ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼ : The Tribune India

ਇਤਿਹਾਸ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਲੰਗਰ ਲਈ ਪ੍ਰਸ਼ਾਦੇ ਬਣਾਉਂਦਾ ਊਧਮ ਸਿੰਘ

ਗੁਰਦੇਵ ਸਿੰਘ ਸਿੱਧੂ

1918-1919 ਵਿਚ ਹਿੰਦੋਸਤਾਨ ਵਿਚ ਬਰਤਾਨਵੀ ਹਕੂਮਤ ਦੇ ਜਬਰ ਜ਼ੁਲਮ ਸਹਿੰਦੇ ਦੇਸ਼ ਵਾਸੀਆਂ ਦੇ ਮਨਾਂ ਵਿਚ ਲੋਕ-ਵਿਰੋਧੀ ਕਾਨੂੰਨਾਂ ਕਾਰਨ ਰੋਹ ਪ੍ਰਚੰਡ ਹੁੰਦਾ ਜਾ ਰਿਹਾ ਸੀ। ਹਾਕਮਾਂ ਵੱਲੋਂ ਪਾਸ ਕੀਤੇ ਰੌਲਟ ਐਕਟ ਦਾ ਵਿਰੋਧ ਕਰਨ ਲਈ ਲੋਕ ਇਕੱਠੇ ਹੋਏ ਅਤੇ ਜਲ੍ਹਿਆਂਵਾਲਾ ਬਾਗ਼ ਦਾ ਸਾਕਾ ਵਾਪਰਿਆ। ਇਸ ਘਟਨਾ ਨੇ ਆਜ਼ਾਦੀ ਸੰਘਰਸ਼ ਨੂੰ ਨਵਾਂ ਮੋੜ ਦਿੱਤਾ। ਉਸ ਵੇਲੇ ਮਾਈਕਲ ਓ’ਡਵਾਇਰ ਪੰਜਾਬ ਦਾ ਲੈਫਟੀਨੈਂਟ ਗਵਰਨਰ ਸੀ। ਊਧਮ ਸਿੰਘ ਨੇ ਲੰਡਨ ਦੇ ਕੈਕਸਟਨ ਹਾਲ ਵਿਚ ਉਸ ਦਾ ਕਤਲ ਕਰ ਕੇ ਜਲ੍ਹਿਆਂਵਾਲੇ ਬਾਗ਼ ਦੇ ਸਾਕੇ ਦਾ ਬਦਲਾ ਲਿਆ।

ਧਮ ਸਿੰਘ ਨੂੰ ਜੀਵਨ ਦੇ ਵਿਭਿੰਨ ਪੜਾਵਾਂ ਦੌਰਾਨ ਵੱਖ ਵੱਖ ਸਥਿਤੀਆਂ ਵਿਚ ਵਿਚਰਨ ਦਾ ਮੌਕਾ ਮਿਲਿਆ। ਉਸ ਨੇ ਹਰ ਸਥਿਤੀ ਵਿਚੋਂ ਜੋ ਚੰਗਾ ਲੱਗਾ ਉਸ ਨੂੰ ਅਪਣਾਉਣ ਵਿਚ ਕਦੇ ਝਿਜਕ ਨਹੀਂ ਵਿਖਾਈ। ਵਡਿਆਈ ਵਾਲੀ ਗੱਲ ਇਹ ਹੈ ਕਿ ਉਸ ਨੇ ਇਕ ਵਾਰ ਜੋ ਆਪਣੇ ਮਨ ਵਿਚ ਵਸਾ ਲਿਆ, ਜੀਵਨ ਭਰ ਉਸ ਨਾਲ ਜੁੜਿਆ ਰਿਹਾ। ਊਧਮ ਸਿੰਘ ਦੀ ਸ਼ਖ਼ਸੀਅਤ ਵਿਚੋਂ ਦ੍ਰਿਸ਼ਟੀਗੋਚਰ ਹੁੰਦੇ

ਅਜਿਹੇ ਪ੍ਰਭਾਵ ਹਨ:

ਊਧਮ ਸਿੰਘ ਦਾ ਜਨਮ ਗੁਰਸਿੱਖ ਪਰਿਵਾਰ ਵਿਚ ਹੋਇਆ। ਮਾਂ ਬਾਪ ਭਾਵੇਂ ਗੁਰਮਤਿ ਦਾ ਬਹੁਤਾ ਗਿਆਨ ਨਹੀਂ ਸੀ ਰੱਖਦੇ, ਪਰ ਸ਼ਰਧਾਵਾਨ ਸਿੱਖ ਸਨ। ਯਤੀਮ ਹੋ ਜਾਣ ਪਿੱਛੋਂ ਉਸ ਨੂੰ ਗਭਰੇਟ ਹੋਣ ਤੱਕ ਯਤੀਮਖਾਨੇ ਵਿਚ ਰਹਿਣਾ ਪਿਆ ਜੋ ਸਿੱਖ ਸੰਸਥਾ, ਚੀਫ ਖਾਲਸਾ ਦੀਵਾਨ ਵੱਲੋਂ ਯਤੀਮ ਬੱਚਿਆਂ ਨੂੰ ਆਰਥਿਕ ਪੱਖੋਂ ਆਪਣੇ ਪੈਰਾਂ ਸਿਰ ਖੜ੍ਹੇ ਹੋਣ ਦੇ ਯੋਗ ਬਣਾਉਣ ਦੇ ਨਾਲ ਨਾਲ ਗੁਰਮਤਿ ਨਾਲ ਜੋੜਨ ਦੇ ਮਨੋਰਥ ਨਾਲ ਚਲਾਈ ਜਾ ਰਹੀ ਸੀ। ਯਤੀਮਖਾਨੇ ਵਿਚ ਪਰਵਰਿਸ਼ ਪਾ ਰਹੇ ਸਾਰੇ ਬੱਚੇ ਬਿਨਾਂ ਨਾਗਾ ਸਵੇਰ ਸ਼ਾਮ ਗੁਰਦੁਆਰੇ ਜਾਂਦੇ ਅਤੇ ਨਿੱਤਨੇਮ ਵਿਚ ਸ਼ਾਮਲ ਹੁੰਦੇ ਸਨ। ਉਮਰ ਦੇ ਮੁੱਢਲੇ ਵਰ੍ਹੇ ਅਜਿਹੇ ਵਾਤਾਵਰਨ ਵਿਚ ਗੁਜ਼ਾਰਨ ਸਦਕਾ ਊਧਮ ਸਿੰਘ ਦੇ ਮਨ ਵਿਚ ਗੁਰਦੁਆਰੇ ਲਈ ਜੀਵਨ ਭਰ ਅਸੀਮ ਸ਼ਰਧਾ ਭਾਵਨਾ ਬਣੀ ਰਹੀ। ਉਹ ਗ਼ਦਰ ਪਾਰਟੀ ਦੀ ਵਿਚਾਰਧਾਰਾ ਦਾ ਖਿੱਚਿਆ ਸਾਂ ਫਰਾਂਸਿਸਕੋ ਗਿਆ ਤਾਂ ਉਸ ਨੇ ਸਟੌਕਟਨ ਦੇ ਗੁਰਦੁਆਰੇ ਨਾਲ ਐਸੀ ਪੀਡੀ ਸਾਂਝ ਬਣਾਈ ਜੋ ਉਸ ਦੇ ਅੰਤ ਤੱਕ ਕਾਇਮ ਰਹੀ। ਆਪਣੀ ਦੋਸਤ ਲੜਕੀ ਦਾ ਡਾਕ ਪਤਾ ਵਿਸਰ ਗਿਆ ਤਾਂ ਸਟੌਕਟਨ ਗੁਰਦੁਆਰੇ ਦੇ ਗ੍ਰੰਥੀ ਰਾਹੀਂ ਉਸ ਨੂੰ ਪੱਤਰ ਭੇਜੇ। ਕੁਝ ਸਾਲ ਪਿੱਛੋਂ ਲੰਡਨ ਆਇਆ ਤਾਂ ਇੱਥੇ ਵੀ ਉਸ ਦੀ ਸਭ ਤੋਂ ਵੱਧ ਨੇੜਤਾ ਗੁਰਦੁਆਰੇ ਦੇ ਪ੍ਰਬੰਧਕਾਂ ਨਾਲ ਬਣੀ। ਸਟੌਕਟਨ ਗੁਰਦੁਆਰੇ ਦਾ ਸਕੱਤਰ ਸ. ਅਜਮੇਰ ਸਿੰਘ ਅਤੇ ਲੰਡਨ ਦੇ ਗੁਰਦੁਆਰੇ ਦਾ ਸਕੱਤਰ ਸ. ਸ਼ਿਵ ਸਿੰਘ ਜੌਹਲ ਉਸ ਦੇ ਰਾਜ਼ਦਾਰ ਮਿੱਤਰ ਸਨ ਜਿਨ੍ਹਾਂ ਨੇ ਮੁਸ਼ਕਿਲ ਵਕਤ ਵਿਚ ਉਸ ਦਾ ਸਾਥ ਦਿੱਤਾ। ਉਸ ਦੇ ਮੁਕੱਦਮੇ ਦੀ ਪੈਰਵਾਈ ਕਰਨ ਲਈ ਲੋੜੀਂਦੇ ਫੰਡ ਇਕੱਤਰ ਕਰਨ ਵਿਚ ਇਨ੍ਹਾਂ ਦੋਵਾਂ ਜਣਿਆਂ ਨੇ ਅਹਿਮ ਯੋਗਦਾਨ ਪਾਇਆ। ਕਾਰਨ ਇਹ ਸੀ ਕਿ ਭਾਵੇਂ ਉਸ ਨੇ ਦਾੜ੍ਹੀ ਕੇਸ ਕਟਾ ਲਏ ਸਨ ਪਰ ਉਸ ਦੇ ਮਨ ਵਿਚ ਗੁਰੂਘਰ ਲਈ ਸ਼ਰਧਾ ਅਤੇ ਸਤਿਕਾਰ ਕਿਸੇ ਰਹਿਤਵਾਨ ਗੁਰਸਿੱਖ ਵਰਗਾ ਹੀ ਸੀ। ਗੁਰਦੁਆਰੇ ਜਾ ਕੇ ਕਿਸੇ ਵੀ ਕਿਸਮ ਦੀ ਸੇਵਾ ਕਰਨ ਤੋਂ ਉਹ ਉੱਕਾ ਨਹੀਂ ਸੀ ਕਤਰਾਉਂਦਾ। ਲੰਡਨ ਦੇ ਗੁਰਦੁਆਰੇ ਵਿਚ ਉਹ ਅਕਸਰ ਹੀ ਲੰਗਰ ਵਿਚ ਪ੍ਰਸ਼ਾਦੇ ਪਕਾਉਣ ਦੀ ਸੇਵਾ ਕਰਦਿਆਂ ਦਿਸਦਾ ਸੀ। ਉਸ ਨੇ ਅਦਾਲਤ ਵਿਚ ਪੜ੍ਹਨ ਵਾਸਤੇ ਜੋ ਬਿਆਨ ਲਿਖਿਆ, ਉਸ ਦਾ ਆਰੰਭ ‘ੴ’ ਲਿਖ ਕੇ ਕੀਤਾ। ਉਸ ਨੇ ਆਪਣੇ ਬਿਆਨ ਵਿਚ ਇਸ ਤੋਂ ਬਿਨਾਂ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਰਚਿਤ ਗੁਰਬਾਣੀ ਵਿਚੋਂ ਗੁਰਵਾਕ ਵੀ ਅੰਕਿਤ ਕੀਤੇ ਸਨ।

ਇਸ ਤੋਂ ਸਪਸ਼ਟ ਹੁੰਦਾ ਹੈ ਕਿ ਹੱਸਦਿਆਂ ਹੱਸਦਿਆਂ ਫਾਂਸੀ ਚੜ੍ਹ ਜਾਣ ਦਾ ਉਤਸ਼ਾਹ ਉਸ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਵਿਚੋਂ ਪ੍ਰਾਪਤ ਹੋਇਆ ਸੀ।

* * *

ਬਾਲਗ ਉਮਰ ਤੱਕ ਪੁੱਜਣ ਦੌਰਾਨ ਊਧਮ ਸਿੰਘ ਦਾ ਕਿਸੇ ਗ਼ਦਰੀ ਵਿਅਕਤੀ ਜਾਂ ਕਿਸੇ ਹੋਰ ਵਿਧੀ ਰਾਹੀਂ ਗ਼ਦਰ ਪਾਰਟੀ ਨਾਲ ਨਿੱਜੀ ਸੰਪਰਕ ਨਹੀਂ ਸੀ ਬਣਿਆ। 1915 ਤੋਂ 1917 ਦੌਰਾਨ ਗ਼ਦਰੀਆਂ ਦੇ ਕਈ ਮੁਕੱਦਮੇ ਲਾਹੌਰ ਵਿਸ਼ੇਸ਼ ਅਦਾਲਤ ਵਿਚ ਸੁਣੇ ਗਏ ਸਨ ਜੋ ਅਖ਼ਬਾਰਾਂ ਰਸਾਲਿਆਂ ਵਿਚ ਚਰਚਾ ਦਾ ਵਿਸ਼ਾ ਬਣੇ। ਊਧਮ ਸਿੰਘ ਇਨ੍ਹਾਂ ਅਖ਼ਬਾਰੀ ਖ਼ਬਰਾਂ ਨੂੰ ਪੜ੍ਹਦਿਆਂ ਗ਼ਦਰੀਆਂ ਵੱਲੋਂ ਮਾਤ-ਭੂਮੀ ਨੂੰ ਅੰਗਰੇਜ਼ ਹਾਕਮਾਂ ਦੀ ਗ਼ੁਲਾਮੀ ਤੋਂ ਮੁਕਤ ਕਰਵਾਉਣ ਲਈ ਕੀਤੇ ਜਾਨ ਹੂਲਵੇਂ ਉਪਰਾਲਿਆਂ ਤੋਂ ਪ੍ਰਭਾਵਿਤ ਹੋਇਆ। ਇਸ ਲਈ ਜਦ ਉਸ ਨੇ ਆਪਣੇ ਮਨ ਵਿਚ ਅੰਗਰੇਜ਼ ਹਾਕਮਾਂ ਵੱਲੋਂ ਪੰਜਾਬੀਆਂ ਨਾਲ ਕੀਤੀਆਂ ਵਧੀਕੀਆਂ ਦਾ ਬਦਲਾ ਲੈਣ ਦੀ ਠਾਣੀ ਤਾਂ ਉਸ ਨੂੰ ਇੱਕੋ ਇੱਕ ਗਦਰੀਆਂ ਵਾਲਾ ਰਾਹ ਵਿਖਾਈ ਦਿੱਤਾ। ਇਸੇ ਭਾਵਨਾ ਦਾ ਖਿੱਚਿਆ ਉਹ ਕੁਝ ਸਾਲਾਂ ਪਿੱਛੋਂ ਅਮਰੀਕਾ ਗਿਆ ਅਤੇ ਗ਼ਦਰ ਪਾਰਟੀ ਦੇ ਸੰਪਰਕ ਵਿਚ ਰਿਹਾ। ਉਸ ਨੇ ਖ਼ੂਬ ਦਿਲ ਲਾ ਕੇ ਗ਼ਦਰੀ ਸਾਹਿਤ ਪੜ੍ਹਿਆ ਪਰ ਇਸ ਤੱਥ ਵੱਲ ਧਿਆਨ ਦੇਣ ਤੋਂ ਖੁੰਝ ਗਿਆ ਕਿ ਗ਼ਦਰੀਆਂ ਦਾ ਉਹ ਫ਼ੈਸਲਾ ਆਲਮੀ ਜੰਗ ਕਾਰਨ ਉਪਜੀ ਵਿਸ਼ੇਸ਼ ਸਥਿਤੀ ਨੂੰ ਵੇਖਦਿਆਂ ਲਿਆ ਗਿਆ ਸੀ ਅਤੇ ਪਾਰਟੀ ਕੋਲ ਆਪਾ ਵਾਰਨ ਵਾਲੇ ਵਲੰਟੀਅਰ ਵੱਡੀ ਗਿਣਤੀ ਵਿਚ ਸਨ। ਸਮਾਂ ਬੀਤਣ ਨਾਲ ਗ਼ਦਰ ਪਾਰਟੀ ਦੀ ਨੀਤੀ ਵਿਚ ਤਬਦੀਲੀ ਆ ਗਈ ਸੀ। ਉਕਤ ਦੋਵਾਂ ਨੁਕਤਿਆਂ ਤੋਂ ਅਵੇਸਲਾ ਹੋਣ ਕਾਰਨ ਉਹ ‘ਗਦਰ ਦੀ ਗੂੰਜ’ ਵਿਚਲੀਆਂ ਕਵਿਤਾਵਾਂ ਰਾਹੀਂ ਪ੍ਰਤੀਬਿੰਬਤ 1914-15 ਵਾਲੀ ਸੋਚ ਨਾਲ ਜੁੜਿਆ। ਇਸ ਦਾ ਹੀ ਅਸਰ ਸੀ ਕਿ ਉਹ ਤਿੰਨ ਪਿਸਤੌਲ ਲੈ ਕੇ ‘‘ਅਮਰੀਕਾ ਤੋਂ ਅੰਮ੍ਰਿਤਸਰ ਆਇਆ ਤਾਂ ਜੋ ਦੇਸ਼ ਨੂੰ ਅੰਗਰੇਜ਼ਾਂ ਤੋਂ ਖਾਲੀ ਕਰਵਾਇਆ ਜਾ ਸਕੇ।’’ ਅੰਮ੍ਰਿਤਸਰ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਪਿੱਛੋਂ ਉਸ ਦਾ ਐਲਾਨ ਗ਼ਦਰੀ ਐਲਾਨਾਂ ਵਰਗਾ ਹੀ ਸੀ। ਕੇਂਦਰੀ ਅਪਰਾਧਿਕ ਅਦਾਲਤ, ਓਲਡ ਬੇਲੀ, ਵਿਚ ਪੜ੍ਹਨ ਲਈ ਲਿਖੇ ਬਿਆਨ ਵਿਚਲੇ ਕਈ ਕਾਵਿ-ਟੋਟੇ ਉਸ ਦੇ ਮਨ ਵਿਚ ਪ੍ਰਪੱਕ ਗ਼ਦਰੀ ਪ੍ਰਭਾਵ ਦਾ ਸਬੂਤ ਹਨ।

* * *

ਊਧਮ ਸਿੰਘ ਪਹਿਲੀ ਵਾਰ 1920 ਵਿਚ ਹਿੰਦੋਸਤਾਨ ਤੋਂ ਬਾਹਰ ਗਿਆ ਅਤੇ 1927 ਵਿਚ ਵਾਪਸ ਆਇਆ। ਉਸ ਦੀ ਵਿਦੇਸ਼ ਰਵਾਨਗੀ ਤੱਕ ਬੱਬਰ ਅਕਾਲੀ ਸੋਚ ਅਜੇ ਪੁੰਗਰੀ ਨਹੀਂ ਸੀ। ਬੱਬਰ ਅਕਾਲੀ ਲਹਿਰ ਬਾਰੇ ਜਾਣਕਾਰੀ ਉਸ ਨੂੰ ਸਾਂ ਫਰਾਂਸਿਸਕੋ ਵਿਚ ਗ਼ਦਰ ਪਾਰਟੀ ਨਾਲ ਕੰਮ ਕਰਦਿਆਂ ਮਿਲੀ। ਗ਼ਦਰ ਪਾਰਟੀ ਨੇ ਜਿਵੇਂ ਗ਼ਦਰੀ ਕਵਿਤਾਵਾਂ ਦੇ ਦੋ ਸੰਗ੍ਰਹਿ ‘ਗਦਰ ਦੀ ਗੂੰਜ’ ਅਤੇ ‘ਆਜ਼ਾਦੀ ਦੀ ਗੂੰਜ’ ਪ੍ਰਕਾਸ਼ਿਤ ਕੀਤੇ ਸਨ, ਇਉਂ ਹੀ ਬੱਬਰ ਕਾਵਿ ਉੱਤੇ ਆਧਾਰਿਤ ‘ਬੱਬਰ ਗੂੰਜ’ ਵੀ ਛਾਪੀ ਸੀ। ਇਸ ਪ੍ਰਕਾਸ਼ਨ ਦਾ ਮਨੋਰਥ ਦੱਸਦਿਆਂ ਲਿਖਿਆ ਗਿਆ ਸੀ, ‘‘ਬੱਬਰਾਂ ਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਏਹ ਗੂੰਜ ਲਿਖੀ ਜਾਂਦੀ ਹੈ। ਅਸੀਂ ਅਮੈਦ ਕਰਦੇ ਹਾਂ ਕਿ ਸਭ ਭਾਈ ਏਸ ਨੂੰ ਪ੍ਰੇਮ ਨਾਲ ਪੜਨਗੇ ਅਤੇ ਉਨ੍ਹਾਂ ਦੀ ਸਪਿਰਟ ਨੂੰ ਰੈਂਦੇ ਦਿਨਾਂ ਤੱਕ ਚੇਤੇ ਰਖਣਗੇ।’’ ਛੇ ਬੱਬਰ ਆਗੂਆਂ ਨੂੰ ਫਾਂਸੀ ਦੀ ਸਜ਼ਾ ਦੇ ਕੇ ਅਤੇ ਕਈ ਦਰਜਨ ਹੋਰਨਾਂ ਨੂੰ ਛੋਟੀ ਵੱਡੀ ਮਿਆਦ ਲਈ ਜੇਲ੍ਹ ਦੀ ਕਾਲ ਕੋਠੜੀ ਵਿਚ ਬੰਦ ਕਰ ਕੇ ਸਰਕਾਰ ਇਸ ਲਹਿਰ ਦੇ ਖ਼ਾਤਮੇ ਦਾ ਦਾਅਵਾ ਕਰ ਰਹੀ ਸੀ, ਭੂਮਿਕਾ ਲੇਖਕ ਨੇ ਸਰਕਾਰ ਦੇ ਇਸ ਦਾਅਵੇ ਦੀ ਖਿੱਲੀ ਉਡਾਈ ਅਤੇ ਬੱਬਰ ਲਹਿਰ ਦੇ ਨਿਰੰਤਰ ਜਾਰੀ ਰਹਿਣ ਦਾ ਐਲਾਨ ਕਰਦਿਆਂ ਲਿਖਿਆ, ‘‘ਜ਼ਾਲਮ ਜਦ ਅੰਨ੍ਹਾ ਹੋ ਜਾਂਦਾ ਹੈ ਤਾਂ ਸਮਝਦਾ ਹੈ ਕਿ ਜ਼ੁਲਮ ਨਾਲ ਆਜ਼ਾਦੀ ਦੀ ਲੈਹਰ ਦਬਾਈ ਜਾ ਸਕਦੀ ਹੈ। ਕੀ ਅੱਜ ਬਬਰਾਂ ਦਾ ਖਾਤਮਾ ਹੋ ਚੁੱਕਾ? ਨਹੀਂ! ਨਹੀਂ!! ਜਦ ਤੱਕ ਹਿੰਦ ਵਿਚੋਂ ਜ਼ਾਲਮ ਰਾਜ ਦੂਰ ਨਹੀਂ ਹੁੰਦਾ ਬਬਰੀ ਸਪਿਰਟ ਦੂਰ ਨਹੀਂ ਹੋ ਸਕਦੀ।’’ ਇਹ ਊਧਮ ਸਿੰਘ ਦਾ ਬੱਬਰ ਅਕਾਲੀ ਲਹਿਰ ਨਾਲ ਪਹਿਲਾ ਸੰਪਰਕ ਸੀ।

ਯਕੀਨਨ 1927 ਵਿਚ ਅਮਰੀਕਾ ਤੋਂ ਹਿੰਦੋਸਤਾਨ ਪਰਤ ਰਹੇ ਊਧਮ ਸਿੰਘ ਦੇ ਮਨ ਵਿਚ ਇਹੋ ਜਿਹੇ ਵਲਵਲੇ ਸਨ।

1927 ਵਿਚ ਦੇਸ਼ ਪਰਤਣ ਸਾਰ ਉਹ ਅਮਰੀਕਾ ਤੋਂ ਗ਼ੈਰ-ਕਾਨੂੰਨੀ ਢੰਗ ਨਾਲ ਹਥਿਆਰ ਲਿਆਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਹੋ ਗਿਆ, ਮੁਕੱਦਮਾ ਚੱਲਿਆ ਅਤੇ ਉਸ ਨੂੰ ਇੰਡੀਆ ਆਰਮਜ਼ ਐਕਟ ਅਧੀਨ ਪੰਜ ਸਾਲ ਸਖ਼ਤ ਕੈਦ ਦੀ ਸਜ਼ਾ ਹੋਈ। ਕੈਦ ਦੀ ਪਿਛਲੀ ਅਵਧੀ ਉਸ ਨੇ ਮੁਲਤਾਨ ਜੇਲ੍ਹ ਵਿਚ ਗੁਜ਼ਾਰੀ ਜਿੱਥੇ ਅੰਡੇਮਾਨ ਕਾਲੇਪਾਣੀ ਤੋਂ ਵਾਪਸ ਲਿਆਂਦੇ ਬੱਬਰ ਅਕਾਲੀ ਬੰਦ ਸਨ। ਉਸ ਨੇ ‘ਬੱਬਰ ਗੂੰਜ’ ਵਿਚ ਪੜ੍ਹਿਆ ਅਤੇ ਬੱਬਰ ਬੰਦੀਆਂ ਤੋਂ ਜਾਣਿਆ ਸੀ ਕਿ ਬੱਬਰਾਂ ਨੇ ਅਦਾਲਤ ਵਿਚ ਦਿੱਤੇ ਲਿਖਤੀ ਬਿਆਨ ਵਿਚ ਕੁਝ ਕਾਵਿ ਟੋਟੇ ਵੀ ਦਰਜ ਕੀਤੇ ਸਨ। ਇਸ ਦੇ ਅਨੁਰੂਪ ਹੀ ਉਸ ਨੇ ਆਪਣੇ ਬਿਆਨ ਨੂੰ ਲਿਖਤੀ ਰੂਪ ਦਿੰਦਿਆਂ ਇਸ ਵਿਚ ਥਾਂ ਥਾਂ ਉਰਦੂ ਅਤੇ ਪੰਜਾਬੀ ਦੇ ਕਾਵਿ ਟੋਟੇ ਦਰਜ ਕੀਤੇ।

* * *

ਊਧਮ ਸਿੰਘ ਦੀ ਸੋਚ ਉੱਤੇ ਸਭ ਤੋਂ ਵੱਧ ਪ੍ਰਭਾਵ ਭਗਤ ਸਿੰਘ ਦੇ ਵਿਚਾਰਾਂ ਦਾ ਸੀ। ਜੁਲਾਈ 1927 ਵਿਚ ਅਮਰੀਕਾ ਤੋਂ ਦੇਸ਼ ਆਉਣ ਸਾਰ ਉਹ ਗ੍ਰਿਫ਼ਤਾਰ ਹੋ ਗਿਆ ਅਤੇ ਕੈਦ ਦੀ ਸਜ਼ਾ ਭੁਗਤ ਕੇ 23 ਅਕਤੂਬਰ 1931 ਨੂੰ ਰਿਹਾਅ ਹੋਇਆ। ਇਹ ਹੀ ਕਾਲਖੰਡ ਭਗਤ ਸਿੰਘ ਦੀਆਂ ਸਰਗਰਮੀਆਂ ਦਾ ਹੈ। ਜਦੋਂ ਭਗਤ ਸਿੰਘ ਦੀ ਸ਼ਹੀਦੀ ਹੋਈ, ਉਸ ਸਮੇਂ ਊਧਮ ਸਿੰਘ ਅਜੇ ਜੇਲ੍ਹ ਵਿਚ ਸੀ। ਸਪਸ਼ਟ ਹੈ ਕਿ ਉਸ ਦੀ ਭਗਤ ਸਿੰਘ ਨਾਲ ਕਦੇ ਮੁਲਾਕਾਤ ਨਹੀਂ ਹੋਈ। ਭਗਤ ਸਿੰਘ ਬਾਰੇ ਉਸ ਕੋਲ ਪਹਿਲਾਂ ਪਹਿਲਾਂ ਓਨੀ ਕੁ ਹੀ ਜਾਣਕਾਰੀ ਸੀ ਜੋ ਉਸ ਨੂੰ ਜੇਲ੍ਹ ਵਿਚ ਕਦੇ ਕਦਾਈਂ ਹੱਥ ਲੱਗ ਜਾਣ ਵਾਲੇ ਅਖ਼ਬਾਰਾਂ ਵਿਚ ਛਪੀ ਪੜ੍ਹਨ ਨੂੰ ਮਿਲੀ। ਸਬੱਬ ਨਾਲ ਲਾਹੌਰ ਸਾਜ਼ਿਸ਼ ਮੁਕੱਦਮੇ ਵਿਚ ਭਗਤ ਸਿੰਘ ਹੋਰਾਂ ਦੇ ਸਾਥੀ ਪੰਡਤ ਕਿਸ਼ੋਰੀ ਲਾਲ ਨੂੰ ਮੁਲਤਾਨ ਜੇਲ੍ਹ ਭੇਜਿਆ ਗਿਆ ਜਿੱਥੇ ਊਧਮ ਸਿੰਘ ਕੈਦ ਦੀ ਸਜ਼ਾ ਭੋਗ ਰਿਹਾ ਸੀ। ਪੰਡਤ ਕਿਸ਼ੋਰੀ ਲਾਲ ਤੋਂ ਉਸ ਨੂੰ ਭਗਤ ਸਿੰਘ ਦੀ ਅਗਵਾਈ ਹੇਠ ਨੌਜਵਾਨ ਭਾਰਤ ਸਭਾ ਅਤੇ ਹਿੰਦੋਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਵੱਲੋਂ ਕੀਤੀਆਂ ਕਾਰਵਾਈਆਂ ਬਾਰੇ ਵਿਸਥਾਰ ਨਾਲ ਜਾਣਨ ਦਾ ਮੌਕਾ ਮਿਲਿਆ ਤਾਂ ਉਹ ਭਗਤ ਸਿੰਘ ਦਾ ਪੈਰੋਕਾਰ ਬਣ ਗਿਆ। ਰਹਿੰਦੀ ਕਸਰ ਜੇਲ੍ਹ ਤੋਂ ਬਾਹਰ ਆ ਕੇ ਪੁਲੀਸ ਦੇ ਸ਼ਿਕੰਜੇ ਵਿਚੋਂ ਬਚੇ ਨੌਜਵਾਨ ਭਾਰਤ ਸਭਾ ਦੇ ਮੈਂਬਰਾਂ ਨਾਲ ਹੋਈਆਂ ਮੁਲਾਕਾਤਾਂ ਨੇ ਪੂਰੀ ਕਰ ਦਿੱਤੀ। ਉਹ ਭਗਤ ਸਿੰਘ ਦਾ ਇਸ ਹੱਦ ਤਕ ਮੁਰੀਦ ਬਣ ਗਿਆ ਕਿ ਉਸ ਦੀ ਫੋਟੋ ਹਰ ਵਕਤ ਜੇਬ ਵਿਚ ਪਾ ਕੇ ਰੱਖਣ ਲੱਗਾ। ਭਗਤ ਸਿੰਘ ਦੇ ਅਮਲਾਂ ਵਿਚੋਂ ਹੀ ਉਸ ਨੂੰ ‘ਬਦਲੇ ਅਤੇ ਪ੍ਰੋਟੈਸਟ’ ਦੇ ਮਹੱਤਵ ਦੀ ਸਮਝ ਲੱਗੀ ਅਤੇ ਇਹੋ ਪੈਂਤੜਾ ਉਸ ਨੇ ਆਪਣੇ ਮੁਕੱਦਮੇ ਦੌਰਾਨ ਅਪਣਾਇਆ।

ਉਸ ਨੇ ਆਪਣੇ ਇੱਕ ਖ਼ਤ ਵਿਚ ਭਗਤ ਸਿੰਘ ਦਾ ਸ਼ਰਧਾਮਈ ਅਤੇ ਪ੍ਰੇਮ-ਭਿੰਨਾ ਜ਼ਿਕਰ ਕੀਤਾ ਹੈ। ਤੀਹ ਮਾਰਚ 1940 ਨੂੰ ‘ਪਿਆਰੇ ਮਿਸਟਰ ਜਾਹਲ ਸਿੰਘ’ ਨੂੰ ਸੰਬੋਧਿਤ ਪੱਤਰ ਵਿਚ ਦਰਜ ਹੈ, ‘‘10 ਸਾਲ ਹੋ ਗਏ ਹਨ ਜਦ ਮੇਰਾ ਸਭ ਤੋਂ ਵਧੀਆ ਮਿੱਤਰ ਮੈਨੂੰ ਪਿੱਛੇ ਛੱਡ ਕੇ ਚਲਾ ਗਿਆ ਅਤੇ ਮੇਰਾ ਯਕੀਨ ਹੈ ਕਿ ਮਰਨ ਤੋਂ ਪਿੱਛੋਂ ਮੈਂ ਉਸ ਨੂੰ ਮਿਲਾਂਗਾ ਕਿਉਂਕਿ ਉਹ ਮੇਰਾ ਇੰਤਜ਼ਾਰ ਕਰ ਰਿਹਾ ਹੈ। ਇਹ 23 ਤਰੀਕ ਸੀ ਅਤੇ ਮੈਨੂੰ ਉਮੀਦ ਹੈ ਕਿ ਮੈਂ ਵੀ ਓਸੇ ਤਰੀਕ ਨੂੰ ਫਾਂਸੀ ਲਾਇਆ ਜਾਵਾਂਗਾ।’’

ਪੰਜ ਮਈ 1940 ਨੂੰ ਲਿਖੇ ਇਕ ਹੋਰ ਪੱਤਰ ਵਿਚ ਉਸ ਨੇ ਲਿਖਿਆ, ‘‘ਜਦ ਮੇਰਾ ਪਿਆਰਾ ਮਿੱਤਰ, ਇਕੋ ਇਕ ਜਿਸ ਨੂੰ ਮੈਂ ਮਿੱਤਰ ਬਣਾਇਆ, ਮੈਨੂੰ ਪਿੱਛੇ ਛੱਡ ਗਿਆ। ... ਉਸ ਦੇ ਪਿੱਛੋਂ ਜ਼ਿੰਦਗੀ ਜਿਉਣ ਜੋਗ ਨਹੀਂ ਰਹੀ। ਉਸ ਨੂੰ ਫਾਂਸੀ ਲਾਇਆ ਗਿਆ, ਉਹ ਵਧੀਆ ਮਿੱਤਰ ਮੈਨੂੰ ਪਿੱਛੇ ਛੱਡ ਗਿਆ। ਮੈਂ ਉਸ ਦੀ ਮੌਤ ਵਰਗੀ ਮੌਤ ਮਰਨਾ ਚਾਹੁੰਦਾ ਹਾਂ। ਉਸ ਨੂੰ ਰਾਤ ਸਮੇਂ ਫਾਂਸੀ ਲਾਇਆ ਗਿਆ ਸੀ ਪਰ ਮੈਨੂੰ ਸਵੇਰ ਵੇਲੇ ਫਾਂਸੀ ਲਟਕਾਇਆ ਜਾਵੇਗਾ।’’

ਉਸ ਦੇ ਬਿਆਨ ਵਿਚ ਸ਼ਹੀਦ ਭਗਤ ਸਿੰਘ ਬਾਰੇ ਕਈ ਹਵਾਲੇ ਮਿਲਦੇ ਹਨ। ਉਸ ਨੇ ਲਿਖਿਆ ਹੈ, ‘‘ਲਾਹੌਰ ਵਿਚ ਰਾਤ ਨੂੰ ਫਾਂਸੀ ਅਤੇ ਲਾਸ਼ਾਂ ਨਹੀਂ ਦਿੱਤੀਆਂ।’’

ਊਧਮ ਸਿੰਘ ਨੇ ਬਿਆਨ ਲਿਖਣ ਵਿਚ ਵੀ ਭਗਤ ਸਿੰਘ ਦੇ ਬਿਆਨਾਂ/ਕਥਨਾਂ ਤੋਂ ਅਗਵਾਈ ਲਈ। ਉਸ ਨੇ ਸਾਮਰਾਜੀ ਸਰਕਾਰ ਨੂੰ ਸੰਬੋਧਿਤ ਹੁੰਦਿਆਂ ਲਿਖਿਆ, ‘‘ਮੈਨੂੰ ਆਸ ਹੈ ਜਦ ਮੈਂ ਮਰ ਜਾਵਾਂਗਾ ਤਾਂ ਤੁਹਾਨੂੰ ਲਾਲਚੀ ਗਿਰਝਾਂ ਨੂੰ ਮੁਲਕ ਵਿਚੋਂ ਕੱਢਣ ਵਾਸਤੇ ਹਜ਼ਾਰਾਂ ਦੇਸ਼ਵਾਸੀ ਮੇਰੀ ਥਾਂ ਲੈ ਲੈਣਗੇ।’’ ਇਸ ਕਥਨ ਦੀ ਭਾਵਨਾ ਭਗਤ ਸਿੰਘ ਦੇ ਉਨ੍ਹਾਂ ਸ਼ਬਦਾਂ ਨਾਲ ਮਿਲਦੀ ਹੈ ਜੋ ਸ਼ਿਵ ਵਰਮਾ ਦੇ ਦੱਸਣ ਅਨੁਸਾਰ ਭਗਤ ਸਿੰਘ ਨੇ ਅੰਤਿਮ ਸਮੇਂ ਆਪਣੇ ਸਾਥੀਆਂ ਨੂੰ ਕਹੇ ਸਨ ਕਿ ‘‘ਅੱਜ ਫਾਂਸੀ ਦੀ ਇਸ ਕੋਠੜੀ ਵਿਚ ਲੋਹੇ ਦੀਆਂ ਸੀਖਾਂ ਪਿੱਛੇ ਬੈਠ ਕੇ ਵੀ ਮੈਂ ਕਰੋੜਾਂ ਦੇਸ਼-ਵਾਸੀਆਂ ਦੇ ਮੂੰਹੋਂ ਗੂੰਜਦੀ ਉਸ ਨਾਅਰੇ ਦੀ ਆਵਾਜ਼ ਸੁਣ ਸਕਦਾ ਹਾਂ।’’

ਸ਼ਿਵ ਵਰਮਾ ਦੇ ਦੱਸਣ ਅਨੁਸਾਰ ਭਗਤ ਸਿੰਘ ਦਾ ਕਹਿਣਾ ਸੀ ਕਿ ‘‘ਦੁਸ਼ਮਣ ਦੀ ਅਦਾਲਤ ਤੋਂ ਕੋਈ ਭਰਮ ਜਾਂ ਆਸ ਰੱਖਣਾ ਸਾਡੀ ਇਨਕਲਾਬੀਆਂ ਦੀ ਮੂਰਖਤਾ ਹੀ ਕਹੀ ਜਾਵੇਗੀ, ਇਸ ਲਈ ਸਾਨੂੰ ਵਿਦੇਸ਼ੀ ਸਰਕਾਰ ਦੇ ਇਸ ਅਦਾਲਤੀ ਨਾਟਕ ਅਤੇ ਨਿਆਂ ਦੇ ਢੋਂਗ ਦਾ ਪਰਦਾਫਾਸ਼ ਕਰ ਕੇ ਇਨਕਲਾਬੀਆਂ ਦੀ ਅਜਿੱਤ ਮਾਨਸਿਕ ਸ਼ਕਤੀ ਦਾ ਵਿਖਾਵਾ ਕਰਨਾ ਚਾਹੀਦਾ ਹੈ।’’ ਊਧਮ ਸਿੰਘ ਨੇ ਅਜਿਹਾ ਹੀ ਕਰਨ ਦਾ ਯਤਨ ਕੀਤਾ।

ਬਿਆਨ ਵਿਚ ਦਰਜ ਕਾਵਿ-ਟੁਕੜੀਆਂ ਵਿਚ ਵੀ ਭਗਤ ਸਿੰਘ ਦਾ ਜ਼ਿਕਰ ਮਿਲਦਾ ਹੈ।

ਬੇਸ਼ੱਕ ਊਧਮ ਸਿੰਘ ਦੇ ਲਿਖਤੀ ਬਿਆਨ ਵਿਚ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਸੁਭਾਸ਼ ਚੰਦਰ ਬੋਸ ਅਤੇ ਟੈਗੋਰ ਦਾ ਨਾਂ ਲਿਖਿਆ ਹੋਇਆ ਹੈ ਪਰ ਨਿਰਸੰਕੋਚ ਇਹ ਕਿਹਾ ਜਾ ਸਕਦਾ ਹੈ ਕਿ ਉਸ ਦੀ ਸ਼ਖ਼ਸੀਅਤ ਨੂੰ ਨਿਖਾਰਨ ਅਤੇ ਨਿਵੇਕਲੀ ਰੰਗਤ ਦੇਣ ਵਿਚ ਮੁੱਖ ਪ੍ਰਭਾਵ ਗੁਰਬਾਣੀ, ਗ਼ਦਰ ਲਹਿਰ, ਬੱਬਰ ਲਹਿਰ ਅਤੇ ਸ਼ਹੀਦ ਭਗਤ ਸਿੰਘ ਦਾ ਹੀ ਸੀ।

ਸੰਪਰਕ: 94170-49417

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇੱਕ ਸੀ ‘ਬਾਪੂ ਭਾਈ’

ਇੱਕ ਸੀ ‘ਬਾਪੂ ਭਾਈ’

... ਕਾਗਦ ਪਰ ਮਿਟੈ ਨ ਮੰਸੁ।।

... ਕਾਗਦ ਪਰ ਮਿਟੈ ਨ ਮੰਸੁ।।

ਕੇਂਦਰੀ ਏਸ਼ੀਆ ਵਿਚ ਪੈਰ ਪਸਾਰਦਾ ਚੀਨ

ਕੇਂਦਰੀ ਏਸ਼ੀਆ ਵਿਚ ਪੈਰ ਪਸਾਰਦਾ ਚੀਨ

ਕਰਨਾਟਕ ਵਿਚ ਦੂਹਰਾ ਸੱਤਾ ਵਿਰੋਧ

ਕਰਨਾਟਕ ਵਿਚ ਦੂਹਰਾ ਸੱਤਾ ਵਿਰੋਧ

ਮੁੱਖ ਖ਼ਬਰਾਂ

ਪ੍ਰਧਾਨ ਮੰਤਰੀ ਵੱਲੋਂ ਨਵੇਂ ਸੰਸਦ ਭਵਨ ਦਾ ਉਦਘਾਟਨ

ਪ੍ਰਧਾਨ ਮੰਤਰੀ ਵੱਲੋਂ ਨਵੇਂ ਸੰਸਦ ਭਵਨ ਦਾ ਉਦਘਾਟਨ

ਨਵੀਂ ਸੰਸਦੀ ਇਮਾਰਤ ਦੇਸ਼ ਦੀ ਵਿਕਾਸ ਯਾਤਰਾ ਦਾ ‘ਸਦੀਵੀ’ ਪਲ: ਮੋਦੀ

ਸੰਸਦ ਵੱਲ ਮਾਰਚ ਕਰ ਰਹੇ ਪਹਿਲਵਾਨਾਂ ਖ਼ਿਲਾਫ਼ ਕੇਸ

ਸੰਸਦ ਵੱਲ ਮਾਰਚ ਕਰ ਰਹੇ ਪਹਿਲਵਾਨਾਂ ਖ਼ਿਲਾਫ਼ ਕੇਸ

ਦਿੱਲੀ ਪੁਲੀਸ ਨੇ ਜੰਤਰ ਮੰਤਰ ’ਤੇ ਧਰਨੇ ਵਾਲੀ ਥਾਂ ਖਾਲੀ ਕਰਵਾਈ

ਪਹਿਲਵਾਨਾਂ ਦੀ ਹਮਾਇਤ ’ਚ ਦਿੱਲੀ ਜਾ ਰਹੇ ਕਿਸਾਨਾਂ ਨੂੰ ਰੋਕਿਆ

ਪਹਿਲਵਾਨਾਂ ਦੀ ਹਮਾਇਤ ’ਚ ਦਿੱਲੀ ਜਾ ਰਹੇ ਕਿਸਾਨਾਂ ਨੂੰ ਰੋਕਿਆ

ਗਾਜ਼ੀਪੁਰ ਬਾਰਡਰ ’ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਦਿੱਤਾ ਧਰਨਾ

ਸ਼ਹਿਰ

View All