ਆਜ਼ਾਦ ਹਿੰਦ ਫ਼ੌਜ ਦੇ ਖੁਫੀਆ ਵਿੰਗ ਦਾ ਸ਼ਹੀਦ ਫੌਜਾ ਸਿੰਘ

ਆਜ਼ਾਦ ਹਿੰਦ ਫ਼ੌਜ ਦੇ ਖੁਫੀਆ ਵਿੰਗ ਦਾ ਸ਼ਹੀਦ ਫੌਜਾ ਸਿੰਘ

1993 ਵਿੱਚ ਸਰਕਾਰ ਵੱਲੋਂ ਜਾਰੀ ਕੀਤੀ ਗਈ ਸਤੇਂਦਰ ਚੰਦਰ ਬਰਧਨ, ਵੈਕਮ ਅਬਦੁਲ ਕਾਦਰ ਤੇ ਫ਼ੌਜਾ ਸਿੰਘ ਦੀਆਂ ਤਸਵੀਰਾਂ ਵਾਲੀ ਟਿਕਟ।

ਕੰਵਲਬੀਰ ਸਿੰਘ ਪੰਨੂ

10 ਸਤੰਬਰ 1943 ਨੂੰ ਫਾਂਸੀ ਚੜ੍ਹੇ ਆਜ਼ਾਦ ਹਿੰਦ ਫੌਜ ਦੇ ਪੰਜ ਮੈਂਬਰਾਂ ਸਤੇਂਦਰ ਚੰਦਰ ਬਰਧਨ, ਅਨੰਦਨ, ਵੈਕਮ ਅਬਦੁਲ ਕਾਦਰ, ਬੋਨੀਫੇਸ ਪਰੇਰਾ ਅਤੇ ਫੌਜਾ ਸਿੰਘ ’ਚੋਂ ਤਿੰਨ ਜਣੇ ਕੇਰਲਾ ਨਾਲ ਸਬੰਧਤ ਸਨ। 1993 ਵਿੱਚ ਕੇਰਲ ਸਰਕਾਰ ਨੇ ਇਨ੍ਹਾਂ ਦੀ 50ਵੀਂ ਸ਼ਹੀਦੀ ਵਰ੍ਹੇਗੰਢ ਮਨਾਈ ਸੀ ਅਤੇ ਯਾਦਗਾਰੀ ਸਿੱਕਾ ਤੇ ਡਾਕ ਟਿਕਟ ਜਾਰੀ ਕੀਤੀ ਸੀ। 

ਭਾਰਤ ਗਲੋਂ ਅੰਗਰੇਜ਼ਾਂ ਦੀ ਗੁਲਾਮੀ ਦਾ ਜਾਲ ਲਾਹੁਣ ਲਈ ਅਨੇਕਾਂ ਹੀ ਸੂਰਬੀਰਾਂ ਨੇ ਅਸਹਿ ਕਸ਼ਟ ਸਹਿੰਦਿਆਂ ਕੁਰਬਾਨੀਆਂ ਦਿੱਤੀਆਂ। ਇਨ੍ਹਾਂ ਵਿੱਚ ਬਹੁ ਗਿਣਤੀ ਪੰਜਾਬੀਆਂ ਦੀ ਸੀ। ਪੰਜਾਬ ਦਾ ਕੋਈ ਟਾਵਾਂ ਹੀ ਪਿੰਡ ਜਾਂ ਸ਼ਹਿਰ ਹੋਵੇਗਾ, ਜਿਸ ਦੇ ਵਸਨੀਕਾਂ ਨੇ ਇਸ ਸੰਘਰਸ਼ ਵਿੱਚ ਹਿੱਸਾ ਨਾ ਲਿਆ ਹੋਵੇ। ਪੰਜਾਬੀ ਦੇਸ਼ ਭਗਤਾਂ ਵਿੱਚ ਸਭ ਤੋਂ ਵੱਧ ਗਿਣਤੀ ਮਝੈਲਾਂ ਦੀ ਹੈ। ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਚੋਹਲਾ ਸਾਹਿਬ ਦੇ ਗ਼ਦਰੀ ਬਾਬਾ ਸੱਚਾ ਸਿੰਘ ਸਮੇਤ 40 ਦੇਸ਼ ਭਗਤਾਂ ਨੇ, ਦਦੇਹਰ ਸਾਹਿਬ ਦੇ ਗ਼ਦਰੀ ਬਾਬਾ ਵਿਸਾਖਾ ਸਿੰਘ ਤੇ ਸ਼ਹੀਦ ਸਾਧੂ ਸਿੰਘ (21 ਨੰ. ਰਸਾਲਾ) ਸਮੇਤ 15, ਨੌਸ਼ਹਿਰਾ ਪਨੂੰਆਂ ਦੇ ਸ਼ਹੀਦ ਤੇਜਾ ਸਿੰਘ (ਆਈਐੱਨਏ), ਸ਼ਹੀਦ ਪ੍ਰਿਥੀਪਾਲ ਸਿੰਘ ਅਤੇ ਗ਼ਦਰੀ ਬਾਬਾ ਜਿੰਦਰ ਸਿੰਘ ਦੁਧਾਧਾਰੀ ਸਮੇਤ 50 ਦੇ ਕਰੀਬ ਸੂਰਬੀਰਾਂ ਅਤੇ ਢੋਟੀਆਂ ਤੇ ਰੂੜੀਵਾਲਾ ਆਦਿ ਪਿੰਡਾਂ ਦੇ ਦਰਜਨਾਂ ਦੇਸ਼ ਪ੍ਰੇਮੀਆਂ ਨੇ ਅਨੇਕਾਂ ਤਸੀਹੇ ਝੱਲੇ। ਇਸੇ ਤਰ੍ਹਾਂ ਪਿੰਡ ਮਰਹਾਣਾ ਨੇ ਵੀ ਕਈ ਦੇਸ਼ ਭਗਤ ਪੈਦਾ ਕੀਤੇ। ਇਸ ਪਿੰਡ ਨੂੰ ਆਜ਼ਾਦੀ ਘੁਲਾਟੀਆਂ ਦੀ ਖਾਣ ਵੀ ਕਿਹਾ ਜਾ ਸਕਦਾ ਹੈ। ਇਸ ਪਿੰਡ ਦੇ 40 ਤੋਂ ਵੱਧ ਸੂਰਬੀਰਾਂ ਨੇ 1900 ਤੋਂ ਲੈ ਕੇ 1947 ਤੱਕ ਦੇਸ਼ ਦੀ ਆਜ਼ਾਦੀ ਸਬੰਧੀ ਚੱਲੀਆਂ ਵੱਖ-ਵੱਖ ਲਹਿਰਾਂ ਵਿੱਚ ਹਿੱਸਾ ਲੈਂਦਿਆਂ ਕਾਲੇ ਪਾਣੀ ਦੀਆਂ ਜੇਲ੍ਹਾਂ ਦੇ ਕਸ਼ਟ ਸਹਾਰੇ, ਪੁਲੀਸ ਤਸ਼ੱਦਦ ਝੱਲੇ, ਗੋਲੀਆਂ ਖਾਧੀਆਂ ਅਤੇ ਜਾਇਦਾਦਾਂ ਕੁਰਕ ਕਰਵਾਈਆਂ। ਕਾਲੇ ਪਾਣੀ ਦੀ ਜੇਲ੍ਹ ਕੱਟਣ ਵਾਲਿਆਂ ਵਿੱਚ ਗ਼ਦਰੀ ਭਾਈ ਕੇਹਰ ਸਿੰਘ, ਗੁਰੂ ਕੇ ਬਾਗ ਮੋਰਚੇ ਦੇ ਤੀਜੇ ਜਥੇ ਦੇ ਆਗੂ ਜਥੇਦਾਰ ਚੰਨਣ ਸਿੰਘ ਅਤੇ ਆਜ਼ਾਦ ਹਿੰਦ ਫੌਜ ਦੇ ਪਹਿਲੇ ਪੰਜ ਜੰਗਜੂ, ਜੋ ਮਲਾਇਆ ਤੋਂ ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਕਰਨ ਆਏ ਸਨ, ’ਚੋਂ ਇੱਕ ਫ਼ੌਜਾ ਸਿੰਘ ਇਸੇ ਪਿੰਡ ਦੇ ਹੀ ਜੰਮਪਲ ਸਨ। ਉਨ੍ਹਾਂ ਨੂੰ ਅੰਗਰੇਜ਼ ਸਰਕਾਰ ਨੇ 10 ਸਤੰਬਰ 1943 ਦੀ ਸਵੇਰ ਨੂੰ ਮਦਰਾਸ ਜੇਲ੍ਹ ਵਿੱਚ ਫਾਂਸੀ ਦਿੱਤੀ ਸੀ।

ਫ਼ੌਜਾ ਸਿੰਘ ਦਾ ਜਨਮ 1920 ਈ. ਨੂੰ ਪਿੰਡ ਮਰਹਾਣਾ, ਤਰਨ ਤਾਰਨ ਵਿੱਚ ਬੇਅੰਤ ਸਿੰਘ ਦੇ ਘਰ ਹੋਇਆ। ਉਨ੍ਹਾਂ ਨੂੰ ਦੇਸ਼ ਭਗਤੀ ਦੀ ਲਗਨ ਆਪਣੇ ਪਿੰਡ ਦੇ ਗ਼ਦਰੀ ਦੇਸ਼ ਭਗਤਾਂ ਬਾਬਾ ਈਸ਼ਰ ਸਿੰਘ, ਕੇਹਰ ਸਿੰਘ, ਸੋਭਾ ਸਿੰਘ ਅਤੇ ਚੰਨਣ ਸਿੰਘ ਦੀਆਂ ਕੁਰਬਾਨੀਆਂ ਨਾਲ ਜਵਾਨੀ ’ਚ ਹੀ ਲੱਗ ਗਈ ਸੀ। ਚੜ੍ਹਦੀ ਜਵਾਨੀ ਵਿੱਚ ਹੀ ਉਹ ਚੰਗੇ ਭਵਿੱਖ ਦੀ ਤਲਾਸ਼ ਵਿੱਚ ਮਲਾਇਆ ਚਲੇ ਗਏ ਸਨ। ਇੱਥੇ ਉਨ੍ਹਾਂ ਦਾ ਮੇਲ ਗਿਆਨੀ ਪ੍ਰੀਤਮ ਸਿੰਘ ਵਰਗੇ ਦੇਸ਼ ਭਗਤਾਂ ਨਾਲ ਹੋਇਆ ਤੇ ਦੇਸ਼ ਦੀ ਆਜ਼ਾਦੀ ਸਬੰਧੀ ਸਰਗਰਮੀਆਂ ’ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ।

ਦਰਅਸਲ ਦੂਜੇ ਵਿਸ਼ਵ ਯੁੱਧ ਦੌਰਾਨ 1942 ਦੇ ਆਰੰਭ ਵਿੱਚ ਜਾਪਾਨ ਨੇ ਦੱਖਣ ਪੂਰਬੀ ਏਸ਼ੀਆ ’ਚੋਂ ਬ੍ਰਿਟਿਸ਼, ਫਰੈਂਚ ਅਤੇ ਡੱਚ ਬਸਤੀਵਾਦੀ ਸ਼ਕਤੀਆਂ ਨੂੰ ਕੱਢ ਕੇ ਆਪਣੇ ਅਧਿਕਾਰ ਖੇਤਰ ਵਿੱਚ ਕਰ ਲਿਆ ਸੀ। ਦੱਖਣ ਪੂਰਬੀ ਏਸ਼ੀਆ ਇੱਕ ਅਜਿਹਾ ਖਿੱਤਾ ਸੀ, ਜਿੱਥੇ ਭਾਰਤੀ ਨੌਜਵਾਨ, ਜਿਨ੍ਹਾਂ ਵਿੱਚ ਬਹੁਗਿਣਤੀ ਪੰਜਾਬੀਆਂ ਦੀ ਸੀ, ਚੰਗੀ ਰੋਜ਼ੀ-ਰੋਟੀ ਕਮਾਉਣ ਚਲੇ ਗਏ ਸਨ। ਵਿਸ਼ਵ ਯੁੱਧ ਚੱਲ ਰਿਹਾ ਸੀ ਅਤੇ ਜਾਪਾਨ ਇੱਕ ਸ਼ਕਤੀ ਵਜੋਂ ਉਭਰਿਆ ਸੀ। ਜਾਪਾਨੀਆਂ ਵੱਲੋ ‘ਏਸ਼ੀਆ ਫਾਰ ਏਸ਼ੀਅਨਜ਼’ ਦਾ ਨਾਅਰਾ ਦਿੱਤਾ ਗਿਆ ਅਤੇ ਭਾਰਤ ਨੂੰ ਸੁਤੰਤਰ ਮੰਨਣ ਦਾ ਵਾਅਦਾ ਵੀ ਕੀਤਾ ਗਿਆ। ਇਨ੍ਹਾਂ ਐਲਾਨਾਂ ਨੇ ਕਈ ਭਾਰਤੀ ਨੌਜਵਾਨਾਂ ਨੂੰ ਪ੍ਰਭਾਵਤ ਕੀਤਾ ਅਤੇ ਉਹ ਇੰਡੀਅਨ ਇੰਡੀਪੈਂਡਸ ਲੀਗ ਵਿੱਚ ਸ਼ਾਮਲ ਹੋ ਗਏ। ਇਹ ਲੀਗ ਦੱੱਖਣ ਪੂਰਬੀ ਏਸ਼ੀਆ ਵਿੱਚ ਭਾਰਤੀਆਂ ਵੱਲੋਂ ਬਣਾਈ ਗਈ ਇੱਕ ਰਾਜਨੀਤਕ ਸੰਸਥਾ ਸੀ, ਜੋ ਭਾਰਤ ਦੀ ਆਜ਼ਾਦੀ ਲਈ 1928 ਤੋਂ ਹੀ ਸੰਘਰਸ਼ ਕਰ ਰਹੀ ਸੀ। ਇਸ ਦੀ ਸਥਾਪਨਾ 1915 ਦੀ ਗ਼ਦਰ ਲਹਿਰ ਦੇ ਆਗੂ ਰਾਸ ਬਿਹਾਰੀ ਬੋਸ ਅਤੇ ਗਿਆਨੀ ਪ੍ਰੀਤਮ ਸਿੰਘ ਵੱਲੋਂ ਕੀਤੀ ਗਈ ਸੀ। ਫ਼ੌਜਾ ਸਿੰਘ ਮਰਹਾਣਾ ਵੀ ਇੰਡੀਅਨ ਇੰਡੀਪੈਂਡਸ ਲੀਗ ਵਿੱਚ ਸ਼ਾਮਲ ਸਨ।

1943 ਵਿੱਚ ਸੁਭਾਸ਼ ਚੰਦਰ ਬੋਸ ਦੀ ਅਗਵਾਈ ਵਿੱਚ ਆਉਣ ਤੋਂ ਪਹਿਲਾਂ ਇੰਡੀਅਨ ਨੈਸ਼ਨਲ ਆਰਮੀ (ਆਜ਼ਾਦ ਹਿੰਦ ਫ਼ੌਜ), ਜਿਸ ਦੀ ਸ਼ੁਰੂਆਤ ਕੈਪਟਨ ਮੋਹਨ ਸਿੰਘ ਵੱਲੋਂ ਅਪਰੈਲ 1942 ’ਚ ਕੀਤੀ ਗਈ ਸੀ, ਇੰਡੀਅਨ ਇੰਡੀਪੈਂਡਸ ਲੀਗ ਦਾ ਇੱਕ ਹਥਿਆਰਬੰਦ ਵਿੰਗ ਸੀ। ਲੀਗ ਨੇ ਨੌਜਵਾਨਾਂ ਨੂੰ ਭਰਤੀ ਕਰ ਕੇ ਗਰੁੱਪਾਂ ਵਿੱਚ ਭਾਰਤ ਭੇਜਣ ਦਾ ਫੈਸਲਾ ਕੀਤਾ ਤਾਂ ਕਿ ਭਾਰਤ ਵਿੱਚ ਅਸਹਿਯੋਗ ਅੰਦੋਲਨ ਨਾਲ ਜੋ ਜਾਗਰੂਕਤਾ ਆਈ ਹੈ, ਉਸ ਨੂੰ ਦੇਸ਼ ਦੀ ਆਜ਼ਾਦੀ ਲਈ ਸੰਗਠਿਤ ਕੀਤਾ ਜਾ ਸਕੇ। ਇਸੇ ਯੋਜਨਾ ਤਹਿਤ 50 ਨੌਜਵਾਨਾਂ ਦੇ ਪਹਿਲੇ ਗਰੁੱਪ ਨੂੰ ਲੀਗ ਦੇ ਇੰਡੀਅਨ ਸਵਰਾਜ ਇੰਸਟੀਚਿਊਟ ਪੀਨਾਂਗ (ਅਜੋਕਾ ਪੀਨਾਂਗ ਅਜਾਇਬ ਘਰ) ਵਿੱਚ ਜਾਪਾਨੀ ਟ੍ਰੇਨਰਾਂ ਵੱਲੋਂ ਸਿਖਲਾਈ ਦਿੱਤੀ ਗਈ।

ਇਨ੍ਹਾਂ 50 ਸਿੱਖਿਅਕ ਨੌਜਵਾਨਾਂ ’ਚੋਂ 20 ਜਣਿਆਂ ਨੂੰ ਸਤੰਬਰ ਦੇ ਅਖੀਰ ਤੋਂ ਅਕਤੂਬਰ ਦੇ ਅੰਤ ਦੇ ਦਰਮਿਆਨ ਪੀਨਾਂਗ ਤੋਂ ਤਿੰਨ ਗਰੁੱਪਾਂ ਵਿੱਚ ਭਾਰਤ ਭੇਜਿਆ ਗਿਆ। 10 ਨੂੰ ਦੋ ਪਣਡੁੱਬੀਆਂ ਰਾਹੀਂ ਅਤੇ 10 ਨੂੰ ਥਲ ਰਸਤੇ। ਇਨ੍ਹਾਂ ’ਚੋਂ ਪੰਜਾਂ ਦਾ ਇੱਕ ਗਰੁੱਪ ਰਬੜ ਦੀ ਕਿਸ਼ਤੀ ਅਤੇ ਤਨੂਰ ਦੇ ਨੇੜੇ ਮਾਲਾਬਾਰ ਸਮੁੰਦਰੀ ਤੱਟ ’ਤੇ ਪੁੱੱਜਾ ਅਤੇ ਦੂਸਰਾ ਗਰੁੱਪ ਕਾਠੀਆਵਾੜ ਤੱਟ ਤੇ ਦਵਾਰਕਾ ਦੇ ਕੋਲ ਉੱਤਰ ਕੇ ਭਾਰਤ ਦਾਖਲ ਹੋਇਆ।

ਮਨੁੱਖ ਸੋਚਦਾ ਕੁੱਝ ਹੈ ਪਰ ਹੁੰਦਾ ਉਹ ਹੈ ਜੋ ਕੁਦਰਤ ਨੂੰ ਮਨਜ਼ੂਰ ਹੋਵੇ। ਇਸੇ ਤਰ੍ਹਾਂ ਹੀ ਇਨ੍ਹਾਂ ਸੂਰਬੀਰਾਂ ਨਾਲ ਹੋਇਆ। ਅੰਗਰੇਜ਼ ਸਰਕਾਰ ਨੂੰ ਇਨ੍ਹਾਂ ਜਾਂਬਾਜ਼ਾਂ ਦੀ ਸਾਰੀ ਯੋਜਨਾ ਦੀ ਸੂਚਨਾ ਪਹਿਲਾਂ ਹੀ ਮਿਲ ਗਈ। ਭਾਰਤ ਵਿੱਚ ਦਾਖਲ ਹੁੰਦਿਆਂ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸਖ਼ਤੀ ਨਾਲ ਪੁੱੱਛਗਿੱਛ ਕੀਤੀ ਗਈ ਤੇ ਮਦਰਾਸ ਜੇਲ੍ਹ ’ਚ ਕੈਦ ਕਰ ਲਿਆ ਗਿਆ। 20 ’ਚੋਂ ਇੱਕ ਵਾਅਦਾਮੁਆਫ ਬਣ ਗਿਆ ਤੇ ਬਾਕੀ 19 ਦੇਸ਼ ਭਗਤਾਂ ’ਤੇ ਵਿਦਰੋਹ ਦਾ ਕੇਸ ਪਾ ਕੇ ਜੇਲ੍ਹ ਅੰਦਰ ਹੀ 1943 ਦੇ ਆਰੰਭ ’ਚ ਸਪੈਸ਼ਲ ਅਦਾਲਤ ਵਿੱਚ ਸੁਣਵਾਈ ਸ਼ੁਰੂ ਕੀਤੀ ਗਈ। ਜੱਜ ਨੇ ਫ਼ੈਸਲੇ ਵਿੱਚ ਲਿਖਿਆ ਕਿ ਇਹ 20 ਜਣਿਆਂ ਦਾ ਗਰੁੱਪ ਦੇਸ਼ ਦੇ ਸਾਰੇ ਖੇਤਰਾਂ ਨਾਲ ਸਬੰਧਿਤ ਹੈ। ਇਨ੍ਹਾਂ ਵਿੱਚ ਅੱਠ ਈਸਾਈ, ਅੱਠ ਹਿੰਦੂ, ਦੋ ਮੁਸਲਮਾਨ ਤੇ ਇੱਕ ਸਿੱਖ ਹਨ। ਜੱਜ ਨੇ ਫੈਸਲਾ ਸੁਣਾਉਣ ਵਿੱਚ ਦੇਰੀ ਨਾ ਲਾਈ ਅਤੇ ਸਤੇਂਦਰ ਚੰਦਰ ਬਰਧਨ, ਅਨੰਦਨ, ਵੈਕਮ ਅਬਦੁਲ ਕਾਦਰ, ਬੋਨੀਫੇਸ ਪਰੇਰਾ ਅਤੇ ਫੌਜਾ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ।

ਸ਼ਹੀਦ ਫੌਜਾ ਸਿੰਘ ਦੀ ਪਿੰਡ ਜਾਂ ਹੋਰ ਕਿਸੇ ਥਾਂ ’ਤੇ ਕੋਈ ਯਾਦਗਰ ਨਹੀਂ ਹੈ। ਇਥੋਂ ਤੱਕ ਕਿ ਪਿੰਡ ਦੇ ਬਹੁ ਗਿਣਤੀ ਲੋਕ ਵੀ ਇਸ ਸ਼ਹੀਦ ਜਾਂ ਆਪਣੇ ਪਿੰਡ ਦੇ ਹੋਰ ਵੱਡਿਆਂ ਦੀਆਂ ਕੁਰਬਾਨੀਆਂ ਤੋਂ ਵਾਕਿਫ ਨਹੀਂ ਹਨ। ਸ਼ਹੀਦ ਫੌਜਾ ਸਿੰਘ ਦੇ ਭਰਾ ਦਾ ਪਰਿਵਾਰ ਪਿੰਡ ’ਚ ਬਿਨਾਂ ਪਛਾਣ ਤੋਂ ਜ਼ਿੰਦਗੀ ਬਸਰ ਕਰ ਰਿਹਾ ਹੈ। ਇਨ੍ਹਾਂ ਪੰਜ ਸ਼ਹੀਦਾਂ ’ਚੋਂ ਤਿੰਨ ਕੇਰਲ ਨਾਲ ਸਬੰਧਤ ਸਨ। ਇਸ ਕਰਕੇ ਕੇਰਲ ਦੀ ਸਰਕਾਰ ਨੇ 1993 ਵਿੱਚ ਸ਼ਹੀਦਾਂ ਦੀ 50ਵੀਂ ਸ਼ਹੀਦੀ ਵਰ੍ਹੇਗੰਢ ਮਨਾਈ ਸੀ। ਉਸ ਮੌਕੇ ਇੱਕ ਯਾਦਗਾਰੀ ਸਿੱਕਾ ਤੇ ਡਾਕ ਟਿਕਟ ਵੀ ਜਾਰੀ ਕੀਤੀ ਗਈ ਸੀ। ਪੰਜਾਬ ਸਰਕਾਰ ਨੂੰ ਇਨ੍ਹਾਂ ਸ਼ਹੀਦਾਂ ਦੀ ਯਾਦਗਾਰਾਂ ਬਣਾਉਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਵਿਦਿਅਕ ਪਾਠਕ੍ਰਮ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੀਆਂ ਕੁੁਰਬਾਨੀਆਂ ਤੋਂ ਜਾਣੂ ਹੋ ਸਕਣ।

ਸੰਪਰਕ: 98766-98068

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ