ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਗ਼ੁਲਾਮ ਹਿੰਦੋਸਤਾਨ

ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਗ਼ੁਲਾਮ ਹਿੰਦੋਸਤਾਨ

ਸ਼ਹੀਦ ਭਗਤ ਸਿੰਘ ਸੀਆਈਡੀ ਅਧਿਕਾਰੀ ਗੋਪਾਲ ਸਿੰਘ ਨਾਲ।

ਗੁਲਜ਼ਾਰ ਸਿੰਘ ਸੰਧੂ

ਭਗਤ ਸਿੰਘ ਦਾ ਹਿੰਦੋਸਤਾਨ ਕੇਵਲ ਭਾਰਤ ਦੀਆਂ ਹੱਦਾਂ ਤਕ ਸੀਮਤ ਨਹੀਂ ਸੀ। ਅਜੋਕਾ ਪਾਕਿਸਤਾਨ ਤੇ ਬੰਗਲਾਦੇਸ਼ ਵੀ ਇਸ ਦਾ ਹਿੱਸਾ ਸਨ। ਸੰਨ ਸੰਤਾਲੀ ਤੋਂ ਪਹਿਲਾਂ ਤੇ ਉਸ ਤੋਂ ਪਿੱਛੋਂ ਇਸ ਦੀ ਵਾਗਡੋਰ ਕਿਸੇ ਕੋਲ ਵੀ ਰਹੀ ਹੋਵੇ, ਪੱਛਮੀ ਭਾਰਤ ਦਾ ਐੱਮ.ਕੇ. ਗਾਂਧੀ, ਉੱਤਰ ਦਾ ਭਗਤ ਸਿੰਘ ਤੇ ਪੂਰਬ ਦਾ ਸੁਭਾਸ਼ ਚੰਦਰ ਬੋਸ ਇਸ ਦੀ ਗ਼ੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨ ਵਾਲੇ ਉੱਘੇ ਪਾਤਰ ਕਹੇ ਜਾ ਸਕਦੇ ਹਨ। ਸੁਤੰਤਰ ਪਾਕਿਸਤਾਨੀ, ਭਾਰਤੀ ਤੇ ਬੰਗਲਾਦੇਸ਼ੀ ਉਨ੍ਹਾਂ ਦੇ ਰਿਣੀ ਹਨ। ਭਾਵੇਂ ਤਿੰਨ ਦੀਆਂ ਤਿੰਨੋਂ ਹਸਤੀਆਂ ਦਾ ਯੋਗਦਾਨ ਲਾਸਾਨੀ ਹੈ, ਉੱਤਰ ਵਿਚ ਮਾਣ ਦਾ ਸਿਹਰਾ ਭਗਤ ਸਿੰਘ ਦੇ ਸਿਰ ਬੱਝਦਾ ਹੈ। ਭਾਵੇਂ ਤਿੰਨਾਂ ਦਾ ਅੰਤ ਦੁਖਦਾਈ ਹੋਇਆ, ਪਰ ਸ਼ਹੀਦ-ਏ-ਆਜ਼ਮ ਵਜੋਂ ਜਾਣੇ ਜਾਣ ਦਾ ਗੌਰਵ ਕੇਵਲ ਭਗਤ ਸਿੰਘ ਦੇ ਹਿੱਸੇ ਆਇਆ।

ਮੈਂ ਆਪਣੀ ਗੱਲ ਮੁਲਤਾਨ ਰੋਡ ਲਾਹੌਰ ਦੇ ਵਸਨੀਕ ਮੁਦੱਸਰ ਬਸ਼ੀਰ ਦੇ ਸ਼ਬਦਾਂ ਨਾਲ ਸ਼ੁਰੂ ਕਰਨਾ ਚਾਹਾਂਗਾ। ਉਸਨੇ ਆਪਣੀ ਸੰਖੇਪ ਟਿੱਪਣੀ ਵਿਚ ਭਗਤ ਸਿੰਘ ਦਾ ਲਾਸਾਨੀ ਚਿੱਤਰ ਪੇਸ਼ ਕੀਤਾ ਹੈ:

ਸ਼ਹੀਦ ਭਗਤ ਸਿੰਘ ਦਾ ਹਿੰਦੀ ਵਿਚ ਲਿਖਿਆ ਹੋਇਆ ਖ਼ਤ।

‘ਭਗਤ ਸਿੰਘ ਦਾ ਜਨਮ 28 ਸਤੰਬਰ, 1907 ਨੂੰ ਜੜ੍ਹਾਂਵਾਲਾ ਪੰਜਾਬ ਵਿਚ ਹੋਇਆ। ਉਸ ਦੇ ਪਿਉ ਦਾ ਨਾਂ ਕਿਸ਼ਨ ਸਿੰਘ ਅਤੇ ਮਾਂ ਦਾ ਨਾਂ ਵਿੱਦਿਆਵਤੀ ਸੀ। ਪਿਛੋਕੜ ਵਿਚ ਉਸ ਦੇ ਵਡਿੱਕੇ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿਚ ਦੱਸੀਦੇ ਨੇ। ਉਸ ਦਾ ਦਾਦਾ ਅਰਜਨ ਸਿੰਘ ਇਕ ਪ੍ਰਸਿੱਧ ਗਿਆਨੀ ਸਵਾਮੀ ਦਯਾਨੰਦ ਦਾ ਭਗਤ ਸੀ। ਇਸ ਦੇ ਨਾਲੋ-ਨਾਲ ਉਹ ਹਿੰਦੂ ਸੁਧਾਰਕ ਤਹਿਰੀਕ ਆਰੀਆ ਸਮਾਜ ਵਿਚ ਵੀ ਸੀ। ਭਗਤ ਸਿੰਘ ਦਾ ਪਿਉ ਤੇ ਚਾਚਾ ਅਜੀਤ ਸਿੰਘ ਗ਼ਦਰ ਪਾਰਟੀ ਦੇ ਹਮਾਇਤੀ ਸਨ, ਜਿਸ ਦੀ ਅਗਵਾਈ ਕਰਤਾਰ ਸਿੰਘ ਸਰਾਭਾ ਤੇ ਲਾਲਾ ਹਰਦਿਆਲ ਦੇ ਹੱਥ ਸੀ। ਰੀਤੀਆਂ ਵਿਚ ਇਹ ਗੱਲ ਵੀ ਲੱਭਦੀ ਏ ਕਿ ਜਿਸ ਦਿਹਾੜੇ ਭਗਤ ਸਿੰਘ ਦਾ ਜਨਮ ਹੋਇਆ, ਉਸੇ ਦਿਹਾੜੇ ਉਸ ਦਾ ਬਾਪੂ ਤੇ ਚਾਚਾ ਦੋਵੇਂ ਜੇਲ੍ਹੋਂ ਛੁੱਟ ਕੇ ਆਏ ਸਨ। ਸੰਨ 1922 ਵਿਚ ਭਗਤ ਸਿੰਘ ਨੂੰ ਉਸ ਦਾ ਚਾਚਾ ਅਜੀਤ ਸਿੰਘ ਨੈਸ਼ਨਲ ਕਾਲਜ ਲਾਹੌਰ ਲੈ ਆਇਆ। ਸੰਨ 1922 ਤੋਂ 1926 ਤੀਕਰ ਭਗਤ ਸਿੰਘ ਉਸੇ ਕਾਲਜ ਵਿਚ ਪੜ੍ਹਿਆ। ਇੱਥੇ ਉਸਨੂੰ ਮਾਰਕਸੀ ਮੱਤ ਗ਼ੁਲਾਮ ਹੁਸੈਨ ਹੋਰਾਂ ਕੋਲੋਂ ਲੱਭੀ, ਜਿਹੜਾ ਲਾਹੌਰ ਦੇ ਗਿਣਤੀ ਦੇ ਉਨ੍ਹਾਂ ਬੰਦਿਆਂ ’ਚੋਂ ਇਕ ਸੀ, ਜਿਸ ਨੂੰ ਮਾਰਕਸ ਤੇ ਸੋਸ਼ਲਿਜ਼ਮ ਉੱਤੇ ਭਰਵੀਂ ਜਾਣਕਾਰੀ ਸੀ। ਇਹ ਵੀ ਆਖਿਆ ਜਾਂਦਾ ਏ ਕਿ ਉਸ ਨੇ ਦੋ ਪਰਚੇ ਉਰਦੂ ਤੇ ਅੰਗਰੇਜ਼ੀ ਵਿਚ ਸੋਸ਼ਲਿਜ਼ਮ ਉੱਤੇ ਵੀ ਕੱਢੇ। ਉਨ੍ਹਾਂ ਦਾ ਵੇਰਵਾ ਭਗਤ ਸਿੰਘ ਉੱਤੇ ਕੀਤੀ ਖੋਜ ਦੇ ਇਕ ਵੱਡੇ ਖੋਜਕਾਰ ਰਾਮਪਾਲ ਨੇ ਵੀ ਆਪਣੀਆਂ ਲਿਖਤਾਂ ਵਿਚ ਕੀਤਾ ਹੈ। ਉਸ ਦੀ ਪਛਾਣ ਭਗਤ ਸਿੰਘ ਦੇ ਉਸਤਾਦ ਤੇ ਮਾਰਕਸੀ ਮੱਤ ਵਾਲੇ ਜੀਅ ਦੀ ਥਾਂ ਤੋਂ ਅੱਡ ਕ੍ਰਿਕਟਰ ਫ਼ਜ਼ਲ ਮਹਿਮੂਦ ਦਾ ਪਿਉ ਹੋਣਾ ਵੀ ਬਣੀ। ਲਾਲਾ ਲਾਜਪਤ ਰਾਏ ਦੀ ਮੌਤ ਮਗਰੋਂ ਭਗਤ ਸਿੰਘ ਨੇ ਆਪਣੇ ਢੰਗ ਨਾਲ ਹਿੰਦੋਸਤਾਨ ਦੇ ਲੋਕਾਂ ਦੀ ਆਵਾਜ਼ ਚੁੱਕੀ, ਜਿਸ ਨੂੰ ਗਾਂਧੀ ਜੀ ਨੇ ਚੰਗਾ ਨਾ ਮੰਨਿਆ। ਭਗਤ ਸਿੰਘ, ਸ਼ਿਵ ਰਾਮ, ਰਾਜਗੁਰੂ, ਸੁਖਦੇਵ ਥਾਪਰ, ਚੰਦਰ ਸ਼ੇਖਰ ਆਜ਼ਾਦ ਤੇ ਯਸ਼ਪਾਲ ਨੈਸ਼ਨਲ ਕਾਲਜ ਦੀ ਪਛਾਣ ਬਣੇ। ਭਗਤ ਸਿੰਘ ਨੇ ਆਪਣੇ ਸੰਗੀਆਂ ਨਾਲ ਸਕਾਟ ਨੂੰ ਕਤਲ ਕਰਨ ਦਾ ਮੁੱਦਾ ਚੁੱਕਿਆ। ਇਸ ਮਗਰੋਂ ਭਗਤ ਸਿੰਘ ਦੇ ਜੇਲ੍ਹ ਤੀਕਰ ਜਾਣ ਦੀ ਇਕ ਲੰਬੀ ਵਾਰ ਹੈ, ਜਿਸ ਨੂੰ ਜੇ ਭਗਤ ਸਿੰਘ ਦੀ ਵਾਰ ਆਖਿਆ ਜਾਵੇ ਤਾਂ ਕੋਈ ਉਚੇਚੀ ਗੱਲ ਨਾ ਹੋਵੇਗੀ। ਭਗਤ ਸਿੰਘ ਉੱਤੇ ਮੁਕੱਦਮੇ ਮਗਰੋਂ ਬਰੈਡਲਾ ਹਾਲ ਵਿਚ ਇਕ ਸਿਆਸਤ ਦਾ ਮੱਚ ਮੱਚਿਆ, ਜਿਹਦੀ ਚਿਣਗ ਪੂਰੇ ਹਿੰਦੋਸਤਾਨ ਵਿਚ ਭਖੀ। ਇਸ ਮੁਕੱਦਮੇ ਦੇ ਟੋਰੇ ਵਿਚ ਭਗਤ ਸਿੰਘ ਦੀ ਨੌਜਵਾਨ ਭਾਰਤ ਸਭਾ ਦੇ ਇਕ ਮੈਂਬਰ ਸ਼ਰੀਫ਼ ਮਤੀਨ ਨੇ ਇਕ ਕੈਂਪ ਬਰੈਡਲਾ ਹਾਲ ਦੇ ਬਾਹਰ ਖੁੱਲ੍ਹੇ ਮੈਦਾਨ ਵਿਚ ਲਾਇਆ, ਜਿਹਦੇ ਵਿਚ ਭਗਤ ਸਿੰਘ ਦੇ ਘਰ ਵਾਲੇ ਵੀ ਮੰਜੀਆਂ ਡਾਹ ਕੇ ਉੱਥੇ ਬੈਠੇ ਰਹੇ ਤੇ ਆਉਂਦੇ ਜਾਂਦੇ ਲੋਕਾਂ ਨੂੰ ਮੁੁਕੱਦਮੇ, ਨਾਬਰੀ ਤੇ ਅੰਗਰੇਜ਼ ਸਰਕਾਰ ਦੇ ਜ਼ੁਲਮਾਂ ਦੀ ਜਾਣਕਾਰੀ ਦਿੰਦੇ ਰਹੇ। ਸਰਕਾਰ ਨੇ ਉਨ੍ਹਾਂ ਉੱਤੇ ਨਿਗਾਹ ਰੱਖਣ ਪਾਰੋਂ ਇਕ ਪੁਲੀਸ ਚੌਕੀ ਵੀ ਰੈਟੀਗਨ ਰੋਡ ਉੱਤੇ ਉਸਾਰੀ। ਨਾਬਰੀ ਨੂੰ ਕਦੇ ਕੋਈ ਡੱਕ ਨਾ ਸਕਿਆ ਤੇ ਨਾ ਹੀ ਉਦੋਂ ਦੀ ਸਰਕਾਰ ਡੱਕ ਸਕੀ। 23 ਵਰ੍ਹਿਆਂ ਦੇ ਭਗਤ ਸਿੰਘ ਨੂੰ 23 ਮਾਰਚ 1931 ਨੂੰ ਫਾਂਸੀ ਚਾੜ੍ਹ ਦਿੱਤਾ ਗਿਆ। ਦੁੱਲੇ ਭੱਟੀ ਨੂੰ ਅਕਬਰ ਨੇ ਫਾਂਸੀ ਚਾੜ੍ਹਿਆ ਸੀ, ਪਰ ਨਾਬਰੀ ਦੇ ਇਹ ਸੂਰੇ ਅੱਜ ਵੀ ਜਿਉਂਦੇ ਜਾਗਦੇ ਨੇ। ਦੁੱਲੇ ਦੀਆਂ ਵਾਰਾਂ ਗਵੀਆਂ ਜਾਂਦੀਆਂ ਨੇ ਤੇ ਦੂਜੇ ਪਾਸੇ ਜਦੋਂ ਸੰਨ 2008 ਵਿਚ ਹਿੰਦੋਸਤਾਨੀ ਮੈਗਜ਼ੀਨ ‘ਇੰਡੀਆ ਟੁਡੇ’ ਨੇ ਸਭ ਤੋਂ ਉੱਚੀ ਸ਼ਾਨ ਵਾਲੇ ਹਿੰਦੋਸਤਾਨੀ ਬਾਰੇ ਗਿਣਤੀ ਕਰਵਾਈ ਤਾਂ ਹਰ ਜੀਅ ਤੋਂ ਵੱਧ ਗਿਣਤੀ ਭਗਤ ਸਿੰਘ ਦੇ ਨਾਵੇਂ ਲੱਗੀ। ਏਸ ਗਿਣਤੀ ਵਿਚ ਸੁਭਾਸ਼ ਚੰਦਰ ਬੋਸ ਤੇ ਗਾਂਧੀ ਜੀ ਵਰਗੇ ਵੱਡੇ ਨਾਂ ਵੀ ਪਿੱਛੇ ਰਹਿ ਗਏ।’

ਸਰਦਾਰ ਅਜੀਤ ਸਿੰਘ 1947 ਵਿਚ ਲੰਡਨ ਵਿਖੇ ਇੰਡੀਅਨ ਵਰਕਰ’ਜ਼ ਐਸੋਸੀਏਸ਼ਨ ਦੇ ਕਾਰਕੁਨਾਂ ਨਾਲ

ਸੰੰਨ 2018 ਵਿਚ ਮੈਂ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਨੇੜੇ ਪੈਂਦਾ ਸ਼ਾਦਮਾਨ ਚੌਕ ਵੇਖ ਕੇ ਆਇਆ ਹਾਂ, ਜਿਸ ਦਾ ਨਾਂ ਪਾਕਿਸਤਾਨ ਦੀ ਸਰਕਾਰ ਨੇ ਭਗਤ ਸਿੰਘ ਚੌਕ ਰੱਖ ਦਿੱਤਾ ਹੈ। ਇਹ ਫੈ਼ਸਲਾ ਛੇ ਸਾਲ ਪਹਿਲਾਂ ਭਗਤ ਸਿੰਘ ਦੇ ਜਨਮ ਸਥਾਨ ਜੜ੍ਹਾਂਵਾਲਾ ਵਿਖੇ ਮਨਾਏ ਗਏ ਭਗਤ ਸਿੰਘ ਦੇ ਜਨਮ ਦਿਨ ਸਮਾਗਮ ਵਿਚ ਲਿਆ ਗਿਆ ਸੀ, ਜਿੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਭੰਗੜਾ ਟੀਮ ਨੇ ਸ਼ਿਰਕਤ ਕਰਕੇ ਪਾਕਿਸਤਾਨੀ ਦਰਸ਼ਕਾਂ ਨੂੰ ਨਿਹਾਲ ਕੀਤਾ ਸੀ। ਏਥੋਂ ਦੀ ਪੰਜਾਬ ਸਰਕਾਰ ਨੇ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਚ ਉਸ ਦੇ ਨਾਂ ਉੱਤੇ ਅਜਾਇਬ ਘਰ ਸਥਾਪਤ ਕਰ ਕੇ ਉਸ ਦੇ ਪ੍ਰਮੁੱਖ ਦੁਆਰ ਉੱਤੇ ਉਸ ਦਾ ਬੁੱਤ ਬਣਵਾ ਦਿੱਤਾ ਹੈ। ਏਥੇ ਹੀ ਬਸ ਨਹੀਂ ਪਿੰਡ ਦੇ ਨੇੜਲੇ ਸ਼ਹਿਰ ਨਵਾਂ ਸ਼ਹਿਰ ਦਾ ਨਾਂ ਸ਼ਹੀਦ ਭਗਤ ਸਿੰਘ ਨਗਰ ਰੱਖ ਕੇ ਇਸ ਨੂੰ ਨਵਾਂ ਜ਼ਿਲ੍ਹਾ ਐਲਾਨਿਆ।

ਹੋਰ ਇਕ ਦਹਾਕੇ ਤਕ ਭਗਤ ਸਿੰਘ ਦੇ ਇਸ ਧਰਤੀ ਨੂੰ ਅਲਵਿਦਾ ਕਿਹਾਂ ਸੌ ਸਾਲ ਹੋ ਜਾਣੇ ਹਨ, ਪਰ ਉਸ ਦੀ ਦੂਰ-ਦ੍ਰਿਸ਼ਟੀ, ਦਲੇਰੀ ਤੇ ਵਿਦਵਤਾ ਦੇ ਅਣਜਾਣੇ ਪੱਖ ਹਰ ਆਏ ਦਿਨ ਉਜਾਗਰ ਹੋ ਰਹੇ ਹਨ। ਕਾਰਨ ਇਹ ਕਿ ਉਸ ਦੀ ਸ਼ਹੀਦੀ ਕਰਤਾਰ ਸਿੰਘ ਸਰਾਭਾ ਤੇ ਹੋਰਨਾਂ ਵਾਂਗ ਕੇਵਲ ਜਿਸਮਾਨੀ ਤੌਰ ’ਤੇ ਲੋਪ ਹੋ ਜਾਣ ਤਕ ਹੀ ਸੀਮਤ ਨਹੀਂ ਸੀ, ਉਸ ਵੱਲੋਂ ਸਮੇਂ-ਸਮੇਂ ਆਪਣੇ ਮਾਪਿਆਂ, ਮਿੱਤਰਾਂ ਤੇ ਦੇਸ਼ ਦੇ ਨੌਜਵਾਨਾਂ ਤੇ ਸੁਤੰਤਰਤਾ ਸੰਗਰਾਮੀਆਂ ਨੂੰ ਲਿਖੀਆਂ ਚਿੱਠੀਆਂ ਤੇ ਸਮਾਚਾਰ ਪੱਤਰਾਂ ਦੇ ਲੇਖ ਉਸਦੇ ਵੱਲੋਂ ਗ੍ਰਹਿਣ ਕੀਤੀ ਵਿਚਾਰਧਾਰਾ ਨੂੰ ਰਹਿੰਦੀ ਦੁਨੀਆਂ ਤੱਕ ਰੁਸ਼ਨਾਉਂਦੇ ਰਹਿਣਗੇ। ਉਹ ਆਪਣੇ ਸਾਢੇ ਤੇਈ ਸਾਲ ਦੇ ਅਲਪ ਜੀਵਨ ਵਿਚ ਕੇਵਲ ਅੱਠ ਵਰ੍ਹੇ ਰਾਜਸੀ ਤੌਰ ’ਤੇ ਸਰਗਰਮ ਰਿਹਾ, ਪਰ ਉਸ ਨੇ ਜੇਲ੍ਹ ਦੇ ਅੰਦਰ ਬਾਹਰ ਬਿਤਾਏ ਇਨ੍ਹਾਂ ਸਾਲਾਂ ਵਿਚ ਅਖੰਡ ਹਿੰਦੋਸਤਾਨ ਵੱਲੋਂ ਵਿੱਢੀ ਆਜ਼ਾਦੀ ਦੀ ਲਹਿਰ ਵਿਚ ਨਵੀਂ ਰੂਹ ਫੂਕੀ। ਬੰਦੇ ਮਾਤਰਮ ਦੇ ਸਹਿਜ ਭਾਵੀ ਨਾਅਰੇ ਨੂੰ ਇਨਕਲਾਬ ਜ਼ਿੰਦਾਬਾਦ ਦਾ ਕ੍ਰਾਂਤੀਕਾਰੀ ਜਾਮਾ ਪਵਾਉਣ ਵਾਲਾ ਵੀ ਭਗਤ ਸਿੰਘ ਹੀ ਸੀ। ਦਿੱਲੀ ਅਸੈਂਬਲੀ ਦੇ ਬੰਬ ਕਾਂਡ ਦੇ ਲਾਹੌਰ ਸਾਜ਼ਿਸ਼ ਨਾਲ ਸਬੰਧਤ ਕੇਸਾਂ ਨੇ ਹਿੰਦੋਸਤਾਨੀਆਂ ਨੂੰ ਵੱਡੀਆਂ ਮੁਸ਼ਕਿਲਾਂ ਸਹਿਣ, ਪਰਬਤੀ ਡਰਾਵਿਆਂ ਨਾਲ ਟੱਕਰ ਲੈਣ ਤੇ ਇੱਟ ਦਾ ਜਵਾਬ ਪੱਥਰ ਨਾਲ ਦੇਣ ਦੇ ਯੋਗ ਬਣਾਇਆ। ਇਹੀ ਕਾਰਨ ਹੈ ਕਿ ਭਗਤ ਸਿੰਘ ਸੂਲੀ ਦਾ ਫੰਦਾ ਚੁੰਮਣ ਤੋਂ ਪਿੱਛੋਂ ਵੀ ਲੋਕ ਮਨਾਂ ਵਿਚ ਵਸਿਆ ਰਿਹਾ ਤੇ ਅੱਜ ਤਕ ਵਸ ਰਿਹਾ ਹੈ। ਉਹ ਬੇਹਿਸ, ਬੇਹਰਕਤ ਤੇ ਸ਼ਾਂਤ ਸਮਾਜ ਨੂੰ ਹਰਕਤ ਵਿਚ ਲਿਆਉਣ ਲਈ ਕਿਹੋ ਜਿਹੀ ਘਾਲਣਾ ਚਾਹੁੰਦਾ ਸੀ, ਉਸ ਵੱਲੋਂ ਬੋਰਸਟਿੱਲ ਜੇਲ੍ਹ ਵਿਚ ਆਪਣੇ ਸਾਥੀਆਂ ਨੂੰ ਮਹਾਤਮਾ ਗਾਂਧੀ ਦੀ ਧਾਰਨਾ ’ਤੇ ਕੀਤੀ ਟਿੱਪਣੀ ਤੋਂ ਸਪੱਸ਼ਟ ਹੈ। ਉਸ ਦੇ ਸ਼ਬਦ ਸਨ: ‘ਗਾਂਧੀ ਜੀ ਸਮਾਜ ਦਾ ਭਲਾ ਚਾਹੁਣ ਵਾਲੇ ਭਲੇ ਵਿਅਕਤੀ ਹਨ, ਪਰ ਕੇਵਲ ਚਾਹੁਣ ਨਾਲ ਤਾਂ ਭਲਾ ਨਹੀਂ ਹੋ ਜਾਂਦਾ। ਇਸ ਲਈ ਤਬਦੀਲੀ ਦੀ ਲੋੜ ਹੁੰਦੀ ਹੈ ਤੇ ਤਬਦੀਲੀ ਦੀ ਨੀਂਹ ਵਿਗਿਆਨਕ ਸੂਝ ਵਾਲੀ ਗਤੀਸ਼ੀਲਤਾ ਹੀ ਰੱਖ ਸਕਦੀ ਹੈ।’

ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਸੁਤੰਤਰਤਾ ਸੰਗਰਾਮ ਵਿਚ ਮੋਹਰੀ ਦਸਤੇ ਦਾ ਕੰਮ ਕੀਤਾ। ਦੇਸ਼ ਦੇ ਨੌਜਵਾਨਾਂ ਨੂੰ ਭਰਮਾਊ ਭਾਸ਼ਣਾਂ ਨਾਲੋਂ ਤੋੜ ਕੇ ਆਪਣਾ ਮੂਲ ਪਛਾਣਨ ਲਈ ਪ੍ਰੇਰਿਆ। ਇਨਕਲਾਬ ਜ਼ਿੰਦਾਬਾਦ ਤੇ ਸਾਮਰਾਜ ਮੁਰਦਾਬਾਦ ਦੇ ਨਾਅਰੇ ਬੁਲੰਦ ਕਰ ਕੇ ਹਿੰਦੋਸਤਾਨੀਆਂ ਨੂੰ ਸੰਪੂਰਨ ਸਵਰਾਜ ਦੇ ਮਾਰਗ ਉੱਤੇ ਤੋਰਿਆ। ਪੂੰਜੀਵਾਦੀ ਸੜ੍ਹਾਂਦ ਨੂੰ ਠੱਲ੍ਹ ਪਾਉਣ ਦੇ ਭਾਵ ਨਾਲ ਲੋਕ ਮਨਾਂ ਵਿਚ ਕ੍ਰਾਂਤੀ ਦਾ ਬੀਜ ਬੀਜਿਆ ਅਤੇ ਲੋਕਾਂ ਦੇ ਹੱਥ ਵਿਚ ਉਸ ਕ੍ਰਾਂਤੀ ਦਾ ਡੰਡਾ ਫੜਾਇਆ, ਜਿਹੜੀ ਪੂੰਜੀਪਤੀਆਂ ਦੀ ਖੁੰਭ ਠੱਪੇ।

ਜਦੋਂ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੋ ਗਿਆ ਕਿ ਦੇਸ਼ ਦੇ ਨੌਜਵਾਨ ਉਨ੍ਹਾਂ ਦੇ ਨਾਲ ਹਨ ਤਾਂ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਨੇ ਅਸੈਂਬਲੀ ਵਿਚ ਆਪਣੇ ਸਾਥੀਆਂ ਨੂੰ ਦੇਸ਼ ਦੇ ਇਤਿਹਾਸ, ਵਰਤਮਾਨ ਤੇ ਲੋਕ ਭਾਵਨਾਵਾਂ ਨੂੰ ਪਛਾਣਨ ਵਾਲੇ ਇਮਾਨਦਾਰ, ਗੰਭੀਰ ਤੇ ਮਿਹਨਤੀ ਵਿਦਿਆਰਥੀ ਗਰਦਾਨਿਆ।

ਭਗਤ ਸਿੰਘ ਦੀ ਬੌਧਿਕ ਦ੍ਰਿਸ਼ਟੀ, ਦ੍ਰਿੜ੍ਹਤਾ ਤੇ ਸ਼ਹੀਦੀ ਬਾਰੇ ਦਰਜਨਾਂ ਪੁਸਤਕਾਂ ਛਪ ਚੁੱਕੀਆਂ ਹਨ। ਲਿਖਣ ਵਾਲਿਆਂ ਵਿਚ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ, ਸੋਹਣ ਸਿੰਘ ਜੋਸ਼, ਹਰੀਸ਼ ਪੁਰੀ, ਮਾਲਵਿੰਦਰਜੀਤ ਸਿੰਘ ਵੜੈਚ, ਵੀਰੇਂਦਰ ਸੰਧੂ, ਜਗਮੋਹਨ ਵਰਗੇ ਵਿਦਵਾਨ, ਚਿੰਤਕ, ਸੰਗਰਾਮੀਏ ਤੇ ਸਾਕ ਸਬੰਧੀ ਹਨ। ਇਹ ਗਿਣਤੀ ਦਿਨ ਪ੍ਰਤੀ ਦਿਨ ਵਧ ਰਹੀ ਹੈ। ਕਰੋਨਾਵਾਇਰਸ ਦੀ ਤਾਲਾਬੰਦੀ ਵਿਚ ਹੀ ਤਿੰਨ ਬੇਸ਼ਕੀਮਤੀ ਪੁਸਤਕਾਂ ਮਾਰਕੀਟ ਵਿਚ ਆ ਚੁੱਕੀਆਂ ਹਨ। ਐਡਵੋਕੇਟ ਸਰਬਜੀਤ ਸਿੰਘ ਨੇ ਸ਼ਹੀਦ ਵੱਲੋਂ ਲਿਖੀਆਂ ਚਿੱਠੀਆਂ ਨੂੰ ‘ਲਿਖਤੁਮ ਭਗਤ ਸਿੰਘ’ ਵਿਚ ਇਕੱਠਿਆਂ ਕਰ ਕੇ ਨੌਜਵਾਨ ਭਗਤ ਸਿੰਘ ਦੇ ਮਨ ਅੰਦਰ ਵਸੀ ਸੁਤੰਤਰਤਾ ਦੀ ਭਾਵਨਾ ਨੂੰ ਉਜਾਗਰ ਕੀਤਾ ਹੈ। ਸਤਨਾਮ ਚਾਨਾ ਨੇ ‘ਇਕ ਪ੍ਰਤਿਭਾ ਦਾ ਉਦੈ’ ਵਿਚ ਅਸੈਂਬਲੀ ਵਿਚ ਬੰਬ ਸੁੱਟਣ ਤੇ ਸਾਂਡਰਸ ਦੇ ਕਤਲ ਪਿੱਛੇ ਕੰਮ ਕਰ ਰਹੀ ਧਾਰਨਾ ਨੂੰ ਸਪੱਸ਼ਟ ਕੀਤਾ ਹੈ। ਭਗਤ ਸਿੰਘ ਦੇ ਛੋਟੇ ਭਰਾ ਰਣਬੀਰ ਸਿੰਘ ਦੀ ‘ਸਰਦਾਰ ਭਗਤ ਸਿੰਘ ਦੀ ਜੀਵਨੀ’ ਵਿਚ ਉਸ ਸਮੇਂ ਦੀਆਂ ਸਿਆਸੀ ਲਹਿਰਾਂ, ਜਥੇਬੰਦੀਆਂ, ਮੋਰਚਿਆਂ ਤੇ ਸ਼ਖ਼ਸੀਅਤਾਂ ਬਾਰੇ ਨੇੜਿਓਂ ਜਾਣੀ ਸੁਣੀ ਸੋਚ ਤੇ ਸ੍ਰਿਸ਼ਟੀ ਨੂੰ ਕਲਮਬੰਦ ਕੀਤਾ ਹੈ।

ਭਗਤ ਸਿੰਘ ਦੀਆਂ ਚਿੱਠੀਆਂ ਦੇ ਅਧਿਐਨ ਤੋਂ ਉਸ ਦੇ ਧੁਰ ਅੰਦਰ ਵਿਚ ਵਸੀ ਹੋਈ, ਉਸ ਭਾਵਨਾ ਦਾ ਪਤਾ ਲੱਗਦਾ ਹੈ, ਜਿਸ ਨੇ ਉਸ ਨੂੰ ‘ਸ਼ਹੀਦ ਏ-ਆਜ਼ਮ’ ਬਣਾਇਆ। ਸਰਬਜੀਤ ਦੀ ਖੋਜ ਅਨੁਸਾਰ ਹੁਣ ਤਕ ਭਗਤ ਸਿੰਘ ਵੱਲੋਂ ਵੱਖ-ਵੱਖ ਵਿਅਕਤੀਆਂ ਤੇ ਸੰਸਥਾਵਾਂ ਨੂੰ ਚਾਰ ਦਰਜਨ ਤੋਂ ਵੱਧ ਲਿਖੇ ਖ਼ਤ

ਸਾਹਮਣੇ ਆ ਚੁੱਕੇ ਹਨ। ਇਹ ਖ਼ਤ ਕੇਵਲ ਮਿੱਤਰ ਪਿਆਰਿਆਂ ਨੂੰ ਹੀ ਨਹੀਂ ਲਿਖੇ ਗਏ, ਉਸ ਸਮੇਂ ਦੇ ਨਿਆਂਇਕ ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਉਸ ਦੇ ਨਿਸ਼ਾਨੇ ’ਤੇ ਹਨ। ਫਾਂਸੀ ਲੱਗਣ ਸਮੇਂ ਭਾਵੇਂ ਰਾਜਗੁਰੂ ਵੀ ਭਗਤ ਸਿੰਘ ਦਾ ਸਾਥੀ ਸੀ, ਪਰ ਖ਼ਤਾਂ ਤੋਂ ਪਤਾ ਲੱਗਦਾ ਹੈ ਕਿ ਪਿਆਰ, ਕ੍ਰਾਂਤੀ ਜਾਂ ਦਾਰਸ਼ਨਿਕ ਮਸਲਿਆਂ ਬਾਰੇ ਭਗਤ ਸਿੰਘ ਦੀ ਸਾਂਝ ਸੁਖਦੇਵ ਨਾਲ ਸੀ। ਸੁਖਦੇਵ ਨੂੰ ਲਿਖੇ ਖ਼ਤਾਂ ਵਿਚ ਪਿਆਰ ਤੇ ਦਰਸ਼ਨ ਤਾਂ ਕੀ ਖ਼ੁਦਕੁਸ਼ੀ ਵਰਗੇ ਸੰਵੇਦਨਸ਼ੀਲ ਮਸਲਿਆਂ ’ਤੇ ਵੀ ਖ਼ੂਬ ਚਰਚਾ ਮਿਲਦੀ ਹੈ।

ਗੁਰਮੁਖੀ ਲਿਪੀ ਵਿਚ ਭਗਤ ਸਿੰਘ ਵੱਲੋਂ ਆਪਣੀ ਚਾਚੀ ਹੁਕਮ ਕੌਰ ਨੂੰ ਪੋਸਟ ਕਾਰਡ ’ਤੇ ਲਿਖੀ ਦੋ ਸਤਰੀ ਚਿੱਠੀ ਵੀ ਪੜ੍ਹਨ ਵਾਲੀ ਹੈ। ਆਪਣੀ ਪਰਮ ਪਿਆਰੀ ਚਾਚੀ ਜੀ ਨੂੰ ਨਮਸਤੇ ਲਿਖਣ ਤੋਂ ਪਿੱਛੋਂ ਕੇਵਲ ਏਨਾ ਹੀ ਲਿਖਦਾ ਹੈ, ‘ਮੈਨੂੰ ਖ਼ਤ ਲਿਖਣ ਵਿਚ ਦੇਰੀ ਹੋ ਗਈ। ਉਮੀਦ ਹੈ ਤੁਸੀਂ ਮੁਆਫ਼ ਕਰੋਗੇ। ਭਾਈਆ ਜੀ ਦਿੱਲੀ ਨੂੰ ਗਏ ਹੋਏ ਹਨ। ਬੇਬੇ ਮੋਰਾਂਵਾਲੀ (ਬੇਬੇ ਦੇ ਪੇਕੇ) ਨੂੰ ਗਈ ਹੋਈ ਹੈ। ਬਾਕੀ ਸਭ ਰਾਜੀ ਖੁਸ਼ੀ ਹੈ। ਵੱਡੀ ਚਾਚੀ ਜੀ ਨੂੰ ਮੱਥਾ ਟੇਕਣਾ। ਮਾਤਾ ਜੀ ਨੂੰ ਮੱਥਾ ਟੇਕਣਾ। ਕੁਲਤਾਰ ਤੇ ਕੁਲਬੀਰ ਸਿੰਘ (ਦੋਵੇਂ ਭਰਾ) ਨੂੰ ਸਤਿ ਸਿਰੀ ਅਕਾਲ ਜਾਂ ਨਮਸਤੇ।’ ਇਸ ਤੋਂ ਪਿੱਛੋਂ ਆਪਣੇ ਆਪ ਨੂੰ ਆਗਿਆਕਾਰੀ ਪੁੱਤਰ ਲਿਖ ਕੇ ਦਸਤਖ਼ਤ ਕੀਤੇ ਹੋਏ ਹਨ। ਆਮ ਤੌਰ ’ਤੇ ਭਗਤ ਸਿੰਘ ਵੱਡਿਆਂ ਨੂੰ ਮੱਥਾ ਟੇਕਣਾ ਤੇ ਹਾਣੀਆਂ ਨੂੰ ਨਮਸਤੇ ਲਿਖਦਾ ਸੀ, ਪਰ ਇਹ ਚਿੱਠੀ ਗੁਰਮੁਖੀ ਵਿਚ ਲਿਖੀ ਹੋਣ ਕਾਰਨ ਸ਼ਾਇਦ, ਉਸ ਨੇ ਸਤਿ ਸਿਰੀ ਅਕਾਲ ਜਾਂ ਨਮਸਤੇ ਲਿਖਿਆ ਜਾਪਦਾ ਹੈ। ਸਤਿ ਸਿਰੀ ਅਕਾਲ ਪਹਿਲਾਂ ਤੇ ਨਮਸਤੇ ਪਿੱਛੋਂ।

ਇਕ ਪੜਾਅ ’ਤੇ ਨਾਮਧਾਰੀ ਬਾਬਾ ਰਾਮ ਸਿੰਘ ਵੱਲੋਂ ਇਨਕਲਾਬ ਦਾ ਝੰਡਾ ਚੁੱਕਣ ਸਮੇਂ 1928 ਦੇ ਫਰਵਰੀ ਮਹੀਨੇ ਜਿਹੜੀ ਚਿੱਠੀ ਭਗਤ ਸਿੰਘ ਨੇ ਦੇਵਨਾਗਰੀ ਅੱਖਰਾਂ ਵਿਚ ਹਿੰਦੀ ਰਸਾਲੇ ‘ਮਹਾਂਰਥੀ’ ਨੂੰ ਲਿਖੀ ਉਸ ਦੇ ਸ਼ੁਰੂ ਵਿਚ ‘ਲਾਹੌਰ’ ਅਤੇ ਅੰਤ ਵਿਚ ‘ਬੀ.ਐੱਸ. ਸੰਧੂ’ (ਦਸਤਖ਼ਤ) ਹੀ ਰੋਮਨ ਅੱਖਰਾਂ ਵਿਚ ਹਨ, ਵਰਨਾ ਇਸ ਵਿਚ ਸ੍ਰੀਮਾਨ ਮਹੋਦਯਾ, ਸੌਂਦਰਯ, ਸ਼ੋਰਯ, ਮਹਾਸ਼ਯ, ਯਥਾ, ਨਿਵੇਦਕ ਆਦਿ ਸ਼ਬਦ ਸ਼ੁੱਧ ਹਿੰਦੀ ਦੇ ਹਨ। ਪਤਾ ਲੱਗਦਾ ਹੈ ਕਿ ਭਗਤ ਸਿੰਘ ਨੂੰ ਹਿੰਦੀ, ਪੰਜਾਬੀ, ਉਰਦੂ ਤੇ ਅੰਗਰੇਜ਼ੀ ਲਈ ਵਰਤੀ ਜਾਂਦੀ ਲਿਪੀ ਵੀ ਆਉਂਦੀ ਸੀ ਤੇ ਭਾਸ਼ਾ ’ਤੇ ਵੀ ਅਬੂਰ ਹਾਸਲ ਸੀ।

ਇਕ ਚਿੱਠੀ ਵਿਚ ਭਗਤ ਸਿੰਘ ਦਾ ਪ੍ਰੀਤ ਫ਼ਲਸਫ਼ਾ ਵੀ ਨੋਟ ਕਰਨ ਵਾਲਾ ਹੈ। ‘ਪਿਆਰ ਆਪਣੇ ਆਪ ਵਿਚ ਇਕ ਉਤਸ਼ਾਹੀ ਜਜ਼ਬਾ ਹੈ। ਇਹ ਪਸ਼ੂ-ਬਿਰਤੀ ਨਹੀਂ, ਬਹੁਤ ਮਿੱਠੀ ਮਨੁੱਖੀ ਭਾਵਨਾ ਹੈ। ਪਿਆਰ ਹਮੇਸ਼ਾਂ ਬੰਦੇ ਦੇ ਚਰਿੱਤਰ ਨੂੰ ਉੱਚਾ ਚੁੱਕਦਾ ਹੈ, ਕਦੇ ਵੀ ਹੇਠਾਂ ਨਹੀਂ ਸੁੱਟਦਾ: ਬਸ਼ਰਤੇ ਕਿ ਪਿਆਰ ਪਿਆਰ ਹੋਵੇ।’ ਇਹੀਓ ਕਾਰਨ ਹੈ ਕਿ ਜਦੋਂ ਭਗਤ ਸਿੰਘ ਦੇ ਵਿਆਹ ਦੀ ਗੱਲ ਤੁਰੀ ਤਾਂ ਉਹ ਹੇਠ ਲਿਖੀ ਚਿੱਠੀ ਪਿਤਾ ਕਿਸ਼ਨ ਸਿੰਘ ਦੇ ਕਮਰੇ ਵਿਚ ਛੱਡ ਕੇ ਕਾਨਪੁਰ ਨੂੰ ਤੁਰ ਗਿਆ ਸੀ:

‘ਮੇਰੀ ਜ਼ਿੰਦਗੀ ਵੱਡੇ ਉਦੇਸ਼, ਭਾਵ ਹਿੰਦੋਸਤਾਨ ਦੀ ਆਜ਼ਾਦੀ ਲਈ ਦਾਨ ਹੋ ਚੁੱਕੀ ਹੈ। ਮੈਨੂੰ ਜੀਵਨ ਦੇ ਆਰਾਮ ਤੇ ਦੁਨਿਆਵੀ ਖਾਹਸ਼ਾਂ ਨਾਲ ਕੋਈ ਲਗਾਅ ਨਹੀਂ ਰਿਹਾ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਮੈਂ ਨਿੱਕਾ ਜਿਹਾ ਸਾਂ ਤਾਂ ਬਾਪੂ ਜੀ ਨੇ ਮੇਰੀ ਯਗੋਪਵੀਤ ਦੀ ਰਸਮ ਵੇਲੇ ਐਲਾਨ ਕੀਤਾ ਸੀ ਕਿ ਮੈਨੂੰ ਦੇਸ਼ ਸੇਵਾ ਲਈ ਅਰਪਿਤ ਕਰ ਦਿੱਤਾ ਗਿਆ ਹੈ। ਮੈਂ ਉਸ ਦੀ ਪ੍ਰਤਿੱਗਿਆ ਕਰ ਰਿਹਾ ਹਾਂ। ਆਸ ਹੈ ਤੁਸੀਂ ਮੈਨੂੰ ਮੁਆਫ਼ ਕਰੋਗੇ।’

ਕਾਨਪੁਰ ਜਾ ਕੇ ਉਸ ਨੇ ਆਪਣਾ ਨਾਂ ਬਲਵੰਤ ਦੱਸ ਕੇ ਪ੍ਰਤਾਪ ਪ੍ਰੈੱਸ ਵਿਚ ਰੋਟੀ ਪਾਣੀ ਜੋਗੀ ਤਨਖ਼ਾਹ ’ਤੇ ਕੰਮ ਕੀਤਾ। ਜੇ ਪ੍ਰੈੱਸ ਵਾਲਿਆਂ ਨੂੰ ਪਤਾ ਲੱਗ ਜਾਂਦਾ ਕਿ ਉਹ ਕਿਸ਼ਨ ਸਿੰਘ ਦਾ ਪੁੱਤ ਤੇ ਅਜੀਤ ਸਿੰਘ ਦਾ ਭਤੀਜਾ ਹੈ ਤਾਂ ਉਨ੍ਹਾਂ ਨੇ ਤੁਰੰਤ ਇਹ ਖ਼ਬਰ ਭਗਤ ਸਿੰਘ ਦੇ ਮਾਪਿਆਂ ਨੂੰ ਦੇ ਦੇਣੀ ਸੀ। ਪਤਾ ਲੱਗਣ ’ਤੇ ਜਦੋਂ ਕਿਸ਼ਨ ਸਿੰਘ ਵੱਲੋਂ ਕਾਨਪੁਰ ਭੇਜੇ ਬੰਦਿਆਂ ਨੂੰ ਵੀ ਪੱਲਾਂ ਨਾ ਫੜਾਇਆ ਤਾਂ ਪਿਤਾ ਨੂੰ ਭਗਤ ਸਿੰਘ ਦੀ ਦਾਦੀ ਦੀ ਬਿਗੜ ਰਹੀ ਸਿਹਤ ਬਾਰੇ ਪ੍ਰੈੱਸ ਵਿਚ ਵਾਸਤਾ ਪਾ ਕੇ ਉਸ ਨੂੰ ਵਾਪਸ ਲਾਹੌਰ ਸੱਦਣਾ ਪਿਆ।

ਫਿਕ ਇਕ ਪੜਾਅ ’ਤੇ ਸੁਖਦੇਵ ਦੇ ਮਨ ਵਿਚ ਆਏ ਭਰਮਾਂ ਅਤੇ ਸ਼ੰਕਿਆਂ ਦੀ ਨਵਿਰਤੀ ਲਈ ਉਸ ਨੂੰ ਲਿਖਦਾ ਹੈ: ‘ਸਾਡਾ ਮੋਟੋ ਸੇਵਾ ਭਾਵਨਾ ਨਾਲ ਮੁਸੀਬਤ ਤੇ ਕੁਰਬਾਨੀ ਸਹਿਣਾ ਹੈ। ...ਜਿਹੜੇ ਲੋਕ ਮੌਤ ਦੀ ਸਜ਼ਾ ਤੋਂ ਡਰਦੇ ਹਨ, ਉਹ ਭੁੱਲ ਜਾਂਦੇ ਹਨ ਕਿ ਜਿਹੜੀ ਮੌਤ ਅਸੀਂ ਚੁਣੀ, ਕਿੰਨੀ ਖ਼ੂਬਸੂਰਤ ਹੋਵੇਗੀ। ...ਮੁਸੀਬਤ ਹੀ ਮਨੁੱਖ ਨੂੰ ਮੁਸ਼ਕਿਲ ਸਹਿਣਾ ਸਿਖਾਉਂਦੀ ਹੈ। ਸਾਡੇ ਵਿਚੋਂ ਕਿਸੇ ਨੇ ਵੀ ਹਾਲੇ ਤੱਕ ਕਸ਼ਟ ਨਹੀਂ ਭੋਗਿਆ।

ਜੇਲ੍ਹ ਤਾਂ ਕੁਝ ਵੀ ਨਹੀਂ। ਸਾਡੀ ਜ਼ਿੰਦਗੀ ਦਾ ਅਸਲ ਹਿੱਸਾ ਤਾਂ ਇੱਥੋਂ ਸ਼ੁਰੂ ਹੋਵੇਗਾ?’ ਇਹ ਵੀ ਲਿਖਿਆ ਹੈ ਕਿ ਉਹ ਤਾਂ ਆਪਣੀ ਜ਼ਿੰਦਗੀ ਦਾ ਵੱਧ ਤੋਂ ਵੱਧ ਮੁੱਲ ਵੱਟਣਾ ਚਾਹੁੰਦਾ ਹੈ।

ਇਕ ਪੜਾਅ ’ਤੇ ਪਿਤਾ ਨੂੰ ਡੋਲਿਆ ਵੇਖ ਉਹ ਇੱਥੋਂ ਤਕ ਲਿਖ ਦਿੰਦਾ ਹੈ: ‘ਜੇ ਕੋਈ ਹੋਰ ਸ਼ਖ਼ਸ ਤੁਹਾਡੇ ਵਾਲੀ ਅਵਸਥਾ ਵਿਚ ਮੇਰੇ ਸਾਹਮਣੇ ਆਉਂਦਾ ਤਾਂ ਮੈਂ ਉਸ ਨੂੰ ਗ਼ੱਦਾਰੀ ਤੋਂ ਘੱਟ ਖਿਆਲ ਨਾ ਕਰਦਾ, ਪਰ ਹਾਲ ਦੀ ਘੜੀ ਇਹੀ ਕਹਾਂਗਾ ਕਿ ਇਹ ਕਮਜ਼ੋਰੀ ਹੈ, ਬਦਤਰੀਨ ਕਿਸਮ ਦੀ ਕਮਜ਼ੋਰੀ। ਤੁਸੀਂ ਖ਼ੁਦ ਆਪਣੀ ਸਾਰੀ ਜ਼ਿੰਦਗੀ ਸੁਤੰਤਰਤਾ ਲਈ ਲੜਦਿਆਂ ਲੰਘਾ ਦਿੱਤੀ ਤੇ ਹੁਣ ਇਸ ਮੋੜ ’ਤੇ ਏਨੇ ਕਮਜ਼ੋਰ ਕਿਉਂ ਹੋ?’

ਫਾਂਸੀ ਤੋਂ ਪਹਿਲਾਂ 22 ਮਾਰਚ, 1931 ਵਾਲੀ ਉਸ ਚਿੱਠੀ ਦੇ ਕੁਝ ਅੰਸ਼, ਜਿਹੜੀ ਉਸ ਨੇ ਸਾਥੀਆਂ ਨੂੰ ਲਿਖੀ ਬਹੁਤ ਧਿਆਨ ਮੰਗਦੇ ਹਨ: ‘ਜਿਉਂਦੇ ਰਹਿਣ ਦੀ ਖਾਹਿਸ਼ ਕੁਦਰਤੀ ਹੈ। ਮੈਨੂੰ ਵੀ ਹੈ ...ਪਰ ਮੈਂ ਕੈਦ ਹੋ ਕੇ ਜਾਂ ਪਾਬੰਦ ਹੋ ਕੇ ਜਿਉਣਾ ਨਹੀਂ ਚਾਹੁੰਦਾ ...ਇਨਕਲਾਬੀਆਂ ਦੀਆਂ ਕੁਰਬਾਨੀਆਂ ਨੇ ਮੈਨੂੰ ਬਹੁਤ ਉੱਚਾ ਕਰ ਦਿੱਤਾ ਹੈ। ਏਨਾ ਉੱਚਾ ਕਿ ਜਿਉਂਦੇ ਰਹਿ ਕੇ ਮੈਂ ਇਸ ਤੋਂ ਉੱਚਾ ਕਦੇ ਨਹੀਂ ਹੋ ਸਕਦਾ। ...ਮੇਰੇ ਹੱਸਦਿਆਂ-ਹੱਸਦਿਆਂ ਫਾਂਸੀ ਚੜ੍ਹਨ ਨਾਲ ਹਿੰਦੋਸਤਾਨੀ ਮਾਵਾਂ ਆਪਣੇ ਬੱਚਿਆਂ ਦੇ ਭਗਤ ਸਿੰਘ ਬਣਨ ਦੀ ਕਾਮਨਾ ਕਰਨਗੀਆਂ ਅਤੇ ਆਜ਼ਾਦੀ ਲਈ ਕੁਰਬਾਨ ਹੋਣ ਵਾਲਿਆਂ ਦੀ ਗਿਣਤੀ ਏਨੀ ਵਧ ਜਾਵੇਗੀ ਕਿ ਇਨਕਲਾਬ ਨੂੰ ਰੋਕਣਾ ਸਾਮਰਾਜਵਾਦ ਦੀਆਂ ਕੁੱਲ ਸ਼ੈਤਾਨੀ ਤਾਕਤਾਂ ਦੇ ਵੱਸ ਦੀ ਗੱਲ ਨਹੀਂ ਰਹੇਗਾ ...ਮੈਥੋਂ ਵੱਧ ਖੁਸ਼ਕਿਸਮਤ ਕੌਣ ਹੈ? ਮੈਨੂੰ ਅੱਜ ਆਪਣੇ ਆਪ ਉੱਤੇ ਬਹੁਤ ਨਾਜ਼ ਹੈ। ਬਹੁਤ ਬੇਤਾਬੀ ਨਾਲ ਆਖ਼ਰੀ ਇਮਤਿਹਾਨ ਦੀ ਉਡੀਕ ਹੈ। ਆਰਜ਼ੂ ਹੈ- ਉਹ ਲਮਹਾ ਤੁਰੰਤ ਆਵੇ।’

ਸਤਨਾਮ ਚਾਨਾ ਆਪਣੀ ਪੁਸਤਕ ਵਿਚ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀ ਸ਼ਹੀਦੀ ਦੀਆਂ ਜੜ੍ਹਾਂ ਵਿਚ ਰਚੀ ਹੋਈ ਮਾਨਸਿਕਤਾ ’ਤੇ ਚਾਨਣਾ ਪਾਉਂਦਾ ਹੈ। ਖ਼ਾਸ ਕਰਕੇ ਸਾਂਡਰਸ ਦੇ ਕਤਲ ਅਤੇ ਅਸੈਂਬਲੀ ਵਿਚ ਬੰਬ ਕਾਂਡਾਂ ਬਾਰੇ। ਸਾਂਡਰਸ ਦੀ ਹੱਤਿਆ ਕੇਵਲ ਏਸ ਲਈ ਨਹੀਂ ਸੀ ਕੀਤੀ ਗਈ ਕਿ ਪੁਲੀਸ ਵੱਲੋਂ ਮਾਰੇ ਗਏ ਡੰਡਿਆਂ ਕਾਰਨ ਲਾਲਾ ਲਾਜਪਤ ਰਾਏ ਦੀ ਜਾਨ ਚਲੀ ਗਈ ਸੀ। ਇਸ ਨੂੰ ਇਕ ਬੰਦੇ ਦੀ ਹੱਤਿਆ ਦਾ ਬਦਲਾ ਨਹੀਂ ਮੰਨਣਾ ਚਾਹੀਦਾ। ਲਾਜਪਤ ਰਾਏ ਹਿੰਦੋਸਤਾਨੀਆਂ ’ਤੇ ਫਿਰੰਗੀਆਂ ਵੱਲੋਂ ਢਾਹੇ ਜਾ ਰਹੇ ਜ਼ੁਲਮਾਂ ਤੇ ਵਧੀਕੀਆਂ ਦਾ ਪ੍ਰਤੀਕ ਸੀ ਤੇ ਸਾਂਡਰਸ ਫਿਰੰਗੀਆਂ ਦਾ। ਇਹੀਓ ਕਾਰਨ ਹੈ ਕਿ ਭਗਤ ਸਿੰਘ ਤੇ ਉਸ ਦੇ ਸਾਥੀ ਲਾਲਾ ਜੀ ਦੀ ਸੋਚ ਨਾਲ ਡੂੰਘੇ ਮਤਭੇਤ ਰੱਖਣ ਦੇ ਬਾਵਜੂਦ ਉਸ ਨੂੰ ਆਪਣਾ ਪਿਤਾ ਮੰਨਦੇ ਸਨ ਤੇ ਸਾਂਡਰਸ ਦੀ ਹੱਤਿਆ ਕਰ ਕੇ ਉਨ੍ਹਾਂ ਨੇ ਕੇਵਲ ਆਪਣੇ ਪਿਤਾ ਦੀ ਹੱਤਿਆ ਦਾ ਉਲਾਂਭਾ ਨਹੀਂ ਸੀ ਲਾਹਿਆ। ਬਰਤਾਨਵੀ ਹਾਕਮਾਂ ਵੱਲੋਂ ਹਿੰਦੋਸਤਾਨੀਆਂ ਨੂੰ ਦਬਾਏ ਤੇ ਕੁਚਲੇ ਜਾਣ ਦਾ ਬਦਲਾ ਲਿਆ ਸੀ। ਇਹੀਓ ਕਾਰਨ ਹੈ ਕਿ ਜਦੋਂ ਰਾਜਗੁਰੂ ਨੇ ਸਾਂਡਰਸ ਦੀ ਲਾਸ਼ ਨੂੰ ਦੇਖ ਕੇ ਉਦਾਸ ਹੋ ਕੇ ਸਾਂਡਰਸ ਨੂੰ ਬਹੁਤ ਸੋਹਣਾ ਗੱਭਰੂ ਕਿਹਾ ਸੀ ਤਾਂ ਭਗਤ ਸਿੰਘ ਦੇ ਮੂੰਹ ਤੋਂ ਇਕ ਵਾਕ ਨਿਕਲਿਆ, ‘‘ਬਹੁਤੀ ਜ਼ਹਿਰ ਵਾਲੇ ਸੱਪ ਦੂਜੇ ਸੱਪਾਂ ਨਾਲੋਂ ਸੋਹਣੇ ਹੁੰਦੇ ਹਨ।’’

ਏਸੇ ਤਰ੍ਹਾਂ ਚਾਨਾ ਨੇ ਅਸੈਂਬਲੀ ਵਿਚ ਸੁੱਟੇ ਬੰਬ ਨੂੰ ਉਨ੍ਹਾਂ ਬੰਬਾਂ ਵਰਗਾ ਨਹੀਂ ਕਿਹਾ, ਜਿਹੜੇ ਦਿੱਲੀ ਦੇ ਚਾਂਦਨੀ ਚੌਕ ਵਿਚੋਂ ਲੰਘ ਰਹੇ ਲਾਰਡ ਹਾਰਡਿੰਗ ’ਤੇ ਜਾਂ ਵਾਇਸਰਾਇ ਵੱਲੋਂ ਰੇਲ ਦਾ ਸਫ਼ਰ ਕਰਨ ਸਮੇਂ ਰੇਲ ਗੱਡੀ ਦੇ ਇਕ ਡੱਬੇ ਨੂੰ ਤਬਾਹ ਕਰ ਗਏ ਸਨ। ਉਹ ਅਸੈਂਬਲੀ ਵਾਲੇ ਬੰਬ ਨੂੰ ਅਜਿਹਾ ਅਹਿੰਸਕ ਬੰਬ ਕਹਿੰਦਾ ਹੈ, ਜਿਸ ਨੇ ਲੋਕ ਭਾਵਨਾਵਾਂ ਦਾ ਬਿੰਬ ਬਣ ਕੇ ਸਾਰੇ ਹਿੰਦੋਸਤਾਨ ਨੂੰ ਸੁਤੰਤਰ ਹੋਣ ਲਈ ਪੱਬਾਂ ਭਾਰ ਖੜ੍ਹਾ ਕੀਤਾ। ਖੂਬੀ ਇਹ ਕਿ ਇਸ ਤੋਂ ਪਿੱਛੋਂ ਸੰਗਰਾਮੀਆਂ ਦੇ ਪੱਲੇ ਉਸ ਮਾਇਆ ਦੀ ਵੀ ਵਰਖਾ ਹੋਈ, ਜਿਸ ਲਈ ਉਨ੍ਹਾਂ ਨੂੰ ਬੈਂਕ ਡਾਕੇ ਮਾਰਨੇ ਪੈਂਦੇ ਸਨ। ਇਹ ਮਾਇਆ ਉਨ੍ਹਾਂ ਨੂੰ ਬੰਬ ਬਣਾਉਣ ਦੇ ਟਿਕਾਣਿਆਂ ਲਈ ਚਾਹੀਦੀ ਹੁੰਦੀ ਸੀ।

ਭਗਤ ਸਿੰਘ ਦੇ ਛੋਟੇ ਭਾਈ ਰਣਬੀਰ ਸਿੰਘ ਵੱਲੋਂ ਲਿਖੇ ਤੇ ਸੰਭਾਲੇ ਨੋਟਾਂ ਦਾ ‘ਸਰਦਾਰ ਭਗਤ ਸਿੰਘ ਦੀ ਜੀਵਨੀ’ ਨਾਂ ਦੇ ਪੁਸਤਕ ਰੂਪ ਵਿਚ ਪ੍ਰਕਾਸ਼ਿਤ ਹੋਣ ਤੋਂ ਪਿੱਛੋਂ ਪਤਾ ਲੱਗਦਾ ਹੈ ਕਿ ਸੁਤੰਤਰਤਾ ਸੰਗਰਾਮੀਆਂ ਨੇ ਕੇਵਲ ਬੈਂਕ ਹੀ ਨਹੀਂ ਲੁੱਟੇ, ਆਮ ਜਨਤਾ ਨੂੰ ਲੋਕ ਲਹਿਰਾਂ ਤੋਂ ਵੀ ਜਾਗ੍ਰਿਤ ਕੀਤਾ ਤੇ ਥਾਂ ਪਰ ਥਾਂ ਬੰਬ ਬਣਾਏ ਤੇ ਇਸ ਮੰਤਵ ਲਈ ਇਕ ਤਰ੍ਹਾਂ ਦੀਆਂ ਬੰਬ ਫੈਕਟਰੀਆਂ ਵੀ ਲਾਈਆਂ। ਲੋਕਗੀਤ ਪ੍ਰਕਾਸ਼ਨ ਵਾਲੇ ਹਰੀਸ਼ ਜੈਨ ਵੱਲੋਂ ਰਣਬੀਰ ਸਿੰਘ ਦੇ ਉਰਦੂ ਵਿਚ ਲਿਖੇ ਨੋਟਾਂ ਦਾ ਪੰਜਾਬੀ ਉਲੱਥਾ ਕਰਵਾ ਕੇ ਇਸ ਨੂੰ ਪੁਸਤਕ ਰੂਪ ਦੇਣਾ ਇਕ ਬਹੁਤ ਵਡਮੁੱਲੀ ਸਮੱਗਰੀ ਨੂੰ ਆਮ ਜਨਤਾ ਤਕ ਪਹੁੰਚਾਉਣਾ ਹੈ। ਇਸ ਵਿਚ ਲਾਲਾ ਲਾਜਪਤ ਰਾਏ, ਚੰਦਰ ਸ਼ੇਖਰ ਆਜ਼ਾਦ, ਖੁਦੀ ਰਾਮ ਬੋਸ, ਰਾਮ ਪ੍ਰਸਾਦ ਬਿਸਮਲ, ਠਾਕਰ ਰੋਸ਼ਨ ਸਿੰਘ, ਅਸ਼ਫਾਕਉੱਲਾ, ਲੋਕਮਾਨੀਆ ਤਿਲਕ, ਗੜਗੱਜ, ਸੂਫ਼ੀ ਅੰਬਾ ਪ੍ਰਸਾਦ, ਆਨੰਦ ਕਿਸ਼ੋਰ, ਅਰਜਣ ਸਿੰਘ, ਅਜੀਤ ਸਿੰਘ, ਕਿਸ਼ਨ ਸਿੰਘ ਵਰਗੇ ਉੱਚ ਦੁਮਾਲੜੇ ਜਾਂਬਾਜ਼ਾਂ ਬਾਰੇ ਹੀ ਟਿੱਪਣੀਆਂ ਨਹੀਂ, ਉਸ ਸਮੇਂ ਦੀ ਗ਼ਦਰ ਪਾਰਟੀ ਲਹਿਰ, ਖਿ਼ਲਾਫ਼ਤ ਲਹਿਰ, ਨਾਮਿਲਵਰਤਣ ਲਹਿਰ, ਗੁਰਦੁਆਰਾ ਲਹਿਰ ਅਤੇ ਸਮੇਂ ਦੀਆਂ ਸ਼ਾਨਾਮੱਤੀਆਂ ਕਾਨਫਰੰਸਾਂ ਉੱਤੇ ਵੀ ਉਸਾਰੂ ਟਿੱਪਣੀਆਂ ਮਿਲਦੀਆਂ ਹਨ। ਇਸ ਵਿਚ ਰਾਮ ਪ੍ਰਸਾਦ ਬਿਸਮਲ ਦੀ ‘ਸਰਫ਼ਰੋਸ਼ੀ ਕੀ ਤਮੰਨਾ’ ਵਾਲੀ ਨਜ਼ਮ ਹੀ ਨਹੀਂ ‘ਅਲਵਿਦਾ’ ਨਾਂ ਦੀ ਸੋਲਾਂ ਬੰਦਾਂ ਵਾਲੀ ਵੱਡੀ ਕਵਿਤਾ ਵੀ ਦਰਜ ਹੈ, ਜਿਸ ਦਾ ਇਕ ਬੰਦ ਇਹ ਹੈ:

ਦਰਦਮੰਦੋਂ ਸੇ ਮੁਸੀਬਤ ਕੀ ਹਲਾਵਤ ਪੂਛੋ

ਮਿਟਨੇ ਵਾਲੋਂ ਸੇ ਜ਼ਰਾ ਲੁਤਫ਼ ਏ ਸ਼ਹਾਦਤ ਪੂਛੋ

ਚਸ਼ਮ ਏ ਮੁਸ਼ਤਾਕ ਸੇ ਕੁਛ ਦੀਦ ਕੀ ਹਸਰਤ ਪੂਛੋ

ਕੁਸ਼ਤਾ ਏ ਨਾਸ਼ ਸੇ ਠੋਕਰ ਕੀ ਹਲਾਵਤ ਪੂਛੋ

ਸੋਜ਼ ਕਹਿਤੇ ਹੈਂ ਜਿਸੇ, ਪੂਛੋ ਤੋ ਪਰਵਾਨੇ ਸੇ

ਇਸ ਵਿਚ ਸਮੇਂ ਦੇ ਵੱਡੇ ਸ਼ਾਇਰ ਲਾਲਾ ਲਾਲ ਚੰਦ ਫਲਕ ਦੀ ‘ਤੂ ਭੀ ਬਦਲ ਫਲਕ ਕਿ ਜ਼ਮਾਨਾ ਬਦਲ ਗਿਆ’ ਵਾਲੀ ਉਹ ਨਜ਼ਮ ਵੀ ਸ਼ਾਮਲ ਹੈ, ਜਿਹੜੀ ਭਗਤ ਸਿੰਘ ਅਕਸਰ ਗੁਣਗੁਣਾਉਂਦਾ ਰਹਿੰਦਾ ਸੀ। ਪੁਸਤਕ ਵਿਚ ਆਰਟ ਪੇਪਰ ਦੇ 16 ਪੰਨਿਆਂ ਵਿਚ 43 ਤਸਵੀਰਾਂ ਵੀ ਹਨ, ਜਿਨ੍ਹਾਂ ਵਿਚ ਭਗਤ ਸਿੰਘ ਦੇ ਪਰਿਵਾਰਕ ਮੈਂਬਰਾਂ ਤੋਂ ਬਿਨਾਂ ਸ਼ਹੀਦ ਊਧਮ ਸਿੰਘ ਤੇ ਹਸਪਤਾਲ ਵਿਚ ਪਏ ਬਟੁਕੇਸ਼ਵਰ ਦੱਤ ਕੋਲ ਖੜ੍ਹੀ ਉਸ ਦੀ ਗ਼ਮਜ਼ਦਾ ਪਤਨੀ ਤੇ ਪੁੱਤਰੀ ਦੀ ਤਸਵੀਰ ਵੀ ਸ਼ਾਮਲ ਹੈ। ਇਹ ਪੁਸਤਕ ਜਾਣਕਾਰੀ ਦੇ ਪੱਖ ਤੋਂ ਸਭ ਤੋਂ ਉੱਤਮ ਤੇ ਅਸਲੀ ਕਹੀ ਜਾ ਸਕਦੀ ਹੈ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਬਟੁਕੇਸ਼ਵਰ ਦੱਤ ਨੇ ਮਰਦੇ ਦਮ ਤਕ ਇਹ ਸੂਹ ਨਹੀਂ ਦਿੱਤੀ ਕਿ ਅਸੈਂਬਲੀ ਵਿਚ ਦਾਖਲ ਹੋਣ ਲਈ ਉਨ੍ਹਾਂ ਨੂੰ ਪਾਸ ਕਿਸ ਵਿਅਕਤੀ ਨੇ ਦਿਵਾਏ ਸਨ। ਆਪਣੀ ਪਤਨੀ ਤੇ ਪੁੱਤਰੀ ਨੂੰ ਵੀ ਨਹੀਂ।

ਭਗਤ ਸਿੰਘ ਦੇ ਮਾਨਵੀ ਗੁਣਾਂ, ਭਰਪੂਰ ਪ੍ਰਤਿਭਾ ਤੇ ਸਿਆਸੀ, ਸਮਾਜਿਕ ਮਿਸ਼ਰਣ ਨੂੰ ਇਕ ਲੇਖ ਵਿਚ ਕੈਦ ਕਰਨਾ ਸੰਭਵ ਨਹੀਂ। ਉਸ ਦੇ ਧੁਰ ਅੰਦਰ ਤਕ ਭਰੀ ਉਸ ਦੀ ਚੰਚਲਤਾ, ਚੁਲਬੁਲਾਪਣ, ਸ਼ਰਾਰਤ, ਸੰਜੀਦਗੀ, ਸਿਰੜ, ਤਰਕ, ਨਿਆਂ ਤੇ ਕਲਾ ਭਾਵਨਾ ਨੂੰ ਸ਼ਬਦਾਂ ਵਿਚ ਬੰਨ੍ਹਣਾ ਅਸੰਭਵ ਹੈ। ਉਸ ਦੇ ਵਿਅਕਤੀਤਵ ਤੋਂ ਇਨ੍ਹਾਂ ਵਿਚੋਂ ਕੋਈ ਵੀ ਗੁਣ ਕੱਢ ਲਈਏ ਤਾਂ ਭਗਤ ਸਿੰਘ ਸ਼ਹੀਦ-ਏ-ਆਜ਼ਮ ਤਾਂ ਬਣਿਆ ਰਹਿੰਦਾ ਹੈ, ਭਗਤ ਸਿੰਘ ਨਹੀਂ ਰਹਿੰਦਾ। ਜੇਲ੍ਹ ਦੀ ਕਾਲ-ਕੋਠੜੀ ਵਿਚ ਵੀ ਆਪਣੇ ਰਿਸ਼ਤੇਦਾਰਾਂ ਕੋਲੋਂ ਵਿਕਟਰ ਦੇ ਬੂਟ, ਚਿੱਟੀ ਪਾਲਸ਼, ਸ਼ੇਕਸਪੀਅਰੀ ਕਾਲਰਾਂ ਵਾਲੀ ਅੱਧੀਆਂ ਬਾਹਾਂ ਦੀ ਕਮੀਜ਼, ਕੁਇੰਕ ਸਿਆਹੀ ਦੀ ਦਵਾਤ ਮੰਗਦੇ ਰਹਿਣ ਵਾਲਾ ਸੰਪੂਰਨ ਮਾਨਵ, ਸੰਪੂਰਨ ਚਿੰਤਕ ਤੇ ਸੰਪੂਰਨ ਕ੍ਰਾਂਤੀਕਾਰੀ ਸੀ ਭਗਤ ਸਿੰਘ। ਉਸ ਨੇ ਸਕੂਲੀ ਵਿੱਦਿਆ ਸਮੇਂ ਆਪਣੇ ਪਾਠਕ੍ਰਮ ਤੋਂ ਬਿਨਾਂ 50 ਕਿਤਾਬਾਂ, ਕਾਲਜ ਦੀ ਵਿੱਦਿਆ ਸਮੇਂ 200 ਤੇ ਜੇਲ੍ਹ ਦੇ ਦੋ ਸਾਲਾਂ ਵਿਚ 300 ਕਿਤਾਬਾਂ ਪੜ੍ਹੀਆਂ।

ਕੀ ਤੁਸੀਂ ਜਾਣਦੇ ਹੋ ਕਿ ਜੇਲ੍ਹ ਵਿਚ ਜਿਹੜਾ ਬੰਦਾ ਉਸ ਨੂੰ ਖਾਣਾ ਖੁਆਉਂਦਾ ਤੇ ਉਸ ਦੀ ਕਾਲ-ਕੋਠੜੀ ਦਾ ਗੰਦ-ਮੰਦ ਚੁੱਕਦਾ ਸੀ, ਉਸ ਨੂੰ ਉਹ ਬੇਬੇ (ਮਾਂ) ਕਹਿੰਦਾ ਸੀ। ਇਕ ਵਾਰੀ ਉਸ ਨੇ ਆਪਣੀ ਇਸ ਬੇਬੇ ਦੇ ਹੱਥਾਂ ਦੀ ਬਣੀ ਹੋਈ ਰੋਟੀ ਖਾਣ ਦੀ ਜ਼ਿੱਦ ਕੀਤੀ ਤਾਂ ਉਸ ਨੇ ਆਪਣੇ ਹੱਥਾਂ ਨੂੰ ਗੰਦ-ਮੰਦ ਸਾਫ਼ ਕਰਨ ਵਾਲੇ ਕਹਿ ਕੇ ਮੁਆਫ਼ੀ ਮੰਗਣੀ ਚਾਹੀ। ਉਸ ‘ਬੇਬੇ’ ਨੂੰ ਭਗਤ ਸਿੰਘ ਦਾ ਮੋੜਵਾਂ ਉੱਤਰ ਸੀ, ‘ਮੈਨੂੰ ਜਨਮ ਦੇਣ ਵਾਲੀ ਬੇਬੇ ਵੀ ਮੇਰਾ ਮਲ-ਮੂਤਰ ਧੋਂਦੀ ਤੇ ਰੋਟੀ ਦਿੰਦੀ ਰਹੀ ਹੈ।’ ਜੇਲ੍ਹ ਵਾਲੀ ਬੇਬੇ ਨੂੰ ਭਗਤ ਸਿੰਘ ਦੀ ਇੱਛਾ ਪੂਰੀ ਕਰਨੀ ਪਈ।

ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਦੇ ਸੁਤੰਤਰਤਾ ਦਿਵਸ ਸਮੇਂ ਉਸ ਬਹੁਰੰਗੀ ਤੇ ਬਹੁਪੱਖੀ ਹਸਤੀ ਨੂੰ ਯਾਦ ਕਰਨਾ ਉਸ ਜਮਹੂਰੀਅਤ ਨੂੰ ਚੇਤੇ ਕਰਨਾ ਹੈ, ਜਿਸ ਨੂੰ ਅੱਜ ਦੇ ਦਿਨ ਇਕ ਰਾਸ਼ਟਰ, ਇਕ ਭਾਸ਼ਾ ਤੇ ਇਕ ਧਾਰਨਾ ਵਿਚ ਕੈਦ ਕਰਨ ਦੇ ਸਿਰਤੋੜ ਯਤਨ ਹੋ ਰਹੇ ਹਨ।

***

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All