ਅਭਿਜੀਤ ਭੱਟਾਚਾਰੀਆ
ਅਮਰੀਕਾ ਦੀ ਅਗਵਾਈ ਵਾਲੇ ਫ਼ੌਜੀ ਗੱਠਜੋੜ ਨਾਟੋ ਵਿਚ ਫਿਨਲੈਂਡ ਦੀ ਨਵੇਂ ਮੈਂਬਰ ਵਜੋਂ ਸ਼ਮੂਲੀਅਤ ਨਾਲ ਇਸ ਦੇ ਮੈਂਬਰਾਂ ਦੀ ਗਿਣਤੀ ਵਧ ਕੇ 31 ਹੋ ਗਈ ਹੈ। ਯੂਰਪੀ ਯੂਨੀਅਨ (ਈਯੂ) ਵਿਚ 27 ਮੁਲਕ ਮੈਂਬਰ ਹਨ। ਇਨ੍ਹਾਂ ਦੋਵਾਂ ਦੇ ਹੈੱਡਕੁਆਰਟਰ ਬੈਲਜੀਅਮ ਵਿਚ ਹਨ ਜਿਸ ਨੂੰ ਇਤਿਹਾਸਕ ਤੌਰ ‘ਤੇ ‘ਯੂਰਪ ਦਾ ਕੌਕਪਿਟ’ ਆਖਿਆ ਜਾਂਦਾ ਹੈ, ਕਿਉਂਕਿ ਇਸ ਮੁਲਕ ਦੀ ਸਰਜ਼ਮੀਨ ਉੱਤੇ ਸਭ ਤੋਂ ਵੱਧ ਲੜਾਈਆਂ ਲੜੀਆਂ ਗਈਆਂ ਹਨ। ਉਂਝ ਗਰੁੱਪ ਆਫ ਸੈਵਨ (ਜੀ-7) ਜ਼ਿਆਦਾ ਤਾਕਤਵਰ ਹੈ, ਕਿਉਂਕਿ ਇਸ ਵਿਚ ਮੋਹਰੀ ਸਨਅਤੀ ਮੁਲਕ ਸ਼ਾਮਲ ਹਨ ਜਿਹੜੇ ਰਾਸ਼ਟਰ ਮੁਖੀਆਂ ਜਾਂ ਸਰਕਾਰ ਦੇ ਮੁਖੀਆਂ ਦੇ ਪੱਧਰ ‘ਤੇ ਗ਼ੈਰਰਸਮੀ ਮੁਲਾਕਾਤਾਂ ਕਰਦੇ ਹਨ; ਜਿੱਥੇ ਯੂਰਪੀ ਕੌਂਸਲ ਤੇ ਯੂਰਪੀ ਕਮਿਸ਼ਨ ਦੇ ਪ੍ਰਧਾਨ ਯੂਰਪੀ ਯੂਨੀਅਨ ਦੀ ਨੁਮਾਇੰਦਗੀ ਕਰਦੇ ਹਨ।
ਇਹ ਤਿੰਨੇ ਗਰੁੱਪ ਇਕੱਠਿਆਂ ਮਿਲ ਕੇ ਆਲਮੀ ਅਰਥਚਾਰੇ ਵਿਚ ਪੱਛਮ ਦੇ ਦਬਦਬੇ ਨੂੰ ਜ਼ਾਹਰ ਕਰਦੇ ਹਨ। ਵਧਦੀ ਏਸ਼ਿਆਈ ਚੁਣੌਤੀ ਦੇ ਬਾਵਜੂਦ ਇਹ ਗਰੁੱਪ ਧਨ ਬਲ ਦੇ ਜ਼ੋਰ ਉੱਤੇ ਪੂਰੇ ਹਾਲਾਤ ‘ਤੇ ਹਾਵੀ ਬਣੇ ਰਹਿਣ ਲਈ ਦ੍ਰਿੜ੍ਹ ਹਨ ਕਿਉਂਕਿ ਹੁਣ ਸਾਧਨਾਂ ਨਾਲ ਭਰਪੂਰ, ਅਵਿਕਸਿਤ ਏਸ਼ੀਆ, ਲਾਤੀਨੀ ਅਮਰੀਕਾ ਅਤੇ ਅਫ਼ਰੀਕਾ ਆਦਿ ਉੱਤੇ ਪੱਛਮੀ ਮੁਲਕਾਂ ਦੀਆਂ ਬਸਤੀਵਾਦੀ ਜਿੱਤਾਂ ਦੇ ਦਿਨ ਲੱਦ ਚੁੱਕੇ ਹਨ।
ਇਸ ਦੇ ਬਾਵਜੂਦ ਜੀ-7 ਮਜ਼ਬੂਤ ਵਿੱਤੀ ਤਾਕਤ ਬਣਿਆ ਹੋਇਆ ਹੈ ਜਿਸ ਦਾ ਪਤਾ ਇਸ ਵਿਚ ਸ਼ਾਮਲ ਮੁਲਕਾਂ ਦੇ ਕੋਵਿਡ ਤੋਂ ਪਹਿਲਾਂ 2019 ਦੇ ਕੁੱਲ ਘਰੇਲੂ ਪੈਦਾਵਾਰ (ਜੀਡੀਪੀ) ਦੇ ਆਰਥਿਕ ਪੈਮਾਨਿਆਂ ਤੋਂ ਲੱਗ ਜਾਂਦਾ ਹੈ। ਇਸ ਵਿਚ ਇਨ੍ਹਾਂ ਦੇ ਅੰਕੜੇ ਇੰਝ ਹਨ: ਅਮਰੀਕਾ (21.4 ਖਰਬ ਡਾਲਰ), ਜਪਾਨ (5.08 ਖਰਬ ਡਾਲਰ), ਜਰਮਨੀ (3.86 ਖਰਬ ਡਾਲਰ), ਬਰਤਾਨੀਆ (2.83 ਖਰਬ ਡਾਲਰ), ਫਰਾਂਸ (2.71 ਖਰਬ ਡਾਲਰ), ਇਟਲੀ (2 ਖਰਬ ਡਾਲਰ) ਅਤੇ ਕੈਨੇਡਾ (1.736 ਖਰਬ ਡਾਲਰ)। ਇਨ੍ਹਾਂ ਜੀ-7 ਮੁਲਕਾਂ ਵਿਚੋਂ ਛੇ ਪੱਛਮ ਤੋਂ ਹਨ ਜਦੋਂਕਿ ਜਪਾਨ ਪੂਰਬ ਦੀ ਨੁਮਾਇੰਦਗੀ ਕਰਦਾ ਹੈ। ਅਫ਼ਸੋਸ ਦੀ ਗੱਲ ਹੈ ਕਿ ਇਹ ‘ਸਰਬਸ਼ਕਤੀਮਾਨ ਸੱਤਾਂ ਦਾ ਸਮੂਹ’ ਯੂਕਰੇਨ ਜੰਗ ਦੇ ਮੱਦੇਨਜ਼ਰ ਬੜੀ ਸਰਗਰਮੀ ਨਾਲ ਰੂਸ ਨੂੰ ਬਰਾਮਦਾਂ ਉੱਤੇ ਇਕ ਤਰ੍ਹਾਂ ਮੁਕੰਮਲ ਪਾਬੰਦੀ ਲਾਉਣ ਲਈ ਵਿਚਾਰਾਂ ਕਰ ਰਿਹਾ ਹੈ ਅਤੇ ਇਸ ਤਰ੍ਹਾਂ ਇਹ ਗਰੁੱਪ ਸੰਭਵ ਤੌਰ ‘ਤੇ ਭਿਆਨਕ ਤਬਾਹੀ ਦਾ ਰਾਹ ਪੱਧਰਾ ਕਰ ਰਿਹਾ ਹੈ।
ਇਹ ਵੀ ਬਹੁਤ ਅਫ਼ਸੋਸਨਾਕ ਹੈ ਕਿ 14 ਮਹੀਨੇ ਪਹਿਲਾਂ ਜਦੋਂ ਤੋਂ ਰੂਸ-ਯੂਕਰੇਨ ਜੰਗ ਭੜਕੀ ਹੈ, ਉਦੋਂ ਤੋਂ ਨਾਟੋ, ਈਯੂ ਜਾਂ ਜੀ-7 ਨੇ ਇਨ੍ਹਾਂ ਦੋਵੇਂ ਲੜ ਰਹੇ ਮੁਲਕਾਂ ਦੀ ਦੁਸ਼ਮਣੀ ਖ਼ਤਮ ਕਰਾਉਣ ਲਈ ਕਦੇ ਵੀ ਕੋਈ ਸੰਜੀਦਾ/ਸੁਹਿਰਦ ਕੋਸ਼ਿਸ਼ ਨਹੀਂ ਕੀਤੀ। ਇਸ ਲਈ ਹੁਣ ਸਾਹਮਣੇ ਆਉਣ ਵਾਲੀ ਕਹਾਣੀ ਦਾ ਦੁਖਦਾਈ ਪੱਖ ਇਹ ਹੈ ਕਿ ਪੱਛਮ ਪੂਰੀ ਤਰ੍ਹਾਂ ਮਾਸਕੋ ਨੂੰ ਥੁੜ੍ਹ/ਮੁਥਾਜੀ ਤੇ ਭੁੱਖਮਰੀ ਰਾਹੀਂ ਹੌਲੀ-ਹੌਲੀ ਤੇ ਦਰਦਨਾਕ ਤਬਾਹੀ ਕੰਢੇ ਪਹੁੰਚਾ ਕੇ ਇਸ ਦਾ ਗਲਾ ਘੁੱਟਣ ਲਈ ਬਜ਼ਿੱਦ ਹੈ। ਇੰਝ ਕਰਕੇ ਜੀ-7 ਇਨਸਾਨੀ ਇਤਿਹਾਸ ਦੇ ਐਨ ਮੁੱਢ ਤੋਂ ਹੀ ਚੱਲੇ ਆ ਰਹੇ ਵਿਹਾਰਕ ਮਨੋਵਿਗਿਆਨ ਦੇ ਸਿਧਾਂਤ ਨੂੰ ਨਜ਼ਅੰਦਾਜ਼ ਕਰਦਾ ਪ੍ਰਤੀਤ ਹੋ ਰਿਹਾ ਹੈ। ਜੇ ਕਿਸੇ ਨੂੰ ਅਜਿਹੀ ਹਾਲਤ ਵਿਚ ਪਹੁੰਚਾ ਦਿੱਤਾ ਜਾਵੇ ਜਿੱਥੇ ਉਸ ਦੇ ਬਚਣ ਦਾ ਕੋਈ ਚਾਰਾ ਨਾ ਹੋਵੇ ਤਾਂ ਉਸ ਦਾ ਆਤਮਘਾਤੀ ਮੋੜਵਾਂ ਹਮਲਾ ਹੀ ਨਿਕਲਣ ਵਾਲਾ ਅਟੱਲ ਸਿੱਟਾ ਹੁੰਦਾ ਹੈ। ਫਿਰ ਇਸ ਦਾ ਨਤੀਜਾ ‘ਆਪਸੀ ਯਕੀਨੀ ਬਰਬਾਦੀ’ (MAD) ਵਜੋਂ ਹੀ ਸਾਹਮਣੇ ਆਉਂਦਾ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਪੱਛਮ ਇਸ ਮੌਤਾਂ ਤੇ ਤਬਾਹੀ ਦੇ ਭਿਆਨਕ ਨਾਚ ਨੂੰ ਲੰਬਾ ਖਿੱਚਣ ਦਾ ਚਾਹਵਾਨ ਹੈ ਜਿਸ ਤੋਂ ਆਪਣੇ ਆਪ ਨੂੰ ਵੀ ਭਾਰੀ ਨੁਕਸਾਨ ਹੁੰਦਾ ਹੈ। ਪੱਛਮ ਨੂੰ ਇਹ ਜ਼ਰੂਰ ਚੇਤੇ ਰੱਖਣਾ ਚਾਹੀਦਾ ਹੈ ਕਿ ਬੰਦਿਸ਼ਾਂ ਦਾ ਸਾਹਮਣਾ ਕਰਨ ਵਾਲੇ ਮੁਲਕ ਦੇ ਵਿਰੋਧ ਤੇ ਸਹਿਣਸ਼ਕਤੀ ਅਤੇ ਨਾਲ ਹੀ ਉਸ ਦੇ ਸਬਰ ਨੂੰ ਤੋੜਨ ਦੇ ਮਕਸਦ ਨਾਲ ਜੀ-7 ਵੱਲੋਂ ਲਾਈਆਂ ਗਈਆਂ ਦੋਵਾਂ ਬਹੁ-ਪ੍ਰਚਾਰਿਤ ਤਜਵੀਜ਼ਤ ਆਰਥਿਕ/ਵਿੱਤੀ ਪਾਬੰਦੀਆਂ ਦੀ ਵੀ ਇਕ ਮਿਆਦ ਹੈ। ਇਹ ਇਸ ਗੱਲ ਉੱਤੇ ਨਿਰਭਰ ਕਰਦੀਆਂ ਹਨ ਕਿ ਪਹਿਲਾਂ ਅੱਖ ਕੌਣ ਝਪਕਦਾ ਹੈ ਜਾਂ ਕੌਣ ਦੂਜੇ ਨੂੰ ਪਛਾੜਦਾ ਹੈ ਤੇ ਕਦੋਂ।
ਆਓ, ਇਹ ਦੇਖਣ ਲਈ ਅਸੀਂ ਇਤਿਹਾਸ ਤੋਂ ਕੁਝ ਮਿਸਾਲਾਂ ਲੈਂਦੇ ਹਾਂ ਕਿ ਜ਼ਿੰਦਾ ਰਹਿਣ ਜਾਂ ਵਧਣ-ਫੁੱਲਣ ਦਾ ਕੀ ਤਰੀਕਾ ਹੋ ਸਕਦਾ ਹੈ। ਸਾਲ 431 ਤੋਂ 404 ਈਸਵੀ ਪੂਰਵ ਦੌਰਾਨ ਏਥਨਜ਼ ਤੇ ਸਪਾਰਟਾ ਦਰਮਿਆਨ ਪੇਲੋਪੋਨੇਸ਼ੀਅਨ ਜੰਗ ਲੜੀ ਗਈ। ਮਹਾਨ ਇਤਿਹਾਸਕਾਰ ਥੀਊਸੀਦਾਈਦੀਜ਼ ਮੁਤਾਬਿਕ ‘ਏਥਨਜ਼ ਵੱਲੋਂ ਸਪਾਰਟਾ ਦੇ ਸਹਿਯੋਗੀ ਮੇਗਾਰਾ ਦੇ ਕੀਤੇ ਗਏ ਵਪਾਰਕ ਬਾਈਕਾਟ’ ਕਾਰਨ ਇਹ 27 ਸਾਲ ਲੰਬੀ ਜੰਗ ਹੋਈ ਜਿਸ ਦਾ ਸਿੱਟਾ ਬਹੁਤ ਦੁੱਖਾਂ-ਤਕਲੀਫ਼ਾਂ ਤੇ ਬਰਬਾਦੀ ਵਜੋਂ ਨਿਕਲਿਆ।
ਆਧੁਨਿਕ ਸਮਿਆਂ ਵਿਚ ਅਮਰੀਕਾ ਦੇ ਸਾਬਕਾ ਸਦਰ ਵੁਡਰੋ ਵਿਲਸਨ ਸ਼ਾਇਦ ਪਾਬੰਦੀਆਂ ਨੂੰ ਇਕ ‘ਪੁਰਅਮਨ, ਖ਼ਾਮੋਸ਼ ਅਤੇ ਮਾਰੂ ਉਪਾਅ’ ਵਜੋਂ ਮਾਨਤਾ ਦੇਣ ਵਾਲੇ ਪਹਿਲੇ ਵਿਅਕਤੀ ਸਨ ਜਿਨ੍ਹਾਂ ਰਾਹੀਂ ਦੁਸ਼ਮਣ ਨੂੰ ‘ਤਾਕਤ ਦੀ ਵਰਤੋਂ ਦੀ ਲੋੜ ਤੋਂ ਬਿਨਾਂ’ ਹੀ ਨੱਥ ਪਾਈ ਜਾ ਸਕਦੀ ਹੈ। ਫਿਰ ਵਿਲਸਨ ਦੇ ਉਤਰਾਧਿਕਾਰੀਆਂ ਨੇ 23 ਸਾਲ ਵੀ ਨਹੀਂ ਬੀਤਣ ਦਿੱਤੇ ਕਿ ਜਪਾਨ ਉੱਤੇ ਬਾਲਣ ਤੇ ਫ਼ੌਲਾਦ ਸਬੰਧੀ ਪਾਬੰਦੀਆਂ ਲਾਉਣ ਦੇ ਬਾਵਜੂਦ ਟੋਕੀਓ ਨੂੰ ਅਮਰੀਕਾ ਉੱਤੇ ਪਹਿਲਾਂ ਹਮਲੇ ਕਰਨ ਲਈ ਉਕਸਾਇਆ ਜਿਸ ਦੇ ਸਿੱਟੇ ਵਜੋਂ ਮੁੱਢਲੇ ਤੌਰ ‘ਤੇ ਇਕ ਯੂਰਪੀ ਜੰਗ ਹੋਰ ਭੜਕ ਕੇ ਅਤੇ ਰੂਪ ਬਦਲ ਕੇ ਦੂਜੀ ਆਲਮੀ ਜੰਗ ਬਣ ਗਈ। ਬੰਦਿਸ਼ਾਂ ਸਿਧਾਂਤ ਰੂਪ ਵਿਚ ਤਾਂ ਚੰਗੀਆਂ ਲੱਗਦੀਆਂ ਹਨ, ਪਰ ਅਮਲ ਵਿਚ ਇਹ ਮਾੜੀਆਂ ਸਾਬਿਤ ਹੁੰਦੀਆਂ ਹਨ। ਪਾਬੰਦੀਆਂ ਲਾਜ਼ਮੀ ਤੌਰ ‘ਤੇ ਜੰਗ ਨੂੰ ਨਾ ਰੋਕਦੀਆਂ ਹਨ, ਨਾ ਇਸ ਦਾ ਨਬਿੇੜਾ ਹੀ ਕਰਦੀਆਂ ਹਨ, ਕਿਉਂਕਿ ਜਦੋਂ ਮੌਤ ਕਰੀਬ, ਲਾਜ਼ਮੀ ਤੇ ਅਟੱਲ ਹੁੰਦੀ ਹੈ ਤਾਂ ਹਰ ਜ਼ਿੰਦਾ ਪ੍ਰਾਣੀ ਹਰ ਹਾਲ ਮੋੜਵਾਂ ਹਮਲਾ ਕਰਦਾ ਹੈ। ਕੁਦਰਤ ਦਾ ਕਾਨੂੰਨ ਮੁੱਢ-ਕਦੀਮ ਤੋਂ ‘ਜਿਵੇਂ ਹੈ ਜਿੱਥੇ ਹੈ’ ਚੱਲ ਰਿਹਾ ਹੈ।
ਇਹ ਸਮਝਣ ਲਈ ਸੰਸਾਰ ਦੇ ਜੰਗ ਦੇ ਮੈਦਾਨਾਂ ਦੀ ਕਲਪਨਾ ਕਰਨੀ ਚਾਹੀਦੀ ਹੈ ਕਿ ਕਿਵੇਂ ਜ਼ਾਲਮ ਹੱਥੋ-ਹੱਥ ਦੀਆਂ ਲੜਾਈਆਂ ਜਾਂ ‘ਮਰਨ-ਮਾਰਨ ‘ਤੇ ਉਤਾਰੂ’ ਲੜਾਕੇ ਕਿਸੇ ਕੌਮ ਤੇ ਰਾਸ਼ਟਰ ਦੀਆਂ ਲੋਕਗਾਥਾਵਾਂ ਦਾ ਹਿੱਸਾ ਹਨ। ਇਸ ਲਈ ਅੱਜ ਵੀ ਰੂਸ-ਯੂਕਰੇਨ ਜੰਗ ਵਾਂਗ ਕਿਸੇ ਵੀ ਰਵਾਇਤੀ ਯੁੱਧ ਦਾ ਸਾਰ ਤੱਤ ਇਕੋ ਹੈ – ਅਣਗਿਣਤ ਫ਼ੌਜੀ ਜਵਾਨਾਂ ਦੀਆਂ ਮੌਤਾਂ। ਕੋਈ ਵੀ ਮੁਲਕ ਲੰਬੇ ਸਮੇਂ ਤੱਕ ਚੱਲਣ ਵਾਲੀ ਜ਼ਮੀਨੀ ਜੰਗ ਨਹੀਂ ਲੜ ਸਕਦਾ, ਜਦੋਂ ਤੱਕ ਉਸ ਕੋਲ ਅਜਿਹੇ ਸਮਰੱਥ ਮਰਦਾਂ ਦੀ ਲੰਬੀ ਕਤਾਰ ਨਾ ਹੋਵੇ ਜਿਹੜੇ ਮੌਤ ਦੇ ਮੂੰਹ ਜਾਣ ਲਈ ਆਪਣੀ ਵਾਰੀ ਉਡੀਕ ਰਹੇ ਹੋਣ। ਅਮੀਰ ਮੁਲਕਾਂ, ਖ਼ਾਸਕਰ ਪੱਛਮ ਲਈ ਜੰਗ ਇਕ ਡਰਾਉਣੀ ਸੰਭਾਵਨਾ ਹੈ। ਉਹ ਪੱਛਮ, ਜਿਸ ਨੇ ਇਸ ਦੀ ਸ਼ੁਰੂਆਤ ਕੀਤੀ ਅਤੇ ਵੀਹਵੀਂ ਸਦੀ ਵਿਚ ਦੋ ਜੰਗਾਂ ਦੌਰਾਨ ਆਪਣੇ ਹਮਲਾਵਰ ਰਉਂ ਦਾ ਸਵਾਦ ਚੱਖਿਆ ਅਤੇ ਹੁਣ ਯੂਰਪੀ ਮੁੱਖ ਧਰਤੀ ਉੱਤੇ ਜੰਗ ਦੇ ਘਾਤਕ ਰੂਪ ਨੂੰ ਦੇਖ ਕੇ ਘਬਰਾਇਆ ਹੋਇਆ ਹੈ।
ਪੱਛਮ ਚੰਗੀ ਤਰ੍ਹਾਂ ਸਮਝਦਾ ਹੈ ਕਿ ਅੱਜ ਉਹ ਆਪਣੇ ਹੀ ਵਿਹੜੇ ਵਿਚ ਭੌਤਿਕ ਰੂਪ ਵਿਚ ਨੈਪੋਲੀਅਨੀ ਜਾਂ ਹਿਟਲਰੀ ਜੰਗਾਂ ਨਹੀਂ ਲੜ ਸਕਦਾ। ਅਜੋਕੇ ਯੂਰਪ ਨੂੰ ਅਜਿਹੇ ਦੋ ਕਾਰਕਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਹੜੇ ਉਸ ਨੂੰ ਕਮਜ਼ੋਰ ਬਣਾਉਂਦੇ ਹਨ: 28 ਮੁਲਕਾਂ ਵਿਚ ‘ਆਬਾਦੀ ਦੇ ਵਾਧੇ ਦੀ ਸਭ ਤੋਂ ਮੱਠੀ ਰਫ਼ਤਾਰ (ਜਿਹੜੀ ਬਹੁਤੀ ਕਰਕੇ ਘਟਦੀ ਹੋਈ ਹੈ)’ ਅਤੇ 22 ਮੁਲਕਾਂ ਵਿਚ ਸਭ ਤੋਂ ਘੱਟ ਜਣਨ ਦਰ। ਪੱਛਮ ਭੌਤਿਕ ਰੂਪ ਵਿਚ ਸਿਰਫ਼ ਯੂਕਰੇਨ ਦੇ ਅੰਦਰ ਹੀ ਮੌਜੂਦ ਹੋ ਸਕਦਾ ਹੈ। ਇਹ ਹੈਰਾਨੀਜਨਕ ਗੱਲ ਹੈ ਕਿਉਂਕਿ ਪੱਛਮ ਵੱਲੋਂ ਕਿਸੇ ਨਾ ਕਿਸੇ ਕਾਰਨ ਕਰਕੇ ਸਿੱਧੀ ਫ਼ੌਜੀ ਕਾਰਵਾਈ ਨਾਮੁਮਕਿਨ ਹੈ; ਨਹੀਂ ਤਾਂ, ਆਬਾਦੀ ਪੱਖੋਂ ਜ਼ੋਰਦਾਰ ਤਬਾਹੀ ਹੋਵੇਗੀ ਹੀ, ਨਾਲ ਹੀ ਕਦੇ ਵੀ ਨਾ ਪੂਰਾ ਹੋਣ ਵਾਲੇ ਮਾਲੀ ਨੁਕਸਾਨ ਦਾ ਵੀ ਸਾਹਮਣਾ ਕਰਨਾ ਪਵੇਗਾ।
ਇਸ ਲਈ ਜਦੋਂ ‘ਕੁਝ ਨਾ ਕਰਨ’ ਨੂੰ ਮਿਲੀਭੁਗਤ ਵਜੋਂ ਦੇਖੇ ਜਾਣ ਦੇ ਆਸਾਰ ਹੋਣ ਤਾਂ ‘ਇਕਮੁੱਠਤਾ ਦੀ ਨੈਤਿਕਤਾ ਦਾ ਇਜ਼ਹਾਰ ਕਰਨ ਲਈ ਕੁਝ ਤਾਂ ਕਰਨਾ ਹੀ ਪਵੇਗਾ’, ਕੁਝ ਅਜਿਹਾ ਜਿਹੜਾ ਸੰਸਾਰ ਨੂੰ ਘੱਟੋ-ਘੱਟ ਇਹ ਸਾਫ਼ ਸੁਨੇਹਾ ਤਾਂ ਦੇਵੇ ਕਿ ਜੋ ਕੁਝ ਕਥਿਤ ਹਮਲਾਵਰ ਕਰ ਰਿਹਾ ਹੈ, ਉਹ ਤਾਕਤਵਰ ਜੀ-7, ਯੂਰਪੀ ਯੂਨੀਅਨ ਅਤੇ ਨਾਟੋ ਨੂੰ ਨਾਮਨਜ਼ੂਰ ਹੈ।
ਯੂਕਰੇਨ ਦੀ ਮਦਦ ਕਰਨ ਵਾਸਤੇ ਪਾਬੰਦੀਆਂ ਪਹਿਲਾ ਤੇ ਨਾਲ ਹੀ ਆਖ਼ਰੀ ਉਪਾਅ ਹਨ, ਨਾ ਕਿ ਸਿੱਧੇ ਤੌਰ ‘ਤੇ ਜੰਗ ‘ਚ ਸ਼ਾਮਲ ਹੋਣਾ। ਅੱਜ, ਯੂਕਰੇਨ ਦੀ ਹਾਲਤ ਉਹੋ ਜਿਹੀ ਬਣੀ ਹੋਈ ਹੈ, ਜਿਹੋ ਜਿਹੀ ਦੂਜੀ ਸੰਸਾਰ ਜੰਗ ਤੋਂ ਪਹਿਲਾਂ ਤੇ ਉਸ ਦੌਰਾਨ ਪੋਲੈਂਡ, ਬੋਹੇਮੀਆ, ਮੋਰਾਵੀਆ ਅਤੇ ਸਲੋਵਾਕੀਆ ਦੀ ਸੀ। ਇਸ ਸੂਰਤ ਵਿਚ ਯੂਕਰੇਨ ਲਈ ‘ਨਾਟੋ’ (NATO) ਦੇ ਨਾਂ ਦਾ ਮਤਲਬ ‘ਨੋ ਐਕਸ਼ਨ, ਟਾਕ ਓਨਲੀ’ (ਕੋਈ ਕਾਰਵਾਈ ਨਹੀਂ, ਸਿਰਫ਼ ਗੱਲਾਂ) ਹੀ ਨਿਕਲਦਾ ਹੈ। ਯੂਕਰੇਨ ਨੂੰ ਹਥਿਆਰ ਅਤੇ ਰੂਸ ਖ਼ਿਲਾਫ਼ ਪਾਬੰਦੀਆਂ – ਇਹ ਦੋਵੇਂ ਰਣਨੀਤੀਆਂ ਹਾਲ ਦੀ ਘੜੀ ਬੇਕਾਰ ਸਾਬਿਤ ਹੋਈਆਂ ਹਨ।