂ ਅਰਥੀ ਉੱਠੀ, ਅਨੰਦ ਨੇ ਕਿਹਾ- ਇਸ ਪਵਿੱਤਰ ਕਾਫ਼ਲੇ ਦੀ ਅਗਵਾਈ ਕਰੋ ਹੇ ਸਮਰਾਟ ਲਿਛਵੀ, ਹੇ ਸਮਰਾਟ ਅਜਾਤਸ਼ੱਤਰੂ, ਹੇ ਸਮਰਾਟ ਪ੍ਰਸ਼ਨਜੀਤ।

ਲਿਛਵੀ ਨੇ ਕਿਹਾ- ਇਸ ਪਵਿੱਤਰ ਕਾਫ਼ਲੇ ਦੀ ਅਗਵਾਈ ਉਹ ਕਰਨਗੇ ਹੇ ਮੁਨੀ ਜਿਨ੍ਹਾਂ ਨੂੰ ਸਿਧਾਰਥ ਪਿਆਰ ਕਰਦਾ ਸੀ। ਇਸ ਕਾਫ਼ਲੇ ਦੀ ਅਗਵਾਈ ਅਮਰਪਾਲੀ ਕਰੇ, ਆਨੰਦ ਕਰੇ। ਅਸੀਂ ਰਾਜੇ ਤੁਹਾਡੇ ਤੋਂ ਬੜੇ ਪਿੱਛੇ ਰਹਿ ਗਏ, ਇਸ ਕਰਕੇ ਇਸ ਕਾਫ਼ਲੇ ਵਿੱਚ ਸਭ ਤੋਂ ਪਿੱਛੇ ਅਸੀਂ ਤੁਰਾਂਗੇ। ਅਰਥੀ ਉੱਠੀ, ਅਮਰਪਾਲੀ ਨੱਚਣ ਲੱਗੀ, ਸ਼ਮਸ਼ਾਨਘਾਟ ਤੱਕ ਨੱਚਦੀ ਗਈ ਤੇ ਚਿਖਾ ਦੇ ਚਰਨਾਂ ਵਿੱਚ ਸੱਜੀ ਝਾਂਜਰ ਟਿਕਾ ਦਿੱਤੀ। ਇਸ ਪਿੱਛੋਂ ਕਿਸੇ ਮਹਿਲ ਵਿੱਚ ਗਾਉਣ ਨਹੀਂ ਗਈ। ਉਸਦੀ ਬਦਨਾਮ ਹਵੇਲੀ ਸਰਬੋਤਮ ਬੋਧ ਆਸ਼ਰਮ ਬਣਿਆ। ਜਦੋਂ ਟਿਕੀ ਰਾਤ ਤੇਜ਼ ਹਵਾਵਾਂ ਵਗਦੀਆਂ ਹਨ ਝਾਂਜਰਾਂ ਦੀ ਆਵਾਜ਼ ਦੂਰੋਂ ਸਾਫ਼ ਸੁਣਾਈ ਦਿੰਦੀ ਹੈ।

ਗਰੇਵਾਲ ਦੀ ਇਹ ਕਿਤਾਬ ਰਮਣੀਕ ਵਾਦੀ ਵਿਚਲਾ ਕੋਈ ਰਾਜਰਿਖੀ ਆਸ਼ਰਮ ਹੈ। ਇਸ ਆਸ਼ਰਮ ਵਿੱਚ ਇਕ ਧਰਮ, ਇਕ ਲਿਬਾਸ ਅਤੇ ਇਕ ਕਲਚਰ ਦੇ ਮੁਰੀਦ ਨਹੀਂ ਹਨ। ਗੁਰੂ ਨਾਨਕ ਦੇਵ ਏਸ਼ੀਆ ਵਿੱਚ ਜਿਸ ਜਿਸ ਨੂੰ ਮਿਲੇ, ਕਿਹਾ- ਤੁਹਾਨੂੰ ਦੱਸਣ ਆਏ ਹਾਂ ਜੁ ਤੁਹਾਡਾ ਧਰਮ ਠੀਕ ਸੀ ਪਰ ਇਸ ਵਾਹਨ ਦਾ ਇੰਜਣ ਵਿਗੜ ਗਿਆ ਹੈ, ਇਸ ਨੂੰ ਠੀਕ ਠਾਕ ਕਰਕੇ ਤੁਹਾਨੂੰ ਦੇਵਾਂਗੇ।

ਗਰੇਵਾਲ ਦੀ ਕਵਿਤਾ ਪੂਰਬ ਦਿਸ਼ਾ ਵੱਲ ਤੁਰਦੀ ਹੈ। ਨਾ ਕਿਤੇ ਓਪਰੀ ਹੈ ਨਾ ਬੋਝਲ:

ਸਾਵਣ ਆਇਆ ਹੇ ਸਖੀ, ਬੱਦਲ ਜੋਰ ਕਰੇ।

ਜਾਂ ਨਿਰਮੋਹੀ ਯਾਰ ਦਾ ਮੱਥਾ ਠਰੇ ਠਰੇ।

ਪੂਰਨ ਸਿੰਘ ਅਤੇ ਧਨੀ ਰਾਮ ਚਾਤ੍ਰਿਕ ਰਾਹੀਂ ਜਿਸ ਪੰਜਾਬ ਦੇ ਦਰਸ਼ਨ ਹੁੰਦੇ ਹਨ, ਗਰੇਵਾਲ ਦੀ ਕਵਿਤਾ ਇਸ ਮੰਚ ਉੱਪਰੋਂ ਮੁੜ ਪਰਦਾ ਪਰੇ ਸਰਕਾਂਦੀ ਹੈ ਤਾਂ ਇਹ ਚਿਹਰਾ ਦਿਸਦਾ ਹੈ-

ਨੱਢੀਆਂ ਧੁਪ ਚੜ੍ਹਦੇ ਦੀ, ਗੱਭਰੂ ਘੁੱਟ ਚਾਨਣ ਦਾ,

ਕਿਸ ਦੌਰ ’ਚ ਗੁੰਮ ਹੋ ਗਈ ਮਹਫ਼ਲ ਸੁਲਤਾਨਾਂ ਦੀ।

ਉਸਦੀ ਕਵਿਤਾ ਨੂੰ ਸਮਝਣ ਦੀ ਲੋੜ ਨਹੀਂ, ਇਸ ਵਿੱਚ ਤਾਰੀ ਲਾਉਣੀ ਠੀਕ ਰਹੇ।

ਰਹੱਸਵਾਦੀ ਸ਼ਾਇਰ ਐਜ਼ਰਾਪਾਊਂਡ ਨੂੰ ਪੁੱਛਿਆ ਗਿਆ- ਰੂਹਾਨੀਅਤ ਕੀ ਹੁੰਦੀ ਹੈ? ਉਸਨੇ ਕਿਹਾ- ਮੈਨੂੰ ਕੀ ਪਤਾ? ਦਰਿਆ ਨੂੰ ਥਰਮੋਡਾਇਨਾਮਿਕਸ ਦੇ ਫਾਰਮੂਲਿਆਂ ਦਾ ਪਤਾ ਨਹੀਂ ਹੁੰਦਾ। ਬੰਦੇ ਫਾਰਮੂਲੇ ਪਤਾ ਲਾਉਣਗੇ, ਦਰਿਆ ਵਗੇਗਾ।

ਮੇਰਾ ਬਚਾਉ ਇਸ ਵਿੱਚ ਹੈ ਕਿ ਮੈਂ ਨਜ਼ਮ ਦੇ ਫਾਰਮੂਲਿਆਂ ਦੀ ਤਲਾਸ਼ ਨਾ ਕਰਾਂ।

ਸੰਪਰਕ: 94642-51454

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All