ਈਸ਼ਵਰ ਦਿਆਲ ਗੌੜ
ਪੰਜਾਬ ਦਾ ਪੁਰਾਤਨ ਵਸੇਬ ਹਜ਼ਾਰਾਂ ਵਰ੍ਹੇ ਪੁਰਾਣਾ ਹੈ। ਕਿਸੇ ਇਤਿਹਾਸਕਾਰ ਨੇ ਇੱਥੋਂ ਦੇ ਮੂਲ ਵਾਸੀਆਂ ਨੂੰ ਹੜੱਪੀ ਕਿਹਾ ਹੈ, ਕਿਸੇ ਨੇ ਦ੍ਰਾਵਿੜ ਅਤੇ ਕਿਸੇ ਨੇ ਅਸੁਰ। ਪੰਜਾਬੀ ਵੱਖ ਵੱਖ ਤਰ੍ਹਾਂ ਦੇ ਲੋਕਾਂ, ਜਿਨ੍ਹਾਂ ਵਿਚ ਆਰੀਆ ਵੀ ਸ਼ਾਮਲ ਹਨ, ਦੇ ਮੇਲ ਮਿਲਾਪ ਕਾਰਨ ਬਣੇ ਲੋਕ ਹਨ। ਇਹ ਲੇਖ ਪੰਜਾਬ ਦੀਆਂ ਪਰੰਪਰਾਵਾਂ ਨੂੰ ਕਈ ਦ੍ਰਿਸ਼ਟੀਕੋਣਾਂ ਤੋਂ ਵੇਖਣ ਦਾ ਯਤਨ ਕਰਦਾ ਹੈ।
ਕਿਸੇ ਵੇਲੇ ਅਜੋਕਾ ਪਾਕਿਸਤਾਨੀ ਪੰਜਾਬ, ਭਾਰਤੀ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਮਿਲ ਕੇ ‘ਪੰਜਾਬ ਰਿਜਨ’ ਅਖਵਾਉਂਦੇ ਸਨ ਜੋ ਸਿੰਧ ਤੋਂ ਗੰਗਾ-ਜਮਨਾ ਦੁਆਬ ਤੀਕ ਫੈਲਿਆ ਹੋਇਆ ਸੀ, ਅਤੇ ਜਿਸ ਨੂੰ ‘ਮਹਾਭਾਰਤ’ ’ਚ ਪੰਚਨਦ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸੰਸਕ੍ਰਿਤ ਦੇ ਸ਼ਬਦ ‘ਪੰਚਨਦ’ ਅਤੇ ਫ਼ਾਰਸੀ ਦੇ ਸ਼ਬਦ ‘ਪੰਜਾਬ’ ਦੋਵਾਂ ਦੇ ਅਰਥ ਇੱਕੋ ਹੀ ਹਨ: ਪੰਜ ਦਰਿਆਵਾਂ ਦੀ ਧਰਤੀ। ਅਜਿਹੇ ਪੰਜਾਬ ਨੂੰ ਸਭਿਆਚਾਰ ਦੀ ਬਜਾਏ, ਇੱਕ ਵਿਸ਼ਾਲ ਸਭਿਅਤਾ ਦੇ ਪੱਖ ਤੋਂ ਵਿਚਾਰਨ ਦੀ ਲੋੜ ਹੈ।
1947 ਅਤੇ 1966 ਦੀਆਂ ਤਕਸੀਮਾਂ ਨੇ ‘ਪੰਜਾਬ ਦੀ ਸਭਿਅਤਾ’ ਨੂੰ ਇਸ ਕਦਰ ਤੋੜ-ਮਰੋੜ ਦਿੱਤਾ ਕਿ ਇਸ ’ਚੋਂ ਕੁਝ ਇਤਿਹਾਸਕ ਦੌਰ/ਘਟਨਾਵਾਂ, ਸ਼ਖ਼ਸੀਅਤਾਂ, ਸਥਾਨ-ਸਥਲ ਅਤੇ ਲਿਖਤਾਂ/ਪ੍ਰਵਚਨ, ਜੋ ਮਿਲ ਕੇ ਪੰਜਾਬ ਸਭਿਅਤਾ ਦੇ ਮਿਸਲਖ਼ਾਨਿਆਂ ’ਚੋਂ ਅਹਿਮ ਮਿਸਲਖ਼ਾਨੇ ਸਨ, ਮਨਫ਼ੀ ਹੋ ਗਏ ਜਾਂ ਸੰਕੀਰਨ ਰਾਸ਼ਟਰਵਾਦੀ ਚੇਤਨਾ ਅਤੇ ਸੰਕੀਰਨ ਮਜ਼ਹਬੀ ਚੇਤਨਾ ਦੇ ਅਸਰ ਹੇਠ ‘ਹਿੰਦੋਸਤਾਨੀ’ ਤੇ ‘ਪਾਕਿਸਤਾਨੀ’ ਜਾਂ ‘ਹਿੰਦੂ, ਮੁਸਲਮਾਨੀ ਤੇ ਸਿੱਖ’ ਰਖਨਿਆਂ ’ਚ ਕੈਦ ਹੋ ਗਏ, ਵੰਡੇ ਗਏ। ਇਸ ਕਾਰਨ ਪੰਜ ਦਰਿਆਵਾਂ ਦੀ ਧਰਤੀ ’ਤੇ ਕੁਸੈਲੀਆਂ ਤਰੇੜਾਂ ਉੱਭਰ ਆਈਆਂ ਅਤੇ ‘ਪੰਜਾਬ, ਪੰਜਾਬੀ ਤੇ ਪੰਜਾਬੀਅਤ’ ਦੇ ਸੰਕਲਪ ਅਤੇ ਅਮਲ ਨੂੰ ਅਸਹਿ ਸੱਟ ਵੱਜੀ। ਇਸ ਸੱਟ ਦਾ ਨਤੀਜਾ ਇਹ ਨਿਕਲਿਆ ਕਿ ਪੰਜਾਬ ਦੇ ਕਿਰਦਾਰ ’ਚੋਂ ਇਸ ਦਾ ‘ਪ੍ਰਾਚੀਨ’ ਮੁਹਾਂਦਰਾ ਮਨਫ਼ੀ ਹੋ ਗਿਆ ਜਾਂ ਕਰ ਦਿੱਤਾ ਗਿਆ।
ਮੈਂ ਕੁਝ ਕੁ ਉੱਘੜੀਆਂ-ਦੁੱਘੜੀਆਂ ਮਿਸਾਲਾਂ ਲੈ ਕੇ ਪ੍ਰਾਚੀਨ ਪੰਜਾਬ ਦੇ ਇਤਿਹਾਸ ਨੂੰ ਨਹੀਂ ਸਗੋਂ ਇਸ ਦੀ ਇਤਿਹਾਸਕਤਾ ਨੂੰ ਦਰਸਾਉਣ ਦਾ ਉਪਰਾਲਾ ਕੀਤਾ ਹੈ। ਇਤਿਹਾਸਕਤਾ ਕੇਵਲ ਤੱਥ-ਤਾਰੀਖ਼ਾਂ/ ਘਟਨਾਵਾਂ ਜਾਂ ਕਹਾਣੀ ਹੀ ਨਹੀਂ ਹੁੰਦੀ, ਇਸ ਵਿੱਚ ਪ੍ਰਵਚਨ ਅਤੇ ਵਿਚਾਰਧਾਰਾ ਵੀ ਸਰਗਰਮ ਹੁੰਦੀ ਹੈ। ਪੰਜਾਬ ਦੀ ਇਤਿਹਾਸਕਤਾ ਤੋਂ ਮੇਰਾ ਮਤਲਬ ਇਤਿਹਾਸਕ ਤੌਰ ’ਤੇ ਵਿਕਸਤ ਹੋਈ ਪੰਜਾਬ ਦੀ ਉਸ ਤਸਵੀਰ ਤੋਂ ਹੈ ਜੋ ਬਹੁ-ਪਰਤੀ ਹੈ, ਬਹੁ-ਰੰਗੀ ਹੈ ਅਤੇ ਬਹੁ-ਰੂਪਦਰਸ਼ੀ ਹੈ।
ਇਤਿਹਾਸਕਾਰੀ ਦੇ ਪੱਖ ਤੋਂ ‘ਪ੍ਰਾਚੀਨ’ ਪੰਜਾਬ, ਜਿਸ ਵਿਚ ਹੜੱਪਾ ਅਤੇ ਮਹਿੰਜੋਦਾਰੋ ਦਾ ਵਸੇਬ, ਦੇਵ ਪੁਰਸ਼ ਕ੍ਰਿਸ਼ਨ ਦੀ ਉਚਾਰੀ ਸ੍ਰੀ ਮਦ ਭਗਵਤ ਗੀਤਾ, ਕੁਰੂਕਸ਼ੇਤਰ ਦੀ ਧਰਤੀ ਅਤੇ ਰਿਗਵੇਦ ਸਾਰੇ ਇੱਕ ਇਤਿਹਾਸਕ ਵਰਤਾਰੇ ਵਜੋਂ ਸ਼ਾਮਲ ਸਨ, ਭਾਰਤੀ/ਹਿੰਦੂ ਇਤਿਹਾਸ ’ਚ ਅਲੋਪ ਹੋ ਗਿਆ ਹੈ। ਭਾਰਤੀ/ਹਿੰਦੂ ਇਤਿਹਾਸ ਦੇ ਸੰਕਲਪ ਦਾ ਸਫ਼ਰ ਵੀ ਬੜਾ ਰੌਚਕ ਹੈ। ਇਸ ਦੀ ਬਾਤ ਕਰਨ ਲਈ ਇੱਕ ਵੱਖਰੇ ਲੇਖ ਦੀ ਜ਼ਰੂਰਤ ਹੈ।
ਮੋਹਨ ਸਿੰਘ ਦੀਵਾਨਾ ਆਪਣੀ ਪੁਸਤਕ ਪੰਜਾਬੀ ਸਾਹਿਤ ਦੀ ਇਤਿਹਾਸ-ਰੇਖਾ (1958) ਵਿਚ ਲਿਖਦੇ ਹਨ: ‘‘ਪੰਜਾਬ ਉਹ ਭੂਮੀ ਹੈ ਜਿੱਥੇ ਪਹਿਲਾ ਔਤਾਰ (ਅਵਤਾਰ) ਨਰਸਿੰਘ ਭਗਵਾਨ ਦਾ ਭਗਤ ਪ੍ਰਹਿਲਾਦ ਦੇ ਬਚਾਣ ਲਈ ਮੁਲਤਾਨ ਵਿਚ ਹੋਇਆ। ਪੰਜਾਬ ਦੇ ਥਾਂ ਕੁਰਖੇਤਰ ਵਿਚ ਸਿਰੀ ਕਰਿਸ਼ਨ ਭਗਵਾਨ (ਸ੍ਰੀ ਕ੍ਰਿਸ਼ਨ) ਨੇ ਗੀਤਾ ਉਚਾਰੀ। ਕਾਂਗੜੇ ਦੀ ਜਵਾਲਾ ਮੁਖੀ ਦੇਵੀ ਬਹੁਤ ਪੁਰਾਤਨ ਹੈ। ਅਸ਼ੋਕ ਟੈਕਸਲਾ ਵਿਚ ਰਿਹਾ। ਸਾਰੇ ਉਤਰੀ ਭਾਰਤ ਉੱਤੇ ਰਾਜ ਕਰਨ ਵਾਲਾ ਹਰਸ਼ (ਵਰਧਨ) ਅੰਬਾਲੇ ਦੀ ਕਮਿਸ਼ਨਰੀ ਵਿਚ ਹੋਇਆ। ਲਵ ਕੁਸ਼ ਨੇ ਲਾਹੌਰ ਤੇ ਕਸੂਰ ਵਸਾਏ। ਰਿਗਵੇਦ ਦੇ ਕੁਝ ਸੂਕਤ ਪੰਜਾਬ ਵਿਚ ਰਚੇ ਗਏ, ਕੌਰਆਂ (ਕੌਰਵਾਂ) ਤੇ ਪੰਚਾਲ ਦੇ ਇਲਾਕੇ ਵਿਚ। ਪਾਣਿਨੀ, ਯਾਸਕ, ਚਰਕ, ਸੁਸ਼ਰਤ, ਵਿਆਸ ਪੰਜਾਬੀ ਸਨ।’’ ਅੱਜਕੱਲ੍ਹ ਮੁਲਤਾਨ ਵਿਖੇ ਇਸ ਸ਼ਹਿਰ ਦੇ ਮਸ਼ਹੂਰ ਸੂਫ਼ੀ ਬਹਾਉਦੀਨ ਜ਼ਕਰੀਆ ਦੀ ਦਰਗਾਹ ਲਾਗੇ ਪ੍ਰਹਿਲਾਦ ਦੇ ਮੰਦਰ ਦੇ ਥੇਹ ਮੌਜੂਦ ਹਨ। ਈਸਵੀ 641 ’ਚ ਹਯੂਨ ਸਾਂਗ ਮੁਲਤਾਨ ਵਿਖੇ ਸੂਰਜ ਮੰਦਰ ਦੀ ਜ਼ਿਆਰਤ ਕਰਦਾ ਹੈ। ਉਹ ਇਸ ਮੰਦਰ ’ਚ ਸਥਾਪਿਤ ਸੂਰਜ ਦੇਵ ਦੀ ਮੂਰਤੀ ਨੂੰ ਬਿਆਨ ਕਰਦਾ ਲਿਖਦਾ ਹੈ ਕਿ ਇਹ ਮੂਰਤੀ ਸੁੱਚੇ ਸੋਨੇ ਦੀ ਬਣੀ ਹੋਈ ਹੈ ਅਤੇ ਸੂਰਜ ਦੇਵ ਦੀਆਂ ਅੱਖਾਂ ਲਾਲ ਯਾਕੂਤ ਨਾਲ ਬਣਾਈਆਂ ਹੋਈਆਂ ਹਨ।
ਆਪਣੀ ਇੱਕ ਹੋਰ ਪੁਸਤਕ, An Introduction to Panjabi Literature (1951), ਵਿੱਚ ਮੋਹਨ ਸਿੰਘ ਦੀਵਾਨਾ ਦੱਸਦੇ ਹਨ ਕਿ ਕੁਰੂਕਸ਼ੇਤਰ ਤੋਂ ਥੋੜ੍ਹੀ ਜਿਹੀ ਦੂਰੀ ’ਤੇ ਸਥਿਤ ਆਨੰਦਪੁਰ ਨਾਮੀ ਸਥਾਨ ’ਤੇ ਸ੍ਰੀ ਮਦ ਭਗਵਤ ਗੀਤਾ ਦਾ 1693 ’ਚ ਸਰਲ ਪੰਜਾਬੀ ਭਾਸ਼ਾ ’ਚ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਅਨੁਵਾਦ ਕੀਤਾ। ਸ਼ਿਵਾਲਿਕ ਦੀਆਂ ਪਹਾੜੀਆਂ ਅਤੇ ਦਰਿਆ ਸਤਲੁਜ ਦੇ ਲਾਗੇ ਮੌਜੂਦ ਆਨੰਦਪੁਰ ਨਾਂ ਦੇ ਇਸ ਸ਼ਹਿਰ ਨੂੰ ਗੁਰੂ ਗੋਬਿੰਦ ਸਿੰਘ ਦੇ ਪਿਤਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ 1665 ਈਸਵੀ ’ਚ ਆਬਾਦ ਕੀਤਾ ਸੀ। ਇਸ ਸ਼ਹਿਰ ਤੋਂ ਤਕਰੀਬਨ 40 ਕੁ ਕਿਲੋਮੀਟਰ ਦੀ ਦੂਰੀ ’ਤੇ ਪੰਜਾਬ ਦੀ ਪੁਰਾਤਨ ਹੜੱਪਾ-ਰੋਪੜ ਸਭਿਅਤਾ ਨੂੰ ਦਰਸਾਉਂਦਾ ਕੋਟਲਾ ਨਿਹੰਗ ਖ਼ਾ ਨਾਮੀ ਕਸਬਾ ਹੈ। ਆਨੰਦਪੁਰ ਸਾਹਿਬ ਦੇ ਗੁਆਂਢ ’ਚ ਹੀ ਘੜੂੰਆਂ ਪਿੰਡ ਹੈ ਜਿਸ ਦੀ ਰਹਿਤਲ ਨੂੰ ਮਹਾਭਾਰਤ ਦੇ ਸਮੇਂ ਦੇ ਪਾਡਵਾਂ ਅਤੇ ਨੌਵੇਂ ਗੁਰੂ ਤੇਗ਼ ਬਹਾਦਰ ਹੋਰਾਂ ਨੇ ਨਿਵਾਜਿਆ ਹੋਇਆ ਹੈ।
ਨੌਵੀਂ ਸਦੀ ਦੇ ਸ਼ੁਰੂ ਵਿੱਚ ਕਾਬਲ ਦੀ ਘਾਟੀ ਅਤੇ ਗੰਧਾਰ ’ਤੇ ਇੱਕ ਸ਼ਾਹੀਆ ਨਾਂ ਦੇ ਤੁਰਕ ਪਰਿਵਾਰ ਦੀ ਹਕੂਮਤ ਕਾਇਮ ਸੀ। ਇਸ ਰਾਜ ਦਾ ਵਜ਼ੀਰ ਇੱਕ ਬ੍ਰਾਹਮਣ ਸੀ। ਉਸ ਨੇ ਤੁਰਕ-ਸ਼ਾਹੀਆ ਦੀ ਰਾਜ-ਸੱਤਾ ’ਤੇ ਆਪਣਾ ਕਬਜ਼ਾ ਕਰ ਕੇ ਹਿੰਦੂ ਸ਼ਾਹੀਆ ਰਾਜਵੰਸ਼ ਦੀ ਨੀਂਹ ਰੱਖੀ, ਪਰ ਦੂਜੇ ਅਫਗ਼ਾਨ ਸ਼ਾਸਕ ਉਸ ਦੇ ਪੈਰ ਨਹੀਂ ਸਨ ਲੱਗਣ ਦਿੰਦੇ। ਉਸ ਨੂੰ ਪੂਰਬ ਵੱਲ ਧੱਕ ਦਿੰਦੇ। ਅਖ਼ੀਰ ਇਸ ਵਜ਼ੀਰ ਨੇ ਸਿੰਧ ਅਤੇ ਕਾਬਲ ਦਰਿਆਵਾਂ ਦੇ ਸੰਗਮ ਨੇੜੇ ਅਟਕ ਦੇ ਇਲਾਕੇ ਵਿੱਚ ਆਪਣੀ ਸੱਤਾ ਸਥਾਪਤ ਕਰ ਲਈ। ਇਸ ਇਲਾਕੇ ਵਿੱਚ ਜ਼ਰਤੁਸ਼ਤ ਮਤ, ਬੁੱਧ ਮਤ, ਹਿੰਦੂ ਮਤ ਅਤੇ ਸੱਜਰੀ ਆਮਦ ਵਾਲਾ ਇਸਲਾਮ ਵੀ ਪ੍ਰਚੱਲਿਤ ਸੀ। ਆਹਿਸਤਾ-ਆਹਿਸਤਾ ਹਿੰਦੂ ਸ਼ਾਹੀਆ ਰਾਜਵੰਸ਼ ਦੇ ਰਾਜਾ, ਜੈਪਾਲ (960-1002) ਨੇ ਤਮਾਮ ਮੈਦਾਨੀ ਪੰਜਾਬ ਵਿੱਚ ਆਪਣੀ ਸੱਤਾ ਸਥਾਪਤ ਕੀਤੀ। ਗਿਆਰਵੀਂ ਸਦੀ ਵਿੱਚ ਜਦ ਉੱਤਰੀ ਭਾਰਤ ’ਤੇ ਗ਼ਜ਼ਨੀ ਦੇ ਸੁਲਤਾਨ ਮਹਿਮੂਦ (ਤੁਰਕ) ਦਾ ਹਮਲਾ ਹੋਇਆ, ਤਦ ਉਸ ਦਾ ਸਾਹਮਣਾ ਜੈਪਾਲ ਨੇ ਹੀ ਕੀਤਾ। ਜੈਪਾਲ ਦੀ ਚੜ੍ਹਤ-ਚੌਧਰ ਸਰਹਿੰਦ ਤੋਂ ਲਮਗ਼ਾਨ, ਅਤੇ ਕਸ਼ਮੀਰ ਤੋਂ ਮੁਲਤਾਨ ਤਕ ਸੀ। ਉਸ ਦਾ ਕਿਆਮ ਬਠਿੰਡੇ ਦੇ ਕਿਲੇ ਵਿੱਚ ਵੀ ਹੁੰਦਾ ਸੀ।
ਮਸ਼ਹੂਰ ਕੰਨਪਟਾ ਬਾਬਾ ਗੋਰਖ ਨਾਥ (ਜਿਸ ਦਾ ਸਮਾਂ ਦਸਵੀਂ ਤੋਂ ਬਾਰ੍ਹਵੀਂ ਸਦੀ ਦੇ ਦਰਮਿਆਨ ਦਾ ਮੰਨਿਆ ਜਾਂਦਾ ਹੈ) ਮੱਧਕਾਲੀ ਹਿੰਦੂ ਰਹੱਸਵਾਦ ਤੇ ਮੱਧਕਾਲੀ ਮੁਕਾਮੀ ਸਾਹਿਤ ਦੀ ਪਹਿਲੀ ਇਤਿਹਾਸਕ ਹਸਤੀ ਹੈ। ਗੋਰਖ ਨਾਥ ਦਾ ਬੋਲ-ਬਾਲਾ ਅਫ਼ਗਾਨਿਸਤਾਨ, ਬਲੋਚਿਸਤਾਨ, ਨੇਪਾਲ, ਆਸਾਮ, ਬੰਗਾਲ, ਉੜੀਸਾ, ਕਰਨਾਟਕ, ਸ੍ਰੀਲੰਕਾ, ਮਹਾਰਾਸ਼ਟਰ ਅਤੇ ਸਿੰਧ ਤੀਕ ਫੈਲਿਆ ਹੋਇਆ ਸੀ। ਲੋਕ ਉਸ ਨੂੰ ਗੁਰੂ, ਸਤਿਗੁਰੂ ਤੇ ਬਾਬਾ ਆਖ ਕੇ ਸੱਦਦੇ ਸਨ। ਪਿਸ਼ਾਵਰ ’ਚ ‘ਗੋਰਖ ਹਟੜੀ’, ਜਿਹਲਮ ’ਚ ‘ਗੋਰਖ ਨਾਥ ਕਾ ਟਿੱਲਾ’ ਤੇ ਬਲੋਚਿਸਤਾਨ ’ਚ ‘ਗੋਰਖ ਨਾਥ ਕੀ ਧੂਣੀ’ ਕੰਨਪਟੇ ਬਾਬਾ ਗੋਰਖ ਨਾਥ ਦੀ ਮੌਜੂਦਗੀ ਤੇ ਮਕਬੂਲੀਅਤ ਦਾ ਸਬੂਤ ਹਨ। ‘ਗੋਰਖ ਨਾਥ ਕਾ ਟਿੱਲਾ’ (ਜੋ ਪੰਜਾਬ ਦੇ ਰਾਂਝੇ ਆਸ਼ਕ/ਜੋਗੀ ਦੇ ਨਾਲ ਵੀ ਜੁੜਿਆ ਹੋਇਆ ਹੈ) ’ਤੇ ਬਾਬਾ ਗੋਰਖ ਨਾਥ ਨੇ ਤਪ ਕੀਤਾ ਅਤੇ ਇਸ ਨੂੰ ਆਪਣੀ ਰਿਹਾਇਸ਼ ਦਾ ਕੇਂਦਰ ਬਣਾਇਆ। ਪੰਜਾਬ ਦੇ ਸ਼ਹਿਰ ਸਿਆਲਕੋਟ ਅਤੇ ਜਿਹਲਮ ’ਚ ਟੋਪੀ ਤੇ ਦਾੜ੍ਹੀ ਵਾਲੇ ਗੋਰਖ ਨਾਥ ਦੇ ਬੁੱਤ ਸਨ। ਮੁਗ਼ਲ ਬਾਦਸ਼ਾਹ ਬਾਬਰ ਆਪਣੀ ਸਵੈ-ਜੀਵਨੀ ਵਿੱਚ ਲਿਖਦਾ ਹੈ ਕਿ ਉਸ ਨੂੰ ਜੋਗੀਆਂ ਦੇ ਪਾਕ ਕੇਂਦਰ ‘ਗੋਰਖ ਹਟੜੀ’ ਬਾਰੇ ਜਾਣਕਾਰੀ ਹੈ ਜਿੱਥੇ ਦੂਰ-ਦਰੇਡਿਉਂ ਹਿੰਦੂ ਜ਼ਿਆਰਤ ਕਰਨ ਆਉਂਦੇ ਹਨ ਤੇ ਆਪਣੀਆਂ ਦਾੜ੍ਹੀਆਂ ਤੇ ਸਿਰ ਦੇ ਵਾਲਾਂ ਦਾ ਮੁੰਡਣ ਕਰਵਾਉਂਦੇ ਹਨ।
ਗੋਰਖ ਨਾਥ ਅਤੇ ਸਿਆਲਕੋਟ ਦੇ ਰਾਜੇ ਸਲਵਾਨ ਦੇ ਪੁੱਤਰ ਪੂਰਨ (ਭਗਤ) ਤੇ ਰਸਾਲੂ ਸਿੰਧ ਤੋਂ ਲੈ ਕੇ ਗੰਗਾ-ਜਮਨਾ ਦੁਆਬ ਤੀਕ ਫੈਲੇ ਪੰਜਾਬ ਰਿਜਨ ਦੀ (ਗਵਾਚੀ ਹੋਈ) ਪਛਾਣ ਹਨ। ਇਹ ਤਿੰਨੋਂ ਇਸ ਖਿੱਤੇ ਦੇ ਸਭਿਆਚਾਰ, ਮਿਥਿਹਾਸ ਤੇ ਸਾਹਿਤ ਦੇ ਨੁਮਾਇੰਦੇ ਹਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ (1799-1839) ਸਮੇਂ ਕਿੱਸਾਕਾਰ ਕਾਦਰਯਾਰ ਪੂਰਨ ਭਗਤ ਦਾ ਕਿੱਸਾ ਕਲਮਬੰਦ ਕਰਦਾ ਹੈ ਅਤੇ ਇਨ੍ਹਾਂ ਦੀਆਂ ਸਿਮਰਤੀਆਂ ਨੂੰ ਤਾਜ਼ਾ ਕਰਦਾ ਹੈ।
1947 ਦੀ ਵੰਡ ਤੋਂ ਬਾਅਦ ਸਿੰਧ ਘਾਟੀ ਦੇ ਮਸ਼ਹੂਰ ਸਥਲ, ਹੜੱਪਾ ਤੇ ਮਹਿੰਜੋਦਾਰੋ, ਪਾਕਿਸਤਾਨ ਵੱਲ ਚਲੇ ਗਏ ਜਿਸ ਕਾਰਨ 1947 ਤੋਂ ਬਾਅਦ ਦੇ ਭਾਰਤ ਦੀ ਪੁਰਾਤਨ ਹੋਂਦ ਦੀ ਇਤਿਹਾਸਕਤਾ ਦਾ ਸਵਾਲ ਪੈਦਾ ਹੋ ਗਿਆ। ਇਹੋ ਸਵਾਲ ਭਾਰਤੀ ਪੰਜਾਬ ਦੀ ਇਤਿਹਾਸਕ ਸ਼ਨਾਖ਼ਤ ਨਾਲ ਵੀ ਜੁੜਿਆ ਹੋਇਆ ਸੀ। ਇਸ ਲਈ ਹੜੱਪਾ ਦੇ ਸਥਲਾਂ ਦੀ ਤਲਾਸ਼ ਭਾਰਤ ਦੇ ਪੁਰਾਤੱਤਵੀ ਸਰਵੇਖਣ ਦੀ ਅਹਿਮ ਤਰਜੀਹ ਬਣ ਗਈ।
ਸਿੰਧ ਘਾਟੀ ਨਾਲ ਆਜ਼ਾਦ ਭਾਰਤ ਦੇ ਰਿਸ਼ਤਿਆਂ ਨੂੰ ਸਥਾਪਿਤ ਕਰਨ ਹਿਤ ਇਤਿਹਾਸਕਾਰ ਬੁੱਧ ਪ੍ਰਕਾਸ਼ ਨੇ ‘ਹੜੱਪਾ-ਰੋਪੜ ਸਭਿਅਤਾ’ ਦੀ ਸ਼ਬਦਾਵਲੀ ਨੂੰ ਇਜਾਦ ਕੀਤਾ। ਉਸ ਦੀ ਦਲੀਲ ਸੀ ਕਿ ਸਮੇਂ ਦੇ ਨਾਲ-ਨਾਲ ਤਜਾਰਤ, ਸਨਅਤ, ਰਸਮਾਂ-ਰਿਵਾਜਾਂ ਤੇ ਧਰਮ, ਅਤੇ ਪ੍ਰਸ਼ਾਸਨ ਸਭਨਾਂ ਦੇੇ ਇਕੱਠੇ ਯੋਗਦਾਨ ਸਦਕਾ ਪੰਜਾਬ ’ਚ ਹੜੱਪਾ-ਰੋਪੜ ਸਭਿਅਤਾ ਇਤਿਹਾਸਕ ਤੌਰ ’ਤੇ ਵਿਕਸਤ ਹੋਈ। ਇਹ ਸਭਿਅਤਾ, ਬੁੱਧ ਪ੍ਰਕਾਸ਼ ਅਨੁਸਾਰ, ਉਸ ਸਭਿਆਚਾਰ ਦੀ ਦੇਣ ਜਾਂ ਵਿਰਾਸਤ ਹੈ ਜੋ ਇਰਾਨ, ਅਫ਼ਗਾਨਿਸਤਾਨ, ਬਲੋਚਿਸਤਾਨ ਦੇ ਵਿਸ਼ਾਲ ਖਿੱਤੇ ਅਤੇ ਭਾਰਤ-ਪਾਕਿਸਤਾਨ ਉਪ-ਮਹਾਂਦੀਪ ਦੇ ਉੱਤਰ-ਪੱਛਮੀ ਹਿੱਸਿਆਂ ’ਚ ਵਿਕਸਤ ਹੋਇਆ, ਅਤੇ ਜਿਸ ਦੀ ਪੰਜਾਬ ਅਤੇ ਸਿੰਧ ਅਤੇ ਲਾਗੇ ਦੇ ਇਲਾਕਿਆਂ ’ਚ ਆਪਣੀ ਸ਼ਖ਼ਸੀਅਤ, ਹੋਂਦ ਤੇ ਪਹਿਚਾਣ ਸੀ। ਦਿਲਚਸਪ ਤੱਥ ਇਹ ਵੀ ਹੈ ਕਿ ਰੋਪੜ ਦਾ ਇਲਾਕਾ ਮਹਾਭਾਰਤ, ਰਮਾਇਣ ਤੇ ਖ਼ਾਲਸਾ ਵਿਰਾਸਤ ਨਾਲ ਵੀ ਜੁੜਿਆ ਹੋਇਆ ਹੈ।
ਪਾਕਿਸਤਾਨ ਦੇ ਇਸਲਾਮੀ/ ਮੁਸਲਮਾਨ ਇਤਿਹਾਸਕਾਰ ਪੱਛਮੀ ਪੰਜਾਬ ਦੇ ਸਭਿਆਚਾਰ ਨੂੰ ਅਰਬ-ਇਰਾਨ-ਤੁਰਕੀ-ਮੁਖੀ ਸਿੰਧ ਸਭਿਅਤਾ ਦੇ ਧਰਾਤਲ ’ਤੇ ਖਲੋ ਕੇ ਹੀ ਵਾਚਦੇ ਹਨ; ਅਤੇ ਭਾਰਤ ਦੇ ਹਿੰਦੂ ਰਾਸ਼ਟਰਵਾਦੀ ਇਤਿਹਾਸਕਾਰ ਚੜ੍ਹਦੇ ਪੰਜਾਬ ਨੂੰ ਆਰੀਆ ਨਸਲ ਜਾਂ ਹਿੰਦੂ ਸਭਿਆਚਾਰ ਦੇ ਨੁਕਤਾ ਨਿਗਾਹ ਤੋਂ ਵਿਚਾਰਦੇ ਹਨ, ਅਤੇ ਸਿੱਖ ਇਤਿਹਾਸਕਾਰ ਸਿੱਖ ਧਰਮ ਦੇ ਪੱਖ ਤੋਂ ਚੜ੍ਹਦੇ ਪੰਜਾਬ ਨੂੰ ਨਿਖਾਰਦੇ ਹਨ।
ਇਸ ਲਈ ਸਵਾਲ ਪੈਦਾ ਹੁੰਦਾ ਹੈ ਕਿ ਪੰਜਾਬ ਦੀ ਮੁੱਖਧਾਰਾ ਵਾਲੀ ਇਤਿਹਾਸਕਾਰੀ ਪੰਜਾਬ ਦੇ ਇਤਿਹਾਸ ਦੀ ਇਤਿਹਾਸਕਤਾ ਨੂੰ ਕਿਵੇਂ ਸਥਾਪਤ ਕਰਦੀ ਹੈ? ਇਸ ਇਤਿਹਾਸਕਤਾ ਨੂੰ ਕਿਸ ਸਮੇਂ ਅਤੇ ਸਥਾਨ ਦੇ ਹਵਾਲੇ ਨਾਲ ਵਿਚਾਰਦੀ ਹੈ। ਇਤਿਹਾਸਕਤਾ ਨੂੰ ਪੇਸ਼ ਕਰਨ ਦਾ ਰੰਗ-ਢੰਗ ਤੇ ਸੁਭਾਅ ਕਿਹੋ ਜਿਹਾ ਹੈ? ਜਿਸ ਲਬਿਾਸ ’ਚ ਇਤਿਹਾਸਕਤਾ ਪੇਸ਼ ਹੋ ਰਹੀ ਹੈ ਉਹ ਲਬਿਾਸ ਕੈਸਾ ਹੈ? ਉਸ ਦੀ ਬਣਤਰ-ਬੁਣਤਰ ਕਿਹੋ ਜਿਹੀ ਹੈ? ਇਤਿਹਾਸਕਤਾ ਤੇ ਉਸ ਦੀ ਪੇਸ਼ਕਾਰੀ ਦੇ ਦਰਮਿਆਨ ਕੌਣ ਖਲੋਤਾ ਹੋਇਆ ਹੈ? ਉਸ ਦੀ ਪੇਸ਼ਕਾਰੀ ਦੇ ਸੰਦ-ਔਜ਼ਾਰ ਕਿਹੋ ਜਿਹੇ ਹਨ? ਇਹ ਤਮਾਮ ਸਵਾਲ ਇਤਿਹਾਸਕਾਰੀ ਦੇ ਸੁਹਜ-ਸ਼ਾਸਤਰ ਤੇ ਕਾਵਿ-ਸ਼ਾਸਤਰ ਨਾਲ ਜੁੜੇ ਹੋਏ ਹਨ। ਕਹਿਣ ਦਾ ਭਾਵ ਇਹ ਹੈ: ਕੀ ਇਤਿਹਾਸਕਤਾ ਤੇ ਇਸ ਦੀ ਪੇਸ਼ਕਾਰੀ ਨੂੰ ਇਹ ਸੰਦ-ਔਜ਼ਾਰ ਏਦਾਂ ਜੋੜਦੇ ਹਨ ਜਿਸ ਨੂੰ ਪੰਜਾਬ ਦਾ ਅਜ਼ੀਮ ਕਿੱਸਾਕਾਰ ਵਾਰਿਸਸ਼ਾਹ ਇਉਂ ਬਿਆਨ ਕਰਦਾ ਹੈ:
ਫ਼ਿਕਰਾ ਜੋੜ ਕੇ ਖ਼ੂਬ ਦਰੁਸਤ ਕੀਤਾ, ਨਵਾਂ ਫੁਲ ਗੁਲਾਬ ਦਾ ਤੋੜਿਆ ਏ
ਬਹੁਤ ਜੀਉ ਦੇ ਵਿਚ ਤਦਬੀਰ ਕਰਕੇ, ਫਰਹਾਦ ਪਹਾੜ ਨੂੰ ਤੋੜਿਆ ਏ
ਇਤਿਹਾਸਕਤਾ ਦਾ ਤਅੱਲਕ ਮਰੇ-ਮੁੱਕੇ ਅਤੀਤ ਨਾਲ ਨਹੀਂ ਹੁੰਦਾ। ਇਤਿਹਾਸਕਤਾ ਅਤੇ ਅਤੀਤ ਦੋਵੇਂ ਵਰਤਮਾਨ ਦੇ ਨਾਲੋ-ਨਾਲ ਚੱਲ ਰਹੇ ਹੁੰਦੇ ਹਨ। ਆਖਦੇ ਹਨ ਕਿ ਬਗ਼ੈਰ ਪਰਛਾਵਿਆਂ ਵਾਲੇ ਮਾਨਸ ਭੂਤ ਹੁੰਦੇ ਹਨ, ਜੋ ਭਟਕਦੇ ਰਹਿੰਦੇ ਹਨ। ਭਾਵ ਇਤਿਹਾਸਕਤਾ ਅਤੇ ਅਤੀਤ ਤੋਂ ਟੁੱਟਿਆ ਵਰਤਮਾਨ ਉਸ ਭੂਤ ਦੀ ਤਰ੍ਹਾਂ ਹੁੰਦਾ ਹੈ ਜਿਸ ਦਾ ਪਿਛੋਕੜ-ਪਰਛਾਵਾਂ ਨਹੀਂ ਹੁੰਦਾ, ਅਤੇ ਲੋਕ ਉਸ ਨੂੰ ਭੁਲੇਖਾ, ਛਲ-ਕਪਟ ਆਖ ਉਸ ਤੋਂ ਲਾਂਭੇ ਰਹਿੰਦੇ ਹਨ। ਪੰਜਾਬ ਦੀ ਇਤਿਹਾਸਕਾਰੀ ਅਤੇ ਸਿਆਸਤ ਦੇ ਪਿੜ ’ਚ ‘ਪ੍ਰਾਚੀਨ’ ਪੰਜਾਬ ਨਾਲ ਇਹੋ ਜਿਹਾ ਹੀ ਦੁਖਾਂਤ ਵਾਪਰ ਰਿਹਾ ਹੈ।
ਇਤਿਹਾਸਕਤਾ ਦੇ ਪੱਖ ਤੋਂ ਅਤੀਤ ਲੰਮੀ ਉਮਰ ਨਾਲ ਅਸੀਸਿਆ ਹੁੰਦਾ ਹੈ। ਇਹ ਧਰਤ ਦੀਆਂ ਤਮਾਮ ਸ਼ੈਆਂ ਸੰਗ ਸਦੀਆਂ ਤੋਂ ਟੁਰਦਾ ਆ ਰਿਹਾ ਹੁੰਦਾ ਹੈ। ਇਸ ਦੇ ਸਫ਼ਰ ਦੀਆਂ ਠਾਹੀਆਂ-ਪੜਾਵਾਂ ਦਾ ਥਹੁ-ਪਤਾ ਤਲਾਸ਼ਣ ਲਈ ਫਰਹਾਦ ਆਸ਼ਕ ਜਿਹਾ ਸਿਰੜ ਅਤੇ ਕਿੱਸਾਕਾਰ ਵਾਰਿਸਸ਼ਾਹ ਜਿਹਾ ਹੁਨਰ ਚਾਹੀਦਾ ਹੈ। ਅਤੀਤ ਉਸ ਦੀ ਇਤਿਹਾਸਕਤਾ ਦੀ ਤਲਾਸ਼, ਵਰਤਮਾਨ ਨੂੰ ਕਈ ਪੱਖੋਂ ਸੰਵਾਰ-ਸੁਧਾਰ ਸਕਦੀ ਹੈ। ਅਕਸਰ ਅਤੀਤ ਦੇ ਕਿਵਾੜ ਖੋਲ੍ਹਣ ਵਾਲੇ ਅਤੀਤ ਦੀ ਇਤਿਹਾਸਕਤਾ ਨਾਲ ਖਿਲਵਾੜ ਕਰਨ ਲੱਗ ਪੈਂਦੇ ਹਨ। ਕਿਵਾੜ ਖੋਲ੍ਹਣਾ ਤੇ ਬੰਦ ਕਰਨਾ ਵੀ ਇੱਕ ਕਲਾ ਹੈ।
ਦਲੀਲ ਹੈ ਕਿ ਇਤਿਹਾਸ ਪਰਤ ਕੇ ਸਾਡੇ ਕੋਲ ਨਹੀਂ ਆਉਂਦਾ। ਅਸਲ ’ਚ ਇਤਿਹਾਸ ਨੂੰ ਵਰਤਮਾਨ ਦੇ ਸੁਆਰਥਾਂ ਦੀ ਸੇਵਾ ਕਰਨ ਹਿੱਤ ਸਰਗਰਮ ਕੀਤਾ ਜਾਂਦਾ ਹੈ। ਇਸ ਸਰਗਰਮੀ ’ਚੋਂ ਹੀ ਇਤਿਹਾਸਕਾਰੀ ਜਨਮ ਲੈਂਦੀ ਹੈ, ਭਾਵ ਇਤਿਹਾਸ ਨੂੰ ਕਲਮਬੰਦ ਕਰਨ ਦੀ ਕਲਾ। ਇਸ ਲਈ ਇਤਿਹਾਸਕਾਰੀ ਫ਼ੌਤ ਹੋਏ ਅਤੀਤ ਦਾ ਸਿੱਕੇਬੰਦ ਦਸਤਾਵੇਜ਼ ਨਹੀਂ ਹੁੰਦੀ। ਬਲਕਿ ਇਤਿਹਾਸਕਾਰੀ ਵਰਤਮਾਨ ਸੁਆਰਥਾਂ ਦੁਆਰਾ ਸਿਰਜਿਆ ਇੱਕ ਕਾਵਿਕ ਜਾਂ ਕਾਲਪਨਿਕ ਵਰਤਾਰਾ ਜਾਂ ਕਲਾ ਹੁੰਦੀ ਹੈ। ਗ਼ਲਬੇ ਅਤੇ ਸੱਤਾ ਦੇ ਪੱਖੋਂ ਵਰਤਮਾਨ, ਅਤੀਤ ਨਾਲੋਂ ਬਲਵਾਨ ਹੁੰਦਾ ਹੈ।
ਸੋ ਦਲੀਲ ਹੈ ਕਿ ਪ੍ਰਾਚੀਨ ਪੰਜਾਬ ਦੇ ਨੈਣ-ਨਕਸ਼ਾਂ ਅਤੇ ਇਸ ਦੇ ਸੁਭਾਅ ਨੂੰ ਤਤਕਾਲੀ ਸਮੇਂ ਦੇ ਪੱਖ ਤੋਂ ਨਹੀਂ ਬਲਕਿ ਚਿਰਕਾਲੀ ਇਤਿਹਾਸਕ ਦੌਰ ਦੇ ਨਜ਼ਰੀਏ ਤੋਂ ਤਲਾਸ਼ਣਾ ਅਤੇ ਪੜ੍ਹਣਾ ਵੀ ਜ਼ਰੂਰੀ ਹੈ। ਅਜਿਹਾ ਨਜ਼ਰੀਆ ਨਾ ਕੇਵਲ ਸਮੁੱਚੇ ਪੰਜਾਬ ਦੇ ਇਤਿਹਾਸ ਦੇ ਘੇਰੇ ਨੂੰ ਵਸੀਹ ਕਰਨ ’ਚ ਮਦਦਗਾਰ ਹੋਵੇਗਾ ਬਲਕਿ ਇਸ (ਪੰਜਾਬ ਦੇ ਇਤਿਹਾਸ) ਨੂੰ ਨਵੇਂ ਅੰਦਾਜ਼ ’ਚ ਵੇਖਣ-ਵਾਚਣ ਅਤੇ ਇਤਿਹਾਸਕਾਰ ਦੀ ਕਲਮਬੰਦੀ ਵਿੱਚ ਸਿਫ਼ਤੀ ਤਬਦੀਲੀ ਲਿਆਉਣ ਵਿੱਚ ਵੀ ਸਹਾਈ ਹੋਵੇਗਾ।
ਸੰਪਰਕ: 98783-69932