ਸਰਬਲੋਹ: ਆਕਾਸ਼ੀ ਧਾਤ ਤੋਂ ਪਿੰਡ ਘੜੂੰਆਂ ਦੇ ਵਿਰਾਸਤੀ ਭਾਂਡਿਆਂ ਤੱਕ
ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਪਿੰਡ ਘੜੂੰਆਂ ਦੀ ਇੱਕ ਵਿਲੱਖਣ ਪਛਾਣ ਹੈ। ਇੱਥੋਂ ਦੇ ਕਾਰੀਗਰ ਅੱਜ ਵੀ ਹੱਥੀਂ ਸਰਬਲੋਹ ਧਾਤ ਤੋਂ ਬਰਤਨ ਤਿਆਰ ਕਰਦੇ ਹਨ। ਅੱਜ ਦੇ ‘ਵਰਤੋਂ ਅਤੇ ਸੁੱਟੋ’ ਵਾਲੇ ਸਸਤੇ ਮਸ਼ੀਨੀ ਬਦਲਾਂ ਦੇ ਦੌਰ ਵਿੱਚ ਵੀ ਇਹ ਕਾਰੀਗਰ...
ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਪਿੰਡ ਘੜੂੰਆਂ ਦੀ ਇੱਕ ਵਿਲੱਖਣ ਪਛਾਣ ਹੈ। ਇੱਥੋਂ ਦੇ ਕਾਰੀਗਰ ਅੱਜ ਵੀ ਹੱਥੀਂ ਸਰਬਲੋਹ ਧਾਤ ਤੋਂ ਬਰਤਨ ਤਿਆਰ ਕਰਦੇ ਹਨ। ਅੱਜ ਦੇ ‘ਵਰਤੋਂ ਅਤੇ ਸੁੱਟੋ’ ਵਾਲੇ ਸਸਤੇ ਮਸ਼ੀਨੀ ਬਦਲਾਂ ਦੇ ਦੌਰ ਵਿੱਚ ਵੀ ਇਹ ਕਾਰੀਗਰ ਸਦੀਆਂ ਤੋਂ ਆਪਣੀ ਇਸ ਸਖ਼ਤ ਮਿਹਨਤ ਅਤੇ ਘੱਟ ਮੁਨਾਫ਼ੇ ਵਾਲੀ ਸ਼ਿਲਪ ਕਲਾ ਨੂੰ ਜਿਊਂਦਾ ਰੱਖੀ ਬੈਠੇ ਹਨ। 1960ਵਿਆਂ ਵਿੱਚ ਸਟੀਲ ਦੀ ਖੋਜ ਤੋਂ ਬਾਅਦ ਪੰਜਾਬ ਅਤੇ ਭਾਰਤ ਦੇ ਹੋਰ ਹਿੱਸਿਆਂ ਵਿੱਚ ਹੌਲੀ-ਹੌਲੀ ਸਰਬਲੋਹ ਅਤੇ ਹੋਰ ਧਾਤਾਂ ਜਿਵੇਂ ਕਿ ਤਾਂਬਾ, ਪਿੱਤਲ ਅਤੇ ਕਾਂਸੀ ਤੋਂ ਬਣੇ ਭਾਂਡੇ ਆਮ ਲੋਕਾਂ ਦੀ ਰੋਜ਼ਮੱਰ੍ਹਾ ਦੀ ਜ਼ਿੰਦਗੀ ਵਿੱਚੋਂ ਲਗਪਗ ਅਲੋਪ ਹੀ ਹੋ ਗਏ। ਇਸ ਕਾਰਨ ਸਰਬਲੋਹ ਅਤੇ ਦੂਜੇ ਰਵਾਇਤੀ ਕਾਰੀਗਰਾਂ ਦਾ ਕੰਮ ਤੇ ਆਮਦਨ ਲਗਾਤਾਰ ਘਟਦੀ ਗਈ। ਕੰਮ ਵਿੱਚ ਮਿਹਨਤ ਜ਼ਿਆਦਾ ਅਤੇ ਕਮਾਈ ਘੱਟ ਹੋਣ ਕਰਕੇ ਨਵੀਂ ਪੀੜ੍ਹੀ ਇਸ ਕਲਾ ਤੋਂ ਮੂੰਹ ਮੋੜ ਰਹੀ ਹੈ।
ਇਸ ਦੇ ਨਾਲ ਹੀ ਕੁਝ ਪੁਰਾਣੇ ਕਾਰੀਗਰਾਂ ਅਤੇ ਉਨ੍ਹਾਂ ਦੇ ਬੱਚਿਆਂ ਨੇ ਇਸ ਸ਼ਿਲਪ ਪ੍ਰੰਪਰਾ ਨੂੰ ਸਾਂਭਿਆ ਹੋਇਆ ਹੈ, ਜਿਸ ਸਦਕਾ ਸਰਬਲੋਹ ਦੇ ਭਾਂਡੇ ਬਣਾਉਣ ਦੀ ਇਹ ਵਿਰਾਸਤੀ ਕਲਾ ਅੱਜ ਵੀ ਜਿਊਂਦੀ ਹੈ। ਨਿਹੰਗ ਸਿੰਘਾਂ ਨੇ ਸਰਬਲੋਹ ਦੇ ਬਰਤਨਾਂ ਨੂੰ ਪਵਿੱਤਰਤਾ ਅਤੇ ਆਪਣੀ ਮਰਿਆਦਾ ਦੇ ਪ੍ਰਤੀਕ ਵਜੋਂ ਵਰਤਿਆ ਹੈ। ਹਾਲ ਹੀ ਦੇ ਦਿਨਾਂ ਵਿੱਚ ਆਮ ਲੋਕਾਂ ਵਿੱਚ ਵੀ ਇਨ੍ਹਾਂ ਭਾਂਡਿਆਂ ਦੀ ਵਰਤੋਂ ਦਾ ਰੁਝਾਨ ਮੁੜ ਵਧਦਾ ਦੇਖਿਆ ਗਿਆ ਹੈ। ਇਸ ਦਾ ਮੁੱਖ ਕਾਰਨ ਇਨ੍ਹਾਂ ਭਾਂਡਿਆਂ ਦੀ ਚਿਕਿਤਸਕ ਅਹਿਮੀਅਤ ਮੰਨੀ ਜਾ ਰਹੀ ਹੈ ਕਿਉਂਕਿ ਇਨ੍ਹਾਂ ਵਿੱਚ ਖਾਣਾ ਪਕਾਉਣ ਅਤੇ ਖਾਣ ਨਾਲ ਲੋਹੇ (ਆਇਰਨ ਤੱਤ) ਦੇ ਕੁਝ ਅੰਸ਼ ਕੁਦਰਤੀ ਤੌਰ ’ਤੇ ਸਰੀਰ ਵਿੱਚ ਚਲੇ ਜਾਂਦੇ ਹਨ। ਪਰ ਸਰਬਲੋਹ ਦੇ ਭਾਂਡਿਆਂ ਦਾ ਇਤਿਹਾਸ ਸਿਰਫ਼ ਸਿਹਤ ਨਾਲ ਹੀ ਨਹੀਂ ਸਗੋਂ ਮਨੁੱਖੀ ਖੋਜਾਂ ਅਤੇ ਉਨ੍ਹਾਂ ਨੂੰ ਆਮ ਜੀਵਨ ਵਿੱਚ ਵਰਤਣ ਯੋਗ ਬਣਾਉਣ ਦੇ ਵਿਗਿਆਨ ਨਾਲ ਜੁੜਿਆ ਹੋਇਆ ਹੈ। ‘ਸਰਬਲੋਹ’ ਦਾ ਸ਼ਾਬਦਿਕ ਅਰਥ ਹੈ ‘ਸਾਰਾ ਲੋਹਾ’ ਯਾਨੀ ਸ਼ੁੱਧ ਜਾਂ ਅਣ-ਮਿਸ਼ਰਤ ਧਾਤ ਪਰ ਅਸਲ ਵਿੱਚ ਇਹ ਲੋਹੇ ਅਤੇ ਕਾਰਬਨ ਦੀ ਇੱਕ ਮਿਸ਼ਰਤ ਧਾਤ ਹੁੰਦੀ ਹੈ। ਇਸ ਮਿਸ਼ਰਤ ਧਾਤ ਵਿੱਚ ਕਾਰਬਨ ਦੀ ਮਾਤਰਾ 1 ਫ਼ੀਸਦ ਤੋਂ ਵੀ ਘੱਟ ਹੁੰਦੀ ਹੈ, ਜਿਸ ਕਰਕੇ ਇਸ ਨੂੰ ‘ਸਰਬਲੋਹ’ ਕਿਹਾ ਜਾਂਦਾ ਹੈ। ਅਸਲ ਵਿੱਚ ਪੂਰੀ ਤਰ੍ਹਾਂ ਸ਼ੁੱਧ ਲੋਹਾ ਇੰਨਾ ਨਰਮ ਹੁੰਦਾ ਹੈ ਕਿ ਉਸ ਤੋਂ ਬਣੇ ਭਾਂਡੇ ਡਿੱਗਣ ਜਾਂ ਮਾਮੂਲੀ ਦਬਾਅ ਪੈਣ ’ਤੇ ਵੀ ਚਿੱਬੇ ਹੋ ਜਾਣਗੇ ਅਤੇ ਉਨ੍ਹਾਂ ਦੀ ਸ਼ਕਲ ਵਿਗੜ ਜਾਵੇਗੀ। ਲੋਹੇ ਵਿੱਚ ਕਾਰਬਨ ਦੀ ਇਹ ਮਾਮੂਲੀ ਮਾਤਰਾ ਹੀ ਇਸ ਨੂੰ ਲੋੜੀਂਦੀ ਸਖ਼ਤੀ ਪ੍ਰਦਾਨ ਕਰਦੀ ਹੈ ਤਾਂ ਜੋ ਖਾਣਾ ਪਕਾਉਣ, ਖਾਣ ਜਾਂ ਮਾਂਜਣ ਵੇਲੇ ਇਹ ਭਾਂਡੇ ਆਪਣਾ ਆਕਾਰ ਨਾ ਬਦਲਣ। ਇਸ ਤਰ੍ਹਾਂ ਧਾਤੂ ਵਿਗਿਆਨ ਦੇ ਨਜ਼ਰੀਏ ਤੋਂ ਸਰਬਲੋਹ ਇੱਕ ਘੱਟ-ਕਾਰਬਨ ਵਾਲੀ ਮਿਸ਼ਰਤ ਧਾਤ ਹੈ, ਨਾ ਕਿ ਕੋਈ ਅਣ-ਮਿਸ਼ਰਤ ਧਾਤ। ਆਪਣੀ ਇਸੇ ਸ਼ੁੱਧਤਾ ਅਤੇ ਵਿਲੱਖਣ ਗੁਣਾਂ ਕਰਕੇ ਇਸ ਨੂੰ ਪਵਿੱਤਰ ਮੰਨਿਆ ਜਾਂਦਾ ਹੈੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਖਾਲਸੇ ਦੀ ਸਿਰਜਣਾ ਸਮੇਂ ਅੰਮ੍ਰਿਤ ਤਿਆਰ ਕਰਨ ਲਈ ਸਰਬਲੋਹ ਦੇ ਬਾਟੇ ਅਤੇ ਖੰਡੇ ਦੀ ਹੀ ਵਰਤੋਂ ਕੀਤੀ ਸੀ। ਉਸ ਦੌਰ ਵਿੱਚ ਲੰਗਰ ਤਿਆਰ ਕਰਨ ਅਤੇ ਆਮ ਘਰਾਂ ਵਿੱਚ ਖਾਣਾ ਪਕਾਉਣ ਤੇ ਖਾਣ ਲਈ ਵੀ ਸਰਬਲੋਹ ਦੇ ਭਾਂਡੇ ਹੀ ਵਰਤੇ ਜਾਂਦੇ ਸਨ। ਇਸੇ ਕਰਕੇ ਨਿਹੰਗ ਸਿੰਘ ਅੱਜ ਵੀ ਸਰਬਲੋਹ ਦੇ ਬਰਤਨਾਂ ਦੀ ਵਰਤੋਂ ਕਰਦੇ ਹਨ ਅਤੇ ਇਸ ਪ੍ਰੰਪਰਾ ਨੂੰ ਜਿਊਂਦਾ ਰੱਖਣ ਵਿੱਚ ਮਾਣ ਮਹਿਸੂਸ ਕਰਦੇ ਹਨ। 17ਵੀਂ ਸਦੀ ਦੌਰਾਨ ਲਗਾਤਾਰ ਸਫ਼ਰ ਵਿੱਚ ਰਹਿਣ ਵਾਲੇ ਅਤੇ ਸਖ਼ਤ ਪੇਸ਼ੇ ਨਾਲ ਜੁੜੇ ਲੋਕ ਜਿਵੇਂ ਕਿ ਫ਼ੌਜੀ ਜਥੇ ਆਦਿ ਆਮ ਤੌਰ ’ਤੇ ਸਰਬਲੋਹ ਦੇ ਭਾਂਡਿਆਂ ਦੀ ਹੀ ਵਰਤੋਂ ਕਰਦੇ ਸਨ। ਆਪਣੀ ਮਜ਼ਬੂਤੀ, ਹੰਢਣਸਾਰਤਾ, ਸੇਕ ਨੂੰ ਲੰਮੇ ਸਮੇਂ ਤੱਕ ਸਮੋ ਕੇ ਰੱਖਣ ਅਤੇ ਸਾਂਭ-ਸੰਭਾਲ ਤੇ ਸਫ਼ਾਈ ਦੀ ਸੌਖ ਕਰਕੇ ਸਰਬਲੋਹ ਦੇ ਭਾਂਡੇ ਭਾਰਤ ਸਮੇਤ ਵਿਸ਼ਵ ਪੱਧਰ ’ਤੇ ਮਕਬੂਲ ਸਨ। ਪੰਜਾਬ ਦੇ ਆਮ ਘਰਾਂ ਵਿੱਚ ਖਾਣਾ ਪਕਾਉਣ ਲਈ ਸਰਬਲੋਹ ਤੋਂ ਬਣੇ ਭਾਂਡੇ ਜਿਵੇਂ ਕਿ ਕੜਾਹੀ, ਤਵਾ, ਸਿੱਪੀ ਅਤੇ ਕੜਛੀ ਆਦਿ, ਖੂਹਾਂ ਤੋਂ ਪਾਣੀ ਭਰਨ ਅਤੇ ਉਸ ਨੂੰ ਸੰਭਾਲਣ ਲਈ ਬਾਲਟੀ ਤੇ ਵਲਟੋਹੀ ਅਤੇ ਭੋਜਨ ਪਰੋਸਣ ਲਈ ਕੌਲੀ, ਬਾਟਾ ਤੇ ਚਮਚਾ ਆਮ ਵਰਤੇ ਜਾਂਦੇ ਸਨ।
ਵੱਡੇ ਇਕੱਠਾਂ ਲਈ ਖਾਣਾ ਪਕਾਉਣ ਵਾਸਤੇ ਵੱਡੇ ਆਕਾਰ ਦੇ ਭਾਂਡੇ ਜਿਵੇਂ ਕਿ ਦੇਗ ਅਤੇ ਲੋਹ ਵਰਤੇ ਜਾਂਦੇ ਸਨ। ਗੁਰੂ ਗੋਬਿੰਦ ਸਿੰਘ ਦੇ ਸਿੱਖ ਅਤੇ ਸਿਪਾਹੀ ਆਮ ਲੋਕਾਂ ਵਿੱਚੋਂ ਹੀ ਸਨ ਅਤੇ ਉਨ੍ਹਾਂ ਦਾ ਜ਼ਿਆਦਾਤਰ ਸਮਾਂ ਜੰਗ ਦੇ ਮੈਦਾਨਾਂ ਵਿੱਚ ਗੁਜ਼ਰਦਾ ਸੀ, ਇਸ ਲਈ ਸਰਬਲੋਹ ਯਾਨੀ ਲੋਹੇ ਦੇ ਭਾਂਡੇ ਆਪਣੇ ਕਿਫ਼ਾਇਤੀ, ਟਿਕਾਊ ਅਤੇ ਸੌਖੇ ਰੱਖ-ਰਖਾਅ ਦੇ ਗੁਣਾਂ ਕਰਕੇ ਸਭ ਤੋਂ ਉੱਤਮ ਵਿਕਲਪ ਸਨ। ਇਸ ਤੋਂ ਇਲਾਵਾ, ਇਹ ਸਰੀਰ ਵਿੱਚ ਲੋਹੇ (ਆਇਰਨ ਤੱਤ) ਦੀ ਕਮੀ ਨੂੰ ਵੀ ਕੁਦਰਤੀ ਰੂਪ ਵਿੱਚ ਪੂਰਾ ਕਰਦੇ ਸਨ। ਇਹ ਭਾਂਡੇ ਉਸ ਧਾਤ ਤੋਂ ਬਣਦੇ ਸਨ ਜੋ ਦੂਜੀਆਂ ਧਾਤਾਂ ਦੇ ਮੁਕਾਬਲੇ ਸਸਤੀ, ਮਜ਼ਬੂਤ ਅਤੇ ਘੱਟ ਨਾਜ਼ੁਕ ਹੁੰਦੀ ਸੀ। ਇਨ੍ਹਾਂ ਭਾਂਡਿਆਂ ਨੂੰ ਬਿਨਾਂ ਕਿਸੇ ਖ਼ਾਸ ਸਾਬਣ ਦੇ, ਰੇਤ ਜਾਂ ਸੁੱਕੀ ਮਿੱਟੀ ਨਾਲ ਰਗੜ ਕੇ ਵੀ ਆਸਾਨੀ ਨਾਲ ਸਾਫ਼ ਕੀਤਾ ਜਾ ਸਕਦਾ ਸੀ। ਪਿੰਡ ਘੜੂੰਆਂ ਦੇ ਕਾਰੀਗਰਾਂ ਦੁਆਰਾ ਬਣਾਏ ਗਏ ਇਨ੍ਹਾਂ ਸਰਬਲੋਹ ਭਾਂਡਿਆਂ ਦੇ ਸਭ ਤੋਂ ਵੱਡੇ ਖਪਤਕਾਰ ਨਿਹੰਗ ਸਿੰਘ ਹੀ ਹਨ। ਇੱਥੋਂ ਦੇ ਕਾਰੀਗਰ ਭਾਂਡੇ ਤਿਆਰ ਕਰਨ ਲਈ ਅੱਜ ਵੀ ਰਵਾਇਤੀ ਔਜ਼ਾਰਾਂ ਅਤੇ ਹੱਥੀਂ ਕਿਰਤ ਦੀ ਵਰਤੋਂ ਕਰਦੇ ਹਨ। ਹੱਥ ਨਾਲ ਬਣਾਏ ਜਾਣ ਕਾਰਨ ਇਹ ਭਾਂਡੇ ਸੀਮਤ ਮਾਤਰਾ ਵਿੱਚ ਹੀ ਤਿਆਰ ਹੁੰਦੇ ਹਨ ਅਤੇ ਇਨ੍ਹਾਂ ਦੀ ਵਿਕਰੀ ਵੀ ਸੀਮਤ ਹੈ, ਇਸ ਲਈ ਇਨ੍ਹਾਂ ਦੀ ਕੀਮਤ ਮਸ਼ੀਨਾਂ ਜਾਂ ਹੋਰ ਆਧੁਨਿਕ ਤਰੀਕਿਆਂ ਨਾਲ ਬਣੇ ਭਾਂਡਿਆਂ ਦੇ ਮੁਕਾਬਲੇ ਕੁਝ ਜ਼ਿਆਦਾ ਹੁੰਦੀ ਹੈ। ਅਜਿਹੇ ਮੁਸ਼ਕਲ ਹਾਲਾਤ ਵਿੱਚ ਘੜੂੰਆਂ ਦੇ ਕਾਰੀਗਰ ਆਪਣੇ ਇਸ ਹੁਨਰ ਨੂੰ ਜਿਊਂਦਾ ਰੱਖਣ ਲਈ ਵੱਡਾ ਸੰਘਰਸ਼ ਕਰ ਰਹੇ ਹਨ ਪਰ ਉਹ ਇਸ ਗੱਲੋਂ ਸੰਤੁਸ਼ਟ ਹਨ ਕਿ ਉਹ ਆਪਣੀ ਸਦੀਆਂ ਪੁਰਾਣੀ ਰਵਾਇਤ ਅਤੇ ਸ਼ਿਲਪ ਕਲਾ ਨੂੰ ਅਲੋਪ ਹੋਣ ਤੋਂ ਬਚਾ ਰਹੇ ਹਨ। ਸਰਬਲੋਹ ਦੇ ਭਾਂਡਿਆਂ ਦਾ ਵਿਕਾਸ ਅਤੇ ਇਤਿਹਾਸ ‘ਆਕਾਸ਼ੀ ਦੁਰਲੱਭ ਧਾਤ’ ਤੋਂ ‘ਜ਼ਮੀਨੀ ਲੋਹ-ਧਾਤ’ ਨਾਲ ਬਣੀ ਇੱਕ ਆਮ ਉਦਯੋਗਿਕ ਵਸਤ ਤੱਕ ਦਾ ਇੱਕ ਲੰਮਾ ਸਫ਼ਰ ਹੈ। ਲੋਹੇ ਦੀ ਖੋਜ ਅਤੇ ਇਸ ਦੀ ਵਰਤੋਂ ਦਾ ਇਤਿਹਾਸ ਲਗਪਗ 5000 ਤੋਂ 3000 ਈਸਾ ਪੂਰਵ (ਬੀ ਸੀ) ਪੁਰਾਣਾ ਹੈ। ਉਸ ਦੌਰ ਵਿੱਚ ਲੋਹੇ ਦਾ ਇੱਕਮਾਤਰ ਸਰੋਤ ਅਸਮਾਨ ਤੋਂ ਟੁੱਟ ਕੇ ਧਰਤੀ ’ਤੇ ਡਿੱਗੇ ਉਲਕਾਪਿੰਡ ਹੀ ਸਨ। ਇਸੇ ਕਰਕੇ ਉਨ੍ਹਾਂ ਦਿਨਾਂ ਵਿੱਚ ਇਹ ਧਾਤ ਕਿਸੇ ਵੀ ਹੋਰ ਧਾਤ ਨਾਲੋਂ ਵਧੇਰੇ ਦੁਰਲੱਭ ਅਤੇ ਕੀਮਤੀ ਹੁੰਦੀ ਸੀ, ਜਿਸ ਕਾਰਨ ਇਸ ਤੋਂ ਬਣੀਆਂ ਵਸਤੂਆਂ ਸਿਰਫ਼ ਸ਼ਾਹੀ ਘਰਾਣਿਆਂ ਦੀ ਹੀ ਮਲਕੀਅਤ ਹੁੰਦੀਆਂ ਸਨ। ਅਸਲ ਲੋਹ-ਯੁੱਗ ਉਦੋਂ ਸ਼ੁਰੂ ਹੋਇਆ ਜਦੋਂ ਇਸ ਨੂੰ ਧਰਤੀ ਵਿੱਚ ਮੌਜੂਦ ਖਣਿਜਾਂ ਅਤੇ ਚੱਟਾਨਾਂ ਵਿੱਚੋਂ ਕੱਢਿਆ ਜਾਣ ਲੱਗਾ ਅਤੇ ਲਗਪਗ 1200 ਈਸਾ ਪੂਰਵ ਵਿੱਚ ਇਸ ਨੂੰ ਪਿਘਲਾ ਕੇ ਸਾਫ਼ ਕਰਨ ਦੀਆਂ ਤਕਨੀਕਾਂ ਵਿਕਸਿਤ ਹੋਈਆਂ। ਹਾਲਾਂਕਿ ਪਿਘਲਾਉਣ ਦੀਆਂ ਇਨ੍ਹਾਂ ਤਕਨੀਕਾਂ ਨੇ ਆਸਮਾਨ ਦੀ ਧਾਤ ਨੂੰ ਧਰਤੀ ਦੀ ਧਾਤ ਵਿੱਚ ਤਾਂ ਬਦਲ ਦਿੱਤਾ ਪਰ ਸ਼ੁਰੂਆਤ ਵਿੱਚ ਇਸ ਵਿਧੀ ਨੂੰ ਬਹੁਤ ਗੁਪਤ ਰੱਖਿਆ ਗਿਆ, ਜਿਸ ਕਰਕੇ ਲੋਹੇ ਦੀਆਂ ਵਸਤਾਂ ਉੱਚ ਅਤੇ ਕੁਲੀਨ ਵਰਗ ਤੱਕ ਹੀ ਸੀਮਤ ਰਹੀਆਂ।
1200 ਈਸਾ ਪੂਰਵ ਤੋਂ ਬਾਅਦ ਜਿਵੇਂ ਹੀ ਧਾਤ ਨੂੰ ਪਿਘਲਾਉਣ ਅਤੇ ਫੋਰਜਿੰਗ (ਕੁੱਟ ਕੇ ਆਕਾਰ ਦੇਣ) ਦੀ ਤਕਨਾਲੋਜੀ ਆਮ ਹੋਈ ਤਾਂ ਲੁਹਾਰ ਕਾਰੀਗਰਾਂ ਨੇ ਲੋਹੇ ਦੇ ਭਾਂਡੇ ਵੱਡੀ ਮਾਤਰਾ ਵਿੱਚ ਤਿਆਰ ਕਰਨੇ ਸ਼ੁਰੂ ਕਰ ਦਿੱਤੇ, ਜਿਸ ਨਾਲ ਇਹ ਹੇਠਲੇ ਮੱਧ ਵਰਗ ਤੱਕ ਪਹੁੰਚ ਗਏ। ਸਮਾਂ ਪਾ ਕੇ ਲੋਹੇ ਦੀ ਭਰਪੂਰ ਉਪਲਬਧਤਾ ਅਤੇ ਮਸ਼ੀਨਾਂ ਰਾਹੀਂ ਵੱਡੇ ਪੱਧਰ ’ਤੇ ਹੋਏ ਉਤਪਾਦਨ ਨੇ ਇਸ ਦੇ ਸਮਾਜਿਕ ਰੁਤਬੇ ਨੂੰ ਇੱਕ ‘ਸ਼ਾਨੋ-ਸ਼ੌਕਤ ਅਤੇ ਦਿਖਾਵੇ’ ਦੀ ਵਸਤ ਤੋਂ ਬਦਲ ਕੇ ਇੱਕ ਰੋਜ਼ਮਰ੍ਹਾ ਦੀ ਉਪਯੋਗੀ ਵਸਤੂ ਬਣਾ ਦਿੱਤਾ। ਜਦੋਂ ਸਰਬਲੋਹ ਦੇ ਭਾਂਡਿਆਂ ਦੀ ਵਰਤੋਂ ਆਮ ਜਨਤਾ ਕਰਨ ਲੱਗ ਪਈ ਤਾਂ ਅਮੀਰ ਅਤੇ ਰਾਜਸੀ ਲੋਕਾਂ ਨੇ ਆਪਣੀ ਪਛਾਣ ਵੱਖਰੀ ਰੱਖਣ ਲਈ ਚਾਂਦੀ, ਸੋਨੇ, ਤਾਂਬੇ ਅਤੇ ਕਾਂਸੀ ਦੇ ਬਣੇ ਸਜਾਵਟੀ ਤੇ ਚਮਕਦਾਰ ਭਾਂਡਿਆਂ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੈਰੋਕਾਰ ਜ਼ਿਆਦਾਤਰ ਕਿਰਤੀ ਅਤੇ ਮਜ਼ਦੂਰ ਵਰਗ ਵਿੱਚੋਂ ਸਨ ਅਤੇ ਲਗਾਤਾਰ ਜੰਗਾਂ-ਯੁੱਧਾਂ ਦੇ ਦੌਰ ਵਿੱਚ ਰਹਿਣ ਕਰਕੇ ਉਹ ਸਰਬਲੋਹ ਦੇ ਭਾਂਡਿਆਂ ਦੀ ਵਰਤੋਂ ਕਿਸੇ ‘ਕੁਲੀਨ’ ਵਰਗ ਦੇ ਦਿਖਾਵੇ ਵਜੋਂ ਨਹੀਂ ਸਗੋਂ ਇਨ੍ਹਾਂ ਦੇ ਕਿਫ਼ਾਇਤੀ, ਟਿਕਾਊ, ਕਾਰਜਸ਼ੀਲ ਅਤੇ ਆਸਾਨੀ ਨਾਲ ਸਾਫ਼ ਕੀਤੇ ਜਾ ਸਕਣ ਵਾਲੇ ਵਿਹਾਰਕ ਗੁਣਾਂ ਕਰਕੇ ਕਰਦੇ ਸਨ।
ਸੰਪਰਕ: 94642-25655
