DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਾਮਿਲਵਰਤਣ ਲਹਿਰ ਦੇ ਮੋਢੀ ਸਤਿਗੁਰੂ ਰਾਮ ਸਿੰਘ

ਉੱਘੇ ਸਿੱਖ ਦਾਰਸ਼ਨਿਕ, ਸਮਾਜ ਸੁਧਾਰਕ ਅਤੇ ਵਿਸ਼ਾਲ ਅੰਗਰੇਜ਼ੀ ਸਾਮਰਾਜ ਖ਼ਿਲਾਫ਼ ਜ਼ੋਰਦਾਰ ਆਵਾਜ਼ ਉਠਾਉਣ ਵਾਲੇ ਸਤਿਗੁਰੂ ਰਾਮ ਸਿੰਘ ਨਾਮਧਾਰੀ ਦਾ ਜਨਮ ਬਸੰਤ ਪੰਚਮੀ ਵਾਲੇ ਦਿਨ 3 ਫਰਵਰੀ 1816 ਨੂੰ ਪਿੰਡ ਭੈਣੀ ਅਰਾਈਆਂ ਜ਼ਿਲ੍ਹਾ ਲੁਧਿਆਣਾ ਵਿੱਚ ਮਾਤਾ ਸਦਾ ਕੌਰ ਦੀ ਕੁੱਖੋਂ ਬਾਬਾ...

  • fb
  • twitter
  • whatsapp
  • whatsapp
Advertisement

ਉੱਘੇ ਸਿੱਖ ਦਾਰਸ਼ਨਿਕ, ਸਮਾਜ ਸੁਧਾਰਕ ਅਤੇ ਵਿਸ਼ਾਲ ਅੰਗਰੇਜ਼ੀ ਸਾਮਰਾਜ ਖ਼ਿਲਾਫ਼ ਜ਼ੋਰਦਾਰ ਆਵਾਜ਼ ਉਠਾਉਣ ਵਾਲੇ ਸਤਿਗੁਰੂ ਰਾਮ ਸਿੰਘ ਨਾਮਧਾਰੀ ਦਾ ਜਨਮ ਬਸੰਤ ਪੰਚਮੀ ਵਾਲੇ ਦਿਨ 3 ਫਰਵਰੀ 1816 ਨੂੰ ਪਿੰਡ ਭੈਣੀ ਅਰਾਈਆਂ ਜ਼ਿਲ੍ਹਾ ਲੁਧਿਆਣਾ ਵਿੱਚ ਮਾਤਾ ਸਦਾ ਕੌਰ ਦੀ ਕੁੱਖੋਂ ਬਾਬਾ ਜੱਸਾ ਸਿੰਘ ਦੇ ਘਰ ਹੋਇਆ। ਭਾਰਤ ਨੂੰ ਆਜ਼ਾਦ ਕਰਾਉਣ ਲਈ ਚੱਲੀਆਂ ਲਹਿਰਾਂ ਵਿੱਚ ਸਤਿਗੁਰੂ ਰਾਮ ਸਿੰਘ ਦੁਆਰਾ ਚਲਾਈ ਗਈ ਕੂਕਾ ਲਹਿਰ ਬਹੁਤ ਮਹੱਤਵਪੂਰਨ ਸਥਾਨ ਰੱਖਦੀ ਹੈ।

ਇਸ ਲਹਿਰ ਦੇ ਮੋਢੀ ਸਤਿਗੁਰੂ ਰਾਮ ਸਿੰਘ ਨੇ ਅੰਗਰੇਜ਼ ਸਰਕਾਰ ਨਾਲ ਸਭ ਤੋਂ ਪਹਿਲਾਂ ਟੱਕਰ ਲੈ ਕੇ ਉਨ੍ਹਾਂ ਦੇ ਅੱਤਿਆਚਾਰਾਂ ਵਿਰੁੱਧ ਇਕ ਲੋਕ-ਪੱਖੀ ਲਹਿਰ ਪੈਦਾ ਕੀਤੀ। ਸੰਨ 1836 ਵਿੱਚ ਉਹ ਮਹਾਰਾਜਾ ਰਣਜੀਤ ਸਿੰਘ ਦੀ ਨੌਨਿਹਾਲ ਸਿੰਘ ਪਲਟਨ ਵਿੱਚ ਭਰਤੀ ਹੋ ਗਏ। ਪਰ ਆਪ ਨੇ 1845 ਵਿੱਚ ਫੌਜ ਦੀ ਇਹ ਨੌਕਰੀ ਛੱਡ ਦਿੱਤੀ ਅਤੇ ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਵਾਉਣ ਲਈ ਭਾਰਤ ਵਾਸੀਆਂ ਨੂੰ ਇੱਕ ਕੂਕ (ਲਲਕਾਰ) ਮਾਰੀ। ਇਸ ਕਰਕੇ ਉਨ੍ਹਾਂ ਨੂੰ ਕੂਕੇ ਕਿਹਾ ਜਾਣ ਲੱਗਾ। ਉਨ੍ਹਾਂ ਦੀ ਇਸ ਕੂਕ ਨੇ ਲੰਮੇ ਸਮੇਂ ਤੋਂ ਅੰਗਰੇਜ਼ਾਂ ਦੇ ਅੱਤਿਆਚਾਰ ਸਹਿ ਰਹੇ ਲੋਕਾਂ ਵਿੱਚ ਇੱਕ ਨਵੀਂ ਰੂਹ ਭਰ ਦਿੱਤੀ ਅਤੇ ਉਹ ਹਰ ਹਾਲ ਵਿੱਚ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਮਰ ਮਿਟਣ ਨੂੰ ਤਿਆਰ ਹੋ ਗਏ।

Advertisement

ਸਤਿਗੁਰੂ ਰਾਮ ਸਿੰਘ ਨੇ ਅੰਗਰੇਜ਼ਾਂ ਨੂੰ ਭਾਰਤ ’ਚੋਂ ਬਾਹਰ ਕੱਢਣ ਲਈ ਸਭ ਤੋਂ ਪਹਿਲਾਂ ਨਾਮਿਲਵਰਤਣ ਲਹਿਰ ਚਲਾਈ। ਇਸ ਲਹਿਰ ਦਾ ਭਾਵ ਇਹ ਸੀ ਕਿ ਅੰਗਰੇਜ਼ਾਂ ਦਾ ਹਰ ਪੱਖੋਂ ਬਾਈਕਾਟ ਕੀਤਾ ਜਾਵੇ। ਉਨ੍ਹਾਂ ਨੇ ਵਿਦੇਸ਼ੀ ਵਸਤਾਂ ਦਾ ਬਾਈਕਾਟ ਕਰਨ ਅਤੇ ਸੁਦੇਸ਼ੀ ਵਸਤਾਂ ਦੀ ਵਰਤੋਂ ਕਰਨ ਦਾ ਪ੍ਰਚਾਰ ਕੀਤਾ। ਉਨ੍ਹਾਂ ਨੇ ਭਾਰਤੀਆਂ ਨੂੰ ਅੰਗਰੇਜ਼ਾਂ ਦੀਆਂ ਕਚਹਿਰੀਆਂ, ਸਕੂਲ-ਕਾਲਜ, ਰੇਲਾਂ, ਡਾਕ, ਤਾਰ ਤੇ ਸਰਕਾਰੀ ਨੌਕਰੀਆਂ ਦਾ ਮੁਕੰਮਲ ਤੌਰ ’ਤੇ ਬਾਈਕਾਟ ਕਰਨ ਲਈ ਪ੍ਰੇਰਿਆ। ਲੋਕਾਂ ਦੇ ਆਪਸੀ ਝਗੜੇ ਪੰਚਾਇਤਾਂ ਰਾਹੀਂ ਨਿਪਟਾਏ ਜਾਣ ਲੱਗੇ ਅਤੇ ਲੋਕਾਂ ਨੇ ਅੰਗਰੇਜ਼ੀ ਪਹਿਰਾਵੇ ਛੱਡ ਕੇ ਘਰੀਂ ਬੁਣੇ ਖੱਦਰ ਦੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ। ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਮੋਟਰ ਰੇਲਾਂ ਦੀ ਥਾਂ ਪੈਦਲ ਜਾਂ ਘੋੜਿਆਂ ਦੀ ਵਰਤੋਂ ਹੋਣ ਲੱਗੀ।

Advertisement

ਕੂਕਿਆਂ ਨੇ ਆਪਣੀ ਸੁਤੰਤਰ ਡਾਕ ਸੇਵਾ ਸ਼ੁਰੂ ਕੀਤੀ ਜਿਸ ਦੀ ਸਹਾਇਤਾ ਨਾਲ ਉਨ੍ਹਾਂ ਆਪਣੇ ਅੰਦੋਲਨ ਦਾ ਹੋਰ ਵਿਸਥਾਰ ਕੀਤਾ। ਕੁੱਝ ਲੋਕਾਂ ਦਾ ਮੰਨਣਾ ਹੈ ਕਿ ਨਾਮਿਲਵਰਤਣ ਲਹਿਰ ਦੇ ਮੋਢੀ ਮਹਾਤਮਾ ਗਾਂਧੀ ਸਨ ਪਰ ਅਸਲ ਵਿੱਚ ਇਹ ਵਿਚਾਰ ਠੀਕ ਨਹੀਂ ਹਨ। ਇਹ ਗੱਲ ਡਾ. ਰਾਜਿੰਦਰ ਪ੍ਰਸ਼ਾਦ ਦੇ ਇਸ ਸੰਦੇਸ਼ ਤੋਂ ਸਪੱਸ਼ਟ ਹੁੰਦੀ ਹੈ: “ਬਾਬਾ ਰਾਮ ਸਿੰਘ ਸੁਤੰਤਰਤਾ ਨੂੰ ਵੀ ਧਰਮ ਦਾ ਇੱਕ ਅਵੱਸ਼ਕ ਅੰਗ ਸਮਝਦੇ ਸਨ ਅਤੇ ਨਾਮਧਾਰੀਆਂ ਦਾ ਸੰਗਠਨ ਬਹੁਤ ਜ਼ੋਰਦਾਰ ਹੋ ਗਿਆ ਸੀ। ਸਾਡੇ ਦੇਸ਼ ਵਿੱਚ ਮਹਾਤਮਾ ਗਾਂਧੀ ਨੇ ਜੋ ਅਸਹਿਯੋਗ ਅੰਦੋਲਨ ਚਲਾਇਆ, ਉਸ ਨੂੰ ਗੁਰੂ ਰਾਮ ਸਿੰਘ ਨੇ 50 ਸਾਲ ਪਹਿਲਾਂ ਹੀ ਭਾਰਤੀਆਂ ਵਿੱਚ ਪ੍ਰਚੱਲਿਤ ਕਰ ਦਿੱਤਾ ਸੀ।”

ਆਪਣੇ ਅੰਦੋਲਨ ਦੇ ਕਾਰਜ ਖੇਤਰ ਨੂੰ ਹੋਰ ਵਧਾਉਣ ਦੇ ਮਕਸਦ ਨਾਲ ਸਤਿਗੁਰੂ ਰਾਮ ਸਿੰਘ ਨੇ ਪੰਜਾਬ ਨੂੰ 22 ਸੂਬਿਆਂ ਵਿੱਚ ਵੰਡ ਦਿੱਤਾ। ਹਰੇਕ ਸੂਬਾ ਇਕ ਜ਼ਿਲ੍ਹੇ ਦੇ ਬਰਾਬਰ ਹੁੰਦਾ ਸੀ ਤੇ ਉਸ ਦੇ ਮੁਖੀ ਨੂੰ ਸੂਬਾ ਕਿਹਾ ਜਾਂਦਾ ਸੀ। ਇਹ ਸੂਬੇ ਨਿਆਂ ਦਾ ਵੀ ਪ੍ਰਬੰਧ ਕਰਦੇ ਸਨ। 1863 ਤੱਕ ਇਹ ਅੰਦੋਲਨ ਵਿਸ਼ਾਲ ਰੂਪ ਧਾਰਨ ਕਰ ਗਿਆ। ਇਸ ਅੰਦੋਲਨ ਦੀ ਵਧਦੀ ਤਾਕਤ ਦਾ ਪਤਾ ਡੋਨੋਵਨ ਨਾਂ ਦੇ ਇਕ ਅੰਗਰੇਜ਼ ਵੱਲੋਂ ਸਰਕਾਰ ਨੂੰ ਲਿਖੇ ਇਕ ਪੱਤਰ ਤੋਂ ਲੱਗਦਾ ਹੈ ਜਿਸ ਵਿੱਚ ਉਸ ਨੇ ਲਿਖਿਆ ਸੀ, “ਦੇਸ਼ ਵਿੱਚ ਇੱਕ ਭਿਆਨਕ ਚੱਕਰ ਚੱਲ ਰਿਹਾ ਹੈ ਤੇ ਗੁਰੂ ਰਾਮ ਸਿੰਘ ਨੇ ਸਾਡੇ ਵਿਰੁੱਧ ਦੋ ਲੱਖ ਲੋਕਾਂ ਨੂੰ ਬਗ਼ਾਵਤ ਕਰਨ ਤੇ ਅੰਤ ਸਾਨੂੰ ਪੰਜਾਬ ਤੋਂ ਬਾਹਰ ਕੱਢਣ ਲਈ ਇੱਕੱਠੇ ਕਰ ਲਿਆ ਹੈ। ਅਗਲੇ ਵਰ੍ਹੇ ਦੇ ਮੁੱਢ ਵਿੱਚ ਕਿਸੇ ਉਥਲ-ਪੁਥਲ ਦੀ ਸੰਭਾਵਨਾ ਹੈ। ਕੂਕਿਆਂ ਦੀ ਤਾਕਤ ਦਿਨੋਂ-ਦਿਨ ਵਧਦੀ ਹੀ ਜਾ ਰਹੀ ਹੈ। ਸਭ ਸਿੱਖ ਸਰਦਾਰ ਇਸ ਵਿੱਚ ਸ਼ਾਮਲ ਹੁੰਦੇ ਜਾ ਰਹੇ ਹਨ। ਸਾਰੇ ਭਾਰਤ ਵਿੱਚ ਬਗਾਵਤ ਦੀ ਗੂੰਜ ਪਈ ਹੋਈ ਹੈ ਇਸ ਲਈ ਸਾਡੀ ਸਰਕਾਰ ਨੂੰ ਉਦਾਰਤਾ ਤੋਂ ਕੰਮ ਨਹੀਂ ਲੈਣਾ ਚਾਹੀਦਾ।” ਭਾਵੇਂ 1863 ਤੋਂ ਅੰਗਰੇਜ਼ੀ ਹਕੂਮਤ ਨੇ ਕੂਕਿਆਂ ਦੀਆਂ ਗਤੀਵਿਧੀਆਂ ’ਤੇ ਧਿਆਨ ਕੇਂਦਰਿਤ ਕਰ ਲਿਆ ਸੀ ਪਰ ਦੂਰਦਰਸ਼ੀ ਸੋਚ ਦੇ ਮਾਲਕ ਬਾਬਾ ਰਾਮ ਸਿੰਘ ਨੇ ਅੰਦਰੋ-ਅੰਦਰੀ ਆਪਣੇ ਸੰਗਠਨ ਨੂੰ ਤਾਕਤਵਰ ਬਣਾਉਣ ਦੇ ਉਦੇਸ਼ ਨਾਲ ਨੇਪਾਲ, ਅਫ਼ਗਾਨਿਸਤਾਨ, ਕਸ਼ਮੀਰ, ਰੂਸ ਆਦਿ ਦੇਸ਼ਾਂ ਨਾਲ ਰਾਜਨੀਤਿਕ ਸਬੰਧ ਵੀ ਕਾਇਮ ਕਰ ਲਏ ਸਨ।

ਮਾਲੇਰਕੋਟਲਾ ਦਾ ਸ਼ਹੀਦੀ ਸਾਕਾ ਕੂਕਾ ਲਹਿਰ ਦੀ ਪ੍ਰਮੁੱਖ ਘਟਨਾ ਹੈ। 17-18 ਜਨਵਰੀ 1872 ਨੂੰ 66 ਕੂਕਾ ਦੇਸ਼-ਭਗਤਾਂ ਨੂੰ ਗ੍ਰਿਫ਼ਤਾਰ ਕਰਕੇ ਮਾਲੇਰਕੋਟਲਾ ਦੇ ਨੇੜੇ ਇਕ ਕੱਲਰ ਵਿੱਚ ਤੋਪਾਂ ਨਾਲ ਉਡਾ ਦਿੱਤਾ ਗਿਆ। ਸਤਿਗੁਰੂ ਰਾਮ ਸਿੰਘ ਨੂੰ ਜਲਾਵਤਨ ਕਰਕੇ ਰੰਗੂਨ ਭੇਜ ਦਿੱਤਾ ਗਿਆ ਤਾਂ ਜੋ ਇਸ ਅੰਦੋਲਨ ਨੂੰ ਠੱਲ੍ਹ ਪਾਈ ਜਾ ਸਕੇ। ਬਾਬਾ ਰਾਮ ਸਿੰਘ ਇਕ ਮਹਾਨ ਸੁਤੰਤਰਤਾ ਸੰਗਰਾਮੀ ਹੋਣ ਦੇ ਨਾਲ-ਨਾਲ ਇੱਕ ਉੱਚ-ਕੋਟੀ ਦੇ ਸਮਾਜ-ਸੁਧਾਰਕ ਵੀ ਸਨ। ਉਨ੍ਹਾਂ ਨੇ ਪੰਜਾਬ ਵਿੱਚ ਕੁੜੀਆਂ ਮਾਰਨ ਦਾ ਵਿਰੋਧ ਕੀਤਾ। ਦਹੇਜ-ਪ੍ਰਥਾ ਤੇ ਖਰਚੀਲੀਆਂ ਰਸਮਾਂ ਦਾ ਵਿਰੋਧ ਕਰਦੇ ਹੋਏ ਸਾਦਾ ਵਿਆਹ ਕਰਨ ਦੀ ਰੀਤ ਚਲਾਈ। ਬਾਬਾ ਰਾਮ ਸਿੰਘ ਤੇ ਉਨ੍ਹਾਂ ਦੀ ਕੂਕਾ ਲਹਿਰ ਨੇ ਭਾਰਤ ਦੀ ਸੁਤੰਤਰਤਾ ਲਈ ਜੋ ਕੁਰਬਾਨੀਆਂ ਕੀਤੀਆਂ ਉਨ੍ਹਾਂ ਦੇ ਮਹੱਤਵ ਤੋਂ ਕੋਈ ਵੀ ਭਾਰਤੀ ਇਨਕਾਰ ਨਹੀਂ ਕਰ ਸਕਦਾ। ਉਨ੍ਹਾਂ ਦੇ ਇਸ ਅੰਦੋਲਨ ਨੇ ਅੰਗਰੇਜ਼ਾਂਂ ਨੂੰ ਭਾਰਤ ਤੋਂ ਬਾਹਰ ਕੱਢਣ ਲਈ ਲੋਕਾਂ ਦੇ ਮਨ ਵਿੱਚ ਇੱਕ ਚਿੰਗਾਰੀ ਬਾਲਣ ਦਾ ਕੰਮ ਕੀਤਾ ਜਿਸ ਦੇ ਸਿੱਟੇ ਵਜੋਂ ਅਸੀਂ ਅੰਗਰੇਜ਼ੀ ਹਕੂਮਤ ਤੋਂ ਹਮੇਸ਼ਾਂ ਲਈ ਆਜ਼ਾਦੀ ਪ੍ਰਾਪਤ ਕਰ ਸਕੇ।

ਸੰਪਰਕ: 98765-90387

Advertisement
×