ਈਸ਼ਵਰ ਦਿਆਲ ਗੌੜ*
ਸ਼ਹਾਦਤ ਬਾਰੇ ਪੰਜਾਬੀ ’ਚ ਪਹਿਲਾ ਪ੍ਰਵਚਨ ਬਾਬਾ ਫ਼ਰੀਦ (1173-1265) ਸਿਰਜਦਾ ਹੈ। ਬਾਬਾ ਜੀ ਦੀ ਸਮੁੱਚੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਦਰਜ ਹੈ। ਆਓ ਫ਼ਰੀਦ ਦੇ ਰੂਹਾਨੀਅਤ ਦੇ ਰੰਗ ’ਚ ਰੰਗੇ ਸ਼ਹਾਦਤ ਦੇ ਪ੍ਰਵਚਨ ਨੂੰ ‘ਪੜ੍ਹੀਏ’:
ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ॥
ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ॥
ਫ਼ਰੀਦ ਤੋਂ ਬਾਅਦ ਬਾਬਾ ਨਾਨਕ (1469-1539) ਸ਼ਹਾਦਤ ਦੇ ਪ੍ਰਵਚਨ ਨੂੰ ਅਗਾਂਹ ਤੋਰਦੇ ਹੋਏ ਇਸ ਨੂੰ ਪ੍ਰੇਮ ਦੀ ਪੁੱਠ ਚਾੜ੍ਹਦੇ ਹਨ:
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਸ ਸਫ਼ਰ ਵਿਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਅਤੇ ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਹੋਈ। ਨੌਵੇਂ ਗੁਰੂ ਨਾਲ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਵੀ ਸ਼ਹੀਦ ਹੋਏ। ਪੰਜਾਬ ਦੇ ਪਿੜ ’ਚ ‘ਸਿਰ-ਧੜ ਦੀ ਬਾਜ਼ੀ’ ਲਾਉਣ ਦੇ ਮੁਹਾਵਰੇ ਦੀ ਆਮਦ ਹੋਈ। ਸਿਰ-ਧੜ ਦੀ ਬਾਜ਼ੀ ਲਾਉਣ ਦੀ ਇਸ਼ਕੀਆ ਖੇਡ ਉਹੀ ਖੇਡਦੇ ਹਨ ਜੋ ਤ੍ਰਿੰਝਣੀ ਅਤੇ ਬ੍ਰਹਿਮੰਡੀ ਚੇਤਨਾ ਨਾਲ ਲਬਰੇਜ਼ ਹੁੰਦੇ ਹਨ। ਅਜਿਹੀ ਚੇਤਨਾ ਗੁਰੂ ਗ੍ਰੰਥ ਸਾਹਿਬ ਵਿਚ ਇੰਜ ਬਿਆਨ ਕੀਤੀ ਗਈ:
ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ॥
ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ॥
ਇਸ ਲਈ ਦਲੀਲ ਹੈ ਕਿ ਗੁਰੂ ਤੇਗ਼ ਬਹਾਦਰ ਜੀ ਦੀ ਜਾਂ ਗੁਰੂ-ਘਰ ਦੀ ਤ੍ਰਿੰਝਣੀ ਅਤੇ ਬ੍ਰਹਿਮੰਡੀ ਚੇਤਨਾ ਦਾ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੀ ਤਿੜਕੀ ਅਤੇ ਖੰਡਿਤ ਚੇਤਨਾ ਨਾਲ ਟਕਰਾਅ ਆਪ (ਗੁਰੂ ਸਹਬਿਾਨ) ਦੀ ਸ਼ਹਾਦਤ ’ਤੇ ਆਣ ਕੇ ਆਪਣੇ ਸਿਖਰ ’ਤੇ ਪਹੁੰਚਦਾ ਹੈ।
ਇਤਿਹਾਸਕ ਦਸਤਾਵੇਜ਼ ਦੱਸਦੇ ਹਨ ਕਿ ਔਰੰਗਜ਼ੇਬ ਸਾਲ ’ਚ ਇੱਕ ਵਾਰ ਅੱਲ੍ਹਾ ਦੀ ਇਬਾਦਤ ’ਚ ਚਿੱਲਾ (ਚਾਲੀ ਦਿਨ) ਕਰਦਾ ਸੀ। ਆਪਣੀ ਰੋਜ਼ਾਨਾ ਜ਼ਿੰਦਗੀ ਦਾ ਇੱਕ ਲੰਮਾ ਵਕਤ ਕੁਰਆਨ ਸ਼ਰੀਫ਼ ਦੀਆਂ ਪ੍ਰਤਿਲਿਪੀਆਂ ਲਿਖਣ ਅਤੇ ਇਬਾਦਤ ਸਮੇਂ ਸਿਰ ਕੱਜਣ ਵਾਲੀਆਂ ਟੋਪੀਆਂ ਸਿਉਣ ’ਚ ਗੁਜ਼ਾਰਦਾ ਹੁੰਦਾ ਸੀ। ਆਪਣੀ ਲੰਮੀ ਉਮਰ ਦੇ ਤਮਾਮ ਸਫ਼ਰ ’ਚ ਉਹ ਸ਼ਾਮ ਦੀ ਨਮਾਜ਼ ਅਦਾ ਕਰਨ ਤੋਂ ਕਦੇ ਵੀ ਨਹੀਂ ਸੀ ਖੁੰਝਿਆ। ਜੰਗ ਦੇ ਮੈਦਾਨ ਵਿਚ ਲੜਦਿਆਂ ਵੀ ਉਹ ਆਪਣੇ ਘੋੜੇ ਤੋਂ ਉਤਰ ਕੇ ਨਮਾਜ਼ ਅਦਾ ਕਰਦਾ। ਉਸ ਦਾ ਪਹਿਰਾਵਾ ਬੜਾ ਸਾਦਾ ਸੀ। ਇਸਲਾਮੀ ਹਦਾਇਤਾਂ ਮੁਤਾਬਿਕ ਉਸ ਨੇ ਕਦੇ ਵੀ ਸੋਨੇ-ਚਾਂਦੀ ਦੇ ਜ਼ੇਵਰ ਅਤੇ ਸੁਨਹਿਰੀ ਕਢਾਈ ਵਾਲੀ ਪੁਸ਼ਾਕ ਧਾਰਨ ਨਹੀਂ ਕੀਤੇ।
ਪਰ ਅਫ਼ਸੋਸ ਕਿ ਇਸਲਾਮ ਪ੍ਰਤੀ ਉਸ ਦੀ ਨਿੱਜੀ ਆਸਥਾ ਉਸ ਦੀ ਸ਼ਾਸਨ-ਵਿਵਸਥਾ ’ਤੇ ਵੀ ਭਾਰੂ ਹੋਣ ਲੱਗੀ। ਉਸ ਨੇ ਮੁਗ਼ਲ ਸਾਮਰਾਜ ਨੂੰ ਇਸਲਾਮੀ ਕਿਰਦਾਰ ’ਚ ਢਾਲਣਾ ਸ਼ੁਰੂ ਕਰ ਦਿੱਤਾ। ਉਹ ਇਸਲਾਮ ਦੇ ਤੁਅੱਸਬੀ ਆਗੂਆਂ ਦਾ ਸਹਾਰਾ ਤਲਾਸ਼ ਕਰਨ ਲੱਗਾ। ਉਹ ਮਜ਼ਹਬ ਅਤੇ ਸਿਆਸਤ ਦਾ ਇੱਕ ਕੋਝਾ ਜਿਹਾ ਸੰਗਮ ਸਿਰਜ ਰਿਹਾ ਸੀ। ਜਿਸ ਕਦਰ ਉਸ ਨੇ ਮੁਗ਼ਲ ਸਲਤਨਤ ਦੇ ਤਖ਼ਤ ਨੂੰ ਹਥਿਆਇਆ, ਉਸ ਤੋਂ ਉਸ ਦੀ ਮਜ਼ਹਬੀ ਕੂਟਨੀਤੀ ਦੇ ਕਿਰਦਾਰ ਦਾ ਸੌਖਿਆਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਉਸ ਨੇ ਗ਼ੈਰ-ਇਸਲਾਮੀ ਮਜ਼ਹਬੀ ਅਦਾਰਿਆਂ ਨੂੰ ਢਾਹੁਣ ਦੇ ਸਰਕਾਰੀ ਹੁਕਮ ਜਾਰੀ ਕੀਤੇ। ਇੱਥੋਂ ਤੀਕ ਕਿ ਉਹ ਸ਼ੀਆ ਮੁਸਲਮਾਨਾਂ ਨੂੰ ਵੀ ਘਿਰਣਾ ਕਰਨ ਲੱਗਿਆ। ਉਸ ਨੇ ਆਪਣੇ ਹਮ-ਮਜ਼ਹਬ ਸੂਫ਼ੀ ਸਰਮਦ ਨੂੰ ਦਿੱਲੀ ਵਿਖੇ ਜਾਮਾ ਮਸਜਿਦ ਲਾਗੇ ਕਤਲ ਕਰਵਾਇਆ। ਅਜਿਹਾ ਹੀ ਸਲੂਕ ਉਸ ਨੇ ਆਪਣੇ ਭਰਾ ਦਾਰਾ ਸ਼ਿਕੋਹ ਨਾਲ ਕੀਤਾ। ਸਟੇਟ-ਪ੍ਰਸ਼ਾਸਨ ਦਾ ਹੱਦੋਂ ਵੱਧ ਕੇਂਦਰੀਕਰਣ, ਔਰੰਗਜ਼ੇਬ ਦੀ ਆਪਣੀ ਮਜ਼ਹਬੀ ਕੱਟੜਤਾ ਅਤੇ ਮਜ਼ਹਬ ਪ੍ਰਤੀ ਉਸ ਦੀ ਅਤਿ ਕਠੋਰ ਅਸੂਲਪ੍ਰਸਤੀ ਨੇ ਲੋਕਾਈ ’ਚ ਸਟੇਟ ਅਤੇ ਸਮਾਜ ਪ੍ਰਤੀ ਇੱਕ ਖ਼ਾਸ ਕਿਸਮ ਦੀ ਉਦਾਸੀਨਤਾ ਪੈਦਾ ਕਰ ਦਿੱਤੀ। ਇਸ ਮਨੋਵਿਕਾਰ ਨੇ ਲੋਕਾਂ ਦੇ ਆਪਸੀ ਇਖ਼ਲਾਕੀ ਰਿਸ਼ਤਿਆਂ ’ਤੇ ਮਾਰੂ ਅਸਰ ਪਾਇਆ ਜਿਸ ਕਾਰਨ ਖੁਦਗ਼ਰਜ਼ੀ, ਅਰਾਜਕਤਾ ਅਤੇ ਲੋਕਾਈ ਦਾ ਸੋਸ਼ਣ ਇੱਕ ਵਰਤਾਰੇ ਵਜੋਂ ਉਭਰਣ ਲੱਗਾ।
ਗੁਰੂ ਤੇਗ਼ ਬਹਾਦਰ ਜੀ 1670 ਤੋਂ ਬਾਅਦ ਮਾਲਵੇ ਦੇ ਖਿੱਤੇ ’ਚ ਅਜਿਹੇ ਸਮਾਜਿਕ-ਧਾਰਮਿਕ ਆਗੂ ਵਜੋਂ ਉੱਭਰ ਰਹੇ ਸਨ ਜਿਸ ਕੋਲ ਮੁਗ਼ਲ ਸਰਕਾਰ ਦੇ ਜਾਗੀਰਦਾਰਾਂ ਅਤੇ ਜ਼ਮੀਂਦਾਰਾਂ ਦੇ ਸਤਾਏ ਹੋਏ ਮਜ਼ਲੂਮ ਕਿਸਾਨ-ਲੋਕ ਫ਼ਰਿਆਦ ਲੈ ਕੇ ਆਉਂਦੇ ਸਨ। ਕਹਿਣ ਦਾ ਭਾਵ ਇਹ ਹੈ ਕਿ ਸਤਾਰਵੀਂ ਸਦੀ ਦੇ ਪੰਜਾਬ ’ਚ ਗੁਰੂ-ਘਰ ਜਾਤ-ਪਾਤ ਅਤੇ ਮਜ਼ਹਬ ਦੀਆਂ ਹੱਦਾਂ-ਸਰਹੱਦਾਂ ਤੋਂ ਪਾਰ ਇੱਕ ਪ੍ਰਭਾਵਸ਼ਾਲੀ ਸਮਾਜਿਕ ਅਤੇ ਰੂਹਾਨੀ ਸ਼ਕਤੀ ਵਜੋਂ ਵੀ ਦ੍ਰਿਸ਼ਟੀਗੋਚਰ ਹੋ ਰਿਹਾ ਸੀ। ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦਾ ਸਿਧਾਂਤ ਪੁਰੋਹਤਵਾਦੀ ਜਮਾਤ ਨੂੰ ਵੰਗਾਰ ਰਿਹਾ ਸੀ। ਤਮਾਮ ਨੇਕ ਕਿੱਤਿਆਂ ਦਾ ਗੁਰੂ-ਘਰ ’ਚ ਗੌਰਵਮਈ ਸਥਾਨ ਸੀ।
ਗੁਰੂ ਤੇਗ਼ ਬਹਾਦਰ ਜੀ ਦਾ ਇਹ ਸਲੋਕ ਔਰੰਗਜ਼ੇਬ ਦੇ ਕਿਰਦਾਰ ਨੂੰ ਸਮਝਣ ਲਈ ਕਾਫ਼ੀ ਹੈ:
ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ॥
ਕਹੁ ਨਾਨਕ ਸੁਨ ਰੇ ਮਨਾ ਸੋ ਮੂਰਤਿ ਭਗਵਾਨ॥
ਜੇ ਔਰੰਗਜ਼ੇਬ ਦੀ ਤੁਅੱਸਬੀ ਅਤੇ ਪੱਖਪਾਤੀ ਸਿਆਸੀ ਵਿਚਾਰਧਾਰਾ ਗ਼ੈਰ-ਮੁਸਲਮਾਨ ਲੋਕਾਈ ਅਤੇ ਉਸ ਦੇ ਆਪਣੇ ਦਾਰਾ ਸ਼ਿਕੋਹ ਅਤੇ ਸਰਮਦ ਜਿਹੇ ਨਾਬਰ ਹਮ-ਮਜ਼ਹਬੀਆਂ ’ਤੇ ਜ਼ੁਲਮ ਕਰ ਰਹੀ ਸੀ, ਦੂਜੇ ਬੰਨੇ, ਗੁਰੂ ਸਹਬਿਾਨ ਦੀ ਤ੍ਰਿੰਝਣੀ ਅਤੇ ਬ੍ਰਹਿਮੰਡੀ ਚੇਤਨਾ ਆਪ ਨੂੰ ਕਸ਼ਮੀਰ ਤੋਂ ਆਪ ਦੇ ਦਰ ’ਤੇ ਪੰਡਤ ਕਿਰਪਾ ਰਾਮ ਦੀ ਅਗਵਾਈ ’ਚ ਆਏ ਬ੍ਰਾਹਮਣਾਂ ਦੇ ਜੰਞੂ ਅਤੇ ਤਿਲਕ ਦੀ ਸੁਰੱਖਿਆ ਲਈ ਦਿੱਤੇ ਜਾਣ ਵਾਲੀ ਕੁਰਬਾਨੀ ਵੱਲ ਪ੍ਰੇਰਿਤ ਕਰ ਰਹੀ ਸੀ। ਕਿਸੇ ਵੀ ਫ਼ਿਰਕੇ ਦੇ ਧਾਰਮਿਕ ਸਭਿਆਚਾਰ ਦੇ ਗੌਰਵ ਅਤੇ ਉਸ ਦੀ ਸ਼ਾਨੋ-ਸ਼ੋਕਤ ਦੀ ਰਾਖੀ ਲਈ ਗੁਰੂ ਸਹਬਿਾਨ ਦਾ ਅਜਿਹਾ ਦਲੇਰਾਨਾ ਕਦਮ ਬਾਬਾ ਨਾਨਕ ਦੇ ਉਸ ਮਹਾਵਾਕ ਦੀ ਪੈਦਾਇਸ਼ ਹੈ ਜੋ ਆਪ ਨੇ ਸੱਚਖੰਡ ਦੀ ਯਾਤਰਾ ਕਰਨ ਤੋਂ ਬਾਅਦ ਸੁਲਤਾਨਪੁਰ ਲੋਧੀ ਵੇਂਈ ਨਦੀ ਦੇ ਕੰਢੇ ਉਚਾਰਿਆ ਸੀ: ‘‘ਨ ਕੋਈ ਹਿੰਦੂ ਨ ਕੋ ਮੁਸਲਮਾਨ।’’ ਬਾਬਾ ਨਾਨਕ ਦੱਸ ਰਹੇ ਸਨ ਕਿ ਤਮਾਮ ਖ਼ਲਕ ਉਸ ਖ਼ਾਲਕ ਦਾ ਹੀ ਰੂਪ ਹੈ।
ਦਲੀਲ ਹੈ ਕਿ ਜੰਞੂ ਅਤੇ ਤਿਲਕ ਇਕ ਫ਼ਿਰਕਾ ਵਿਸ਼ੇਸ਼ ਦੇ ਸਭਿਆਚਾਰ ਦੇ ਉਹ ਪਾਕ ਪ੍ਰਤੀਕ ਸਨ ਜਿਨ੍ਹਾਂ ਨੂੰ ਤੁਅੱਸਬੀ ਵਿਚਾਰਧਾਰਾ ਦੀ ਹਿੰਸਾ ਤੋਂ ਬਚਾਉਣ ਦੀ ਲੋੜ ਸੀ। ਤ੍ਰਿੰਝਣੀ ਅਤੇ ਬ੍ਰਹਿਮੰਡੀ ਚੇਤਨਾ ਵਾਲੇ ਗੁਰੂ ਸਾਹਿਬ ਤੇਗ਼ ਬਹਾਦਰ ਜੀ ਕੋਲ ਜੇ ਇਸ ਕਿਸਮ ਦੀ ਸਭਿਆਚਾਰਕ ਸੁਰੱਖਿਆ ਲਈ ਮੁਸਲਮਾਨ ਵੀ ਫ਼ਰਿਆਦ ਕਰਦੇ ਤਾਂ ਵੀ ਆਪ ਦਾ ਹੁੰਗਾਰਾ ਅਜਿਹਾ ਹੀ ਹੋਣਾ ਸੀ। ਅਸਲ ’ਚ ਗੁਰੂ ਸਾਹਿਬ ਔਰੰਗਜ਼ੇਬ ਦੀ ਕੱਟੜਤਾ ਨੂੰ ਇੱਕ ਵਿਸ਼ਾਲ ਸੰਦਰਭ ’ਚ ਵਿਚਾਰ ਰਹੇ ਸਨ। ਇਸ ਮਸਲੇ ਨੂੰ ਆਪ ਬਹਾਦਰਗੜ੍ਹ (ਪਟਿਆਲਾ) ਦੇ ਸੈਫ-ਉ-ਦੀਨ ਅਲੀ ਖ਼ਾਨ, ਥਾਨੇਸਰ (ਕੁਰੂਕਸ਼ੇਤਰ) ਦੇ ਸੱਯਦ ਭੀਖਣ ਸ਼ਾਹ, ਸਮਾਣਾ ਦੇ ਹਾਫ਼ਿਜ਼ ਉਲ੍ਹਾ ਅਤੇ ਮੁਹੰਮਦ ਬਖ਼ਸ਼ ਜਿਹੇ ਵਜੂਦੀ ਦਾਨਿਸ਼ਵਰਾਂ (ਉਹ ਸੂਫ਼ੀ ਜਿਨ੍ਹਾਂ ਦਾ ‘ਵਜੂਦ ਦੀ ਏਕਤਾ’ ਦੇ ਸਿਧਾਂਤ ’ਚ ਅਕੀਦਾ ਸੀ) ਨਾਲ ਸਾਂਝਾ ਕਰ ਰਹੇ ਸਨ। ਕਹਿਣ ਦਾ ਭਾਵ ਇਹ ਹੈ ਕਿ ਗੁਰੂ ਸਾਹਿਬ ਦੀ ਸ਼ਹਾਦਤ ਦਾ ਬੁਨਿਆਦੀ ਕਾਰਨ ਕੇਵਲ ਕਸ਼ਮੀਰੀ ਪੰਡਤਾਂ ਦੇ ਜੰਞੂ ਅਤੇ ਤਿਲਕ ਤੀਕ ਹੀ ਸੀਮਿਤ ਨਹੀਂ ਸੀ। ਦਾਰਾ ਸ਼ਿਕੋਹ ਅਤੇ ਸਰਮਦ ਸੂਫ਼ੀ ਹੋਰਾਂ ਦੀਆਂ ਕੁਰਬਾਨੀਆਂ ਵੀ ਔਰੰਗਜ਼ੇਬ ਦੀ ਕੱਟੜਤਾ ਦੇ ਤਾਰੀਖ਼ੀ ਸਬੂਤ ਸਨ। ਇਸਲਾਮ ਦੇ ‘ਤੌਹੀਦ’ (ਖ਼ੁਦਾ ਦੇ ਇੱਕ ਹੋਣ ’ਤੇ ਯਕੀਨ ਕਰਨਾ) ਦੇ ਸੰਕਲਪ, ਜਿਸ ਨੂੰ ਔਰੰਗਜ਼ੇਬ ਨੇ ਦਰਕਿਨਾਰ ਕੀਤਾ ਹੋਇਆ ਸੀ ਅਤੇ ਗੁਰੂ-ਘਰ ’ਚ ਰੁਮਕਦੇ ਬਾਬਾ ਨਾਨਕ ਦੇ ‘ਮੂਲ ਮੰਤਰ’ ਦਰਮਿਆਨ ਕੋਈ ਬੁਨਿਆਦੀ ਫ਼ਰਕ ਨਹੀਂ ਸੀ। ‘ਰੱਬ ਨੂੰ ਇੱਕ ਜਾਣਨ’ (ਭਾਵ ਤੌਹੀਦ ਅਤੇ ੴ) ਦੇ ਸਿਧਾਂਤ ਨੂੰ ਬਾਬਾ ਨਾਨਕ ਨੇ ਰਿਗਵੇਦ ਦੇ ਹਵਾਲੇ ਨਾਲ ਵੀ ਪੁਖ਼ਤਾ ਕੀਤਾ: ‘‘ਰਿਗੁ ਕਹੈ ਰਹਿਆ ਭਰਪੂਰਿ॥’’
ਮਨੁੱਖਤਾ ਲਈ ਪਿਆਰ, ਮਨੁੱਖਤਾ ਦੇ ਖ਼ਾਲਕ ਤੋਂ ਪ੍ਰੇਰਿਤ ਹੈ ਜਿਸ ਨੂੰ ਗੁਰੂ-ਘਰ ’ਚ ‘ਮਹਬਿੂਬ, ਖ਼ਸਮ, ਪ੍ਰੀਤਮ, ਯਾਰ’ ਜਿਹੇ ਸਮਾਜਿਕ ਰਿਸ਼ਤਿਆਂ ਨਾਲ ਸੰਬੋਧਨ ਕੀਤਾ ਜਾਂਦਾ ਹੈ। ਖ਼ਾਲਕ ਨਾਲ ਅਜਿਹੇ ਮੁਹੱਬਤ ਵਾਲੇ ਸਮਾਜਿਕ ਰਿਸ਼ਤਿਆਂ ਨੂੰ ਬਾਬਾ ਨਾਨਕ ਦੀ ਉਸ ਚੇਤਾਵਨੀ ਤੋਂ ਬਗੈਰ ਨਹੀਂ ਵਿਚਾਰਿਆ ਜਾ ਸਕਦਾ ਜਿਸ ਬਾਰੇ ਆਪ ਫਰਮਾਂਦੇ ਹਨ: ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥’’
ਗੁਰੂ ਤੇਗ਼ ਬਹਾਦਰ ਜੀ ਨੇ ਬਾਬਾ ਨਾਨਕ ਦੇ ਇਸ ਵਾਕ ਨੂੰ ਸਿਜਦਾ ਕੀਤਾ ਅਤੇ ਕੁਰਬਾਨੀ ਦੇ ਪੈਂਡੇ ਬੜੀ ਸ਼ਾਨ-ਸ਼ੌਕਤ ਨਾਲ ਟੁਰ ਪਏ। ਜੰਞੂ ਅਤੇ ਤਿਲਕ ਦੀ ਰੱਖਿਆ ਲਈ ਸ਼ਹੀਦ ਹੋਣ ਜਾ ਰਹੇ ਗੁਰੂ ਜੀ ਨੂੰ ਆਪਣੇ ਦਾਦਾ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਬਾਖ਼ੂਬੀ ਚੇਤੇ ਸਨ:
ਆਪਹਿ ਏਕ ਆਪਹਿ ਅਨੇਕ॥
ਮਰੈ ਨ ਬਿਨਸੈ ਆਵੈ ਨ ਜਾਇ॥
ਨਾਨਕ ਸਦ ਹੀ ਰਹਿਆ ਸਮਾਇ॥
ਔਰੰਗਜ਼ੇਬ, ਜੋ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਲੰਮਾ ਵਕਤ, ਜਿਵੇਂ ਮੈਂ ਦੱਸਿਆ, ਕੁਰਆਨ ਸ਼ਰੀਫ਼ ਦੀਆਂ ਪ੍ਰਤਿਲਿਪੀਆਂ ਲਿਖਣ ਅਤੇ ਇਬਾਦਤ ਸਮੇਂ ਸਿਰ ਕੱਜਣ ਵਾਲੀਆਂ ਟੋਪੀਆਂ ਸਿਉਣ ’ਚ ਗੁਜ਼ਾਰਦਾ ਸੀ, ਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਕੁਰਆਨ ਸ਼ਰੀਫ਼ ’ਚ ਦਰਜ ਹੈ:
ਅੰਬਰਾਂ ਅਤੇ ਧਰਤੀ ਦੀ ਰਚਨਾ, ਅਤੇ ਤੁਹਾਡੀਆਂ ਜ਼ੁਬਾਨਾਂ ਅਤੇ ਰੰਗਾਂ (ਰੰਗ-ਰੂਪ) ਦੀ ਵੰਨ-ਸੁਵੰਨਤਾ ਉਸ (ਅਲਹ) ਦੀਆਂ ਨਿਸ਼ਾਨੀਆਂ [ਪ੍ਰਤੀਕ] ’ਚੋਂ ਹੀ ਹਨ।
ਇਬਨੇ ਅਰਬੀ ਦੇ ‘ਵਜੂਦ ਦੀ ਏਕਤਾ’ (ਵਹਿਦਤ ਅਲ ਵਜੂਦ) ਦੇ ਮਾਅਨੇ ਹੋਰ ਜ਼ਿਆਦਾ ਸਪਸ਼ਟ ਹੋ ਜਾਂਦੇ ਹਨ, ਜਦ ਅਸੀਂ ਕੁਰਆਨ ਸ਼ਰੀਫ਼ ਦੀ ਇਸ ਆਇਤ ਨੂੰ ਪੜ੍ਹਦੇ ਹਾਂ:
ਤੁਸੀਂ ਜਿਸ ਪਾਸੇ ਵੱਲ ਵੇਖੋ ਅੱਲ੍ਹਾ ਦਾ ਚਿਹਰਾ ਉਧਰ ਹੀ ਹੈ (ਅੱਲ੍ਹਾ ਚਾਰੋਂ ਤਰਫ਼ ਹਾਜ਼ਰ ਹੈ)॥
ਮਤਲਬ ਸਾਫ਼ ਹੈ ਕਿ ਖ਼ਾਲਕ ਨੂੰ ਉਸ ਦੀ ਖ਼ਲਕ/ਰਚਨਾ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਉਸ (ਰੱਬ) ਦੀਆਂ ਨਿਸ਼ਾਨੀਆਂ/ਝਲਕਾਂ ਹਰ ਥਾਂ ਅਤੇ ਹਰ ਇੱਕ ਸ਼ੈਅ ’ਚ ਮੌਜੂਦ ਹਨ। ਤਮਾਮ ਵਜੂਦ ਉਸ ਦਾ ਹੀ ਵਜੂਦ ਹਨ। ਇੱਕ ਜ਼ੱਰੇ (ਅਣੂ) ਦੇ ਵਜੂਦ ਦੇ ਭੇਤ ਦਾ ਗਿਆਨ ਰੱਬ ਦੀ ਤਮਾਮ ਰਚਨਾ ਦੇ ਭੇਤ ਨੂੰ ਸਮਝਣ ਲਈ ਕਾਫ਼ੀ ਹੈ। ਇਬਨੇ ਅਰਬੀ ਦੀ ਦਲੀਲ ਹੈ ਕਿ ਅਸੀਂ ਲੋਕ ਉਸ ਖ਼ਾਲਕ ਦਾ ਜ਼ਾਹਰੀ ਰੂਪ ਹਾਂ। ਇਸ ਲਈ ‘ਵਾਸਤਵਿਕਤਾ/ਹਕੀਕਤ, ਇੱਕੋ ਵੇਲੇ ‘ਇੱਕ’ ਅਤੇ ‘ਅਨੇਕ’ ਹੈ।
ਗੁਰੂ ਤੇਗ਼ ਬਹਾਦਰ ਜੀ ਨੇ ਆਪਣਾ ਸੀਸ ਬੜੀ ਹੀ ਸੰਜੀਦਗੀ ਨਾਲ ਆਪਣੀ ਦੇਹ ਤੋਂ ਵੱਖ ਕਰਵਾਇਆ। ਆਪ ਦਾ ਵਾਕ ‘ਸਿਰਰੁ ਨ ਦੀਆ’ ਆਪ ਦੇ ਰਹੱਸਵਾਦੀ ਸਰੂਰ (‘ਅੰਤਰ ਪਰਗਾਸੁ ਹਰਿ ਨਾਮੁ ਧਿਆਵੈ’) ਦਾ ਸਬੂਤ ਸੀ। ਗੁਰੂ ਸਾਹਿਬਾਨ ਮੁਤਾਬਿਕ ਔਰੰਗਜ਼ੇਬ ਦੀ ਇਹ ਮੰਗ ਕਿ ‘ਜਾਂ ਤਾਂ ਮੈਂ ਕੋਈ ਕਰਾਮਾਤ ਕਰ ਵਿਖਾਵਾਂ, ਜਾਂ ਮੌਤ ਦਾ ਸਾਹਮਣਾ ਕਰਾਂ’ ਇੱਕ ਕਿਸਮ ਦੀ ਸੌਦੇਬਾਜ਼ੀ ਸੀ ਜੋ ਬਾਦਸ਼ਾਹ ਦੇ ਅਤੇ ਗੁਰੂ ਦੋਵਾਂ ਦੇ ਪੱਖ ਤੋਂ ਬੇਹੱਦ ਅਨੈਤਿਕ ਅਤੇ ਸ਼ਰਮਨਾਕ ਸੀ। ਔਰੰਗਜ਼ੇਬ ਨੂੰ ਤਾਂ ਇਸ ਗੱਲ ਦਾ ਅਹਿਸਾਸ ਨਹੀਂ ਸੀ, ਪਰ ਗੁਰੂ ਸਾਹਿਬ ਨੂੰ ਇਹ ਅਹਿਸਾਸ ਸੀ ਕਿ ਕੌਤਕ ਜਾਂ ਕਰਾਮਾਤਾਂ ਮੁਕਾਬਲੇਬਾਜ਼ੀ ਨਹੀਂ ਹੁੰਦੀਆਂ। ਬਚਿੱਤਰ ਨਾਟਕ ’ਚ ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਹਨ:
ਨਾਟਕ ਚੇਟਕ ਕੀਏ ਕੁਕਾਜਾ॥ ਪ੍ਰਭ ਲੋਗਨ ਕਹ ਆਵਤ ਲਾਜਾ॥
ਆਪਣੇ ਪਿਤਾ ਦੀ ਸ਼ਹਾਦਤ ਦਾ ਜ਼ਿਕਰ ਕਰਦਿਆਂ ਦਸਵੇਂ ਗੁਰੂ, ਬਾਦਸ਼ਾਹ ਔਰੰਗਜ਼ੇਬ ਨੂੰ ਮਹਿਜ਼ ਇੱਕ ਪੱਥਰ ਜਾਂ ਇੱਟ ਹੀ ਸਮਝਦੇ ਹਨ ਜਿਸ ’ਤੇ ਫੌਤ ਹੋਏ ਇਨਸਾਨ ਦੀ ਮ੍ਰਿਤਕ ਦੇਹ ਦੇ ਪ੍ਰਤੀਕ ‘ਘੜੇ’ ਨੂੰ ਤੋੜਿਆ ਜਾਂਦਾ ਹੈ:
ਠੀਕਰ ਫੋਰਿ ਦਿਲੀਸ ਸਿਰਿ ਪ੍ਰਭੂ ਪੁਰ ਕੀਯਾ ਪਯਾਨ।
ਤੇਗ਼ ਬਹਾਦਰ ਸੀ ਕ੍ਰਿਆ ਕਰੀ ਨਾ ਕਿਨਹੂੰ ਆਨਿ।
ਤੇਗ਼ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ।
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰਲੋਕਿ।
ਔਰੰਗਜ਼ੇਬ ਨੇ ਇਸਲਾਮ ਦੇ ਤਿੰਨ ਬੁਨਿਆਦੀ ਪਹਿਲੂਆਂ ਨੂੰ ਦਰਕਿਨਾਰ ਕੀਤਾ ਹੋਇਆ ਸੀ: (ੳ) ਨਿਮਰਤਾ (ਇਸਲਾਮ ਦਾ ਅਰਥ ਹਲੀਮੀ ਹੁੰਦਾ ਹੈ), (ਅ) ਇਮਾਨ ਅਤੇ (ੲ) ਨੇਕੀ/ਉਪਕਾਰ ਕਰਨਾ। ਦਸਮ ਪਾਤਸ਼ਾਹ ਜ਼ਫ਼ਰਨਾਮਾ ’ਚ ਲਿਖਦੇ ਹਨ:
ਸ਼ਹਿਨਸ਼ਾਹ ਔਰੰਗ਼ਜ਼ੇਬ ਆਲਮੀ॥
ਕਿ ਦਾਰਾਇ ਦੌਰ ਅਸਤੁ ਦੂਰ ਅਸਤ ਦੀਂ॥
ਭਾਵ, ਔਰੰਗਜ਼ੇਬ ਦੀ ਹਕੂਮਤ ਅਤੇ ਉਸ ਦਾ ਬੋਲਬਾਲਾ ਦੂਰ-ਦੂਰ ਤੀਕ ਫੈਲਿਆ ਹੋਇਆ ਹੈ। ਬੇਸ਼ੱਕ ਉਹ ਸਮੇਂ ਦਾ ਬਾਦਸ਼ਾਹ ਹੈ, ਐਪਰ ਉਹ ਅਸਲ ਧਰਮ ਤੋਂ ਬਹੁਤ ਦੂਰ ਹੈ।
ਔਰੰਗਜ਼ੇਬ ਦੀ ਅਜਿਹੀ ਅਗਿਆਨਤਾ/ਗ਼ਫ਼ਲਤ ਦੇ ਕਾਰਨ ਦੀ ਸਮਝ ਗੁਰੂ ਤੇਗ਼ ਬਹਾਦਰ ਜੀ ਦੇ ਇਸ ਸਲੋਕ ਤੋਂ ਆਉਂਦੀ ਹੈ:
ਕਠਨ ਕਰੋਧ ਘਟ ਹੀ ਕੇ ਭੀਤਰਿ ਜਿਹ ਸੁਧਿ ਸਬ ਬਿਸਰਾਈ॥
ਰਤਨੁ ਗਿਆਨੁ ਸਭ ਕੋ ਹਿਰਿ ਲੀਨਾ ਤਾ ਸਿਉ ਕਛੁ ਨ ਬਸਾਈ॥
ਜੇ ਨੌਵੇਂ ਗੁਰੂ ਦੀ ਸ਼ਹੀਦੀ ਦੇ ਇਤਿਹਾਸ ਨੂੰ ਵਿਸਥਾਰ ’ਚ ਫਰੋਲੀਏ ਤਾਂ ਮਾਲੂਮ ਹੁੰਦਾ ਹੈ ਕਿ ਗੁਰੂ ਸਾਹਿਬ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਦੀ ਸ਼ਹੀਦੀ ਨੇ ਹਰ ਵਰਗ ਦੇ ਲੋਕਾਂ – ਮੁਸਲਮਾਨਾਂ, ਬ੍ਰਾਹਮਣਾਂ, ਖੱਤਰੀਆਂ ਅਤੇ ਦਲਿਤਾਂ – ਨੂੰ ਆਪਣੀ ਅਤੇ ਦੂਜਿਆਂ ਦੇ ਧਰਮਾਂ/ ਸਭਿਆਚਾਰਾਂ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਪ੍ਰੇਰਿਆ। ਇਨ੍ਹਾਂ ਵਰਗਾਂ ਦੇ ਲੋਕਾਂ ਨੂੰ ਵੀ ਗੁਰੂ ਸਾਹਿਬ ਦੇ ਸੰਗ ਸ਼ਹੀਦ ਹੋਣ ਦਾ ਸੁਭਾਗ ਮਿਲਿਆ। ਵਾਕਈ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਕੇਵਲ ਜੰਞੂ ਅਤੇ ਤਿਲਕ ਦੀ ਰੱਖਿਆ ਤੀਕ ਹੀ ਸੀਮਿਤ ਨਹੀਂ ਸੀ। ਇਸ ਕੁਰਬਾਨੀ ਦਾ ਕਿਰਦਾਰ ਅਤੇ ਰੁਤਬਾ ‘ਹਿੰਦੋਸਤਾਨੀ’ ਸੀ/ਹੈ। ਅਜਿਹੇ ਹੀ ਹਿੰਦੋਸਤਾਨ ’ਚ ਹਰ ਮਜ਼ਹਬ, ਕੌਮ, ਜਾਤੀ, ਫ਼ਿਰਕੇ, ਅਤੇ ਵੱਖ-ਵੱਖ ਜ਼ੁਬਾਨਾਂ ਬੋਲਦੀ ਅਤੇ ਵੰਨ-ਸੁਵੰਨੇ ਸਭਿਆਚਾਰਾਂ ਨੂੰ ਹੰਢਾਉਂਦੀ ਲੋਕਾਈ ਵੀ ਹੈ ਜਿਸ ਨੂੰ ਮੈਂ ‘ਤ੍ਰਿੰਝਣੀ ਸਮਾਜ’ ਆਖਦਾ ਹਾਂ। ਇਸ ਤ੍ਰਿੰਝਣੀ ਸਮਾਜ ਦੀ ਸੁਰੱਖਿਆ ਅਤੇ ਤਰੱਕੀ ਲਈ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦਿਨ-ਬ-ਦਿਨ ਸਾਨੂੰ ਸੁਚੇਤ ਕਰ ਰਹੀ ਹੈ।
* ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
ਸੰਪਰਕ: 98783-69932