ਸੰਜੈ ਦੱਤ ਬਣਾਉਣਗੇ ਫਿਲਮ ‘ਖਲਨਾਇਕ’ ਦਾ ਦੂਜਾ ਭਾਗ
ਅਦਾਕਾਰ ਸੰਜੈ ਦੱਤ ਨੇ ਨਵੀਂ ਫਿਲਮ ‘ਖਲਨਾਇਕ ਰਿਟਰਨਜ਼’ ਬਣਾਉਣ ਦਾ ਐਲਾਨ ਕੀਤਾ ਹੈ, ਜੋ ਸਾਲ 1993 ਦੀ ਬੇਹੱਦ ਮਕਬੂਲ ਰਹੀ ਫਿਲਮ ‘ਖਲਨਾਇਕ’ ਦਾ ਸੀਕੁਅਲ ਭਾਵ ਅਗਲਾ ਭਾਗ ਹੋਵੇਗੀ। ਸੰਜੈ ਦੱਤ ਦੀ ਥ੍ਰੀ ਡਾਇਮੈਨਸ਼ਨ ਮੋਸ਼ਨ ਪਿਕਚਰਜ਼ ਅਤੇ ਪ੍ਰੋਡਿਊਸਰ ਅਕਸ਼ਾ ਕੰਬੋਜ ਦੇ...
ਅਦਾਕਾਰ ਸੰਜੈ ਦੱਤ ਨੇ ਨਵੀਂ ਫਿਲਮ ‘ਖਲਨਾਇਕ ਰਿਟਰਨਜ਼’ ਬਣਾਉਣ ਦਾ ਐਲਾਨ ਕੀਤਾ ਹੈ, ਜੋ ਸਾਲ 1993 ਦੀ ਬੇਹੱਦ ਮਕਬੂਲ ਰਹੀ ਫਿਲਮ ‘ਖਲਨਾਇਕ’ ਦਾ ਸੀਕੁਅਲ ਭਾਵ ਅਗਲਾ ਭਾਗ ਹੋਵੇਗੀ। ਸੰਜੈ ਦੱਤ ਦੀ ਥ੍ਰੀ ਡਾਇਮੈਨਸ਼ਨ ਮੋਸ਼ਨ ਪਿਕਚਰਜ਼ ਅਤੇ ਪ੍ਰੋਡਿਊਸਰ ਅਕਸ਼ਾ ਕੰਬੋਜ ਦੇ ਆਸਪੈਕਟ ਐਂਟਰਟੇਨਮੈਂਟ ਨੇ ਸਾਂਝੇ ਤੌਰ ’ਤੇ ਫਿਲਮਸਾਜ਼ ਸੁਭਾਸ਼ ਘਈ ਤੇ ਉਨ੍ਹਾਂ ਦੀ ਕੰਪਨੀ ਮੁਕਤਾ ਆਰਟਸ ਤੋਂ ਫਿਲਮ ‘ਖਲਨਾਇਕ’ ਦਾ ਅਗਲਾ ਭਾਗ ਬਣਾਉਣ ਦੇ ਅਖਤਿਆਰ ਲੈ ਲਏ ਹਨ। ਫਿਲਮ ਦੇ ਨਿਰਮਾਤਾਵਾਂ ਨੇ ਇਥੇ ਕਰਵਾਏ ਸਮਾਗਮ ਵਿੱਚ ‘ਖਲਨਾਇਕ ਰਿਟਰਨਜ਼’ ਦਾ ਸੰਖੇਪ ਟੀਜ਼ਰ ਜਾਰੀ ਕੀਤਾ, ਜਿਸ ’ਚ ਸੰਜੈ ਦੱਤ ‘ਬੱਲੂ’ ਦੇ ਆਪਣੇ ਨਵੇਂ ਰੂਪ ’ਚ ਦਿਖਾਈ ਦਿੱਤੇ। ਉਨ੍ਹਾਂ ‘ਖਲਨਾਇਕ’ ਦਾ ਦੂਜਾ ਭਾਗ ਬਣਾਉਣ ਦੀ ਇਜਾਜ਼ਤ ਦੇਣ ਲਈ ਘਈ ਦਾ ਧੰਨਵਾਦ ਕੀਤਾ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੁਲਾਸਾ ਕੀਤਾ ਕਿ ਮੁੰਬਈ ਬੰਬ ਧਮਾਕਿਆਂ ਬਾਰੇ ਕੇਸ ਸਬੰਧੀ ਜੇਲ੍ਹ ’ਚ ਸਜ਼ਾ ਕੱਟਦਿਆਂ ਉਨ੍ਹਾਂ ਨੂੰ ‘ਖਲਨਾਇਕ’ ਫਿਲਮ ਦੀ ਕਹਾਣੀ ਨੂੰ ਅੱਗੇ ਤੋਰਨ ਦਾ ਖਿਆਲ ਆਇਆ। ਉਨ੍ਹਾਂ ਜੇਲ੍ਹ ’ਚ ਰਹਿੰਦਿਆਂ ਚਾਰ ਹਜ਼ਾਰ ਕੈਦੀਆਂ ਤੋਂ ਪੁੱਛਿਆ ਕਿ ਉਨ੍ਹਾਂ ’ਚੋਂ ਕੌਣ ਇਸ ਫਿਲਮ ਦਾ ਅਗਲਾ ਭਾਗ ਦੇਖਣ ਦਾ ਇਛੁੱਕ ਹੋਵੇਗਾ ਤੇ ਨਾਲ ਹੀ ਉਨ੍ਹਾਂ ਨੂੰ ਨਵੀਂ ਫਿਲਮ ਦੀ ਕਹਾਣੀ ਸਬੰਧੀ ਇੱਕ-ਇੱਕ ਪੰਨਾ ਲਿਖਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਇਨ੍ਹਾਂ 4,000 ਪੰਨਿਆਂ ਨੂੰ ਪੜ੍ਹਨ ਲਈ ਉਨ੍ਹਾਂ ਨੂੁੰ ਕੁਝ ਸਮਾਂ ਲੱਗਿਆ। ਜੇਲ੍ਹ ’ਚੋਂ ਪੈਰੋਲ ’ਤੇ ਬਾਹਰ ਆਉਣ ਮਗਰੋਂ ਉਨ੍ਹਾਂ ਸੁਭਾਸ਼ ਘਈ ਨੂੰ ਇਸ ਦੀ ਕਹਾਣੀ ਪੜ੍ਹਨ ਲਈ ਕਿਹਾ, ਜਿਸ ਮਗਰੋਂ ਘਈ ਨੇ ਕਿਹਾ ਕਿ ਇਹ ਫਿਲਮ ਬਣਾਈ ਜਾਣੀ ਚਾਹੀਦੀ ਹੈ। ਫਿਲਮ ‘ਖਲਨਾਇਕ’ ਦੇ ਨਿਰਮਾਤਾ ਤੇ ਨਿਰਦੇਸ਼ਕ ਸੁਭਾਸ਼ ਘਈ ਸਨ, ਜੋ 1990 ਦੇ ਦਹਾਕੇ ’ਚ ਕਾਫ਼ੀ ਮਸ਼ਹੂਰ ਹੋਈ ਸੀ।

