ਕਾਨ ਵਿੱਚ ਮੁਕਾਬਲੇ ਲਈ ਚੁਣੀ ਗਈ ‘ਸ਼ੈਡੋਜ਼ ਆਫ ਦਿ ਮੂਨਲੈੱਸ ਨਾਈਟਸ’
ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ (ਐੱਫ ਟੀ ਆਈ ਆਈ) ਦੀ ਵਿਦਿਆਰਥਣ ਮਿਹਰ ਮਲਹੋਤਰਾ ਦੀ ਲਘੂ ਫਿਲਮ ‘ਸ਼ੈਡੋਜ਼ ਆਫ ਦਿ ਮੂਨਲੈੱਸ ਨਾਈਟਸ’ ਨੂੰ 2026 ਦੇ ਕਾਨ ਫਿਲਮ ਫੈਸਟੀਵਲ ਦੇ ‘ਲਾ ਸਿਨੇਫ’ ਮੁਕਾਬਲੇ ਵਾਲੇ ਵਰਗ ਲਈ ਚੁਣਿਆ ਗਿਆ ਹੈ। ਮਿਹਰ ਮਲਹੋਤਰਾ...
ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ (ਐੱਫ ਟੀ ਆਈ ਆਈ) ਦੀ ਵਿਦਿਆਰਥਣ ਮਿਹਰ ਮਲਹੋਤਰਾ ਦੀ ਲਘੂ ਫਿਲਮ ‘ਸ਼ੈਡੋਜ਼ ਆਫ ਦਿ ਮੂਨਲੈੱਸ ਨਾਈਟਸ’ ਨੂੰ 2026 ਦੇ ਕਾਨ ਫਿਲਮ ਫੈਸਟੀਵਲ ਦੇ ‘ਲਾ ਸਿਨੇਫ’ ਮੁਕਾਬਲੇ ਵਾਲੇ ਵਰਗ ਲਈ ਚੁਣਿਆ ਗਿਆ ਹੈ। ਮਿਹਰ ਮਲਹੋਤਰਾ ਪੁਣੇ ਦੀ ਵੱਕਾਰੀ ਸੰਸਥਾ ਐੱਫ ਟੀ ਆਈ ਆਈ ਵਿੱਚ ਨਿਰਦੇਸ਼ਨ ਅਤੇ ਪਟਕਥਾ ਲੇਖਣ ਦੇ ਕੋਰਸ ਦੀ ਵਿਦਿਆਰਥਣ ਹੈ। ‘ਸ਼ੈਡੋਜ਼ ਆਫ ਦਿ ਮੂਨਲੈੱਸ ਨਾਈਟਸ’ ਮੁੱਖ ਤੌਰ ’ਤੇ ਪੰਜਾਬੀ ਭਾਸ਼ਾ ਦੀ ਫਿਲਮ ਹੈ, ਜਿਸ ਦਾ ਪੰਜਾਬੀ ਸਿਰਲੇਖ ‘ਪਰਛਾਵੇਂ ਮੱਸਿਆ ਰਾਤਾਂ ਦੇ’ ਹੈ। ਇਹ ਕਹਾਣੀ ਰਾਜਨ ਨਾਮ ਦੇ ਇੱਕ ਥੱਕੇ ਹੋਏ ਫੈਕਟਰੀ ਵਰਕਰ ਦੀ ਹੈ। ਇਸ ਵਿੱਚ ਪ੍ਰੇਰਕ ਮਹਿਤਾ, ਨਿਕਿਤਾ ਗਰੋਵਰ ਅਤੇ ਹਿਮਾਂਸ਼ੂ ਕੋਹਲੀ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਮਿਹਰ ਮਲਹੋਤਰਾ ਦੁਆਰਾ ਨਿਰਦੇਸ਼ਿਤ ਇਹ ਫ਼ਿਲਮ 24 ਮਿੰਟ ਦੀ ਹੈ ਤੇ ਇਸ ਦੇ ਨਾਲ 14 ਲਾਈਵ-ਐਕਸ਼ਨ ਅਤੇ ਪੰਜ ਐਨੀਮੇਟਿਡ ਲਘੂ ਫ਼ਿਲਮਾਂ ਨੂੰ ਮੁਕਾਬਲੇ ਲਈ ਚੁਣਿਆ ਗਿਆ ਹੈ। ਇਹ ਸ਼੍ਰੇਣੀ ਖਾਸ ਤੌਰ ’ਤੇ ਫਿਲਮ ਸਕੂਲਾਂ ਦੀਆਂ ਗਲਪ ਜਾਂ ਐਨੀਮੇਟਿਡ ਫਿਲਮਾਂ ਨੂੰ ਪ੍ਰਦਰਸ਼ਿਤ ਕਰਨ ਲਈ ਹੈ। ਕਾਨ ਫਿਲਮ ਫੈਸਟੀਵਲ ਦੇ ਬਿਆਨ ਅਨੁਸਾਰ ਇਸ ਸਾਲ ਦੇ ਐਡੀਸ਼ਨ ਲਈ ਦੁਨੀਆ ਭਰ ਦੇ ਫਿਲਮ ਸਕੂਲਾਂ ਤੋਂ 2,750 ਐਂਟਰੀਆਂ ਪ੍ਰਾਪਤ ਹੋਈਆਂ ਸਨ। ਚੁਣੀਆਂ ਗਈਆਂ ਫਿਲਮਾਂ ਦੇ ਨਿਰਦੇਸ਼ਕਾਂ ਵਿੱਚ 12 ਔਰਤਾਂ ਅਤੇ 9 ਪੁਰਸ਼ ਹਨ, ਜੋ ਪੰਦਰਾਂ ਦੇਸ਼ਾਂ ਅਤੇ ਚਾਰ ਮਹਾਦੀਪਾਂ ਦੀ ਪ੍ਰਤੀਨਿਧਤਾ ਕਰਦੇ ਹਨ। ਮਿਹਰ ਮਲਹੋਤਰਾ ਦੀ ਫਿਲਮ ਤਿੰਨ ‘ਲਾ ਸਿਨੇਫ ਪੁਰਸਕਾਰਾਂ ਲਈ ਮੁਕਾਬਲਾ ਕਰੇਗੀ।

