DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੇਵੇਵਾਲਾ ਕਾਂਡ: ਮਜ਼ਦੂਰ ਧਰਮਸ਼ਾਲਾ ਦੀਆਂ ਕੰਧਾਂ ਬਣੀਆਂ ਸੂਹੇ ਇਤਿਹਾਸ ਦੇ ਵਰਕੇ

ਅਪਰੈਲ 9, 1991 ਦੀ ਗੱਲ ਹੈ ਜਦੋਂ ਜੈਤੋ (ਫਰੀਦਕੋਟ) ਨੇੜਲੇ ਪਿੰਡ ਸੇਵੇਵਾਲਾ ਵਿੱਚ ਜਬਰ ਅਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ ਪੰਜਾਬ ਦੀ ਜੈਤੋ ਇਲਾਕਾ ਕਮੇਟੀ ਵੱਲੋਂ ਸਮਾਗਮ ਰੱਖਿਆ ਗਿਆ ਸੀ। ਪੰਜਾਬ ਨਾਟਕ ਕਲਾ ਕੇਂਦਰ ਦੀ ਟੀਮ ਨੂੰ ਪ੍ਰੋਫੈਸਰ ਅਜਮੇਰ ਸਿੰਘ ਔਲਖ ਦਾ...

  • fb
  • twitter
  • whatsapp
  • whatsapp
Advertisement

ਅਪਰੈਲ 9, 1991 ਦੀ ਗੱਲ ਹੈ ਜਦੋਂ ਜੈਤੋ (ਫਰੀਦਕੋਟ) ਨੇੜਲੇ ਪਿੰਡ ਸੇਵੇਵਾਲਾ ਵਿੱਚ ਜਬਰ ਅਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ ਪੰਜਾਬ ਦੀ ਜੈਤੋ ਇਲਾਕਾ ਕਮੇਟੀ ਵੱਲੋਂ ਸਮਾਗਮ ਰੱਖਿਆ ਗਿਆ ਸੀ। ਪੰਜਾਬ ਨਾਟਕ ਕਲਾ ਕੇਂਦਰ ਦੀ ਟੀਮ ਨੂੰ ਪ੍ਰੋਫੈਸਰ ਅਜਮੇਰ ਸਿੰਘ ਔਲਖ ਦਾ ਲਿਖਿਆ ਨਾਟਕ ‘ਅੰਨ੍ਹੇ ਨਿਸ਼ਾਨਚੀ’ ਪੇਸ਼ ਕਰਨ ਅਤੇ ਜਬਰ ਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ ਦੇ ਕਨਵੀਨਰ ਹਥਲੀਆਂ ਸਤਰਾਂ ਦੇ ਲੇਖਕ ਨੂੰ ਵੀ ਤਕਰੀਰ ਲਈ ਬੁਲਾਇਆ ਗਿਆ ਸੀ।

ਇਹ ਉਹ ਵੇਲ਼ਾ ਸੀ ਜਦੋਂ ਪੰਜਾਬ ਵਿੱਚ ਦੁਪਹਿਰ ਵੇਲੇ, ਅੱਧੀ ਰਾਤ ਵਰਗਾ ਦਹਿਸ਼ਤੀ ਸੰਨਾਟਾ ਪੱਸਰ ਜਾਂਦਾ ਸੀ। ਜਦੋਂ ਬੱਸਾਂ ਦੀਆਂ ਸਵਾਰੀਆਂ ਨੂੰ ਮੂੰਹ ਹਨੇਰੇ ਹੀ ਹਿੰਦੂ ਅਤੇ ਸਿੱਖ ਦੇ ਹਿੰਦਸਿਆਂ ਨਾਲ਼ ਤਕਸੀਮ ਕਰ ਦਿੱਤਾ ਜਾਂਦਾ ਸੀ। ਜਦੋਂ ਪਲਾਂ ਛਿਣਾਂ ਵਿੱਚ ਇੱਕ ਫਿਰਕੇ ਦੇ ਨਿਹੱਥੇ ਅਤੇ ਬੇਦੋਸ਼ੇ ਲੋਕਾਂ ਨੂੰ ਸਦਾ ਦੀ ਨੀਂਦ ਸੁਲਾ ਦਿੱਤਾ ਜਾਂਦਾ ਸੀ। ਕਬੀਰ, ਫਰੀਦ, ਬਾਬਾ ਨਾਨਕ, ਬਾਬਾ ਬੁੱਲੇ ਸ਼ਾਹ, ਗੁਰੂ ਰਵਿਦਾਸ, ਮਾਈ ਭਾਗੋ, ਗ਼ਦਰੀ, ਬਬਰ ਅਕਾਲੀ, ਕਿਰਤੀ ਲਹਿਰ ਅਤੇ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਸਿਰਜੀ ਲਹਿਰ ਅਤੇ ਅਮੀਰ ਵਿਰਾਸਤ ਨੂੰ ਘੱਟੇ ਰੋਲਿਆ ਜਾ ਰਿਹਾ ਸੀ। ਉਸ ਮੌਕੇ ਅਜਿਹੇ ਲੋਕ ਕਾਫ਼ਲੇ ਵੀ ਸੀਸ ਤਲੀ ’ਤੇ ਧਰ ਕੇ ਪੰਜਾਬ ਦੇ ਮੈਦਾਨ ’ਚ ਨਿੱਤਰੇ ਸਨ ਜਿਹੜੇ ਦੋ ਮੂੰਹੀਂ ਦਹਿਸ਼ਤਗਰਦੀ ਨੂੰ ਵੰਗਾਰਦੇ ਸਨ। 9 ਅਪਰੈਲ 1991 ਦਾ ਸਮਾਗਮ ਇਸ ਲੋਕ ਕਾਫ਼ਲੇ ਦਾ ਹੀ ਸਮਾਗਮ ਸੀ। ਆਪਣੇ ਮਹਿਬੂਬ ਸੰਗੀ ਸਾਥੀਆਂ ਦੇ ਵਿਛੋੜੇ ਅਤੇ ਪਰਿਵਾਰਾਂ ਦੇ ਪਰਬਤੋਂ ਭਾਰੀ ਸਦਮੇ ਦੀ ਕਹਾਣੀ ਅੱਜ ਵੀ ਅੱਖੀਆਂ ਦੇ ਵਰਕਿਆਂ ਤੋਂ ਸਾਫ਼ ਪੜ੍ਹੀ ਜਾ ਸਕਦੀ ਹੈ। ਇਹ ਵਰਕੇ ਬੋਲਦੇ ਹਨ ਕਿ 9 ਅਪਰੈਲ 1991 ਨੂੰ ਜਦੋਂ ਅਸੀਂ ਬੱਸ ਰਾਹੀਂ ਜੈਤੋ ਬੱਸ ਅੱਡੇ ਪੁੱਜੇ ਤਾਂ ਜਬਰ ਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ ਪੰਜਾਬ ਦਾ ਕਨਵੀਨਰ ਜਗਪਾਲ ਸੇਲਬਰਾਹ ਸਾਨੂੰ ਇਥੋਂ ਜੀਪ ਰਾਹੀਂ ਸੇਵੇਵਾਲਾ ਲੈ ਕੇ ਗਿਆ। ਉਹ ਰਾਹ ਵਿੱਚ ਸਮਾਗਮ ਦੀ ਤਿਆਰੀ ਦੀਆਂ ਗੱਲਾਂ ਕਰਦਾ ਗਿਆ। ਇਸ ਨਾਟਕ ਟੀਮ ਵਿੱਚ ਮਰਹੂਮ ਹੰਸਾ ਸਿੰਘ ਬਿਆਸ, ਹੰਸਾ ਸਿੰਘ ਦੇ ਨਾਲ ਬਿਆਸ ਤੋਂ ਹੀ ਭੈਣ-ਭਰਾ ਰਾਣੀ ਅਤੇ ਦੇਵ, ਇਸ ਤੋਂ ਇਲਾਵਾ ਸੁਮਨ ਲਤਾ, ਹਰਮੇਸ਼ ਮਾਲੜੀ, ਅਮਰਜੀਤ ਮੱਲ੍ਹੀ, ਸੁਖਜਿੰਦਰ ਕੇਦਾਰ (ਦੋਵੇਂ ਹੁਸ਼ਿਆਰਪੁਰ ਤੋਂ) ਅਤੇ ਇਉ ਹੀ ਫਰੰਟ ਦੀ ਸ਼ਾਹਕੋਟ ਇਕਾਈ ਦੇ ਕਨਵੀਨਰ ਮਹਿੰਦਰ ਸ਼ਾਹਕੋਟ ਵੀ ਪਹੁੰਚੇ ਹੋਏ ਸਨ। ‘ਅੰਨ੍ਹੇ ਨਿਸ਼ਾਨਚੀ’ ਨਾਟਕ ਦੀ ਪੇਸ਼ਕਾਰੀ ਉਪਰੰਤ ਜਦੋਂ ਫਰੰਟ ਦਾ ਕਨਵੀਨਰ ਹਥਲੀਆਂ ਸਤਰਾਂ ਦਾ ਲੇਖਕ ਮੰਚ ਤੋਂ ਸੰਬੋਧਨ ਕਰ ਰਿਹਾ ਸੀ ਤਾਂ ਫ਼ੌਜੀ ਵਰਦੀਆਂ ਵਿੱਚ ਆਏ ਕਾਤਲ ਗਰੋਹ ਨੇ ਪੰਡਾਲ ਵਿੱਚ ਅਤੇ ਘਰਾਂ ਦੀਆਂ ਛੱਤਾਂ ਉੱਤੇ ਬੈਠੇ ਲੋਕਾਂ ਉੱਪਰ ਗ੍ਰਨੇਡ ਸੁੱਟੇ। ਅੰਨ੍ਹੇਵਾਹ ਫਾਇਰਿੰਗ ਕੀਤੀ। ਵਾਲੰਟੀਅਰਾਂ ਨੂੰ ਹਮਲੇ ਦਾ ਚੋਣਵਾਂ ਨਿਸ਼ਾਨਾ ਬਣਾਇਆ। ਅੰਨ੍ਹੇਵਾਹ ਫਾਇਰਿੰਗ ਮੌਕੇ ਮੰਚ ’ਤੇ ਲੱਗੇ ਪਰਦੇ ਪਿੱਛੇ ਰੰਗਮੰਚ ਦੇ ਗ੍ਰੀਨ ਰੂਮ ਰੂਪੀ ਕਮਰੇ ਵਿੱਚ ਸ਼ਹੀਦ ਮੇਘ ਰਾਜ ਭਗਤੂਆਣਾ ਦੀ ਜੀਵਨ ਸਾਥਣ ਰਾਜ ਰਾਣੀ ‘ਰਾਜ’, ਉਨ੍ਹਾਂ ਦੀ ਧੀ ਸ਼ਰਨਜੀਤ ਕਾਲੀ ਵੀ ਮੌਜੂਦ ਸਨ। ਪਲਾਂ ਛਿਣਾਂ ਵਿੱਚ 18 ਸਾਥੀਆਂ ਨੂੰ ਸ਼ਹੀਦ ਕਰ ਦਿੱਤਾ। ਜਿਨ੍ਹਾਂ ਵਿੱਚ ਮੇਘ ਰਾਜ ਭਗਤੂਆਣਾ, ਜਗਪਾਲ ਸੇਲਬਰਾਹ, ਮਾਤਾ ਸਦਾ ਕੌਰ, ਗੁਰਜੰਟ ਢਿੱਲਵਾਂ ਸਮੇਤ 18 ਸਾਥੀ ਸ਼ਹਾਦਤ ਪਾ ਗਏ। ਇਸ ਦਿਨ ਸਿਦਕਦਿਲੀ ਨਾਲ ਕਾਤਲਾਂ ਦਾ ਪਿੱਛਾ ਕਰਦਿਆਂ ਸ਼ਹੀਦ ਹੋਏ ਮੇਘ ਰਾਜ ਭਗਤੂਆਣਾ ਦੀ ਉਸ ਮੌਕੇ 14 ਵਰ੍ਹਿਆਂ ਦੀ ਧੀ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਆਗੂ ਹਰਿੰਦਰ ਬਿੰਦੂ ਬਠਿੰਡਾ ਜ਼ਿਲ੍ਹੇ ਦੇ ਪਿੰਡ ਵਿਰਕ ਕਲਾਂ ਆਪਣੀ ਭੂਆ ਕੋਲ਼ ਗਈ ਹੋਈ ਸੀ। ਉਨ੍ਹਾਂ ਕੋਲ ਬਿੰਦੂ ਦੇ ਚਾਚਾ ਲੱਛੂ ਨੇ ਜਾ ਕੇ ਦੱਸਿਆ ਕਿ ਮੇਘ ਰਾਜ ਭਗਤੂਆਣਾ ਦੇ ਗੋਲੀ ਵੱਜੀ ਹੈ ਅਤੇ ਉਹ ਹਸਪਤਾਲ ਦਾਖ਼ਲ ਹੈ।

Advertisement

ਸ਼ਹੀਦ ਜਗਪਾਲ ਸੇਲਬਰਾਹ ਅਤੇ ਸ਼ਹੀਦ ਮੇਘ ਰਾਜ ਭਗਤੂਆਣਾ ਦੋਨਾਂ ਦੇ ਪਿਤਾ ਸਮੇਤ ਕਿੰਨਿਆਂ ਦੇ ਮਾਪੇ ਸਿਦਕਦਿਲੀ ਨਾਲ਼ ਸ਼ਹੀਦੀ ਜਾਮ ਪੀਣ ਵਾਲਿਆਂ ਨੂੰ ਸਿਜਦਾ ਕਰ ਰਹੇ ਸਨ। ਸੇਵੇਵਾਲਾ ਦੀ ਮਜ਼ਦੂਰ ਧਰਮਸ਼ਾਲਾ ਵਿੱਚੋਂ ਫੱਟੜਾਂ ਦੀਆਂ ਟਰਾਲੀਆਂ ਭਰ ਕੇ ਸਿਵਲ ਹਸਪਤਾਲ ਜੈਤੋ ਲਿਜਾਈਆਂ ਗਈਆਂ। ਜੈਤੋ ਦੇ ਉਸ ਕਵੀ ਪਰਿਵਾਰ ਨੂੰ ਵੀ ਹਮੇਸ਼ਾ ਯਾਦ ਰੱਖਿਆ ਜਾਏਗਾ ਜਿੱਥੇ ਦੇਰ ਰਾਤ ਪੰਜਾਬ ਨਾਟਕ ਕਲਾ ਕੇਂਦਰ ਦੀ ਟੀਮ ਨੂੰ ਖ਼ਤਰਿਆਂ ਭਰੇ ਉਸ ਦੌਰ ਵਿੱਚ ਪਰਿਵਾਰ ਵੱਲੋਂ ਸੰਭਾਲਿਆ ਗਿਆ।

Advertisement

ਅਗਲੇ ਦਿਨਾਂ ’ਚ ਭਗਤੂਆਣਾ, ਸੇਵੇਵਾਲਾ, ਢਿੱਲਵਾਂ, ਸੇਲਬਰਾਹ, ਰਾਮਪੁਰਾ ਆਦਿ ਥਾਵਾਂ ’ਤੇ ਸਮਾਗਮ ਕੀਤੇ ਗਏ। ਪੰਜਾਬ ਦੀਆਂ ਕੰਧਾਂ ’ਤੇ ਪੋਸਟਰ ਲਾ ਕੇ ਬਕਾਇਦਾ ਐਲਾਨ ਕਰ ਕੇ ਜੈਤੋ ਵਿੱਚ ਜਬਰ ਵਿਰੋਧੀ ਸੂਬਾਈ ਸਮਾਗਮ ਕਰਵਾਇਆ ਗਿਆ। ਇਸ ਲਿਖਤ ਨਾਲ਼ ਦਿਖਾਈ ਦਿੰਦਾ ਸ਼ਹੀਦਾਂ ਦੀਆਂ ਤਸਵੀਰਾਂ ਵਾਲਾ ਪੋਸਟਰ ਨਾਮਵਰ ਚਿੱਤਰਕਾਰ ਸਵਰਨਜੀਤ ਸਵੀ ਨੇ ਦਹਿਸ਼ਤਜ਼ਦਾ ਮਾਹੌਲ ’ਚ ਬੇਖੌਫ਼ ਹੋ ਕੇ ਤਿਆਰ ਕੀਤਾ।

ਥੋੜ੍ਹੇ ਦਿਨਾਂ ਮਗਰੋਂ ਭਾਰਤੀ ਕਮਿਊਨਿਸਟ ਪਾਰਟੀ ਦੇ ਫਰੀਦਕੋਟ ਦੇ ਆਗੂ ਅਮੋਲਕ ਸਿੰਘ ਨੂੰ ਘਾਤ ਲਾ ਕੇ ਦਹਿਸ਼ਤਗਰਦਾਂ ਨੇ ਸ਼ਹੀਦ ਕਰ ਦਿੱਤਾ। ਉਥੇ ਸੁੱਟੀ ਚਿੱਠੀ ’ਤੇ ਲਿਖਿਆ ਗਿਆ ਕਿ ਅਮੋਲਕ ਸਾਡੇ ਕੋਲੋਂ ਸੇਵੇਵਾਲਾ ’ਚ ਬਚ ਗਿਆ, ਅੱਜ ਉਸ ਨੂੰ ਮਾਰ ਮੁਕਾਇਆ ਹੈ। ਅੰਨ੍ਹੇ ਨਿਸ਼ਾਨਚੀਆਂ ਤੋਂ ਹੋਰ ਕੀ ਆਸ ਕੀਤੀ ਜਾ ਸਕਦੀ ਹੈ ਕਿ ਲੋਕਾਂ ਦੇ ਅਸਲੀ ਦੁਸ਼ਮਣ ਸਾਮਰਾਜੀਆਂ, ਜੰਗਬਾਜ਼ਾਂ, ਉਨ੍ਹਾਂ ਦੇ ਸੇਵਾਦਾਰ ਕਾਰਪੋਰੇਟ ਘਰਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਬਜਾਏ ਉਹ ਇਨਕਲਾਬੀਆਂ ਅਤੇ ਬੇਗੁਨਾਹ ਨਿਹੱਥੇ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਹੀ ਸੂਰਮਗਤੀ ਸਮਝਦੇ ਹਨ।

ਇਸ ਘਟਨਾ ਨੂੰ ਅੱਜ 35 ਸਾਲ ਹੋ ਗਏ, ਪਰ ਅਜਿਹੀਆਂ ਤਾਕਤਾਂ ਵਿਰੁੱਧ ਸੰਗਰਾਮੀ ਸਫ਼ਰ ਜਾਰੀ ਹੈ। ਅੱਜ ਪੰਜਾਬ, ਦਿੱਲੀ, ਹਰਿਆਣਾ, ਯੂ ਪੀ ਅਤੇ ਮੁਲਕ ਦੇ ਅਨੇਕਾਂ ਖੇਤਰਾਂ ’ਚ ਜੂਝਦੇ ਕਾਫ਼ਲਿਆਂ ਨੂੰ ਯੂਨੀਵਰਸਿਟੀਆਂ ਅਤੇ ਜੇਲ੍ਹਾਂ ’ਚ ਜੂਝਦੇ ਵਿਦਿਆਰਥੀਆਂ, ਬੁੱਧੀਜੀਵੀਆਂ, ਤਰਕਸ਼ੀਲਾਂ, ਜਮਹੂਰੀ ਕਾਮਿਆਂ ਨੂੰ ਪੰਜਾਬ ਦੀ ਧਰਤੀ ’ਤੇ ਮਾਣ ਹੈ ਕਿ ਇਹ ਹਰ ਖ਼ਤਰਨਾਕ ਮੋੜ ਉੱਪਰ ਹੱਕ, ਸੱਚ, ਇਨਸਾਫ਼ ਦਾ ਪਰਚਮ ਉਠਾ ਕੇ ਤੁਰਨ ਦਾ ਹੌਸਲਾ ਰੱਖਦੀ ਹੈ।

ਅੱਜ ਜਦੋਂ 9 ਅਪਰੈਲ 2026 ਨੂੰ ਸੇਵੇਵਾਲਾ ਦੀ ਉਸੇ ਮਜ਼ਦੂਰ ਧਰਮਸ਼ਾਲਾ ਵਿੱਚ ਸਮਾਗਮ ਹੋ ਰਿਹਾ ਹੈ ਤਾਂ ਸ਼ਹੀਦੀ ਯਾਦਗਾਰ ਕਮੇਟੀ ਇਲਾਕਾ ਜੈਤੋ ਦੀ ਕਨਵੀਨਰ ਸ਼ਹੀਦ ਮੇਘ ਰਾਜ ਭਗਤੂਆਣਾ ਦੀ ਧੀ ਹਰਿੰਦਰ ਬਿੰਦੂ ਦਾ ਕਹਿਣਾ ਹੈ ਕਿ ਲੋਕ ਅਤੇ ਲੋਕਾਂ ਦਾ ਇਤਿਹਾਸ ਬਹੁਤ ਮਹਾਨ ਹੁੰਦਾ ਹੈ, ਇਸ ਵਿੱਚ ਵਿਅਕਤੀਆਂ ਦਾ ਆਉਣਾ-ਜਾਣਾ ਅਤੇ ਸਫ਼ਰ ’ਤੇ ਰਹਿਣਾ ਇਤਿਹਾਸ ਵਿੱਚ ਆਪਣੇ ਹਿੱਸੇ ਦੀ ਭੂਮਿਕਾ ਹੈ। ਇਸ ਘਟਨਾ ਮੌਕੇ 19 ਵਰ੍ਹਿਆਂ ਦਾ ਸੀ ਲਛਮਣ ਸੇਵੇਵਾਲਾ, ਅੱਜ-ਕੱਲ੍ਹ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਇਨਕਲਾਬੀ ਜਮਹੂਰੀ ਲਹਿਰ ਅੰਦਰ ਇੱਕ ਜਾਣਿਆ-ਪਛਾਣਿਆ ਨਾਮ ਹੈ।

ਸੇਵੇਵਾਲਾ ਖ਼ੂਨੀ ਕਾਂਡ ਨਾਲੋਂ ਇਹ ਹੱਲਾ ਹੋਰ ਵੀ ਘਾਤਕ ਸੀ ਜਿਹੜਾ ਮਜ਼ਦੂਰ ਕਿਸਾਨ ਵਰਗਾਂ ਨੂੰ ਸੇਵੇਵਾਲਾ ਕਾਂਡ ਦੇ ਹਵਾਲੇ ਨਾਲ ਗੁਮਰਾਹਕੁਨ ਜ਼ਹਿਰੀਲਾ ਪ੍ਰਚਾਰ ਕਰ ਕੇ ਮਜ਼ਦੂਰ-ਕਿਸਾਨ ਸਾਂਝ ਨੂੰ ਤੋੜਨ ਲਈ ਬੋਲਿਆ ਗਿਆ। ਭਗਤੂਆਣਾ, ਸੇਵੇਵਾਲਾ ਸਮੇਤ ਸ਼ਹੀਦਾਂ ਦੇ ਪਿੰਡਾਂ ਅਤੇ ਪਰਿਵਾਰਾਂ ਨੇ ਮਜ਼ਦੂਰ ਕਿਸਾਨ ਜੋਟੀ ਨੂੰ ਮਜ਼ਬੂਤ ਕਰਦਿਆਂ ਅਗੇਰੇ ਕਦਮ ਵਧਾਏ ਹਨ। 9 ਅਪਰੈਲ ਨੂੰ ਹੋ ਰਿਹਾ ਸਮਾਗਮ ਅਹਿਦ ਕਰੇਗਾ ਕਿ ਵਿਚਾਰ ਅਤੇ ਸੰਘਰਸ਼ ਕਦੇ ਕਤਲ ਨਹੀਂ ਹੁੰਦੇ ਅਤੇ ਨਾ ਹੀ ਲੋਕ ਆਵਾਜ਼ ਬੰਦ ਕਰਨ ਦੀਆਂ ਐਲਾਨੀਆਂ ਤਰੀਕਾਂ ਲੋਕਾਂ ਦੇ ਸੰਗਰਾਮ ਦਾ ਰਾਹ ਰੋਕ ਸਕਦੀਆਂ ਹਨ।

ਸੰਪਰਕ: 98778-68710

Advertisement
×