ਬੱਚਿਆਂ ਨੂੰ ਬੌਧਿਕ ਕੰਗਾਲੀ ਵੱਲ ਧੱਕ ਰਹੀ ਸਕਰੀਨ
ਸਾਨੂੰ ਜਿਸ ਤਰੀਕੇ ਨਾਲ ਮੋਬਾਈਲ ਉੱਤੇ ਲੰਮਾ ਸਮਾਂ ਬਤੀਤ ਕਰਨ ਦੀ ਆਦਤ ਪਈ ਹੋਈ ਹੈ, ਉਸ ਨੂੰ ਮੋਬਾਈਲ ਦਾ ਨਸ਼ਾ (Mobile Addiction) ਹੀ ਕਿਹਾ ਜਾ ਸਕਦਾ ਹੈ। ਇਸ ਨਸ਼ੇ ਤੋਂ ਭਾਵ ਹੈ ਕਿ ਲੋਕ ਮੋਬਾਈਲ ਦੀ ਵਰਤੋਂ ਕਰਦਿਆਂ ਵੱਖ-ਵੱਖ ਸਾਈਟਾਂ...
ਸਾਨੂੰ ਜਿਸ ਤਰੀਕੇ ਨਾਲ ਮੋਬਾਈਲ ਉੱਤੇ ਲੰਮਾ ਸਮਾਂ ਬਤੀਤ ਕਰਨ ਦੀ ਆਦਤ ਪਈ ਹੋਈ ਹੈ, ਉਸ ਨੂੰ ਮੋਬਾਈਲ ਦਾ ਨਸ਼ਾ (Mobile Addiction) ਹੀ ਕਿਹਾ ਜਾ ਸਕਦਾ ਹੈ। ਇਸ ਨਸ਼ੇ ਤੋਂ ਭਾਵ ਹੈ ਕਿ ਲੋਕ ਮੋਬਾਈਲ ਦੀ ਵਰਤੋਂ ਕਰਦਿਆਂ ਵੱਖ-ਵੱਖ ਸਾਈਟਾਂ ਦੀ ਲੋੜ ਅਨੁਸਾਰ ਜਾਂ ਬੇਲੋੜੀ ਵਰਤੋਂ ਕਰੀ ਜਾਂਦੇ ਹਨ। ਇਹ ਗੱਲ ਸਕੂਲਾਂ-ਕਾਲਜਾਂ ਦੇ ਬੱਚਿਆਂ ਉੱਤੇ ਵੀ ਢੁੱਕਦੀ ਹੈ। ਬੱਚਿਆਂ ਅਤੇ ਅੱਲ੍ਹੜ ਉਮਰ ਦੇ ਲੜਕੇ-ਲੜਕੀਆਂ ਵੱਲੋਂ ਡਿਜੀਟਲ ਐਪਸ ਉੱਤੇ ਸਮਾਂ ਬਰਬਾਦ ਕਰਨਾ ਮਾਪਿਆਂ ਲਈ ਫ਼ਿਕਰ ਦੀ ਗੱਲ ਬਣਿਆ ਰਹਿੰਦਾ ਹੈ। ਸਮਝਣ ਦੀ ਲੋੜ ਹੈ ਕਿ ਹੋਰ ਨਸ਼ਿਆਂ ਦੀ ਤਰ੍ਹਾਂ ‘ਮੋਬਾਈਲ ਦਾ ਨਸ਼ਾ’ ਵੀ ਬੱਚਿਆਂ ਦੇ ਰੋਜ਼ਾਨਾ ਜੀਵਨ ਅਤੇ ਉਨ੍ਹਾਂ ਦੇ ਭਵਿੱਖ ਨੂੰ ਸਿੱਧੇ ਤੌਰ ’ਤੇ ਪ੍ਰਭਾਵਿਤ ਕਰਦਾ ਹੈ। ਇੱਕ ਸਰਵੇਖਣ ’ਚ ਇਹ ਵੀ ਵੇਖਿਆ ਗਿਆ ਹੈ ਕਿ ਸਮਾਰਟ ਫੋਨ ਵਰਤਣ ਵਾਲੇ ਬੱਚਿਆਂ ਵਿੱਚੋਂ ਅੱੱਧੇ ਦੇ ਕਰੀਬ ਬੱਚੇ ਹਰ ਵੇਲੇ ਔਨਲਾਈਨ ਹੀ ਰਹਿੰਦੇ ਹਨ। ਇਹ ਵੀ ਮੋਬਾਈਲ ਦੇ ਨਸ਼ੇ ਦਾ ਹੀ ਇੱਕ ਅਹਿਮ ਲੱਛਣ ਹੈ।
ਮੋਬਾਈਲ, ਟੀ.ਵੀ, ਕੰਪਿਊਟਰ ਅਤੇ ਲੈਪਟਾਪ ਆਦਿ ਉੱਤੇ ਬਿਤਾਏ ਗਏ ਸਮੇਂ ਨੂੰ ‘ਸਕਰੀਨ ਸਮਾਂ’ (SCREEN TIME) ਕਿਹਾ ਜਾਂਦਾ ਹੈ। ਅਜੋਕੇ ਸਮੇਂ ਵਿੱਚ ਲੋਕਾਂ ਦਾ ਸਕਰੀਨ ਸਮਾਂ ਕਾਫ਼ੀ ਵਧ ਚੁੱਕਾ ਹੈ ਅਤੇ ਸਰੀਰਕ ਸਰਗਰਮੀਆਂ ਬਹੁਤ ਜ਼ਿਆਦਾ ਘਟ ਗਈਆਂ ਹਨ। ਇਸੇ ਵਹਿਣ ਵਿੱਚ ਵਹਿੰਦਿਆਂ ਅਜੋਕੇ ਬੱਚੇ ਵੀ ਪਿੱਛੇ ਨਹੀਂ ਰਹੇ। ਬੱਚੇ ਮੋਬਾਈਲਾਂ ਉੱਤੇ ਗੱਲਾਂ ਕਰਦਿਆਂ, ਚੈਟਿੰਗ ਕਰਦਿਆਂ ਅਤੇ ਗੇਮਾਂ ਖੇਡਦਿਆਂ ਲੰਮਾ ਸਮਾਂ ਬਤੀਤ ਕਰਦੇ ਹਨ। ਇਸ ਨਾਲ ਉਨ੍ਹਾਂ ਵਿੱਚ ਕਈ ਸਰੀਰਕ ਅਤੇ ਦਿਮਾਗ਼ੀ ਪ੍ਰੇਸ਼ਾਨੀਆਂ ਜਿਵੇਂ ਅੱਖਾਂ ਦਾ ਭਾਰਾਪਣ, ਗਰਦਨ ਤੇ ਪਿੱਠ ਦਾ ਦਰਦ, ਨੀਂਦ ਨਾ ਆਉਣਾ, ਚਿੰਤਾ ਅਤੇ ਮਾਨਸਿਕ ਤਣਾਅ ਆਦਿ ਜਿਹੀਆਂ ਤਕਲੀਫ਼ਾਂ ਪੈਦਾ ਹੋ ਰਹੀਆਂ ਹਨ। ਮੋਬਾਈਲ ਦੀ ਸਕਰੀਨ ਤੋਂ ਨਿਕਲਦੀ ਨੀਲੀ ਰੌਸ਼ਨੀ ਨੀਂਦ ਉੱਤੇ ਮਾੜਾ ਅਸਰ ਪਾਉਂਦੀ ਹੈ। ਸਿੱਟੇ ਵਜੋਂ ਬੱਚਿਆਂ ਦੀ ਨੀਂਦ ਘਟ ਜਾਂਦੀ ਹੈ। ਘੱਟ ਨੀਂਦ ਲੈਣ ਨਾਲ ਉਨ੍ਹਾਂ ਦਾ ਸਰੀਰ ਥਕਾਵਟ ਮਹਿਸੂਸ ਕਰਦਾ ਹੈ, ਦਿਮਾਗ਼ੀ ਕੰਮ ਕਰਨ ਦੀ ਇਕਾਗਰਤਾ ਸ਼ਕਤੀ (Mental Concentration) ਘਟ ਜਾਂਦੀ ਹੈ, ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਿੱਚ ਕਮੀ ਆਉਂਦੀ ਹੈ ਅਤੇ ਦਿਮਾਗ਼ ਉਦਾਸੀ ਤੇ ਚਿੰਤਾ ਵਿੱਚ ਡੁੱਬਿਆ ਰਹਿੰਦਾ ਹੈ। ਲੰਮੇ ਸਮੇਂ ਲਈ ਮੋਬਾਈਲ ਦੀ ਵਰਤੋਂ ਕਰਨ ਨਾਲ ਧੁੰਦਲਾ ਨਜ਼ਰ ਆਉਣ ਲੱਗਦਾ ਹੈ, ਸਿਰ ਪਾਟਣ ਲੱਗਦਾ ਹੈ ਅਤੇ ਅੱਖਾਂ ਭਾਰੀਆਂ ਹੋ ਜਾਂਦੀਆਂ ਹਨ। ਜ਼ਿਆਦਾ ਦੇਰ ਤੱਕ ਮੋਬਾਈਲ ਚਲਾਉਣ ਨਾਲ ਉਨ੍ਹਾਂ ਦਾ ਪੋਸਚਰ ਖ਼ਰਾਬ ਹੋ ਜਾਂਦਾ ਹੈ ਭਾਵ ਲੱਕ ਵਿੱਚ ਕੁੱਬ ਪੈ ਜਾਂਦਾ ਹੈ। ਸਕਰੀਨ ਸਮਾਂ ਵਧਣ ਅਤੇ ਇੱਕੋ ਥਾਂ ਉੱਤੇ ਬੈਠੇ ਰਹਿਣ ਨਾਲ ਬੱਚਿਆਂ ਦਾ ਭਾਰ ਵਧ ਜਾਂਦਾ ਹੈ ਅਤੇ ਮੋਟਾਪਾ ਆ ਜਾਂਦਾ ਹੈ, ਜਿਸ ਨਾਲ ਛੋਟੀ ਉਮਰ ਵਿੱਚ ਹੀ ਸ਼ੂਗਰ, ਬਲੱਡ ਪ੍ਰੈੱਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਦੀ ਸੰਭਾਵਨਾ ਵਧ ਜਾਂਦੀ ਹੈ। ਸਕਰੀਨ ਉੱਤੇ ਵੱਧ ਸਮਾਂ ਬਤੀਤ ਕਰਨ ਨਾਲ ਯਾਦਦਾਸ਼ਤ ਘਟਦੀ ਹੈ, ਮਨ ਨੂੰ ਇਕਾਗਰ ਅਤੇ ਕੇਂਦਰਿਤ ਕਰਨ ਦੀ ਸਮਰੱਥਾ ਧੀਮੀ ਪੈ ਜਾਂਦੀ ਹੈ। ਉਹ ਸਮਾਜ ਦੇ ਦੂਜੇ ਲੋਕਾਂ ਦੇ ਸਾਹਮਣੇ ਖਲੋ ਕੇ ਉਨ੍ਹਾਂ ਦਾ ਟਾਕਰਾ ਨਹੀਂ ਕਰ ਸਕਦੇ ਭਾਵ ਉਨ੍ਹਾਂ ਵਿੱਚ ਸਮਾਜ ਤੋਂ ਇਕੱਲੇ ਰਹਿਣ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਇਸ ਨਾਲ ਬੱਚੇ ਚਿੜਚਿੜੇ, ਗੁੱਸੇ ਵਾਲੇ ਅਤੇ ਅਨੁਸ਼ਾਸਨਹੀਣ ਹੋ ਜਾਂਦੇ ਹਨ। ਉਨ੍ਹਾਂ ਦੀ ਸਵੈ-ਕਾਬੂ ਅਤੇ ਮਾਨਸਿਕ ਅਵਸਥਾ ਨੂੰ ਕੰਟਰੋਲ ਕਰ ਸਕਣ ਦੀ ਸਮਰੱਥਾ ਘਟ ਜਾਂਦੀ ਹੈ ਅਤੇ ਉਹ ਖਿੱਝੇ-ਖਿੱਝੇ ਰਹਿਣ ਲੱਗ ਜਾਂਦੇ ਹਨ। ਲੰਮਾ ਸਮਾਂ ਟੀ.ਵੀ, ਮੋਬਾਈਲ ਅਤੇ ਕੰਪਿਊਟਰ ਨਾਲ ਚਿੰਬੜੇ ਰਹਿਣ ਨਾਲ ਉਨ੍ਹਾਂ ਦਾ ਸਮਾਜਿਕ ਅਤੇ ਭਾਵਨਾਤਮਿਕ ਵਿਕਾਸ ਨਹੀਂ ਹੁੰਦਾ। ਇਸ ਨਾਲ ਉਨ੍ਹਾਂ ਦੀ ਵਿਦਿਅਕ ਯੋਗਤਾ ਅਤੇ ਭਾਸ਼ਾਈ ਪਕੜ ਵਿਕਸਿਤ ਨਹੀਂ ਹੋ ਸਕਦੀ।
ਵਿਗਿਆਨਕ ਅਧਿਐਨ: ਨੌਰਵੇ, ਸਵੀਡਨ ਅਤੇ ਆਸਟਰੇਲੀਆ ਦੇ ਖੋਜੀ ਵਿਗਿਆਨੀਆਂ ਵੱਲੋਂ ਹਾਲ ਹੀ ਕੀਤੇ ਗਏ ਇੱਕ ਤਾਜ਼ੇ ਅਧਿਐਨ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਲੋਕਾਂ ਵੱਲੋਂ ਲੰਮੇ ਸਮੇਂ ਲਈ ਵਰਤੇ ਜਾਂਦੇ ਮੋਬਾਈਲ ਅਤੇ ਕੰਪਿਊਟਰ ਆਦਿ ਦਾ ਉਨ੍ਹਾਂ ਦੀ ਨੀਂਦ ਉੱਤੇ ਸਿੱਧਾ ਅਸਰ ਪੈਂਦਾ ਹੈ। ਉਕਤ ਖੋਜੀਆਂ ਦੇ ‘ਫਰੰਟੀਅਰਜ਼ ਇਨ ਸਾਇਕੈਟਰੀ’ ਨਾਂ ਦੇ ਰਸਾਲੇ ਵਿੱਚ ਹਾਲ ਹੀ ਵਿੱਚ ਛਪੇ ਇੱਕ ਲੇਖ ਵਿੱਚ ਦੱਸਿਆ ਗਿਆ ਹੈ ਕਿ ਰਾਤ ਸਮੇਂ ਜਿੰਨਾ ਜ਼ਿਆਦਾ ਅਸੀਂ ਇਨ੍ਹਾਂ ਸਾਧਨਾਂ ਦੀ ਵਰਤੋਂ ਕਰਾਂਗੇ ਓਨਾ ਹੀ ਸਾਡੀ ਨੀਂਦ ਘਟਦੀ ਜਾਵੇਗੀ। ਵਿਗਿਆਨੀ ਇਹ ਪਹਿਲਾਂ ਹੀ ਸਿੱਧ ਕਰ ਚੁੱਕੇ ਹਨ ਕਿ ਘੱਟ ਨੀਂਦ ਲੈਣ ਨਾਲ ਇਨਸਾਨ ਦਾ ਸਰੀਰ ਥਕਾਵਟ ਮਹਿਸੂਸ ਕਰਦਾ ਹੈ, ਉਸ ਦੀ ਦਿਮਾਗ਼ੀ ਕੰਮ ਕਰਨ ਦੀ ਇਕਾਗਰਤਾ ਘਟ ਜਾਂਦੀ ਹੈ, ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਿੱਚ ਕਮੀ ਆਉਂਦੀ ਹੈ ਅਤੇ ਦਿਮਾਗ਼ ਉਦਾਸੀ ਤੇ ਚਿੰਤਾ ਵਿੱਚ ਡੁੱਬਿਆ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਸਾਡੇ ਸਰੀਰ ਨੂੰ ਸਰੀਰਕ ਅਤੇ ਦਿਮਾਗ਼ੀ ਮਿਹਨਤ ਕਰਨ ਮਗਰੋਂ ਭਰਪੂਰ ਅਰਾਮ ਦੀ ਲੋੜ ਹੁੰਦੀ ਹੈ। ਸਰੀਰ ਨੂੰ ਆਰਾਮ ਦੇਣ ਨਾਲ ਇਸ ਦੇ ਅੰਗ ਇੱਕ ਵਾਰ ਫਿਰ ਤੋਂ ਊਰਜਾਵਾਨ ਹੋ ਜਾਂਦੇ ਹਨ। ਮੈਡੀਕਲ ਖੇਤਰ ਦੇ ਮਾਹਿਰਾਂ ਵੱਲੋਂ ਭਰਪੂਰ ਨੀਂਦ ਨੂੰ ਹੀ ਸਰੀਰਕ ਮਸ਼ੀਨਰੀ ਨੂੰ ਆਰਾਮ ਦੇਣ ਦਾ ਇੱਕ ਅਹਿਮ ਜ਼ਰੀਆ ਦੱਸਿਆ ਗਿਆ ਹੈੈ। ਭਰਪੂਰ ਨੀਂਦ ਮਨੁੱਖ ਦੀ ਸਰੀਰਕ ਥਕਾਵਟ ਨੂੰ ਮਹਿਜ਼ ਆਰਾਮ ਹੀ ਨਹੀਂ ਦਿੰਦੀ ਸਗੋਂ ਇਹ ਦਿਮਾਗ਼ੀ ਤਣਾਅ ਨੂੰ ਘਟਾਉਂਦੀ ਹੈ, ਮੂਡ ਨੂੰ ਠੀਕ ਕਰਦੀ ਹੈ, ਬਲੱਡ ਪ੍ਰੈੱਸ਼ਰ ਨੂੰ ਠੀਕ ਕਰਦੀ ਹੈ, ਸਰੀਰ ਦੀ ਰੋਗ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਦੀ ਹੈ ਅਤੇ ਸਰੀਰਕ ਅੰਗਾਂ ਦੀ ਸੋਜ਼ਿਸ਼ ਨੂੰ ਵੀ ਘਟਾਉਂਦੀ ਹੈ। ਜਦੋਂ ਅਸੀਂ ਸੌਂਦੇ ਹਾਂ ਤਾਂ ਉਸ ਵੇਲੇ ਸਾਡੇ ਸਰੀਰ ਅੰਦਰ ਬਿਮਾਰੀਆਂ ਨਾਲ ਲੜਨ ਵਾਲੇ ਤੱਤ ਭਰਪੂਰ ਮਾਤਰਾ ਵਿੱਚ ਪੈਦਾ ਹੁੰਦੇ ਹਨ, ਜਿਸ ਨਾਲ ਸਰੀਰ ਵਿੱਚ ਰੋਗਾਂ ਨੂੰ ਖ਼ਤਮ ਕਰਨ ਦੀ ਤਾਕਤ ਪੈਦਾ ਹੋ ਜਾਂਦੀ ਹੈ। ਇਸੇ ਲਈ ਜਦੋਂ ਕੋਈ ਵਿਅਕਤੀ ਬਿਮਾਰ ਹੁੰਦਾ ਹੈ ਤਾਂ ਉਸ ਨੂੰ ਜ਼ਿਆਦਾ ਤੋਂ ਜ਼ਿਆਦਾ ਆਰਾਮ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਵਿਗਿਆਨੀਆਂ ਦਾ ਇਹ ਵੀ ਕਹਿਣਾ ਹੈ ਕਿ ਜਾਗਦਿਆਂ ਹੋਇਆਂ ਕੋਈ ਮਨੁੱਖ ਕਿੰਨੀ ਇਕਾਗਰਤਾ ਨਾਲ ਕੰਮ ਕਰੇਗਾ, ਇਹ ਉਸ ਦੀ ਨੀਂਦ ਦੀ ਗੁਣਵੱਤਾ ਉੱਤੇ ਨਿਰਭਰ ਕਰਦਾ ਹੈ।
ਸਕਰੀਨ ਸਮੇਂ ਨੂੰ ਘੱਟ ਕਰਨ ਲਈ ਸੁਝਾਅ : ਬੱਚਿਆਂ ਵਿੱਚ ਸਕਰੀਨ ਸਮੇਂ ਨੂੁੰ ਘੱਟ ਕਰਨ ਲਈ ਉਨ੍ਹਾਂ ਦਾ ਮੋਬਾਈਲ ਜਾਂ ਟੀ.ਵੀ. ਦੇਖਣ ਦਾ ਸਮਾਂ ਤੈਅ ਕਰਨਾ ਚਾਹੀਦਾ ਹੈ ਅਤੇ ਮਿੱਥੇ ਸਮੇਂ ਬਾਅਦ ਇਨ੍ਹਾਂ ਦੀ ਵਰਤੋਂ ’ਤੇ ਪੂਰੀ ਤਰ੍ਹਾਂ ਰੋਕ ਲਾ ਦੇਣੀ ਚਾਹੀਦੀ ਹੈ। ਬੱਚਿਆਂ ਦੀ ਪੜ੍ਹਾਈ ਵੇਲੇ ਘਰ ਦੇ ਸਿਆਣਿਆਂ ਨੂੰ ਵੀ ਇਨ੍ਹਾਂ ਦੀ ਵਰਤੋਂ ਉੱਤੇ ਸੰਜਮ ਵਰਤਣਾ ਚਾਹੀਦਾ ਹੈ। ਘਰ ਦੇ ਕੁਝ ਹਿੱਸਿਆਂ ਜਿਵੇਂ ਬੈੱਡਰੂਮ ਅਤੇ ਖਾਣੇ ਵਾਲੀ ਜਗ੍ਹਾ ’ਤੇ ਮੋਬਾਈਲ ਵਰਤਣ ਦੀ ਮੁਕੰਮਲ ਮਨਾਹੀ ਹੋਣੀ ਚਾਹੀਦੀ ਹੈ। ਮਾਪਿਆਂ ਵੱਲੋਂ ਬੱਚਿਆਂ ਅੰਦਰ ਸਰੀਰਕ ਸਰਗਰਮੀ ਨੂੰ ਉਤਸ਼ਾਹਿਤ ਕਰਨ ਲਈ ਸੈਰ ਅਤੇ ਰਵਾਇਤੀ ਖੇਡਾਂ ਖੇਡਣ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਬੱਚਿਆਂ ਨੂੰ ਪਰਿਵਾਰ ਅਤੇ ਸਮਾਜ ਦੇ ਲੋਕਾਂ ਨਾਲ ਆਹਮੋ-ਸਾਹਮਣੇ ਗੱਲਬਾਤ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਸੌਣ ਤੋਂ ਇੱਕ ਘੰਟਾ ਪਹਿਲਾਂ ਹਰ ਕਿਸਮ ਦੀ ਸਕਰੀਨ ਗਤੀਵਿਧੀ ਨੂੰ ਬੰਦ ਕਰ ਦੇਣਾ ਚਾਹੀਦਾ ਹੈ।
ਸੰਪਰਕ: 62842-20595

