ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਦਾ ਪ੍ਰਤੀਕ ਸ਼ਹੀਦ ਊਧਮ ਸਿੰਘ
ਅਸੀਂ ਹਰ ਸਾਲ 31 ਜੁਲਾਈ ਨੂੰ ਆਪਣੇ ਮਹਾਨ ਸ਼ਹੀਦ ਸਰਦਾਰ ਊਧਮ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦੇ ਹਾਂ। ਉਸ ਦਾ ਜੀਵਨ ਸਿਰਫ਼ ਇੱਕ ਆਜ਼ਾਦੀ ਘੁਲਾਟੀਏ ਦੀ ਕਹਾਣੀ ਨਹੀਂ ਸਗੋਂ ਇਨਸਾਫ਼, ਸਵੈ-ਮਾਣ, ਧਾਰਮਿਕ ਏਕਤਾ ਅਤੇ ਮਨੁੱਖੀ ਅਧਿਕਾਰਾਂ ਲਈ ਅਟੱਲ ਸੰਘਰਸ਼...
ਅਸੀਂ ਹਰ ਸਾਲ 31 ਜੁਲਾਈ ਨੂੰ ਆਪਣੇ ਮਹਾਨ ਸ਼ਹੀਦ ਸਰਦਾਰ ਊਧਮ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦੇ ਹਾਂ। ਉਸ ਦਾ ਜੀਵਨ ਸਿਰਫ਼ ਇੱਕ ਆਜ਼ਾਦੀ ਘੁਲਾਟੀਏ ਦੀ ਕਹਾਣੀ ਨਹੀਂ ਸਗੋਂ ਇਨਸਾਫ਼, ਸਵੈ-ਮਾਣ, ਧਾਰਮਿਕ ਏਕਤਾ ਅਤੇ ਮਨੁੱਖੀ ਅਧਿਕਾਰਾਂ ਲਈ ਅਟੱਲ ਸੰਘਰਸ਼ ਦਾ ਪ੍ਰਤੀਕ ਹੈ। ਜੀਵਨ ਦੀਆਂ ਸ਼ੁਰੂਆਤੀ ਮੁਸ਼ਕਿਲਾਂ ਅਤੇ ਸਖ਼ਤ ਤਜਰਬਿਆਂ ਨੇ ਉਸ ਦੇ ਮਨ ’ਚ ਅਨਿਆਂ, ਜ਼ੁਲਮ ਅਤੇ ਗ਼ੁਲਾਮੀ ਵਿਰੁੱਧ ਸੰਘਰਸ਼ ਦੀ ਪ੍ਰਬਲ ਭਾਵਨਾ ਪੈਦਾ ਕੀਤੀ। ਇਸੇ ਜਜ਼ਬੇ ਸਦਕਾ ਉਹ ਆਜ਼ਾਦੀ ਸੰਘਰਸ਼ ਦੇ ਸਭ ਤੋਂ ਸਾਹਸੀ ਅਤੇ ਅਮਰ ਇਨਕਲਾਬੀਆਂ ਵਿੱਚੋਂ ਇੱਕ ਹਨ।
13 ਅਪਰੈਲ 1919 ਨੂੰ ਅੰਮ੍ਰਿਤਸਰ ਦੇ ਜੱਲ੍ਹਿਆਂਵਾਲੇ ਬਾਗ਼ ਦਾ ਸਾਕਾ ਊਧਮ ਸਿੰਘ ਦੇ ਜੀਵਨ ਦਾ ਨਿਰਣਾਇਕ ਮੋੜ ਸਾਬਿਤ ਹੋਇਆ, ਜਿਸ ਨੇ ਉਸ ਦੀ ਸੋਚ, ਸ਼ਖ਼ਸੀਅਤ ਅਤੇ ਜੀਵਨ ਦੇ ਉਦੇਸ਼ ਨੂੰ ਸਦਾ ਲਈ ਬਦਲ ਦਿੱਤਾ। ਉਸ ਨੇ ਇਸ ਜ਼ੁਲਮ ਨੂੰ ਸਿਰਫ਼ ਇੱਕ ਦੁਖਦਾਈ ਘਟਨਾ ਜਾਂ ਪ੍ਰਸ਼ਾਸਨਿਕ ਨਾਕਾਮੀ ਵਜੋਂ ਨਹੀਂ ਦੇਖਿਆ ਸਗੋਂ ਇਸ ਨੂੰ ਬੇਦੋਸ਼ੇ ਲੋਕਾਂ ਦੇ ਸਵੈਮਾਣ, ਆਜ਼ਾਦੀ ਅਤੇ ਬੁਨਿਆਦੀ ਮਨੁੱਖੀ ਅਧਿਕਾਰਾਂ ’ਤੇ ਕੀਤਾ ਗਿਆ ਯੋਜਨਾਬੱਧ ਅਤੇ ਅਣਮਨੁੱਖੀ ਹਮਲਾ ਮੰਨਿਆ। ਇਸ ਘਟਨਾ ਨੇ ਉਸ ਦੇ ਮਨ ’ਚ ਇਹ ਅਟੱਲ ਵਿਸ਼ਵਾਸ ਪੈਦਾ ਕਰ ਦਿੱਤਾ ਕਿ ਅਜਿਹੇ ਘੋਰ ਅੱਤਿਆਚਾਰ ਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਇਤਿਹਾਸ ਅਤੇ ਇਨਸਾਫ਼ ਦੇ ਕਟਹਿਰੇ ਵਿੱਚ ਜ਼ਰੂਰ ਖੜ੍ਹਾ ਕੀਤਾ ਜਾਣਾ ਚਾਹੀਦਾ ਹੈ। ਇਸੇ ਦ੍ਰਿੜ੍ਹ ਵਿਸ਼ਵਾਸ ਨਾਲ ਉਸ ਨੇ ਪੰਜਾਬ ਦੇ ਸਾਬਕਾ ਲੈਫਟੀਨੈਂਟ ਗਵਰਨਰ ਮਾਈਕਲ ਓ’ਡਵਾਇਰ, ਜਿਸ ਨੂੰ ਉਹ ਇਸ ਖ਼ੂਨੀ ਕਾਂਡ ਦਾ ਮੁੱਖ ਜ਼ਿੰਮੇਵਾਰ ਮੰਨਦਾ ਸੀ, ਨੂੰ ਉਸ ਦੇ ਅਪਰਾਧ ਦੀ ਸਜ਼ਾ ਦੇਣ ਦੀ ਸਹੁੰ ਚੁੱਕੀ। ਇੱਕੀ ਸਾਲ ਉਸ ਨੇ ਅਸਾਧਾਰਨ ਧੀਰਜ, ਦ੍ਰਿੜ੍ਹ ਇਰਾਦੇ ਅਤੇ ਅਟੱਲ ਨਿਸ਼ਚੇ ਨਾਲ ਆਪਣੇ ਮਕਸਦ ਨੂੰ ਜਿਊਂਦਾ ਰੱਖਿਆ। ਇਸ ਸਮੇਂ ਦੌਰਾਨ ਉਹ ਵੱਖ-ਵੱਖ ਦੇਸ਼ਾਂ ਵਿੱਚ ਰਿਹਾ, ਅਨੇਕਾਂ ਮੁਸ਼ਕਿਲਾਂ ਝੱਲੀਆਂ ਅਤੇ ਜੋਖ਼ਮਾਂ ਦਾ ਸਾਹਮਣਾ ਕੀਤਾ, ਪਰ ਆਪਣੇ ਸੰਕਲਪ ਤੋਂ ਡੋਲਿਆ ਨਹੀਂ। ਅਖ਼ੀਰ 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ’ਚ ਇੱਕ ਜਨਤਕ ਸਮਾਗਮ ਦੌਰਾਨ ਉਸ ਨੇ ਮਾਈਕਲ ਓ’ਡਵਾਇਰ ਨੂੰ ਗੋਲੀ ਮਾਰ ਕੇ ਜੱਲ੍ਹਿਆਂਵਾਲਾ ਬਾਗ਼ ਦੇ ਬੇਦੋਸ਼ੇ ਲੋਕਾਂ ਨਾਲ ਮਨ ਹੀ ਮਨ ਕੀਤਾ ਆਪਣਾ ਪ੍ਰਣ ਪੂਰਾ ਕੀਤਾ।
ਊਧਮ ਸਿੰਘ ਹੱਸਦਾ-ਹੱਸਦਾ ਫਾਂਸੀ ਦੇ ਰੱਸੇ ਨੂੰ ਚੁੰਮ ਕੇ ਸ਼ਹਾਦਤ ਦੇ ਰਾਹ ’ਤੇ ਤੁਰ ਪਿਆ, ਪਰ ਉਸ ਦੇ ਵਿਚਾਰਾਂ, ਸਾਹਸ ਅਤੇ ਕੁਰਬਾਨੀ ਦੇ ਜਜ਼ਬੇ ਨੂੰ ਮੌਤ ਵੀ ਹਰਾ ਨਾ ਸਕੀ। ਉਸ ਦੀ ਮਹਾਨ ਸ਼ਖ਼ਸੀਅਤ ਦਾ ਸਭ ਤੋਂ ਵਿਲੱਖਣ, ਦੂਰਅੰਦੇਸ਼ ਅਤੇ ਪ੍ਰੇਰਣਾਦਾਇਕ ਪੱਖ ਉਸ ਵੱਲੋਂ ਅਪਣਾਇਆ ਗਿਆ ਨਾਮ ‘ਰਾਮ ਮੁਹੰਮਦ ਸਿੰਘ ਆਜ਼ਾਦ’ ਸੀ।
ਇਹ ਨਾਮ ਸਿਰਫ਼ ਉਸ ਦੀ ਨਿੱਜੀ ਪਛਾਣ ਨਹੀਂ ਸੀ ਸਗੋਂ ਹਿੰਦੋਸਤਾਨ ਦੀ ਸਾਂਝੀ ਸੱਭਿਆਚਾਰਕ ਵਿਰਾਸਤ, ਧਾਰਮਿਕ ਸਹਿਣਸ਼ੀਲਤਾ ਅਤੇ ਰਾਸ਼ਟਰੀ ਏਕਤਾ ਦਾ ਇੱਕ ਜੀਵੰਤ ਐਲਾਨ ਸੀ। ਭਾਵੇਂ ਸ਼ਹੀਦ ਊਧਮ ਸਿੰਘ ਨੇ ਪੇਸ਼ੇਵਰ ਪੱਤਰਕਾਰ ਵਜੋਂ ਕਦੇ ਕੰਮ ਨਹੀਂ ਕੀਤਾ, ਪਰ ਉਸ ਦਾ ਜੀਵਨ, ਵਿਚਾਰ ਅਤੇ ਸੰਘਰਸ਼ ਪੱਤਰਕਾਰੀ ਦੇ ਇਤਿਹਾਸ ਅਤੇ ਉਸ ਦੇ ਮੂਲ ਆਦਰਸ਼ਾਂ ਨਾਲ ਡੂੰਘੇ ਤੌਰ ’ਤੇ ਜੁੜਿਆ ਹੋਇਆ ਹੈ। ਲੰਡਨ ਵਿੱਚ ਆਪਣੇ ਨਿਵਾਸ ਦੌਰਾਨ ਉਹ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਨਾਲ ਸਬੰਧਿਤ ਸਾਹਿਤ, ਇਨਕਲਾਬੀ ਲਿਖਤਾਂ ਅਤੇ ਸਮਕਾਲੀ ਅਖ਼ਬਾਰਾਂ ਦਾ ਗੰਭੀਰਤਾ ਨਾਲ ਅਧਿਐਨ ਕਰਦਾ ਰਿਹਾ। ਉਹ ਇਸ ਗੱਲ ਨੂੰ ਭਲੀ-ਭਾਂਤ ਸਮਝਦਾ ਸੀ ਕਿ ਵਿਚਾਰਾਂ ਦੀ ਲੜਾਈ ਸਿਰਫ਼ ਹਥਿਆਰਾਂ ਨਾਲ ਨਹੀਂ ਸਗੋਂ ਕਲਮ, ਸੱਚ, ਤੱਥਾਂ ਅਤੇ ਜਨ-ਚੇਤਨਾ ਰਾਹੀਂ ਵੀ ਲੜੀ ਜਾਂਦੀ ਹੈ। ਇਸੇ ਲਈ ਉਹ ਜਨਮਤ ਦੀ ਸ਼ਕਤੀ ਅਤੇ ਪੱਤਰਕਾਰੀ ਦੀ ਸਮਾਜਿਕ ਭੂਮਿਕਾ ਨੂੰ ਬਹੁਤ ਮਹੱਤਵ ਦਿੰਦਾ ਸੀ।
ਅਖ਼ਬਾਰਾਂ ਵਿੱਚ ਡੂੰਘੀ ਦਿਲਚਸਪੀ ਰੱਖਣ ਦੇ ਨਾਲ-ਨਾਲ ਇੰਗਲੈਂਡ ਵਿੱਚ ਆਪਣੀ ਠਾਹਰ ਦੌਰਾਨ ਉਸ ਨੇ ਕੁਝ ਸਮੇਂ ਲਈ ਫਿਲਮਾਂ ਵਿੱਚ ਸਹਾਇਕ ਅਦਾਕਾਰ ਵਜੋਂ ਕੰਮ ਕੀਤਾ। ਇਹ ਕੰਮ ਉਸ ਨੇ ਮੁੱਖ ਤੌਰ ’ਤੇ ਆਪਣਾ ਗੁਜ਼ਾਰਾ ਕਰਨ ਅਤੇ ਆਪਣੀਆਂ ਇਨਕਲਾਬੀ ਗਤੀਵਿਧੀਆਂ ਨੂੰ ਗੁਪਤ ਰੱਖਣ ਦੇ ਉਦੇਸ਼ ਨਾਲ ਕੀਤਾ। ਹਾਲਾਂਕਿ ਉਹ ਕਿਸੇ ਵੀ ਫਿਲਮ ਵਿੱਚ ਮੁੱਖ ਭੂਮਿਕਾ ’ਚ ਨਜ਼ਰ ਨਹੀਂ ਆਇਆ, ਪਰ ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਉਹ ਬਰਤਾਨਵੀ ਫਿਲਮਾਂ ਦੇ ਭੀੜ ਵਾਲੇ ਦ੍ਰਿਸ਼ਾਂ ਵਿੱਚ ਸਹਾਇਕ ਕਲਾਕਾਰ ਵਜੋਂ ਸ਼ਾਮਿਲ ਹੋਇਆ ਸੀ। ਉਸ ਨਾਲ ਸਬੰਧਿਤ ਕੁਝ ਫਿਲਮਾਂ ਦੀਆਂ ਤਸਵੀਰਾਂ ਅਤੇ ਦ੍ਰਿਸ਼ ਅੱਜ ਵੀ ਇੰਟਰਨੈੱਟ ’ਤੇ ਉਪਲਬਧ ਹਨ, ਜੋ ਉਸ ਦੇ ਜੀਵਨ ਦੇ ਇਸ ਘੱਟ-ਚਰਚਿਤ ਪੱਖ ਦੀ ਪੁਸ਼ਟੀ ਕਰਨ ਵਾਲੇ ਅਹਿਮ ਸਰੋਤ ਮੰਨੇ ਜਾਂਦੇ ਹਨ।
ਮਾਈਕਲ ਓ’ਡਵਾਇਰ ਦੀ ਹੱਤਿਆ ਤੋਂ ਬਾਅਦ ਊਧਮ ਸਿੰਘ ਕੌਮਾਂਤਰੀ ਮੀਡੀਆ ਦੀਆਂ ਸੁਰਖ਼ੀਆਂ ਬਣਿਆ। ਬਰਤਾਨਵੀ ਅਖ਼ਬਾਰਾਂ ਨੇ ਇਸ ਘਟਨਾ ਨੂੰ ਆਪਣੇ ਰਾਜਨੀਤਕ ਨਜ਼ਰੀਏ ਤੋਂ ਪੇਸ਼ ਕੀਤਾ ਜਦੋਂਕਿ ਹਿੰਦੋਸਤਾਨੀ ਅਖ਼ਬਾਰਾਂ ਨੇ ਇਸ ਨੂੰ ਜੱਲ੍ਹਿਆਂਵਾਲਾ ਬਾਗ਼ ਦੇ ਬੇਦੋਸ਼ੇ ਸ਼ਹੀਦਾਂ ਲਈ ਇਨਸਾਫ਼ ਦੀ ਪ੍ਰਤੀਕਾਤਮਕ ਕਾਰਵਾਈ ਵਜੋਂ ਦਰਸਾਇਆ। ਇਸ ਘਟਨਾ ਨੇ ਵਿਸ਼ਵ ਭਰ ਦਾ ਧਿਆਨ ਇੱਕ ਵਾਰ ਫਿਰ ਭਾਰਤ ਦੇ ਆਜ਼ਾਦੀ ਦੇ ਸੰਘਰਸ਼ ਅਤੇ ਬਰਤਾਨਵੀ ਹਕੂਮਤ ਦੀਆਂ ਦਮਨਕਾਰੀ ਨੀਤੀਆਂ ਵੱਲ ਖਿੱਚਿਆ। ਉਨ੍ਹਾਂ ਦੀ ਗ੍ਰਿਫ਼ਤਾਰੀ, ਅਦਾਲਤੀ ਕਾਰਵਾਈ ਅਤੇ ਖ਼ਾਸ ਤੌਰ ’ਤੇ ਅਦਾਲਤ ’ਚ ਦਿੱਤੇ ਗਏ ਨਿਡਰ ਅਤੇ ਸਿਧਾਂਤਕ ਬਿਆਨਾਂ ਨੇ ਦੁਨੀਆ ਭਰ ਦੇ ਪਾਠਕਾਂ ਅਤੇ ਵਿਚਾਰਕਾਂ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਦੇ ਇਤਿਹਾਸਕ ਬਿਆਨ ਅਖ਼ਬਾਰਾਂ ਅਤੇ ਰਸਾਲਿਆਂ ਰਾਹੀਂ ਸੰਸਾਰ ਦੇ ਅਨੇਕਾਂ ਦੇਸ਼ਾਂ ਤੱਕ ਪਹੁੰਚੇ ਅਤੇ ਭਾਰਤ ਦੀ ਆਜ਼ਾਦੀ ਦੀ ਲਹਿਰ ਨੂੰ ਨਵੀਂ ਅੰਤਰਰਾਸ਼ਟਰੀ ਪਛਾਣ ਅਤੇ ਹਮਦਰਦੀ ਪ੍ਰਾਪਤ ਹੋਈ।
ਅੱਜ ਵੀ ਇਹ ਬਿਆਨ ਇਤਿਹਾਸ, ਰਾਜਨੀਤੀ ਅਤੇ ਪੱਤਰਕਾਰੀ ਦੇ ਵਿਦਿਆਰਥੀਆਂ ਲਈ ਮਹੱਤਵਪੂਰਨ ਦਸਤਾਵੇਜ਼ ਮੰਨੇ ਜਾਂਦੇ ਹਨ। ਪੱਤਰਕਾਰੀ ਦਾ ਮੂਲ ਉਦੇਸ਼ ਸੱਚ ਨੂੰ ਨਿਡਰਤਾ ਨਾਲ ਲੋਕਾਂ ਤੱਕ ਪਹੁੰਚਾਉਣਾ, ਜ਼ੁਲਮ ਨੂੰ ਬੇਨਕਾਬ ਕਰਨਾ, ਜਨਮਤ ਨੂੰ ਜਾਗਰੂਕ ਕਰਨਾ ਅਤੇ ਲੋਕਤੰਤਰੀ ਮੁੱਲਾਂ ਦੀ ਰੱਖਿਆ ਕਰਨਾ ਹੈ। ਇਸ ਸੰਦਰਭ ’ਚ ਸ਼ਹੀਦ ਊਧਮ ਸਿੰਘ ਦਾ ਜੀਵਨ ਪੱਤਰਕਾਰਾਂ ਅਤੇ ਸੰਚਾਰ ਮਾਧਿਅਮਾਂ ਨਾਲ ਜੁੜੇ ਹਰ ਵਿਅਕਤੀ ਲਈ ਵੀ ਪ੍ਰੇਰਣਾ ਸਰੋਤ ਹੈ। ਅੱਜ, ਜਦੋਂ ਜਾਣਕਾਰੀ ਅਤੇ ਸੰਚਾਰ ਦੇ ਸਰੋਤ ਬੇਹੱਦ ਤੇਜ਼ੀ ਨਾਲ ਬਦਲ ਰਹੇ ਹਨ ਅਤੇ ਡਿਜੀਟਲ ਮਾਧਿਅਮਾਂ ਰਾਹੀਂ ਸੂਚਨਾਵਾਂ ਪਲਾਂ ਵਿੱਚ ਸੰਸਾਰ ਭਰ ਵਿੱਚ ਫੈਲ ਜਾਂਦੀਆਂ ਹਨ, ਤਾਂ ਸ਼ਹੀਦ ਊਧਮ ਸਿੰਘ ਦਾ ਜੀਵਨ ਅਤੇ ਆਦਰਸ਼ ਹੋਰ ਵੀ ਵੱਧ ਪ੍ਰਸੰਗਿਕ ਹੋ ਜਾਂਦੇ ਹਨ, ਜੋ ਸਾਨੂੰ ਸੱਚ ਪ੍ਰਤੀ ਅਡੋਲ ਵਚਨਬੱਧਤਾ, ਸਮਾਜਿਕ ਜ਼ਿੰਮੇਵਾਰੀ, ਧਾਰਮਿਕ ਸਦਭਾਵਨਾ ਅਤੇ ਮਨੁੱਖੀ ਮਰਿਆਦਾ ਦੀ ਰੱਖਿਆ ਦਾ ਸੰਦੇਸ਼ ਦਿੰਦੇ ਹਨ।
* ਮੁਖੀ, ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ, ਮਾਤਾ ਗੁਜਰੀ ਕਾਲਜ, ਸ੍ਰੀ ਫ਼ਤਹਿਗੜ੍ਹ ਸਾਹਿਬ।
ਸੰਪਰਕ: 94636-19353

