ਸਾਕਾ ਨਨਕਾਣਾ ਸਾਹਿਬ

ਸਾਕਾ ਨਨਕਾਣਾ ਸਾਹਿਬ

ਇਕਵਾਕ ਸਿੰਘ ਪੱਟੀ

ਗੁਰੂ ਨਾਨਕ ਸਾਹਿਬ ਦੇ ਜਨਮ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਨੂੰ ਆਜ਼ਾਦ ਕਰਵਾਉਣ ਵੇਲੇ ਵਾਪਰੇ ਦੁਖਾਂਤ ਦੇ ਉਸ ਕਹਿਰੀ ਸਮੇਂ ਨੂੰ ਸਾਕਾ ਨਨਕਾਣਾ ਸਾਹਿਬ ਦੇ ਨਾਂ ਨਾਲ ਹਰ ਸਾਲ ਯਾਦ ਕੀਤਾ ਜਾਂਦਾ ਹੈ। ਗੁਰਦੁਆਰਾ ਸਾਹਿਬ ਨੂੰ ਆਜ਼ਾਦ ਕਰਵਾਉਣ ਦਾ ਮਕਸਦ ਸਿਰਫ਼ ਸਬੰਧਿਤ ਜਗ੍ਹਾ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਹੀ ਨਹੀਂ ਸੀ ਬਲਕਿ ਉਸ ਪਵਿੱਤਰ ਅਸਥਾਨ ਨੂੰ ਗੁਰੂ ਨਾਨਕ ਦੇ ਸਿਧਾਂਤਾਂ ਨੂੰ ਪ੍ਰਚਾਰਨ ਦੇ ਕੇਂਦਰ ਵਜੋਂ ਪੇਸ਼ ਕਰਕੇ ਉੱਥੇ ਗੁਰ ਮਰਿਯਾਦਾ ਲਾਗੂ ਕਰਵਾਉਣਾ ਵੀ ਸੀ। ਉਸ ਸਮੇਂ ਦੇ ਮਹੰਤ ਨਰੈਣੂ (ਨਰਾਇਣ ਦਾਸ) ਅਤੇ ਇਸ ਤੋਂ ਪਹਿਲਾਂ ਦੇ ਰਹਿ ਚੁੱਕੇ ਮਹੰਤ ਸਾਧੂ ਰਾਮ ਤੇ ਕਿਸ਼ਨ ਦਾਸ ਨੇ ਨਨਕਾਣਾ ਸਾਹਿਬ ਵਿੱਚ ਮੱਸੇ ਰੰਘੜ ਵਾਲੇ ਸਮੇਂ ਦੇ ਹਾਲਾਤ ਤੋਂ ਵੀ ਬਦਤਰ ਹਾਲਾਤ ਬਣਾ ਦਿੱਤੇ ਸਨ। ਹੁਣ ਕੇਵਲ ਉੱਥੇ ਨਾਚੀਆਂ ਦਾ ਨਾਚ ਹੀ ਨਹੀਂ ਸੀ ਹੁੰਦਾ ਬਲਕਿ ਉਸ ਅਸਥਾਨ ਦੇ ਦਰਸ਼ਨ ਕਰਨ ਜਾਣ ਵਾਲੀਆਂ ਬੀਬੀਆਂ/ਔਰਤਾਂ ਦੀ ਇੱਜ਼ਤ ਵੀ ਮਹਿਫੂਜ਼ ਨਹੀਂ ਸੀ ਰਹੀ। ਜਦ ਸੰਨ 1918 ਵਿੱਚ ਇੱਕ ਸੇਵਾਮੁਕਤ ਸਿੰਧੀ ਅਫ਼ਸਰ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਨਨਕਾਣਾ ਸਾਹਿਬ ਨਤਮਸਤਕ ਹੋਣ ਆਇਆ ਤਾਂ ਰਾਤ ਨੂੰ ਉਸ ਦੀ 13 ਵਰ੍ਹਿਆਂ ਦੀ ਮਾਸੂਮ ਬੱਚੀ ਨਾਲ ਮਹੰਤ ਦੇ ਚੇਲੇ ਨੇ ਘਟੀਆ ਹਰਕਤ ਕੀਤੀ। ਇਸੇ ਹੀ ਸਾਲ ਪੂਰਨਮਾਸ਼ੀ ਦੀ ਰਾਤ ਨੂੰ ਜ਼ਿਲ੍ਹਾ ਲਾਇਲਪੁਰ ਦੇ ਜੜ੍ਹਾਂ ਵਾਲੇ ਇਲਾਕੇ ਦੀਆਂ 6 ਬੀਬੀਆਂ, ਜੋ ਗੁਰਦੁਆਰੇ ਦਰਸ਼ਨ ਕਰਨ ਲਈ ਪੁੱਜੀਆਂ, ਨਾਲ ਵੀ ਮਹੰਤ ਦੇ ਚੇਲਿਆਂ ਨੇ ਉਹੀ ਹਸ਼ਰ ਕੀਤਾ। ਅਜਿਹੀਆਂ ਵਾਰਦਾਤਾਂ ਅਕਸਰ ਹੀ ਇੱਥੇ ਹੋਣ ਲੱਗ ਪਈਆਂ ਸਨ। ਇੱਥੋਂ ਤਕ ਕਿ ਜਦੋਂ ਸਿੱਖਾਂ ਨੇ ਮਹੰਤ ਦੀਆਂ ਇਨ੍ਹਾਂ ਕਰਤੂਤਾਂ ਅਤੇ ਮੰਦਭਾਗੀਆਂ ਘਟਨਾਵਾਂ ਵਿਰੁੱਧ ਰੋਸ ਪ੍ਰਗਟ ਕੀਤਾ ਤਾਂ ਅਗਿੱਓਂ ਮਹੰਤ ਨੇ ਐਲਾਨੀਆ ਕਹਿ ਦਿੱਤਾ ਕਿ ਇਹ ਗੁਰਦੁਆਰਾ ਉਨ੍ਹਾਂ ਦੀ ਨਿੱਜੀ ਦੁਕਾਨ ਹੈ, ਉਹ ਆਪਣੀਆਂ ਇਸਤਰੀਆਂ ਨੂੰ ਨਾ ਭੇਜਿਆ ਕਰਨ। ਫਿਰ ਨਨਕਾਣਾ ਸਾਹਿਬ ਦੇ ਪਵਿੱਤਰ ਸਥਾਨ ’ਤੇ ਅਜਿਹੇ ਕੁਕਰਮਾਂ ਨੂੰ ਬੰਦ ਕਰਵਾਉਣ ਅਤੇ ਗੁਰ ਮਰਿਯਾਦਾ ਲਾਗੂ ਕਰਵਾਉਣ ਲਈ 26 ਜਨਵਰੀ 1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿੱਚ ਇਸ ਬਾਰੇ ਇੱਕ ਵਿਸ਼ੇਸ਼ ਗੁਰਮਤਾ ਪਾਸ ਕਰਕੇ 4,5 ਤੇ 6 ਮਾਰਚ 1921 ਨੂੰ ਸ੍ਰੀ ਨਨਕਾਣਾ ਸਾਹਿਬ ਵਿੱਚ ਇੱਕ ਭਾਰੀ ਇਕੱਠ ਸੱਦਣ ਬਾਰੇ ਵਿਚਾਰ-ਚਰਚਾ ਕੀਤੀ ਗਈ, ਤਾਂ ਕਿ ਉਸ ਸਮੇਂ ਸਮੁੱਚੇ ਪੰਥਕ ਰੂਪ ਵਿੱਚ ਮਿਲ ਬੈਠ ਕੇ ਗੁਰਦੁਆਰਿਆਂ ਦੇ ਪ੍ਰਬੰਧਾਂ ਤੇ ਮਹੰਤ ਨਰਾਇਣ ਦਾਸ ਬਾਰੇ ਵਿਚਾਰ ਕੀਤਾ ਜਾ ਸਕੇ ਅਤੇ ਮਹੰਤ ਨੂੰ ਸੁਧਰਨ ਲਈ ਕਿਹਾ ਜਾਵੇ।

ਇਸ ਪੰਥਕ ਇਕੱਠ ਦੀ ਸੂਹ ਮਹੰਤ ਨਰੈਣੂ ਨੂੰ ਲੱਗ ਗਈ ਤਾਂ ਉਸ ਨੇ ਵਿਉਂਤ ਘੜ ਲਈ ਕਿ ਉਹ ਸਿੱਖਾਂ ਦੇ ਉਸ ਭਾਰੀ ਇਕੱਠ ’ਤੇ ਹਮਲਾ ਕਰਕੇ ਸਭ ਗੁਰਮਤਿ ਸੁਧਾਰਕਾਂ ਨੂੰ ਖ਼ਤਮ ਕਰ ਦੇਵੇਗਾ। ਇਸ ਲਈ ਉਸ ਨੇ ਗੁਰਦੁਆਰੇ ਦੀ ਹਦੂਦ ਵਿੱਚ ਭਾਰੀ ਮਾਤਰਾ ’ਚ ਗੋਲੀ, ਸਿੱਕਾ, ਟਕੂਏ, ਪਿਸਤੌਲਾਂ, ਬੰਦੂਕ, ਮਿੱਟੀ ਦੇ ਤੇਲ ਦੇ ਪੀਪਿਆਂ ਅਤੇ ਲੱਕੜਾਂ ਦਾ ਜ਼ਖੀਰਾ ਇਕੱਠਾ ਕਰ ਲਿਆ। ਮਹੰਤ ਨਰੈਣੂ ਦੇ ਇਸ ਕਾਰੇ ਦੀ ਸੂਹ ਗੁਰਸਿੱਖਾਂ ਕੋਲ ਪੁੱਜੀ ਤਾਂ ਉਨ੍ਹਾਂ ਨੇ 17 ਫਰਵਰੀ 1921 ਨੂੰ ਇੱਕ ਵਿਸ਼ੇਸ਼ ਮੀਟਿੰਗ ਸੱਦ ਕੇ ਇਹ ਮਤਾ ਪਾਸ ਕੀਤਾ ਕਿ 19 ਫਰਵਰੀ ਨੂੰ ਭਾਈ ਲਛਮਣ ਸਿੰਘ ਅਤੇ ਭਾਈ ਕਰਤਾਰ ਸਿੰਘ ਝੱਬਰ ਸ੍ਰੀ ਨਨਕਾਣਾ ਸਾਹਿਬ ਦੀ ਆਜ਼ਾਦੀ ਲਈ ਚਾਲੇ ਪਾ ਦੇਣਗੇ।

ਮਿੱਥੀ ਮਿਤੀ ’ਤੇ ਅਰਦਾਸਾ ਸੋਧ ਕੇ ਗੁਰੂ ਦੇ ਲਾਡਲੇ ਸਿੰਘਾਂ ਨੇ ਗੁਰਧਾਮ ਆਜ਼ਾਦ ਕਰਵਾਉਣ ਲਈ ਅਤੇ ਗੁਰੂ ਅਸਥਾਨ ਦੀ ਬੇਅਦਬੀ ਰੋੋਕਣ ਲਈ ਸ੍ਰੀ ਨਨਕਾਣਾ ਸਾਹਿਬ ਨੂੰ ਚਾਲੇ ਪਾ ਦਿੱਤੇ। ਭਾਈ ਲਛਮਣ ਸਿੰਘ ਦਾ ਜਥਾ ਨਨਕਾਣਾ ਸਾਹਿਬ ਅੰਦਰ ਦਾਖ਼ਲ ਹੋਇਆ। ਮਹੰਤ ਨੇ ਬਾਹਰਲੇ ਗੇਟ ਬੰਦ ਕਰਵਾ ਦਿੱਤੇ ਅਤੇ ਸ਼ਾਂਤਮਈ ਸਿੰਘਾਂ ’ਤੇ ਮੀਂਹ ਦੀ ਤਰ੍ਹਾਂ ਗੋਲੀਆਂ ਦੀ ਬੁਛਾੜ ਕਰ ਦਿੱਤੀ। ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਭਾਈ ਲਛਮਣ ਸਿੰਘ ਨੂੰ ਗੋਲੀਆਂ ਨਾਲ ਅਧਮੋਇਆ ਕਰਨ ਤੋਂ ਬਾਅਦ ਜੰਡ ਨਾਲ ਪੁੱਠਾ ਲਮਕਾ ਕੇ ਅੱਗ ਲਗਾ ਕੇ ਸ਼ਹੀਦ ਕਰ ਦਿੱਤਾ ਗਿਆ। ਪਾਵਨ ਸਰੂਪ ਵਿੱਚ ਵੀ ਕਈ ਗੋਲੀਆਂ ਲੰਘੀਆਂ। ਇਸੇ ਤਰ੍ਹਾਂ ਜਦੋਂ ਭਾਈ ਦਲੀਪ ਸਿੰਘ ਗੁਰਦੁਆਰੇ ’ਚ ਦਾਖ਼ਲ ਹੋਏ ਤਾਂ ਉਨ੍ਹਾਂ ਨੂੰ ਵੀ ਬਲਦੀ ਭੱਠੀ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਗਿਆ। ਸ਼ਹੀਦ ਸਿੰਘਾਂ ਨੂੰ ਮਿੱਟੀ ਦਾ ਤੇਲ ਪਾ ਕੇ ਸਾੜਿਆ ਗਿਆ। ਕਿਹਾ ਜਾਂਦਾ ਹੈ ਕਿ ਦੋ ਸਾਲ ਦਾ ਇੱਕ ਸਿੱਖ ਬੱਚਾ, ਜੋ ਇੱਕ ਅਲਮਾਰੀ ਵਿੱਚ ਬੰਦ ਸੀ, ਨੂੰ ਵੀ ਬਾਹਰ ਕੱਢ ਕੇ ਬਲਦੀ ਅੱਗ ਦੇ ਉੱਪਰ ਸੁੱਟ ਕੇ ਸ਼ਹੀਦ ਕੀਤਾ ਗਿਆ। 23 ਫਰਵਰੀ ਨੂੰ ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ ਗਿਆ ਅਤੇ ਅੰਗਰੇਜ਼ ਸਰਕਾਰ ਨੇ ਸਿੱਖਾਂ ਦੇ ਰੋਹ ਅੱਗੇ ਝੁਕਦਿਆਂ ਗੁਰਦੁਆਰੇ ਦੀਆਂ ਚਾਬੀਆਂ ਸਿੱਖਾਂ ਨੂੰ ਸੌਪੀਆਂ। ਇਸ ਤਰ੍ਹਾਂ ਗੁਰਧਾਮਾਂ ਨੂੰ ਆਜ਼ਾਦ ਕਰਵਾ ਕੇ ਉੱਥੇ ਗੁਰਮਰਿਯਾਦਾ ਬਹਾਲ ਕੀਤੀ ਗਈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All