ਸੰਤ ਅਤਰ ਸਿੰਘ ਦੀ ਧਾਰਮਿਕ, ਵਿੱਦਿਅਕ ਤੇ ਸਮਾਜਿਕ ਖੇਤਰ ’ਚ ਦੇਣ
ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਫ਼ਕੀਰਾਂ, ਸ਼ਹੀਦਾਂ ਤੇ ਮਹਾਪੁਰਸ਼ਾਂ ਦੀ ਧਰਤੀ ਹੈ। ਸਮੇਂ-ਸਮੇਂ ਅਨੇਕਾਂ ਪੀਰ ਪੈਗੰਬਰ ਤੇ ਮਹਾਪੁਰਸ਼ ਇਸ ਧਰਤੀ ’ਤੇ ਹੋਏ ਹਨ। ਅਜਿਹੇ ਮਹਾਪੁਰਸ਼ਾਂ ਵਿੱਚੋਂ ਹੀ ਇੱਕ ਸੰਤ ਅਤਰ ਸਿੰਘ ਮਸਤੂਆਣੇ ਵਾਲੇ ਹਨ, ਜਿਨ੍ਹਾਂ 19ਵੀਂ ਸਦੀ ਵਿੱਚ 28 ਮਾਰਚ...
ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਫ਼ਕੀਰਾਂ, ਸ਼ਹੀਦਾਂ ਤੇ ਮਹਾਪੁਰਸ਼ਾਂ ਦੀ ਧਰਤੀ ਹੈ। ਸਮੇਂ-ਸਮੇਂ ਅਨੇਕਾਂ ਪੀਰ ਪੈਗੰਬਰ ਤੇ ਮਹਾਪੁਰਸ਼ ਇਸ ਧਰਤੀ ’ਤੇ ਹੋਏ ਹਨ। ਅਜਿਹੇ ਮਹਾਪੁਰਸ਼ਾਂ ਵਿੱਚੋਂ ਹੀ ਇੱਕ ਸੰਤ ਅਤਰ ਸਿੰਘ ਮਸਤੂਆਣੇ ਵਾਲੇ ਹਨ, ਜਿਨ੍ਹਾਂ 19ਵੀਂ ਸਦੀ ਵਿੱਚ 28 ਮਾਰਚ 1866 ਨੂੰ ਪੰਜਾਬ ਦੇ ਮਾਲਵਾ ਇਲਾਕੇ ਵਿੱਚ ਇੱਕ ਸਾਧਾਰਨ ਪੇਂਡੂ ਪਰਿਵਾਰ ਵਿੱਚ ਜਨਮ ਲਿਆ। ਇਨ੍ਹਾਂ ਦੀ ਸ਼ਖ਼ਸੀਅਤ ਨਾਲ ਪੰਜਾਬ ਦੇ ਇਸ ਇਲਾਕੇ ਵਿੱਚ ਮੁੜ ਧਰਮ ਦਾ ਪ੍ਰਚਾਰ ਹੋਇਆ ਤੇ ਲੋਕ ਅੰਧ-ਵਿਸ਼ਵਾਸਾਂ ਤੋਂ ਮੁਕਤ ਹੋ ਕੇ ਮੁੜ ਸਿੱਖੀ ਵਿੱਚ ਸ਼ਾਮਲ ਹੋਏ। ਸੰਤ ਅਤਰ ਸਿੰਘ ਜੀ ਦੇ ਜੀਵਨ ਤੇ ਕਾਰਜਾਂ ਬਾਰੇ ਪੀਐੱਚ ਡੀ ਕਰ ਚੁੱਕੇ ਡਾ. ਅਮਰ ਸਿੰਘ ਨੇ ਦੱਸਿਆ ਕਿ ਸੰਤ ਅਤਰ ਸਿੰਘ ਜੀ ਨੇ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਖੇਤਰ ਵਿੱਚ ਸਿੱਖ ਪੰਥ ਦਾ ਅਦੁੱਤੀ ਮਾਰਗਦਰਸ਼ਨ ਕੀਤਾ ਹੈ। ਸੰਤ ਅਤਰ ਸਿੰਘ ਜੀ ਮਸਤੂਆਣਾ ਸਿਰਮੌਰ ਧਾਰਮਿਕ ਸ਼ਖ਼ਸੀਅਤ ਸਨ। ਧਾਰਮਿਕ ਖੇਤਰ ਵਿੱਚ ਸੰਤ ਅਤਰ ਸਿੰਘ ਜੀ ਵੱਲੋਂ ਪਾਇਆ ਯੋਗਦਾਨ ਬਹੁਪੱਖੀ ਤੇ ਬਹੁ-ਦਿਸ਼ਾਵੀ ਹੈ। ਉਨ੍ਹਾਂ ਦੇ ਪ੍ਰਚਾਰ ਦਾ ਢੰਗ ਵਧੇਰੇ ਕਰਕੇ ਰਵਾਇਤੀ ਹੀ ਰਿਹਾ, ਪਰ ਨਵੀਂ ਰੌਸ਼ਨੀ ਅਨੁਸਾਰ ਉਨ੍ਹਾਂ ਨੇ ਆਧੁਨਿਕ ਵਿਦਿਆ ਦਾ ਵੱਡੇ ਪੱਧਰ ’ਤੇ ਪਸਾਰ ਕਰਨ ਵਿੱਚ ਭਰਵਾਂ ਯੋਗਦਾਨ ਪਾਇਆ।
ਸੰਤ ਅਤਰ ਸਿੰਘ ਵੱਲੋਂ ਧਾਰਮਿਕ ਖੇਤਰ ਵਿੱਚ ਪਾਏ ਯੋਗਦਾਨ ਦੇ ਮੁੱਖ ਪੱਖ ਹਨ: ਗੁਰਬਾਣੀ ਕੀਰਤਨ ਅਤੇ ਦੀਵਾਨ, ਅੰਮ੍ਰਿਤ ਸੰਚਾਰ, ਗੁਰਦੁਆਰਿਆਂ ਅਤੇ ਬੁੰਗਿਆਂ ਦੀ ਸਥਾਪਨਾ, ਸਰੋਵਰਾਂ ਦੀ ਸੇਵਾ, ਅਖੰਡ ਤੇ ਸਹਿਜ ਪਾਠ; ਵਿਦਵਾਨ, ਪ੍ਰਚਾਰਕ, ਰਾਗੀ ਆਦਿ ਤਿਆਰ ਕਰਨੇ।
ਸੰਤ ਅਤਰ ਸਿੰਘ ਦੇ ਜੀਵਨ ਦਾ ਦੂਜਾ ਮਹੱਤਵਪੂਰਨ ਕਾਰਜ ਖੇਤਰ ਵਿੱਦਿਅਕ ਖੇਤਰ ਰਿਹਾ ਹੈ। ਵੀਹਵੀਂ ਸਦੀ ਦੇ ਸ਼ੁਰੂ ਵਿੱਚ ਸਮੁੱਚੇ ਸਿੱਖ ਪੰਥ ਵਿੱਚੋਂ ਸ਼ਾਇਦ ਇਹੋ ਇੱਕੋ-ਇੱਕ ਵੱਡੇ ਵਿਦਿਆ ਪ੍ਰੇਮੀ ਸਨ, ਜਿਨ੍ਹਾਂ ਨੇ ਧਾਰਮਿਕ ਖੇਤਰ ਤੋਂ ਬਾਅਦ ਸਿੰਘ ਸਭਾ ਲਹਿਰ ਨਾਲ ਮਿਲ ਕੇ ਚਲਦੇ ਹੋਏ ਵਿੱਦਿਅਕ ਅਦਾਰੇ ਸਥਾਪਿਤ ਕਰਨ ਅਤੇ ਗਿਆਨ ਦੀ ਰੌਸ਼ਨੀ ਦਾ ਪਸਾਰ ਕਰਨ ਨੂੰ ਆਪਣਾ ਅਗਲਾ ਨਿਸ਼ਾਨਾ ਮਿਥਿਆ। ਮੁੱਖ ਤੌਰ ’ਤੇ ਉਨ੍ਹਾਂ ਵੱਲੋਂ ਕੀਤੇ ਗਏ ਵਿਦਿਅਕ ਕਾਰਜ ਹਨ: ਸਕੂਲ ਕਾਲਜ ਖੋਲ੍ਹਣੇ, ਗੁਰਮਤਿ ਸਿੱਖਿਆ ਕੇਂਦਰਾਂ (ਬੁੰਗਿਆਂ) ਦੀ ਸਥਾਪਨਾ, ਸਿੱਖਾਂ/ਵਿਦਵਾਨਾਂ ਨੂੰ ਉਚੇਰੀ ਸਿੱਖਿਆ ਲਈ ਵਿਦੇਸ਼ ਭੇਜਣਾ, ਸਿੱਖ ਵਿੱਦਿਅਕ ਕਾਨਫਰੰਸਾਂ ਵਿੱਚ ਹਾਜ਼ਰੀ, ਗੁਰਮੁਖੀ ਲਿਪੀ ਤੇ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਯਤਨ।
1901 ਵਿੱਚ ਸੰਤ ਅਤਰ ਸਿੰਘ ਵੱਲੋਂ ਸਥਾਪਿਤ ਕੀਤਾ ਗਿਆ ਅਸਥਾਨ ਗੁਰਦੁਆਰਾ ਗੁਰੁ ਸਾਗਰੁ ਮਸਤੂਆਣਾ ਸਾਹਿਬ ਉਨ੍ਹਾਂ ਦੀ ਕੇਂਦਰੀ ਕਰਮ ਭੂਮੀ ਰਿਹਾ ਹੈ। ਮਾਲਵੇ ਦਾ ਇਹ ਖਿੱਤਾ ਧਾਰਮਿਕ ਅਤੇ ਵਿੱਦਿਅਕ ਦੋਵੇਂ ਹੀ ਪੱਖਾਂ ਤੋਂ ਪੱਛੜਿਆ ਹੋਇਆ ਖੇਤਰ ਸੀ। ਇੱਥੇ ਦੂਰ-ਦੂਰ ਤੱਕ ਨਾ ਤਾਂ ਕੋਈ ਗੁਰਦੁਆਰਾ ਸੀ ਅਤੇ ਨਾ ਹੀ ਕੋਈ ਵਿਦਿਅਕ ਅਦਾਰਾ, ਜਿੱਥੋਂ ਅਧਿਆਤਮਿਕ ਅਤੇ ਆਤਮਿਕ ਗਿਆਨ ਦੀ ਰੌਸ਼ਨੀ ਪ੍ਰਾਪਤ ਕੀਤੀ ਜਾ ਸਕੇ।
ਸੰਤ ਅਤਰ ਸਿੰਘ ਜੀਵਨ ਕਾਲ ਦੀਆਂ ਸੰਸਥਾਵਾਂ ਵਿੱਚ ਪਹਿਲਾ ਗੁਰਦੁਆਰਾ ਗੁਰੁ ਸਾਗਰੁ ਸਾਹਿਬ, ਸਰੋਵਰ, ਅਕਾਲ ਲੰਗਰ, ਅਕਾਲ ਡਿਗਰੀ ਕਾਲਜ (1920 ਈਸਵੀ) ਉਨ੍ਹਾਂ ਦੇ ਸਮੇਂ ਤੋਂ ਹੀ ਚੱਲ ਰਿਹਾ ਹੈ। ਇਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ 95 ਫ਼ੀਸਦੀ ਏਡਿਡ ਕਾਲਜਾਂ ਵਿੱਚ ਸ਼ੁਮਾਰ ਹਨ। ਬੁੰਗਾ ਮਸਤੂਆਣਾ, ਦਮਦਮਾ ਸਾਹਿਬ ਗੁਰੂਕਾਸ਼ੀ ਤਲਵੰਡੀ ਸਾਬੋ, ਅਕਾਲ ਕਾਲਜ ਔਫ ਐਜੂਕੇਸ਼ਨ, ਅਕਾਲ ਕਾਲਜ ਔਫ ਫਿਜ਼ੀਕਲ ਐਜੂਕੇਸ਼ਨ- ਸਾਰੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਸਬੰਧਿਤ ਹਨ। ਅਕਾਲ ਕਾਲਜ ਔਫ ਡੀ ਫਾਰਮੇਸੀ, ਅਕਾਲ ਕਾਲਜ ਔਫ ਬੀ ਫਾਰਮੇਸੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਨਾਲ ਸਬੰਧਿਤ; ਸੰਤ ਅਤਰ ਸਿੰਘ ਗੁਰਮਤਿ ਕਾਲਜ ਧਾਰਮਿਕ ਸਿੱਖਿਆ ਦਾ ਅਦਾਰਾ, ਸੰਤ ਅਤਰ ਸਿੰਘ ਅਕਾਲ ਅਕੈਡਮੀ, ਸੀ ਬੀ ਐੱਸ ਸੀ ਨਾਲ ਸਬੰਧਿਤ ਅੰਗਰੇਜ਼ੀ ਮਾਧਿਅਮ ਦਾ ਸਕੂਲ, ਅਕਾਲ ਸੀਨੀਆਰ ਸੈਕੰਡਰੀ ਸਕੂਲ (ਬਹਾਦਰਪੁਰ) ਪੀ ਐੱਸ ਈ ਬੀ ਨਾਲ ਸਬੰਧਿਤ ਅਤੇ ਸਰਕਾਰ ਤੋਂ 95 ਫ਼ੀਸਦੀ ਏਡਿਡ, ਅਕਾਲ ਸੀਡ ਫਾਰਮ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨਾਲ ਸਬੰਧਿਤ, ਸਪੋਰਟਸ ਅਥਾਰਟੀ ਆਫ ਇੰਡੀਆ ਦਾ ਵਿੰਗ ਵਾਲੀਬਾਲ, ਬੌਕਸਿੰਗ ਅਤੇ ਐਥਲੈਟਿਕਸ ਦੀਆਂ ਖੇਡਾਂ ਦਾ ਅਦਾਰਾ, ਸੰਤ ਅਤਰ ਸਿੰਘ ਹੋਮਿਓਪੈਥਿਕ ਚੈਰੀਟੇਬਲ ਡਿਸਪੈਂਸਰੀ, ਸਬ-ਸਿਡਰੀ ਹੈਲਥ ਕੇਂਦਰ ਮਸਤੂਆਣਾ (ਡਿਸਪੈਂਸਰੀ) ਗੁਰਸਾਗਰੁ ਮਸਤੂਆਣਾ ਸਾਹਿਬ ਦੀ ਮੌਜੂਦਾ ਕੌਂਸਲ ਦੇ ਪ੍ਰਬੰਧਕਾਂ ਵੱਲੋਂ ਸੰਤ ਅਤਰ ਸਿੰਘ ਦੇ ਉਦੇਸ਼ ਅਨੁਸਾਰ ਅਤੇ ਉਨ੍ਹਾਂ ਦੇ ਬਚਨਾਂ ‘ਸਾਡਾ ਸੰਕਲਪ ਹੈ ਕਿ ਉੱਥੇ ਮਾਲਵੇ ਲਈ ਵਿਦਿਆ ਦੀ ਯੂਨੀਵਰਸਿਟੀ ਬਣੇ’ ਨੂੰ ਪੂਰਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਗੁਰਦੁਆਰਾ ਅੰਗੀਠਾ ਸਾਹਿਬ, ਗੁਰਦੁਆਰਾ ਮਾਤਾ ਭੋਲੀ ਜੀ ਤੇ ਗੁਰਦੁਆਰਾ ਅਕਾਲ ਬੁੰਗਾ ਸੰਸਥਾਵਾਂ ਬਣੀਆਂ। ਇੱਥੋਂ ਦੀਆਂ ਸਾਰੀਆਂ ਸੰਸਥਾਵਾਂ ਵਿੱਚ ਕੋਰਸਾਂ ਦੀਆਂ ਫੀਸਾਂ ਪੰਜਾਬ ਦੇ ਹੋਰ ਸਕੂਲਾਂ-ਕਾਲਜਾਂ ਨਾਲੋਂ ਕਾਫ਼ੀ ਘੱਟ ਰੱਖੀਆਂ ਗਈਆਂ ਹਨ। ਸੰਗਤ ਲਈ 24 ਘੰਟੇ ਲੰਗਰ ਚੱਲਦਾ ਹੈ। ਲੜਕਿਆਂ ਅਤੇ ਲੜਕੀਆਂ ਲਈ ਵੱਖਰੇ ਹੋਸਟਲਾਂ ਦਾ ਪ੍ਰਬੰਧ ਹੈ।
ਸੰਤ ਅਤਰ ਸਿੰਘ ਤਪੱਸਵੀ, ਵਿੱਦਿਆ ਦਾਨੀ, ਧਰਮ ਪ੍ਰਚਾਰਕ ਤੇ ਮਨੋਹਰ ਕੀਰਤਨੀਏ ਸਨ। ਇਨ੍ਹਾਂ ਗੁਣਾਂ ਨੂੰ ਦੇਖਦੇ ਹੋਏ ਚੀਫ਼ ਖਾਲਸਾ ਦੀਵਾਨ ਅਤੇ ਸਿੱਖ ਐਜੂਕੇਸ਼ਨ ਕਾਨਫਰੰਸ, ਫਿਰੋਜ਼ਪੁਰ ਵੱਲੋਂ ਇੱਕ ਵਿਸ਼ੇਸ਼ ਗੁਰਮਤੇ ਅਤੇ ਰਸਮ ਰਾਹੀਂ ਉਨ੍ਹਾਂ ਨੂੰ ਸੰਤ ਦੀ ਪਦਵੀ ਦੇ ਕੇ ਨਿਵਾਜਿਆ ਗਿਆ ਸੀ। ਅੰਤਲੇ ਸਮੇਂ 1923 ਈਸਵੀ ਵਿੱਚ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਿਖੇ ਅਕਾਲ ਕਾਲਜ ਕੌਂਸਲ ਦੀ ਸਥਾਪਨਾ ਕਰਕੇ ਆਪ ਗੁਰੂ ਕੀ ਕਾਸ਼ੀ ਦਮਦਮਾ ਸਾਹਿਬ ਵਿਖੇ ਬੁੰਗਾ ਮਸਤੂਆਣਾ ਸਾਹਿਬ ਲੰਗਰ ਅਤੇ ਸਰੋਵਰ ਦੀ ਸੇਵਾ ਨਿਭਾਉਂਦੇ ਰਹੇ।
ਉਨ੍ਹਾਂ ਨੇ ਡਿੱਕ-ਡੋਲੇ ਖਾਂਦੇ ਸਮਾਜ ਨੂੰ ਸਹੀ ਦਿਸ਼ਾ ਦੇਣ ਲਈ ਧਾਰਮਿਕ, ਵਿੱਦਿਅਕ ਤੇ ਸਮਾਜਿਕ ਖੇਤਰ ਵਿੱਚ ਅਣਥੱਕ ਕਾਰਜ ਕੀਤੇ। ਸਮਾਜਿਕ ਖੇਤਰ ਵਿੱਚ ਪਾਏ ਉਨ੍ਹਾਂ ਦੇ ਯੋਗਦਾਨ ਤਹਿਤ ਗੁਰਦੁਆਰਾ ਸੁਧਾਰ ਲਹਿਰ ਨੇ ਦੇਸ਼ ਦੀ ਆਜ਼ਾਦੀ ਲਈ ਚੱਲੀ ਲਹਿਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਸੰਤ ਅਤਰ ਸਿੰਘ ਦੇ ਸਮੁੱਚੇ ਜੀਵਨ ਵਿੱਚ ਕੀਤੇ ਕਾਰਜਾਂ ਦੀ ਗਿਣਤੀ ਬਹੁਤ ਵੱਡੀ ਹੈ। ਅਜਿਹੀ ਸ਼ਖ਼ਸੀਅਤ ਦੇ ਮਾਲਕ ਲਗਭਗ 61 ਸਾਲ ਦੀ ਉਮਰ ਵਿੱਚ ਸੰਗਰੂਰ ਵਿੱਚ ਗੋਬਿੰਦਰ ਸਿੰਘ ਦੀ ਕੋਠੀ ਵਿੱਚ 31 ਜਨਵਰੀ 1927 ਈ ਨੂੰ ਗੁਰਪੁਰੀ ਪਿਆਨਾ ਕਰ ਗਏ। ਇਸ ਸਥਾਨ ’ਤੇ ਹੁਣ ਗੁਰਦੁਆਰਾ ਜੋਤੀ ਸਰੂਪ ਸੁਸ਼ੋਭਿਤ ਹੈ। ਉਨ੍ਹਾਂ ਦਾ ਮਸਤੂਆਣਾ ਸਾਹਿਬ ਨਾਲ ਦਿਲੀ ਲਗਾਅ ਹੋਣ ਕਾਰਨ ਸ਼ਰਧਾਲੂ ਸੰਗਤ ਨੇ ਉਨ੍ਹਾਂ ਦਾ ਅੰਤਿਮ ਸੰਸਕਾਰ ਮਸਤੂਆਣਾ ਸਾਹਿਬ ਵਿਖੇ ਕੀਤਾ। ਇਸ ਥਾਂ ’ਤੇ ਅੱਜਕੱਲ੍ਹ ਗੁਰਦੁਆਰਾ ਅੰਗੀਠਾ ਸਾਹਿਬ ਸਥਾਪਤ ਹੈ।
ਸੰਤ ਅਤਰ ਸਿੰਘ ਦੀ ਯਾਦ ਨੂੰ ਤਾਜ਼ਾ ਕਰਦਿਆਂ ਹਰ ਸਾਲ 17, 18 ਅਤੇ 19 ਮਾਘ (30, 31 ਜਨਵਰੀ ਤੇ 1 ਫਰਵਰੀ) ਨੂੰ ਤਿੰਨ ਦਿਨ ਉਨ੍ਹਾਂ ਦੇ ਬਰਸੀ ਸਮਾਗਮ ਮਸਤੂਆਣਾ ਸਾਹਿਬ ਜ਼ਿਲ੍ਹਾ ਸੰਗਰੂਰ ਵਿੱਚ ਹੁੰਦੇ ਹਨ। ਇਸ ਮੌਕੇ ਲੱਖਾਂ ਦੀ ਗਿਣਤੀ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਤੋਂ ਇਲਾਵਾ ਦੇਸ਼-ਵਿਦੇਸ਼ ਤੋਂ ਸੰਗਤ ਪਹੁੰਚ ਕੇ ਨਤਮਸਤਕ ਹੁੰਦੀ ਹੈ।
ਸੰਪਰਕ: 97814-37111

